ਲੱਜਣੁ ਕੱਜਣੁ ਹੋਇ ਕਜਾਇਆ

ਡਾ. ਗੁਰਨਾਮ ਕੌਰ, ਕੈਨੇਡਾ
ਨਿਮਰਤਾ ਨੂੰ ਗੁਰਮੁਖਿ ਦਾ ਬਹੁਤ ਵੱਡਾ ਗੁਣ ਮੰਨਿਆ ਗਿਆ ਹੈ ਅਤੇ ਗੁਰਮਤਿ ਦਰਸ਼ਨ ਵਿਚ ਨਿਮਰਤਾ ਦੇ ਗੁਣ ਨੂੰ ਅਹਿਮ ਸਥਾਨ ਪ੍ਰਾਪਤ ਹੈ। ਭਾਈ ਗੁਰਦਾਸ ਦੀ ਇਹ ਚਉਥੀ ਵਾਰ, ਆਮ ਜ਼ਿੰਦਗੀ ਵਿਚੋਂ ਲਏ ਵੱਖ ਵੱਖ ਦ੍ਰਿਸ਼ਟਾਂਤਾਂ ਰਾਹੀਂ ਸਿੱਖ ਧਰਮ ਵਿਚ ਪ੍ਰਾਪਤ ਇਸ ਹਲੀਮੀ ਜਾਂ ਨਿਮਰਤਾ ਦੇ ਗੁਣ ‘ਤੇ ਚਾਨਣਾ ਪਾਉਂਦੀ ਹੈ। ਦ੍ਰਿਸ਼ਟਾਂਤ ਉਨ੍ਹਾਂ ਨਿੱਕੀਆਂ ਚੀਜ਼ਾਂ ਦੇ ਲਏ ਗਏ ਹਨ ਜੋ ਆਕਾਰ ਵਿਚ ਬਹੁਤ ਛੋਟੀਆਂ ਹੋ ਕੇ ਵੀ ਅਹਿਮ ਭੂਮਿਕਾ ਨਿਭਾਉਂਦੀਆਂ ਹਨ ਅਤੇ ਉਚਾ ਮੁਕਾਮ ਹਾਸਲ ਕਰਦੀਆਂ ਹਨ। ਇਥੇ ਦ੍ਰਿਸ਼ਟਾਂਤ ਉਨ੍ਹਾਂ ਨੇ ਵੜੇਵੇਂ ਭਾਵ ਕਪਾਹ ਦੇ ਬੀਜ ਦਾ ਲਿਆ ਹੈ।

ਭਾਈ ਗੁਰਦਾਸ ਦੱਸਦੇ ਹਨ ਕਿ ਵੜੇਵਾਂ ਕਿਸ ਤਰ੍ਹਾਂ ਇੰਨਾ ਛੋਟਾ ਹੋ ਕੇ ਵੀ ਜ਼ਿੰਦਗੀ ਵਿਚ ਆਪਣੇ ਆਪ ਨੂੰ ਮੁਕਾ ਕੇ ਵੱਡੇ ਮੁਕਾਮ ‘ਤੇ ਪਹੁੰਚਦਾ ਹੈ। ਵੜੇਵਾਂ ਜਦੋਂ ਜ਼ਮੀਨ ਵਿਚ ਬੀਜਿਆ ਜਾਂਦਾ ਹੈ ਤਾਂ ਆਪਣੇ ਪੂਰੇ ਸਰੀਰ ਨੂੰ ਮਿੱਟੀ ਵਿਚ ਮਿਲਾ ਦਿੰਦਾ ਹੈ। ਮਿੱਟੀ ਵਿਚ ਮਿਲ ਜਾਣ ਤੋਂ ਬਾਅਦ ਉਹ ਪੁੰਗਰ ਕੇ ਕਪਾਹ ਦੇ ਪੌਦੇ ਦੇ ਰੂਪ ਵਿਚ ਉਗਦਾ ਹੈ ਜਿਸ ਨੂੰ ਫਿਰ ਫਲ ਪੈਂਦਾ ਹੈ ਭਾਵ ਪਹਿਲਾਂ ਬੂਟੇ ‘ਤੇ ਫੁੱਲ ਆਉਂਦੇ ਹਨ (ਕਪਾਹ ਦੇ ਬੂਟੇ ‘ਤੇ ਗੁਲਾਬੀ ਅਤੇ ਮੋਤੀਆ ਰੰਗੇ ਫੁੱਲ ਜਦੋਂ ਨਿਕਲਦੇ ਹਨ ਤਾਂ ਬਹੁਤ ਪਿਆਰੇ ਲੱਗਦੇ ਹਨ), ਫਿਰ ਫਲ ਪੈਂਦਾ ਹੈ ਅਤੇ ਬੂਟਿਆਂ ਨੂੰ ਟੀਂਡੇ ਲੱਗਦੇ ਹਨ; ਇਹ ਟੀਂਡੇ ਪੱਕ ਕੇ ਜਦੋਂ ਖਿੜ੍ਹਦੇ ਹਨ ਤਾਂ ਚਾਰ-ਚੁਫੇਰੇ ਕਪਾਹ ਦੀਆਂ ਚਿੱਟੀਆਂ ਫੁੱਟੀਆਂ ਹੱਸ ਹੱਸ ਖਿੜ੍ਹਦੀਆਂ ਹਨ ਅਰਥਾਤ ਕਪਾਹ ਦੇ ਰੂਪ ਵਿਚ ਖਿੜ੍ਹੇ ਹੋਏ ਟੀਂਡੇ ਮਨ ਨੂੰ ਵੀ ਖੇੜਾ ਬਖਸ਼ਦੇ ਹਨ।
