ਸੁਰਿੰਦਰ ਸੋਹਲ
ਖ਼ਲੀਲ ਜਿਬਰਾਨ ਦਾ ਨਾਵਲ ‘ਪੈਗ਼ੰਬਰ’ ਇਨ੍ਹਾਂ ਸਤਰਾਂ ਨਾਲ ਸ਼ੁਰੂ ਹੁੰਦਾ ਹੈ, “ਪਸੰਦੀਦਾ ਤੇ ਹਰਮਨ-ਪਿਆਰਾ ਅਲਮੁਸਤਫਾ, ਜੋ ਆਪਣੇ ਸਮੇਂ ਪ੍ਰਸਿੱਧੀ ਦੀ ਸਿਖਰ ‘ਤੇ ਸੀ, ਓਰਫਲੀਸ ਸ਼ਹਿਰ ਵਿਚ ਬਾਰ੍ਹਾਂ ਸਾਲਾਂ ਲਈ ਆਪਣੇ ਉਸ ਜਹਾਜ਼ ਦੀ ਉਡੀਕ ਕਰਦਾ ਰਿਹਾ, ਜਿਸ ਨੇ ਵਾਪਸ ਪਰਤ ਕੇ ਉਸ ਨੂੰ ਉਸ ਦੇ ਜਨਮ ਭੋਂ ਵਾਲੇ ਟਾਪੂ ‘ਤੇ ਲਿਜਾਣਾ ਸੀ।
ਬਾਰ੍ਹਵੇਂ ਸਾਲ, ਵਾਢੀਆਂ ਵਾਲੇ ਇਅਲੂਲ ਮਹੀਨੇ ਦੇ ਸਤਵੇਂ ਦਿਨ, ਉਹ ਉਸ ਪਹਾੜੀ ਉਤੇ ਚੜ੍ਹ ਕੇ, ਜੋ ਸ਼ਹਿਰ ਦੀ ਚਾਰਦੀਵਾਰੀ ਦੇ ਬੰਧਨਾਂ ਤੋਂ ਆਜ਼ਾਦ ਸੀ, ਸਮੁੰਦਰ ਵੱਲ ਟਿਕਟਿਕੀ ਲਾ ਕੇ ਵੇਖਣ ਲੱਗਾ, ਧੁੰਦਲਕੇ ਵਿਚ ਦੂਰੋਂ ਹੀ ਉਸ ਨੂੰ ਆਪਣਾ ਜਹਾਜ਼ ਆਉਂਦਾ ਦਿਸਿਆ।” (ਅਨੁਵਾਦਕ-ਡਾæ ਜਗਦੀਸ਼ ਕੌਰ ਵਾਡੀਆ)
ਮੈਂ ਇਨ੍ਹਾਂ ਸਤਰਾਂ ਨੂੰ ਇਸ ਤਰ੍ਹਾਂ ਡੀਕੋਡ ਕਰਦਾ ਰਿਹਾ ਹਾਂ, “ਅਲਮੁਸਤਫਾ ਮਨੁੱਖੀ ਜੀਵਨ ਹੈ, ਓਰਫਲੀਸ ਇਹ ਸੰਸਾਰ ਹੈ, ਸਮੁੰਦਰ ਭਵ-ਸਾਗਰ ਹੈ, ਸ਼ਹਿਰ ਦੀ ਚਾਰ-ਦੀਵਾਰੀ ਸੰਸਾਰਕ ਮੋਹ ਦੀਆਂ ਤੰਦਾਂ ਹਨ, ਪਹਾੜੀ ਦੀ ਸਿਖਰ ਰੂਹਾਨੀਅਤ ਦੀ ਬੁਲੰਦੀ ਹੈ, ਜਹਾਜ਼ ਮੌਤ ਦਾ ਪ੍ਰਤੀਕ ਹੈ ਤੇ ਜਨਮ ਭੋਂ ਵਾਲਾ ਟਾਪੂ ਪਰਲੋਕ।”
