ਪੰਜਾਬੀਆਂ ਅੰਦਰ ‘ਜੁਗਨੀ’ ਦਾ ਆਪਣਾ ਮੁਕਾਮ ਹੈ। ਬਹੁਤ ਸਾਰੇ ਗਾਇਕਾਂ ਨੇ ਜੁਗਨੀ ਗਾਈ ਹੈ, ਪਰ ਬਹੁਤ ਘੱਟ ਲੋਕਾਂ ਨੂੰ ਪਤਾ ਹੋਵੇਗਾ ਕਿ ਜੁਗਨੀ ਦਾ ਇਤਿਹਾਸ ਕੀ ਹੈ। ਅਸੀਂ ਆਪਣੇ ਪਾਠਕਾਂ ਲਈ ਕਰਮਜੀਤ ਸਿੰਘ ਔਜਲਾ ਦਾ ਇਹ ਲੇਖ ਪੇਸ਼ ਕਰ ਰਹੇ ਹਾਂ ਜਿਸ ਵਿਚ ਜੁਗਨੀ ਦੇ ਇਤਿਹਾਸ ਬਾਰੇ ਪੁਣ-ਛਾਣ ਕੀਤੀ ਗਈ ਹੈ।
-ਸੰਪਾਦਕ
ਕਰਮਜੀਤ ਸਿੰਘ ਔਜਲਾ
ਜੁਗਨੀ ਦੀ ਲੋਕਪ੍ਰਿਯਤਾ ਪੰਜਾਬੀ ਮਾਨਸਿਕਤਾ ਵਿਚ ਸਭ ਤੋਂ ਉਚੀਆਂ ਸਿਖਰਾਂ ਛੂੰਹਦੀ ਰਹੀ ਹੈ। ਇਹ ਲੋਕਯਾਨ ਦਾ ਇਸ ਕਦਰ ਅਭੇਦ ਹਿੱਸਾ ਬਣ ਗਈ ਜਿਵੇਂ ਇਹ ਆਦਿ-ਜੁਗਾਦ ਹੀ ਪੰਜਾਬੀ ਲੋਕਯਾਨ ਦਾ ਹਿੱਸਾ ਰਹੀ ਹੋਵੇ, ਪਰ ਸਚਾਈ ਕੁਝ ਹੋਰ ਹੀ ਹੈ। ਇਸ ਸਚਾਈ ਨੂੰ ਕਦੇ ਵੀ ਕਿਸੇ ਨੇ ਉਜਾਗਰ ਕਰਨ ਦਾ ਯਤਨ ਨਹੀਂ ਕੀਤਾ ਅਤੇ ਜੁਗਨੀ ਗਾਇਨ ਤੇ ਜੁਗਨੀ ਛੰਦ ਰਚਨਾ ਨੂੰ ਅਤਿਅੰਤ ਸੁਖਨ ਤੇ ਸੁਤੇ-ਸਿਧ ਮੰਨ ਕੇ ਇਸ ਵੱਲ ਅਕਾਦਮਿਕ ਵਿਦਵਾਨਾਂ ਨੇ ਕਦੇ ਧਿਆਨ ਨਹੀਂ ਦਿੱਤਾ।
ਜੁਗਨੀ ਕਾਵਿ ਗਾਇਨ ਦਾ ਜਨਮ 1906 ਵਿਚ ਹੋਇਆ ਸੀ। ਇਸ ਤੋਂ ਪਹਿਲਾਂ ਇਤਿਹਾਸ ਜਾਂ ਲੋਕ ਸਿਮਰਿਤੀ ਵਿਚ ਜੁਗਨੀ ਦਾ ਕਿਤੇ ਵੀ ਜ਼ਿਕਰ ਨਹੀਂ ਲੱਭਦਾ। ਜੁਗਨੀ-ਕਾਵਿ ਤੇ ਜੁਗਨੀ-ਗਾਇਨ ਦੀ ਰਚਨਾ ਅਚਾਨਕ ਹੀ ਦੋ ਲੋਕ ਗਾਇਕਾਂ ਵੱਲੋਂ ਹੋ ਗਈ ਜਾਂ ਉਨ੍ਹਾਂ ਨੇ ਕਰ ਦਿੱਤੀ। ਇਨ੍ਹਾਂ ਲੋਕ ਗਾਇਕਾਂ ਦੇ ਨਾਂ ਬਿਸ਼ਨਾ ਅਤੇ ਮੱਦ੍ਹਾ ਸਨ। ਇਹ ਮਾਝੇ ਦੇ ਰਹਿਣ ਵਾਲੇ ਸਨ ਅਤੇ ਜੋ ਬਜ਼ੁਰਗਾਂ ਤੋਂ ਇਨ੍ਹਾਂ ਲੋਕ ਗਾਇਕਾਂ ਬਾਰੇ ਸੁਣਿਆ ਹੈ, ਉਹ ਇਉਂ ਹੈ: ਖਡੂਰ ਸਾਹਿਬ ਦੇ ਰਹਿਣ ਵਾਲੇ ਮਰਹੂਮ ਪੰਡਿਤ ਦਿਵਾਨ ਸਿੰਘ ਅਨੁਸਾਰ, ਮੱਦ੍ਹਾ ਮੁਸਲਮਾਨ ਮਰਾਸੀ ਸੀ। ਉਸ ਦਾ ਪਿੰਡ ਹਸਨਪੁਰ (ਜ਼ਿਲ੍ਹਾ ਅੰਮ੍ਰਿਤਸਰ) ਸੀ। ਉਸ ਦਾ ਪੂਰਾ ਨਾਂ ਮੁਹੰਮਦ ਸੀ, ਪਰ ਮਸ਼ਹੂਰ ਉਹ ਮੱਦ੍ਹੇ ਦੇ ਨਾਂ ਨਾਲ ਹੀ ਸੀ। ਉਸ ਦੇ ਹੋਰ ਪਰਿਵਾਰ ਦੇ ਵੇਰਵੇ ਬਾਰੇ ਕਿਸੇ ਨੂੰ ਕੁਝ ਵੀ ਨਹੀਂ ਪਤਾ।
ਬਿਸ਼ਨਾ ਵੀ ਮਾਝੇ ਦਾ ਹੀ ਵਾਸੀ ਸੀ ਅਤੇ ਜੱਟ ਪਰਿਵਾਰ ਵਿਚੋਂ ਸੀ। ਇਸ ਦੇ ਪਿੰਡ ਬਾਰੇ ਦਿਵਾਨ ਸਿੰਘ ਨੂੰ ਤਾਂ ਕੁਝ ਪਤਾ ਨਹੀਂ ਸੀ, ਪਰ ਜਦੋਂ 1969 ਵਿਚ ਸੌ ਸਾਲ ਦੇ ਆਸ-ਪਾਸ ਚਲਾਣਾ ਕਰਨ ਵਾਲੇ ਇਕ ਸੁਤੰਤਰਤਾ ਸੰਗਰਾਮੀ ਬਾਬਾ ਮੱਖਣ ਸਿੰਘ (ਪਿੰਡ ਠੱਟੀ ਜੈਮਲ ਸਿੰਘ) ਮੁਤਾਬਕ, ਉਨ੍ਹਾਂ ਨੇ ਦੋਵਾਂ ਗਵੱਈਆਂ ਦੇ ਅਖਾੜੇ ਪੱਟੀ ਅਤੇ ਕਸੂਰ ਵਿਚ ਕਈ ਵਾਰ ਦੇਖੇ-ਸੁਣੇ ਸਨ। ਦੋਵਾਂ ਗਵੱਈਆਂ ਦਾ ਹਰਮਨ ਪਿਆਰਾ ਗਾਇਨ ਮਿਰਜ਼ਾ ਅਤੇ ਟੱਪੇ ਸਨ, ਪਰ ਜੁਗਨੀ ਦੀ ਕਾਢ ਇਨ੍ਹਾਂ ਨੇ 1906 ਵਿਚ ਕੀਤੀ। ਇਸ ਦਾ ਕਾਰਨ ਬਾਬਾ ਮੱਖਣ ਸਿੰਘ ਜਿਨ੍ਹਾਂ ਨੇ ਅੰਗਰੇਜ਼ ਰਾਜ ਵੇਲੇ ਕਈ ਵਾਰ ਜੇਲ੍ਹ ਯਾਤਰਾ ਕੀਤੀ, ਦੱਸਦੇ ਹਨ: 1906 ਵਿਚ ਜਦੋਂ ਉਹ (ਬਿਸ਼ਨਾ ਤੇ ਮੱਦ੍ਹਾ) ਭਰ ਜਵਾਨੀ ਵਿਚ ਸਨ ਤਾਂ ਅੰਗਰੇਜ਼ਾਂ ਨੇ ਹਿੰਦੁਸਤਾਨ ਵਿਚ ਜੁਗਨੀ ਲਿਆਂਦੀ। ਜਦੋਂ ਪੁੱਛਿਆ ਗਿਆ ਕਿ ਜੁਗਨੀ ਅੰਗਰੇਜ਼ਾਂ ਨੇ ਕਿਵੇਂ ਲਿਆਂਦੀ, ਤੇ ਜੁਗਨੀ ਕੀ ਕੋਈ ਚੀਜ਼ ਸੀ? ਤਾਂ ਬਾਬਾ ਮੱਖਣ ਸਿੰਘ ਦਾ ਜਵਾਬ ਸੀ ਕਿ ਅੰਗਰੇਜ਼ਾਂ ਦੀ ਮਲਿਕਾ ਨੂੰ ਰਾਜ ਕਰਦਿਆਂ ਪੰਜਾਹ ਸਾਲ ਤੋਂ ਵੀ ਵੱਧ ਹੋ ਗਏ ਸਨ। ਅੰਗਰੇਜ਼ਾਂ ਦਾ ਰਾਜ ਸਾਰੀ ਦੁਨੀਆ ਵਿਚ ਸੀ ਅਤੇ ਅੰਗਰੇਜ਼ਾਂ ਨੇ ਕਿਹਾ ਕਿ ਉਨ੍ਹਾਂ ਨੂੰ ਸਾਰੀ ਦੁਨੀਆ ਵਿਚ ਜੋਤ ਜਗਾ ਕੇ ਫੇਰਨੀ ਚਾਹੀਦੀ ਹੈ। ਉਹ ਜੋਤ ਹੀ ਜੁਗਨੀ ਦੀ ਜੋਤ ਸੀ ਜਿਹੜੀ ਅੰਗਰੇਜ਼ਾਂ ਨੇ ਸ਼ਹਿਰ ਸ਼ਹਿਰ ਹਰ ਮੁਲਕ ਵਿਚ ਫੇਰੀ।
ਬਾਬਾ ਮੱਖਣ ਸਿੰਘ ਅਨੁਸਾਰ, ਉਹ ਜੁਗਨੀ ਜੋਤ ਸੋਨੇ ਦੇ ਕਲਸ਼ ਵਿਚ ਜਗਦੀ ਸੀ ਅਤੇ ਜਿਹੜੇ ਵੀ ਜ਼ਿਲ੍ਹੇ ਦੇ ਸਦਰ ਮੁਕਾਮ ਵਿਚ ਜਾਂਦੀ, ਉਥੇ ਬੜਾ ਵੱਡਾ ਜਲਸਾ ਸਰਕਾਰ ਵੱਲੋਂ ਕੀਤਾ ਜਾਂਦਾ, ਨਤੀਜੇ ਵਜੋਂ ਚੰਗਾ ਮੇਲਾ ਭਰ ਜਾਂਦਾ। ਇਸ ਵਿਚ ਬੈਂਡ-ਵਾਜੇ, ਪੁਲਿਸ-ਫੌਜ, ਜ਼ੈਲਦਾਰ-ਰਈਸ ਅਤੇ ਆਮ ਲੋਕ ਸ਼ਾਮਲ ਹੁੰਦੇ। ਇਨ੍ਹਾਂ ਹੀ ਜਲਸਿਆਂ ਜਾਂ ਮੇਲਿਆਂ ਵਿਚ ਮੱਦ੍ਹਾ ਅਤੇ ਬਿਸ਼ਨਾ ਵੀ ਆਪਣਾ ਅਖਾੜਾ ਲਾਉਂਦੇ।
