ਗੁਲਜ਼ਾਰ ਸਿੰਘ ਸੰਧੂ
ਭਾਰਤ ‘ਚ ਕੈਨੇਡੀਅਨ ਦੂਤ ਕ੍ਰਿਸਟਾਫਰ ਗਿੱਬਨਜ਼ ਦੀ ਰਿਹਾਇਸ਼ ਉਤੇ ਪਿਛਲੇ ਐਤਵਾਰ ਪੰਜਾਬੀ ਲੇਖਕਾਂ ਦੀ ਬਹੁਤ ਵਧੀਆ ਮਿਲਣੀ ਹੋਈ। ਇਸ ਵਿਚ ਬਲਦੇਵ ਸਿੰਘ ਸੜਕਨਾਮਾ, ਜਸਬੀਰ ਸਿੰਘ ਭੁੱਲਰ, ਕੈਨੇਡਾ ਨਿਵਾਸੀ ਜਰਨੈਲ ਸਿੰਘ, ਹਿੰਦੀ ਕਵੀ ਸੁਮੀਤਾ ਮਿਸ਼ਰਾ, ਸਿਮਰਨ ਧਾਲੀਵਾਲ, ਮਨਮੋਹਨ ਸਿੰਘ ਦਾਊਂ ਸੁਰਿੰਦਰ ਗਿੱਲ, ਸ਼ੁਸ਼ੀਲ ਦੁਸਾਂਝ, ਜਸਪਾਲ ਸਿੰਘ, ਸੰਜਮਪ੍ਰੀਤ, ਦਮਨ ਜੋੜੀ ਤੇ ਜਸਵੀਰ ਸਮਰ ਤੋਂ ਬਿਨਾ ਉਘੇ ਪੰਜਾਬੀ ਪ੍ਰਕਾਸ਼ਕ ਹਰੀਸ਼ ਜੈਨ ਨੇ ਵੀ ਸ਼ਿਰਕਤ ਕੀਤੀ।
ਭਾਰਤ ਦੇ ਸਭ ਤੋਂ ਵਧ ਰਾਸ਼ੀ ਵਾਲੇ ਢਾਹਾਂ ਸਨਮਾਨ ਦੇ ਸੰਸਥਾਪਕ ਬਰਜ ਢਾਹਾਂ ਇਸ ਸ਼ਾਮ ਵਿਚ ਹਾਜ਼ਰ ਹੋਣ ਲਈ ਉਚੇਚੇ ਤੌਰ ‘ਤੇ ਕੈਨੇਡਾ ਤੋਂ ਆਏ ਸਨ। ਇਸ ਨੂੰ ਕੈਨੇਡਾ ਵਾਸੀਆਂ ਦੇ ਵਖਰਾ ਦੇਸ਼ ਸਥਾਪਤ ਹੋਣ ਦੇ ਡੇਢ ਸੌ ਸਾਲਾ ਜਸ਼ਨਾਂ ਦਾ ਹਿੱਸਾ ਬਣਾਇਆ ਗਿਆ। ਇਥੇ ਬਰਜ ਢਾਹਾਂ ਦੇ ਪੁਰਖਿਆਂ ਦੀ ਵੀ ਚਰਚਾ ਹੋਈ।
ਬਰਜ ਦੇ ਪਿਤਾ ਬੁੱਧ ਸਿੰਘ ਢਾਹਾਂ ਇੱਕ ਨਹੀਂ, ਦੋ ਖੈਰਾਇਤੀ ਹਸਪਤਾਲਾਂ ਦੀ ਸਥਾਪਨਾ ਲਈ ਜਾਣੇ ਜਾਂਦੇ ਹਨ। ਪਹਿਲਾਂ ਉਨ੍ਹਾਂ ਦੀ ਜੱਦੀ ਭੂਮੀ ਢਾਹਾਂ ਕਲੇਰਾਂ ਵਿਚ ਤੇ ਦੂਜਾ ਗੜ੍ਹਸ਼ੰਕਰ-ਅਨੰਦਪੁਰ ਸਾਹਿਬ ਮਾਰਗ ਉਤੇ ਪਿੰਡ ਕੁਕੜ ਮਾਜਰਾ ਵਿਚ। 25,000 ਡਾਲਰ ਦੀ ਵੱਡੀ ਰਾਸ਼ੀ ਵਾਲਾ ਇਨਾਮ ਹੀ ਨਹੀਂ ਗੁਰਮੁਖੀ ਜਾਂ ਸ਼ਾਹਮੁਖੀ ਲਿਪੀ ਵਿਚ ਲਿਖੇ ਜਾ ਰਹੇ ਕਹਾਣੀ ਸੰਗ੍ਰਿਹਾਂ ਨੂੰ ਦੂਜਾ ਤੇ ਤੀਜਾ ਇਨਾਮ ਵੀ ਦਿੱਤਾ ਜਾਂਦਾ ਹੈ। ਬਰਜ ਢਾਹਾਂ ਦਾ ਇਹ ਉਦਮ ਉਸ ਦੇ ਪਰਿਵਾਰਕ ਖੂਨ ਉਤੇ ਮੋਹਰ ਲਾਉਂਦਾ ਹੈ। ਢਾਹਾਂ ਪਰਿਵਾਰ ਜ਼ਿੰਦਾਬਾਦ।
ਸੁਰਜੀਤ ਹਾਂਸ ਨਾਲ ਖੁਲ੍ਹੀਆਂ ਗੱਲਾਂ: ਇਸ ਹਫਤੇ ਦਾ ਚੰਡੀਗੜ੍ਹ ਸਾਹਿਤ ਅਕਾਡਮੀ ਸਮਾਗਮ ਸਾਹਿਤਕਾਰ ਤੇ ਅਨੁਵਾਦਕ ਸੁਰਜੀਤ ਹਾਂਸ ਨਾਲ ਹੋਈਆਂ ਪਾਰਦਰਸ਼ੀ ਗੱਲਾਂ ਨਾਲ ਸਬੰਧ ਰਖਦਾ ਹੈ। ਚੰਡੀਗੜ੍ਹ ਦੇ ਗੈਸਟ ਹਾਊਸ ਵਿਚ ਹੋਇਆ ਇਹ ਪ੍ਰੋਗਰਾਮ ਹਾਂਸ ਦੀ ਦਿੱਬ ਦ੍ਰਿਸ਼ਟੀ, ਅਣਥਕ ਮਿਹਨਤ ਤੇ ਤਿਖੀ ਬੁੱਧੀ ਤੋਂ ਪਰਦਾ ਚੁੱਕਣ ਵਾਲਾ ਸੀ। ਸੁਰਜੀਤ ਹਾਂਸ ਨੇ ਪੰਜਾਬੀ ਵਿਚ ਨਾਵਲ, ਕਹਾਣੀਆਂ ਤੇ ਪੁਸ਼ਤਾਂ ਵਰਗੇ ਮਹਾਂਕਾਵਿ ਹੀ ਨਹੀਂ ਰਚੇ, ਸ਼ੇਕਸਪੀਅਰ ਦੀ ਸਮੁੱਚੀ ਰਚਨਾ ਦਾ ਕਾਵਿਕ ਅਨੁਵਾਦ ਵੀ ਕੀਤਾ ਹੈ। ਉਹ ਅੱਜ ਕਲ ਚਾਰਲਸ ਡਾਰਵਿਨ ਰਚਿਤ ਪੁਸਤਕ Ḕਜਾਤੀ-ਉਪਜਾਤੀ ਨਿਕਾਸ ਅਤੇ ਵਿਕਾਸḔ ਨੂੰ ਪੰਜਾਬੀ ਰੂਪ ਦੇਣ ਵਿਚ ਰੁੱਝਾ ਹੋਇਆ ਹੈ।
ਰੂ-ਬ-ਰੂ ਸਮੇਂ ਪੁੱਛੇ ਗਏ ਪ੍ਰਸ਼ਨਾਂ ਦੇ ਉਤਰ ਇਨੇ ਤਿਖੇ, ਸਾਰਥਕ ਤੇ ਭਾਵਪੂਰਤ ਸਨ ਕਿ ਉਨ੍ਹਾਂ ਨੂੰ ਗਿਣੇ ਮਿਥੇ ਸ਼ਬਦਾਂ ਤੇ ਵਾਕਾਂ ਵਿਚ ਕੈਦ ਕਰਨਾ ਸੰਭਵ ਨਹੀਂ। ਸੁਰਜੀਤ ਹਾਂਸ ਪੰਜਾਬੀ ਸਾਹਿਤ ਦਾ ਬਹੁਪੱਖੀ ਤੇ ਬਹੁਪਾਸਾਰੀ ਜਿਊੜਾ ਹੈ। ਅਸੀਂ ਉਹਦੀ ਲੰਮੀ ਉਮਰ ਦੀ ਦੁਆ ਕਰਦੇ ਹਾਂ।
1947 ਤੋਂ 1966 ਦਾ ਪੰਜਾਬ: ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਚੰਡੀਗੜ੍ਹ ਨੇ Ḕ1947 ਤੋਂ 1966 ਵਿਚ ਪੰਜਾਬ ਨੇ ਕੀ ਖੱਟਿਆ, ਕੀ ਪਾਇਆḔ ਵਿਸ਼ੇ ਸਬੰਧੀ ਇੱਕ ਰੋਜ਼ਾ ਸੈਮੀਨਾਰ ਕੀਤਾ। ਇਸ ਵਿਚ ਪੰਜਾਬ ਦੀ ਖੇਤੀਬਾੜੀ ਦੇ ਭਵਿੱਖ ਤੇ ਨੌਜਵਾਨਾਂ ਦੀ ਬੇਰੁਜ਼ਗਾਰੀ ਤੇ ਨਸ਼ਾਖੋਰੀ ਦੇ ਮਸਲੇ ਉਭਰ ਕੇ ਸਾਹਮਣੇ ਆਏ। ਇਹ ਵੀ ਕਿ 1947 ਵਿਚ ਦੋ ਟੁਕੜੇ ਹੋਇਆ ਪੰਜਾਬ ਬੋਲੀ ਦੇ ਆਧਾਰ ਉਤੇ ਸੀਮਤ ਹੋਣ ਨਾਲ ਕੇਵਲ ਇੱਕ ਫਿਰਕੇ ਦੀ ਸਰਦਾਰੀ ਵਾਲਾ ਹੋ ਗਿਆ। ਇਸ ਦਾ ਇਕ ਪ੍ਰਤੀਕਰਮ ਇਹ ਵੀ ਹੋਇਆ ਕਿ ਇਸ ਨਾਲ ਅਤਿਵਾਦ ਨੂੰ ਸ਼ਹਿ ਮਿਲੀ ਜਿਸ ਦੇ ਨਤੀਜੇ ਅਸੀਂ ਭੁਗਤ ਚੁਕੇ ਹਾਂ। ਅਜੋਕਾ ਪੰਜਾਬ ਨਾ ਹੀ ਮਹਾਰਾਜਾ ਰਣਜੀਤ ਸਿੰਘ ਵਾਲਾ ਹੈ ਤੇ ਨਾ ਹੀ ਸ੍ਰੀ ਗੁਰੂ ਗੋਬਿੰਦ ਸਿੰਘ ਦੀ ਧਾਰਨਾ ਵਾਲਾ।
ਇਸਤਰੀ ਸ਼ਕਤੀ ਦਾ ਸਨਮਾਨ: ਮੁਖ ਮੰਤਰੀ ਅਮਰਿੰਦਰ ਸਿੰਘ ਨੇ ਨਵੇਂ ਮੰਤਰੀ ਮੰਡਲ ਦੀ ਪਹਿਲੀ ਬੈਠਕ ਵਿਚ ਹੀ ਸਰਕਾਰੀ ਤੇ ਗੈਰ ਸਰਕਾਰੀ ਕਾਰਜਾਂ ਵਿਚ ਇਸਤਰੀਆਂ ਨੂੰ 33 ਪ੍ਰਤੀਸ਼ਤ ਪ੍ਰਤੀਨਿਧਤਾ ਦੇਣ ਦਾ ਫੈਸਲਾ ਕੀਤਾ ਹੈ। ਇਸ ਦੀ ਪੈਰਵੀ ਕਰਦਿਆਂ ਛੇ ਜ਼ਿਲਿਆਂ ਦੀ ਵਾਗ ਡੋਰ ਮਹਿਲਾ ਅਧਿਕਾਰੀਆਂ ਦੇ ਹੱਥ ਹੈ। ਮੇਰੇ ਪੱਤਰਕਾਰ ਮਿੱਤਰ ਸੁਰਿੰਦਰ ਸਿੰਘ ਤੇਜ ਦੀ ਬੇਟੀ ਗੁਰਨੀਤ ਤੇਜ ਨੂੰ ਜ਼ਿਲਾ ਰੂਪਨਗਰ ਦੀ ਡਿਪਟੀ ਕਮਿਸ਼ਨਰ ਲਾਇਆ ਗਿਆ ਹੈ। ਗੁਰਨੀਤ ਕਰਨਾਟਕ ਕੇਡਰ ਦੀ ਆਈæਏæਐਸ਼ ਅਫਸਰ ਹੈ ਤੇ ਇਸ ਤੋਂ ਪਹਿਲਾਂ ਸਪੈਸ਼ਲ ਸੈਕਟਰੀ ਕੋਆਪਰੇਸ਼ਨ ਦੀ ਜ਼ਿਮੇਵਾਰੀ ਨਿਭਾ ਚੁਕੀ ਹੈ। ਉਹ ਡੈਪੂਟੇਸ਼ਨ ਦੇ ਆਧਾਰ ਉਤੇ ਪੰਜ ਸਾਲ ਵਾਸਤੇ ਪੰਜਾਬ ਪ੍ਰਸ਼ਾਸਨ ਵਿਚ ਤਾਇਨਾਤ ਹੈ।
ਅੰਤਿਕਾ: ਜਾਂਨਿਸਾਰ ਅਖਤਰ
ਅਪਨੇ ਤਾਰੀਕ ਮਕਾਨੋ ਸੇ ਤੋ ਬਾਹਰ ਝਾਂਕੋ
ਜ਼ਿੰਦਗੀ ਸ਼ਮਾਂ ਲੀਏ ਦਰ ਪਰ ਖੜੀ ਹੈ ਯਾਰੋ।
ਜਬ ਭੀ ਚਾਹੇਂਗੇ ਜ਼ਮਾਨੇ ਕੋ ਬਦਲ ਡਾਲੇਂਗੇ
ਸਿਰਫ ਕਹਿਨੇ ਕੇ ਲੀਏ ਬਾਤ ਬੜੀ ਹੈ ਯਾਰੋ।