ਅੰਮ੍ਰਿਤਾ ਪ੍ਰੀਤਮ
ਸਮੁੰਦਰ ਦੇ ਕੰਢੇ ਲੋਕਾਂ ਦੀ ਇਕ ਭੀੜ ਪਈ ਹੋਈ ਸੀ। ਹਰ ਉਮਰ ਦੇ ਲੋਕ, ਹਰ ਕੌਮ ਦੇ ਲੋਕ, ਹਰ ਵੇਸ ਦੇ ਲੋਕ।
ਕਈ ਲੋਕ ਬੜੀ ਤਾਂਘ ਨਾਲ ਸਮੁੰਦਰ ਦੀ ਛਾਤੀ ਨੂੰ ਉਥੋਂ ਤੱਕ ਵੇਖਦੇ ਪਏ ਸਨ ਜਿੱਥੋਂ ਤੱਕ ਉਨ੍ਹਾਂ ਦੀ ਨੀਝ ਜਾ ਸਕਦੀ ਸੀ। ਕਈਆਂ ਦੀਆਂ ਅੱਖਾਂ ਭੀੜ ਵਿਚ ਇਸ ਤਰ੍ਹਾਂ ਰੁੱਝੀਆਂ ਹੋਈਆਂ ਸਨ, ਜਿਵੇਂ ਉਨ੍ਹਾਂ ਨੂੰ ਸਮੁੰਦਰ ਨਾਲ ਕੋਈ ਵਾਸਤਾ ਨਹੀਂ ਸੀ।
ਕਈ ਲੋਕ ਮੱਕਈ ਦੀਆਂ ਭੁੱਜੀਆਂ ਹੋਈਆਂ ਛੱਲੀਆਂ ਖਾਂਦੇ ਪਏ ਸਨ, ਕਈ ਮੁੰਗਫਲੀ ਛਿਲਦੇ ਪਏ ਸਨ ਤੇ ਕਈ ਨਾਰੀਅਲ ਪੀਂਦੇ ਪਏ ਸਨ। ਕੁਝ ਬੱਚੇ ਆਪਣੇ ਨਿੱਕੇ ਨਿੱਕੇ ਹੱਥਾਂ ਨਾਲ ਰੇਤ ਦੇ ਘਰ ਬਣਾਂਦੇ ਪਏ ਸਨ।
ਸਮੁੰਦਰ ਦੀ ਛਾਤੀ ਉਤੇ ਕੁਝ ਝਿਲਮਿਲ ਕਰਨ ਲੱਗ ਪਿਆ। ਕਈਆਂ ਲੋਕਾਂ ਦੇ ਦਿਲ ਧੜਕੇ। ਅਸਮਾਨ ਦੀ ਇਕ ਨੁੱਕਰ ਨੇ ਆਪਣੇ ਹੱਥਾਂ ਵਿਚ ਸੂਰਜ ਦਾ ਪਿਆਲਾ ਫੜਿਆ ਹੋਇਆ ਸੀ ਤੇ ਉਸ ਪਿਆਲੇ ਵਿਚੋਂ ਬਹੁਤ ਸਾਰੀ ਲਾਲੀ ਸਮੁੰਦਰ ਦੇ ਪਾਣੀ ਵਿਚ ਡੁੱਲ੍ਹਦੀ ਪਈ ਸੀ।
ਪਾਣੀਆਂ ਨੂੰ ਚੀਰ ਕੇ ਆਉਂਦੀ ਬੇੜੀ ਦਾ ਹੁਣ ਵਜੂਦ ਲੱਭਣ ਲੱਗ ਪਿਆ ਸੀ। ਕਈ ਲੋਕਾਂ ਨੇ ਇਹ ਗੱਲ ਨਾ ਗੌਲੀ, ਪਰ ਕਈਆਂ ਦੇ ਹੱਥੋਂ ਮੱਕੀ ਦੀਆਂ ਛੱਲੀਆਂ ਛੁਟਕ ਗਈਆਂ, ਮੁੰਗਫਲੀ ਡਿੱਗ ਪਈ ਤੇ ਨਾਰੀਅਲ ਦਾ ਪਾਣੀ ਡੁੱਲ੍ਹ ਪਿਆ।
ਛੱਲਾਂ ਇਕ ਸਾਜ਼ ਵਾਂਗ ਵੱਜਦੀਆਂ ਪਈਆਂ ਸਨ, ਚੱਪੂਆਂ ਦੀ ਆਵਾਜ਼ ਉਹਨੂੰ ਤਾਲ ਦੇਣ ਲੱਗ ਪਈ ਤੇ ਫਿਰ ਮਲਾਹ ਦਾ ਗੀਤ ਕੰਢੇ ਵੱਲ ਆਉਣ ਲੱਗ ਪਿਆ।
ਮਲਾਹ ਦਾ ਇਹ ਗੀਤ ਕੋਈ ਜਾਦੂ ਚਾੜ੍ਹਨ ਦੀ ਥਾਂ ਖਬਰੇ ਕੋਈ ਜਾਦੂ ਲਾਂਹਦਾ ਪਿਆ ਸੀ, ਕੰਢੇ ਉਤੇ ਖਲੋਤੇ ਹੋਏ ਕਈ ਜੋੜਿਆਂ ਦੇ ਹੱਥ ਹੱਥਾਂ ਵਿਚੋਂ ਛੁਟਕ ਗਏ। ਜਿਉਂ ਜਿਉਂ ਮਲਾਹ ਦੀ ਆਵਾਜ਼ ਉਚੀ ਹੁੰਦੀ ਗਈ ਤੇ ਬੇੜੀ ਕੰਢੇ ਵੱਲ ਆਉਂਦੀ ਗਈ, ਕਈਆਂ ਦੀਆਂ ਅੱਖਾਂ ਵਿਚ ਧੁੱਪ ਲਿਸ਼ਕੀ, ਕਈਆਂ ਦੀਆਂ ਅੱਖਾਂ ਵਿਚ ਬੱਦਲ ਆ ਗਏ ਤੇ ਕਈਆਂ ਦੀਆਂ ‘ਚੋਂ ਕਣੀਆਂ ਲਹਿ ਪਈਆਂ। ਬਹੁਤ ਸਾਰੇ ਲੋਕ ਇਹੋ ਜਿਹੇ ਵੀ ਸਨ, ਜਿਨ੍ਹਾਂ ਨੇ ਇਸ ਪਾਸੇ ਅੱਖਾਂ ਹੀ ਨਹੀਂ ਸਨ ਕੀਤੀਆਂ।
ਬੇੜੀ ਨੂੰ ਕੰਢੇ ਲਾ ਕੇ ਮਲਾਹ ਨੇ ਲੋਕਾਂ ਵੱਲ ਤੱਕਿਆ ਤੇ ਬੁਲਾਵਾ ਦਿੱਤਾ, “ਹੈ ਕੋਈ ਸਵਾਰੀ?”
ਮਲਾਹ ਦੇ ਮੂੰਹ ਦੀ ਝਾਲ ਨਹੀਂ ਸੀ ਝੱਲੀ ਜਾਂਦੀ, ਲੋਕਾਂ ਨੇ ਅੱਖਾਂ ਨੀਵੀਆਂ ਪਾ ਲਈਆਂ। ਤੇ ਮਲਾਹ ਕੰਢੇ ਦੀ ਰੇਤ ਉਤੇ ਨਿਵੇਕਲਾ ਬਹਿ ਕੇ ਹੁੱਕਾ ਪੀਣ ਲੱਗ ਪਿਆ।
ਸੂਰਜ ਦਾ ਪਿਆਲਾ ਮੂਧਾ ਹੋ ਗਿਆ ਤੇ ਸਮੁੰਦਰ ਨੇ ਮਿੰਟਾਂ ਵਿਚ ਉਹਦੀ ਲਾਲੀ ਡੀਕ ਲਾ ਕੇ ਪੀ ਲਈ। ਹੁਣ ਸਮੁੰਦਰ ਰਾਤ ਦੇ ਹਨੇਰੇ ਨੂੰ ਘੁੱਟ ਘੁੱਟ ਕਰ ਕੇ ਪੀਂਦਾ ਪਿਆ ਸੀ। ਲੋਕ ਘਰਾਂ ਨੂੰ ਤੁਰ ਗਏ ਸਨ।
ਮਲਾਹ ਨੇ ਹੁੱਕਾ ਇਕ ਪਾਸੇ ਧਰ ਦਿੱਤਾ ਤੇ ਉਠ ਕੇ ਸਮੁੰਦਰ ਦੇ ਖਾਲੀ ਕੰਢੇ ਨੂੰ ਵੇਖਿਆ, ਪਾਣੀ ਦੀ ਕੋਈ ਛੱਲ ਹੰਭਲਾ ਮਾਰ ਕੇ ਆਉਂਦੀ ਸੀ ਤੇ ਰੇਤ ਉਤੇ ਡਿੱਗੇ ਹੋਏ ਛੱਲੀਆਂ ਦੇ ਤੁੱਕੇ, ਮੁੰਗਫਲੀ ਦੇ ਛਿੱਲੜ ਤੇ ਨਾਰੀਅਲ ਦੇ ਖਿੱਪਰ ਹੂੰਝ ਕੇ ਕੰਢੇ ਦੀ ਰੇਤ ਨੂੰ ਸਵਾਹਰਿਆਂ ਕਰਦੀ ਪਈ ਸੀ। ਲੋਕਾਂ ਦੇ ਪੈਰਾਂ ਦੇ ਨਿਸ਼ਾਨ ਵੀ ਹੂੰਝੇ ਗਏ ਸਨ, ਤੇ ਬਾਲਾਂ ਦੇ ਬਣਾਏ ਹੋਏ ਘਰ ਵੀ।
ਮਲਾਹ ਨੇ ਦੂਰ ਨਾਰੀਅਲ ਦੇ ਝੁੰਡਾਂ ਵਿਚ ਬਣੀ ਝੁੱਗੀ ਵੱਲ ਵੇਖਿਆ। ਝੁੱਗੀ ਵਿਚ ਦੀਵਾ ਅਜੇ ਜਗਦਾ ਪਿਆ ਸੀ। ਮਲਾਹ ਗੇਣਤਰੀਆਂ ਗਿਣਦੇ ਪੈਰਾਂ ਨਾਲ ਉਸ ਝੁੱਗੀ ਵੱਲ ਤੁਰ ਪਿਆ।
“ਜਾਗਨੀ ਏਂ ਅਜੇ?” ਮਲਾਹ ਨੇ ਝੁੱਗੀ ਦਾ ਅੱਧ ਭੀੜਿਆ ਬੂਹਾ ਠਕੋਰਿਆ।
“ਲੰਘ ਆ ਅੰਦਰ! ਤੈਨੂੰ ਹੀ ਪਈ ਉਡੀਕਦੀ ਸਾਂ” ਝੁੱਗੀ ਦੇ ਅੰਦਰੋਂ ਇਕ ਤੀਵੀਂ ਦੀ ਆਵਾਜ਼ ਆਈ, “ਬਹਿ ਜਾ ਏਥੇ” ਤੀਵੀਂ ਨੇ ਫੇਰ ਆਖਿਆ ਤੇ ਝੁੱਗੀ ਦੀ ਨੁੱਕਰੇ ਵਿਛਾਈ ਬੋਰੀ ਨੂੰ ਇਕ ਵਾਰੀ ਫੇਰ ਝਾੜ ਕੇ ਵਿਛਾ ਦਿੱਤਾ।
“ਕੋਈ ਸਵਾਰੀ ਨਹੀਂ ਮਿਲੀ”, ਮਲਾਹ ਨੇ ਇਕ ਡੂੰਘਾ ਸਾਹ ਭਰਿਆ।
“ਮੈਂ ਆਖਣੀ ਆਂ ਤੂੰ ਇਹ ਰੋਜ਼ ਦਾ ਬਖੇੜਾ ਛੱਡ ਕਿਉਂ ਨਹੀਂ ਦੇਂਦਾ? ਕਦੇ ਤੈਨੂੰ ਕੋਈ ਸਵਾਰੀ ਲੱਭੀ ਵੀ ਏ? ਛੱਡ ਪਰ੍ਹੇ ਸਵਾਰੀਆਂ ਦੀ ਗੱਲ, ਇਹ ਦੱਸ ਨਾਰੀਅਲ ਪੀਏਂਗਾ?”
“ਨਾਰੀਅਲ ਪੀਣ ਹੀ ਤਾਂ ਆਇਆ ਵਾਂ।”
“ਦੱਸ ਕਿਹੜਾ ਲਿਆਵਾਂ? ਪਾਣੀ ਵਾਲਾ, ਮਲਾਈ ਵਾਲਾ ਕਿ ਗਰੀ ਵਾਲਾ?”
“ਅੱਜ ਮੇਰਾ ਜੀਅ ਬੜਾ ਉਦਾਸ ਏ, ਤੂੰ ਮੈਨੂੰ ਤਿੰਨੇ ਹੀ ਪਿਆ ਦੇ। ਪਹਿਲੋਂ ਪਾਣੀ ਵਾਲਾ, ਫੇਰ ਮਲਾਈ ਵਾਲਾ, ਤੇ ਫੇਰ ਮੋਟੀ ਗਰੀ ਵਾਲਾ।”
ਤੀਵੀਂ ਨੇ ਟੋਕਰੀ ਵਿਚੋਂ ਤਿੰਨੋਂ ਨਾਰੀਅਲ ਆਂਦੇ ਤੇ ਵਾਰੋ ਵਾਰ ਤੋੜਦੀ, ਮਲਾਹ ਦੇ ਹੱਥਾਂ ਵਿਚ ਫੜਾਂਦੀ ਆਖਣ ਲੱਗੀ, “ਕੁਝ ਮਿੱਠੇ ਵੀ ਨਿਕਲੇ ਨੇ ਕਿ ਨਹੀਂ?”
“ਬੜੇ ਮਿੱਠੇ ਨੇ”, ਮਲਾਹ ਨੇ ਆਖਿਆ ਤੇ ਕੱਚੀ ਗਰੀ ਦਾ ਟੋਟਾ ਭੰਨ ਕੇ ਉਸ ਤੀਵੀਂ ਦੇ ਹੱਥ ਫੜਾਂਦਾ ਆਖਣ ਲੱਗਾ, “ਲੈ ਤੂੰ ਆਪ ਖਾ ਕੇ ਵੇਖ।”
“ਇਹ ਵੀ ਸ਼ੁਕਰ ਏ ਜੁ ਤੂੰ ਘੜੀ ਬਿੰਦ ਏਥੇ ਆ ਜਾਨਾਂ ਏਂ, ਨਹੀਂ ਤਾਂ ਮੈਂ ਇਹ ਨਾਰੀਅਲ ਦੇ ਸਾਰੇ ਰੁੱਖ ਕੱਟ ਛੱਡਣੇ ਸਨ।”
ਮਲਾਹ ਮੁਸਕਰਾਇਆ ਤੇ ਆਖਣ ਲੱਗਾ, “ਤਾਂਹੀਓਂ ਆਖਨੀ ਏਂ ਮੈਂ ਇਹ ਰੋਜ਼ ਦਾ ਬਖੇੜਾ ਛੱਡ ਦਿਆਂ? ਜੇ ਮੈਂ ਸਵਾਰੀਆਂ ਦੀ ਆਸ ਛੱਡ ਦਿਆਂ, ਤੇ ਬੇੜੀ ਲੈ ਕੇ ਕਦੀ ਇਸ ਕੰਢੇ ਨਾ ਆਵਾਂ ਤਾਂ ਫੇਰ ਤੂੰ ਇਸ ਧਰਤੀ ਉਤੇ ਇਹ ਨਾਰੀਅਲ ਦੇ ਰੁੱਖ ਕਾਹਨੂੰ ਬੀਜੇਂਗੀ?”