ਭਾਈ ਗੁਰਦਾਸ ਦੱਸਦੇ ਹਨ, ਫਿਰ ਉਨ੍ਹਾਂ ਕਪਾਹ ਦੀਆਂ ਫੁੱਟੀਆਂ ਨੂੰ ਵੇਲਿਆ ਜਾਂਦਾ ਹੈ ਜਿਸ ਨਾਲ ਵੜੇਵੇਂ ਅਲੱਗ ਹੋ ਜਾਂਦੇ ਹਨ ਅਤੇ ਰੂੰ ਅਲੱਗ ਹੋ ਜਾਂਦੀ ਹੈ, ਤੁੰਬ ਤੁੰਬ ਕੇ ਉਸ ਨੂੰ ਅਲੱਗ ਕੀਤਾ ਜਾਂਦਾ ਹੈ। ਇਸ ਰੂੰ ਨੂੰ ਫਿਰ ਪਿੰਜੇ ਕੋਲ ਪਿੰਜਾਇਆ ਜਾਂਦਾ ਹੈ; ਤੂੰਬਾ ਤੂੰਬਾ ਕਰਕੇ ਉਹ ਰੂੰ ਨੂੰ ਪਿੰਜਦਾ ਤੇ ਬਰੀਕ ਕਰ ਦਿੰਦਾ ਹੈ, ਕਈ ਕਈ ਵਾਰ ਪਿੰਜਿਆ ਜਾਂਦਾ ਹੈ ਤਾਂ ਕਿ ਰੂੰ ਨਰਮ ਅਤੇ ਬਰੀਕ ਹੋ ਜਾਵੇ। ਪਿੰਜੀ ਹੋਈ ਰੂੰ ਦੇ ਗੋੜ੍ਹੇ ਭਾਵ ਪੂਣੀਆਂ ਬਣਾਈਆਂ ਜਾਂਦੀਆਂ ਹਨ; ਇਨ੍ਹਾਂ ਪੂਣੀਆਂ ਤੋਂ ਚਰਖੇ ਉਤੇ ਸੂਤ ਕੱਤਿਆ ਜਾਂਦਾ ਹੈ। ਉਸ ਸੂਤ ਨੂੰ ਬੁਣ ਕੇ ਉਸ ਦਾ ਕੱਪੜਾ ਤਿਆਰ ਕੀਤਾ ਜਾਂਦਾ ਹੈ ਜਿਸ ਨੂੰ ਖੁੰਭ ਚੜ੍ਹਾ ਕੇ ਖੂਬ ਧੋਤਾ ਜਾਂਦਾ ਹੈ ਕਿਉਂਕਿ ਕੋਰੇ ਕਪੜੇ ‘ਤੇ ਰੰਗ ਨਹੀਂ ਚੜ੍ਹਦਾ ਅਤੇ ਫਿਰ ਉਸ ਕੱਪੜੇ ਨੂੰ ਏਨੀ ਮਾਰ ਦੇਣ ਤੋਂ ਬਾਅਦ ਰੰਗਿਆ ਜਾਂਦਾ ਹੈ।
ਇਸ ਰੰਗੇ ਹੋਏ ਕੱਪੜੇ ਨੂੰ ਕਿਸੇ ਪੁਸ਼ਾਕ ਦਾ ਰੂਪ ਦੇਣ ਲਈ ਉਸ ਨੂੰ ਕੱਟਿਆ ਜਾਂਦਾ ਹੈ ਅਤੇ ਉਸ ਨੂੰ ਕਿਸੇ ਪੁਸ਼ਾਕ ਦੀ ਸ਼ਕਲ ਦੇਣ ਲਈ ਸੂਈ ਤੇ ਧਾਗੇ ਨਾਲ ਸੀਤਾ ਜਾਂਦਾ ਹੈ। ਇਸ ਤਰ੍ਹਾਂ ਏਡੇ ਵੱਡੇ ਅਮਲ ਵਿਚੋਂ ਲੰਘ ਕੇ ਕੋਈ ਪੁਸ਼ਾਕ ਤਿਆਰ ਹੁੰਦੀ ਹੈ ਜੋ ਕਿਸੇ ਦਾ ਨੰਗੇਜ਼ ਢਕਣ, ਕਿਸੇ ਦੀ ਸ਼ਰਮ ਅਤੇ ਲਾਜ ਨੂੰ ਰੱਖਣ ਦੇ ਕੰਮ ਆਉਂਦੀ ਹੈ। ਇਸੇ ਤਰ੍ਹਾਂ ਗੁਰਮੁਖਿ ਨੂੰ ਪਰਉਪਕਾਰ ਵਾਸਤੇ, ਕਿਸੇ ਦੇ ਕੰਮ ਆਉਣ ਲਈ ਆਪਣੇ ਆਪ ਨੂੰ, ਆਪਣੀ ਹਉਮੈ ਨੂੰ ਅੰਦਰੋਂ ਖਤਮ ਕਰਨ ਪੈਂਦਾ ਹੈ। ਇਸੇ ਨੂੰ ਪੰਚਮ ਪਾਤਿਸ਼ਾਹ ਨੇ Ḕਹੋਇ ਸਗਲ ਕੀ ਰੇਣੁਕਾ ਹਰਿ ਸੰਗਿ ਸਮਾਵਉ’ ਕਿਹਾ ਹੈ ਅਰਥਾਤ ਸਾਰਿਆਂ ਦੀ ਚਰਨ ਧੂੜ ਹੋ ਕੇ ਅਕਾਲ ਪੁਰਖ ਵਿਚ ਸਮਾਉਣ ਦੀ ਗੱਲ ਕੀਤੀ ਹੈ। ਇਹ ਹਲੀਮੀ ਹੈ:
ਹੋਇ ਵੜੇਵਾਂ ਜਗ ਵਿਚਿ ਬੀਜੇ ਤਨੁ ਖੇਹ ਨਾਲਿ ਰਲਾਇਆ।
ਬੂਟੀ ਹੋਇ ਕਪਾਹ ਦੀ ਟੀਂਡੇ ਹਸਿ ਹਸਿ ਆਪੁ ਖਿੜਾਇਆ।
ਦੁਹੁ ਮਿਲਿ ਵੇਲਣੁ ਵੇਲਿਆ ਲੂੰ ਲੂੰ ਕਰਿ ਕਰਿ ਤੁੰਬੁ ਤੁੰਬਾਇਆ।
ਪਿੰਞਣਿ ਪਿੰਞ ਉਡਾਇਆ ਕਰਿ ਕਰਿ ਗੋੜੀ ਸੂਤ ਕਤਾਇਆ।
ਤਣਿ ਵੁਣਿ ਖੁੰਬਿ ਚੜਾਇ ਕੈ ਦੇ ਦੇ ਦੁਖੁ ਧੁਆਇ ਰੰਗਾਇਆ।
ਕੈਚੀ ਕਟਣਿ ਕਟਿਆ ਸੂਈ ਧਾਗੇ ਜੋੜਿ ਸੀਵਾਇਆ।
ਲੱਜਣੁ ਕੱਜਣੁ ਹੋਇ ਕਜਾਇਆ॥੧੦॥
ਅਗਲੀ ਪਉੜੀ ਵਿਚ ਅਨਾਰ ਦੇ ਦਾਣੇ ਦਾ ਦ੍ਰਿਸ਼ਟਾਂਤ ਲਿਆ ਹੈ। ਵੜੇਵੇਂ ਦੀ ਤਰ੍ਹਾਂ ਹੀ ਅਨਾਰ ਦਾ ਦਾਣਾ ਵੀ ਅਕਾਰ ਵਿਚ ਛੋਟਾ ਜਿਹਾ ਹੁੰਦਾ ਹੈ। ਉਸ ਨੂੰ ਜ਼ਮੀਨ ਵਿਚ ਬੀਜਿਆ ਜਾਂਦਾ ਹੈ ਤਾਂ ਉਹ ਆਪਣੀ ਹੋਂਦ ਨੂੰ ਬਿਲਕੁਲ ਮਿੱਟੀ ਦੀ ਹੋਂਦ ਨਾਲ ਮਿਲਾ ਦਿੰਦਾ ਹੈ। ਫਿਰ ਇਹ ਮਿੱਟੀ ਹੋਇਆ ਅਨਾਰ ਦਾ ਦਾਣਾ ਪੌਦੇ ਦੀ ਸ਼ਕਲ ਵਿਚ ਉਗਦਾ ਹੈ ਜਿਸ ਨੂੰ ਹਰੇ ਕਚੂਰ ਪੱਤੇ ਆਉਂਦੇ ਹਨ ਅਤੇ ਉਹ ਹਰਿਆਲੀ ਖਿਲਾਰਦਾ ਹੈ (ਇਹ ਹਰਿਆਲੀ ਅੱਖਾਂ ਨੂੰ ਠੰਡਕ ਬਖਸ਼ਿਸ਼ ਕਰਦੀ ਹੈ)। ਇਸ ਹਰੇ ਕਚੂਰ ਪੱਤਰਾਂ ਵਾਲੇ ਬੂਟੇ ‘ਤੇ ਫਿਰ ਲਾਲ ਗੁਲਾਲ ਫੁੱਲ ਖਿੜ੍ਹਦੇ ਹਨ ਜੋ ਫਿਰ ਸਮੇਂ ਨਾਲ ਫਲ ਦਾ ਰੂਪ ਧਾਰ ਲੈਂਦੇ ਹਨ ਅਰਥਾਤ ਅਨਾਰ ਦੇ ਬੂਟੇ ‘ਤੇ ਫਿਰ ਇਨ੍ਹਾਂ ਲਾਲ ਫੁੱਲਾਂ ਤੋਂ ਅਨਾਰ ਦਾ ਫਲ ਪੈਂਦਾ ਹੈ। ਇੱਕ ਇੱਕ ਬੂਟੇ ਨੂੰ ਫਿਰ ਅਨਾਰ ਦੇ ਹਜ਼ਾਰਾਂ ਫਲ ਪੈਂਦੇ ਹਨ ਜੋ ਇੱਕ ਦੂਸਰੇ ਤੋਂ ਵੱਧ ਸੁਆਦੀ ਹੁੰਦੇ ਹਨ, ਰਸਦਾਇਕ ਹੁੰਦੇ ਹਨ। ਇਸ ਤਰ੍ਹਾਂ ਇੱਕ ਦਾਣੇ ਤੋਂ ਜੋ ਫਲ ਬਣਦਾ ਹੈ ਉਸ ਇੱਕ ਇੱਕ ਫਲ ਵਿਚ ਲੱਖਾਂ ਦਾਣੇ ਹੋਰ ਬਣਦੇ ਹਨ ਅਤੇ ਇਸ ਤਰ੍ਹਾਂ ਇੱਕ ਇੱਕ ਫਲ ਅੰਦਰ ਲੱਖਾਂ ਫਲ ਵਸਦੇ ਹਨ।
ਭਾਈ ਗੁਰਦਾਸ ਕਹਿੰਦੇ ਹਨ, ਜਿਸ ਤਰ੍ਹਾਂ ਉਸ ਬੂਟੇ ‘ਤੇ ਫਲਾਂ ਦੀ ਕੋਈ ਥੁੜ੍ਹ ਨਹੀਂ ਰਹਿੰਦੀ, ਇਸੇ ਤਰ੍ਹਾਂ ਗੁਰਮੁਖਿ ਨੂੰ ਅਰਥਾਤ ਗੁਰੂ ਦੇ ਦੱਸੇ ਰਸਤੇ ‘ਤੇ ਚੱਲਣ ਵਾਲੇ ਮਨੁੱਖ ਨੂੰ ਅੰਮ੍ਰਿਤ ਫਲ ਦਾ ਸੁਆਦ ਚੱਖਣ ਵਿਚ ਕੋਈ ਤੋਟ ਨਹੀਂ ਆਉਂਦੀ, ਉਸ ਨੂੰ ਗੁਰੂ ਦੀ ਮਿਹਰ ਨਾਲ ਅੰਮ੍ਰਿਤ-ਫਲ ਸਦਾ ਮਿਲਦਾ ਰਹਿੰਦਾ ਹੈ, ਉਹ ਇਸ ਅੰਮ੍ਰਿਤ ਫਲ ਨੂੰ ਸਦਾ ਅਨੁਭਵ ਕਰਦਾ ਰਹਿੰਦਾ ਹੈ। ਜਿਵੇਂ ਜਿਵੇਂ ਅਨਾਰ ਦੇ ਬੂਟੇ ਤੋਂ ਫਲ ਤੋੜਿਆ ਜਾਂਦਾ ਹੈ, ਬੂਟਾ ਹੱਸ ਹੱਸ ਕੇ ਹੋਰ ਫਲ ਦਿੰਦਾ ਹੈ ਭਾਵ ਫਲ ਤੋੜਨ ਨਾਲ ਹੋਰ ਫਲ ਲੱਗਦੇ ਹਨ, ਕੋਈ ਘਾਟ ਨਹੀਂ ਰਹਿੰਦੀ। ਇਸ ਤਰ੍ਹਾਂ ਮਿਹਰਵਾਨ ਗੁਰੂ ਹਲੀਮੀ ਦਾ ਮਾਰਗ ਮਨੁੱਖ ਨੂੰ ਦੱਸਦਾ ਹੈ, ਅੰਮ੍ਰਿਤ ਫਲ ਵੰਡਦਾ ਹੈ:
ਦਾਣਾ ਹੋਇ ਅਨਾਰ ਦਾ ਹੋਇ ਧੂੜਿ ਧੂੜੀ ਵਿਚਿ ਧੱਸੈ।
ਹੋਇ ਬਿਰਖੁ ਹਰੀਆਵਲਾ ਲਾਲ ਗੁਲਾਲਾ ਫਲ ਵਿਗੱਸੈ।
ਇਕਤੁ ਬਿਰਖ ਸਹਸ ਫਲ, ਫਲ ਫਲ ਇਕ ਦੂ ਇਕ ਸਰੱਸੈ।
ਇਕ ਦੂ ਦਾਣੇ ਲਖ ਹੋਇ ਫਲ ਫਲ ਦੇ ਮਨ ਅੰਦਰਿ ਵੱਸੈ।
ਤਿਸੁ ਫਲ ਤੋਟਿ ਨ ਆਵਈ ਗੁਰਮੁਖਿ ਸੁਖੁ ਫਲੁ ਅੰਮ੍ਰਿਤੁ ਰੱਸੈ।
ਜਿਉ ਜਿਉ ਲੱਯਨਿ ਤੋੜਿ ਫਲਿ ਤਿਉ ਤਿਉ ਫਿਰਿ ਫਿਰਿ ਫਲੀਐ ਹੱਸੈ।
ਨਿਵ ਚਲਣੁ ਗੁਰ ਮਾਰਗੁ ਦੱਸੈ॥੧੧॥
12ਵੀਂ ਪਉੜੀ ਵਿਚ ਸ਼ੁਧ ਮੋਹਰ ਦੀ ਗੱਲ ਕੀਤੀ ਗਈ ਹੈ ਕਿ ਉਹ ਕਿਸ ਤਰ੍ਹਾਂ ਸੋਨੇ ਤੋਂ ਮੋਹਰ ਦਾ ਰੂਪ ਧਾਰਦੀ ਹੈ। ਸੋਨੇ ਦੇ ਕਣ ਰੇਤ ਦੇ ਕਣਾਂ ਵਿਚ ਮਿਲੇ ਹੋਏ ਹੁੰਦੇ ਹਨ ਅਰਥਾਤ ਸੋਨਾ ਅਤੇ ਰੇਤ ਬਰੀਕ ਬਰੀਕ ਕਣਾਂ ਦੇ ਰੂਪ ਵਿਚ ਰਲਗੱਡ ਹੋਇਆ ਹੁੰਦਾ ਹੈ। ਸੋਨੇ ਨੂੰ ਰੇਤ ਤੋਂ ਅਲੱਗ ਕਰਨ ਲਈ ਉਸ ਨੂੰ ਰਸਾਇਣ ਦੇ ਘੋਲ ਅਰਥਾਤ ਕੈਮੀਕਲ ਦੇ ਘੋਲ ਵਿਚ ਪਾਇਆ ਜਾਂਦਾ ਹੈ। ਇਸ ਨੂੰ ਧੋ ਧੋ ਕੇ ਫਿਰ ਸੋਨੇ ਦੇ ਕਣ ਅਲੱਗ ਕਰ ਲਏ ਜਾਂਦੇ ਹਨ ਜੋ ਮਾਪਣ ‘ਤੇ ਰੱਤੀ, ਮਾਸਾ ਜਾਂ ਤੋਲਾ ਹੁੰਦੇ ਹਨ ਜਾਂ ਇਸ ਤੋਂ ਜ਼ਿਆਦਾ ਵੀ ਹੁੰਦੇ ਹਨ। ਇਸ ਨੂੰ ਫਿਰ ਕੁਠਾਲੀ ਵਿਚ ਪਾਇਆ ਜਾਂਦਾ ਹੈ ਅਤੇ ਗਾਲ ਕੇ ਸੁਨਿਆਰ ਇਸ ਦੀ ਡਲੀ ਬਣਾ ਦਿੰਦਾ ਹੈ ਅਤੇ ਖੁਸ਼ ਹੁੰਦਾ ਹੈ। ਸੁਨਿਆਰਾ ਇਸ ਡਲੀ ਦੇ ਰੂਪ ਵਿਚ ਇਕੱਠੇ ਕੀਤੇ ਸੋਨੇ ਤੋਂ ਫਿਰ ਪੱਤਰੇ ਘੜਦਾ ਹੈ ਅਤੇ ਉਨ੍ਹਾਂ ਪੱਤਰਿਆਂ ਨੂੰ ਰਸਾਇਣ ਨਾਲ ਧੋ ਕੇ ਸਾਫ ਕਰਦਾ ਹੈ। ਇਸ ਤਰ੍ਹਾਂ ਇਸ ਨੂੰ ਸ਼ੁਧ ਸੋਨੇ ਦਾ ਰੂਪ ਮਿਲ ਜਾਂਦਾ ਹੈ ਅਤੇ ਇਸ ਦੀ ਸ਼ੁਧਤਾ ਨੂੰ ਕਸੌਟੀ ‘ਤੇ ਪਰਖਿਆ ਜਾ ਸਕਦਾ ਹੈ।