ਜਦੋਂ ਬਾਬਾ ਮੱਖਣ ਸਿੰਘ ਇਹ ਦੱਸ ਰਹੇ ਸਨ ਤਾਂ ਕੋਲ ਬੈਠੇ ਘੱਟ ਉਮਰ ਦੇ ਥੋੜ੍ਹਾ ਕੁ ਪੜ੍ਹੇ-ਲਿਖੇ ਬੰਦੇ ਨੇ ਬਾਬੇ ਨੂੰ ਟੋਕਿਆ ਸੀ ਕਿ ਅੰਗਰੇਜ਼ਾਂ ਨੇ ਜੁਗਨੀ ਦੀ ਜੋਤ ਨਹੀਂ, ‘ਜੁਬਲੀ ਫਲੇਮ’ ਲਿਆਂਦੀ ਸੀ। ਉਹ ਤਾਂ ਅਨਪੜ੍ਹ ਬਿਸ਼ਨੇ ਅਤੇ ਮੱਦ੍ਹੇ ਨੇ ‘ਜੁਬਲੀ’ ਨੂੰ ‘ਜੁਗਨੀ’ ਬਣਾ ਦਿੱਤਾ।
ਉਸ ਸੱਜਣ ਦੀ ਇਸ ਟੋਕ ਤੋਂ ਅਚਾਨਕ ਹੀ ਜੁਗਨੀ ਦਾ ਰਹੱਸ ਖੁੱਲ੍ਹ ਗਿਆ ਕਿ ਇਹ ਸ਼ਬਦ ਜੁਗਨੀ ਅੰਗਰੇਜ਼ੀ ਲਫ਼ਜ਼ ‘ਜੁਬਲੀ’ ਤੋਂ ਜੰਮਿਆ ਹੈ। ਇਹ ਤਾਂ ਸਪਸ਼ਟ ਹੈ ਹੀ ਕਿ 1906 ਵਿਚ ਜੁਬਲੀ ਫਲੇਮ ਸਾਰੇ ਹੀ ਅੰਗਰੇਜ਼ੀ ਸਾਮਰਾਜ ਵਿਚ ਮਹਾਰਾਣੀ ਵਿਕਟੋਰੀਆ ਦੀ ਗੋਲਡਨ ਜੁਬਲੀ ਸਮੇਂ ਘੁੰਮਾਈ ਗਈ ਸੀ। ਜੁਬਲੀ ਫਲੇਮ ਹਰ ਸ਼ਹਿਰ ਵਿਚ ਸਰਕਾਰ ਵੱਲੋਂ ਲਿਆਂਦੀ ਜਾਂਦੀ ਸੀ ਅਤੇ ਜ਼ਿਲ੍ਹਾ ਸਦਰ-ਮੁਕਾਮ ਵਿਖੇ ਜਸ਼ਨ ਤੇ ਜਲਸੇ ਜ਼ਿਲ੍ਹੇ ਦੇ ਡੀæਸੀæ ਦੀ ਸਦਾਰਤ ਵਿਚ ਹੁੰਦੇ ਸਨ। ਇਨ੍ਹਾਂ ਹੀ ਜਲਸਿਆਂ ਵਿਚ ਬਿਸ਼ਨਾ ਜੱਟ ਅਤੇ ਮੱਦ੍ਹਾ ਮਰਾਸੀ ਆਪਣੀ ਢੱਡ ਅਤੇ ਕਿੰਗ ਨਾਲ ਆਪਣੇ ਹੀ ਜੋੜੇ ਹੋਏ ਜੁਗਨੀ ਛੰਦ ਗਾਇਨ ਕਰ ਕੇ ਅਖਾੜੇ ਵਿਚ ਗਾਉਂਦੇ ਸਨ। ਆਪਣੀ ਸਰਲਤਾ ਅਤੇ ਸੁਖੰਨਤਾ ਕਰ ਕੇ ਇਹ ਛੰਦ ਬਹੁਤ ਹਰਮਨ ਪਿਆਰੇ ਹੋ ਗਏ ਅਤੇ ਬਹੁਤ ਸਾਰੇ ਲੋਕਾਂ ਵਿਚ ਇਨ੍ਹਾਂ ਨੂੰ ਰਚਨ ਅਤੇ ਗਾਇਨ ਦੀ ਯੋਗਤਾ ਬਹੁਤ ਛੇਤੀ ਵਿਕਸਤ ਹੋ ਗਈ।