“ਇਹ ਤੇ ਤੂੰ ਸੱਚ ਆਖਨਾ ਏਂ”, ਤੀਵੀਂ ਨੇ ਹਉਕਾ ਭਰਿਆ।
“ਮੈਨੂੰ ਕੋਈ ਸਵਾਰੀ ਨਹੀਂ ਲੱਭਦੀæææ ਕਦੇ ਕਦੇ ਮੈਂ ਜਦੋਂ ਬਹੁਤਾ ਹੀ ਉਦਾਸ ਹੋ ਜਾਨਾ ਵਾਂ, ਮੇਰਾ ਜੀਅ ਕਰਦਾ ਏ ਤੈਨੂੰ ਆਪਣੀ ਬੇੜੀ ਵਿਚ ਬਿਠਾ ਕੇ ਲੈ ਜਾਵਾਂæææ।”
“ਇਹ ਗੱਲ ਤੇ ਤੂੰ ਅੱਗੇ ਵੀ ਕਈ ਵਾਰ ਆਖੀ ਏ, ਪਰ ਇਹ ਕੋਈ ਤੇਰੇ ਵੱਸ ਦੀ ਗੱਲ ਥੋੜ੍ਹੀ ਏæææ।” ਤੀਵੀਂ ਨੇ ਆਪਣੇ ਦੁੱਪਟੇ ਦੀ ਕੰਨੀ ਨਾਲ ਆਪਣੀਆਂ ਅੱਖਾਂ ਪੂੰਝੀਆਂ।
“ਇਹੋ ਹੀ ਤੇ ਦੁੱਖ ਏ ਕਿ ਇਹ ਮੇਰੇ ਵੱਸ ਦੀ ਗੱਲ ਨਹੀਂ”, ਮਲਾਹ ਨੇ ਲੰਬਾ ਸਾਹ ਭਰਿਆ।
“ਇਹ ਕਿਹੋ ਜਿਹਾ ਨੇਮ ਬਣਾਇਆ ਏ ਕੁਦਰਤ ਨੇæææ।”
“ਤੀਵੀਂ ਦੇ ਮਨ ਵਿਚ ਇਕ ਮਰਦ ਵਾਸਤੇ ਸਦੀਵੀ ਤਾਂਘ ਤੇ ਮਰਦ ਦੇ ਮਨ ਵਿਚ ਇਕ ਤੀਵੀਂ ਲਈ ਸਦੀਵੀ ਖਿੱਚ। ਕੁਦਰਤ ਦੇ ਇਸ ਨੇਮ ਨੂੰ ਕਿਹੜਾ ਭੰਨੇ?”
“ਪਰ ਤੀਵੀਂ ਨੂੰ ਕਦੇ ਵੀ ਉਹ ਮਰਦ ਨਾ ਮਿਲਿਆ, ਜਿਹਦੇ ਨਾਲ ਉਹਦੀ ਭਟਕਣਾ ਮੁੱਕ ਜਾਂਦੀ, ਤੇ ਮਰਦ ਨੂੰ ਕਦੇ ਵੀ ਉਹ ਤੀਵੀਂ ਨਾ ਮਿਲੀ ਜਿਹਦੇ ਨਾਲ ਉਹਦੀ ਤ੍ਰਿਸ਼ਨਾ ਖਲੋ ਜਾਂਦੀ।”
“ਮਨ ਦਾ ਇਹ ਏਡਾ ਵੱਡਾ ਸਮੁੰਦਰ ਕਿਸੇ ਕੋਲੋਂ ਪਾਰ ਨਹੀਂ ਹੁੰਦਾ, ਮੈਂ ਤਾਂਹੀਏਂ ਤਾਂ ਇਹ ਬੇੜੀ ਬਣਾਈæææਪਰ ਸਮੁੰਦਰ ਦੇ ਪਰਲੇ ਪਾਸੇ ਜ਼ਿੰਦਗੀ ਦੀ ਸਾਰੀ ਵਾਦੀ ਸੱਖਣੀ ਪਈ ਹੋਈ ਏ, ਮੈਨੂੰ ਕੋਈ ਸਵਾਰੀ ਹੀ ਨਹੀਂ ਲੱਭਦੀ, ਉਸ ਪਾਸੇ ਲਿਜਾਣ ਲਈ।”
“ਤੇ ਏਧਰ ਦੁਨੀਆਂ ਕੁਰਬਲ ਕੁਰਬਲ ਪਈ ਕਰਦੀ ਏ, ਰਹਿਣ ਨੂੰ ਘਰ ਨਹੀਂ, ਖਾਣ ਨੂੰ ਰੋਟੀ ਨਹੀਂ। ਨਿਥਾਵਿਆਂ ਵਾਂਗ ਲੋਕ ਜੰਮਦੇ ਨੇ, ਤੇ ਮੁਹਤਾਜਾਂ ਵਾਂਗ ਜੀਊਂਦੇ ਨੇ।”
“ਫੇਰ ਵੀ ਸਾਰੇ ਏਧਰ ਹੀ ਰਹਿੰਦੇ ਨੇ, ਮੈਂ ਤਾਂ ਰੋਜ਼ ਬੇੜੀ ਲੈ ਕੇ ਔਨਾ ਵਾਂ।”
“ਤੇਰਾ ਭਾੜਾ ਕੌਣ ਚੁਕਾਵੇ? ਤੂੰ ਭਾੜਾ ਮੰਗਨਾਂ ਏਂ ਸਾਬਤਾ ਦਿਲ ਦਾæææ ਉਹ ਵੀ ਕੋਈ ਚੁਕਾ ਦੇਵੇ, ਕਈਆਂ ਕੋਲ ਸਾਬਤ ਦਿਲ ਨੇ, ਪਰ ਨਾਲ ਤੇਰੀ ਸ਼ਰਤ ਵੀ ਅਨੋਖੀ ਏ ਕਿ ਤੇਰੀ ਬੇੜੀ ਵਿਚ ਨਾ ਕੋਈ ਤੀਵੀਂ ਇਕੱਲੀ ਜਾ ਸਕਦੀ ਏ, ਨਾ ਕੋਈ ਮਰਦ ਇਕੱਲਾ। ਤੀਵੀਂ ਕੋਲ ਵੀ ਸਾਬਤ ਦਿਲ ਹੋਵੇ ਤੇ ਮਰਦ ਕੋਲ ਵੀ ਸਾਬਤ ਦਿਲ ਹੋਵੇ, ਤੇ ਫਿਰ ਉਹ ਦੋਵੇਂ ਸਿੱਕੇ ਇਕ ਦੂਸਰੇ ਦੇ ਸਿਰ ਉਤੋਂ ਵਾਰ ਕੇ ਤੈਨੂੰ ਦੇ ਦੇਣ ਤਾਂ ਉਹ ਤੇਰੀ ਬੇੜੀ ਵਿਚ ਬਹਿ ਸਕਦੇ ਨੇæææ।”
“ਮੈਂ ਤਾਂ ਤੈਨੂੰ ਦੱਸਿਆ ਏ ਕਿ ਮੇਰਾ ਕਸੂਰ ਕੋਈ ਨਹੀਂ ਇਹਦੇ ਵਿਚ। ਇਹ ਨੇਮ ਏ ਕੁਦਰਤ ਦਾæææ ਨਹੀਂ ਤਾਂ ਮੈਂ ਤੈਨੂੰ ਇਕੱਲੀ ਨੂੰ ਇਸ ਬੇੜੀ ਵਿਚ ਬਿਠਾ ਕੇ ਲੈ ਜਾਂਦਾ। ਜ਼ਿੰਦਗੀ ਦੀ ਵਾਦੀ ਵਿਚ ਤੂੰ ਬੜਾ ਸੋਹਣਾ ਘਰ ਬਣਾਉਣਾ ਸੀ।”
“ਤੂੰ ਮੇਰਿਆਂ ਦੁੱਖਾਂ ਨੂੰ ਹੁਣ ਕਾਹਨੂੰ ਫੋਲਦਾ ਏਂ? ਹੁਣ ਮੇਰੀ ਉਮਰ ਢਲ ਚੱਲੀ ਏ। ਹੁਣ ਤਾਂ ਮੇਰੀਆਂ ਯਾਦਾਂ ਦੇ ਜ਼ਖਮ ਵੀ ਭਰ ਗਏ ਨੇ।”
“ਜ਼ਖਮ ਹੀ ਤੇ ਭਰਦੇ ਨਹੀਂ ਝੱਲੀਏ। ਤੂੰ ਕੀ ਸੋਚਨੀ ਏਂ ਇਹ ਜ਼ਖਮ ਸਿਰਫ ਜਵਾਨੀ ਦੇ ਪਿੰਡੇ ਉਤੇ ਲੱਗਦੇ ਨੇ? ਇਹ ਦਰਦ ਜਿਸਮਾਂ ਦਾ ਨਹੀਂ ਪਗਲੀ, ਇਹ ਰੂਹਾਂ ਦਾ ਦਰਦ ਏ ਤੇ ਰੂਹਾਂ ਦੀ ਉਮਰ ਕਦੇ ਨਹੀਂ ਢਲਦੀ।”
ਤੀਵੀਂ ਨੇ ਸਿਰ ਨੀਵਾਂ ਪਾ ਲਿਆ ਜਿਵੇਂ ਉਹਦੀ ਰੂਹ ‘ਤੇ ਪਏ ਸਾਰੇ ਜ਼ਖਮ ਸਿੰਮ ਪਏ ਹੋਣ।
“ਤੈਨੂੰ ਉਹ ਦਿਨ ਭੁੱਲ ਗਿਆ ਏ ਜਦੋਂ ਇਕ ਮਰਦ ਤੇਰਾ ਹੱਥ ਫੜ ਕੇ ਮੇਰੀ ਬੇੜੀ ਵਿਚ ਬਹਿਣ ਲਈ ਆਇਆ ਸੀæææ ਤੇ ਫੇਰæææਫੇਰ ਉਹ ਕੰਢੇ ਉਤੇ ਖਲੋਤੀਆਂ ਹੋਈਆਂ ਕੁੜੀਆਂ ਦੇ ਮੂੰਹ ਵੇਖ ਕੇ ਭਰਮ ਗਿਆ। ਉਹਦਾ ਦਿਲ ਸਾਬਤ ਨਾ ਰਿਹਾ, ਉਹ ਮੇਰਾ ਭਾੜਾ ਨਾ ਚੁਕਾ ਸਕਿਆæææਤੇ ਉਹ ਤੇਰਾ ਹੱਥ ਛੱਡ ਕੇ ਕੰਢੇ ਦੀ ਭੀੜ ਵਿਚ ਗੁਆਚ ਗਿਆ।”
“ਬਸ ਕਰ ਬਸ ਕਰ, ਮੇਰੇ ਜ਼ਖਮਾਂ ਨੂੰ ਨਾ ਉਚੇੜ”, ਤੀਵੀਂ ਰੋਣ ਲੱਗ ਪਈ।
“ਅੱਛਾ, ਚੁੱਪ ਕਰ ਜਾ! ਮੈਂ ਕੋਈ ਨਹੀਂ ਉਹਦੀ ਗੱਲ ਕਰਦਾæææਸੁਣਾ ਤੇਰੇ ਸ਼ਹਿਰ ਦਾ ਕੀ ਹਾਲ ਏ? ਦੁਨੀਆਂ ਆਖਦੇ ਨੇ ਨਾ ਤੇਰੇ ਸ਼ਹਿਰ ਨੂੰ?”
“ਮੇਰੇ ਸ਼ਹਿਰ ਦਾ ਹਾਲ ਤੇਰੇ ਕੋਲੋਂ ਕੋਈ ਗੁੱਝਾ ਏ?” ਤੀਵੀਂ ਨੇ ਸਿਸਕੀਆਂ ਭਰ ਕੇ ਕਿਹਾ।
“ਮੈਂ ਸ਼ਹਿਰ ਵਿਚ ਤਾਂ ਕਦੇ ਗਿਆ ਨਹੀਂ, ਇੱਥੋਂ ਕੰਢੇ ਕੋਲੋਂ ਹੀ ਮੁੜ ਜਾਨਾ ਵਾਂ, ਤੀਵੀਆਂ ਅਤੇ ਮਰਦ ਕਿਵੇਂ ਰਹਿੰਦੇ ਨੇ ਆਪੋ ਵਿਚ?”
