ਫਿਰਕੂ ਸਦਭਾਵਨਾ ਲਈ ਇਕ ਕਰਮਯੋਗੀ ਸੰਪਾਦਕ ਦੀ ਸ਼ਹਾਦਤ

ਬੂਟਾ ਸਿੰਘ
ਫੋਨ: +91-94634-74342
ਗਣੇਸ਼ ਸ਼ੰਕਰ ਵਿਦਿਆਰਥੀ (26 ਅਕਤੂਬਰ 1890-25 ਮਾਰਚ 1931) ਕੱਦਾਵਰ ਆਜ਼ਾਦੀ ਘੁਲਾਟੀਏ ਸਨ ਅਤੇ ਨਾਲ ਹੀ ਵੱਡੇ ਹੌਸਲੇ ਵਾਲੇ ਧੜੱਲੇਦਾਰ ਸੰਪਾਦਕ ਵੀ ਸਨ। ਉਨ੍ਹਾਂ ਲਗਾਤਾਰ ਅਠਾਰਾਂ ਸਾਲ ਬਰਤਾਨਵੀ ਬਸਤੀਵਾਦੀ ਰਾਜ ਖਿਲਾਫ ਡਟ ਕੇ ਸੰਘਰਸ਼ ਕੀਤਾ। ਉਨ੍ਹਾਂ ਦਾ ਇਕ ਪੈਰ ਜੇਲ੍ਹ ਵਿਚ ਹੁੰਦਾ ਅਤੇ ਇਕ ਕਾਨਪੁਰ ਦੇ ਆਪਣੇ ਨਿੱਕੇ ਜਿਹੇ ਦਫ਼ਤਰ ਵਿਚ। ਉਨ੍ਹਾਂ ਦਾ ਰਸਾਲਾ ‘ਪ੍ਰਤਾਪ’ ਆਜ਼ਾਦੀ ਸੰਗਰਾਮ ਦਾ ਮੁਹਰੈਲ ਸੀ ਜੋ ਆਜ਼ਾਦੀ ਲਈ ਜੱਦੋਜਹਿਦ ਦੇ ਨਾਲ-ਨਾਲ ਜਗੀਰੂ ਅਤੇ ਹੋਰ ਸ਼ਾਹੀ ਤਾਕਤਾਂ ਖਿਲਾਫ ਸੰਘਰਸ਼ਾਂ ਲਈ ਮੰਚ ਮੁਹੱਈਆ ਕਰਦਾ ਸੀ।

ਉਹ ਇਨਕਲਾਬੀ ਦੇਸ਼ ਭਗਤਾਂ ਅਤੇ ਗਾਂਧੀਵਾਦੀ ਤਾਕਤਾਂ ਨੂੰ ਮਿਲਾਉਣ ਵਾਲੇ ਪੁਲ ਦਾ ਕੰਮ ਕਰਦੇ ਸਨ। 1923-24 ਵਿਚ ਘਰੋਂ ਫ਼ਰਾਰ ਹੋ ਕੇ ਭਗਤ ਸਿੰਘ ਕਾਨਪੁਰ ਹੀ ਗਏ ਸਨ ਜੋ ਉਦੋਂ ਇਨਕਲਾਬੀ ਸਰਗਰਮੀਆਂ ਦਾ ਵੱਡਾ ਕੇਂਦਰ ਸੀ ਅਤੇ ਉਥੇ ਬੇਪਛਾਣ ਰਹਿ ਕੇ ‘ਪ੍ਰਤਾਪ’ ਅਖ਼ਬਾਰ ਵਿਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। ਇਹ ਦੌਰਾਨ ਹੀ ਉਹ ਕਾਨਪੁਰ ਦੇ ਇਨਕਲਾਬੀ ਕੇਂਦਰ ਦਾ ਹਿੱਸਾ ਬਣੇ।
ਮਾਮੂਲੀ ਬਜਟ ਨਾਲ ਉਨ੍ਹਾਂ ਨੇ 1913 ਤੋਂ ਲੈ ਕੇ ਮਾਰਚ 1931 ਵਿਚ ਆਪਣੀ ਸ਼ਹਾਦਤ ਤਕ, ਕਲਮ ਦੇ ਮੋਰਚੇ ਤੋਂ ਬਾਖ਼ੂਬੀ ਆਪਣੀ ਆਵਾਜ਼ ਬੁਲੰਦ ਕੀਤੀ। ਨਿਸ਼ਚੇ ਹੀ ਉਸ ਦੌਰ ਦੇ ਤਕਾਜ਼ੇ ਅਨੁਸਾਰ ਉਨ੍ਹਾਂ ਦਾ ਮੁੱਖ ਫੋਕਸ ਆਜ਼ਾਦੀ ਸੰਗਰਾਮ ਸੀ। ਉਨ੍ਹਾਂ ਦੀ ਇਤਿਹਾਸਕ ਦੇਣ ਦੇ ਇਸ ਪੱਖ ਬਾਰੇ ਤਾਂ ਖ਼ੂਬ ਚਰਚਾ ਹੁੰਦੀ ਹੈ, ਪਰ ਜਿਨ੍ਹਾਂ ਹੋਰ ਸਮਕਾਲੀ ਸਰੋਕਾਰਾਂ ਨੂੰ ਉਹ ਬਹੁਤ ਸ਼ਿੱਦਤ ਨਾਲ ਮੁਖ਼ਾਤਬ ਹੁੰਦੇ ਰਹੇ, ਉਹ ਵੀ ਬਹੁਤ ਗ਼ੌਰਤਲਬ ਹਨ। ਮਜ਼੍ਹਬੀ ਝਗੜੇ ਅਤੇ ਫਿਰਕੂ ਫ਼ਸਾਦ ਆਜ਼ਾਦੀ ਦੀ ਲੜਾਈ ਦੇ ਰਾਹ ਵਿਚ ਵੱਡੀ ਰੁਕਾਵਟ ਬਣ ਰਹੇ ਸਨ। ਵਿਦਿਆਰਥੀ ਜੀ ਆਪਣੀਆਂ ਲਿਖਤਾਂ ਵਿਚ ਇਸ ਮਸਲੇ ਨੂੰ ਵਾਰ-ਵਾਰ ਉਠਾਉਂਦੇ ਅਤੇ ਫਿਰਕੂ ਸਾਜ਼ਿਸ਼ਾਂ ਪਿੱਛੇ ਕੰਮ ਕਰਦੀ ਅੰਗਰੇਜ਼ ਰਾਜ ਦੀ ਘਿਨਾਉਣੀ ਨੀਤੀ ਅਤੇ ਸੌੜੇ ਫਿਰਕੂ ਹਿਤਾਂ ਵਾਲੀਆਂ ਤਾਕਤਾਂ ਬਾਰੇ ਧਾਰਮਿਕ ਫਿਰਕਿਆਂ ਦੇ ਅਵਾਮ ਨੂੰ ਉਹ ਲਗਾਤਾਰ ਖ਼ਬਰਦਾਰ ਕਰਦੇ ਰਹਿੰਦੇ ਸਨ। ਆਪਣੀ ਮੁੱਖ ਕਰਮਭੂਮੀ ਕਾਨਪੁਰ ਵਿਚ ਉਨ੍ਹਾਂ ਨੇ ਆਗੂ ਭੂਮਿਕਾ ਨਿਭਾਉਂਦੇ ਹੋਏ ‘ਹਿੰਦੁਸਤਾਨੀ ਬਿਰਾਦਰੀ’ ਨਾਂ ਦੀ ਜਥੇਬੰਦੀ ਬਣਾਈ ਹੋਈ ਸੀ ਜੋ ਫਿਰਕੂ ਸਦਭਾਵਨਾ ਬਣਾਈ ਰੱਖਣ ਲਈ ਸਰਗਰਮੀ ਨਾਲ ਕੰਮ ਕਰਦੀ ਸੀ ਅਤੇ ਵੱਖ-ਵੱਖ ਧਾਰਮਿਕ ਤਿਓਹਾਰਾਂ ਨੂੰ ਸਾਂਝੇ ਤੌਰ ‘ਤੇ ਮਨਾਉਂਦੀ ਸੀ। ਸ਼ਹੀਦ ਭਗਤ ਸਿੰਘ ਨੇ ਵੀ ਇਸ ਮਸਲੇ ਦੀ ਗੰਭੀਰਤਾ ਦੇ ਮੱਦੇਨਜ਼ਰ ‘ਮਜ਼ਹਬ ਤੇ ਸਾਡੀ ਆਜ਼ਾਦੀ ਦੀ ਜੰਗ’ ਅਤੇ ‘ਧਰਮਵਾਰ (ਫਿਰਕੂ) ਫਸਾਦ ਤੇ ਉਨ੍ਹਾਂ ਦਾ ਇਲਾਜ’ ਨਾਂ ਦੇ ਲੇਖ ਲਿਖ ਕੇ ਅਤੇ ਨੌਜਵਾਨ ਭਾਰਤ ਸਭਾ ਦੇ ਮਨੋਰਥ ਪੱਤਰ ਵਿਚ ਫਿਰਕਾਪ੍ਰਸਤੀ ਬਾਰੇ ਬਾਦਲੀਲ ਸਮਝ ਪੇਸ਼ ਕੀਤੀ ਸੀ।
ਜਦੋਂ ਸ਼ਹੀਦ ਭਗਤ ਸਿੰਘ ਅਤੇ ਉਨ੍ਹਾਂ ਦੇ ਇਨਕਲਾਬੀ ਸਾਥੀਆਂ ਉਪਰ ਬਰਤਾਨਵੀ ਹਕੂਮਤ ਵਲੋਂ ਮੁਕੱਦਮਾ ਚਲਾਇਆ ਜਾ ਰਿਹਾ ਸੀ, ਉਦੋਂ ਵਿਦਿਆਰਥੀ ਜੀ ਵੀ ਇਕ ਹੋਰ ਮਾਮਲੇ ਵਿਚ ਜੇਲ੍ਹ ਵਿਚ ਡੱਕੇ ਹੋਏ ਸਨ। ਉਨ੍ਹਾਂ ਦੀ ਇਨਕਲਾਬੀਆਂ ਨਾਲ ਬਹੁਤ ਨੇੜਤਾ ਸੀ। 23 ਮਾਰਚ ਤੋਂ ਥੋੜ੍ਹੇ ਦਿਨ ਪਹਿਲਾਂ ਹੀ ਉਹ ਰਿਹਾਅ ਹੋ ਕੇ ਜੇਲ੍ਹ ਵਿਚੋਂ ਬਾਹਰ ਆਏ ਸਨ। ਮੌਤ ਤੋਂ ਬੇਪ੍ਰਵਾਹ ਫਾਂਸੀ ਦੀ ਇੰਤਜ਼ਾਰ ਕਰ ਰਹੇ ਇਨਕਲਾਬੀਆਂ ਦੀ ਵਧ ਰਹੀ ਮਕਬੂਲੀਅਤ ਅੰਗਰੇਜ਼ ਹੁਕਮਰਾਨ ਨੂੰ ਬਹੁਤ ਚੁਭਦੀ ਸੀ। ਅਵਾਮ ਦੇ ਮਿਜ਼ਾਜ ਤੋਂ ਇਹ ਤੈਅ ਸੀ ਕਿ ਇਨਕਲਾਬੀਆਂ ਨੂੰ ਫ਼ਾਂਸੀ ਦੇਣ ‘ਤੇ ਵਿਦੇਸ਼ੀ ਰਾਜ ਨੂੰ ਤਿੱਖੇ ਵਿਰੋਧ ਦਾ ਸਾਹਮਣਾ ਕਰਨਾ ਪਵੇਗਾ। ਇਨਕਲਾਬੀ ਸਰਗਰਮੀਆਂ ਦਾ ਗੜ੍ਹ ਕਾਨਪੁਰ ਵਿਰੋਧ ਦੇ ਐਸੇ ਕੇਂਦਰਾਂ ਵਿਚੋਂ ਇਕ ਸੀ ਜਿਥੇ ਵਿਦਿਆਰਥੀ ਜੀ ਆਪਣੇ ਰਸੂਖ਼ ਅਤੇ ਸਰਗਰਮੀਆਂ ਕਾਰਨ ਵੱਡਾ ਵਿਰੋਧ ਲਾਮਬੰਦ ਕਰ ਸਕਦੇ ਸਨ। ਇਸ ਮਾਹੌਲ ਨੂੰ ਮੋੜਾ ਦੇਣ ਲਈ ਇਥੇ ਅੰਗਰੇਜ਼ ਹਕੂਮਤ ਵਲੋਂ ਫਿਰਕੂ ਹਿੰਸਾ ਭੜਕਾ ਦਿੱਤੀ ਗਈ। ਵਿਦਿਆਰਥੀ ਜੀ ਨੂੰ ਇਨ੍ਹਾਂ ਫ਼ਸਾਦਾਂ ਨੂੰ ਰੋਕਣ ਲਈ ਪੇਸ਼ਬੰਦੀ ਕਰਨ ਦਾ ਵਕਤ ਨਹੀਂ ਮਿਲਿਆ, ਫਿਰ ਵੀ ਉਨ੍ਹਾਂ ਨੇ ਆਮ ਲੋਕਾਂ ਨੂੰ ਬਚਾਉਣ ਦੀਆਂ ਬੇਤਹਾਸ਼ਾ ਕੋਸ਼ਿਸ਼ਾਂ ਕੀਤੀਆਂ। ਉਹ ਹਿੰਦੂ ਅਤੇ ਮੁਸਲਮਾਨ, ਦੋਹਾਂ ਕੱਟੜਪੰਥੀ ਅਨਸਰਾਂ ਦੇ ਮਨਸੂਬੇ ਠੱਲ੍ਹਣ ਲਈ ਯਤਨਸ਼ੀਲ ਸਨ। ਇਸੇ ਦੌਰਾਨ 25 ਮਾਰਚ 1931 ਨੂੰ ਉਨ੍ਹਾਂ ਨੂੰ ਛੁਰਾ ਮਾਰ ਕੇ ਕਤਲ ਕਰ ਦਿੱਤਾ ਗਿਆ। ਲਾਸ਼ ਦੋ ਦਿਨ ਬਾਅਦ ਮਿਲੀ ਜਿਸ ਕਰ ਕੇ ਉਨ੍ਹਾਂ ਦੇ ਕਤਲ ਦੇ ਸਹੀ ਹਾਲਾਤ ਅਤੇ ਵਕਤ ਦੀ ਜਾਣਕਾਰੀ ਹਾਸਲ ਨਹੀਂ। ਸ਼ਹਾਦਤ ਦੇ ਵਕਤ ਉਨ੍ਹਾਂ ਦੀ ਉਮਰ ਮਹਿਜ਼ 40 ਸਾਲ ਸੀ।
ਵਿਦਿਆਰਥੀ ਜੀ ਦੀ ਬੇਟੀ ਅਤੇ ਪਤਨੀ ਨੂੰ ਆਮ ਲੋਕਾਂ ਤੋਂ ਜੋ ਸੁਣਨ ਨੂੰ ਮਿਲਿਆ, ਉਸ ਮੁਤਾਬਿਕ ਇਹ ਗਿਣ-ਮਿਥ ਕੇ ਕੀਤਾ ਗਿਆ ਕਤਲ ਸੀ। ਵਿਦਿਆਰਥੀ ਜੀ ਦੀਆਂ ਲਿਖਤਾਂ ਦੇ ਸੰਗ੍ਰਹਿ ਵਿਚ ਸ਼ਾਮਲ ਉਨ੍ਹਾਂ ਦੀ ਬੇਟੀ ਦੀ ਇੰਟਰਵਿਊ ਤੋਂ ਇਹ ਸਪਸ਼ਟ ਖ਼ੁਲਾਸਾ ਹੁੰਦਾ ਹੈ।