ਜਿਨ੍ਹਾਂ ਲੇਖਕਾਂ ਨੂੰ ਮੈਂ ਲਿਖਣਾ ਸਿੱਖਣ ਦੀ ਦ੍ਰਿਸ਼ਟੀ ਤੋਂ ਪੜ੍ਹਿਆ, ਖ਼ਲੀਲ ਜਿਬਰਾਨ ਉਨ੍ਹਾਂ ਵਿਚੋਂ ਇਕ ਹੈ। ਜਿਬਰਾਨ ਦੀ ਫਿਕਰੇਬੰਦੀ ਨੇ ਮੈਨੂੰ ਹਮੇਸ਼ਾ ਮੁਤਾਸਰ ਕੀਤਾ। ਉਸ ਦੇ ਵਾਕਾਂ ਵਿਚ ਲਹਿਰਾਂ ਵਰਗੇ ਉਸਲ-ਵੱਟੇ ਅਤੇ ਉਤਰਾ-ਚੜ੍ਹਾਅ ਹੁੰਦੇ ਨੇ। ਹਵਾ ਨੂੰ ਗੰਢ ਪੈ ਕੇ ਉਠਦੇ ਵਾਵਰੋਲਿਆਂ ਵਰਗੀ ਦਿਲਕਸ਼ ਵਿਲੱਖਣਤਾ ਹੁੰਦੀ ਹੈ। ਸ਼ਬਦ ਜੜਤ ਇੰਜ, ਜਿਵੇਂ ਰਜਨੀਗੰਧਾ ਦੇ ਮਨਮੋਹਣੇ ਫੁੱਲਾਂ ਦੀ ਲੜੀ। ਪੈਰੇ ਇੰਜ ਜਿਵੇਂ ਕਿਸੇ ਦੀਵੇ ਬਾਲ ਕੇ ਮੇਜ਼ ‘ਤੇ ਟਿਕਾ ਦਿੱਤੇ ਹੋਣ। ਇਨ੍ਹਾਂ ਵਿਚ ਪੇਸ਼ ਖਿਆਲ ਪਾਠਕ ਨੂੰ ਸੰਸਾਰੀ ਝੰਜਟਾਂ ਦੇ ਮੱਕੜ ਜਾਲ ‘ਚੋਂ ਕੱਢ ਕੇ ਰੂਹਾਨੀ ਉਚਾਈਆਂ ਤਕ ਲੈ ਜਾਣ ਵਾਲੇ। ਖ਼ਲੀਲ ਜਿਬਰਾਨ ਮੈਂ ਲਗਪਗ ਸਾਰਾ ਪੜ੍ਹਿਆ, ਪਰ ‘ਟੁੱਟੇ ਖੰਭ’ ਅਤੇ ‘ਪੈਗ਼ੰਬਰ’ ਵਾਰ ਵਾਰ ਪੜ੍ਹੇ।
51 ਵੈਸਟ, 10 ਸਟਰੀਟ ਮੈਨਹਾਟਨ ਵਿਚ ਉਹ ਬਿਲਡਿੰਗ ਹੈ, ਜਿਸ ਦੀ ਤੀਸਰੀ ਮੰਜ਼ਿਲ ‘ਤੇ ਜਿਬਰਾਨ ਕਈ ਵਰ੍ਹੇ ਰਿਹਾ। ਮੈਂ ਜਦੋਂ ਵੀ ਇਸ ਗਲੀ ਵਿਚੋਂ ਲੰਘਦਾ ਹਾਂ, ਗੱਡੀ ਦੀ ਸਪੀਡ ਮੱਲੋ-ਮਲੀ ਘਟ ਜਾਂਦੀ ਹੈ। ਇਸ ਇਮਾਰਤ ਅੱਗੇ ਸਿਰ ਝੁਕ ਜਾਂਦਾ ਹੈ। ਸੋਚਾਂ ਹੀ ਸੋਚਾਂ ਵਿਚ ਜਿਬਰਾਨ ਦੀ ਹਾਜ਼ਰੀ ਮਹਿਸੂਸ ਹੁੰਦੀ ਹੈ। ਹਵਾਵਾਂ ਵਿਚ ਉਸ ਦੇ ਸਾਹਾਂ ਦਾ ਅਹਿਸਾਸ ਹੁੰਦਾ ਹੈ। ਪੱਕੀਆਂ ਗਲੀਆਂ ਵਿਚ ਉਸ ਦੇ ਕਦਮਾਂ ਦੇ ਨਿਸ਼ਾਨ ਭਾਵੇਂ ਨਜ਼ਰ ਨਹੀਂ ਆਉਂਦੇ, ਪਰ ਵਕਤ ਦੀ ਕੈਨਵਸ ‘ਤੇ ਉਹ ਸਦੀਵੀ ਨਕਸ਼ ਛੱਡ ਗਿਆ ਹੈ।
ਮਿਖ਼ਾਈਲ ਨਈਮੀ ਦੀ ਰਚਨਾ ‘ਮੀਰਦਾਦ ਦੀ ਪੁਸਤਕ’ ਨੇ ਮੇਰੀ ਸੋਚ ਨੂੰ ਇੰਜ ਕੋਮਲ ਤੇ ਜਿਊਣ-ਜੋਗੀ ਬਣਾ ਦਿੱਤਾ ਜਿਵੇਂ ਰਾਮ ਛੋਹ ਨਾਲ ਸਿੱਲ੍ਹ ਜੂਨੀ ‘ਚੋਂ ਅਹੱਲਿਆ ਨੂੰ ਜੀਵਨ ਮਿਲ ਗਿਆ ਹੋਵੇ। ਇਸ ਕਿਤਾਬ ਦੀ ਪੜ੍ਹਤ ਰਹੱਸਮਈ ਸੈਨਤਾਂ ਨਾਲ ਮੈਨੂੰ ਹੋਰ ਤਰਲ ਬਣਾਉਂਦੀ ਰਹਿੰਦੀ ਹੈ।
ਮਿਖ਼ਾਈਲ ਨਈਮੀ ਦੁਆਰਾ ਅਰਬੀ ਜ਼ਬਾਨ ਵਿਚ ਲਿਖੀ, ਅੰਗਰੇਜ਼ੀ ਦਾ ਪੈਂਡਾ ਗਾਹੁੰਦੀ ਖ਼ਲੀਲ ਜਿਬਰਾਨ ਦੀ ਜੀਵਨੀ ਜੰਗ ਬਹਾਦੁਰ ਗੋਇਲ ਦੇ ਅਨੁਵਾਦ ਰਾਹੀਂ ਪੰਜਾਬੀ ਵਿਚ ਪਹੁੰਚੀ ਹੈ।
ਜੰਗ ਬਹਾਦੁਰ ਗੋਇਲ ਪਹਿਲਾਂ ਹੀ ਦੁਨੀਆਂ ਦੇ ਸ਼ਾਹਕਾਰ ਨਾਵਲਾਂ ਦੇ ਸੰਖੇਪ ਰੂਪ ਪੰਜਾਬੀ ਵਿਚ ਚਾਰ ਭਾਗਾਂ ਵਿਚ ਪਾਠਕਾਂ ਨੂੰ ਦੇ ਚੁਕਾ ਹੈ। ਮੈਨੂੰ ਨਹੀਂ ਪਤਾ ਕਿ ਉਸ ਦੀ ਕੋਈ ਮੌਲਿਕ ਰਚਨਾ ਹੈ ਕਿ ਨਹੀਂ, ਪਰ ਉਸ ਦੀ ਲਿਖਤ ਹੰਢੇ-ਵਰਤੇ ਲੇਖਕ ਜਿਹੀ ਪਰਪੱਕ ਹੈ। ਉਹ ਨਾਵਲ ਦੀ ਕਹਾਣੀ ਨੂੰ ਏਨੀ ਕੁ ਰਸ-ਭਰਪੂਰ ਬਣਾ ਕੇ ਪਾਠਕ ਅੱਗੇ ਪੇਸ਼ ਕਰ ਦਿੰਦਾ ਹੈ ਕਿ ਪਾਠਕ ਵਿਚ ਪੂਰਾ ਨਾਵਲ ਪੜ੍ਹਨ ਦੀ ਉਤਸੁਕਤਾ ਪੈਦਾ ਹੋ ਜਾਂਦੀ ਹੈ।
ਖ਼ਲੀਲ ਜਿਬਰਾਨ ਦੀ ਜੀਵਨੀ ਦਾ ਅਨੁਵਾਦ ਕਰਦਿਆਂ ਉਸ ਦਾ ਕਹਿਣਾ ਹੈ, “ਮੇਰਾ ਹਰ ਯਤਨ ਇਹੋ ਰਿਹਾ ਹੈ ਕਿ ਇਸ ਪੁਸਤਕ ਨੂੰ ਪੜ੍ਹਦਿਆਂ ਪਾਠਕ ਇੰਜ ਮਹਿਸੂਸ ਕਰੇ ਜਿਵੇਂ ਇਹ ਮੂਲ ਰੂਪ ਵਿਚ ਪੰਜਾਬੀ ‘ਚ ਹੀ ਲਿਖੀ ਗਈ ਹੋਵੇ।” (ਪੰਨਾ 16) ਉਸ ਦੇ ਅਨੁਵਾਦ ‘ਚ ਨਦੀਆਂ ਵਰਗੀ ਰਵਾਨੀ ਅਤੇ ਹਵਾਵਾਂ ਵਰਗੀ ਰੁਮਕਣੀ ਹੈ।
ਜਦੋਂ ਮੈਂ ਏਨੀ ਖ਼ੂਬਸੂਰਤ ਕਿਤਾਬ ਦੀ ਗੋਇਲ ਨੂੰ ਮੁਬਾਰਕਬਾਦ ਕਹੀ ਤਾਂ ਜਵਾਬ ਸੀ, “ਇਹ ਅਨੁਵਾਦ ਕਰਦਿਆਂ ਮੈਂ ਨਈਮੀ ਅਤੇ ਖ਼ਲੀਲ ਦੀ ਆਤਮਾ ‘ਚ ਹੀ ਪਰਵੇਸ਼ ਕਰ ਗਿਆ ਸੀ। ਸ਼ਬਦ ਆਪਣੇ ਆਪ ਹੀ ਬਾਰਿਸ਼ ਵਾਂਗ ਡਿਗਦੇ ਰਹੇ। ਇਹ ਮੇਰੀ ਰੂਹਾਨੀ ਯਾਤਰਾ ਹੈ। ਸਿੰਘ ਬ੍ਰਦਰਜ਼, ਅੰਮ੍ਰਿਤਸਰ ਨੇ ਬਹੁਤ ਅਕੀਦਤ ਨਾਲ ਛਾਪੀ ਹੈ।”
ਖ਼ਲੀਲ ਜਿਬਰਾਨ ਅਤੇ ਮਿਖ਼ਾਈਲ ਨਈਮੀ ਦੋਵੇਂ ਲਿਬਨਾਨ ਦੇ ਸਨ। ਸਮਕਾਲੀ ਸਨ। ਗੂੜ੍ਹੇ ਮਿੱਤਰ ਸਨ। ਰੂਹਾਨੀਅਤ ਦੀ ਸਿਖਰ ਨੂੰ ਬਰਾਬਰ ਹੀ ਛੂਹ ਚੁਕੇ ਸਨ। ਜਦੋਂ ਜਿਬਰਾਨ ਦੀ ਮੌਤ ਤੋਂ ਬਾਅਦ ਨਈਮੀ ਲਿਬਨਾਨ ਗਿਆ ਤਾਂ ਉਸ ਮੁਤਾਬਕ ਜਿਬਰਾਨ ‘ਮਿੱਥ’ ਬਣ ਚੁਕਾ ਸੀ। ਜ਼ਾਹਰ ਹੈ ‘ਪੈਗ਼ੰਬਰ’ ਨਾਵਲ ਦੇ ‘ਅਲਮੁਸਤਫਾ’ ਵਰਗਾ ਪਾਤਰ ਸਿਰਜਣ ਵਾਲਾ ਲੇਖਕ ਰੂਹਾਨੀਅਤ ਦੀ ਬੁਲੰਦੀ ਨੂੰ ਚੁੰਮ ਚੁਕਾ ਹੋਵੇਗਾ।
ਮਿਖ਼ਾਈਲ ਨਈਮੀ ਉਸ ‘ਮਿੱਥ’ ਨੂੰ ਤੋੜ ਕੇ ਜਦੋਂ ਜਿਬਰਾਨ ਨੂੰ ਸਾਧਾਰਨ ਮਨੁੱਖ ਦੀ ਸਥਿਤੀ ਵਿਚ ਲਿਆਉਂਦਾ ਹੈ ਤਾਂ ਕਈ ਭਰਮ-ਭੁਲੇਖੇ ਦੂਰ ਹੋ ਜਾਂਦੇ ਹਨ। ਸਾਧਾਰਨ ਮਨੁੱਖ ਤੋਂ ਮਹਾਨ ਮਨੁੱਖ ਬਣਨ ਦੀ ਯਾਤਰਾ ਦੇ ਦਰਸ਼ਨ ਹੁੰਦੇ ਹਨ।
ਜਿਬਰਾਨ ਵਿਚ ਆਮ ਮਨੁੱਖਾਂ ਵਾਲੇ ਸਾਰੇ ਗੁਣ-ਔਗੁਣ ਸਨ। ਪਰ ਜਦੋਂ ਮਨੁੱਖ ਮਨ ਦੇ ਵਿਕਾਰਾਂ ‘ਤੇ ਕਾਬੂ ਪਾ ਕੇ ‘ਆਪਣਾ ਮੂਲ ਪਛਾਣ’ ਲੈਂਦਾ ਹੈ ਤਾਂ, ਉਸ ਦਾ ਜੋ ਹਾਸਿਲ ਹੁੰਦਾ ਹੈ, ਉਹ ਹੈ ਖ਼ਲੀਲ ਜਿਬਰਾਨ। ਜਿਬਰਾਨ ਦਾ ਅਜਿਹਾ ਕਾਇਆ-ਕਲਪ ਹੋਇਆ ਕਿ ਉਸ ਦੀਆਂ ਰਚਨਾਵਾਂ ਵਿਚ ਸਮੁੰਦਰ ਵਰਗੀ ਗਹਿਰਾਈ ਆ ਗਈ। ਚਿੱਤਰਾਂ ਵਿਚ ਅੰਬਰ ਵਰਗੀ ਵਿਸ਼ਾਲਤਾ। ਉਸ ਦੀਆਂ ਕਿਰਤਾਂ ਦੇ ਅਰਥ ਹੋ ਗਹਿਰੇ, ਹੋਰ ਸੰਘਣੇ ਹੁੰਦੇ ਗਏ। ਕਾਇਆ-ਕਲਪ ਤੋਂ ਬਾਅਦ ਖ਼ਲੀਲ ਜਿਬਰਾਨ ਇਕ ਕਵਿਤਾ ਵਿਚ ਲਿਖਦਾ ਹੈ,
ਮੇਰੀ ਆਤਮਾ ਨੇ
ਮੈਨੂੰ ਇਹ ਭਰੋਸਾ ਦਿੱਤਾ ਹੈ
ਕਿ ਨਾ ਮੈਂ ਕਿਸੇ ਬੌਣੇ ਆਦਮੀ
ਤੋਂ ਬਿਹਤਰ ਹਾਂ ਤੇ
ਨਾ ਹੀ ਮੈਂ ਕਿਸੇ ਮਹਾਂ-ਮਾਨਵ
ਸਾਹਮਣੇ ਬੌਣਾ ਹਾਂ
ਇਸ ਤੋਂ ਪਹਿਲਾਂ ਮੈਂ ਲੋਕਾਂ ਨੂੰ
ਜਾਂ ਤਾਂ ਕਮਜ਼ੋਰ ਤੇ ਲਾਚਾਰ ਸਮਝਦਾ ਸੀ
ਜਾਂ ਏਨਾ ਸ਼ਕਤੀਸ਼ਾਲੀ
ਜਿਨ੍ਹਾਂ ਤੋਂ ਮੈਂ ਖੌਫ ਖਾਂਦਾ ਸੀ
ਸਿੱਟੇ ਵਜੋਂ
ਮੇਰੇ ਕੋਲ ਦੋ ਹੀ ਰਸਤੇ ਸਨ-
ਇਕ ਸੀ ਕਿਸੇ ਫਿਰਕੇ ਦਾ
ਪੈਗ਼ੰਬਰ ਬਣਨਾ
ਤੇ ਦੂਜਾ ਸੀ ਤਾਕਤਵਰ ਲੋਕਾਂ
ਵਿਰੁਧ ਲੜਨਾ
ਪਰ ਮੈਂ ਹੌਲੀ ਹੌਲੀ
ਇਹ ਜਾਣ ਗਿਆ ਸੀ
ਕਿ ਮੇਰਾ ਵਜੂਦ ਵੀ
ਉਨ੍ਹਾਂ ਹੀ ਤੱਤਾਂ ਦਾ ਬਣਿਆ ਹੋਇਆ ਸੀ
ਜਿਨ੍ਹਾਂ ਨਾਲ ਸਮੁੱਚੀ ਮਨੁੱਖ ਜਾਤੀ
ਬਣੀ ਹੋਈ ਹੈ। (ਪੰਨਾ 155)
ਖ਼ਲੀਲ ਜਿਬਰਾਨ ਦੇ ਚਿੱਤਰਾਂ ਦੀ ਵਿਆਖਿਆ ਇਸ ਪੁਸਤਕ ਨੂੰ ਹੋਰ ਵੀ ਦਿਲਚਸਪ ਬਣਾਉਂਦੀ ਹੈ,
‘ਨਿਆਂ’ ਦੇ ਚਿੱਤਰ ਵਿਚ ਨਿਆਂ ਨੂੰ ਇਕ ਸ਼ਕਤੀਸ਼ਾਲੀ ਆਦਮੀ ਦੇ ਰੂਪ ਵਿਚ ਚਿੱਤਰਤ ਕੀਤਾ ਗਿਆ ਸੀ, ਜਿਸ ਦੇ ਖੱਬੇ ਹੱਥ ਵਿਚ ਤੱਕੜੀ ਸੀ, ਜਿਸ ‘ਤੇ ਉਹ ਬੜੇ ਮਾਣ-ਮੱਤੇ ਢੰਗ ਨਾਲ ਝੁਕਿਆ ਹੋਇਆ ਸੀ। ਉਸ ਦੇ ਸੱਜੇ ਹੱਥ ਦੇ ਪੱਲੜੇ ਵਿਚ ਰੱਖਿਆ ਇਕ ਪਿਆਲਾ ਧਰਤੀ ਨੂੰ ਛੂਹ ਰਿਹਾ ਸੀ ਤੇ ਦੂਜਾ ਪੱਲੜਾ ਉਤਾਂਹ ਉਠਿਆ ਹੋਇਆ ਸੀ। ਇਸ ਪੱਲੜੇ ਵਿਚ ਇਕ ਮਾੜਕੂ ਜਿਹਾ ਬੰਦਾ ਬੈਠਾ ਸੀ। ਜਿਸ ਢੰਗ ਨਾਲ ਤਾਕਤਵਰ ਸੰਗਠਨਵਾਦੀ ਲੋਕ ਇਸ ਧਰਤੀ ‘ਤੇ ਗ਼ਰੀਬ, ਕਮਜ਼ੋਰ ਅਤੇ ਮਜ਼ਲੂਮ ਲੋਕਾਂ ਨਾਲ ਜਿਹੋ ਜਿਹਾ ਨਿਆਂ ਕਰਦੇ ਹਨ, ਉਸ ਦਾ ਚਿਤਰਣ ਬਹੁਤ ਹੀ ਦਿਲ-ਟੁੰਬਵੇਂ ਢੰਗ ਨਾਲ ਕੀਤਾ ਗਿਆ ਸੀ। ਇਹ ਚਿੱਤਰ ਐਨੇ ਕਲਾਤਮਕ ਸਨ ਕਿ ਉਨ੍ਹਾਂ ਵਿਚ ਕਿਸੇ ਸੋਧ ਦੀ ਗੁੰਜਾਇਸ਼ ਹੀ ਨਹੀਂ ਸੀ।’ (ਪੰਨਾ 131)
ਕਲਾ ਦੇ ਮਹੱਤਵ ਬਾਰੇ ਖ਼ਲੀਲ ਜਿਬਰਾਨ ਦੇ ਵਿਚਾਰ ਮੁੱਲਵਾਨ ਹਨ,
‘ਚਿਹਰੇ ਦੀ ਹੂ-ਬ-ਹੂ ਤਸਵੀਰ ਤਾਂ ਕੋਈ ਵੀ ਫੋਟੋਗ੍ਰਾਫਰ ਕੈਮਰੇ ਨਾਲ ਖਿੱਚ ਸਕਦਾ ਹੈ, ਪਰ ਕੈਮਰੇ ਦੀ ਕੋਈ ਵੀ ਫੋਟੋ ਚਿਹਰੇ ਦੇ ਸੂਖਮ ਭਾਵਾਂ ਨੂੰ ਪ੍ਰਗਟ ਨਹੀਂ ਕਰ ਸਕਦੀ। ਇਸ ਨੂੰ ਤਾਂ ਕਿਸੇ ਕਲਾਕਾਰ ਦੀ ਕਲਾਤਮਕ ਨਜ਼ਰ ਹੀ ਵੇਖ ਸਕਦੀ ਹੈ ਤੇ ਪ੍ਰਗਟਾ ਸਕਦੀ ਹੈ। ਏਨੇ ਵੱਡੇ ਫਰਕ ਕਰਕੇ ਹੀ ਮਸ਼ੀਨ ਅਜੇ ਤਕ ਕਲਾਕਾਰ ਦਾ ਤਖ਼ਤ ਹਿਲਾ ਨਹੀਂ ਸਕੀ।’ (ਪੰਨਾ 158)
ਖ਼ਲੀਲ ਜਿਬਰਾਨ ਨੇ ਮਿਖ਼ਾਈਲ ਨਈਮੀ ਦੀਆਂ ਅੱਖਾਂ ਸਾਹਮਣੇ ਦਮ ਤੋੜਿਆ ਸੀ। ਉਸ ਦੀ ਮੌਤ ਤੋਂ ਤਿੰਨ ਸਾਲਾਂ ਬਾਅਦ 1934 ਵਿਚ ਉਸ ਨੇ ਅਰਬੀ ਵਿਚ ਇਹ ਜੀਵਨੀ ਲਿਖੀ ਸੀ ਜੋ ਅੰਗਰੇਜ਼ੀ ਵਿਚ 1936 ਵਿਚ ਪ੍ਰਕਾਸ਼ਿਤ ਹੋਈ। ਜੰਗ ਬਹਾਦੁਰ ਗੋਇਲ ਦੇ ਸ਼ਬਦਾਂ ਵਿਚ, “ਇਹ ਖ਼ਲੀਲ ਜਿਬਰਾਨ ਦੀ ਪਹਿਲੀ ਜੀਵਨੀ ਹੀ ਨਹੀਂ, ਸਗੋਂ ਉਸ ਦੀ ਸਭ ਤੋਂ ਵੱਧ ਪ੍ਰਮਾਣਿਕ ਜੀਵਨੀ ਹੈ।” (ਪੰਨਾ 15)
ਇਹ ਪੁਸਤਕ ਨਿਰਾ ਜਿਬਰਾਨ ਦਾ ਜੀਵਨ ਬਿਰਤਾਂਤ ਹੀ ਨਹੀਂ ਸਗੋਂ ਫਿਲਾਸਫੀ, ਧਰਮ, ਮੌਤ, ਜ਼ਿੰਦਗੀ, ਰੱਬ, ਰੂਹਾਨੀਅਤ, ਸੰਸਾਰ, ਮੋਖ, ਰਿਸ਼ਤੇ-ਨਾਤਿਆਂ ਬਾਰੇ ਗਹਿਰ-ਗੰਭੀਰ ਚਿੰਤਨ ਨਾਲ ਡੂੰਘੀ ਤਰ੍ਹਾਂ ਬਾਵਸਤਾ ਹੈ।
ਜਿਨ੍ਹਾਂ ਪਾਠਕਾਂ ਨੇ ਖ਼ਲੀਲ ਜਿਬਰਾਨ ਪੜ੍ਹਿਆ ਹੋਇਆ ਹੈ ਅਤੇ ਉਸ ਦੇ ਚਿੱਤਰ ਦੇਖ ਹੋਏ ਹਨ, ਉਨ੍ਹਾਂ ਵਾਸਤੇ ਇਹ ਕਿਤਾਬ ਵੱਡ-ਮੁੱਲਾ ਖਜ਼ਾਨਾ ਹੈ। ਇਹ ਜਿਬਰਾਨ ਦੇ ਵਾਕਾਂ ਦੀਆਂ ਤਹਿਆਂ ਖੋਲ੍ਹਦੀ ਹੈ ਅਤੇ ਚਿੱਤਰਾਂ ਦੀਆਂ ਲਕੀਰਾਂ ਦੇ ਗੰਭੀਰ ਅਰਥ ਪ੍ਰਗਟ ਕਰਦੀ ਹੈ। ਜਿਹੜੇ ਪਾਠਕ ਜਿਬਰਾਨ ਦੀਆਂ ਰਚਨਾਵਾਂ ਤੋਂ ਵਾਂਝੇ ਹਨ, ਉਨ੍ਹਾਂ ਅੰਦਰ ਉਸ ਨੂੰ ਪੜ੍ਹਨ ਅਤੇ ਵਾਚਣ ਦੀ ਤੀਬਰ ਤਾਂਘ ਜਗਾਉਂਦੀ ਹੈ।
ਇਹ ਕਿਤਾਬ ਮਨੁੱਖ ਦੇ ਦਿਲ ਅੰਦਰ ਚਿੰਤਨ ਦਾ ਚਾਨਣ ਪੈਦਾ ਕਰਨ ਦੀ ਸਮਰੱਥਾ ਰੱਖਦੀ ਹੈ।
