ਡਾæ ਗੁਰਬਖਸ਼ ਸਿੰਘ ਭੰਡਾਲ ਆਪਣੀ ਨਿਵੇਕਲੀ ਸ਼ੈਲੀ ਵਿਚ ਜੀਵਨ ਦੀਆਂ ਪਰਤਾਂ ਫਰੋਲਦੇ ਹਨ, ਜ਼ਿੰਦਗੀ ਦੇ ਨਾਦ ਦੀ ਤਲਾਸ਼ ਵਿਚ ਰਹਿੰਦੇ ਹਨ। ਪਿਛਲੇ ਇਕ ਅਰਸੇ ਤੋਂ ਪੰਜਾਬ ਟਾਈਮਜ਼ ਦੇ ਪਾਠਕ ਉਨ੍ਹਾਂ ਦੀਆਂ ਲਿਖਤਾਂ ਪੜ੍ਹਦੇ ਆ ਰਹੇ ਹਨ ਅਤੇ ਉਨ੍ਹਾਂ ਦੀ ਨਿਵੇਕਲੀ ਸ਼ੈਲੀ ਤੋਂ ਪ੍ਰਭਾਵਿਤ ਵੀ ਹੋਏ ਹਨ। ਡਾæ ਭੰਡਾਲ ਇਸ ਕਾਲਮ ਹੇਠ ਘਰ ਦੀਆਂ ਨਿਆਮਤਾਂ ਦੀ ਵਾਰਤਾ ਸੁਣਾ ਚੁਕੇ ਹਨ ਕਿ ਘਰ ਦਾ ਕੇਂਦਰ ਮਾਂ ਹੁੰਦੀ ਹੈ। ਮਾਂ, ਸਿਰਫ ਮਾਂ ਹੁੰਦੀ ਏ।
ਉਨ੍ਹਾਂ ਬਜ਼ੁਰਗਾਂ ਦਾ ਸਤਿਕਾਰ ਕਰਨ ਦੀ ਨਸੀਹਤ ਕੀਤੀ ਸੀ ਕਿ ਬੁਢਾਪਾ ਉਹ ਅਵਸਥਾ ਏ ਜਦੋਂ ਜ਼ਿੰਦਗੀ, ਸਰੀਰਕ ਸਮਰੱਥਾ ਤੋਂ ਆਤਮਿਕ ਸੰਤੁਸ਼ਟੀ ਅਤੇ ਸਕੂਨ ਦੇ ਸਫਰ ਦੀ ਹਮਰਾਜ਼ ਬਣਦੀ ਏ। ਉਨ੍ਹਾਂ ਦੱਸਿਆ ਸੀ ਕਿ ਜਦੋਂ ਬੱਚੇ ਵੱਡੇ ਹੋ ਕੇ ਪੰਛੀਆਂ ਵਾਂਗ ਉਡਾਰੀ ਮਾਰ ਜਾਂਦੇ ਹਨ ਤਾਂ ਮਾਪੇ ਖੁਸ਼ ਹੁੰਦੇ ਹਨ ਪਰ ਅੰਦਰੋਂ ਬੱਚਿਆਂ ਦਾ ਹੇਰਵਾ ਸਦਾ ਬਣਿਆ ਰਹਿੰਦਾ ਹੈ। ਉਨ੍ਹਾਂ ਧੀਆਂ ਨੂੰ ਬੋਝ ਸਮਝਣ ਵਾਲਿਆਂ ਨੂੰ ਸਵਾਲ ਕੀਤਾ ਸੀ ਕਿ ਜੇ ਧੀਆਂ ਨਾ ਹੁੰਦੀਆਂ ਤਾਂ ਕੀ ਮਨੁੱਖ ਦੀ ਹੋਂਦ ਸੰਭਵ ਹੁੰਦੀ? ਪਿਛਲੇ ਲੇਖ ਵਿਚ ਉਨ੍ਹਾਂ ਮਾਪਿਆਂ ਘਰੋਂ ਆਪਣਾ ਨਵਾਂ ਘਰ ਵਸਾਉਣ ਚੱਲੀ ਧੀ ਦੀ ਗੱਲ ਕਰਦਿਆਂ ਕਿਹਾ ਸੀ ਕਿ ਧੀ ਇਕ ਵਿਰਸਾ ਏ ਜੋ ਇਕ ਘਰ ਤੋਂ ਦੂਸਰੇ ਘਰ, ਇਕ ਸੋਚ ਤੋਂ ਦੂਸਰੀ ਸੋਚ, ਇਕ ਜੀਵਨ-ਜਾਚ ਤੋਂ ਦੂਸਰੀ ਜੀਵਨ-ਜਾਚ ਅਤੇ ਇਕ ਸੰਸਕਾਰ ਤੋਂ ਦੂਸਰੇ ਸੰਸਕਾਰ ਤੀਕ ਦਾ ਪੰਧ ਤੈਅ ਕਰਕੇ ਆਪਣੀ ਵੱਖਰੀ, ਨਰੋਈ ਅਤੇ ਵਿਲੱਖਣ ਪਛਾਣ ਸਿਰਜਣ ਦੀ ਪ੍ਰਕ੍ਰਿਆ ਅਰੰਭਦਾ ਏ। ਹਥਲੇ ਲੇਖ ਵਿਚ ਉਨ੍ਹਾਂ ਪਿੰਡਾਂ ਵਿਚ ਜੰਮੇ-ਪਲੇ ਪਾਠਕਾਂ ਨੂੰ ਪਿੰਡ ਦੀਆਂ ਨਿਆਮਤਾਂ ਚੇਤੇ ਕਰਵਾਈਆਂ ਹਨ। ਹੁਣ ਸੱਠਵਿਆਂ ਤੋਂ ਉਪਰਲੀ ਪੀੜ੍ਹੀ ਵਿਚ ਪਿੰਡ ‘ਚ ਬਿਤਾਏ ਖਿਣਾਂ ਦਾ ਹੇਰਵਾ ਜਗਾਇਆ ਏ। ਭਲਾ ਟੁਥ-ਪੇਸਟ ‘ਚੋਂ ਨਿੰਮ ਜਾਂ ਕਿੱਕਰ ਦੀ ਦਾਤਣ ਵਰਗੀ ਤਾਜ਼ਗੀ ਤੇ ਸਫਾਈ ਕਿੱਥੋਂ ਮਿਲੇਗੀ? ਖੂਹ ਦੇ ਔਲੂ ‘ਚ ਕੋਸੇ ਪਾਣੀਆਂ ਵਿਚ ਲਾਈਆਂ ਡੁਬਕੀਆਂ ਦਾ ਕਿਵੇਂ ਘਰਾਂ ਦੀਆਂ ਟੂਟੀਆਂ ‘ਚੋਂ ਟਪਕਦੇ ਪਾਣੀ ਸੰਗ ਇਸ਼ਨਾਨ ਦਾ ਮੁਕਾਬਲਾ ਕਰਦਾ ਹੋਵੇਗਾ? ਇਹ ਵੱਖਰੀ ਗੱਲ ਹੈ ਕਿ ਹੁਣ ਤਾਂ ਪਿੰਡ ਵੀ ਉਹ ਪਿੰਡ ਨਹੀਂ ਰਹੇ। -ਸੰਪਾਦਕ
ਡਾæ ਗੁਰਬਖ਼ਸ਼ ਸਿੰਘ ਭੰਡਾਲ
ਫੋਨ: 216-556-2080
ਜ਼ਿੰਦਗੀ ਸੰਗ ਮੌਲਦਾ, ਆਪਣੇ ਰੰਗ ‘ਚ ਰੰਗਿਆ ਪਿੰਡ ਕਦੇ-ਕਦੇ ਬਹੁਤ ਉਦਾਸ ਹੋ ਜਾਂਦਾ ਏ ਜਦੋਂ ਉਸ ਨੂੰ ਆਪਣੇ ਆਲ੍ਹਣੇ ‘ਚੋਂ ਪਰਵਾਸ ਕਰ ਗਏ ਪਰਿੰਦਿਆਂ ਦੀ ਯਾਦ ਸਤਾਉਂਦੀ ਏ। ਉਸ ਦੇ ਖਿਆਲਾਂ ‘ਚ ਵਸੀ ਆਪਣਿਆਂ ਦੀ ਨਿੱਘੀ ਯਾਦ, ਮਨ-ਮਸਤਕ ਦੇ ਦਰੀਂ ਦਸਤਕ ਦੇ, ਉਸ ਦੀਆਂ ਆਂਦਰਾਂ ‘ਚ ਚਸਕ ਪਾਉਂਦੀ ਏ। ਉਸ ਨੂੰ ਕੁਝ ਗੁਆਚ ਜਾਣ ਦਾ ਅਹਿਸਾਸ ਬੜਾ ਦੁਖੀ ਕਰਦਾ ਏ ਅਤੇ ਉਹ ਬੀਤੇ ਸਮੇਂ ਦੇ ਡੂੰਘੇ ਸਮੁੰਦਰਾਂ ‘ਚ ਟੁੱਭੀ ਲਾ, ਯਾਦਾਂ ਦੇ ਮਾਣਕ-ਮੋਤੀ ਨਿਹਾਰ, ਉਨ੍ਹਾਂ ਦੀ ਪ੍ਰਾਪਤੀ ਤੋਂ ਬਲਿਹਾਰੇ ਜਾਂਦਾ, ਦੂਰ ਤੁਰ ਗਏ ਪਿਆਰਿਆਂ ਲਈ ਲੱਖਾਂ ਦੁਆਵਾਂ ਮੰਗਦਾ, ਉਨ੍ਹਾਂ ਦੀਆਂ ਬਲਾਵਾਂ ਆਪਣੇ ਸਿਰ ਲੈਣ ਲਈ ਅਰਦਾਸਾਂ ਵੀ ਕਰਦਾ ਏ।
ਪਿੰਡ ਨੂੰ ਯਾਦ ਏ ਨਿੱਕੀ ਜਿਹੀ ਜਟੂਰੀ ਵਾਲਾ ਨਿੱਕੜਾ, ਜਿਹੜਾ ਖਿੱਦੋ ਖੂੰਡੀ, ਅੱਡੀ-ਟੱਪਾ, ਪਿੱਠੂ-ਗਰਮ, ਕਬੱਡੀ ਵਰਗੀਆਂ ਖੇਡਾਂ ਖੇਡਦਾ ਸਰੀਰਕ ਤੇ ਮਾਨਸਿਕ ਸਿਹਤਯਾਬੀ ਦਾ ਪਾਠ ਕਰਿਆ ਕਰਦਾ ਸੀ। ਮਿੱਟੀ ਨਾਲ ਲਿਬੜੇ ਪਿੰਡੇ ਨਾਲ ਘਰ ‘ਚ ਵੜਦੇ ਨੂੰ ਮਾਂ ਦੀ ਘੂਰੀ ਘਿਉ ਦੀ ਚੂਰੀ ਵਾਂਗ ਲੱਗਦੀ ਸੀ ਅਤੇ ਉਹ ਮਾੜੀਆਂ ਮੋਟੀਆਂ ਅਲਾਮਤਾਂ ਦੀ ਪ੍ਰਵਾਹ ਨਹੀਂ ਸੀ ਕਰਦਾ। ਜਦੋਂ ਪਿੰਡ ਚਿਤਵਦਾ ਏ ਕਿ ਮੇਰੀ ਮਿੱਟੀ ‘ਚ ਖੇਡ ਕੇ ਪਰਵਾਸੀ ਬਣਿਆ ਮੇਰਾ ਆਪਣਾ ਅੰਗ, ਆਪਣੇ ਬੱਚਿਆਂ ਨੂੰ ਮਿੱਟੀ ‘ਚ ਖੇਡਣ ਤੋਂ ਹੋੜਦਾ ਏ ਤਾਂ ਮਿੱਟੀ ਦਾ ਰੁਦਨ ਸੁਣ ਪਿੰਡ ਦਾ ਗੱਚ ਭਰ ਆਉਂਦਾ ਏ ਕਿ ਅੱਜ ਪਾਲਣਹਾਰੀ ਮਿੱਟੀ ਆਪਣੀ ਮਮਤਾ ਦੀ ਮੌਤ ਕਿਆਸਦੀ-ਕਿਆਸਦੀ ਮਿੱਟੀ ‘ਚ ਪਲਣ ਵਾਲੇ ਤੋਂ ਦੂਰ ਕਿਉਂ ਜਾ ਰਹੀ ਏ?
ਅੰਮ੍ਰਿਤ ਵੇਲੇ ਪਿੰਡ ਦੀ ਫਿਰਨੀ ਅਤੇ ਵੱਟਾਂ-ਬੰਨ੍ਹਿਆਂ ‘ਤੇ ਧੜਕਦਾ ਜੀਵਨ ਹਰਿਆਵਲ ਨੂੰ ਅੱਖਾਂ ਰਾਹੀਂ ਰੱਜ ਕੇ ਡੀਕਦਾ, ਤ੍ਰੇਲ-ਤੁਪਕਿਆਂ ਨਾਲ ਪੈਰਾਂ ‘ਤੇ ਟਕੋਰ ਕਰਦਾ ਅਤੇ ਸਿਆਲ ‘ਚ ਨੰਗੇ ਪੈਰੀਂ ਕੋਹਰੇ ‘ਤੇ ਫਿਰਦਿਆਂ ਵਿਸਮਾਦਮਈ ਪਲ ਮਾਣਦਾ, ਉਹ ਪਿੰਡ ਦਾ ਜੁਆਕ ਜਦੋਂ ਕੋਠੀ ਦੀ ਚਾਰ-ਦੀਵਾਰੀ ਦਾ ਕੈਦੀ ਬਣਿਆ ਸ਼ਹਿਰ ‘ਚ ਢਾਈ ਕੁ ਗਜ਼ ਦੇ ਲਾਅਨ ‘ਤੇ ਫਿਰਦਿਆਂ ਮਸਨੂਈ ਮੁਸਕਾਨ ਖਿਲੇਰਦਾ ਏ ਤਾਂ ਪਿੰਡ ਦੀਆਂ ਆਂਦਰਾਂ ਦਾ ਰੁੱਗ ਭਰਿਆ ਜਾਂਦਾ ਏ। ਭਲਾ ਟੁਥ-ਪੇਸਟ ‘ਚੋਂ ਨਿੰਮ ਜਾਂ ਕਿੱਕਰ ਦੀ ਦਾਤਣ ਵਰਗੀ ਤਾਜ਼ਗੀ ਤੇ ਸਫਾਈ ਕਿੱਥੋਂ ਮਿਲੇਗੀ? ਖੂਹ ਦੇ ਔਲੂ ‘ਚ ਕੋਸੇ ਪਾਣੀਆਂ ਵਿਚ ਲਾਈਆਂ ਡੁਬਕੀਆਂ ਦਾ ਕਿਵੇਂ ਘਰਾਂ ਦੀਆਂ ਟੂਟੀਆਂ ‘ਚੋਂ ਟਪਕਦੇ ਪਾਣੀ ਸੰਗ ਇਸ਼ਨਾਨ ਦਾ ਮੁਕਾਬਲਾ ਕਰਦਾ ਹੋਵੇਗਾ? ਕਿਹੜੀ ਸੈਰ ਮੁਕਾਬਲਾ ਕਰੇਗੀ ਨਾਹਰੇ ਬਲਦਾਂ ਦੀ ਜੋਗ ਨਾਲ ਲੰਬਾ ਜੋਤਰਾ ਲਾਉਣ ਦੀ? ਕਿਹੜੇ ਇੱਟਾਂ ਤੇ ਪੱਥਰਾਂ ਦੇ ਜੰਗਲ ‘ਚੋਂ, ਮੇਰਾ ਲਾਡਲਾ ਭਾਲੇਗਾ ਦੂਰ ਦਿਸਹੱਦੇ ਤੀਕ ਪਸਰੀ ਹੋਈ ਸਰ੍ਹੋਂ ਦੇ ਫੁੱਲਾਂ ਨਾਲ ਲਬਰੇਜ਼ ਦਸੂਤੀ ਦੀ ਚਾਦਰ ਵਰਗੀ ਧਰਤ ਦਾ ਨਜ਼ਾਰਾ? ਮਤਾਂ ਕੁਦਰਤ ਤੋਂ ਦੂਰ ਰਹਿੰਦਿਆਂ ਕੁਦਰਤ ਦੀ ਸੰਗਤ ਦਾ ਮਾਣਿਆ ਪੁਰ-ਸਕੂਨੀ ਅਹਿਸਾਸ ਕਿਤੇ ਮਰ ਹੀ ਨਾ ਜਾਵੇ ਅਤੇ ਨਾਲ ਹੀ ਦਫਨ ਹੋ ਜਾਵੇ ਕੁਦਰਤੀ ਨਜ਼ਾਰਿਆਂ ਨੂੰ ਨਿਹਾਰਨ ਦਾ ਮੋਹ।
ਪਿੰਡ ਨੂੰ ਗਮ ਵੀ ਏ ਕਿ ਮੇਰਾ ਲਡਿੱਕਾ, ਜੋ ਕੂੰਜਾਂ ਦੀਆਂ ਡਾਰਾਂ ਦੇ ਬੋਲਾਂ ਵਿਚਲਾ ਸੰਗੀਤ ਮਾਣਦਾ ਸੀ, ਬਲਦਾਂ ਦੀਆਂ ਹਮੇਲਾਂ ਤੇ ਟੱਲੀਆਂ ਸੰਗ ਮਿਰਜ਼ੇ ਦੀਆਂ ਸੱਦਾਂ ਲਾਉਂਦਾ ਥਕਾਵਟ ਦੀ ਸ਼ਿਕਨ ਵੀ ਮੱਥੇ ‘ਤੇ ਨਹੀਂ ਸੀ ਉਭਰਨ ਦਿੰਦਾ। ਜੋ ਖੂਹ ਦੇ ਕੁੱਤੇ ਅਤੇ ਟਿੰਡਾਂ ‘ਚੋਂ ਪਾੜਛੇ ‘ਚ ਪੈਂਦੇ ਪਾਣੀ ਸੰਗ ਅਰਾਧਨਾ ਕਰਦਾ ਸੀ, ਹਵਾ ਨਾਲ ਲਹਿਰਾਉਂਦੇ ਪੱਤਿਆਂ ਦੀ ਸੰਗੀਤਕ ਰੁਮਕਣੀ ਮਾਣਦਾ, ਪੰਛੀਆਂ ਦੀ ਪਰਵਾਜ਼ ਵਰਗਾ ਸੁਖਨ ਭਾਲਦਾ ਸੀ, ਦੁੱਧ ਰਿੜਕਦੀ ਮਾਂ ਦੀਆਂ ਚੂੜੀਆਂ ਦੇ ਸੰਗੀਤ ਅਤੇ ਮਧਾਣੀ ਦੀ ਰਿੜਕਣੀ ‘ਚੋਂ ਜ਼ਿੰਦਗੀ ਦੇ ਅਰਥ ਪੜ੍ਹਦਾ ਸੀ, ਅੱਧ-ਰਿੜਕੇ ਦਾ ਕੰਗਣੀ ਵਾਲਾ ਗਲਾਸ ਹੋਠਾਂ ‘ਤੇ ਧਰਦਾ ਸੀ ਅਤੇ ਕੁਦਰਤੀ ਕ੍ਰਿਆਵਾਂ ਦੀ ਸੰਗੀਤਕ ਲੈਅ ‘ਚ ਜ਼ਿੰਦਗੀ ਦਾ ਗੀਤ ਗਾਉਂਦਾ ਸੀ, ਅੱਜ ਉਹ ਕੁਦਰਤੀ ਸੰਗੀਤ ਤੋਂ ਸ਼ੋਰ ਤੀਕ ਦੇ ਸਫਰ ਦਾ ਹਮਰਾਹੀ ਬਣ ਮਾਨਸਿਕ ਤੇ ਸਰੀਰਕ ਬਿਮਾਰੀਆਂ ਦੇ ਸ਼ਿਕੰਜੇ ‘ਚ ਫਸਿਆ ਆਪਣੀ ਰਿਹਾਈ ਲਈ ਲਿਲਕੜੀਆਂ ਕੱਢਦਾ ਏ ਅਤੇ ਸ਼ੋਰ ਦੇ ਪ੍ਰਦੂਸ਼ਣ ਨੂੰ ਘਟਾਉਣ ਦੀ ਦੁਹਾਈ ਪਾ ਰਿਹਾ ਏ। ਉਹਦੇ ਤਾਂ ਚੇਤਿਆਂ ‘ਚੋਂ ਹੀ ਖੁਰ ਗਿਆ ਹੋਣਾ ਏ, ਪੰਛੀਆਂ ਦਾ ਚਹਿਚਹਾਉਣਾ, ਘੁੱਗੀਆਂ-ਕਬੂਤਰਾਂ ਦਾ ਗੁਟਕਣਾ ਅਤੇ ਭਰੇ ਹਵਾਨੇ ਵਾਲੀਆਂ ਗਾਂਵਾਂ ਤੇ ਮੱਝਾਂ ਦਾ ਧਾਰਾਂ ਲਈ ਅੜਿੰਗਣਾ। ਕੀ ਉਸ ਨੂੰ ਕਦੇ ਵੀ ਚੇਤਾ ਨਹੀਂ ਆਇਆ ਬੂਰੀਆਂ ਤੇ ਕੁੰਡੀਆਂ ਝੋਟੀਆਂ ਦਾ, ਖੀਰੇ ਤੇ ਦੁੱਗੇ ਵਹਿੜਕਿਆਂ ਦਾ ਜਾਂ ਪਹਿਲੇ ਹੀ ਦਿਨ ਹਲ ‘ਚ ਜੁਪੇ ਵਹਿੜਕੇ ਦੇ ਪੈਰ ‘ਚ ਖੁੱਭ ਗਏ ਚੋਅ ਦਾ।
ਪਿੰਡ ਬਹੁਤ ਉਦਾਸ ਹੈ, ਆਪਣੀਆਂ ਗਲੀਆਂ ‘ਚ ਖੇਡ ਕੇ ਪ੍ਰਵਾਨ ਚੜ੍ਹੇ ਪਰਵਾਸ ਕਰ ਗਏ ਉਸ ਗੱਭਰੂ ਦਾ, ਜਿਹਨੇ ਆਪਣੀ ਮਿਹਨਤ ਅਤੇ ਲਿਆਕਤ ਸਦਕਾ ਨਾਮਣਾ ਕਮਾਇਆ; ਪਿੰਡ ਦਾ ਪਰਚਮ ਉਚਾ ਝੁਲਾਇਆ, ਆਪਣੇ ਇਲਾਕੇ ਅਤੇ ਲੋਕਾਂ ਲਈ ਮਾਣ ਦਾ ਅਹਿਸਾਸ ਮਨਾਂ ‘ਚ ਉਪਜਾਇਆ। ਪਰ ਪਤਾ ਨਹੀਂ ਕਿਉਂ ਪਿੰਡ ਦੀ ਜੂਹ ਨੂੰ ਸਦਾ ਲਈ ਮਨੋਂ ਭੁਲਾਇਆ। ਉਸ ਨੂੰ ਪਿੰਡ ਦੀ ਯਾਦ ਕਿਉਂ ਨਾ ਆਈ ਅਤੇ ਉਸ ਨੇ ਗਲੀਆਂ ‘ਚ ਯਾਦਾਂ ਦੀ ਫੇਰੀ ਕਿਉਂ ਨਾ ਲਾਈ? ਨਿੱਤ ਉਹ ਬਿਗਾਨੀ ਦੁਨੀਆਂ ਦੇ ਭਰਮਣ ‘ਤੇ ਤਾਂ ਤੁਰਿਆ ਰਹਿੰਦਾ ਏ ਪਰ ਆਪਣੀਆਂ ਮੁਹਾਰਾਂ ਪਿੰਡ ਵੰਨੀਂ ਨਹੀਂ ਮੋੜਦਾ। ਪਿੰਡ ਦੇ ਟਾਹਣਿਆਂ ‘ਤੇ ਮੁਰਕੀਆਂ ਵਾਂਗ ਲਟਕਦੇ ਆਲ੍ਹਣਿਆਂ ‘ਚੋਂ ਦੂਰ ਉਡਾਰੀ ਭਰ ਗਏ ਪਰਿੰਦਿਆਂ ਨੂੰ ਆਪਣੇ ਆਲ੍ਹਣਿਆਂ ਦੇ ਕੱਖਾਂ ਦੀ ਯਾਦ ਤਾਂ ਆਉਂਦੀ ਹੀ ਹੋਵੇਗੀ। ਪਿੰਡ ਸੋਚਦਾ ਹੈ ਕਿ ਉਸ ਯਾਦ ਨੂੰ ਸਜਦਾ ਕਰਨ ‘ਕੇਰਾਂ ਤਾਂ ਪਰਿੰਦੇ ਪਰਤ ਕੇ ਜ਼ਰੂਰ ਆਉਣਗੇ।
ਪਿੰਡ ਨੂੰ ਦੁੱਖ ਵੀ ਏ ਕਿ ਕੁਦਰਤ ਨਾਲ ਜੁੜਿਆ ਕੁਦਰਤੀ ਨਿਆਮਤਾਂ ਨਾਲ ਜੀਵਨ ਦੇ ਸੂਹੇ ਤੇ ਸੁੱਚੇ ਰੰਗਾਂ ਦੀ ਫੁਲਕਾਰੀ ਸਮਾਜ ਦੇ ਪਿੰਡੇ ‘ਤੇ ਕੱਢਣ ਵਾਲੇ ਨੇ ਕਦੇ ਖੇਤ ‘ਚੋਂ ਗੰਨਾ ਤੋੜ ਆਗ ਦੂਸਰੇ ਖੇਤ ‘ਚ ਸੁੱਟਿਆ ਸੀ। ਗਾਜਰਾਂ, ਆਲੂ ਜਾਂ ਸ਼ਕਰਕੰਦੀ ਖਾਣ ਵਾਲਾ ਅਤੇ ਗੰਡ ‘ਤੇ ਬਹਿ ਕੇ ਉਂਗਲਾਂ ਨਾਲ ਗੁੜ ਖਾਣ ਵਾਲਾ ਦੁਕਾਨ ਤੋਂ ਪਾਈਆ ਕੁ ਗੁੜ ਲੈਣ ਲੱਗਿਆਂ ਜ਼ਰਾ ਵੀ ਸੰਗਦਾ ਨਹੀਂ! ਵਾੜ੍ਹੇ ‘ਚੋਂ ਖਰਬੂਜੇ ਤੇ ਹਦਵਾਣੇ ਖਾਣ ਵਾਲਾ ਹੁਣ ਹਦਵਾਣਾ ਖਾਣ ਲੱਗਿਆਂ ਢਿੱਡ ਦੁੱਖਣ ਦਾ ਬਹਾਨਾ ਕਿਉਂ ਕਰਦਾ ਏ? ਰਸ ਭਰੀਆਂ ਜਾਮਣਾਂ ਭਾਲਦਿਆਂ ਪਤਲੇ ਟਾਹਣੇ ਤੋਂ ਡਿੱਗ ਕੇ ਲੱਤ ਵੀ ਤੁੜਵਾਈ ਸੀ ਅਤੇ ਆਕਾਸ਼ ਛੂੰਹਦੇ ਖਜੂਰ ਦੇ ਰੁੱਖ ਤੋਂ ਖਜੂਰਾਂ ਲਾਹ ਉਤਰਨ ਲੱਗਿਆਂ ਮੰਨਤਾਂ ਵੀ ਮੰਨੀਆਂ ਸਨ। ਆੜ੍ਹ ‘ਚੋਂ ਗੰਢੇ ਦੀਆਂ ਭੂਕਾਂ ਨਾਲ ਪਾਣੀ ਪੀ ਕੇ ਅਰੋਗ ਰਹਿਣ ਵਾਲਾ ਹੁਣ ਫਿਲਟਰ ਦਾ ਪਾਣੀ ਪੀਂਦਿਆਂ ਵੀ ਬਿਮਾਰ ਏ। ਗਾਜਰਾਂ-ਮੂਲੀਆਂ ਨੂੰ ਖੇਤ ‘ਚੋਂ ਪੁੱਟ, ਹੱਥ ਨਾਲ ਹੀ ਪੂੰਝ ਕੇ ਖਾਣ ਵਾਲੇ ਦੀ ਸੋਚ ‘ਚ ਸਫਾਈ ਦਾ ਸਨਕੀਪੁਣਾ ਕਿੱਥੋਂ ਆ ਗਿਆ? ਖੇਤਾਂ ‘ਚ ਹੀ ਛੋਲਿਆਂ ਦੀਆਂ ਹੌਲਾਂ ਤੇ ਛੱਲੀਆਂ ਭੁੰਨਦਿਆਂ ਹੱਥ ਤੇ ਮੂੰਹ ਲਬੇੜਨ ਵਾਲਾ ਮੇਰਾ ਲਾਡਲਾ ਗੈਸ ‘ਤੇ ਪੱਕੀਆਂ ਛੱਲੀਆਂ ਭੁੰਨ ਕੇ ਦੋਧੇ ਦਾ ਸਵਾਦ ਭਾਲਦਾ ਏ। ਮੱਕੀ ਦੀ ਰੋਟੀ ‘ਤੇ ਲੱਪ ਨਾਲ ਸਾਗ ਪਾਉਣ ਵਾਲੀ ਦਾਦੀ ਦੀ ਤਸਵੀਰ ਤਾਂ ਚੇਤਿਆਂ ‘ਚੋਂ ਘਸਮੈਲੀ ਹੀ ਹੋ ਗਈ ਹੋਵੇਗੀ ਜਦੋਂ ਉਸ ਨੂੰ ਹੁਣ ਮੱਕੀ ਦੀ ਰੋਟੀ ਤੇ ਸਾਗ ਖਾਧਿਆਂ ਗੈਸ ਹੋ ਜਾਂਦੀ ਏ। ਪਿੰਡ ਤਾਂ ਉਸ ਦੀ ਲੰਮੀ ਉਮਰ ਤੇ ਚੰਗੀ ਸਿਹਤ ਦੀ ਸੁਖਣਾ ਬਾਬੇ ਸ਼ਾਹ ਅਨਾਇਤ ਅਲੀ ਦੀ ਦਰਗਾਹ ‘ਤੇ ਸੁੱਖਦਾ ਰਹਿੰਦਾ ਏ, ਜਿੱਥੋਂ ਮਾਂ ਨੂੰ ਗੋਦੀ ‘ਚ ਖੇਡਦੇ ਲਾਲ ਦਾ ਵਰ ਮਿਲਿਆ ਸੀ।
ਪਿੰਡ ਨੂੰ ਹੇਰਵਾ ਹੈ ਕਿ ਕਾਲੇ ਸ਼ੀਸ਼ਿਆਂ ਵਾਲੀ ਕਾਰ ‘ਚ ਪਿੰਡ ਦੇ ਕੋਲੋਂ ਲੰਘੀ ਜਾਂਦੀ ਸਵਾਰੀ ਨੂੰ ਬੀਤਿਆ ਸਮਾਂ ਕਿਉਂ ਭੁੱਲ ਗਿਆ ਏ ਜਦ ਕਿ ਪਿੰਡ ਨੂੰ ਸਭ ਯਾਦ ਹੈ ਕਿ ਕਣਕ ਦੀਆਂ ਭਰੀਆਂ ਨਾਲ ਲੱਦੇ ਹੋਏ ਗੱਡੇ ਦਾ ਉਲਰ ਜਾਣਾ, ਕਣਕ ਦੀਆਂ ਬੱਲੀਆਂ ਇਕੱਠੀਆਂ ਕਰਦਿਆਂ ਪਿਆਸ ਨਾਲ ਬਿਹਬਲ ਹੋਣਾ। ਜੇਠ ਹਾੜ ਦੀਆਂ ਪਿੰਡਾ ਲੂਹਣੀਆਂ ਧੁੱਪਾਂ ‘ਚ ਫਲ੍ਹੇ ਵਾਹੁਣਾ, ਕਣਕ ਗਾਹੁਣਾ ਅਤੇ ਕੁਝ ਪੂਰਤੀ ਦਾ ਅਹਿਸਾਸ ਚੱਕਰਾਂ ‘ਚ ਘੁੰਮਦੀ ਆਸ ਨੂੰ ਪਾਉਣਾ। ਪਿੰਡ ਨੂੰ ਤਾਂ ਇਹ ਵੀ ਯਾਦ ਏ ਕਿ ਸਕੂਟਰ ਜਾਂ ਮੋਟਰ ਸਾਈਕਲ ਤੋਂ ਹੇਠਾਂ ਨਾ ਉਤਰਨ ਵਾਲਾ ਆਪਣੀ ਪੜ੍ਹਾਈ ਦੇ ਵੇਲਿਆਂ ‘ਚ ਸਾਈਕਲ ਨਾਲ ਸਾਈਕਲ ਹੀ ਬਣਿਆ ਰਿਹਾ ਸੀ, ਜਿਸ ਦੀ ਚੈਨ ‘ਚ ਫਸ ਕੇ ਕਈ ਵਾਰੀ ਪਾਟੀ ਪੈਂਟ ਦੀਆਂ ਲੀਰਾਂ ਇਸ ਦੀਆਂ ਗਵਾਹ ਨੇ।
ਪਿੰਡ ਨੂੰ ਉਦੋਂ ਬੜਾ ਹੀ ਮਾਨਸਿਕ ਕਸ਼ਟ ਪਹੁੰਚਦਾ ਏ ਜਦੋਂ ਉਸ ਦੇ ਮੁਰੱਬਿਆਂ ਦਾ ਮਾਲਕ ਗਮਲਿਆਂ ‘ਚ ਸਬਜ਼ੀਆਂ ਬੀਜਦਾ ਏ। ਭਰੇ ਭੜੋਲਿਆਂ ਵਾਲਾ ਲਿਫਾਫੇ ‘ਚ ਆਟਾ ਲਿਆਉਂਦਾ ਏ। ਵੱਡੀਆਂ ਹਵੇਲੀਆਂ ਤੇ ਘਰਾਂ ਵਾਲਾ ਚਿੜੀ ਦੇ ਪੌਂਚੇ ਜਿੱਡੀ ਥਾਂ ‘ਚ ਘਰ ਦਾ ਭਰਮ ਮਨ ‘ਚ ਵਸਾਉਂਦਾ ਏ। ਖੁੱਲ੍ਹੇ ਡੁੱਲ੍ਹੇ ਸੁਭਾਅ ਵਾਲਾ, ਘਰ ਦੀ ਬੰਦ ਚਾਰ-ਦੀਵਾਰੀ ‘ਚ ਉਡਾਰੂ ਸੋਚਾਂ ਨੂੰ ਪਿੰਜਰੇ ਪਾਉਂਦਾ ਏ। ਸਰਬੱਤ ਦੇ ਭਲੇ ਦੀ ਸੋਚ ਦਾ ਪਹਿਰੇਦਾਰ ਨਿਜੀ ਧਰਾਤਲ ‘ਤੇ ਹਉਮੈ ਦੀ ਫਸਲ ਉਗਾਉਂਦਾ ਏ ਅਤੇ ਜ਼ਿੰਦਗੀ ਦੇ ਸੁੰਗੜ ਗਏ ਅਰਥਾਂ ਵਾਂਗ ਜੀਵਨ-ਸ਼ੈਲੀ ਨੂੰ ਖੋਖਲੇ ਉਚੇਚਾਂ ਦੀ ਸੂਲੀ ਚੜ੍ਹਾਉਂਦਾ ਏ।
ਪਿੰਡ ਨੂੰ ਉਡੀਕ ਹੈ, ਉਸ ਪਲ ਦੀ ਜਦੋਂ ਉਸ ਦੇ ਵਿਹੜੇ ‘ਚੋਂ ਸ਼ਹਿਰੀਂ ਤੇ ਵਿਦੇਸ਼ੀਂ ਪਰਵਾਸ ਕਰ ਗਏ ਪਰਿੰਦੇ ਮੁੜ ਆਲ੍ਹਣਿਆਂ ਨੂੰ ਪਰਤਣਗੇ। ਪਿੰਡ ਛਾਤੀ ਫੁਲਾ ਕੇ ਉਨ੍ਹਾਂ ਨੂੰ ਗਲ ਨਾਲ ਲਾ ਪੁਰ-ਸਕੂਨ ਵਕਤ ਦੀ ਦਹਿਲੀਜ਼ ‘ਤੇ ਸ਼ਗਨਾਂ ਦਾ ਤੇਲ ਚੋਵੇਗਾ। ਉਸ ਦੀਆਂ ਗਲੀਆਂ ‘ਚ ਰੌਣਕਾਂ ਦੂਣ ਸਵਾਈਆਂ ਹੋਣਗੀਆਂ। ਉਸ ਦੇ ਮੋੜਾਂ ‘ਤੇ ਬੋਹੜਾਂ ਹੇਠ ਮਹਿਫਿਲਾਂ ਦਾ ਰੰਗ ਸੰਧੂਰੀ ਹੋਵੇਗਾ। ਬੁੱਢੀਆਂ ਮਾਂਵਾਂ ਆਪਣੇ ਲਾਲਾਂ ਦੇ ਸਿਰ ਪਲੋਸ ਨਾਮਣਾ ਖੱਟ ਕੇ ਸੁੱਖੀਂ ਸਾਂਦੀ ਪਰਤੇ ਪੁੱਤਰਾਂ ਦੀਆਂ ਸੁੱਖਣਾ ਉਤਾਰਨਗੀਆਂ। ਚੁੱਲ੍ਹਿਆਂ ਦੀ ਅੱਗ ਫਿਰ ਚੁਗਲੀਆਂ ਕਰੇਗੀ। ਚੌਂਕਿਆਂ ਵਿਚਲਾ ਨਿੱਘ ਬੀਤੇ ਸਮੇਂ ਦਾ ਲੇਖਾ-ਜੋਖਾ ਕਰ ਵਰਤਮਾਨ ਦੀ ਤਲੀ ‘ਤੇ ਸੰਦਲੀ ਸਮਿਆਂ ਦਾ ਸੰਧਾਰਾ ਧਰੇਗਾ।
ਪਿੰਡ ਜੋ ਆਪਣਿਆਂ ਦੀ ਗੈਰਹਾਜ਼ਰੀ ਦਾ ਰੁਦਨ ਮਨ ‘ਚ ਸਮੋਈ ਮੌਲਦਾ ਰਿਹਾ, ਹੁਣ ਹੋਰ ਮੌਲੇਗਾ ਜਦੋਂ ਉਸ ਦੇ ਆਪਣੇ ਉਸ ਦੀਆਂ ਬਾਹਾਂ ‘ਚ ਸਮੋ ਜੋਗੀਆਂ ਦੀਆਂ ਮੁੰਦਰਾਂ ਵਾਂਗ ਲਿਸ਼ਕਦੇ ਬਨੇਰਿਆਂ ‘ਤੇ ਚੰਦਰਮਾ ਉਤਾਰਨਗੇ ਅਤੇ ਸਮੁੱਚੀ ਫਿਜ਼ਾ ‘ਚ ਜੀਵਨ ਜਿਊਣ ਦਾ ਅੰਦਾਜ਼ ਧੜਕਾਉਣਗੇ। ਸੱਚੀਂ! ਪਿੰਡ ਨੂੰ ਬੜੀ ਆਸ ਏ ਕਿ ਉਸ ਦੀ ਮਿੱਟੀ ਨੂੰ ਮਾਣ ਬਖਸ਼ਣ ਵਾਲੇ ‘ਕੇਰਾਂ ਘਰਾਂ ਨੂੰ ਜ਼ਰੂਰ ਪਰਤਣਗੇ, ਜ਼ਰੂਰ ਪਰਤਣਗੇ।