ਅੱਜ ਆਜ਼ਾਦੀ ਸੰਗਰਾਮੀਆਂ ਦੀ ਕਰਮਭੂਮੀ ਫਿਰਕੂ ਜ਼ਹਿਰ ਉਗਲਦੇ ਹਿੰਦੂਤਵੀ ਗਰੋਹਾਂ ਦੇ ਪਾਪਾਂ ਦੇ ਭਾਰ ਹੇਠ ਦਰੜੀ ਜਾ ਰਹੀ ਹੈ। ਇਸ ਪਾਖੰਡੀ ਰਾਸ਼ਟਰਵਾਦ ਦਾ ਢੁੱਕਵਾਂ ਜਵਾਬ ਵਿਦਿਆਰਥੀ ਜੀ ਵਰਗਿਆਂ ਦੀ ਸੱਚੀ ਤੇ ਸੁੱਚੀ ਦੇਸ਼ ਭਗਤੀ ਦੀ ਵਿਰਾਸਤ ਹੈ ਜੋ ਬਹੁਗਿਣਤੀ ਦੇ ਨਾਂ ਹੇਠ ਹਿੰਦੂਤਵੀ ਧੌਂਸ ਖਿਲਾਫ ਸਾਂਝੇ ਸੰਘਰਸ਼ ਦਾ ਢੁਕਵਾਂ ਆਧਾਰ ਬਣਦੀ ਹੈ। ਇਸੇ ਪ੍ਰਸੰਗ ਵਿਚ ਉਨ੍ਹਾਂ ਦੀਆਂ ਲਿਖਤਾਂ ਦਾ ਮੁੜ ਮੁਤਾਲਿਆ ਕੀਤੇ ਜਾਣ ਦੀ ਲੋੜ ਹੈ। ਅੱਜ ਇਹ ਜ਼ਰੂਰੀ ਹੈ ਕਿ ਇਸ ਵਿਰਾਸਤ ਨੂੰ ਧੜੱਲੇ ਨਾਲ ਬੁਲੰਦ ਕਰਦਿਆਂ ਸੰਘ ਪਰਿਵਾਰ ਵਲੋਂ ਥੋਪੇ ਰਾਸ਼ਟਰਵਾਦ ਦੇ ਪ੍ਰਵਚਨ ਨੂੰ ਇਸ ਇਤਿਹਾਸਕ ਪੱਖ ਤੋਂ ਵੀ ਮੁਖ਼ਾਤਿਬ ਹੋਇਆ ਜਾਵੇ।
_______________________________________________________
ਗਣੇਸ਼ ਸ਼ੰਕਰ ਵਿਦਿਆਰਥੀ ਦੀ ਕਲਮ ਤੋਂæææ
ਰਾਸ਼ਟ੍ਰੀਅਤਾ
ਦੇਸ਼ ਵਿਚ ਕਿਤੇ-ਕਿਤੇ ਕੌਮੀਅਤ (ਰਾਸ਼ਟ੍ਰੀਅਤਾ) ਦੇ ਭਾਵ ਨੂੰ ਸਮਝਣ ਵਿਚ ਡੂੰਘੀ ਅਤੇ ਭੱਦੀ ਭੁੱਲ ਕੀਤੀ ਜਾ ਰਹੀ ਹੈ। ਆਏ ਦਿਨ ਸਾਨੂੰ ਇਸ ਭੁੱਲ ਦੇ ਕਈ ਸਬੂਤ ਮਿਲ ਜਾਂਦੇ ਹਨ। ਜੇ ਇਸ ਭਾਵ ਦੇ ਸਹੀ ਅਰਥ ਚੰਗੀ ਤਰ੍ਹਾਂ ਸਮਝ ਲਏ ਗਏ ਹੁੰਦੇ ਤਾਂ ਇਸ ਵਿਸ਼ੇ ਨੂੰ ਲੈ ਕੇ ਬਹੁਤ ਸਾਰੀਆਂ ਬੇਤੁਕੀਆਂ ਅਤੇ ਅਸਪਸ਼ਟ ਗੱਲਾਂ ਸੁਣਨ ਵਿਚ ਨਾ ਆਉਂਦੀਆਂ। ਕੌਮੀਅਤ ਨਸਲੀ-ਸਭਿਆਚਾਰ ਨਹੀਂ ਹੈ। ਕੌਮੀਅਤ ਧਾਰਮਿਕ ਸਿਧਾਂਤਾਂ ਦਾ ਦਾਇਰਾ ਨਹੀਂ ਹੈ। ਕੌਮੀਅਤ ਸਮਾਜਿਕ ਬੰਧਨਾਂ ਦਾ ਘੇਰਾ ਨਹੀਂ ਹੈ। ਕੌਮੀਅਤ ਦਾ ਜਨਮ ਦੇਸ਼ ਦੇ ਸਵਰੂਪ ਤੋਂ ਹੁੰਦਾ ਹੈ। ਉਸ ਦੀਆਂ ਸੀਮਾਵਾਂ ਦੇਸ਼ ਦੀਆਂ ਸੀਮਾਵਾਂ ਹਨ। ਕੁਦਰਤੀ ਵਿਸ਼ੇਸ਼ਤਾ ਅਤੇ ਭਿੰਨਤਾ ਦੇਸ਼ ਨੂੰ ਦੁਨੀਆ ਤੋਂ ਅਲੱਗ ਕਰਦੀ ਹੈ ਤੇ ਸਪਸ਼ਟ ਵੀ ਕਰਦੀ ਹੈ ਅਤੇ ਉਸ ਦੇ ਨਿਵਾਸੀਆਂ ਨੂੰ ਇਕ ਖ਼ਾਸ ਬੰਧਨ, ਕਿਸੇ ਸਮਾਨੁਪਾਤ ਦੇ ਬੰਧਨ ਨਾਲ ਬੰਨ੍ਹਦੀ ਹੈ।
ਕੌਮੀਅਤ ਦੀ ਪਰਵਰਿਸ਼ ਅਧੀਨਤਾ ਦੇ ਪੰਘੂੜੇ ਵਿਚ ਨਹੀਂ ਹੁੰਦੀ। ਆਜ਼ਾਦ ਦੇਸ਼ ਹੀ ਕੌਮੀਅਤਾਂ ਦੀ ਭੂਮੀ ਹੈ, ਕਿਉਂਕਿ ਲੰਡਾ ਪਸ਼ੂ ਹੋਵੇ ਤਾਂ ਹੋਵੇ, ਪਰ ਆਪਣਾ ਰਾਜ ਆਪਣੇ ਹੱਥਾਂ ਵਿਚ ਨਾ ਰੱਖਣ ਵਾਲੇ ਕੌਮੀਅਤ ਨਹੀਂ ਹੁੰਦੇ। ਕੌਮੀਅਤ ਦਾ ਭਾਵ ਮਨੁੱਖੀ ਵਿਕਾਸ ਦੀ ਪੌੜੀ ਹੈ। ਇਹ ਡੂੰਘੇ ਤੌਰ-ਤਰੀਕਿਆਂ ਵਿਚੋਂ ਉਭਰਿਆ। ਯੂਰਪ ਦੇ ਦੇਸ਼ਾਂ ਵਿਚ ਇਹ ਸਭ ਤੋਂ ਪਹਿਲਾਂ ਪੈਦਾ ਹੋਇਆ। ਇਨਸਾਨ ਉਸ ਵਕਤ ਤਕ ਇਨਸਾਨ ਹੈ, ਜਦ ਤਕ ਉਸ ਦੀ ਨਜ਼ਰ ਦੇ ਸਾਹਮਣੇ ਕੋਈ ਐਸਾ ਉਚਾ ਆਦਰਸ਼ ਹੈ, ਜਿਸ ਦੇ ਲਈ ਉਹ ਆਪਣੇ ਪ੍ਰਾਣ ਤਕ ਨਿਛਾਵਰ ਕਰ ਸਕੇ। ਵਕਤ ਦੀ ਰਫ਼ਤਾਰ ਨਾਲ ਆਦਰਸ਼ਾਂ ਵਿਚ ਬਦਲਾਓ ਆਏ।
ਧਰਮ ਦੇ ਆਦਰਸ਼ ਲਈ ਲੋਕਾਂ ਨੇ ਜਾਨਾਂ ਦਿੱਤੀਆਂ ਅਤੇ ਤਨ ਕਟਵਾਏ, ਪਰ ਦੁਨੀਆ ਦੇ ਵੱਖ-ਵੱਖ ਧਰਮਾਂ ਦੇ ਟਕਰਾਓ, ਇਕ-ਇਕ ਦੇਸ਼ ਵਿਚ ਕਈ-ਕਈ ਧਰਮਾਂ ਦੇ ਹੋਣ ਅਤੇ ਧਾਰਮਿਕ ਭਾਵਾਂ ਦੇ ਗ਼ਲਬੇ ਨਾਲ ਦੇਸ਼ ਦੇ ਵਪਾਰ, ਕਲਾ-ਕੌਸ਼ਲ ਅਤੇ ਸਭਿਅਤਾ ਦੀ ਤਰੱਕੀ ਵਿਚ ਰੁਕਾਵਟ ਪੈਣ ਨਾਲ ਆਖ਼ਰਕਾਰ ਸਹਿਜੇ-ਸਹਿਜੇ ਧਰਮ ਦਾ ਪੱਖਪਾਤ ਘਟਦਾ ਗਿਆ ਅਤੇ ਲੋਕਾਂ ਅੱਗੇ ਦੇਸ਼ ਪ੍ਰੇਮ ਦਾ ਸੁਭਾਵਿਕ ਆਦਰਸ਼ ਸਾਹਮਣੇ ਆਉਂਦਾ ਗਿਆ।
ਪੁਰਾਤਨ ਕਾਲ ਵਿਚ ਜੋ ਧਰਮ ਦੇ ਨਾਂ ‘ਤੇ ਕੱਟ-ਮਰਦੇ ਸਨ, ਅੱਜ ਉਨ੍ਹਾਂ ਦੀ ਸੰਤਾਨ ਦੇਸ਼ ਦੇ ਨਾਂ ਉਪਰ ਮਰਦੀ ਹੈ। ਪੁਰਾਣੇ ਚੰਗੇ ਸਨ ਜਾਂ ਇਹ ਨਵੇਂ; ਇਸ ਉਪਰ ਬਹਿਸ ਕਰਨਾ ਫ਼ਜ਼ੂਲ ਹੀ ਹੈ, ਪਰ ਉਨ੍ਹਾਂ ਵਿਚ ਜ਼ਿੰਦਗੀ ਸੀ ਅਤੇ ਇਨ੍ਹਾਂ ਵਿਚ ਵੀ ਜ਼ਿੰਦਗੀ ਹੈ। ਉਹ ਵੀ ਤਿਆਗ ਕਰਨਾ ਚਾਹੁੰਦੇ ਸਨ ਅਤੇ ਇਹ ਵੀ, ਤੇ ਇਹ ਦੋਨੋਂ ਉਨ੍ਹਾਂ ਬਦਕਿਸਮਤਾਂ ਨਾਲੋਂ ਲੱਖ ਦਰਜੇ ਚੰਗੇ ਅਤੇ ਭਾਗਾਂ ਵਾਲੇ ਹਨ ਜਿਨ੍ਹਾਂ ਦੇ ਸਾਹਮਣੇ ਕੋਈ ਆਦਰਸ਼ ਨਹੀਂ ਅਤੇ ਜੋ ਹਰ ਗੱਲ ਵਿਚ ਮੌਤ ਤੋਂ ਡਰਦੇ ਹਨ। ਇਹ ਆਦਮੀ ਆਪਣੇ ਦੇਸ਼ ਦਾ ਬੋਝ ਅਤੇ ਆਪਣੀ ਮਾਂ ਦੀ ਕੁੱਖ ਦਾ ਕਲੰਕ ਹਨ।
