ਮੇਰੀ ਯਾਦੋਂ ਕੇ ਪਿਆਲੇ ਮੇਂ ਭਰੋ ਫਿਰ ਕੋਈ ਮੈਅ-ਰਾਹੀ ਮਾਸੂਮ ਰਜ਼ਾ ਦੀਆਂ ਯਾਦਾਂ

ਉਘੇ ਲਿਖਾਰੀ ਰਾਹੀ ਮਾਸੂਮ ਰਜ਼ਾ (ਪਹਿਲੀ ਸਤੰਬਰ 1927-15 ਮਾਰਚ 1992) ਨੇ ਸ਼ਾਇਰੀ ਵੀ ਕੀਤੀ, ਨਾਵਲ ਵੀ ਲਿਖੇ ਅਤੇ ਫਿਰ ਪਟਕਥਾ ਲੇਖਕ ਵਜੋਂ ਵੀ ਨਾਮਣਾ ਖੱਟਿਆ। ਸਰਵੋਤਮ ਪਟਕਥਾ ਲੇਖਕ ਦਾ ਫਿਲਮਫੇਅਰ ਇਨਾਮ ਉਨ੍ਹਾਂ ਨੂੰ ਤਿੰਨ ਵਾਰ (ਫਿਲਮਾਂ- ‘ਮੈਂ ਤੁਲਸੀ ਤੇਰੇ ਆਂਗਨ ਕੀ’, ‘ਮਿਲੀ’ ਤੇ ‘ਲਮਹੇ’) ਮਿਲਿਆ। ਉਹਦੇ ‘ਆਧਾ ਗਾਂਵ’ ਤੇ ‘ਟੋਪੀ ਸ਼ੁਕਲਾ’ ਵਰਗੇ ਨਾਵਲਾਂ ਦਾ ਰੰਗ ਅੱਜ ਵੀ ਫਿੱਕਾ ਨਹੀਂ ਪਿਆ ਹੈ। ਪ੍ਰੋæ ਕੁੰਵਰਪਾਲ ਸਿੰਘ ਨੇ ਆਪਣੇ ਇਸ ਲੇਖ ਵਿਚ ਉਨ੍ਹਾਂ ਦੇ ਜੀਵਨ ਅਤੇ ਰਚਨਾਵਾਂ ਬਾਰੇ ਚੋਖਾ ਚਾਨਣਾ ਪਾਇਆ ਹੈ।

-ਸੰਪਾਦਕ
ਪ੍ਰੋ: ਕੁੰਵਰਪਾਲ ਸਿੰਘ
ਪੰਜਾਬੀ ਰੂਪ: ਕੇਹਰ ਸ਼ਰੀਫ
ਰਾਹੀ ਮਾਸੂਮ ਰਜ਼ਾ ਜਦੋਂ ਅਲੀਗੜ੍ਹ ਆਏ, ਉਦੋਂ ਉਨ੍ਹਾਂ ਦਾ ਨਾਂ ਉਘੇ ਸ਼ਾਇਰਾਂ ਵਿਚ ਗਿਣਿਆ ਜਾਂਦਾ ਸੀ। ਉਹ ਬੜੇ ਦੋਸਤੀ ਪਸੰਦ ਇਨਸਾਨ ਸਨ। ਮੈਂ ਆਪਣੇ ਪੂਰੇ ਯੂਨੀਵਰਸਿਟੀ ਜੀਵਨ ਵਿਚ ਉਨ੍ਹਾਂ ਨੂੰ ਇਕੱਲੇ ਨਹੀਂ ਦੇਖਿਆ। ਉਨ੍ਹੀਂ ਦਿਨੀਂ ਰਾਹੀ ਆਪਣੇ ਵੱਡੇ ਭਰਾ ਮੂਨਿਸ ਰਜ਼ਾ ਦੇ ਨਾਲ ਵਾਲੀ ਮੰਜ਼ਿਲ ਵਿਚ ਰਹਿੰਦੇ ਸਨ। ਵਿਭਾਗ ਤੋਂ ਘਰ ਤੱਕ ਦੀ ਕਾਫੀ ਦੂਰੀ ਸੀ, ਪਰ ਕਿਸੇ ਨਾ ਕਿਸੇ ਮੁੱਦੇ ‘ਤੇ ਬਹਿਸ ਹੁੰਦੀ ਰਹਿੰਦੀ ਅਤੇ ਰਾਹ ਮੁੱਕਦੀ ਰਹਿੰਦੀ।
ਰਾਹੀ ਦੀ ਸਭ ਤੋਂ ਵੱਡੀ ਖੂਬੀ ਸੀ ਬੇਬਾਕ ਹੋਣਾ। ਇਸ ਨੂੰ ਸਭ ਤੋਂ ਵੱਡੀ ਖੂਬੀ ਮੈਂ ਇਸ ਕਰ ਕੇ ਮੰਨਦਾ ਹਾਂ ਕਿ ਇਸ ਜ਼ਮਾਨੇ ਵਿਚ ਬਹੁਤ ਥੋੜ੍ਹੇ ਲੋਕ ਹਨ ਜੋ ਸਾਫ ਅਤੇ ਖੁੱਲ੍ਹ ਕੇ ਕਹਿੰਦੇ ਹਨ। ਇਸ ਵਿਚ ਉਹ ਆਪਣੇ ਦੋਸਤ, ਪਰਿਵਾਰ ਦਾ ਵੀ ਫਿਕਰ ਨਹੀਂ ਕਰਦੇ ਸਨ ਕਿ ਇਹ ਗੱਲ ਕਿਸ ਨੂੰ ਪਸੰਦ ਹੈ, ਕਿਸ ਨੂੰ ਨਹੀਂ। ਲੋਕ ਉਹਨੂੰ ਉਰਦੂ ਦਾ ਬਾਇਰਨ ਕਹਿੰਦੇ ਸਨ। ਉਹਦੇ ਸ਼ੇਅਰ ਹਰ ਕਿਸੇ ਦੇ ਦਿਲ ਨੂੰ ਧੂਹ ਪਾਉਂਦੇ ਸਨ। ਉਹਦੀਆਂ ਗਜ਼ਲਾਂ ਨੇ ਲੰਮੇ ਅਰਸੇ ਤੱਕ ਲੋਕਾਂ ਵਿਚ ਅਧਿਕਾਰ ਹੀ ਜਮਾ ਲਿਆ ਸੀ।
ਅਜਨਬੀ ਸ਼ਹਿਰ ਮੇਂ ਅਜਨਬੀ ਰਾਸਤੇ,
ਮੇਰੀ ਤਨਹਾਈਉਂ ਪਰ ਮੁਸਕਰਾਤੇ ਰਹੇ।
ਮੈਂ ਬਹੁਤ ਦੇਰ ਤੱਕ ਯੂੰ ਹੀ ਚਲਤਾ ਰਹਾ,
ਤੁਮ ਬਹੁਤ ਦੇਰ ਤੱਕ ਯਾਦ ਆਤੇ ਰਹੇ।
ਜ਼ਖ਼ਮ ਜਬ ਭੀ ਕਭੀ ਮੇਰੇ ਦਿਲ ਪਰ ਲਗਾ,
ਜ਼ਿੰਦਗੀ ਕੀ ਤਰਫ ਏਕ ਦਰੀਬਾ ਖੁਲਾ।
ਹਮ ਭੀ ਗੋਯਾ ਕਿਸੀ ਸਾਜ਼ ਕੇ ਤਾਰ ਹੈਂ
ਚੋਟ ਖਾਤੇ ਰਹੇ, ਗੁਨਗੁਨਾਤੇ ਰਹੇ।
ਜਦੋਂ ਉਹ ਇਹ ਗਜ਼ਲ ਤਰੰਨੁਮ ਵਿਚ ਗਾਉਂਦੇ ਸਨ ਤਾਂ ਵਾਰ ਵਾਰ ਇਸੇ ਨੂੰ ਹੀ ਮੁੜ ਗਾਉਣ ਦੀ ਫਰਮਾਇਸ਼ ਹੁੰਦੀ ਸੀ ਅਤੇ ਲੋਕ ਕੀਲੇ ਜਾਂਦੇ ਸਨ। ਰਾਹੀ ਗਭਰੇਟ ਉਮਰ ਤੋਂ ਹੀ ਖੱਬੇ ਪੱਖੀ ਵਿਚਾਰਧਾਰਾ ਦੇ ਸਮਰਥਕ ਸਨ। ਉਹ ਅਗਾਂਹਵਧੂ ਕਵੀ ਦੇ ਤੌਰ ‘ਤੇ ਜਾਣੇ ਜਾਂਦੇ ਸਨ। 1957 ਵਿਚ ਰਾਹੀ ਯੂਨੀਵਰਸਿਟੀ ਵਿਚ ਆਏ। ਇਥੇ ਆਲ ਇੰਡੀਆ ਸਟੂਡੈਂਟ ਫੈਡਰੇਸ਼ਨ ਨਾਲ ਸਰਗਰਮੀ ਨਾਲ ਜੁੜ ਗਏ। ਉਨ੍ਹਾਂ ਦਿਨਾਂ ਵਿਚ ਇਹ ਬਹੁਤ ਮਜ਼ਬੂਤ ਜਥੇਬੰਦੀ ਸੀ। ਵਿਚਾਰਾਂ ਵਿਚ ਤਿੱਖਾਪਣ ਅਤੇ ਸੇਧ ਤਾਂ ਉਨ੍ਹਾਂ ਅੰਦਰ ਬਚਪਨ ਤੋਂ ਹੀ ਸੀ। 1955 ਵਿਚ ਲਿਖੀ ਇਕ ਗਜ਼ਲ ਦਾ ਸ਼ਿਅਰ ਯਾਦ ਆ ਰਿਹਾ ਹੈ:
ਕਿਊਂਕਿ ਜ਼ਿੰਦਗੀ ਮੇਰੀ
ਜ਼ਹਿਦ ਕੀ ਅਲਾਮਤ ਹੈ
ਇਨਕਲਾਬੇ ਫਰਦਾ ਕੀ
ਏਕ ਬੜੀ ਅਮਾਨਤ ਹੈ।
ਰਾਹੀ ਨਾਲ ਮੇਰੀ ਪਹਿਲੀ ਮੁਲਾਕਾਤ ਸਟੂਡੈਂਟ ਮੀਟਿੰਗ ਵਿਚ ਹੋਈ। ਉਨ੍ਹਾਂ ਦਿਨਾਂ ਵਿਚ ਉਹ ਸਭਿਅਚਾਰਕ ਫਰੰਟ ਦੇ ਇੰਚਾਰਜ ਸਨ। ਗਾਉਣ ਅਤੇ ਡਰਾਮੇ ਦੀ ਟੀਮ ਤਿਆਰ ਕਰ ਰਹੇ ਸਨ। ਉਨ੍ਹਾਂ ਨਾਲ ਹਕੀਮ ਮਹਿਬੂਬ ਆਲਮ, ਖਾਲਿਦ ਸੁਲਤਾਨ, ਬਾਕਰ ਮੁਸਤਫਾ ਵਰਗੇ ਰੰਗਕਰਮੀ ਜੁੜੇ ਹੋਏ ਸਨ। ਮੈਂ ਵੀ ਟੀਮ ਦਾ ਸਹਿਯੋਗੀ ਬਣ ਗਿਆ। ਇਸ ਫਰੰਟ ਦਾ ਮੁਖ ਉਦੇਸ਼ ਨਾਟਕ ਅਤੇ ਕਵਿਤਾ ਰਾਹੀਂ ਸੰਕੀਰਨਤਾ, ਕੁਰੀਤੀਆਂ, ਅੰਧ-ਵਿਸ਼ਵਾਸਾਂ ਅਤੇ ਅਨਿਆਂ ਖਿਲਾਫ ਲੋਕਾਂ ਨੂੰ ਜਾਗ੍ਰਤਿ ਕਰਨਾ ਸੀ ਅਤੇ ਰਾਜਨੀਤਕ ਗੱਲਾਂ ਵੀ ਇਸ ਮਾਧਿਅਮ ਰਾਹੀਂ ਕੀਤੀਆ ਜਾ ਸਕਦੀਆਂ ਸਨ।
ਅੱਜ ਵੀ ਮੈਂ ਮੰਨਦਾ ਹਾਂ ਕਿ ਸਭਿਆਚਾਰਕ ਖੜੋਤ ਤੋੜੇ ਬਿਨਾਂ ਅਗਾਂਹਵਧੂ ਰਾਜਨੀਤੀ ਅਸੰਭਵ ਹੈ। ਹਿੰਦੀ ਖੇਤਰ ਹੁਣ ਜਿਸ ਸਭਿਆਚਾਰ ਅਤੇ ਖੜੋਤ ਦਾ ਸ਼ਿਕਾਰ ਹੈ। ਇਸ ਸਥਿਤੀ ਵਿਚ ਪਿਛਾਖੜੀ/ਵਿਨਾਸ਼ਕਾਰੀ ਰਾਜਨੀਤੀ ਹੀ ਸਰਗਰਮ ਹੋਵੇਗੀ! ਇਸ ਦਾ ਵਿਰੋਧ ਸਭਿਆਚਾਰਕ ਪੱਧਰ ‘ਤੇ ਕੀਤਾ ਜਾਣਾ ਚਾਹੀਦਾ ਹੈ। ਸਾਡੀਆਂ ਗੋਸ਼ਟੀਆਂ ਸ਼ਾਮ ਵੇਲੇ ਜਾਵੇਦ ਕਮਾਲ ਦੀ ਕੈਨਟੀਨ ‘ਤੇ ਹੁੰਦੀਆ ਸਨ।
ਜਾਵੇਦ ਕਮਾਲ ਖੁਦ ਵੀ ਉਰਦੂ ਦੇ ਸਮਰੱਥ ਕਵੀ ਤੇ ਵਿਅਕਤੀ ਸਨ। ਉਹ ਉਰਦੂ ਵਿਚ ਐਮæਏæ ਕਰਨ ਤੋਂ ਬਾਅਦ ਕੈਨਟੀਨ ਚਲਾ ਰਹੇ ਸਨ। ਯੂਨੀਵਰਸਿਟੀ ਦੇ ਸਾਰੇ ਸਾਹਿਤਕਾਰ, ਰੰਗਕਰਮੀ, ਸਿਆਸਤਦਾਨ ਆਦਿ ਸਭ ਜਾਵੇਦ ਕਮਾਲ ਦੀ ਕੈਨਟੀਨ ਤੇ ਇਕੱਠੇ ਹੁੰਦੇ ਸਨ। ਇਥੇ ਸਾਹਿਤ, ਕਲਾ, ਦੇਸ-ਵਿਦੇਸ ਦੀ ਰਾਜਨੀਤੀ, ਯੂਨੀਵਰਸਿਟੀ ਵਿਚ ਚੱਲ ਰਹੇ ਵਰਤਾਰੇ, ਵਿਅਕਤੀ, ਸਮਾਜ ਅਤੇ ਸਕੈਂਡਲ ਆਦਿ ਮੁਖ ਚਰਚਾ ਵਿਚ ਹੁੰਦੇ ਸਨ। ਅਧਿਆਪਕ ਅਤੇ ਵਿਦਿਆਰਥੀ ਦੋਹਾਂ ਦਾ ਹੀ ਇਨ੍ਹਾਂ ਸ਼ਾਮ ਦੀਆਂ ਸਭਾਵਾਂ ਵਿਚ ਬਰਾਬਰ ਦਾ ਦਰਜਾ ਹੁੰਦਾ ਸੀ।
ਰਾਹੀ ਜਿਥੇ ਵੀ ਹੋਣ, ਖਿੱਚ ਦਾ ਮੁਖ ਕੇਂਦਰ ਨਾ ਹੋਣ, ਇਹ ਅਸੰਭਵ ਸੀ। ਸਾਹਿਤਕਾਰਾਂ ਵਿਚ ਖਲੀਲ-ਉਰ-ਰਹਿਮਾਨ ਆਜ਼ਮੀ, ਸ਼ਹਿਰਯਾਰ ਤਾਂ ਅਕਸਰ ਹੁੰਦੇ ਸਨ। ਕਦੇ ਕਦੇ ਜਜ਼ਬੀ ਸਾਹਿਬ, ਵਾਮਿਕ ਜੌਨਪੁਰੀ, ਡਾæ ਮੁਨੀਬਰ ਰਹਿਮਾਨ ਵਰਗੇ ਉਘੇ ਸ਼ਾਇਰ ਵੀ ਸ਼ਾਮਲ ਹੁੰਦੇ ਸਨ। ਇਹ ਸਭ ਸੰਨ 1965 ਤੱਕ ਜਾਰੀ ਰਿਹਾ, ਕਿਉਂਕਿ 1966 ਵਿਚ ਰਾਹੀ ਬੰਬਈ ਚਲੇ ਗਏ ਅਤੇ ਇਹ ਗੋਸ਼ਟੀਆਂ ਵੀ ਇਤਿਹਾਸ ਬਣ ਗਈਆਂ। ਅਸੀਂ ਇਨ੍ਹਾਂ ਨੂੰ ਗੱਪ ਗੋਸ਼ਟੀਆਂ ਦਾ ਨਾਮ ਦਿੱਤਾ ਸੀ।
