ਪੰਜਾਬ, ਪਰਵਾਸ ਅਤੇ ਜੱਦੋਜਹਿਦ

ਰੋਜ਼ੀ-ਰੋਟੀ ਖਾਤਰ ਮਨੁੱਖ ਦੀ ਇਕ ਤੋਂ ਦੂਜੀ ਥਾਂ ਵੱਲ ਰਵਾਨਗੀ ਕੋਈ ਗੱਲ ਨਹੀਂ। ਸੰਸਾਰ ਦੇ ਵੱਖ-ਵੱਖ ਹਿੱਸਿਆਂ ਅੰਦਰ ਇਹ ਵਰਤਾਰਾ ਵੱਧ ਜਾਂ ਘੱਟ ਰੂਪ ਵਿਚ ਚਲਦਾ ਰਹਿੰਦਾ ਹੈ। ਸੀਨੀਅਰ ਪੱਤਰਕਾਰ ਸੁਰਿੰਦਰ ਸਿੰਘ ਤੇਜ ਨੇ ਇਸ ਵਰਤਾਰੇ ਬਾਰੇ ਸੰਖੇਪ ਟਿੱਪਣੀ ਕੀਤੀ ਹੈ ਜੋ ਅਸੀਂ ਆਪਣੇ ਲਈ ਪੇਸ਼ ਕਰ ਰਹੇ ਹਾਂ। ਇਸ ਵਿਚ ਪੰਜਾਬੀਆਂ ਦੇ ਪਰਵਾਸ ਲਈ ਅਹੁਲਣ ਬਾਰੇ ਜਜ਼ਬੇ ਦੀਆਂ ਗੱਲਾਂ ਵੀ ਹਨ।

-ਸੰਪਾਦਕ
ਸੁਰਿੰਦਰ ਸਿੰਘ ਤੇਜ
ਜਿਨ੍ਹਾਂ ਨੇ ਅਲੈਕਸ ਹੇਲੀ ਦਾ ਸ਼ਾਹਕਾਰ ਨਾਵਲ ‘ਰੂਟਸ’ ਪੜ੍ਹਿਆ ਹੋਇਆ ਹੈ, ਉਹ ਜਾਣਦੇ ਹਨ ਕਿ ਮਹਿਜ਼ ਡੇਢ ਸਦੀ ਪਹਿਲਾਂ ਤਕ ਅਫ਼ਰੀਕੀ ਮਹਾਂਦੀਪ ਦੇ ਲੋਕਾਂ ਨਾਲ ਬਾਕੀ ਦੁਨੀਆ ਕੀ ਸਲੂਕ ਕਰਦੀ ਸੀ। 1976 ਵਿਚ ਪਹਿਲੀ ਵਾਰ ਪ੍ਰਕਾਸ਼ਿਤ ਇਸ ਸ਼ਾਹਕਾਰ ਦਾ ਹੁਣ ਤਕ 87 ਜ਼ੁਬਾਨਾਂ ਵਿਚ ਤਰਜਮਾ ਹੋ ਚੁੱਕਾ ਹੈ। ਅਫ਼ਰੀਕਾ ਬਾਰੇ ਅਸੀਂ ਇਸ ਹੱਦ ਤਕ ਅਣਜਾਣ ਹਾਂ ਕਿ ਇਹ ਪੁਸਤਕ ਪੜ੍ਹਨ ਤੋਂ ਦੋ ਦਹਾਕੇ ਬਾਅਦ ਇਹ ਗਿਆਨ ਹੋਇਆ ਕਿ ਅਮਰੀਕਾ ਵਿਚ ਗ਼ੁਲਾਮੀ ਦੇ ਖ਼ਾਤਮੇ ਦੇ ਐਲਾਨ ਤੋਂ ਬਾਅਦ ਸਾਰੇ ਆਜ਼ਾਦ ਸਿਆਹਫ਼ਾਮ, ਅਮਰੀਕੀ ਭੂਮੀ ‘ਤੇ ਨਹੀਂ ਰਹੇ। ਉਨ੍ਹਾਂ ਵਿਚੋਂ ਕਈ ਹਜ਼ਾਰ ਆਪਣੀਆਂ ਜੜ੍ਹਾਂ ਦੀ ਤਲਾਸ਼ ਵਿਚ ਅਫ਼ਰੀਕਾ ਮਹਾਂਦੀਪ ਪਰਤ ਗਏ ਜਿਥੇ ਅਮਰੀਕੀ ਮਦਦ ਨਾਲ ਨਵਾਂ ਮੁਲਕ ਲਾਇਬੇਰੀਆ (ਆਜ਼ਾਦ ਧਰਤੀ) ਵਸਾਇਆ ਗਿਆ। ਇਹ ਅਫ਼ਰੀਕਾ ਮਹਾਂਦੀਪ ਦਾ ਸਭ ਤੋਂ ਪੁਰਾਣਾ ਗਣਤੰਤਰ ਹੈ, ਪਰ ਆਜ਼ਾਦ ਅਮਰੀਕੀ ਜਾਂ ਕੈਰੇਬਿਆਈ ‘ਗ਼ੁਲਾਮ’ ਇਥੋਂ ਦੀ ਵਸੋਂ ਦਾ ਸਿਰਫ਼ ਪੰਜ ਫ਼ੀਸਦੀ ਹਿੱਸਾ ਹੀ ਬਣ ਸਕੇ। ਬਾਕੀ ਲੋਕ ਆਸ-ਪਾਸ ਦੇ ਖੇਤਰਾਂ ਤੋਂ ਆ ਗਏ। ਇਹ ਮੁਲਕ ਸੰਯੁਕਤ ਰਾਸ਼ਟਰ ਦਾ ਮੈਂਬਰ ਹੈ, ਪਰ ਇਸ ਵਿਚ ਬਹੁਤ ਕੁਝ ਅਜਿਹਾ ਨਹੀਂ ਜਿਸ ਨੂੰ ਆਦਰਸ਼ ਕਿਹਾ ਜਾ ਸਕੇ। ਦਰਅਸਲ, ਮੁਲਕ ਵਸਾਏ ਜਾਣ ਦੇ ਦਸ ਸਾਲਾਂ ਦੇ ਅੰਦਰ ਹੀ ਉਥੇ ਸਿਆਹਫ਼ਾਮ ਅਫ਼ਰੀਕੀਆਂ ਨੇ ਉਸੇ ਕਬਾਇਲੀ ਬਿਰਤੀ ਦਾ ਮੁਜ਼ਾਹਰਾ ਸ਼ੁਰੂ ਕਰ ਦਿੱਤਾ ਜਿਸ ਦਾ ਜ਼ਿਕਰ ‘ਰੂਟਸ’ ਦੇ ਮੁੱਢ ਵਿਚ ਹੈ। ਵੱਖ-ਵੱਖ ਗੁੱਟ ਇਕ-ਦੂਜੇ ਦੀ ਧਰਤੀ ਤੇ ਖੁਰਾਕੀ ਵਸੀਲੇ ਹਥਿਆਉਣ ਲਈ ਬਿਲਕੁਲ ਉਨ੍ਹਾਂ ਜ਼ਾਲਮਾਨਾ ਤੌਰ-ਤਰੀਕਿਆਂ ਉਤੇ ਉਤਰ ਆਏ ਜਿਨ੍ਹਾਂ ਦੀ ਵਰਤੋਂ ਅਮਰੀਕੀ ਗੋਰੇ ਆਪਣੇ ਸਿਆਹਫ਼ਾਮ ਗ਼ੁਲਾਮਾਂ ਖ਼ਿਲਾਫ਼ ਕਰਦੇ ਰਹੇ ਸਨ। ਇਹ ਅਮਲ ਹੁਣ ਵੀ ਜਾਰੀ ਹੈ।
ਲਾਇਬੇਰੀਆ ਦਾ ਜ਼ਿਕਰ ਇਸ ਕਾਲਮ ਵਿਚ ਇਸ ਕਰ ਕੇ ਆਇਆ ਹੈ ਕਿ ਉਥੇ ਵੀ ਪੰਜਾਬੀ ਵਸੇ ਹੋਏ ਹਨ। ਉਹ ਉਥੇ ਵੱਸ ਕੇ ਖ਼ੂਬ ਫਲੇ-ਫੁਲੇ ਵੀ, ਪਰ ਖ਼ਤਰਿਆਂ ਦਾ ਪਰਛਾਵਾਂ ਲਗਾਤਾਰ ਬਰਕਰਾਰ ਹੈ। 