‘ਪੈਗ਼ੰਬਰ’ ਨਾਵਲ ਦੀਆਂ ਮੁੱਢਲੀਆਂ ਸਤਰਾਂ ਦਾ ਖੁਲਾਸਾ ਵੀ ਇਸ ਪੁਸਤਕ ਵਿਚ ਦਰਜ ਹੈ,
“ਜਹਾਜ਼ ਦੀ ਉਡੀਕ ਵਿਚ ਅਲਮੁਸਤਫਾ ਜੋ 12 ਵਰ੍ਹੇ ਗੁਜ਼ਾਰਦਾ ਹੈ, ਹਕੀਕਤ ਵਿਚ ਇਹ ਉਹ 12 ਵਰ੍ਹੇ ਹਨ, ਜੋ ਜਿਬਰਾਨ ਨੇ ‘ਪੈਗ਼ੰਬਰ’ ਦਾ ਪੂਰਬ-ਕਥਨ ਲਿਖਣ ਤੋਂ ਪਹਿਲਾਂ ਨਿਊ ਯਾਰਕ ਵਿਚ ਗੁਜ਼ਾਰੇ ਸਨ। ਨਿਊ ਯਾਰਕ ਹੀ ‘ਓਰਫਲੀਜ਼’ ਸ਼ਹਿਰ ਹੈ। ਮੈਰੀ ਹੈਕਸਲ ‘ਅਲਮਿੱਤਰਾ ਹੈ, ਜਿਸ ਨੇ ਸਭ ਤੋਂ ਪਹਿਲਾਂ ਜਿਬਰਾਨ ਦੀ ਪ੍ਰਤਿਭਾ ਦੀ ਸ਼ਨਾਖ਼ਤ ਕੀਤੀ ਸੀ। ‘ਈਜ਼ਲ ਆਫ ਹਿਜ਼ ਬਰਥ’ ਜਿਬਰਾਨ ਦਾ ਦੇਸ਼ ਲਿਬਨਾਨ ਹੈ।” (ਪੰਨਾ 165)
ਪਰ ਅੱਗੇ ਜਾ ਕੇ ਮਿਖ਼ਾਈਲ ਨਈਮੀ ਇਨ੍ਹਾਂ ਸਤਰਾਂ ਨੂੰ ਸਮੇਂ, ਸਥਾਨ ਤੋਂ ਪਾਰ ਜਾ ਕੇ ਰਹੱਸਵਾਦੀ ਦ੍ਰਿਸ਼ਟੀ ਤੋਂ ਇੰਜ ਡੀਕੋਡ ਕਰਦਾ ਹੈ,
“ਮੇਰੀ ਜਾਚੇ ‘ਓਰਫਲੀਜ਼’ ਧਰਤੀ ਦਾ ਪ੍ਰਤੀਕ ਹੈ, ‘ਅਲਮੁਸਤਫਾ’ ਦਾ ਬਨਵਾਸ ਆਦਮੀ ਦਾ ਧਰਤੀ ‘ਤੇ ਪਰਵਾਸ ਹੈ। ‘ਈਜ਼ਲ ਆਫ ਹਿਜ਼ ਬਰਥ’ ਜਿੱਥੇ ਅਲਮੁਸਤਫਾ ਜਾ ਰਿਹਾ ਹੈ, ਉਹ ਪਰਮਾਤਮਾ ਦੀ ਨਿੱਘੀ ਗੋਦ ਹੈ।” (ਪੰਨਾ 165)
ਆਪਣੀ ਗੱਲ ਮੈਂ ਗੋਇਲ ਸਾਹਿਬ ਦੇ ਕਥਨ ਨਾਲ ਹੀ ਮੁਕਾਉਣੀ ਚਾਹਾਂਗਾ, “ਜੇ ਕਿਸੇ ਨਾਲ ਦੋਸਤੀ ਹੋਵੇ ਤਾਂ ਜਿਬਰਾਨ-ਨਈਮੀ ਵਰਗੀ ਹੋਵੇ ਤੇ ਜੇ ਕੋਈ ਦੋਸਤ ਆਪਣੇ ਦੋਸਤ ਬਾਰੇ ਲਿਖੇ ਤਾਂ ਉਹ ਮਿਖ਼ਾਈਲ ਨਈਮੀ ਵਾਂਗ ਲਿਖੇ।”