ਸੰਨ 1962 ਵਿਚ ਇਕ ਦਿਨ ਰਾਹੀ ਨੂੰ ਮੈਂ ਬੜੀ ਗੰਭੀਰਤਾ ਨਾਲ ਕਿਹਾ ਕਿ ਕਦੋਂ ਤੱਕ ਤੁਸੀਂ ਗੁੰਮਨਾਮ ਨਾਵਲ ਲਿਖਦੇ ਰਹੋਗੇ, ਕਿਉਂ ਨਹੀਂ ਕੋਈ ਗੰਭੀਰ ਨਾਵਲ ਲਿਖਦੇ? ਤੁਹਾਡੇ ਕੋਲ ਜੋ ਭਾਸ਼ਾ-ਸ਼ੈਲੀ ਹੈ, ਉਸ ਦਾ ਉਪਯੋਗ ਕਿਉਂ ਨਹੀਂ ਕਿਸੇ ਉਤਮ ਰਚਨਾ ਲਈ ਕਰਦੇ? ਉਨ੍ਹਾਂ ਨੇ ਕਿਹਾ- ਯਾਰ ਕੇæਪੀæ, ਛਾਪੇਗਾ ਕੌਣ? ਉਰਦੂ ਵਿਚ ਤਾਂ ਕੋਈ ਛਾਪਣ ਤੋਂ ਰਿਹਾ ਕੋਈ? ਮੈਂ ਕਿਹਾ- ਲਿਖੋ ਤਾਂ ਸਈ, ਕਿਧਰੇ ਨਾ ਕਿਧਰੇ ਛਪ ਜਾਏਗਾ। ਇਸ ਤਰ੍ਹਾਂ ‘ਆਧਾ ਗਾਂਵ’ ਦਾ ਲਿਖਣਾ ਹੌਲੀ ਹੌਲੀ ਸ਼ੁਰੂ ਹੋਇਆ। ਜਿੰਨਾ ਹਿੱਸਾ ਲਿਖਦੇ ਸਨ, ਹਫਤੇ ਵਿਚ ਇਕ ਦਿਨ ਜਾਵੇਦ ਕਮਾਲ ਦੀ ਕੈਨਟੀਨ ‘ਤੇ ਮਿੱਤਰ ਮੰਡਲੀ ਵਿਚ ਸੁਣਾ ਦਿੰਦੇ ਸਨ। ਉਸ ‘ਤੇ ਬਹਿਸ ਹੁੰਦੀ ਸੀ। ਭਾਸ਼ਾ ਪਾਤਰ ਅਤੇ ਘਟਨਾਵਾਂ ਉਤੇ। ਰਾਹੀ ਬਹੁਤ ਧਿਆਨ ਨਾਲ ਸਵਾਲਾਂ ਨੂੰ ਸੁਣਦੇ ਸਨ ਤੇ ਹਰ ਸਵਾਲ ਦਾ ਜਵਾਬ ਦਿੰਦੇ ਸਨ ਅਤੇ ਜੋ ਗੰਭੀਰ ਸਵਾਲ ਹੁੰਦੇ ਸਨ, ਜਿਨ੍ਹਾਂ ਦੇ ਉਸ ਸਮੇਂ ਉਤਰ ਨਹੀਂ ਸਨ, ਉਨ੍ਹਾਂ ਨੂੰ ਰਾਹੀ ਨੋਟ ਕਰ ਲੈਂਦੇ ਸਨ ਅਤੇ ਬਾਅਦ ਵਿਚ ਵਿਚਾਰ ਕਰ ਕੇ ਜ਼ਰੂਰੀ ਸੁਧਾਈ ਅਤੇ ਸੁਧਾਰ ਵੀ ਕਰਦੇ ਸਨ। ਇਹ ਕੰਮ ਦੋ ਸਾਲ ਤੱਕ ਚੱਲਦਾ ਰਿਹਾ। ਇਸ ਤਰ੍ਹਾਂ ‘ਆਧਾ ਗਾਂਵ’ ਸੰਨ 1964 ਦੇ ਅੰਤ ਤੱਕ ਪੂਰਾ ਹੋ ਗਿਆ।
‘ਆਧਾ ਗਾਂਵ’ ਲਿਖਦਿਆਂ ਕਈ ਦਿਲਚਸਪ ਗੱਲਾਂ ਹੋਈਆਂ। ਇਸੇ ਦਰਮਿਆਨ ਮੈਂ ਵੀ ਉਸੇ ਮੰਜ਼ਿਲ ‘ਤੇ ਰਾਹੀ ਸਾਹਿਬ ਕੋਲ ਰਹਿਣ ਲੱਗਾ। ਫੁੰਨਨ ਮੀਆਂ ਇਸ ਨਾਵਲ ਦੇ ਬਹੁਤ ਜਾਨਦਾਰ ਪਾਤਰ ਹਨ। ਹਿੰਦੀ ਨਾਵਲ ਵਿਚ ਅਜਿਹੇ ਪਾਤਰ ਆਜ਼ਾਦੀ ਤੋਂ ਬਾਅਦ ਘੱਟ ਹੀ ਦੇਖਣ ਨੂੰ ਮਿਲਦੇ ਹਨ। ਨਾਵਲ ਵਿਚ ਫੁੰਨਨ ਮੀਆਂ ਦੀ ਮੌਤ ਨੂੰ ਲੈ ਕੇ ਮੇਰੇ ਅਤੇ ਰਾਹੀ ਦੇ ਵਿਚਕਾਰ ਕਾਫੀ ਮੱਤਭੇਦ ਰਹੇ। ਮੇਰੀ ਰਾਇ ਸੀ ਕਿ ਫੁੰਨਨ ਮੀਆਂ ਨੂੰ ਮਰਨਾ ਨਹੀਂ ਚਾਹੀਦਾ ਅਤੇ ਰਾਹੀ ਕਹਿੰਦੇ ਸਨ ਕਿ ਫੁੰਨਨ ਮੀਆਂ ਦੀ ਭੂਮਿਕਾ ਖਤਮ ਹੋ ਗਈ ਹੈ ਤੇ ਕਹਾਣੀ ਦੀ ਮੰਗ ਅਨੁਸਾਰ ਤੁਸੀਂ ਫੁੰਨਨ ਮੀਆਂ ਨੂੰ ਜਿਉਂਦਾ ਨਹੀਂ ਰੱਖ ਸਕਦੇ। ਬਹਿਸ ਕਰਦੇ ਕਰਦੇ ਸਾਡੇ ਵਿਚਕਾਰ ਝਗੜਾ ਹੋਇਆ, ਤਿੰਨ ਦਿਨ ਤੱਕ ਇਕ ਵੀ ਸ਼ਬਦ ਨਾ ਲਿਖਿਆ ਗਿਆ ਅਤੇ ਨਾ ਹੀ ਅਸੀਂ ਕੋਈ ਗੱਲਬਾਤ ਕੀਤੀ।
ਚੌਥੇ ਦਿਨ ਬੈਠ ਕੇ ਸਮਝੌਤਾ ਵਾਰਤਾ ਹੋਈ। ਰਾਹੀ ਨੇ ਕਿਹਾ ਕਿ ਫੁੰਨਨ ਮੀਆਂ ਨਾਲ ਮੇਰਾ ਵੀ ਬਹੁਤ ਮੋਹ ਹੈ। ਹੁਣ ਤੁਸੀਂ ਹੀ ਦੱਸੋ ਕਿ ਉਹਨੂੰ ਕਿਵੇਂ ਜੀਵਤ ਰੱਖਿਆ ਜਾ ਸਕਦਾ ਹੈ। ਮੈਂ ਨਿਰ-ਉਤਰ ਹੋ ਗਿਆ ਅਤੇ ਕਹਾਣੀ ਅੱਗੇ ਤੁਰੀ। ਫੁੰਨਨ ਹੀ ਸਨ ਜਿਨ੍ਹਾਂ ਨੇ ਆਜ਼ਾਦੀ ਤੋਂ ਬਾਅਦ ਭਾਰਤੀ ਰਾਜਨੀਤੀ ਵਿਚ ਫਿਰਕਾਪ੍ਰਸਤੀ ਵੱਲ ਇਸ਼ਾਰਾ ਕੀਤਾ ਸੀ। ਕਾਂਗਰਸ ਦੇ ਇਕ ਮੰਤਰੀ 1942 ਦੇ ਸ਼ਹੀਦਾਂ ਦੀ ਯਾਦਗਾਰ ਬਣਾਉਣ ਦਾ ਐਲਾਨ ਕਰਦੇ ਹਨ ਅਤੇ ਸਾਰੇ ਸ਼ਹੀਦਾਂ ਦਾ ਨਾਮ ਲੈਂਦੇ ਹਨ, ਪਰ ਜਦੋਂ ਅੱਬਾਸ (ਜੋ ਉਸੇ ਥਾਂ ‘ਤੇ ਪੁਲਿਸ ਦੀ ਗੋਲੀ ਦਾ ਸ਼ਿਕਾਰ ਹੋਇਆ ਸੀ) ਦਾ ਕੋਈ ਬੁਲਾਰਾ ਨਾਮ ਨਹੀਂ ਲੈਂਦਾ ਤਾਂ ਫੁੰਨਨ ਮੀਆਂ ਬਹੁਤ ਹੈਰਾਨ ਹੁੰਦੇ ਹਨ ਅਤੇ ਇਕ ਦਮ ਉਚੀ ਆਵਾਜ਼ ਵਿਚ ਕਹਿੰਦੇ ਹਨ- ‘ਇੱਥੇ ਤਾਂ ਸਾਡੇ ਅੱਬਾਸ ਵੀ ਮਰੇ ਸਨ’।