ਦੇਸ਼ ਪ੍ਰੇਮ ਦਾ ਭਾਵ ਇੰਗਲੈਂਡ ਵਿਚ ਉਸ ਵਕਤ ਉਦੈ ਹੋ ਚੁੱਕਾ ਸੀ, ਜਦੋਂ ਸਪੇਨ ਦੇ ਕੈਥੋਲਿਕ ਰਾਜਾ ਫਿਲਿਪ ਨੇ ਇੰਗਲੈਂਡ ਉਪਰ ਅਜਿੱਤ ਜਹਾਜ਼ੀ ਬੇੜੇ ਅਰਮੇਡਾ ਦੁਆਰਾ ਚੜ੍ਹਾਈ ਕੀਤੀ ਸੀ, ਕਿਉਂਕਿ ਇੰਗਲੈਂਡ ਦੇ ਕੈਥੋਲਿਕ ਅਤੇ ਪ੍ਰੋਟੈਸਟੈਂਟ, ਦੋਨੋਂ ਤਰ੍ਹਾਂ ਦੇ ਈਸਾਈਆਂ ਨੇ ਦੇਸ਼ ਦੇ ਦੁਸ਼ਮਣ ਦਾ ਇਕੋ ਜਿੰਨਾ ਸਵਾਗਤ ਕੀਤਾ। ਫਰਾਂਸ ਦੀ ਰਾਜ-ਕ੍ਰਾਂਤੀ ਨਾਲ ਕੌਮੀਅਤ ਪੂਰੇ ਜਲੌਅ ਵਿਚ ਖਿੜ ਉਠੀ। ਇਸ ਪ੍ਰਕਾਸ਼ਮਾਨ ਰੂਪ ਨੂੰ ਦੇਖ ਕੇ ਡਿੱਗੇ ਹੋਏ ਦੇਸ਼ਾਂ ਨੂੰ ਆਸ ਦਾ ਮਧੁਰ ਸੰਗੀਤ ਮਿਲ ਗਿਆ।
19ਵੀਂ ਸਦੀ ਕੌਮੀਅਤ ਦੀ ਸਦੀ ਸੀ। ਮੌਜੂਦਾ ਜਰਮਨੀ ਦਾ ਉਦੈ ਇਸੇ ਸਦੀ ਵਿਚ ਹੋਇਆ। ਅਧੀਨ (ਗੁਲਾਮ) ਇਟਲੀ ਨੇ ਸਵੈਇੱਛਾ ਨਾਲ ਆਸਟਰੀਆ ਦੇ ਬੰਧਨਾਂ ਤੋਂ ਮੁਕਤੀ ਹਾਸਲ ਕੀਤੀ। ਯੂਨਾਨ ਨੂੰ ਆਜ਼ਾਦੀ ਮਿਲੀ ਅਤੇ ਬਾਲਕਨ ਦੀਆਂ ਹੋਰ ਕੌਮਾਂ ਵੀ ਕਬਰਾਂ ਵਿਚੋਂ ਸਿਰ ਕੱਢ ਕੇ ਉਠ ਖਲੋਈਆਂ। ਡਿੱਗੇ ਹੋਏ ਪੂਰਬ ਨੇ ਵੀ ਆਪਣਾ ਪ੍ਰਤਾਪ ਦਿਖਾਇਆ। ਬਾਹਰਲੇ ਉਸ ਨੂੰ ਦੋਨਾਂ ਹੱਥਾਂ ਨਾਲ ਲੁੱਟ ਰਹੇ ਸਨ। ਉਸ ਵਿਚ ਚੇਤਨਾ ਆਈ। ਉਸ ਨੇ ਅੰਗੜਾਈ ਲਈ ਅਤੇ ਚੋਰਾਂ ਦੇ ਕੰਨ ਖੜ੍ਹੇ ਹੋ ਗਏ। ਉਸ ਨੇ ਦੁਨੀਆ ਦੀ ਰਫ਼ਤਾਰ ਉਪਰ ਨਜ਼ਰ ਮਾਰੀ। ਦੇਖਿਆ, ਦੁਨੀਆ ਨੂੰ ਨਵਾਂ ਚਾਨਣ ਮਿਲ ਗਿਆ ਹੈ ਅਤੇ ਜਾਣਿਆ ਕਿ ਖੁਦਗਰਜ਼ੀ ਦੇ ਇਸ ਅੰਧਕਾਰ ਨੂੰ ਉਸ ਚਾਨਣ ਤੋਂ ਬਿਨਾ ਪਾਰ ਕਰਨਾ ਅਸੰਭਵ ਹੈ। ਉਸ ਦੇ ਮਨ ਵਿਚ ਲਹਿਰਾਂ ਉਠੀਆਂ ਅਤੇ ਹੁਣ ਅਸੀਂ ਉਨ੍ਹਾਂ ਲਹਿਰਾਂ ਦੇ ਮੋਤੀ ਦੇਖ ਰਹੇ ਹਾਂ।
ਜਪਾਨ ਇਕ ਮੋਤੀ ਹੈ – ਐਸਾ ਚਮਕਦਾ ਹੋਇਆ ਕਿ ਕੌਮੀਅਤ ਉਸ ਨੂੰ ਕਿਤੇ ਵੀ ਪੇਸ਼ ਕਰ ਸਕਦਾ ਹੈ। ਲਹਿਰ ਰੁਕੀ ਨਹੀਂ, ਵਧੀ ਅਤੇ ਖ਼ੂਬ ਵਧੀ। ਅਫ਼ੀਮਚੀ ਚੀਨ ਨੂੰ ਉਸ ਨੇ ਜਗਾਇਆ ਅਤੇ ਅਧੀਨ ਭਾਰਤ ਨੂੰ ਉਸ ਨੇ ਹਲੂਣਿਆ। ਫਾਰਸ ਵਿਚ ਉਸ ਨੇ ਜਾਗ੍ਰਿਤੀ ਫੈਲਾਈ ਅਤੇ ਏਸ਼ੀਆ ਦੇ ਜੰਗਲਾਂ ਤੇ ਗੁਫ਼ਾਵਾਂ ਤਕ ਵਿਚ ਕੌਮੀਅਤ ਦੀ ਗੂੰਜ ਇਸ ਵਕਤ ਕਿਸੇ ਨਾ ਕਿਸੇ ਰੂਪ ਵਿਚ ਉਸ ਨੇ ਪਹੁੰਚਾ ਦਿੱਤੀ। ਇਹ ਸੰਸਾਰ ਲਹਿਰ ਹੈ। ਇਸ ਨੂੰ ਰੋਕਿਆ ਨਹੀਂ ਜਾ ਸਕਦਾ। ਉਹ ਖ਼ੁਦ ਹੀ ਆਪਣੇ ਹੱਥ ਤੋੜ ਲੈਣਗੇ – ਜੋ ਉਸ ਨੂੰ ਰੋਕਣਗੇ ਅਤੇ ਉਨ੍ਹਾਂ ਮੁਰਦਿਆਂ ਦੀ ਖ਼ਾਕ ਦਾ ਵੀ ਪਤਾ ਨਹੀਂ ਲੱਗੇਗਾ – ਜੋ ਇਸ ਦੇ ਸੰਦੇਸ਼ ਨੂੰ ਨਹੀਂ ਸੁਣਨਗੇ।
ਭਾਰਤ ਵਿਚ ਅਸੀਂ ਕੌਮੀਅਤ ਦੀ ਪੁਕਾਰ ਸੁਣ ਚੁੱਕੇ ਹਾਂ। ਸਾਨੂੰ ਭਾਰਤ ਦੇ ਉਚ ਅਤੇ ਉਜਲ ਭਵਿਖ ਦਾ ਵਿਸ਼ਵਾਸ ਹੈ। ਸਾਨੂੰ ਵਿਸ਼ਵਾਸ ਹੈ ਕਿ ਸਾਡਾ ਹੜ੍ਹ ਕਿਸੇ ਦੇ ਰੋਕਿਆਂ ਨਹੀਂ ਰੁਕ ਸਕਦਾ। ਰਸਤੇ ਵਿਚ ਰੋਕਣ ਵਾਲੀਆਂ ਚਟਾਨਾਂ ਆ ਸਕਦੀਆਂ ਹਨ। ਚਟਾਨਾਂ ਪਾਣੀ ਦੇ ਕਿਸੇ ਹੜ੍ਹ ਨੂੰ ਨਹੀਂ ਰੋਕ ਸਕਦੀਆਂ, ਪਰ ਇਕ ਗੱਲ ਹੈ; ਸਾਨੂੰ ਜਾਣ-ਬੁਝ ਕੇ ਮੂਰਖ਼ ਨਹੀਂ ਬਣਨਾ ਚਾਹੀਦਾ, ਊਟਪਟਾਂਗ ਰਸਤੇ ਨਹੀਂ ਗਾਹੁਣੇ ਚਾਹੀਦੇ।
ਕੁਝ ਲੋਕ ‘ਹਿੰਦੂ ਰਾਸ਼ਟਰ – ਹਿੰਦੂ ਰਾਸ਼ਟਰ’ ਚੀਕ ਰਹੇ ਹਨ। ਸਾਨੂੰ ਖ਼ਿਮਾ ਕਰਨਾ, ਜੇ ਅਸੀਂ ਕਹੀਏ – ਨਹੀਂ, ਅਸੀਂ ਇਸ ਗੱਲ ਉਪਰ ਜ਼ੋਰ ਦੇਈਏ ਕਿ ਉਹ ਬੜੀ ਭਾਰੀ ਭੁੱਲ ਕਰ ਰਹੇ ਹਨ ਅਤੇ ਉਨ੍ਹਾਂ ਨੇ ਹੁਣ ਤਕ ‘ਰਾਸ਼ਟਰ’ ਦੇ ਅਰਥ ਹੀ ਨਹੀਂ ਸਮਝੇ। ਅਸੀਂ ਨਜੂਮੀ ਨਹੀਂ, ਪਰ ਮਿਜ਼ਾਜ ਸਾਨੂੰ ਦੱਸਦਾ ਹੈ ਕਿ ਹੁਣ ਸੰਸਾਰ ਵਿਚ ‘ਹਿੰਦੂ ਰਾਸ਼ਟਰ’ ਨਹੀਂ ਹੋ ਸਕਦਾ, ਕਿਉਂਕਿ ਰਾਸ਼ਟਰ ਦਾ ਹੋਣਾ ਉਸੇ ਵਕਤ ਸੰਭਵ ਹੈ ਜਦੋਂ ਦੇਸ਼ ਦਾ ਸ਼ਾਸਨ ਦੇਸ਼ ਵਾਲਿਆਂ ਦੇ ਹੱਥਾਂ ਵਿਚ ਹੋਵੇ। ਤੇ ਜਦੋਂ ਇਹ ਮੰਨ ਲਿਆ ਜਾਵੇ ਕਿ ਅੱਜ ਭਾਰਤ ਆਜ਼ਾਦ ਹੋ ਜਾਵੇ, ਜਾਂ ਇੰਗਲੈਂਡ ਉਸ ਨੂੰ ਬਸਤੀਵਾਦੀ ਸਵਰਾਜ ਦੇ ਦੇਵੇ, ਤਾਂ ਵੀ ਹਿੰਦੂ ਹੀ ਭਾਰਤੀ ਰਾਸ਼ਟਰ ਦੇ ਸਭ ਕੁਝ ਹੋਣਗੇ ਅਤੇ ਜੋ ਐਸਾ ਸਮਝਦੇ ਹਨ – ਦਿਲੋਂ ਜਾਂ ਕੇਵਲ ਲੋਕਾਂ ਨੂੰ ਖ਼ੁਸ਼ ਕਰਨ ਲਈ ਉਹ ਭੁੱਲ ਕਰ ਰਹੇ ਹਨ ਤੇ ਦੇਸ਼ ਦਾ ਨੁਕਸਾਨ ਕਰ ਰਹੇ ਹਨ।
ਉਹ ਲੋਕ ਵੀ ਇਸ ਤਰ੍ਹਾਂ ਦੀ ਭੁੱਲ ਕਰ ਰਹੇ ਹਨ ਜੋ ਤੁਰਕੀ ਜਾਂ ਕਾਬੁਲ, ਮੱਕਾ ਜਾਂ ਜਦਾਹ ਦਾ ਸੁਪਨਾ ਦੇਖਦੇ ਹਨ, ਕਿਉਂਕਿ ਉਹ ਉਨ੍ਹਾਂ ਦੀ ਜਨਮਭੂਮੀ ਨਹੀਂ ਅਤੇ ਇਸ ਵਿਚ ਕੁਝ ਵੀ ਕੁੜੱਤਣ ਨਾ ਸਮਝੀ ਜਾਵੇ, ਜੇ ਅਸੀਂ ਇਹ ਕਹੀਏ ਕਿ ਉਨ੍ਹਾਂ ਦੀਆਂ ਕਬਰਾਂ ਇਸੇ ਦੇਸ਼ ਵਿਚ ਬਣਨਗੀਆਂ ਅਤੇ ਉਨ੍ਹਾਂ ਦੇ ਮਰਸੀਏ – ਜੇ ਉਹ ਇਸ ਯੋਗ ਹੋਣਗੇ ਤਾਂ – ਇਸੇ ਦੇਸ਼ ਵਿਚ ਗਾਏ ਜਾਣਗੇ; ਪਰ ਸਾਡਾ ਵਿਰੋਧੀ, ਨਹੀਂ, ਕੌਮੀਅਤ ਦਾ ਵਿਰੋਧ ਕਰਨ ਵਾਲਾ ਮੂੰਹ ਅੱਡ ਕੇ ਕਹਿ ਸਕਦਾ ਹੈ ਕਿ ਕੌਮੀਅਤ ਸਵਾਰਥਾਂ ਦੀ ਖਾਣ ਹੈ। ਦੇਖ ਲਉ ਇਸ ਮਹਾਂ ਯੁੱਧ ਨੂੰ ਅਤੇ ਕਰੋ ਹਿੰਮਤ ਇਨਕਾਰ ਕਰਨ ਦੀ, ਕਿ ਸੰਸਾਰ ਦੇ ਰਾਸ਼ਟਰ ਪੱਕੇ ਸਵਾਰਥੀ ਨਹੀਂ ਹਨ? ਅਸੀਂ ਇਸ ਵਿਰੋਧ ਦਾ ਸਵਾਗਤ ਕਰਦੇ ਹਾਂ, ਪਰ ਸੰਸਾਰ ਦੀ ਕਿਸ ਚੀਜ਼ ਵਿਚ ਬੁਰਾਈ ਅਤੇ ਭਲਾਈ ਦੋਨੋਂ ਗੱਲਾਂ ਨਹੀਂ ਹਨ?
ਲੋਹੇ ਤੋਂ ਡਾਕਟਰ ਦੀ ਚੀਰਾ ਦੇਣ ਵਾਲੀ ਨਸ਼ਤਰ ਅਤੇ ਰੇਲ ਦੀਆਂ ਪਟੜੀਆਂ ਬਣਦੀਆਂ ਹਨ, ਤੇ ਇਸੇ ਲੋਹੇ ਨਾਲ ਹਤਿਆਰੇ ਦਾ ਛੁਰਾ ਤੇ ਲੜਾਈ ਦੀਆਂ ਤੋਪਾਂ ਵੀ ਬਣਦੀਆਂ ਹਨ। ਸੂਰਜ ਦਾ ਪ੍ਰਕਾਸ਼ ਫੂਲਾਂ ਨੂੰ ਰੰਗ-ਬਰੰਗਾ ਬਣਾਉਂਦਾ ਹੈ ਪਰ ਉਹ ਬੇਚਾਰਾ ਮੁਰਦਾ ਲਾਸ਼ ਦਾ ਕੀ ਕਰੇ, ਜੋ ਉਸ ਦੇ ਛੂਹਣ ‘ਤੇ ਹੀ ਸੜ ਕੇ ਬਦਬੂ ਮਾਰਨ ਲੱਗਦੀ ਹੈ। ਅਸੀਂ ਕੌਮੀਅਤ ਦੇ ਪੈਰੋਕਾਰ ਹਾਂ, ਪਰ ਉਹ ਸਾਡਾ ਸਭ ਕੁਝ ਨਹੀਂ, ਉਹ ਕੇਵਲ ਸਾਡੇ ਦੇਸ਼ ਦੀ ਤਰੱਕੀ ਦਾ ਉਪਾਅ ਹੈ।
-ਅਨੁਵਾਦ: ਬੂਟਾ ਸਿੰਘ