1960ਵਿਆਂ ਤੋਂ 1980ਵਿਆਂ ਤਕ ਘੱਟ ਸੀ, 1990ਵਿਆਂ ਵਿਚ ਖ਼ਾਨਾਜੰਗੀ ਨੇ ਰਾਜਧਾਨੀ ਮੋਨਰੋਵੀਆ ਸਮੇਤ ਦੇਸ਼ ਦੇ ਬਹੁਤੇ ਹਿੱਸਿਆਂ ਵਿਚ ਪ੍ਰਸ਼ਾਸਨਿਕ ਖਲਾਅ ਪੈਦਾ ਕਰ ਦਿੱਤਾ। ਇਸ ਦਾ ਖ਼ਮਿਆਜ਼ਾ ਭਾਰਤੀਆਂ, ਖ਼ਾਸ ਕਰ ਕੇ ਪੰਜਾਬੀਆਂ ਨੂੰ ਵੀ ਭੁਗਤਣਾ ਪਿਆ। ਇਸ ਸਮੇਂ ਹਕੂਮਤੀ ਪ੍ਰਬੰਧ ਕੁਝ ਸਥਿਰ ਹੈ, ਪਰ ਮੁਸੀਬਤਾਂ ਬਰਕਰਾਰ ਹਨ। ਦਰਅਸਲ, ਅਫ਼ਰੀਕੀ ਮਹਾਂਦੀਪ ਵਿਚ ਪੰਜਾਬੀਆਂ ਲਈ ਹਾਲਾਤ ਕਦੇ ਵੀ ਬਹੁਤ ਸੁਖਾਵੇਂ ਨਹੀਂ ਰਹੇ। ਬ੍ਰਿਟਿਸ਼ ਹਕੂਮਤ ਨੂੰ ਦੁਨੀਆਂ ਦੇ ਵੱਖ-ਵੱਖ ਪਾਸਿਆਂ ‘ਤੇ ਸਥਿਤ ਆਪਣੀਆਂ ਬਸਤੀਆਂ ਵਿਚ ਜਦੋਂ ਖੇਤੀ ਤੇ ਹੋਰ ਸਾਧਨਾਂ ਦੇ ਵਿਕਾਸ ਲਈ ਮਜ਼ਦੂਰਾਂ ਦੀ ਲੋੜ ਪਈ ਤਾਂ ਕੈਰੇਬੀਅਨ ਖ਼ਿੱਤੇ ਵਿਚ ਉਹ 1870ਵਿਆਂ ਵਿਚ ਉਤਰ ਪ੍ਰਦੇਸ਼ ਤੇ ਬਿਹਾਰ ਤੋਂ ਗ਼ਰੀਬਾਂ ਨੂੰ ਜਹਾਜ਼ਾਂ ‘ਤੇ ਲੱਦ ਕੇ ਲੈ ਗਏ। ਮਲਾਇਆ (ਹੁਣ ਮਲੇਸ਼ੀਆ ਤੇ ਸਿੰਗਾਪੁਰ) ਵਿਚ ਰਬੜ ਦੀ ਕਾਸ਼ਤ ਲਈ ਮਦਰਾਸ ਪ੍ਰੈਜ਼ੀਡੈਂਸੀ ਤੋਂ ਤਾਮਿਲ ਗ਼ਰੀਬਾਂ ਦੀ ਵੱਡੀ ਗਿਣਤੀ ਉਥੇ ਪਹੁੰਚਾ ਦਿੱਤੀ ਗਈ। ਅਫ਼ਰੀਕਾ ਵਿਚ ਅਜਿਹੇ ਕੰਮ ਲਈ ਉਥੋਂ ਦੇ ਸਿਆਹਫ਼ਾਮ ਲੋਕ ਵੱਡੀ ਗਿਣਤੀ ਵਿਚ ਮੌਜੂਦ ਸਨ, ਪਰ 1910ਵਿਆਂ ਵਿਚ ਰੇਲ ਪਟੜੀਆਂ, ਪੁਲਾਂ ਤੇ ਇਮਾਰਤਾਂ ਦੀ ਉਸਾਰੀ ਲਈ ਹੁਨਰਮੰਦ ਕਾਮਿਆਂ ਦੀ ਲੋੜ ਸੀ। ਇਸ ਲਈ ਪੰਜਾਬ ਤੋਂ ਰਾਮਗੜ੍ਹੀਆ ਸਮਾਜ ਨੂੰ ਕੀਨੀਆ, ਯੂਗਾਂਡਾ ਤੇ ਟਾਕਾਨਿਕਾ (ਮੌਜੂਦਾ ਤਨਜ਼ਾਨੀਆ) ਅਤੇ ਮੌਜ਼ੰਬੀਕ ਲਿਜਾਇਆ ਗਿਆ। ਗੁਜਰਾਤੀ ਪਟੇਲ ਉਸ ਖ਼ਿੱਤੇ ਵਿਚ ਭਾਰਤੀਆਂ ਦੀ ਵੱਡੀ ਮੌਜੂਦਗੀ ਵਿਚੋਂ ਕਾਰੋਬਾਰੀ ਮੌਕਿਆਂ ਨੂੰ ਸੁੰਘਦਿਆਂ ਉਥੇ ਪਹੁੰਚ ਗਏ। 1920ਵਿਆਂ ਵਿਚ ਸ਼ੁਰੂ ਹੋਏ ਇਸ ਅਮਲ ਸਦਕਾ ਪੰਜਾਬੀਆਂ ਤੇ ਗੁਜਰਾਤੀਆਂ ਨੇ ਉਥੇ ਆਪਣੇ ਕਾਰੋਬਾਰੀ ਸਾਮਰਾਜ ਵੀ ਸਿਰਜ ਲਏ, ਪਰ ਜਦੋਂ ਇਹ ਸਾਰੇ ਖ਼ਿੱਤੇ ਬ੍ਰਿਟਿਸ਼ ਸਾਮਰਾਜ ਤੋਂ ਆਜ਼ਾਦ ਹੋ ਗਏ ਤਾਂ ਦੱਖਣ ਏਸ਼ਿਆਈਆਂ ਦੀ ਖ਼ੁਸ਼ਹਾਲੀ ਹੀ ਉਨ੍ਹਾਂ ਦੀ ਵੈਰੀ ਬਣ ਗਈ। ਉਹ ਧਰਤੀ ਦੇ ਜਾਏ ਨਹੀਂ, ਧਾੜਵੀਂ ਮੰਨੇ ਜਾਣ ਲੱਗੇ। ਅਜਿਹੇ ਵਿਰੋਧ ਕਾਰਨ ਉਨ੍ਹਾਂ ਨੂੰ ਆਪਣੇ ਰਾਸ਼ਟਰਮੰਡਲ ਪਾਸਪੋਰਟਾਂ ਦੀ ਬਦੌਲਤ ਪਹਿਲਾਂ ਬ੍ਰਿਟੇਨ ਅਤੇ ਫਿਰ ਕੈਨੇਡਾ-ਅਮਰੀਕਾ ਵੱਲ ਜਾਣਾ ਪਿਆ। ਜਿਹੜੇ ਖ਼ੁਸ਼ਹਾਲ ਨਹੀਂ ਸਨ, ਉਹ ਹੋਰਨਾਂ ਨੇੜਲੇ ਅਫ਼ਰੀਕੀ ਮੁਲਕਾਂ ਵਿਚ ਖਿੰਡਣ ਲੱਗੇ। ਕੁਝ ਕੁ ਹਜ਼ਾਰ ਭਾਰਤੀ-ਅਫ਼ਰੀਕੀ ਲਾਇਬੇਰੀਆ ਵੀ ਜਾ ਪੁੱਜੇ ਜਿਥੇ ਨਿੱਕੇ-ਨਿੱਕੇ ਕਾਰੋਬਾਰਾਂ ਦੇ ਜ਼ਰੀਏ ਉਹ ਖ਼ੁਸ਼ਹਾਲ ਹੋਣ ਲੱਗੇ। ਇਹੀ ਖ਼ੁਸ਼ਹਾਲੀ ਫਿਰ ਉਨ੍ਹਾਂ ਦੀ ਦੁਸ਼ਮਣ ਬਣ ਗਈ।