ਦੂਸਰਾ ਵਿਵਾਦ ਸਾਡੇ ਵਿਚਕਾਰ ‘ਆਧਾ ਗਾਂਵ’ ਵਿਚ ਆਉਂਦੀਆਂ ਗਾਲ੍ਹਾਂ ਨੂੰ ਲੈ ਕੇ ਸੀ। ਪਾਠਕ ਜਾਣਦੇ ਹਨ ਕਿ ਵਿਗੜੇ ਹੋਏ ਜਗੀਰਦਾਰ ਕਿਸ ਤਰ੍ਹਾਂ ਗਾਲ੍ਹਾਂ ਕਢਦੇ ਹਨ। ਉਹ ਇਸ ਅੰਦਰ ਮੂਲ਼ ਰੂਪ ਵਿਚ ਮੌਜੂਦ ਹਨ। ਨਾਵਲ ਲਿਖਣ ਸਮੇਂ ਦੌਰਾਨ ਇਸ ‘ਤੇ ਵਾਰ ਵਾਰ ਵਿਵਾਦ ਰਿਹਾ ਕਿ ਗਾਲ੍ਹਾਂ ਇਸ ਕਥਾ ਦਾ ਹਿੱਸਾ ਹਨ। ਇਸ ਬਹਿਸ ਦਾ ਇਹ ਨਤੀਜਾ ਹੋਇਆ ਕਿ ਜਿਥੇ ਕਿਤੇ ਵੀ ਗੈਰ-ਜ਼ਰੂਰੀ ਗਾਲ੍ਹਾਂ ਦੀ ਵਰਤੋਂ ਹੈ, ਉਹ ਦੂਜੀ ਵਾਰ ਤਿਆਰ ਕੀਤੇ ਖਰੜੇ ਵਿਚ ਘਟਾ ਦਿੱਤੀ ਗਈ। ਮੈਂ ਅੱਜ ਮਹਿਸੂਸ ਕਰਦਾ ਹਾਂ ਕਿ ਇਹ ਗਾਲ੍ਹਾਂ ਕਹਾਣੀ ਦਾ ਜ਼ਰੂਰੀ ਅੰਗ ਹਨ। ਇਹ ਪਾਤਰਾਂ ਨੂੰ ਵਧੇਰੇ ਪ੍ਰਭਾਵਿਤ ਅਤੇ ਸਾਰਥਕ ਬਣਾਉਂਦੀਆਂ ਹਨ। ਜਿਨ੍ਹਾਂ ਦਾ ਜੀਵਨ ਖੁਦ ਘਟੀਆ ਗਾਲ੍ਹ ਤੋਂ ਵੱਧ ਨਹੀਂ ਹੈ। ਅਜਿਹੇ ਪੌਂਗਾ ਪੰਡਿਤਾਂ ਨੇ ਜੋਧਪੁਰ ਯੂਨੀਵਰਸਿਟੀ ਵਿਚ ‘ਆਂਧਾ ਗਾਂਵ’ ਦੇ ਖਿਲਾਫ ਘਟੀਆ ਪ੍ਰਚਾਰ ਕਰ ਕੇ ਇਸ ਨਾਵਲ ਨੂੰ ਅਸ਼ਲੀਲ ਸਿੱਧ ਕਰਨ ਦਾ ਅਸਫਲ ਜਤਨ ਕੀਤਾ।
ਅਸਲ ਵਿਚ ਇਹ ਆਪਣੀ ਅਸ਼ਲੀਲ ਰਾਜਨੀਤੀ ਨੂੰ ਲੁਕਾਉਣ ਦਾ ਤਲਿਸਮੀ ਤਰੀਕਾ ਸੀ। ‘ਆਧਾ ਗਾਂਵ’ ਦਾ ਕੁਝ ਹਿੱਸਾ ਫਾਰਸੀ ਲਿਪੀ ਤੋਂ ਮੈਂ ਅਤੇ ਰਾਹੀ ਨੇ ਦੇਵਨਾਗਰੀ ਵਿਚ ਕਰ ਕੇ ਤਜੁਰਬੇ ਵਜੋਂ ਉਸ ਸਮੇਂ ਦੀ ਪ੍ਰਸਿੱਧ ਪੱਤ੍ਰਿਕਾ ‘ਗਿਆਨੋਦੋਯ’ ਨੂੰ ਭੇਜ ਦਿੱਤਾ। ਇਹ ਹਿੱਸਾ ਸੰਪਾਦਕ ਨੂੰ ਬਹੁਤ ਪਸੰਦ ਆਇਆ, ਉਨ੍ਹਾਂ ਨੇ ‘ਗਿਆਨੋਦੋਯ’ ਵਿਚ 1965 ਦੇ ਸ਼ੁਰੂ ਵਿਚ ਪ੍ਰਮੁਖਤਾ ਨਾਲ ਛਾਪਿਆ। ਇਸ ਨਾਲ ਰਾਹੀ ਬਹੁਤ ਉਤਸ਼ਾਹਿਤ ਹੋਏ। ਉਰਦੂ ਦਾ ਇਸ ਤੋਂ ਪੂਰਾ ਲਿਪੀਅੰਤਰ ਕੀਤਾ ਗਿਆ। ਅਪਰੈਲ 1965 ਵਿਚ ਕਮਲੇਸ਼ਵਰ ਲਖਨਊ ਆਏ ਸਨ। ਮੈਂ ਕਮਲੇਸ਼ਵਰ ਨੂੰ ਕਿਹਾ, ਰਾਹੀ ਨੇ ਬਹੁਤ ਚੰਗਾ ਨਾਵਲ ਲਿਖਿਆ ਹੈ। ਇਕ ਦਮ ਵੱਖਰਾ, ਹਿੰਦੀ ਵਿਚ ਇਸ ਵਿਸ਼ੇ-ਵਸਤੂ ‘ਤੇ ਹੁਣ ਤੱਕ ਕੋਈ ਨਾਵਲ ਨਹੀਂ ਹੈ। ਭਾਸ਼ਾ ਅਤੇ ਸ਼ਿਲਪ ਦੀ ਦ੍ਰਿਸ਼ਟੀ ਤੋਂ ਵੀ ਅਦਭੁੱਤ ਹੈ। ਹਿੰਦੀ ਦੇ ਪਾਠਕਾਂ ਨੂੰ ਪਸੰਦ ਆਵੇਗਾ।
ਕਮਲੇਸ਼ਵਰ ਨੇ ਕੁਝ ਹਿੱਸੇ ਸੁਣੇ। ਰਾਹੀ ਨਾਲ ਗੱਲਬਾਤ ਕੀਤੀ ਅਤੇ ਉਸੇ ਦਿਨ ਖਰੜਾ ਲੈ ਕੇ ਦਿੱਲੀ ਚਲੇ ਗਏ। 1966 ਵਿਚ ‘ਅਕਸ਼ਰ’ ਪ੍ਰਕਾਸ਼ਨ ਵਲੋਂ ਨਾਵਲ ਪ੍ਰਕਾਸ਼ਿਤ ਹੋਇਆ। ਹਿੰਦੀ ਦੇ ਪਾਠਕਾਂ ਅਤੇ ਅਧਿਆਪਕਾਂ ਨੇ ਇਸ ਦਾ ਭਰਪੂਰ ਸਵਾਗਤ ਕੀਤਾ। ਮੁੱਖ ਅਖਬਾਰਾਂ, ਰਸਾਲਿਆਂ ਵਿਚ ਇਸ ਦੀ ਵੱਡੇ ਪੱਧਰ ‘ਤੇ ਚਰਚਾ ਹੋਈ। ਇਕ ਸਾਲ ਵਿਚ ਹੀ ਰਾਹੀ ਹਿੰਦੀ ਦੇ ਅਹਿਮ ਨਾਵਲਕਾਰ ਬਣ ਗਏ। ਪ੍ਰਕਾਸ਼ਕਾਂ ਦੀ ਸਿਆਸਤ ਕਾਰਨ ਇਹਨੂੰ ਸਾਹਿਤ ਅਕਾਦਮੀ ਦਾ ਪੁਰਸਕਾਰ ਨਹੀਂ ਮਿਲਿਆ, ਪਰ ਨਿਰਵਿਵਾਦ ਰੂਪ ਵਿਚ ਹਿੰਦੀ ਦੇ ਦਸ ਵਧੀਆ ਨਾਵਲਾਂ ਵਿਚ ‘ਆਧਾ ਗਾਂਵ’ ਇਕ ਹੈ।