“ਤੀਵੀਆਂ ਨੂੰ ਝੱਖੜ ਝਾਂਜੇ ਤੋਂ ਬਚਣ ਲਈ ਘਰਾਂ ਦੀ ਓਟ ਚਾਹੀਦੀ ਏ, ਤੇ ਮਰਦਾਂ ਨੂੰ ਦਿਨ ਰਾਤ ਦੀ ਗੁਲਾਮੀ ਕਰਨ ਵਾਲਾ ਤੀਵੀਂ ਤੋਂ ਚੰਗਾ ਕੋਈ ਗੁਲਾਮ ਨਹੀਂ ਮਿਲ ਸਕਦਾ, ਇਸ ਲਈ ਰੋਟੀ ਕੱਪੜਾ ਦੇ ਕੇ ਮਰਦ ਇਹ ਸੌਦਾ ਕਰ ਲੈਂਦੇ ਨੇ। ਵਿਆਹ ਆਖਦੇ ਨੇ ਸਾਡੇ ਸ਼ਹਿਰ ਵਿਚ ਇਹਨੂੰ।” ਤੀਵੀਂ ਨੇ ਕਿਹਾ।
“ਏਸ ਵਿਆਹ ਨਾਲ ਉਨ੍ਹਾਂ ਦੀ ਉਮਰ ਰੱਜੀ ਰਹਿੰਦੀ ਏ?”
“ਰੱਜੀ ਕਾਹਨੂੰ ਰਹਿੰਦੀ ਏ, ਹਾਬੜੀ ਰਹਿੰਦੀ ਏ। ਕਦੇ ‘ਨੇਰੇ ਸਵੇਰੇ ਕੋਈ ਮਰਦ ਘੜੀ ਭਰ ਲਈ ਕਿਸੇ ਦੀ ਤੀਵੀਂ ਚੁਰਾ ਲੈਂਦਾ ਏ, ਤੇ ਕੋਈ ਤੀਵੀਂ ਘੜੀ ਭਰ ਲਈ ਕਿਸੇ ਦਾ ਮਰਦ ਖੋਹ ਲੈਂਦੀ ਏ।”
“ਕਹਿੰਦੇ ਨੇ ਹੁਣ ਤੁਹਾਡੇ ਸ਼ਹਿਰ ਵਿਚ ਬੜੀਆਂ ਸੋਹਣੀਆਂ ਇਮਾਰਤਾਂ ਬਣ ਗਈਆਂ ਨੇ, ਉਥੇ ਲੋਕ ਰਲ ਕੇ ਬਹਿੰਦੇ, ਬੜੇ ਹੱਸਦੇ, ਗਾਉਂਦੇ ਤੇ ਨੱਚਦੇ ਨੇ।”
“ਤੈਨੂੰ ਤਾਂ ਪਤਾ ਏ ਕਿ ਪਹਿਲਾਂ ਇਸ ਸਮੁੰਦਰ ਦਾ ਪਾਣੀ ਬੜਾ ਮਿੱਠਾ ਹੁੰਦਾ ਸੀ, ਪੇਰ ਲੋਕਾਂ ਨੇ ਆਪਣੇ ਜੂਠੇ ਕੌਲ ਕਰਾਰ ਇਸ ਵਿਚ ਪਾਣੇ ਸ਼ੁਰੂ ਕਰ ਦਿੱਤੇ, ਤੇ ਸਮੁੰਦਰ ਦਾ ਪਾਣੀ ਖਾਰਾ ਹੋ ਗਿਆ। ਹੁਣ ਲੋਕ ਚੌਲਾਂ ਨੂੰ ਤੇ ਫਲਾਂ ਨੂੰ ਕਾੜ੍ਹ ਕੇ ਕੋਈ ਪਾਣੀ ਜਿਹਾ ਬਣਾ ਲੈਂਦੇ ਨੇ, ਉਸ ਪਾਣੀ ਵਿਚ ਪਤਾ ਨਹੀਂ ਕੀ ਹੁੰਦਾ ਏ, ਲੋਕ ਪੀਂਦੇ ਨੇ ਤੇ ਘੜੀ ਭਰ ਲਈ ਉਚੀ ਉਚੀ ਹੱਸਣ ਲੱਗ ਪੈਂਦੇ ਨੇ, ਗੌਣ ਵੀ ਲੱਗ ਪੈਂਦੇ ਨੇ, ਨੱਚਣ ਵੀ ਲੱਗ ਪੈਂਦੇ ਨੇ। ਫਿਰ ਉਸ ਪਾਣੀ ਦਾ ਜ਼ੋਰ ਲਹਿ ਜਾਂਦਾ ਏ ਤੇ ਉਹ ਪੀਲੇ ਭੂਕ ਹੋ ਕੇ ਬਹਿ ਜਾਂਦੇ ਨੇ।”
“ਲੋਕਾਂ ਦਾ ਤੇ ਹਾਕਮਾਂ ਦਾ ਕਿਹੋ ਜਿਹਾ ਰਿਸ਼ਤਾ ਏ ਆਪੋ ਵਿਚ?”
“ਹਕੂਮਤ ਦੀ ਕੁਰਸੀ ਪਤਾ ਨਹੀਂ ਕਿਹੜੀ ਲੱਕੜ ਦੀ ਬਣੀ ਹੋਈ ਹੁੰਦੀ ਏ, ਅਕਸਰ ਜਿਹੜਾ ਕੋਈ ਉਸ ਕੁਰਸੀ ਉਤੇ ਬਹਿੰਦਾ ਏ, ਉਹਦਾ ਸਿਰ ਭੌਂ ਜਾਂਦਾ ਏ!”
“ਲੋਕ ਮਿਹਨਤੀ ਕਿੰਨੇ ਕੁ ਨੇ?”
“ਕਈ ਤਾਂ ਹੱਡਾਂ ਨਾਲ ਤੋੜਵੀਂ ਮਿਹਨਤ ਕਰਦੇ ਨੇ, ਤੇ ਕਈ ਆਪਣੇ ਅੰਗਾਂ ਨੂੰ ਹਿਲਾਂਦੇ ਵੀ ਨਹੀਂ। ਪਰ ਜਿਹੜੇ ਲੋਕ ਆਪਣੇ ਅੰਗ ਨਹੀਂ ਹਿਲਾਂਦੇ, ਉਨ੍ਹਾਂ ਨੂੰ ਇਕ ਬੜੀ ਜਾਚ ਆਉਂਦੀ ਏ, ਉਹ ਦੂਜਿਆਂ ਦੀ ਮਿਹਨਤ ਦਾ ਸਾਰਾ ਮੁੱਲ ਆਪ ਲੈ ਲੈਂਦੇ ਨੇæææ।”
“ਇਨਸਾਫ ਕੋਈ ਨਹੀਂ ਤੁਹਾਡੇ ਸ਼ਹਿਰ?”
“ਕਹਿੰਦੇ ਨੇ ਲੋਕਾਂ ਨੇ ਉਹਦੇ ਉਤੇ ਬਗਾਵਤ ਦਾ ਫਤਵਾ ਲਾ ਕੇ ਉਹਨੂੰ ਆਪਣੇ ਸ਼ਹਿਰੋਂ ਕੱਢ ਛੱਡਿਆ ਏ।”
“ਫੇਰ ਇਨਸਾਫ ਹੁਣ ਰਹਿੰਦਾ ਕਿੱਥੇ ਵੇ?”
“ਕਿਤੇ ਲੁਕਿਆ ਛਿਪਿਆ ਕਿਸੇ ਦੇ ਮਨ ਵਿਚ ਰਹਿੰਦਾ ਏ, ਹੁਣ ਉਹ ਕਚਹਿਰੀਆਂ ਵਿਚ ਨਹੀਂ ਰਹਿੰਦਾ।”
“ਸੁਣਿਆਂ ਏ ਲੋਕਾਂ ਨੇ ਬੜੀਆਂ ਨਵੀਆਂ ਕਾਢਾਂ ਕੱਢ ਲਈਆਂ ਨੇ?”
“ਜਿਵੇਂ ਅੰਜਾਣੇ ਦੇ ਹੱਥ ਵਿਚ ਛੁਰੀ ਆ ਜਾਏ ਤਾਂ ਉਹ ਕੁਝ ਘੜਨ ਦੀ ਥਾਂ ਵੱਢੀ ਟੁੱਕੀ ਜਾਂਦਾ ਏ। ਇੰਜ ਹੀ ਪਹਿਲੋਂ ਲੋਕ ਨਵੀਆਂ ਕਾਢਾਂ ਕੱਢਦੇ ਨੇ ਤੇ ਫੇਰ ਉਹਦੇ ਨਾਲ ਦੁਨੀਆਂ ਨੂੰ ਢਾਹਣ ਲੱਗ ਪੈਂਦੇ ਨੇ।”
“ਹੋਰ ਕੀ ਪੁੱਛਾਂ ਮੈਂ? ਜੋ ਕੁਝ ਪੁੱਛਿਆ ਏ, ਉਹੀ ਬੜਾ ਏ।”
“ਕੁਝ ਨਾ ਪੁੱਛੋ! ਤੇ ਨਾਲੇ ਤੂੰ ਤਾਂ ਪੁੱਛੇਂ ਜੇ ਤੈਨੂੰ ਪਤਾ ਨਾ ਹੋਵੇ। ਤੂੰ ਸੱਭੋ ਕੁਝ ਜਾਣਦਾ ਏਂ, ਬੜਾ ਖਚਰਾ ਏ”
“ਹਾਂ ਸੱਚ, ਤੁਹਾਡੇ ਸ਼ਹਿਰ ਵਿਚ ਲਿਖਾਰੀ ਵੀ ਤਾਂ ਹੋਣਗੇ?”
“ਹਾਂ ਹੈਣ ਤਾਂ ਸਹੀ, ਪਰ ਉਹ ਉਚਾ ਨਹੀਂ ਉਭਾਸਰ ਸਕਦੇ, ਨਹੀਂ ਤਾਂ ਲੋਕ ਉਨ੍ਹਾਂ ਨੂੰ ਵੀ ਸ਼ਹਿਰੋਂ ਕੱਢ ਦੇਣ। ਚਿੰਨ੍ਹਾਂ ਸੰਕੇਤਾਂ ਨਾਲ ਉਹ ਜ਼ਿੰਦਗੀ ਦੀ ਵਾਦੀ ਦੀਆਂ ਗੱਲਾਂ ਕਰਦੇ ਨੇ, ਤੇ ਇਸ ਮਨ ਦੇ ਸਮੁੰਦਰ ਦੀਆਂ ਗੱਲਾਂ ਤੇ ਤੇਰੀਆਂ ਗੱਲਾਂ। ਤੂੰ ਮਲਾਹ ਜੁ ਹੋਇਉਂ ਬੇੜੀ ਦਾ।”
“ਮੇਰਾ ਨਾਂ ਉਨ੍ਹਾਂ ਨੂੰ ਪਤਾ ਏ?”
“ਤੇਰਾ ਨਾਂ ਕੋਈ ਲੁਕਿਆ ਛਿਪਿਆ ਏ? ਸਾਰੇ ਜਾਣਦੇ ਨੇ ਤੇਰੇ ਨਾਂ ਨੂੰ, ਸੁਪਨਾ!”