ਇਲੈਕਟ੍ਰਾਨਿਕ ਤੇ ਸੋਸ਼ਲ ਮੀਡੀਆ ‘ਤੇ ਪੰਜਾਬੀਆਂ ਬਾਰੇ ਕੁਝ ਹੌਲਨਾਕ ਦ੍ਰਿਸ਼ ਦੇਖ ਕੇ ਮਨ ਵਿਚ ਸਵਾਲ ਉਠਣਾ ਸੁਭਾਵਿਕ ਹੈ ਕਿ ਸਾਡੇ ਬੰਦੇ ਉਥੇ ਕਿਉਂ ਫਸੇ ਪਏ ਹਨ। ਉਹ ਜਾਨ ਜੋਖੋਂ ਵਿਚ ਪਾ ਕੇ ਉਨ੍ਹਾਂ ਖ਼ਿੱਤਿਆਂ ਵਿਚ ਕਿਉਂ ਬੈਠੇ ਹਨ ਜਿਥੇ ਮੌਤ, ਪਰਛਾਵੇਂ ਵਾਂਗ ਨਾਲ-ਨਾਲ ਤੁਰੀ ਫਿਰਦੀ ਹੈ? ਮਹੀਨਾ ਪਹਿਲਾਂ ਇਕ ਭਾਈਚਾਰਕ ਸਮਾਗਮ ਵਿਚ ਮਿਲੇ ਇਕ ਲਾਇਬੇਰੀਆ-ਵਾਸੀ ਪੰਜਾਬੀ ਨੇ ਦੱਸਿਆ ਸੀ ਕਿ ਢਾਈ ਦਹਾਕੇ ਪਹਿਲਾਂ ਉਸ ਦਾ ਪਰਿਵਾਰ ਉਸ ਦੇ ਨਾਲ ਸੀ, 1990ਵਿਆਂ ਵਿਚ ਖ਼ਾਨਾਜੰਗੀ ਤੇਜ਼ ਹੋਣ ਮਗਰੋਂ ਉਸ ਨੇ ਪਰਿਵਾਰ ਵਾਪਸ ਜਲੰਧਰ ਭੇਜਣਾ ਮੁਨਾਸਿਬ ਸਮਝਿਆ। ਫ਼ੌਜੀ ਇਤਿਹਾਸਕਾਰ ਸੁਸ਼ਾਂਤ ਸਿੰਘ ਦੀ ਕਿਤਾਬ ‘ਡਿਫੀਟ ਇਜ਼ ਐਨ ਔਰਫ਼ਨ’ (ਹਾਰ ਅਨਾਥ ਹੁੰਦੀ ਹੈ) ਲਾਇਬੇਰੀਆ ਤੇ ਇਸ ਦੇ ਗੁਆਂਢੀ ਸੀਏਰਾ ਲਿਓਨ ਵਿਚ ਵਸੇ ਆਮ ਭਾਰਤੀਆਂ ਦੀਆਂ ਨਿੱਤ ਦੀਆਂ ਦੁਸ਼ਵਾਰੀਆਂ ਤੋਂ ਇਲਾਵਾ ਦੋਵਾਂ ਦੇਸ਼ਾਂ ਵਿਚ ਤਾਇਨਾਤ ਰਹੀਆਂ ਭਾਰਤੀ ਅਮਨ ਸੈਨਿਕਾਂ ਦੀਆਂ ਟੁਕੜੀਆਂ ਦੇ ਹਸ਼ਰ ਦਾ ਹੌਲਨਾਕ ਮੰਜ਼ਰ ਸਿਰਜਦੀ ਹੈ। ਦਰਅਸਲ, ਸੀਏਰਾ ਲਿਓਨ ਵਿਚ ਤਾਂ ਇਕ ਭਾਰਤੀ ਫ਼ੌਜੀ ਯੂਨਿਟ, ਬਾਗ਼ੀਆਂ ਦੀ ਘੇਰਾਬੰਦੀ ਵਿਚ ਅਜਿਹੀ ਫਸ ਗਈ ਸੀ ਕਿ ਇਕ ਭਾਰਤੀ ਸੈਨਿਕ ਕਮਾਂਡਰ ਨੇ ਆਪਣੀ ਨੌਕਰੀ ਦਾਅ ‘ਤੇ ਲਾ ਕੇ ਕੁਝ ਦਲੇਰਾਨਾ ਫ਼ੈਸਲੇ ਕੀਤੇ ਅਤੇ ਸਮੁੱਚੀ ਯੂਨਿਟ ਨੂੰ ਕੋਹੇ ਜਾਣ ਤੋਂ ਬਚਾ ਲਿਆ। ਅਜਿਹੇ ਹਾਲਾਤ ਦੇ ਮੱਦੇਨਜ਼ਰ ਚਾਰ ਕੁ ਸੌ ਪੰਜਾਬੀਆਂ ਵੱਲੋਂ ਇਨ੍ਹਾਂ ਮੁਲਕਾਂ ਵਿਚ ਕਾਰੋਬਾਰੀ ਮੋਰਚੇ ਲਾਈ ਰੱਖਣੇ ਜੁਝਾਰੂ ਜਜ਼ਬੇ ਨੂੰ ਲੋੜੋਂ ਵੱਧ ਖਿੱਚਣਾ ਜਾਪਦਾ ਹੈ; ਪਰ ਜਿਵੇਂ ਕਿ ਉਸ ਲਾਇਬੇਰੀਅਨ ਪੰਜਾਬੀ ਦਾ ਕਹਿਣਾ ਸੀ, ‘ਵਤਨ ਪਰਤਣ ਬਾਰੇ ਸੋਚਦਿਆਂ ਹੀ ਹਾਰੇ ਹੋਏ ਫ਼ੌਜੀਆਂ ਵਾਲੀ ਨਮੋਸ਼ੀ ਮਹਿਸੂਸ ਹੁੰਦੀ ਹੈ। ਇਥੇ ਬੈਠੇ ਹਾਂ ਤਾਂ ਘੱਟੋਘੱਟ ਇਹ ਅਹਿਸਾਸ ਤਾਂ ਬਣਿਆ ਹੋਇਆ ਹੈ ਕਿ ਵਰ੍ਹਿਆਂ ਦੀ ਮਿਹਨਤ ਰਾਹੀਂ ਜੋ ਕੁਝ ਬਣਾਇਆ, ਉਹ ਅਜੇ ਸਾਡੇ ਹੀ ਹੱਥਾਂ ਵਿਚ ਹੈ।’
ਇਹ ਅਹਿਮਕਾਈ ਹੈ ਜਾਂ ਸੱਚਮੁੱਚ ਜੁਝਾਰੂ ਜਜ਼ਬਾ, ਇਸ ਬਾਰੇ ਫ਼ੈਸਲਾ ਕਰਨਾ ਆਸਾਨ ਨਹੀਂ। ਅਫ਼ਰੀਕਾ ਮਹਾਂਦੀਪ ਹੋਵੇ ਜਾਂ ਅਮਰੀਕੀ ਮਹਾਂਦੀਪ, ਪੰਜਾਬੀ ‘ਟਰੰਪਨੁਮਾ’ ਖ਼ਤਰਿਆਂ ਦੇ ਬਾਵਜੂਦ ਵਿਦੇਸ਼ ਜਾ ਵੱਸਣ ਦੀ ਲਾਲਸਾ ਤਿਆਗਣ ਲਈ ਤਿਆਰ ਨਹੀਂ। ਇਸ ਬਿਰਤੀ ਨੂੰ ਗਤੀਸ਼ੀਲਤਾ ਦੀ ਨਿਸ਼ਾਨੀ ਕਰੀਏ ਜਾਂ ਬੇਲੋੜੀ ਜਾਂਬਾਜ਼ੀ, ਇਸ ਨੇ ਸੰਘਰਸ਼ ਦੇ ਜਜ਼ਬੇ ਨੂੰ ਬੁਲੰਦ ਜ਼ਰੂਰ ਰੱਖਿਆ ਹੋਇਆ ਹੈ। ਕੀ ਇਹੋ ਜਜ਼ਬਾ ਪੰਜਾਬ ਦੀ ਧਰਤੀ ਉਤੇ ਟਿਕੇ ਰਹਿ ਕੇ ਇੱਥੇ ਨਵੀਂ ਰੂਹ ਫੂਕਣ ਲਈ ਨਹੀਂ ਵਰਤਿਆ ਜਾ ਸਕਦਾ?