ਜੁਗਨੀ ਛੰਦ ਜਿਥੇ ਵੀ ਆਉਂਦਾ ਹੈ, ਉਥੇ ਕਿਸੇ ਨਾ ਕਿਸੇ ਸ਼ਹਿਰ ਜਾਂ ਥਾਂ ਦਾ ਨਾਂ ਜ਼ਰੂਰ ਆਉਂਦਾ ਹੈ। ਅੰਗਰੇਜ਼ਾਂ ਦੀ ਜੁਬਲੀ ਫਲੇਮ ਵੀ ਸ਼ਹਿਰੋਂ ਸ਼ਹਿਰ ਹੀ ਜਾਂਦੀ ਸੀ। ਉਸ ਜੁਬਲੀ ਫਲੇਮ ਦੇ ਨਾਲ-ਨਾਲ ਹੀ ਮੱਦ੍ਹਾ ਤੇ ਬਿਸ਼ਨਾ ਵੀ ਜਾਂਦੇ ਅਤੇ ਜਲੂਸ ਵਿਚ ਆਪਣਾ ਛੋਟਾ ਜਿਹਾ ਅਖਾੜਾ ਲਾ ਕੇ ਕਲਾ ਦਾ ਪ੍ਰਦਰਸ਼ਨ ਕਰਦੇ। ਉਨ੍ਹਾਂ ਦਾ ਇਕ ਜੁਗਨੀ ਛੰਦ ਮੌਲਿਕ ਰੂਪ ਵਿਚ ਇਸ ਤਰ੍ਹਾਂ ਹੈ:
ਜੁਗਨੀ ਜਾ ਵੜੀ ਮਜੀਠੇ
ਕੋਈ ਰੰਨ ਨਾ ਚੱਕੀ ਪੀਠੇ
ਪੁੱਤ ਗੱਭਰੂ ਮੁਲਕ ਵਿਚ ਮਾਰੇ
ਰੋਵਣ ਅੱਖੀਆਂ ਪਰ ਬੁੱਲ੍ਹ ਸੀ ਸੀਤੇ
ਪੀਰ ਮੇਰਿਆ ਜੁਗਨੀ ਆਈ ਆ
ਇਨ੍ਹਾਂ ਕਿਹੜੀ ਜੋਤ ਜਗਾਈ ਆ।
ਇਸ ਤੋਂ ਬਾਅਦ ਜੁਗਨੀ, ਗਾਇਨ ਦੀ ਪ੍ਰਚਲਿਤ ਵਿਧਾ ਬਣ ਕੇ ਕਈ ਕੁਝ ਆਪਣੇ ਕਲਾਵੇ ਵਿਚ ਲੈਣ ਲੱਗ ਪਈ, ਪਰ ਆਰੰਭ ਸਦਾ ਹੀ ਜੁਗਨੀ ਦੇ ਕਿਸੇ ਸ਼ਹਿਰ ਵਿਚ ਜਾਣ ‘ਤੇ ਹੀ ਹੁੰਦਾ ਹੈ, ਜਿਵੇਂ:
ਜੁਗਨੀ ਜਾ ਵੜੀ ਲੁਧਿਆਣੇ
ਉਹਨੂੰ ਪੈ ਗਏ ਅੰਨ੍ਹੇ ਕਾਣੇ
ਮਾਰਨ ਮੁੱਕੀਆਂ ਮੰਗਣ ਦਾਣੇ
ਪੀਰ ਮੇਰਿਆ ਜੁਗਨੀ ਕਹਿੰਦੀ ਆ
ਜਿਹੜੀ ਨਾਮ ਅਲੀ ਦਾ ਲੈਂਦੀ ਆ।
ਮੱਦ੍ਹਾ ਅਤੇ ਬਿਸ਼ਨਾ ਪਹਿਲਾਂ ਹੀ ਪੱਟੀ, ਕਸੂਰ, ਅਜਨਾਲਾ ਅਤੇ ਮਾਝੇ ਦੇ ਹੋਰ ਇਲਾਕਿਆਂ ਤੇ ਮੇਲਿਆਂ ਵਿਚ ਹਿੱਸਾ ਲੈਂਦੇ ਸਨ। ਉਨ੍ਹਾਂ ਦੇ ਅਖਾੜੇ ਮਸ਼ਹੂਰ ਸਨ। ਮੱਦ੍ਹਾ ਢੱਡ ਅਤੇ ਬਿਸ਼ਨਾ ਕਿੰਗ ਵਜਾਉਂਦਾ ਸੀ। ਗਾਇਨ ਦੋਵੇਂ ਇਕੱਠੇ ਕਰਦੇ ਸਨ। ਉਹ ਮੇਲੇ ‘ਤੇ ਹੀ ਛੰਦ ਰਚ ਲੈਂਦੇ ਸਨ। ਉਨ੍ਹਾਂ ਨੂੰ ਕਿਸੇ ਨੇ ਇਥੇ ਰੁਪਿਆ ਇਨਾਮ ਵਿਚ ਦਿੱਤਾ। ਉਨ੍ਹਾਂ ਉਸ ਮੌਕੇ ਹੀ ਜੁਗਨੀ ਛੰਦ ਰਚ ਕੇ ਉਸ ਬੰਦੇ ਦਾ ਨਾਂ ਅਤੇ ਪਿੰਡ ਛੰਦ ਵਿਚ ਜੋੜ ਦਿੱਤਾ ਸੀ। ਜੁਗਨੀ (ਜੁਬਲੀ ਫਲੇਮ) ਵੀ ਸ਼ਹਿਰ-ਸ਼ਹਿਰ ਜਾਂਦੀ ਰਹੀ ਅਤੇ ਨਾਲੇ ਨਾਲ ਮੱਦ੍ਹਾ ਅਤੇ ਬਿਸ਼ਨਾ ਵੀ। ਉਨ੍ਹਾਂ ਦੇ ਅਖਾੜੇ ਅਤੇ ਜੁਗਨੀ ਲੋਕਪ੍ਰਿਯਤਾ ਦੀਆਂ ਸਿਖਰਾਂ ਛੂੰਹਦੀ ਰਹੀ।
ਉਸ ਜ਼ਮਾਨੇ ਆਜ਼ਾਦੀ ਪ੍ਰਾਪਤੀ ਲਹਿਰ ਤਾਂ ਬਹੁਤਾ ਜ਼ੋਰ ਨਹੀਂ ਸੀ ਫੜ ਸਕੀ, ਪਰ ਲੋਕ ਮਨਾਂ ਵਿਚ ਰੋਸ ਜ਼ਰੂਰ ਧੁਖ ਰਿਹਾ ਸੀ। ਕਈ ਥਾਂਵਾਂ ‘ਤੇ ਬਿਮਾਰੀ ਅਤੇ ਕਾਲ ਵੀ ਪਏ ਸਨ। ਜਨਤਾ ਅਨਪੜ੍ਹ ਅਤੇ ਹਾਕਮ-ਅਫਸਰ ਜਬਰ ਕਰਨ ਵਾਲੇ ਸਨ। ਸੋ, ਲੋਕਾਂ ਦਾ ਦੁੱਖ ਦਰਦ ਜੁਗਨੀ ਦੇ ਛੰਦਾਂ ਵਿਚ ਵੀ ਆਉਣਾ ਹੀ ਸੀ। ਸਰਕਾਰ ਦੀ ਨੁਕਤਾਚੀਨੀ ਅਤੇ ਤਸ਼ੱਦਦ ਦੇ ਖਿਲਾਫ਼ ਵੀ ਜੁਗਨੀ ਦੇ ਛੰਦ ਬਣੇ ਅਤੇ ਗਾਏ ਗਏ। ਇਹ ਲੋਕਾਂ ਦੀ ਜ਼ੁਬਾਨ ਉਤੇ ਚੜ੍ਹ ਗਏ, ਪਰ ਅੰਗਰੇਜ਼ ਸਰਕਾਰ ਤਾਂ ਇਸ ਨੂੰ ਬਰਦਾਸ਼ਤ ਨਹੀਂ ਸੀ ਕਰ ਸਕਦੀ। ਪੁਲਿਸ ਵੱਲੋਂ ਮੱਦ੍ਹੇ ਅਤੇ ਬਿਸ਼ਨੇ ਦੇ ਅਖਾੜੇ ਬੰਦ ਕਰਵਾਏ ਗਏ, ਪਰ ਉਹ ਜੁਬਲੀ ਜਸ਼ਨਾਂ ਤੋਂ ਕੁਝ ਦੂਰ ਜਾ ਕੇ ਅਖਾੜਾ ਲਾ ਲੈਂਦੇ ਅਤੇ ਲੋਕ ਵੱਡੀ ਗਿਣਤੀ ਵਿਚ ਉਥੇ ਆ ਜੁੜਦੇ। ਪੁਲਿਸ ਦੇ ਦਖਲ ਅਤੇ ਲਾਠੀਆਂ ਦਾ ਸਦਾ ਹੀ ਡਰ ਰਹਿੰਦਾ। ਕਈ ਵਾਰ ਉਨ੍ਹਾਂ ਦੇ ਅਖਾੜਿਆਂ ਉਤੇ ਲਾਠੀਚਾਰਜ ਹੋਇਆ ਸੀ। ਪੁਲਿਸ ਅਤੇ ਸਰਕਾਰ ਖਿਲਾਫ ਇਨ੍ਹਾਂ ਅਖਾੜਿਆਂ ਵਿਚ ਲੋਕ ਖੁੱਲ੍ਹ ਕੇ ਗੱਲਬਾਤ ਕਰਦੇ ਅਤੇ ਬਾਗੀਆਨਾ ਜੁਗਨੀ ਛੰਦ ਗਾਉਂਦੇ ਹੋਏ ਆਪਣੇ ਘਰਾਂ ਨੂੰ ਵਾਪਸ ਮੁੜਦੇ।
ਦੁਖਦਾਈ ਅੰਤæææ ਸ਼ਹਿਰੋਂ-ਸ਼ਹਿਰ ਜੁਗਨੀ ਉਰਫ ਜੁਬਲੀ ਜਾਂਦੀ। ਨਾਲ ਹੀ ਬਿਸ਼ਨਾ ਅਤੇ ਮੱਦ੍ਹਾ ਜਾਂਦੇ। ਲੋਕਾਂ ਦੀ ਭੀੜ ਜੁੜਦੀ। ਸਰਕਾਰੀ ਤਸ਼ੱਦਦ ਖਿਲਾਫ ਰੋਹ ਵਧਦਾ। ਸਰਕਾਰੀ ਲਾਠੀਆਂ ਵਰ੍ਹਦੀਆਂ। ਇਸ ਤਰ੍ਹਾਂ ਦੇ ਜ਼ੁਲਮਾਂ ਵਾਲੇ ਸ਼ਹਿਰ ਵਿਚ ਜੁਬਲੀ ਜਸ਼ਨ, ਬਿਸ਼ਨੇ ਅਤੇ ਮੱਦ੍ਹੇ ਦੇ ਅਖਾੜੇ ਅੱਗੇ ਫਿੱਕੇ ਪੈ ਗਏ। ਖਿਝੀ ਪਈ ਸਰਕਾਰ ਨੇ ਬਿਸ਼ਨੇ ਤੇ ਮੱਦ੍ਹੇ ਉਤੇ ਬਹੁਤ ਤਸ਼ੱਦਦ ਕੀਤੇ ਅਤੇ ਇਸ ਕੁੱਟਮਾਰ ਕਰ ਕੇ ਹੀ ਉਨ੍ਹਾਂ ਦੀ ਮੌਤ ਹੋ ਗਈ। ਕਿਹਾ ਜਾਂਦਾ ਹੈ ਕਿ ਦੋਵਾਂ ਨੂੰ ਚੋਰੀ ਛਿਪੇ ਕਿਸੇ ਕਬਰਸਤਾਨ ਵਿਚ ਰਾਤ ਵੇਲੇ ਦਫ਼ਨਾ ਦਿੱਤਾ ਗਿਆ।
ਪੁਲਿਸ ਦੀਆਂ ਲਾਠੀਆਂ ਨੇ ਉਨ੍ਹਾਂ ਦੀ ਜ਼ੁਬਾਨ ਤਾਂ ਬੰਦ ਕਰ ਦਿੱਤੀ, ਪਰ ਉਨ੍ਹਾਂ ਦੀ ਜੁਗਨੀ ਅਜ ਤੱਕ ਹਰ ਸ਼ਹਿਰ ਵਿਚ ਮਸ਼ਹੂਰ ਹੈ ਅਤੇ ਸਦਾ ਲਈ ਗੂੰਜਦੀ ਰਹੇਗੀ। ਮਨ ਵਿਚ ਆਉਂਦਾ ਹੈ ਕਿ ਇਨ੍ਹਾਂ ਅਣਗੌਲੇ ਅਤੇ ਭੁਲਾਏ ਜਿਊੜਿਆਂ ਬਾਰੇ ਕੀ ਕੀਤਾ ਜਾਣਾ ਚਾਹੀਦਾ ਹੈ। ਇਨ੍ਹਾਂ ਦੀ ਕੋਈ ਯਾਦਗਾਰ ਬਣੇ। ਜੁਗਨੀ ਤਾਂ ਉਨ੍ਹਾਂ ਨਿਸ਼ਕਾਮ ਕਲਾਕਾਰਾਂ ਦੀ ਸਦੀਵੀ ਯਾਦ ਹੈ ਹੀ।