ਮਲਾਹ ਨੇ ਇਕ ਹਉਕਾ ਭਰਿਆ ਤੇ ਆਖਣ ਲੱਗਾ, “ਫੇਰ ਕਦੇ ਉਹ ਮੇਰੀ ਬੇੜੀ ਵਿਚ ਚੜ੍ਹ ਕੇ ਇਸ ਸਮੁੰਦਰ ਨੂੰ ਪਾਰ ਕਿਉਂ ਨਹੀਂ ਕਰਦੇ?”
“ਤੇਰੀ ਸ਼ਰਤ ਨਹੀਂ ਪੁੱਜਦੀ ਕਿਸੇ ਕੋਲੋਂ” ਤੀਵੀਂ ਨੇ ਠੰਡਾ ਸਾਹ ਲਿਆ ਤੇ ਆਖਿਆ, “ਤਨ ਦੇ ਬੋਝੇ ਵਿਚ ਕਈਆਂ ਕੋਲ ਮਨ ਦਾ ਭਾੜਾ ਹੈਗਾ ਏ ਦੇਣ ਲਈ, ਪਰ ਉਨ੍ਹਾਂ ਨੂੰ ਉਨ੍ਹਾਂ ਦਾ ਸਾਥੀ ਨਹੀਂ ਮਿਲਦਾ। ਤੇਰੇ ਗੀਤ ਨੂੰ ਉਨ੍ਹਾਂ ਨੇ ਕਈ ਵਾਰ ਗਾਇਆ ਏ, ਪਰ ਉਨ੍ਹਾਂ ਦੇ ਸਾਥੀ ਇਸ ਗੀਤ ਦਾ ਹੁੰਗਾਰਾ ਨਹੀਂ ਭਰਦੇ।”
ਮਲਾਹ ਨੇ ਸਿਰ ਨੀਵਾਂ ਪਾ ਲਿਆ।
“ਇਕ ਗੱਲ ਪੁੱਛਾਂ?” ਤੀਵੀਂ ਨੇ ਹੌਲੀ ਜਿਹੀ ਆਖਿਆ।
“ਪੁੱਛ।”
“ਉਹਦਾ ਕੀ ਹਾਲ ਏ? ਤੂੰ ਕਦੇ ਵੇਖਿਆ ਹੋਵੇਗਾ ਉਹਨੂੰ?”
“ਕਿਹਨੂੰ?”
“ਕਾਹਨੂੰ ਮਸ਼ਕਰੀ ਕਰਨਾ ਏਂ? ਉਹੀਉ, ਜਿਹੜਾ ਇਕ ਦਿਨ ਮੇਰਾ ਹੱਥ ਫੜ ਕੇ ਮੈਨੂੰ ਤੇਰੀ ਬੇੜੀ ਵਿਚ ਬਿਠਾਣ ਲਈ ਲਿਆਇਆ ਸੀæææ।”
“ਹੁਣ ਕਾਹਨੂੰ ਉਹਦਾ ਹਾਲ ਪੁੱਛਦੀ ਏਂ?”
“ਐਵੇਂ ਹੀ।”
“ਤੂੰ ਜਿਵੇਂ ਨਾਰੀਅਲ ਵੇਚਦੀ ਏਂ, ਉਹ ਚਾਹ ਵੇਚਦਾ ਏ।”
“ਕੋਈ ਤੀਵੀਂ ਉਹਦੇ ਕੋਲ ਹੋਵੇਗੀ?”
“ਹਾਂ ਬਥੇਰੀਆਂ ਆਈਆਂ ਤੇ ਬਥੇਰੀਆਂ ਗਈਆਂ।”
“ਉਹ ਕਿਸੇ ਦਾ ਹੱਥ ਫੜ ਕੇ ਤੇਰੀ ਬੇੜੀ ਵਿਚ ਕਿਉਂ ਨਹੀਂ ਚੜ੍ਹਿਆ?”
“ਹੁਣ ਉਹਦੇ ਬੋਝੇ ਵਿਚ ਭਾੜਾ ਕਿੱਥੇ ਵੇ ਮੈਨੂੰ ਦੇਣ ਲਈ।”
ਤੀਵੀਂ ਨੇ ਫੇਰ ਅੱਖਾਂ ਭਰ ਲਈਆਂ।
“ਮੈਂ ਜਾਵਾਂ ਹੁਣ?” ਮਲਾਹ ਨੇ ਪੁੱਛਿਆ।
“ਜਿਵੇਂ ਤੇਰੀ ਮਰਜ਼ੀ।”
“ਮੇਰੀ ਜ਼ਨਾਨੀ ਮੈਨੂੰ ਉਡੀਕਦੀ ਹੋਵੇਗੀ। ਮੇਰੀ ਕਲਪਨਾæææ।” ਤੇ ਮਲਾਹ ਉਠ ਬੈਠਾ।
ਤੀਵੀਂ ਨੇ ਆਪਣੀ ਝੁੱਗੀ ਦਾ ਬੂਹਾ ਭੀੜ ਲਿਆ। ਦੀਵਾ ਬੁਝਾ ਦਿੱਤਾ। ਬਾਹਰ ਸਮੁੰਦਰ ਦੀਆਂ ਛੱਲਾਂ ਇਕ ਸਾਜ਼ ਵਾਂਗ ਵੱਜਦੀਆਂ ਸਨ, ਚੱਪੂਆਂ ਦੀ ਆਵਾਜ਼ ਉਹਨੂੰ ਤਾਲ ਦੇਂਦੀ ਪਈ ਸੀ, ਮਲਾਹ ਦਾ ਗੀਤ ਕੰਢੇ ਕੋਲੋਂ ਦੂਰ ਜਾ ਰਿਹਾ ਸੀ।