ਇਸ ਸ਼ੁੱਧ ਸੋਨੇ ਨੂੰ ਟਕਸਾਲ ਵਿਚ ਪਾ ਕੇ ਭੱਠੀ ‘ਤੇ ਤਪਾਇਆ ਜਾਂਦਾ ਹੈ ਅਤੇ ਇਹ ਭੱਠੀ ‘ਤੇ ਪਿਆ ਖੁਸ਼ੀ ਖੁਸ਼ੀ ਹਥੌੜੇ ਦੀ ਮਾਰ ਝੱਲਦਾ ਰਹਿੰਦਾ ਹੈ। ਇਸ ਤਰ੍ਹਾਂ ਇਹ ਸ਼ੁਧ ਮੋਹਰ ਦਾ ਰੂਪ ਧਾਰਨ ਕਰਕੇ ਫਿਰ ਖਜ਼ਾਨੇ ਵਿਚ ਪੈਂਦਾ ਹੈ। ਭਾਵ ਰੇਤ ਵਿਚ ਪਏ ਸੋਨੇ ਦੇ ਕਣ ਏਨਾ ਕੁੱਝ ਬਰਦਾਸ਼ਤ ਕਰਕੇ ਫਿਰ ਇਸ ਦੇ ਯੋਗ ਹੁੰਦੇ ਹਨ ਕਿ ਮੋਹਰ ਦਾ ਰੂਪ ਧਾਰ ਕੇ ਖਜ਼ਾਨੇ ਵਿਚ ਪੈਂਦੇ ਹਨ ਅਤੇ ਇਸ ਖਜ਼ਾਨੇ ਵਿਚ ਪੈਣ ਲਈ ਉਸ ਨੂੰ ਹਲੀਮੀ ਨਾਲ ਆਪਣੇ ਉਤੇ ਕਿਸ ਤਰ੍ਹਾਂ ਦੀਆਂ ਸੱਟਾਂ ਸਹਿਣੀਆ ਪੈਂਦੀਆਂ ਹਨ, ਰਸਾਇਣ ਵਿਚੋਂ ਗੁਜ਼ਰਨਾ ਪੈਂਦਾ ਹੈ, ਪਹਿਲਾਂ ਡਲੀ ਦਾ ਰੂਪ ਧਾਰਨ ਕਰਨ ਲਈ ਅੱਗ ਦਾ ਸੇਕ ਸਹਿਣਾ ਪੈਂਦਾ ਹੈ, ਫਿਰ ਕਸੌਟੀ ‘ਤੇ ਪਰਖਣ ਯੋਗ ਹੋਣਾ ਪੈਂਦਾ ਹੈ, ਮੋਹਰ ਬਣਨ ਲਈ ਭੱਠੀ ਵਿਚ ਪੈ ਕੇ ਹਥੌੜੇ ਦੀਆਂ ਸੱਟਾਂ ਖੁਸ਼ੀ ਖੁਸ਼ੀ ਬਰਦਾਸ਼ਤ ਕਰਨੀਆਂ ਪੈਂਦੀਆਂ ਹਨ। ਏਡੇ ਸਖਤ ਅਮਲ ਵਿਚੋਂ ਗੁਜ਼ਰ ਕੇ ਉਸ ਨੂੰ ਆਪਣਾ ਅਸਲੀ ਰੂਪ ਮਿਲਦਾ ਹੈ:
ਰੇਣਿ ਰਸਾਇਣ ਸਿਝੀਐ ਰੇਤੁ ਹੇਤੁ ਕਰਿ ਕੰਚਨੁ ਵਸੈ।
ਧੋਇ ਧੋਇ ਕਣੁ ਕਢੀਐ ਰਤੀ ਮਾਸਾ ਤੋਲਾ ਹਸੈ।
ਪਾਇ ਕੁਠਾਲੀ ਗਾਲੀਐ ਰੈਣੀ ਕਰਿ ਸੁਨਿਆਰਿ ਵਿਗਸੈ।
ਘੜਿ ਘੜਿ ਪਤ੍ਰ ਪਖਾਲੀਅਨਿ ਲੂਣੀ ਲਾਇ ਜਲਾਇ ਰਹਸੈ।
ਬਾਰਹ ਵੰਨੀ ਹੋਇ ਕੈ ਲਗੈ ਲਵੈ ਕਸਉਟੀ ਕਸੈ।
ਟਕਸਾਲੈ ਸਿਕਾ ਪਵੈ ਘਣ ਅਹਰਣਿ ਵਿਚਿ ਅਚਲੁ ਸਰਸੈ।
ਸਾਲੁ ਸੁਨਈਆ ਪੋਤੈ ਪਸੈ॥੧੨॥
ਇਸ ਤੋਂ ਅਗਲਾ ਦ੍ਰਿਸ਼ਟਾਂਤ ਖਸਖਸ ਦੇ ਦਾਣੇ ਦਾ ਲਿਆ ਹੈ। ਖਸਖਸ ਦਾ ਦਾਣਾ ਬਹੁਤ ਹੀ ਬਰੀਕ ਹੁੰਦਾ ਹੈ। ਉਹ ਜਦੋਂ ਬੀਜਿਆ ਜਾਂਦਾ ਹੈ ਤਾਂ ਮਿੱਟੀ ਵਿਚ ਰਲ ਕੇ ਮਿੱਟੀ ਹੋ ਜਾਂਦਾ ਹੈ। ਖਸਖਸ ਦਾ ਇਹ ਨਿੱਕਾ ਜਿਹਾ ਦਾਣਾ ਪੋਸਤ ਦੇ ਬੂਟੇ ਦੀ ਸ਼ਕਲ ਵਿਚ ਜਦੋਂ ਉਗਦਾ ਹੈ ਤਾਂ ਇਸ ਨੂੰ ਬਹੁਤ ਸੋਹਣੇ ਵੰਨ-ਸੁਵੰਨੇ ਰੰਗਾਂ ਦੇ ਫੁੱਲ ਖਿੜ੍ਹਦੇ ਹਨ। ਜਿਦੋ ਜਿਦੀ ਇਨ੍ਹਾਂ ਫੁੱਲਾਂ ਦੀਆਂ ਡੋਡੀਆਂ ਨਿਕਲਦੀਆਂ ਹਨ, ਇੱਕ ਦੂਜੇ ਨਾਲ ਖਹਿੰਦੇ ਫੁੱਲ ਬੜੇ ਸੁੰਦਰ ਲਗਦੇ ਹਨ। ਪਹਿਲਾਂ ਇਹ ਡੰਡੀ ਉਤੇ ਖਿੜ੍ਹਦੇ ਹਨ, ਖੇਡਦੇ ਹਨ ਭਾਵ ਲੰਬੇ ਕੰਡੇ ਦਾ ਦੁੱਖ ਸਹਿੰਦੇ ਹਨ ਤੇ ਫਿਰ ਪਿੱਛੋਂ ਗੋਲ ਹੁੰਦੇ ਹੋਏ ਛਤਰੀ ਦਾ ਰੂਪ ਧਾਰ ਲੈਂਦੇ ਹਨ। ਜਦੋਂ ਇਨ੍ਹਾਂ ਨੂੰ ਟੁਕੜੇ ਟੁਕੜੇ ਕਰਕੇ ਨਿਚੋੜਿਆ ਜਾਂਦਾ ਹੈ ਤਾਂ ਇਨ੍ਹਾਂ ਵਿਚੋਂ ਖੂਨ ਵਰਗਾ ਸੂਹਾ ਰਸ ਨਿਕਲਦਾ ਹੈ। ਫਿਰ ਇਹ ਮਜਲਿਸਾਂ ਵਿਚ ਪ੍ਰੇਮ ਦਾ ਪਿਆਲਾ ਬਣ ਜਾਂਦਾ ਹੈ ਜੋ ਭੋਗ ਦਾ ਹਿੱਸਾ ਬਣਦਾ ਹੈ, ਯੋਗੀ ਇਸ ਦਾ ਸੇਵਨ ਕਰਕੇ ਅਨੰਦ ਮਾਣਦੇ ਹਨ। ਪੋਸਤ ਦੇ ਅਮਲੀ ਮਜਲਿਸਾਂ ਵਿਚ ਆਉਂਦੇ ਹਨ ਅਤੇ ਇਸ ਦਾ ਸੇਵਨ ਕਰਦੇ ਹਨ:
ਖਸਖਸ ਦਾਣਾ ਹੋਇ ਕੈ ਖਾਕ ਅੰਦਰਿ ਹੋਇ ਖਾਕ ਸਮਾਵੈ।
ਦੋਸਤੁ ਪੋਸਤੁ ਬੂਟੁ ਹੋਇ ਰੰਗ ਬਿਰੰਗੀ ਫੁੱਲ ਖਿੜਾਵੈ।
ਹੋਡਾ ਹੋਡੀ ਡੋਡੀਆ ਇਕ ਦੂੰ ਇਕ ਚੜ੍ਹਾਉ ਚੜ੍ਹਾਵੈ।
ਸੂਲੀ ਉਪਰਿ ਖੇਲਣਾ ਪਿਛੋਂ ਦੇ ਸਿਰਿ ਛਤ੍ਰੁ ਧਰਾਵੈ।
ਚੁਖੁ ਚੁਖੁ ਹੋਇ ਮਲਾਇ ਕੈ ਲੋਹੂ ਪਾਣੀ ਰੰਗਿ ਰੰਗਾਵੈ।
ਪਿਰਮ ਪਿਆਲਾ ਮਜਲਸੀ ਜੋਗ ਭੋਗ ਸੰਜੋਗ ਬਣਾਵੈ।
ਅਮਲੀ ਹੋਇ ਸੁ ਮਜਲਸ ਆਵੈ॥੧੩॥
ਕਮਾਦ ਦਾ ਦ੍ਰਿਸ਼ਟਾਂਤ ਲੈਂਦਿਆਂ ਭਾਈ ਗੁਰਦਾਸ ਦੱਸਦੇ ਹਨ ਕਿ ਕਿਸ ਤਰ੍ਹਾਂ ਇਹ ਆਪਣੇ ਆਪ ਨੂੰ ਮਿੱਟੀ ਵਿਚ ਮਿੱਟੀ ਕਰਕੇ ਉਗਦਾ ਹੈ; ਦੇਖ ਕੇ ਅਣਡਿੱਠ ਕਰਦਾ ਹੈ, ਮਾੜੇ ਚੰਗੇ ਬੋਲ ਵੱਲ ਧਿਆਨ ਨਹੀਂ ਦਿੰਦਾ, ਆਪਣੇ ਆਪ ‘ਤੇ ਕਸ਼ਟ ਸਹਿ ਕੇ ਵੀ ਲੋਕਾਂ ਵਿਚ ਮਿਠਾਸ ਵਰਤਾਉਂਦਾ ਹੈ। ਭਾਈ ਗੁਰਦਾਸ ਕਹਿੰਦੇ ਹਨ ਕਿ ਰਸ ਦਾ ਭਰਿਆ ਗੰਨਾ ਮਿੱਠਾ ਹੁੰਦਾ ਹੈ ਭਾਵੇਂ ਇਹ ਬੋਲੇ ਜਾਂ ਨਾ ਬੋਲੇ, ਦੋਵਾਂ ਹਾਲਤਾਂ ਵਿਚ ਮਿੱਠਾ ਹੈ। ਇਹ ਸੁਣ ਕੇ ਅਣਸੁਣਿਆ ਕਰ ਦਿੰਦਾ ਹੈ ਅਤੇ ਦੇਖ ਕੇ ਅਣਡਿੱਠ ਕਰ ਦਿੰਦਾ ਹੈ ਅਰਥਾਤ ਗੰਨੇ ਦੇ ਖੇਤ ਵਿਚ ਕੁਝ ਵੀ ਬੋਲਿਆ-ਸੁਣਦਾ ਨਹੀਂ ਅਤੇ ਨਾ ਹੀ ਕੁਝ ਦਿਖਾਈ ਦਿੰਦਾ ਹੈ। ਇਸ ਦੀਆਂ ਗੱਠਾਂ ਨੂੰ (ਅਸਲ ਵਿਚ ਗੰਨੇ ਦੀਆਂ ਪੋਰੀਆਂ ਕਰਕੇ ਇਕੱਠੀਆਂ ਪਹਿਲਾਂ ਜ਼ਮੀਨ ਵਿਚ ਦੱਬ ਦਿੱਤੀਆਂ ਜਾਂਦੀਆਂ ਹਨ ਅਤੇ ਉਨ੍ਹਾਂ ਨੂੰ ਗੱਠਾਂ ਨਿਕਲ ਆਉਂਦੀਆਂ ਹਨ ਜਿਨ੍ਹਾਂ ਨੂੰ ਗੰਨੇ ਦੀਆਂ ਅੱਖਾਂ ਵੀ ਆਖਦੇ ਹਨ ਅਤੇ ਫਿਰ ਉਨ੍ਹਾਂ ਨੂੰ ਇੱਕ ਇੱਕ ਕਰਕੇ ਜ਼ਮੀਨ ਵਿਚ ਬੀਜ ਦਿੱਤਾ ਜਾਂਦਾ ਹੈ) ਜ਼ਮੀਨ ਵਿਚ ਬੀਜ ਦਿੱਤਾ ਜਾਂਦਾ ਹੈ ਅਤੇ ਇਨ੍ਹਾਂ ਗੱਠਾਂ ਵਿਚੋਂ ਫਿਰ ਕਮਾਦ ਉਗ ਆਉਂਦਾ ਹੈ। ਇੱਕ ਇੱਕ ਗੱਠ ਤੋਂ ਕਈ ਕਈ ਗੰਨੇ ਜੜ੍ਹ ਹੇਠਾਂ ਕਰਕੇ ਅਤੇ ਸਿਰ ਉਪਰ ਕਰਕੇ ਨਿਕਲਦੇ ਹਨ ਤੇ ਬੜੇ ਪਿਆਰੇ ਲਗਦੇ ਹਨ।
ਫਿਰ ਕਮਾਦ ਦੋ ਵੇਲਣਿਆਂ ਵਿਚ ਦੇ ਕੇ ਪੀੜਿਆ ਜਾਂਦਾ ਹੈ, ਇਸ ਵਿਚੋਂ ਮਿੱਠਾ ਰਸ ਨਿਕਲਦਾ ਹੈ, ਇਸ ਰਸ ਦੇ ਮਿੱਠੇ ਗੁਣ ਕਾਰਨ ਹੀ ਇਨ੍ਹਾਂ ਨੂੰ ਪੀੜਿਆ ਜਾਂਦਾ ਹੈ। ਇਹ ਮਿੱਠਾ ਰਸ ਅਤੇ ਗੁੜ ਫਿਰ ਸੰਸਾਰ ਵਿਚ ਅਤੇ ਸੰਗਤਿ ਵਿਚ ਵਰਤਦਾ ਹੈ, ਇਸ ਨੂੰ ਸ਼ੁਭ ਮੌਕਿਆਂ ‘ਤੇ ਸ਼ਗਨ ਵਜੋਂ ਵਰਤਾਇਆ ਜਾਂਦਾ ਹੈ। ਔਗੁਣਾਂ ਵਾਲੇ ਪਾਪੀ ਲੋਕ ਇਸ ਨੂੰ ਸ਼ਰਾਬ ਵਗੈਰਾ ਬਣਾਉਣ ਲਈ ਵੀ ਵਰਤਦੇ ਹਨ ਅਤੇ ਨਸ਼ਟ ਹੁੰਦੇ ਹਨ। ਇਸੇ ਤਰ੍ਹਾਂ ਜੋ ਲੋਕ ਮੰਨਣ ਕਰਦੇ ਹਨ, ਕਸ਼ਟ ਵਿਚ ਵੀ ਗੰਨੇ ਦੀ ਤਰ੍ਹਾਂ ਹੀ ਆਪਣੀ ਮਿਠਾਸ ਨਹੀਂ ਛੱਡਦੇ ਉਹ ਦ੍ਰਿੜ ਰਹਿੰਦੇ ਹਨ:
ਰਸ ਭਰਿਆ ਰਸੁ ਰਖਦਾ ਬੋਲਣ ਅਣੁਬੋਲਣ ਅਭਿਰਿਠਾ।
ਸੁਣਿਆ ਅਣਸੁਣਿਆ ਕਰੈ ਕਰੇ ਵੀਚਾਰਿ ਡਿਠਾ ਅਣਡਿਠਾ।
ਅਖੀ ਧੂੜਿ ਅਟਾਈਆ ਅਖੀ ਵਿਚਿ ਅੰਗੂਰੁ ਬਹਿਠਾ।
ਇਕ ਦੂ ਬਾਹਲੇ ਬੂਟ ਹੋਇ ਸਿਰ ਤਲਵਾਇਆ ਇਠਹੁ ਇਠਾ।
ਦੁਹੁ ਖੁੰਢਾ ਵਿਚਿ ਪੀੜੀਐ ਟੋਟੇ ਲਾਹੇ ਇਤੁ ਗੁਣਿ ਮਿਠਾ।
ਵੀਹ ਇਕੀਹ ਵਰਤਦਾ ਅਵਗੁਣਿਆਰੇ ਪਾਪ ਪਣਿਠਾ।
ਮੰਨੈ ਗੰਨੈ ਵਾਂਗ ਸੁਧਿਠਾ॥੧੪॥
ਅੱਗੇ ਸਵਾਂਤ ਬੂੰਦ ਅਤੇ ਸਿੱਪ ਦਾ ਦ੍ਰਿਸ਼ਟਾਂਤ ਦਿੱਤਾ ਹੈ ਕਿ ਕੁਦਰਤਿ ਦੇ ਕ੍ਰਿਸ਼ਮੇ ਨਾਲ ਪਾਣੀ ਦੀ ਇੱਕ ਬੂੰਦ ਸਿੱਪ ਦੇ ਮੂੰਹ ਵਿਚ ਪੈ ਕੇ ਕਿਸ ਤਰ੍ਹਾਂ ਕੀਮਤੀ ਮੋਤੀ ਬਣ ਜਾਂਦੀ ਹੈ। ਘਣਘੋਰ ਘਟਾਵਾਂ ਜਦੋਂ ਵਰਸਦੀਆਂ ਹਨ ਤਾਂ ਕੋਈ ਇੱਕ ਪਿਆਰੀ ਜਿਹੀ ਨਿੱਕੀ ਬੂੰਦ ਅਕਾਸ਼ ਤੋਂ ਨੀਵੀਂ ਹੋ ਕੇ ਸਿੱਪ ਦੇ ਖੁੱਲ੍ਹੇ ਮੂੰਹ ਵਿਚ ਪੈ ਜਾਂਦੀ ਹੈ। ਜਿਉਂ ਹੀ ਇਹ ਬੂੰਦ ਸਿੱਪ ਦੇ ਮੂੰਹ ਵਿਚ ਪੈਂਦੀ ਹੈ ਤਾਂ ਸਿੱਪ ਆਪਣਾ ਮੂੰਹ ਬੰਦ ਕਰ ਲੈਂਦੀ ਹੈ ਅਤੇ ਨੀਚੇ ਧੁਰ ਸਮੁੰਦਰ ਦੀ ਤਹਿ ਵਿਚ ਡੂੰਘੀ ਪਾਤਾਲ ਵਿਚ ਜਾ ਕੇ ਆਪਣੇ ਆਪ ਨੂੰ ਛੁਪਾ ਲੈਂਦੀ ਹੈ। ਇਹ ਬੂੰਦ ਮੋਤੀ ਦਾ ਰੂਪ ਧਾਰ ਲੈਂਦੀ ਹੈ ਅਤੇ ਫਿਰ ਗੋਤਾਖੋਰ ਇਸ ਨੂੰ ਸਮੁੰਦਰ ਦੀ ਡੂੰਘੀ ਤਹਿ ਵਿਚੋਂ ਫੜ੍ਹ ਲੈਂਦਾ ਹੈ, ਇਹ ਵੀ ਪਰਉਪਕਾਰ ਲਈ, ਦੂਸਰਿਆਂ ਦੇ ਕੰਮ ਆਉਣ ਲਈ ਆਪਣੇ ਆਪ ਨੂੰ ਫੜ ਲੈਣ ਦਿੰਦੀ ਹੈ। ਪਰਸੁਆਰਥ ਦੀ ਭਾਵਨਾ ਦੇ ਵੱਸ ਹੋ ਕੇ, ਦੂਸਰਿਆਂ ਹੱਥੋਂ ਇਹ ਆਪਣੇ ਆਪ ਨੂੰ ਪੱਥਰ ਉਤੇ ਮਾਰ ਕੇ ਟੁੱਟਣ ਦਿੰਦੀ ਹੈ। ਜਾਣੇ-ਅਣਜਾਣੇ ਵਿਚ ਇਹ ਦੂਸਰਿਆਂ ਦੇ ਕੰਮ ਆਉਂਦੀ ਹੈ, ਅਮੋਲਕ ਮੋਤੀ ਦੇ ਰੂਪ ਵਿਚ ਦਾਨ ਹੁੰਦੀ ਹੈ ਅਤੇ ਇਸ ਨੂੰ ਇਸ ਦਾ ਕਦੀ ਪਛਤਾਵਾ ਨਹੀਂ ਹੁੰਦਾ। ਕੋਈ ਵਿਰਲਾ ਹੁੰਦਾ ਹੈ ਜੋ ਆਪਣੇ ਜਨਮ ਨੂੰ ਦੂਸਰਿਆਂ ਦੇ ਕੰਮ ਆ ਕੇ ਇਸ ਤਰ੍ਹਾਂ ਸਫਲ ਬਣਾਉਂਦਾ ਹੈ:
ਘਣਹਰ ਬੂੰਦ ਸੁਹਾਵਣੀ ਨੀਵੀ ਹੋਇ ਅਗਾਸਹੁ ਆਵੈ।
ਆਪੁ ਗਵਾਇ ਸਮੁੰਦੁ ਵੇਖਿ ਸਿਪੈ ਦੇ ਮੁਹਿ ਵਿਚਿ ਸਮਾਵੈ।
ਲੈਦੋ ਹੀ ਮੁਹਿ ਬੂੰਦ ਸਿਪੁ ਚੁੰਭੀ ਮਾਰਿ ਪਤਾਲਿ ਲੁਕਾਵੈ।
ਫੜਿ ਕਢੈ ਮਰੁਜੀਵੜਾ ਪਰ ਕਾਰਜ ਨੋ ਆਪੁ ਫੜਾਵੈ।
ਪਰਵਸਿ ਪਰਉਪਕਾਰ ਨੋ ਪਰ ਹਥਿ ਪਥਰ ਦੰਦ ਭਨਾਵੈ।
ਭੁਲਿ ਅਭੁਲਿ ਅਮੁਲੁ ਦੇ ਮੋਤੀ ਦਾਨ ਨ ਪਛੋਤਾਵੈ।
ਸਫਲ ਜਨਮੁ ਕੋਈ ਵਰੁਸਾਵੈ॥੧੫॥