ਮੈਂ ਪਿਛਲੇ ਚਾਰ-ਪੰਜ ਸਾਲਾਂ ਤੋਂ ‘ਪੰਜਾਬ ਟਾਈਮਜ਼’ ਦਾ ਪਾਠਕ ਹਾਂ। ਰਾਜਨੀਤੀ, ਸਭਿਆਚਾਰ, ਸਾਹਿਤ ਅਤੇ ਪੰਜਾਬੀ ਲੋਕਾਂ ਦੀਆਂ ਸਮੱਸਿਆਵਾਂ ਬਾਰੇ ਜਿਸ ਕਿਸਮ ਦੀ ਬਹੁਪੱਖੀ ਸਮਗਰੀ ਇਸ ਵਿਚ ਹੁੰਦੀ ਹੈ, ਉਸ ਦੀ ਵਧਾਈ ਦੇਣੀ ਬਣਦੀ ਹੈ।
ਡੇਢ ਕੁ ਸਾਲ ਪਹਿਲਾਂ ‘ਪੰਜਾਬ ਟਾਈਮਜ਼’ ਵਿਚ ਗੁਰਦਿਆਲ ਸਿੰਘ ਬੱਲ ਦਾ ਲੇਖ ‘ਕੇਜਰੀਵਾਲ ਡਾæ ਦਲਜੀਤ ਸਿੰਘ ਦੀ ਗੱਲ ਸੁਣਦਾ ਕਿਉਂ ਨਹੀਂ’ ਪੜ੍ਹਿਆ ਸੀ ਜਿਸ ਵਿਚ ਉਨ੍ਹਾਂ ਆਮ ਆਦਮੀ ਪਾਰਟੀ (ਆਪ) ਦੀ ਸਫਲਤਾ ਦੀ ਕਾਮਨਾ ਕਰਦਿਆਂ ਅਰਵਿੰਦ ਕੇਜਰੀਵਾਲ ਅਤੇ ਉਸ ਦੇ ਸਾਥੀਆਂ ਨੂੰ ਕਈ ਨੇਕ ਸਲਾਹਾਂ ਦਿਤੀਆਂ ਸਨ। ਹਾਲੀਆ ਪੰਜਾਬ ਚੋਣਾਂ ਵਿਚ ‘ਆਪ’ ਦੀ ਹਾਰ ਦੇ ਕਾਰਨਾਂ ਦੀ ਸਮੀਖਿਆ ਕਰਦਿਆਂ ‘ਆਪ ਦੀ ਹਾਰ! ਇਹ ਕੀ ਹੋਇਆ ਯਾਰ!’ ਸਿਰਲੇਖ ਹੇਠ ਜੋ ਲੇਖ ਛਪਿਆ, ਉਹ ਵੀ ਮੈਂ ਬੜੇ ਗਹੁ ਨਾਲ ਪੜ੍ਹਿਆ ਹੈ ਅਤੇ ਮੇਰੇ ਆਪਣੇ ਵੀ ਕੁਝ ਕੌੜੇ ਮਿੱਠੇ ਅਨੁਭਵ ਹਨ ਜੋ ਪਾਠਕਾਂ ਨਾਲ ਸਾਂਝੇ ਕਰਨ ਦਾ ਮਨ ਹੈ।
ਬੱਲ ਨੇ ਠੀਕ ਲਿਖਿਆ ਹੈ ਕਿ ਪੰਜਾਬੀ ਦੇਸ-ਪਰਦੇਸ, ਕਿਤੇ ਵੀ ਰਹਿੰਦਾ ਰਹੇ, ਉਸ ਦੀ ਸੁਤਾ ਆਪਣੀ ਮਾਂ ਭੂਮੀ ਦੇ ਚੰਗੇ ਬੁਰੇ ਦਾ ਪਤਾ ਰੱਖਣ ਦੀ ਸਦਾ ਹੀ ਬਣੀ ਰਹਿੰਦੀ ਹੈ। ਮੇਰਾ ਪਿੰਡ ਬਰਗਾੜੀ ਹੈ। ਸਾਰੀ ਉਮਰ ਮੈਂ ਪੰਜਾਬ ਵਿਚ ਪਹਿਲਾਂ ਕਾਂਗਰਸੀ ਅਤੇ ਫਿਰ ਅਕਾਲੀ ਸਰਕਾਰਾਂ ਦੇ ਕੰਮ ਕਾਰ ਨੂੰ ਨੇੜਿਓਂ ਦੇਖਿਆ ਹੈ। ਇਨ੍ਹਾਂ ਦੇ ਸਿਆਸੀ ਕਲਚਰ ਤੋਂ ਮੈਂ ਅਤੇ ਮੇਰੇ ਵਰਗੇ ਹੋਰ ਬਥੇਰੇ ਲੋਕ ਸੰਤੁਸ਼ਟ ਨਹੀਂ ਸਨ। ਹੈਰਾਨੀ ਨਹੀਂ ਕਿ ਇਨ੍ਹਾਂ ਪਾਰਟੀਆਂ ਦੇ ਬਦਲ ਦਾ ਦਾਅਵਾ ਲੈ ਕੇ ‘ਆਪ’ ਜਦੋਂ ਸਾਹਮਣੇ ਆਈ ਤਾਂ ਸਾਡੇ ਵਰਗੇ ਲੋਕਾਂ ਨੂੰ ਬੜੀਆਂ ਉਮੀਦਾਂ ਸਨ। ਸਾਨੂੰ ਲੱਗਿਆ ਕਿ ਪੰਜਾਬ ਦੀ ਰਾਜਨੀਤੀ ਦੇ ਦਿਸਹਦਿਆਂ ‘ਤੇ ਨਵੀਂ ਕਿਰਨ ਉਜਾਗਰ ਹੋਣ ਲੱਗੀ ਹੈ।
ਦੇਖਦਿਆਂ ਦੇਖਦਿਆਂ ‘ਆਪ’ ਆਗੂਆਂ ਦੀ ਵਿਚਾਰਧਾਰਾ ਦੇ ਸਮਰਥਕ ਲੋਕ ਪਾਰਟੀ ਨਾਲ ਜੁੜ ਗਏ। ਸਭ ਤੋਂ ਪਹਿਲਾਂ ਇਨ੍ਹਾਂ ਦਿੱਲੀ ਦੇ ਗਲੀਆਂ, ਝੌਂਪੜੀਆਂ, ਆਟੋ ਰਿਕਸ਼ਿਆਂ, ਰਿਕਸ਼ੇ, ਰੇੜ੍ਹੀ ਵਾਲਿਆਂ ਤੇ ਮਜ਼ਦੂਰ ਮਹੱਲਿਆਂ ਵਿਚ ਜਾ ਕੇ ਲੋਕਾਂ ਦੀਆਂ ਦੁੱਖ-ਤਕਲੀਫਾਂ ਸੁਣੀਆਂ। ਉਨ੍ਹਾਂ ਹੇਠਲੀ ਤਹਿ ਵਾਲੇ ਲੋਕਾਂ ਦੇ ਮਸਲੇ ਹੱਲ ਕਰਨ ਦਾ ਭਰੋਸਾ ਦੇ ਕੇ ਉਨ੍ਹਾਂ ਨੂੰ ਪਾਰਟੀ ‘ਚ ਸ਼ਾਮਲ ਕੀਤਾ ਤੇ ਦੱਸਿਆ ਕਿ ਉਨ੍ਹਾਂ ਦੇ ਦੁੱਖਾਂ ਦੀ ਵਜ੍ਹਾ ਗ਼ੈਰ-ਜਥੇਬੰਦ ਰਹਿਣਾ ਹੈ; ਜਥੇਬੰਦ ਹੋ ਕੇ ਹੀ ਇਨ੍ਹਾਂ ਦਾ ਹੱਲ ਨਿਕਲ ਸਕਦਾ ਹੈ।