ਜ਼ਿਕਰਯੋਗ ਹੈ ਕਿ ਵਿਕਟੋਰੀਆ ਜੁਬਲੀ ਦੀਆਂ ਸਾਰੀਆਂ ਹੀ ਯਾਦਗਾਰਾਂ ਜਿਵੇਂ ਵੱਖ-ਵੱਖ ਸ਼ਹਿਰਾਂ ਵਿਚ ਘੰਟਾ ਘਰ, ਅੰਮ੍ਰਿਤਸਰ ਦਾ ਵੀæਜੇæ ਹਸਪਤਾਲ (ਵਿਕਟੋਰੀਆ ਜੁਬਲੀ ਹਸਪਤਾਲ) ਅਤੇ ਬੰਬਈ ਵੀæਟੀæ (ਵਿਕਟੋਰੀਆ ਟਰਮੀਨਲ) ਆਦਿ ਯਾਦਗਾਰਾਂ 1906 ਵਿਚ ਹੀ ਬਣੀਆਂ ਅਤੇ ਇਸ ਦੇ ਰਚਨਹਾਰੇ ਜਾਬਰ ਸਰਕਾਰ ਦੇ ਜਬਰ ਦੀ ਬਲੀ ਚੜ੍ਹ ਗਏ!
ਇਸ ਗਾਇਕ ਜੋੜੀ ਦੇ ਮਾਤਾ-ਪਿਤਾ, ਭੈਣ-ਭਰਾਵਾਂ ਦਾ ਕੋਈ ਪਤਾ ਨਹੀਂ। ਇਨ੍ਹਾਂ ਵਿਚੋਂ ਕਿਸੇ ਦਾ ਵਿਆਹ ਨਹੀਂ ਸੀ ਹੋਇਆ। ਗਵੱਈਏ ਹੋਣ ਕਰ ਕੇ ਦੋਵਾਂ ਦੀ ਜੋੜੀ ਬਣ ਗਈ ਹੋਵੇਗੀ। ਇਹ ਭੱਜਦੇ ਫਿਰਦੇ ਰਹਿੰਦੇ ਸਨ ਅਤੇ ਰਾਤ ਕਿਸੇ ਪਿੰਡ ਜਾਂ ਕਸਬੇ ਦੇ ਗੁਰਦੁਆਰੇ ਵਿਚ ਹੀ ਕੱਟਦੇ ਸਨ। 1906 ਵਿਚ ਇਨ੍ਹਾਂ ਦੀ ਉਮਰ ਪੰਜਾਹ ਸਾਲ ਦੇ ਆਸ ਪਾਸ ਸੀ ਅਤੇ ਦੋਵੇਂ ਹਾਣੀ ਸਨ। ਦੋਵਾਂ ਦੀਆਂ ਦਾੜ੍ਹੀਆਂ ਕਰੜ ਬਰੜੀਆਂ ਸਨ। ਰੁਪਏ ਪੈਸੇ ਪੱਖੋਂ ਇਹ ਖੁਸ਼ਹਾਲ ਨਹੀਂ ਸਨ ਅਤੇ ਫਕੀਰੀ ਜੀਵਨ ਹੀ ਇਨ੍ਹਾਂ ਨੂੰ ਅਪਣਾਉਣਾ ਪਿਆ। ਇਨ੍ਹਾਂ ਪਰਵਾਨਿਆਂ ਬਾਰੇ ਪੰਜਾਬੀਆਂ ਨੇ ਸ਼ੁਕਰ ਗੁਜ਼ਾਰੀ ਦਾ ਇਜ਼ਹਾਰ ਅਜੇ ਕਰਨਾ ਹੈ।