1965 ਦੀ ਇਕ ਦਿਲਚਸਪ ਘਟਨਾ ਦਾ ਜ਼ਿਕਰ ਕਰਨਾ ਰਾਹੀ ਨੂੰ ਸਮਝਣ ਵਾਸਤੇ ਜ਼ਰੂਰੀ ਹੈ। ਹਿੰਦੁਸਤਾਨ-ਪਾਕਿਸਤਾਨ ਦੇ ਦਰਮਿਆਨ ਭਿਆਨਕ ਜੰਗ ਛਿੜੀ। ਰਾਹੀ ਜੰਗ ਲਈ ਪਾਕਿਸਤਾਨ ਦੇ ਫੌਜੀ ਤਾਨਾਸ਼ਾਹਾਂ ਨੂੰ ਪੂਰਨ ਰੂਪ ਵਿਚ ਜ਼ਿੰਮੇਵਾਰ ਸਮਝਦੇ ਸਨ ਅਤੇ ਖੁੱਲ੍ਹ ਕੇ ਇਹ ਗੱਲ ਯੂਨਵਿਰਸਿਟੀ ਵਿਚ ਕਹਿੰਦੇ ਸਨ ਕਿ ਪਾਕਿਸਤਾਨ ਦੇ ਲੋਕਾਂ ਵਾਸਤੇ ਫੌਜੀ ਤਾਨਾਸ਼ਾਹਾਂ ਦੀ ਹਾਰ ਜ਼ਰੂਰੀ ਹੈ। ਮੇਰੀ ਰਾਇ ਸੀ ਕਿ ਜੰਗ ਨਾਲ ਕਿਸੇ ਸਮੱਸਿਆ ਦਾ ਹੱਲ ਨਹੀਂ ਹੋ ਸਕਦਾ, ਇਸ ਕਰ ਕੇ ਸਾਨੂੰ ਸਭ ਨੂੰ ਮਿਲ ਕੇ ਸ਼ਾਂਤੀ ਦਾ ਜਤਨ ਕਰਨਾ ਚਾਹੀਦਾ ਹੈ। ਜੰਗ ਦੇ ਦਿਨਾਂ ਵਿਚ ਇਸ ਸਵਾਲ ‘ਤੇ ਸਾਡੇ ਵਿਚਕਾਰ ਦੇਰ ਤੱਕ ਵਿਵਾਦ ਹੁੰਦਾ ਰਿਹਾ। ਰਾਹੀ ਦੀ ਦਲੀਲ ਸੀ ਕਿ ਧਰਮ ਦੇ ਆਧਾਰ ‘ਤੇ ਨਾ ਦੇਸ਼ ਚੱਲ ਸਕਦਾ ਹੈ, ਨਾ ਰਾਜਨੀਤੀ। ਪਾਕਿਸਤਾਨ ਦੇ ਹਾਕਮ ਦੋਵੇਂ ਕੰਮ ਕਰ ਰਹੇ ਹਨ।
1965 ਵਿਚ ਹੀ ਉਨ੍ਹਾਂ ਨੇ ਪਰਮਵੀਰ ਚੱਕਰ ਅਬਦੁਲ ਹਮੀਦ ਦੀ ਜੀਵਨੀ ਲਿਖੀ- “ਛੋਟੇ ਆਦਮੀ ਦੀ ਵੱਡੀ ਕਹਾਣੀ” ਕਿਸੇ ਸਾਧਾਰਨ ਆਦਮੀ ਦੀ ਕਿਸੇ ਪ੍ਰਸਿਧ ਲੇਖਕ ਵਲੋਂ ਲਿਖੀ ਗਈ ਇਹ ਮਹੱਤਵਪੂਰਨ ਜੀਵਨੀ ਹੈ। ਉਨ੍ਹਾਂ ਦਿਨਾਂ ਵਿਚ ਹੀ ਰਾਹੀ ਨੇ ਕਵਿਤਾ ਲਿਖੀ- “ਸਭ ਤੋਂ ਛੋਟੀ ਘੱਟਗਿਣਤੀ”। ਰਾਹੀ ਨੂੰ ਇਹ ਕਵਿਤਾ ਬਹੁਤ ਪਿਆਰੀ ਸੀ । ਉਹ ਵਾਰ ਵਾਰ ਇਹ ਕਵਿਤਾ ਦੁਹਰਾਉਂਦੇ ਸਨ, ਕਹਿੰਦੇ ਸਨ ਕਿ ਸਭ ਤੋਂ ਛੋਟੀ ਘੱਟ-ਗਿਣਤੀ ਹਿੰਦੁਸਤਾਨੀਆਂ ਦੀ ਹੈ। ਲੋਕ ਹਿੰਦੂ ਹਨ, ਸਿੱਖ ਹਨ, ਈਸਾਈ ਹਨ, ਬੰਗਾਲੀ ਹਨ, ਪੰਜਾਬੀ ਹਨ, ਮਰਾਠੀ ਹਨ; ਪਰ ਹਿੰਦੁਸਤਾਨੀਆਂ ਦੀ ਗਿਣਤੀ ਦਿਨ ਪ੍ਰਤੀ ਦਿਨ ਘਟ ਰਹੀ ਹੈ।
ਨਾਗਫਨੀ ਕੇ ਇਸ ਜੰਗਲ ਮੇਂ
ਜੈਸੇ ਹਰਸਿੰਗਾਰ ਕੀ ਕੋਂਪਲ
ਰਾਹੀ ਦਾ ਵਿਚਾਰ ਸੀ ਕਿ ਖੂਬਸੂਰਤ ਫੁੱਲਾਂ ਦੀ ਥਾਂ ਝਾੜ-ਬੂਟ ਲੈ ਰਹੇ ਹਨ। ਅਜਿਹੇ ਜੰਗਲ਼ ਨੂੰ ਅੱਗੇ ਵਧਣ ਤੋਂ ਰੋਕੇ ਬਿਨਾ ਭਾਰਤ ਦੀ ਏਕਤਾ, ਅਖੰਡਤਾ ਅਤੇ ਸਭਿਆਚਾਰ ਦੀ ਰਾਖੀ ਨਹੀਂ ਹੋ ਸਕਦੀ। ਲੋਕ ਹੈਰਾਨ ਹੁੰਦੇ ਹਨ ਅਤੇ ਮੌਤ ਤੋਂ ਬਾਅਦ ਉਰਦੂ ਦੇ ਅਨੇਕ ਲੋਕਾਂ ਨੇ ਕਿਹਾ ਵੀ ਹੈ ਕਿ ਉਰਦੂ ਵਿਭਾਗ ਵਿਚ ਰਾਹੀ ਨਾਲ ਜੋ ਹੋਇਆ, ਦੂਸਰੇ ਸਥਾਨਾਂ ‘ਤੇ ਇਸ ਨਾਲ ਮਿਲਦੀਆਂ ਜੁਲਦੀਆਂ ਘਟਨਾਵਾਂ ਹੋਰ ਪ੍ਰਤਿਭਾਵਾਨ ਅਧਿਆਪਕਾਂ ਅਤੇ ਸਾਹਿਤਕਾਰਾਂ ਨਾਲ ਆਏ ਦਿਨ ਹੁੰਦੀਆਂ ਰਹਿੰਦੀਆਂ ਹਨ। ਅਸਲ ਵਿਚ ਸਾਡੀਆਂ ਯੂਨੀਵਰਸਿਟੀਆਂ ਵਿਚ ਪਿੱਛੇ ਦੇ ਦਰਵਾਜ਼ੇ ਰਾਹੀਂ ਚਤਰਾਈ (ਤਿਕੜਮਬਾਜ਼ੀ) ਅਤੇ ਸਿਫਾਰਸ਼ ਨਾਲ ਜੋ ਲੋਕ ਪਹੁੰਚਦੇ ਹਨ, ਉਹ ਇਕ ਕਿਸਮ ਦੀ ਹੀਣ ਭਾਵਨਾ ਨਾਲ ਸਦਾ ਹੀ ਪੀੜਤ ਰਹਿੰਦੇ ਸਨ। ਉਹ ਆਪਣੇ ਤੋਂ ਅੱਗੇ, ਬਰਾਬਰ ਜਾਂ ਉਨ੍ਹਾਂ ਦੀ ਹਸਤੀ ਨੂੰ ਚੁਣੌਤੀ ਦੇਣ ਵਾਲੇ ਕਿਸੇ ਵਿਅਕਤੀ ਨੂੰ ਵਿਭਾਗ ਵਿਚ ਨਹੀਂ ਆਉਣ ਦਿੰਦੇ।
ਰਾਹੀ ਅਸਥਾਈ ਅਧਿਆਪਕ ਸਨ, ਪਰ ਆਪਣੀ ਪ੍ਰਤਿਭਾ ਅਤੇ ਸ਼ੁਹਰਤ ਵਿਚ ਯੂਨੀਵਰਸਿਟੀ ਦੇ ਪ੍ਰੋਫੈਸਰਾਂ ਤੋਂ ਦੋ ਕਦਮ ਅੱਗੇ ਸਨ। ਯੂਨੀਵਰਸਿਟੀ ਦੇ ਉਸ ਵੇਲੇ ਦੇ ਉਪ-ਕੁਲਪਤੀ ਬਦਰੂਦੀਨ ਤਈਅਬ ਉਨ੍ਹਾਂ ਦੀ ਪ੍ਰਤਿਭਾ ਤੋਂ ਬਹੁਤ ਪ੍ਰਭਾਵਿਤ ਸਨ ਅਤੇ ਉਨ੍ਹਾਂ ਦਾ ਬਹੁਤ ਸਨਮਾਨ ਕਰਦੇ ਸਨ। ਬਜ਼ੁਰਗਾਂ ਵਾਸਤੇ ਇਹ ਵੀ ਈਰਖਾ ਦਾ ਕਾਰਨ ਸੀ, ਪਰ ਉਨ੍ਹਾਂ ਦਾ ਹਿੰਦੀ ਵਿਚ ਆਉਣ ਦਾ ਕਿੱਸਾ ਬਿਲਕੁਲ ਵੱਖਰਾ ਹੈ। ਜਦੋਂ ਉਹ ਖੋਜ ਕਰ ਰਹੇ ਸਨ, ਉਦੋਂ ਹੀ ਉਨ੍ਹਾਂ ਨੇ ਅਨੁਭਵ ਕੀਤਾ ਸੀ ਕਿ ਉਰਦੂ ਨੇ ਜੇ ਭਾਸ਼ਾ ਦੇ ਰੂਪ ਵਿਚ ਜੀਵਤ ਰਹਿਣਾ ਹੈ ਤਾਂ ਇਸ ਨੂੰ ਦੇਵਨਾਗਰੀ ਲਿਪੀ ਅਪਨਾਉਣੀ ਪਵੇਗੀ। ਇਹ ਬਹਿਸ ਉਨ੍ਹਾਂ ਨੇ 1960 ਵਿਚ ਹੀ ਸ਼ੁਰੂ ਕਰ ਦਿੱਤੀ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਉਰਦੂ ਵਾਲਿਆਂ ਦਾ ਡਰ ਵਿਅਰਥ ਹੈ ਕਿ ਲਿਪੀ ਬਦਲਣ ਨਾਲ ਭਾਸ਼ਾ ਖਤਮ ਹੋ ਜਾਂਦੀ ਹੈ। ਜੇ ਅਜਿਹਾ ਹੁੰਦਾ ਤਾਂ ਮਰਾਠੀ ਤੇ ਨੇਪਾਲੀ ਦੇਵਨਾਗਰੀ ਵਿਚ ਲਿਖੀਆਂ ਜਾਂਦੀਆਂ ਹਨ ਅਤੇ ਵੱਖਰੀਆਂ ਭਾਸ਼ਾਵਾਂ ਦੇ ਰੂਪ ਵਿਚ ਉਨ੍ਹਾਂ ਦੀ ਪਛਾਣ ਹੈ ਤੇ ਵਿਕਾਸ ਹੋਇਆ ਹੈ।
ਕਸ਼ਮੀਰੀ, ਸਿੰਧੀ ਅਤੇ ਪਾਕਿਸਤਾਨ ਵਿਚ ਪੰਜਾਬੀ, ਫਾਰਸੀ ਲਿਪੀ ਵਿਚ ਲਿਖੀ ਜਾਂਦੀ ਹੈ ਤਾਂ ਇੰਜ ਭਾਸ਼ਾ ਦੀ ਪਛਾਣ ਤਾਂ ਖਤਮ ਨਹੀਂ ਹੋ ਜਾਂਦੀ। ਦਰਅਸਲ ਦੇਵਨਾਗਰੀ ਵਿਚ ਉਰਦੂ ਸਾਹਿਤ ਆ ਜਾਵੇਗਾ ਅਤੇ ਇਹਨੂੰ ਕਰੋੜਾਂ ਪਾਠਕ ਮਿਲਣਗੇ, ਇਸ ਤਰਾਂ੍ਹ ਉਰਦੂ ਸਾਹਿਤ ਵੱਡੇ ਪਾਠਕ ਵਰਗ ਤੱਕ ਪਹੁੰਚੇਗਾ। ਉਸ ਦਾ ਸੀਮਤ ਸੰਸਾਰ ਸਮਾਪਤ ਹੋ ਜਾਵੇਗਾ ਅਤੇ ਖੜੋਤ ਵੀ ਖਤਮ ਹੋਵੇਗੀ। ਉਰਦੂ ਵਿਚ ਉਨ੍ਹਾਂ ਦੀ ਇਸ ਗੱਲ ‘ਤੇ ਤਿੱਖਾ ਵਿਰੋਧ ਹੋਇਆ। ਉਨ੍ਹਾਂ ਉਤੇ ਤਰਾਂ੍ਹ ਤਰ੍ਹਾਂ ਦੇ ਦੋਸ਼ ਲਾਏ ਗਏ ਅਤੇ ਇਹ ਵੀ ਕਿਹਾ ਗਿਆ ਕਿ ਰਾਹੀ ਮੌਕਾਪ੍ਰਸਤੀ ਕਰ ਰਹੇ ਹਨ ਅਤੇ ਸਸਤੀ ਸ਼ੁਹਰਤ ਪਰਾਪਤ ਕਰਨ ਵਾਸਤੇ ਇਸ ਤਰਾਂ੍ਹ ਦੀਆਂ ਗੱਲਾਂ ਕਰ ਰਹੇ ਹਨ, ਪਰ ਰਾਹੀ ਵਿਸ਼ਾਲ ਅਸੂਲੀ ਸਿਧਾਂਤ ਦੇ ਆਧਾਰ ‘ਤੇ ਇਹ ਗੱਲ ਕਰ ਰਹੇ ਸਨ। ਉਹ ਇਹ ਮਹਿਸੂਸ ਕਰ ਰਹੇ ਸਨ ਕਿ ਇਸ ਨਾਲ ਭਾਸ਼ਾ ਦੀ ਸਿਆਸਤ ਕਰਨ ਵਾਲੇ ਸਵਾਰਥੀ ਹਿਤ ਕਮਜ਼ੋਰ ਹੋਣਗੇ।
24 ਨਵੰਬਰ 1991 ਨੂੰ ਰਾਹੀ ਆਖਰੀ ਵਾਰ ਅਲੀਗੜ੍ਹ ਆਏ। ਇਸ ਵਾਰ ਆਪਣੇ ਨਾਲ ਉਹ ਨਵਾਂ ਸੁਝਾਅ ਲਿਆਏ- “ਸਿਨਮੇ ਨੂੰ ਸਾਹਿਤਕ ਪਾਠਕ੍ਰਮ ਦਾ ਅੰਗ ਬਣਾਇਆ ਜਾਣਾ ਚਾਹੀਦਾ”। ਅਸੀਂ ਸਾਰੇ ਫਿਲਮਾਂ ‘ਤੇ ਚਰਚਾ ਕਰਦੇ ਹਾਂ। ਉਨ੍ਹਾਂ ਦੇ ਨੀਵੇਂ ਪੱਧਰ ‘ਤੇ ਨੱਕ-ਮੂੰਹ ਚਾੜ੍ਹਦੇ ਹਾਂ, ਪਰ ਸਾਡੀਆਂ ਯੂਨੀਵਰਸਿਟੀਆਂ ਇਸ ਪਾਸੇ ਵਿਸ਼ੇਸ਼ ਪੱਧਰ ‘ਤੇ ਗੰਭੀਰ ਨਹੀਂ ਹਨ। ਉਨ੍ਹਾਂ ਨੇ ਕਿਹਾ ਕਿ ਫਿਲਮ ਅਜਿਹਾ ਸ਼ਕਤੀਸ਼ਾਲੀ ਮਾਧਿਅਮ ਹੈ ਜੋ ਹਰ ਪੀੜ੍ਹੀ ਨੂੰ ਪ੍ਰਭਾਵਿਤ ਕਰਦਾ ਹੈ। ਇਸ ਨੂੰ ਅਣਦੇਖਿਆ ਨਹੀਂ ਕੀਤਾ ਜਾ ਸਕਦਾ। ਨੱਕ-ਮੂੰਹ ਚੜਾ੍ਹਉਣ ਨਾਲ ਜਾਂ ਸਿਨਮੇ ਨੂੰ ਅਛੂਤ ਮੰਨਣ ਨਾਲ ਸਮੱਸਿਆ ਦਾ ਹੱਲ ਨਹੀਂ ਹੋ ਸਕਦਾ।
ਅੱਜ ਸਿਨਮਾ ਛਪੀਆਂ ਹੋਈਆਂ ਕਿਤਾਬਾਂ ਅਤੇ ਰਸਾਲਿਆਂ ਤੋਂ ਕਈ ਗੁਣਾ ਵੱਧ ਸ਼ਕਤੀਸ਼ਾਲੀ ਹੈ। ਇਸ ਕਰ ਕੇ ਯੂਨੀਵਰਸਿਟੀਆਂ ਨੂੰ ਗੰਭੀਰ ਰੂਪ ਵਿਚ ਇਸ ਪਾਸੇ ਸੋਚਣਾ ਚਾਹੀਦਾ ਹੈ। ਹੁਣ ਉਹ ਸਿਨਮੇ ਨੂੰ ਆਪਣੇ ਪਾਠਕ੍ਰਮਾਂ ਵਿਚ ਸ਼ਾਮਲ ਕਰਨ। ਉਨ੍ਹਾਂ ਨੇ ਬਹਿਸ ਨੂੰ ਅੱਗੇ ਵਧਾਉਂਦੇ ਹੋਏ ਕਿਹਾ ਕਿ ‘ਪੱਤਰਕਾਰੀ ਅਤੇ ਖੇਡਾਂ ਵੀ ਕਦੇ ਸਾਡੇ ਪਾਠਕ੍ਰਮਾਂ ਦਾ ਹਿੱਸਾ ਨਹੀਂ ਸਨ, ਪਰ ਅੱਜ ਉਹ ਵੀ ਪਾਠਕ੍ਰਮਾਂ ਦੇ ਹਿੱਸੇ ਹਨ’। ਹਮੇਸ਼ਾ ਵਾਂਗ ਸ਼ਾਮ ਨੂੰ ਜਦੋਂ ਉਹ ਘਰ ਆਏ ਤਾਂ ਹਿੰਦੀ-ਉਰਦੂ ਪਾਠਕ੍ਰਮ ‘ਤੇ ਮੇਰੇ ਨਾਲ ਬਹੁਤ ਦੇਰ ਤੱਕ ਗੱਲਾਂ ਕਰਦੇ ਰਹੇ। ਉਨ੍ਹਾਂ ਕਿਹਾ- “ਯਾਰ! ਉਰਦੂ ਵਾਲੇ ਨਹੀਂ ਕੁਝ ਕਰਦੇ ਤਾਂ ਤੁਸੀਂ ਹੀ ਕੁਝ ਕਰੋ। ਉਰਦੂ ਦੇ ਕਵੀਆਂ ਨੂੰ ਹਿੰਦੀ ਵਿਚ ਪੜ੍ਹਾਉਣਾ ਸ਼ੁਰੂ ਕਰੋ। ਹਿੰਦੀ ਵਾਲਿਆਂ ਦੀ ਇਹ ਬੜੀ ਬੇਈਮਾਨੀ ਵਾਲੀ ਗੱਲ ਹੈ ਕਿ ਉਹ ਉਰਦੂ ਨੂੰ ਹਿੰਦੀ ਦੀ ਸ਼ੈਲੀ ਤਾਂ ਮੰਨਦੇ ਹਨ ਅਤੇ ਮੈਂ ਵੀ ਮੰਨਦਾ ਹਾਂ ਕਿ ਉਰਦੂ ਹਿੰਦੀ ਦੀ ਸ਼ੈਲੀ ਹੈ। ਇਹ ਗੱਲ ਲੋਕ ਪੰਜਾਹ ਸਾਲ ਤੋਂ ਕਹਿ ਰਹੇ ਹਨ, ਪਰ ਵਿਹਾਰ ਵਿਚ ਕਿਸੇ ਵੀ ਯੂਨੀਵਰਸਿਟੀ ਨੇ ਉਰਦੂ ਦੇ ਸਾਹਿਤਕਾਰਾਂ ਨੂੰ ਆਪਣੇ ਪਾਠਕ੍ਰਮਾਂ ਵਿਚ ਸ਼ਾਮਲ ਨਹੀਂ ਕੀਤਾ। ਤੁਸੀਂ ਰਾਜਿਸਥਾਨੀ, ਬ੍ਰਿਜ, ਅਵਧੀ, ਭੋਜਪੁਰੀ ਤੇ ਮੈਥਿਲੀ ਆਦਿ ਦੇ ਕਵੀਆਂ ਨੂੰ ਆਪਣੇ ਪਾਠਕ੍ਰਮਾਂ ਵਿਚ ਪੜ੍ਹਾ ਰਹੇ ਹੋ ਤਾਂ ਵਲੀ ਦੱਖਣੀ, ਮੀਰ, ਅਨੀਸ, ਗਾਲਿਬ ਤੇ ਨਜ਼ੀਰ ਅਕਬਰਾਬਾਦੀ ਜੋ ਉਨ੍ਹਾਂ ਦੇ ਮੁਕਾਬਲੇ ਵਧੇਰੇ ਸੌਖੇ ਹਨ, ਨੂੰ ਕਿਉਂ ਨਹੀਂ ਪੜ੍ਹਾਉਂਦੇ? ਅਸਲ ਵਿਚ ਅਜਿਹਾ ਪਾਠਕ੍ਰਮ ਤਿਆਰ ਕੀਤਾ ਜਾਣਾ ਚਾਹੀਦਾ ਹੈ ਜਿਸ ਵਿਚ ਉਰਦੂ ਦੇ ਇਨ੍ਹਾਂ ਪ੍ਰਸਿਧ ਲੇਖਕਾਂ ਦੀਆਂ ਪ੍ਰਤੀਨਿਧ ਰਚਨਾਵਾਂ ਬਾਰੇ ਜਾਣਕਾਰੀ ਵਿਦਿਆਰਥੀਆਂ ਨੂੰ ਮਿਲ ਸਕੇ। ਦੀਵਾਰਾਂ ਨੂੰ ਤੋੜਨ ਦਾ ਇਸ ਤੋਂ ਬਿਨਾ ਕੋਈ ਤਰੀਕਾ ਨਹੀਂ ਹੈ। ਮੈਂ ਉਨ੍ਹਾਂ ਨੂੰ ਕਿਹਾ ਕਿ ਤੁਸੀਂ ਇਸ ਕੰਮ ਵਿਚ ਸਹਿਯੋਗ ਦੇ ਸਕਦੇ ਸੀ, ਪਰ ਤੁਸੀਂ ਇੰਨੇ ਰੁਝੇ ਹੋਏ ਹੋ ਕਿ ਚਾਹੁੰਦੇ ਹੋਏ ਵੀ ਤੁਸੀਂ ਕੁਝ ਨਹੀਂ ਕਰ ਰਹੇ। ਉਹ ਗੰਭੀਰ ਹੋ ਕੇ ਮੈਨੂੰ ਕਹਿਣ ਲੱਗੇ- ਇਹ ਕੰਮ ਤਾਂ ਪਹਿਲ ਦੇ ਆਧਾਰ ‘ਤੇ ਕੀਤਾ ਜਾਣਾ ਚਾਹੀਦਾ ਹੈ।
ਰਾਹੀ ਜ਼ਿਦੀ ਸੁਭਾਅ ਦੇ ਸਨ। ਇਕ ਗੱਲ ਯਾਦ ਆ ਰਹੀ ਹੈ। ਜਦੋਂ ਬੀæਆਰæ ਚੋਪੜਾ ਨੇ ਉਨ੍ਹਾਂ ਨੂੰ ਮਹਾਂਭਾਰਤ ਦੀ ਪਟਕਥਾ ਲਿਖਣ ਲਈ ਕਿਹਾ ਤਾਂ ਉਨ੍ਹਾਂ ਜਵਾਬ ਦੇ ਦਿੱਤਾ ਕਿ ਕਿਸੇ ਹੋਰ ਤੋਂ ਲਿਖਵਾ ਲਉ। ਇਕ ਦਿਨ ਉਹ (ਬੀæਆਰæ ਚੋਪੜਾ) ਆਪਣੇ ਨਾਲ ਇਕ ਖ਼ਤ ਲੈ ਕੇ ਆਏ ਜੋ ਕਿਸੇ ਉਘੇ ਪਾਰਲੀਮੈਂਟ ਮੈਂਬਰ ਦਾ ਸੀ ਜਿਸ ਵਿਚ ਲਿਖਿਆ ਹੋਇਆ ਸੀ ਕਿ ਤੁਹਾਨੂੰ ਮੁਸਲਮਾਨ ਹੀ ਮਿਲਿਆ ਹੈ ਮਹਾਂਭਾਰਤ ਦੀ ਪਟਕਥਾ ਲਿਖਣ ਵਾਸਤੇ। ਬਸ! ਫੇਰ ਕੀ ਸੀ। ਇਹ ਗੱਲ ਰਾਹੀ ਦੇ ਮਨ ਨੂੰ ਲੱਗ ਗਈ। ਉਸੇ ਵੇਲੇ ਉਨ੍ਹਾਂ ਨੇ ਚੋਪੜਾ ਜੀ ਨੂੰ ਕਿਹਾ ਕਿ ਹੁਣ ਰਾਹੀ ਹੀ ਪਟਕਥਾ ਲਿਖੇਗਾ। ਮਹਾਂਭਾਰਤ ਬਾਰੇ ਸਾਰੇ ਹੀ ਗ੍ਰੰਥ, ਜਿਥੋਂ ਵੀ ਮਿਲੇ, ਮੰਗਵਾਏ। ਉਨ੍ਹਾਂ ਨੂੰ ਪੜ੍ਹਿਆ, ਸਮਝਿਆ। ਰਾਹੀ ਕਹਿੰਦੇ ਸਨ ਕਿ ਮਹਾਂਭਾਰਤ ਮੇਰੇ ਸਭਿਆਚਾਰ ਦਾ ਹਿੱਸਾ ਹੈ ਤਾਂ ਮੈਂ ਕਿਉਂ ਨਹੀਂ ਪੜ੍ਹ ਸਕਦਾ ਇਹਦੇ ਬਾਰੇ।
ਉਨ੍ਹਾਂ ਦਾ ਸਭ ਤੋਂ ਵੱਡਾ ਤੇ ਔਖਾ ਕੰਮ ਸੀ ‘ਮਹਾਂਭਾਰਤ’ ਦੀ ਪਟਕਥਾ ਲਿਖਣੀ। ਕਈ ਵਾਰ ਮਹਾਂਭਾਰਤ ਦੇ ਪ੍ਰਸੰਗਾਂ ਬਾਰੇ ਸਾਡੀ ਆਪਸ ਵਿਚ ਗੱਲਬਾਤ ਹੋਈ। ਮੇਰੇ ਵਲੋਂ ਦਿੱਤੇ ਸੁਝਾਅ ਉਨ੍ਹਾਂ ਨੇ ਸਵੀਕਾਰ ਕੀਤੇ। ਪੁਰਾਤਨ ਢਾਂਚੇ ਲਈ ਉਹ ਪੰਡਿਤ ਨਰੇਂਦਰ ਸ਼ਰਮਾ ਨੂੰ ਮਿਲਦੇ ਸਨ। ਖਾਸ ਕਰ ਕੇ ਗੀਤਾ ਉਪਦੇਸ਼ ਵਾਲੇ ਐਪੀਸੋਡ ਦੇ ਸਬੰਧ ਵਿਚ। ਉਨ੍ਹਾਂ ਨੂੰ ਇਹ ਡਰ ਸੀ ਕਿ ਅੱਜ ਦੇ ਸ਼ਰਾਰਤੀ ਸਿਆਸਤਦਾਨ ਕਿਧਰੇ ਸ਼ਬਦਾਂ ਨਾਲ ਸਿਆਸਤ ਨਾ ਕਰਨ, ਇਸ ਸਬੰਧੀ ਸੰਵਾਦਾਂ ਬਾਰੇ ਕਈ ਦਿਨਾਂ ਤੱਕ ਸਾਡੇ ਵਿਚਕਾਰ ਲੰਬੀਆਂ ਗੱਲਾਂ-ਬਾਤਾਂ ਹੋਈਆਂ। ਉਨ੍ਹਾਂ ਵਲੋਂ ਫਰਵਰੀ ਵਿਚ ਆਉਣ ਦਾ ਵਾਅਦਾ ਸੀ। ਕਈ ਮਹੱਤਵਪੂਰਨ ਕੰਮ ਨਿਬੇੜਨੇ ਸਨ, ਪਰ ਜਨਵਰੀ ਵਿਚ ਪਤਾ ਲੱਗਾ ਕਿ ਉਨ੍ਹਾਂ ਨੂੰ ਗਲ਼ ਦਾ ਕੈਂਸਰ ਹੈ। ਅਪਰੇਸ਼ਨ ਵੀ ਕਰਵਾ ਲਿਆ, ਘਰ ਤੋਂ ਮੈਨੂੰ ਫੋਨ ਵੀ ਕੀਤਾ ਕਿ ਫਰਵਰੀ ਵਿਚ ਲਖਨਊ ਆ ਰਿਹਾ ਹਾਂ, ਸਾਰੇ ਕਾਗਜ਼-ਪੱਤਰ ਇਕੱਠੇ ਕਰ ਲੈਣੇ। ਅਗਲੀ ਵਾਰ ਫੇਰ ਮੈਂ ਫੋਨ ‘ਤੇ ਰਾਹੀ ਤੋਂ ਉਨ੍ਹਾਂ ਦੀ ਸਿਹਤ ਬਾਰੇ ਪੁੱਛਿਆ ਤਾਂ ਕਹਿਣ ਲੱਗੇ- ‘ਉਸ ਕੰਮ ਵਿਚ ਕੀ ਪ੍ਰਗਤੀ ਹੋਈ? ਸਾਰੀਆਂ ਕਿਤਾਬਾਂ ਮਿਲੀਆਂ?’ ਮੈਂ ਕਿਹਾ- ‘ਉਹ ਤਾਂ ਸਭ ਹੋ ਜਾਏਗਾ, ਤੁਸੀਂ ਪਹਿਲਾਂ ਤੰਦਰੁਸਤ ਤਾਂ ਹੋ ਜਾਉ’। ਕਹਿਣ ਲੱਗੇ- ‘ਜਦੋਂ ਵੀ ਡਾਕਟਰ ਇਜਾਜ਼ਤ ਦੇਣਗੇ, ਮੈਂ ਤੁਰੰਤ ਹੀ ਅਲੀਗੜ੍ਹ ਆ ਜਾਵਾਂਗਾ’।
ਮੈਂ ਉਨ੍ਹਾਂ ਨੂੰ ਯਕੀਨ ਦਿਵਾਇਆ ਅਤੇ ਸਿਹਤ ਵਲ ਖਾਸ ਧਿਆਨ ਦੇਣ ਲਈ ਕਿਹਾ। ਉਹ ਜਾਣਦੇ ਸਨ ਕਿ ਉਹ ਹਾਰੀ ਹੋਈ ਲੜਾਈ ਲੜ ਰਹੇ ਹਨ ਅਤੇ ਮੌਤ ਨਾਲ ਲੜਦੇ ਹੋਏ ਵੀ ‘ਏਕਤਾ ਦੀਆਂ ਤੰਦਾਂ ਕਿਵੇਂ ਮਜ਼ਬੂਤ ਹੋਣਗੀਆਂ’ ਬਾਰੇ ਹੀ ਲਗਾਤਾਰ ਸੋਚ ਰਹੇ ਸਨ। ਉਹ ਕੌਮੀ ਏਕਤਾ ਲਈ ਹਕੀਕੀ ਪੱਧਰ ‘ਤੇ ਕੰਮ ਕਰਨ ਵਾਸਤੇ ਜ਼ੋਰ ਦਿੰਦੇ ਸਨ। ਪਾਕਿਸਤਾਨ ਬਣਨ ਅਤੇ ਫਿਰ ਉਸ ਦੇ ਫਲਸਫੇ ਦੇ ਉਹ ਬਹੁਤ ਖਿਲਾਫ ਸਨ। ਅੰਤ ਵਿਚ ਉਨ੍ਹਾਂ ਦਾ ਹੀ ਇਕ ਸ਼ੇਅਰ ਯਾਦ ਆ ਰਿਹਾ ਹੈ:
ਅਪਨੇ ਸਾਏ ਕੀ ਤਰਫ ਦੇਖ ਕਰ
ਡਰ ਜਾਤਾ ਹੈ
ਇਤਨਾ ਤਨਹਾ ਨਾ ਥਾ ਇਨਸਾਨ,
ਨਾ ਜਾਨੇ ਕਿਆ ਹੋ।