ਪੰਜਾਬ ਅਤੇ ਪੰਜਾਬ ਤੋਂ ਬਾਹਰ ਵਸਦੇ ਹੋਰ ਲੋਕਾਂ ਵਾਂਗ ਮੈਨੂੰ ਵੀ ਵਿਸ਼ਵਾਸ ਸੀ ਕਿ ‘ਆਪ’ ਨੂੰ ਮੌਕਾ ਮਿਲਣਾ ਚਾਹੀਦਾ ਹੈ। ਉਹ ਕੋਈ ਚਮਤਕਾਰ ਕਰ ਸਕਦੇ ਹਨ। ਇਸੇ ਆਸ ਹੇਠ ਪਿਛਲੇ ਸਾਲ ਮੈਂ ਅਪਰੈਲ ਦੌਰਾਨ ਵਤਨ ਦਾ ਗੇੜਾ ਮਾਰਨ ਗਿਆ ਤਾਂ ਕੇਜਰੀਵਾਲ ਅਤੇ ਉਸ ਦੇ ਸਾਥੀਆਂ ਨੂੰ ਉਚੇਚੇ ਤੌਰ ‘ਤੇ ਦਿੱਲੀ ਮਿਲ ਕੇ ਆਇਆ। ਗੁਰਦਿਆਲ ਬੱਲ ਨੇ ਜਿਸ ਕਿਸਮ ਦੇ ਸੁਝਾਅ ਡਾæ ਦਲਜੀਤ ਸਿੰਘ ਵਾਲੇ ਲੇਖ ਵਿਚ ਦਿਤੇ ਹਨ, ਉਸੇ ਤਰ੍ਹਾਂ ਦੇ ਸੁਝਾਅ ਬਾਕਾਇਦਾ ਹਿੰਦੀ ਵਿਚ ਲਿਖ ਕੇ ਅਤੇ ਟਾਈਪ ਕਰਵਾ ਕੇ ਮੈਂ ਕੇਜਰੀਵਾਲ ਨੂੰ ਦੇ ਕੇ ਆਇਆ। ਮੈਂ ਇਹ ਸੁਝਾਅ ਮੇਰੇ ਬੈਠਿਆਂ ਪੜ੍ਹਨ ਲਈ ਜ਼ੋਰ ਲਾਇਆ, ਪਰ ਉਸ ਦਿਨ ਮਮਤਾ ਬੈਨਰਜੀ ਦੀ ਮੁੱਖ ਮੰਤਰੀ ਵਜੋਂ ਦੂਜੀ ਤਾਜਪੋਸ਼ੀ ਦੀ ਰਸਮ ਵਿਚ ਸ਼ਾਮਲ ਹੋਣ ਲਈ ਕਲਕੱਤੇ ਜਾਣ ਦੀ ਤਿਆਰੀ ਵਿਚ ਰੁਝੇ ਹੋਣ ਕਰ ਕੇ ਉਨ੍ਹਾਂ ਪੜ੍ਹਨ ਲਈ ਵਕਤ ਕੱਢਣ ਤੋਂ ਬੇਵਸੀ ਪ੍ਰਗਟ ਕੀਤੀ, ਪਰ ਮੇਰਾ ਪੱਤਰ ਆਪਣੇ ਬਰੀਫ ਕੇਸ ਵਿਚ ਰਖਦਿਆਂ ਪੜ੍ਹ ਕੇ ਮੈਨੂੰ ਫੋਨ ‘ਤੇ ਗੱਲ ਕਰਨ ਦਾ ਭਰੋਸਾ ਦਿਵਾ ਕੇ ਮੈਨੂੰ ਤੋਰ ਦਿਤਾ, ਪਰ ਪਿਛੋਂ ਗੱਲਬਾਤ ਕੀਹਨੀ ਕਰਨੀ ਸੀ ਭਲਾ?
ਹੁਣ ਗੁਰਦਿਆਲ ਬੱਲ ਦੇ ਲੇਖ ‘ਆਪ ਦੀ ਹਾਰ! ਇਹ ਕੀ ਹੋਇਆ ਯਾਰ!’ ਵਾਲੇ ਮੁੱਦੇ ਵੱਲ ਆਉਂਦਾ ਹਾਂ। ਸਭ ਤੋਂ ਪਹਿਲੀ ਗੱਲ ਤਾਂ ਬੱਲ ਨੇ ਆਪਣੇ ਸਵਾਲ ਦਾ ਜਵਾਬ ਆਪ ਹੀ ਦਿਤਾ ਹੋਇਆ ਹੈ। ਕੇਜਰੀਵਾਲ ਨੇ ਆਪਣੇ ਪੈਰਾਂ ‘ਤੇ ਪਹਿਲੀ ਸੱਟ ਆਪਣੇ ਵਿਤੋਂ ਵੱਧ ਸਵੈ-ਭਰੋਸੇ ਕਾਰਨ ਉਦੋਂ ਹੀ ਮਾਰ ਲਈ ਜਦੋਂ ਉਹਨੇ ਦਿੱਲੀ ਵਿਚ ਪ੍ਰਸ਼ਾਂਤ ਭੂਸ਼ਨ ਅਤੇ ਪੰਜਾਬ ਵਿਚ ਡਾæ ਧਰਮਵੀਰ ਗਾਂਧੀ, ਮਾਸਟਰ ਖੇਤਾ ਸਿੰਘ, ਸੁਮੇਲ ਸਿੰਘ ਸਿੱਧੂ ਅਤੇ ਡਾæ ਦਲਜੀਤ ਸਿੰਘ ਵਰਗੇ ਪਾਰਟੀ ਵਰਕਰਾਂ ਨੂੰ ਬਿਨਾ ਕਾਰਨ ਦੱਸੇ ਹੰਕਾਰੀ ਢੰਗ ਨਾਲ ਪਾਸੇ ਕਰ ਦਿਤਾ। ਜਦੇ ਬਾਅਦ ਉਸ ਨੇ ਬੇਅਸੂਲੀ ਰਾਜਨੀਤੀ ਦੇ ਉਹ ਸਾਰੇ ਦਾਅਪੇਚ ਆਪਨਾ ਲਏ ਜਿਨ੍ਹਾਂ ਦੇ ਬਦਲ ਵਜੋਂ ਉਸ ਨੇ ਆਪਣੀ ਨਵੀਂ ਪਾਰਟੀ ਦਾ ਢੋਲ ਵਜਾਇਆ ਸੀ।
ਸਭ ਤੋਂ ਪਹਿਲਾਂ ਮੈਂ ਖੁਦ ਆਪਣੇ ਪਿੰਡ ਬਰਗਾੜੀ ਨੂੰ ਲੈਂਦਾ ਹਾਂ। ਉਥੇ ਪਿਛਲੇ ਸਾਲ ਮਹਾਰਾਜ ਦੇ ਸਰੂਪਾਂ ਦੀ ਬੇਅਦਬੀ ਦੀਆਂ ਘਟਨਾਵਾਂ ਵਾਪਰਨੀਆਂ ਸ਼ੁਰੂ ਹੋਈਆਂ। ਪੁਲਿਸ ਨੇ ਦਿਨਾਂ ਵਿਚ ਹੀ ਜ਼ਿੰਮੇਵਾਰ ਲੜਕੇ ਫੜ ਲਏ। ਧਰਮ ਦੇ ਕਥਿਤ ਠੇਕੇਦਾਰ ਤੁਰੰਤ ਉਨ੍ਹਾਂ ਦੀ ਪਿੱਠ ‘ਤੇ ਆ ਗਏ। ਨਾਕੇ ਲੱਗਣੇ ਸ਼ੁਰੂ ਹੋ ਗਏ। ਇਕ ਨਾਕੇ ‘ਤੇ ਲੋਕ ਪੁਲਿਸ ਦੇ ਗਲ ਪੈ ਗਏ। ਝੜਪ ਹੋਈ ਤਾਂ ਦੋ ਨੌਜਵਾਨ ਮਾਰੇ ਗਏ। ਧਰਮ ਦੇ ਠੇਕੇਦਾਰਾਂ ਦੀਆਂ ਪੌਂ ਬਾਰਾਂ ਹੋ ਗਈਆਂ। ਉਹ ਕਹਿਣ, ਅਸੀਂ ਬਾਦਲਾਂ ਦੇ ਗੋਡੇ ਲਵਾ ਕੇ ਛਡਣੇ ਅਤੇ ਜਦੋਂ ਤੱਕ ਗੋਡੇ ਨਹੀਂ ਲਗਦੇ, ਮੁੰਡਿਆਂ ਦਾ ਸਸਕਾਰ ਨਹੀਂ ਕਰਨ ਦੇਣਾ। ਹਾਰ ਕੇ ਇਕ ਲੜਕੇ ਦੇ ਪਿਤਾ ਨੇ ਉਨ੍ਹਾਂ ਤੋਂ ਅੱਕ ਕੇ ਬੱਚੇ ਦਾ ਸਸਕਾਰ ਘਰ ਵਿਚ ਹੀ ਕਰਨ ਦੀ ਧਮਕੀ ਦੇ ਦਿਤੀ।
ਬਰਗਾੜੀ ਪਿੰਡ ਵਿਚ ਜਲਸਾ ਹੋਇਆ। ਬਾਦਲਾਂ ਵਿਰੁਧ ਪਿੱਟ-ਸਿਆਪਾ ਚੱਲ ਰਿਹਾ ਸੀ। ਉਸੇ ਜਲਸੇ ਵਿਚ ਸੁੱਚਾ ਸਿੰਘ ਛੋਟੇਪੁਰ ਆਪਣੀ ਪਾਰਟੀ ਦੇ ਐਮæਪੀæ ਸਾਧੂ ਸਿੰਘ ਅਤੇ ਭਗਵੰਤ ਮਾਨ ਨਾਲ ਪਹੁੰਚ ਗਿਆ। ਸਾਰੇ ਬਰਗਾੜੀ ਪਿੰਡ ਨੂੰ ਪਤਾ ਹੈ ਕਿ ਛੋਟੇਪੁਰੀਏ ਨੇ ਜਲਸੇ ਦੇ ਪ੍ਰਬੰਧਕ ਜਥੇਦਾਰ ਦੇ ਕੰਨ ਵਿਚ ਭਗਵੰਤ ਮਾਨ ਦੇ ਸ਼ਰਾਬੀ ਹੋਣ ਦੀ ਫੂਕ ਮਾਰ ਦਿਤੀ। ਉਹ ਸ਼ਰਾਬ ਪੀਂਦਾ ਹੈ, ਰਾਤ ਕਿਤੇ ਉਸ ਨੇ ਪੀਤੀ ਵੀ ਹੋਵੇਗੀ। ਉਹਨੇ ਬਥੇਰਾ ਕਿਹਾ ਕਿ ਉਹ ਸ਼ਰਾਬ ਪੀ ਕੇ ਨਹੀਂ ਆਇਆ, ਪਰ ਉਸ ਦੀ ਕਿਸੇ ਨੇ ਨਾ ਸੁਣੀ ਅਤੇ ਜਥੇਦਾਰਾਂ ਨੇ ਉਸ ਨੂੰ ਧੱਕੇ ਨਾਲ ਸਟੇਜ ਤੋਂ ਹੇਠ ਲਾਹ ਦਿਤਾ। ਵਗਦੀ ਗੰਗਾ ਵਿਚ ਹੱਥ ਧੋਂਦਿਆਂ ਛੋਟੇਪੁਰੀਏ ਨੇ ਪਾਰਟੀ ਦੀ ਦੂਸਰੀ ਸੇਵਾ ਇਹ ਕੀਤੀ ਜੋ ਕੇਜਰੀਵਾਲ ਨੂੰ ਦਿੱਲੀਓਂ ਸੱਦ ਕੇ ਪੁਲਿਸ ਗੋਲੀ ਨਾਲ ਮਾਰੇ ਮੁੰਡਿਆਂ ਦੇ ਮਾਪਿਆਂ ਨੂੰ 2-2 ਲੱਖ ਰੁਪਿਆ ਦਿਵਾ ਆਇਆ। ਸਿਆਣੇ ਬੰਦੇ ਉਦੋਂ ਹੀ ਕਹਿਣ ਲਗ ਪਏ ਸਨ ਕਿ ‘ਆਪ’ ਵਾਲਿਆਂ ਨੇ ਆਹ ਤਾਂ ਆਪਣੀਆਂ ਜੜ੍ਹਾਂ ਵਿਚ ਆਪੇ ਤੇਲ ਪਾ ਲਿਆ ਹੈ। ਹੁਣ ਬਾਦਲਾਂ ਨੂੰ ਫਿਕਰ ਕਰਨ ਦੀ ਕੀ ਲੋੜ ਹੈ! ਪ੍ਰਕਾਸ਼ ਸਿੰਘ ਬਾਦਲ ਆਪਣੀ ਆਦਤ ਅਨੁਸਾਰ ਗਰਮਪੰਥੀਆਂ ਦੇ ਅੱਗੇ ਲੱਗ ਕੇ ਭੱਜ ਤੁਰਿਆ।
ਗਰਮਦਲੀਆਂ ਦੀ ਉਹ ਜਿੱਤ ਸੀ। ਬਾਦਲਾਂ ਨੂੰ ਉਹ ਚੋਣਾਂ ਤੋਂ ਪਹਿਲਾਂ ਹੀ ਲੱਕੋਂ ਲੈ ਗਏ ਸਨ। ਬੇਮਿਸਾਲ ਇਤਿਹਾਸਕ ‘ਸਰਬੱਤ ਖਾਲਸਾ’ ਕਰ ਕੇ ਆਪਣੀ ਤਾਕਤ ਬਾਕਮਾਲ ਢੰਗ ਨਾਲ ਦਰਸਾ ਵੀ ਦਿਤੀ। ਬਾਦਲ ਭਿੱਜੀ ਬਿੱਲੀ ਵਾਂਗ ਡਰੇ ਹੋਏ ਸਨ ਜਿਸ ਤਰ੍ਹਾਂ ਧਰਮ ਯੁੱਧ ਮੋਰਚੇ ਸਮੇਂ ਡਰ ਕੇ ਅੰਦਰ ਵੜੇ ਰਹੇ ਸਨ। ਇਹ ਤਾਂ ਪੰਜਾਬੀਆਂ ਦੀ ਚੰਗੀ ਕਿਸਮਤ ਸੀ ਕਿ ਉਦੋਂ ਗਰਮਦਲੀਆਂ ਨੇ ਆਪਣੇ ਸਾਰੇ ਪੱਤੇ ਨੰਗੇ ਕਰ ਕੇ ਆਪਣੇ ਪੈਰਾਂ ‘ਤੇ ਕੁਹਾੜੇ ਮਾਰ ਲਏ; ਨਹੀਂ ਤਾਂ ਕੇਜਰੀਵਾਲ, ਬਾਦਲ, ਕੈਪਟਨ ਅਮਰਿੰਦਰ ਸਿੰਘ-ਸਾਰੇ ਉਸ ਹਨੇਰੀ ਅੱਗੇ ਕੱਖਾਂ ਵਾਂਗੂ ਉਡ ਜਾਂਦੇ।
ਸ਼ੁਕਰ ਕਰੋ ਕਿ ਉਹ ਹਨੇਰੀ ਸ਼ਾਂਤ ਹੋਈ। ਅਮਨ-ਅਮਾਨ ਬਹਾਲ ਹੋਇਆ। ਗੁਰਦਿਆਲ ਸਿੰਘ ਬੱਲ ਨੇ ਅੱਗਿਉਂ ਕੇਜਰੀਵਾਲ ਦੀ ਹਾਰ ਦੇ ਜੋ ਕਾਰਨ ਗਿਣਾਏ ਹਨ, ਉਨ੍ਹਾਂ ਵਿਚੋਂ 80 ਫੀਸਦੀ ਮੈਨੂੰ ਠੀਕ ਲਗਦੇ ਹਨ। ‘ਕੇਜਰੀਵਾਲ ਡਾæ ਦਲਜੀਤ ਸਿੰਘ ਦੀ ਗੱਲ ਕਿਉਂ ਨਹੀਂ ਸੁਣਦਾ’ ਵਾਲੀ ