ਇਸ ਤਰ੍ਹਾਂ ਵੀ ਹੁੰਦੇ ਸੀ ਵਿਆਹ…!

ਸੁਰਜੀਤ ਜੱਸਲ
ਫੋਨ: 91-98146-07737
ਅੱਜ ਕਲ ਵਿਆਹ-ਸ਼ਾਦੀਆਂ ਮੈਰਿਜ ਪੈਲੇਸਾਂ ‘ਚ ਕਰਨ ਦਾ ਰਿਵਾਜ ਬਣ ਗਿਆ ਹੈ, ਜਿੱਥੇ ਦਿਨਾਂ ਦਾ ਕੰਮ ਘੰਟਿਆਂ ਵਿਚ ਨਿਬੇੜ ਦਿੱਤਾ ਜਾਂਦਾ ਹੈ। ਅਜੋਕੇ ਦੌਰ ਵਿਚ ਵਿਆਹ ਨਾਲ ਜੁੜੀਆਂ ਅਨੇਕਾਂ ਰੀਤਾਂ-ਰਸਮਾਂ ਘੱਟ ਸਮੇਂ ਦੀ ਭੇਟ ਚੜ੍ਹਦਿਆਂ ਅਲੋਪ ਹੋ ਗਈਆਂ ਹਨ। ਬਰਾਤ ਬਹੁਤ ਥੋੜ੍ਹਾ ਸਮਾਂ ਠਹਿਰਦੀ ਹੈ। ਭਾਂਤ-ਸੁਭਾਂਤੇ ਮਹਿੰਗੇ ਪਕਵਾਨ ਪਰੋਸੇ ਜਾਂਦੇ ਹਨ। ਕੰਨ ਪਾੜਵੇਂ ਧੂਮ ਧੜੱਕੇ ਵਾਲੇ ਗੀਤ-ਸੰਗੀਤ ਦੇ ਨਾਲ ਨਾਲ ਦਾਰੂ ਤੇ ਅਸ਼ਲੀਲਤਾ ਭਰਿਆ ਨਾਚ-ਗਾਣਾ ਪਰੋਸਿਆ ਜਾਂਦਾ ਹੈ। ਅਜਿਹੇ ਮੌਕੇ ਅਕਸਰ ਹੀ ਪੁਰਾਣੇ ਵਿਆਹਾਂ ਦੀ ਯਾਦ ਆ ਜਾਂਦੀ ਹੈ।

ਬਜੁਰਗਾਂ ਕੋਲੋਂ ਨਿੱਕੇ ਹੁੰਦੇ ਅਕਸਰ ਹੀ ਸੁਣਦੇ ਰਹੇ ਹਾਂ ਕਿ ਪਹਿਲੇ ਵਿਆਹਾਂ ਦੇ ਤਾਂ ਰੰਗ ਹੀ ਹੋਰ ਹੁੰਦੇ-ਊਠਾਂ, ਘੋੜਿਆਂ ‘ਤੇ ਵਿਆਹੁਣ ਜਾਂਦੇ, ਜੰਨਾਂ ਦੋ-ਦੋ ਦਿਨ ਠਹਿਰਦੀਆਂ। ਉਨ੍ਹਾਂ ਵਿਆਹਾਂ ਦਾ ਮਾਹੌਲ ਅਤੇ ਨਜ਼ਾਰਾ ਹੀ ਵੱਖਰਾ ਹੁੰਦਾ। ਉਦੋਂ ਪਿੰਡਾਂ ਵਿਚ ਭਾਈਚਾਰਕ ਸਾਂਝ ਵਧੇਰੇ ਹੁੰਦੀ ਸੀ। ਵਿਆਹ ਵਾਲੇ ਘਰ ਵਿਚ ਕੋਈ ਮਹੀਨਾ ਪਹਿਲਾਂ ਹੀ ਵਿਆਹ ਦੀਆਂ ਤਿਆਰੀਆਂ ਵਾਲੀ ਚਹਿਲ-ਪਹਿਲ ਸ਼ੁਰੂ ਹੋ ਜਾਂਦੀ ਸੀ।
ਬਹੁਤੀ ਪੁਰਾਣੀ ਗੱਲ ਨਾ ਕਰੀਏ ਤਾਂ ਕੁਝ ਦਹਾਕੇ ਪਹਿਲਾਂ ਸਾਰੇ ਪਰਿਵਾਰ ਦੇ ਨਵੇਂ ਕੱਪੜੇ ਸਿਊਣ ਲਈ ਘਰੇ ਦਰਜੀ ਬਿਠਾਇਆ ਜਾਂਦਾ, ਜੋ ਸਾਰੇ ਪਰਿਵਾਰ ਤੇ ਸ਼ਰੀਕੇ ਵਾਲਿਆਂ ਦੇ ਨਵੇਂ ਕੱਪੜੇ ਸਿਊਂਦਾ। ਪਿੰਡ ਦਾ ਤਰਖਾਣ ਭਾਈਚਾਰਾ ਵਿਆਹ ਵਾਲੇ ਘਰ ਹਲਵਾਈ ਲਈ ਲੱਕੜਾ ਪਾੜਨ ਦਾ ਕੰਮ ਕਰਦਾ, ਨਾਈ ਵਿਆਹ ਦਾ ਸੱਦਾ ਪੱਤਰ ਦੇਣ ਦਾ ਕੰਮ ਕਰਦਾ ਤੇ ਹਲਵਾਈ ਦਸ ਦਿਨ ਪਹਿਲਾਂ ਹੀ ਭੱਠੀਆਂ ਤੇ ਕੜਾਹੇ-ਖੁਰਚਣੇ ਲੈ ਕੇ ਵਿਆਹ ਵਾਲੇ ਘਰੇ ਰੌਣਕਾਂ ਲਾ ਬਹਿੰਦਾ। ਜਿਉਂ-ਜਿਉਂ ਵਿਆਹ ਦੇ ਦਿਨ ਨੇੜੇ ਆਉਂਦੇ, ਮੇਲ-ਗੇਲ ਦੇ ਪੈਣ-ਬੈਠਣ ਨੂੰ ਪਿੰਡ ‘ਚੋਂ ਘਰੋ-ਘਰੀ ਮੰਜੇ-ਬਿਸਤਰੇ ਇਕੱਠੇ ਕੀਤੇ ਜਾਂਦੇ।
ਵਿਆਹ ਤੋਂ ਕੁਝ ਦਿਨ ਪਹਿਲਾਂ ਵਿਆਹ ਹੱਥ ਲਾਇਆ ਜਾਂਦਾ, ਚੱਕੀ ਫੇਰ ਕੇ ਗਲਾ ਪਾਇਆ ਜਾਂਦਾ ਤੇ ਵਿਆਹੁਲੇ ਮੁੰਡੇ-ਕੁੜੀ ਦੇ ਖੰਬਣੀ ਬਣਨ ਦੀ ਰਸਮ ਕੀਤੀ ਜਾਂਦੀ। ਸਗਨਾਂ ਦੇ ਗੀਤ, ਘੋੜੀਆਂ, ਸੁਹਾਗ ਗਾਏ ਜਾਂਦੇ। ਉਨ੍ਹਾਂ ਸਮਿਆਂ ਵਿਚ ਬਰਾਤ ਘੋੜੀਆਂ, ਰਥ ਗੱਡੀਆਂ ‘ਤੇ ਜਾਂਦੀ। ਵਿਆਹੁਲੇ ਮੁੰਡੇ ਤੇ ਅਹਿਮ ਰਿਸਤੇਦਾਰਾਂ ਲਈ ਵਿੰਗੇ ਮੂੰਹ ਵਾਲੀਆਂ ਸ਼ੈਵਰਲੈਟ ਗੱਡੀਆਂ ਜਾਂ ਰਥ ਹੁੰਦੇ, ਜਿਸ ਨੂੰ ਬਲਦਾਂ ਦੀ ਜੋੜੀ ਖਿੱਚਦੀ। ਸੁੰਨੇ ਰਾਹਾਂ ‘ਤੇ ਬਰਾਤ ਦੀ ਹਿਫਾਜ਼ਤ ਲਈ ਰਫਲਾਂ ਵਾਲੇ ਵੀ ਨਾਲ ਹੁੰਦੇ। ਔਰਤਾਂ ਦੇ ਬਰਾਤ ਜਾਣ ਦਾ ਰਿਵਾਜ਼ ਉਦੋਂ ਨਹੀਂ ਸੀ ਹੁੰਦਾ, ਉਹ ਘਰੇ ਹੀ ਗਿੱਧਾ-ਬੋਲੀਆਂ ਪਾ ਕੇ ਵਿਆਹ ਦੀ ਖੁਸ਼ੀ ਦੇ ਸ਼ਗਨ ਮਨਾਉਂਦੀਆਂ। ਰਾਸਤੇ ਕੱਚੇ ਹੁੰਦੇ ਸਨ।
ਜਦ ਬਰਾਤ ਲੜਕੀ ਦੇ ਪਿੰਡ ਪਹੁੰਚ ਜਾਂਦੀ ਤਾਂ ਉਥੇ ਪਿੰਡ ਦੀ ਹਥਾਈ, ਡੇਰਾ ਜਾਂ ਧਰਮਸ਼ਾਲਾ ‘ਚ ਉਸ ਨੇ ਰਹਿਣਾ ਹੁੰਦਾ ਸੀ। ਵੱਖ-ਵੱਖ ਘਰਾਂ ਤੋਂ ਮੰਜੇ-ਬਿਸਤਰੇ ਮੰਗ ਕੇ ਉਥੇ ਰੱਖੇ ਹੁੰਦੇ। ਇੱਕ ਨਾਈ ਧਰਮਸ਼ਾਲਾ ਵਿਚ ਹੁੰਦਾ ਜੋ ਬਰਾਤੀਆਂ ਦੇ ਸਿਰ ਦੇ ਵਾਲ, ਮੁੱਛਾਂ ਕੱਟਣ ਅਤੇ ਸੇਵ ਕਰਨ ਦੀ ਸੇਵਾ ਕਰਦਾ। ਉਸ ਨੂੰ ਇਸ ਕੰਮ ਦੇ ਪੈਸੇ ਲੜਕੀ ਵਾਲੇ ਹੀ ਦਿੰਦੇ। ਪਿੰਡ ਦਾ ਇੱਕ ਬੰਦਾ ਖੂਹ ਤੋਂ ਘੜਿਆਂ ‘ਚ ਪਾਣੀ ਲਿਆ ਕੇ ਵੱਡੇ ਕੜਾਹੇ ‘ਚ ਪਾਉਂਦਾ। ਜੇ ਉਥੇ ਨਲਕਾ ਲੱਗਾ ਹੁੰਦਾ ਤਾਂ ਉਹ ਗੇੜਦਾ। ਸਰਦੀਆਂ ਵਿਚ ਬਰਾਤੀਆਂ ਦੇ ਨਹਾਉਣ ਲਈ ਕੜਾਹੇ ਥੱਲੇ ਅੱਗ ਬਾਲ ਕੇ ਪਾਣੀ ਗਰਮ ਕੀਤਾ ਜਾਂਦਾ।
ਨਹਾ-ਧੋ ਕੇ ਬਰਾਤੀ ਤਿਆਰ ਹੋ ਜਾਂਦੇ। ਡੇਰੇ ‘ਚ ਹੀ ਟੋਕਣੀ ‘ਚ ਚਾਹ ਲਿਆ ਕੇ ਪਿੱਤਲ ਦੇ ਵੱਡੇ ਗਲਾਸਾਂ ‘ਚ ਚਾਹ ਵਰਤਾਈ ਜਾਂਦੀ। ਇੱਕ ਥਾਲ ਵਿਚ ਬਦਾਨਾ-ਭੁਜੀਆ ਦਿੱਤਾ ਜਾਂਦਾ। ਚਾਹ-ਪਾਣੀ ਤੋਂ ਵਿਹਲੇ ਹੋ ਕੁਝ ਬਰਾਤੀ ਟੋਲੀਆਂ ਬਣਾ ਕੇ ਪਿੰਡ ਦਾ ਗੇੜਾ ਲਾਉਣ ਨਿਕਲ ਜਾਂਦੇ, ਕੁਝ ਉਥੇ ਹੀ ਤਾਸ਼ ਖੇਡਣ ਲੱਗ ਜਾਂਦੇ। ਮਨੋਰੰਜਨ ਦੇ ਸਾਧਨ ਦੀ ਗੱਲ ਕਰੀਏ ਤਾਂ ਉਨ੍ਹਾਂ ਸਮਿਆਂ ਵਿਚ ਤਵਿਆਂ ਵਾਲੀ ਮਸ਼ੀਨ ‘ਤੇ ਵੱਜਦੇ ਪੁਰਾਣੇ ਰਿਕਾਰਡ ਹੀ ਹੁੰਦੇ ਸਨ। ਬਰਾਤ ਵਿਚ ਸਪੀਕਰ ਵਾਲਾ ਉਚੇਚੇ ਤੌਰ ‘ਤੇ ਨਾਲ ਜਾਂਦਾ। ‘ਸਤਿਗੁਰੂ ਨਾਨਕ ਤੇਰੀ ਲੀਲਾ ਨਿਆਰੀ ਆæææḔ ਧਾਰਮਿਕ ਗੀਤ ਨਾਲ ਗੀਤ-ਸੰਗੀਤ ਦਾ ਮਾਹੌਲ ਸ਼ੁਰੂ ਹੁੰਦਾ ਤੇ ਬਾਅਦ ਵਿਚ ਬਰਾਤੀਆਂ ਦੀ ਪਸੰਦ ‘ਤੇ ਮਸ਼ੀਨ ਵਾਲਾ ਭਾਈ ਗੀਤ ਵਜਾਉਂਦਾ ਰਹਿੰਦਾ। ਬਰਾਤ ਨੂੰ ਹਸਾਉਣ ਲਈ ਪਿੰਡਾਂ ਦੇ ਭੰਡ (ਮਰਾਸੀ) ਵੀ ਆਪਣੀ ਕਲਾ ਪੇਸ਼ ਕਰਦੇ।
ਦੁਪਹਿਰ ਵੇਲੇ ਜਦੋਂ ਬਰਾਤ ਰੋਟੀ ਖਾਣ ਕੁੜੀ ਵਾਲਿਆਂ ਦੇ ਘਰ ਜਾਂਦੀ ਤਾਂ ਬੀਨ ਵਾਜੇ ਦੀਆਂ ਧੁਨਾਂ ‘ਤੇ ਨੱਚਦੇ ਨਚਾਰਾਂ ‘ਤੋਂ ਰੁਪਈਏ ਵਾਰਦੇ ਬਰਾਤੀ ਪੂਰਾ ਜਸ਼ਨ ਮਨਾਉਂਦੇ। ਰੋਟੀ ਖਾਣ ਬੈਠੀ ਬਰਾਤ ਨੂੰ ਮੇਲਣਾਂ ਦੋਹੇ ਲਾਉਂਦੀਆਂ, ਸਿੱਠਣੀਆਂ ਸੁਣਾਉਂਦੀਆਂ ਤੇ ਹਾਸਾ ਮਜਾਕ ਕਰਦਿਆਂ ਜੰਨ ਬੰਨ੍ਹ ਦਿੰਦੀਆਂ। ਜੰਨ ਛੁਡਾਉਣ ਲਈ ਇੱਕ ਮਾਹਰ ਬੰਦਾ ਪਹਿਲਾਂ ਹੀ ਪੂਰੀ ਤਿਆਰੀ ਨਾਲ ਜੰਨ ਵਿਚ ਸ਼ਾਮਿਲ ਹੁੰਦਾ। ਇਸ ਤੋਂ ਬਾਅਦ ਬਰਾਤ ਰੋਟੀ ਖਾਂਦੀ। ਇਸ ਮੌਕੇ ਲੱਡੂ, ਦੋ ਸਬਜ਼ੀਆਂ, ਬੂੰਦੀ, ਪੂਰੀਆਂ ਜਾਂ ਰੋਟੀ, ਸ਼ੱਕਰ ਤੇ ਦੇਸੀ ਘਿਓ ਆਦਿ ਵਰਤਾਇਆ ਜਾਂਦਾ। ਦਾਰੂ ਪਿਆਲਾ ਪੀਣ ਦੇ ਸ਼ੌਕੀਨ ਵੀ ਆਪਣੀ ਮਹਿਫਿਲ ਵੱਖਰੀ ਲਾ ਬੈਠਦੇ। ਰੋਟੀ ਤੋਂ ਬਾਅਦ ਬਰਾਤ ਨੂੰ ਸੰਤਰੇ, ਅੰਗੂਰ, ਕੇਲੇ ਆਦਿ ਵਰਤਾਏ ਜਾਂਦੇ।
ਰੋਟੀ ਖਾ ਕੇ ਬਰਾਤ ਮੁੜ ਧਰਮਸ਼ਾਲਾ ‘ਚ ਚਲੀ ਜਾਂਦੀ। ਕੋਈ ਅਰਾਮ ਕਰਦਾ, ਕੋਈ ਤਾਸ਼ ਖੇਡਦਾ। ਕੁਝ ਸ਼ੌਕੀਨ ਬੰਦੇ ਪਿੰਡ ‘ਚ ਹੀ ਕਿਸੇ ਜਾਣ-ਪਛਾਣ ਵਾਲੇ ਦੇ ਚੁਬਾਰੇ ‘ਚ ਆਪਣੀ ਮਹਿਫਿਲ ਜਮਾ ਲੈਂਦੇ। ਘਰ ਦੇ ਮਾਲਕ ਉਨ੍ਹਾਂ ਦੀ ਦਿਲੋਂ ਸੇਵਾ ਕਰਦੇ।
ਢਲਦੇ ਪਹਿਰ ਚਾਹ ਦੀ ਟੋਕਨੀ ਤੇ ਗਰਮਾ ਗਰਮ ਪਕੌੜੇ, ਕੁੜੀ ਵਾਲਿਆਂ ਵਲੋਂ ਧਰਮਸ਼ਾਲਾ ਵਿਚ ਭੇਜੇ ਜਾਂਦੇ। ਚਾਹ ਨਾਲ ਪਕੌੜੇ ਖਾ ਕੇ ਬਰਾਤ ਫਿਰ ਮੰਜਿਆਂ ‘ਤੇ ਲੇਟ ਜਾਂਦੇ। ਜਿਸ ਬਰਾਤੀ ਦੀ ਉਸ ਪਿੰਡ ਕੋਈ ਸਕੀਰੀ ਹੁੰਦੀ, ਜਾਂ ਪਿੰਡ ‘ਚੋਂ ਕੋਈ ਕੁੜੀ ਵਿਆਹੀ ਹੁੰਦੀ, ਉਸ ਘਰ ਸਬੰਧਤ ਬਰਾਤੀ ‘ਪੱਤਲḔ ਦੇਣ ਜਰੂਰ ਜਾਂਦਾ। ਇਸ ਪੱਤਲ ‘ਚ ਕੁੜੀ ਵਾਲਿਆ ਘਰੋਂ ਇੱਕ ਲਿਫਾਫੇ ‘ਚ ਲੱਡੂ, ਜਲੇਬੀ ਤੇ ਸੱਕਰਪਾਰੇ ਪਾ ਕੇ ਦਿੱਤੇ ਜਾਂਦੇ ਤੇ ਦੇਣ ਵਾਲਾ ਬਰਾਤੀ ਆਪਣੇ ਕੋਲੋ ਸ਼ਗਨ ਵੀ ਦਿੰਦਾ।
ਰਾਤ ਦੀ ਰੋਟੀ ਵੇਲੇ ਬਿਜਲੀ ਦਾ ਖਾਸ ਪ੍ਰਬੰਧ ਨਾ ਹੋਣ ਕਰਕੇ ਗੈਸ ਵਾਲੀਆਂ ਲਾਈਟਾਂ ਨਾਲ ਚਾਨਣ ਕੀਤਾ ਜਾਂਦਾ। ਬਰਾਤ ਦੇ ਸੌਣ ਦਾ ਇੰਤਜ਼ਾਮ ਵੀ ਧਰਮਸ਼ਾਲਾ ਜਾਂ ਡੇਰੇ ਵਿਚ ਹੀ ਕੀਤਾ ਜਾਂਦਾ।
ਅਨੰਦ ਕਾਰਜ ਜਾਂ ਫੇਰਿਆਂ ਦੀ ਰਸਮ ਸਵੇਰੇ ਤਿੰਨ ਵਜੇ, ਤਾਰਿਆਂ ਦੀ ਛਾਂਵੇਂ ਕੀਤੀ ਜਾਂਦੀ ਸੀ। ਲਾੜਾ, ਲਾੜੇ ਦਾ ਪਿਤਾ ਤੇ ਅਹਿਮ ਰਿਸ਼ਤੇਦਾਰ ਲਾੜੀ ਦੇ ਘਰ ਜਾਂਦੇ। ਜਿੱਥੇ ਅਨੰਦ ਕਾਰਜਾਂ ਜਾਂ ਫੇਰਿਆਂ ਦੀ ਰਸਮ ਨੂੰ ਮਰਿਆਦਾ ਨਾਲ ਸੰਪੂਰਨ ਕੀਤਾ ਜਾਂਦਾ। ਕੁੜੀ ਦੀਆਂ ਸਖੀਆਂ ਸਿੱਖਿਆ ਪੜ੍ਹਦੀਆਂ। ਲਾੜੀ ਇਸ ਰਸਮ ਸਮੇਂ ਨੰਗੇ ਮੂੰਹ ਨਹੀਂ ਸੀ ਬੈਠਦੀ। ਦੋ ਸਖੀਆਂ ਅਨੰਦ ਕਾਰਜਾਂ ਦੀ ਰਸਮ ਮੌਕੇ ਉਠਣ-ਬੈਠਣ ਅਤੇ ਤੁਰਨ ਵਿਚ ਉਸ ਦੀ ਮਦਦ ਕਰਦੀਆਂ।
ਅੱਧੀ ਬਾਰਤ ਦੇ ਸੁੱਤੇ ਪਿਆਂ ਹੀ ਵਿਆਹ ਹੋ ਜਾਂਦਾ। ਦਿਨ ਚੜ੍ਹਦਾ, ਬਰਾਤੀ ਨਹਾਉਂਦੇ, ਚਾਹ ਨਾਲ ਬਦਾਨਾ-ਭੁਜੀਆ ਖਾ ਕੇ ਫਿਰ ਢੋਲੇ ਦੀਆਂ ਲਾਉਂਦੇ। ਦੁਪਹਿਰ ਦੀ ਰੋਟੀ ਤੋਂ ਬਾਅਦ ਢਲਦੇ ਪਰਛਾਂਵੇਂ ਬਰਾਤ ਨੂੰ ਚਾਹ ਪਿਆਈ ਜਾਂਦੀ ਤੇ ਡੋਲੀ ਲੈ ਕੇ ਬਰਾਤ ਵਿਦਾ ਹੋ ਜਾਂਦੀ। ਦਾਜ ਵਿਚ ਮਾਪਿਆਂ ਵਲੋਂ ਲੜਕੀ ਨੂੰ ਇੱਕ ਲੱਕੜ ਦਾ ਵੱਡਾ ਸੰਦੂਕ, ਜਿਸ ਵਿਚ ਦਰੀਆਂ, ਖੇਸ, ਪਿੱਤਲ ਦੇ ਭਾਂਡੇ ਤੇ ਹੋਰ ਸਮਾਨ ਹੁੰਦਾ। ਲੱਕੜ ਦਾ ਕੁਰਸੀ ਮੇਜ, ਲਾੜੇ ਨੂੰ ਸਾਈਕਲ, ਸੈਲਾਂ ਵਾਲਾ ਰੇਡੀਓ, ਪਲੰਘ ਨਵਾਰੀ ਆਦਿ ਦਿੱਤਾ ਜਾਂਦਾ।
ਉਨ੍ਹਾਂ ਸਮਿਆਂ ਵਿਚ ਬਰਾਤਾਂ ਦੋ-ਦੋ ਦਿਨ ਠਹਿਰਦੀਆਂ ਸਨ। ਪਿੰਡਾਂ ਵਿਚ ਆਪਸੀ ਭਾਈਚਾਰਕ ਸਾਂਝ ਬਹੁਤ ਹੁੰਦੀ ਸੀ। ਸਾਰਾ ਪਿੰਡ ਬਰਾਤ ਦੀ ਦਿਲੋਂ ਆਓ-ਭਗਤ ਕਰਦਾ ਸੀ। ਵਿਆਹੁਲੀ ਕੁੜੀ ਦੇ ਚਾਚੇ, ਤਾਏ ਜਾਂ ਸ਼ਰੀਕੇ ਵਾਲੇ ਵਾਰੋ-ਵਾਰੀ ਆਪਣੇ ਵਲੋਂ ਬਰਾਤ ਦੀ ਸੇਵਾ (ਰੋਟੀ) ਕਰਦੇ ਸੀ। ਅਜਿਹੇ ਸਮਾਗਮਾਂ ਦੌਰਾਨ ਹੀ ਦੋਵੇਂ ਪਰਿਵਾਰਾਂ ਦੇ ਰਿਸ਼ਤੇਦਾਰ ਆਪਣੇ ਜਵਾਨ ਹੋ ਰਹੇ ਧੀਆਂ-ਪੁੱਤਾਂ ਲਈ ਰਿਸ਼ਤੇ ਲੱਭ ਲੈਂਦੇ। ਪਹਿਲਾਂ ਲੋਕਾਂ ਕੋਲ ਸਮਾਂ ਸੀ, ਆਪਸੀ ਸਾਂਝ ਸੀ, ਪੈਸੇ ਨਾਲੋਂ ਰਿਸ਼ਤਿਆਂ ਦੀ ਵਧੇਰੇ ਅਹਿਮੀਅਤ ਸੀ। ਸਾਦਾ ਜੀਵਨ ਸੀ, ਖਰਚੇ ਘੱਟ ਤੇ ਆਪਸੀ ਪਿਆਰ ਵੱਧ ਸੀ।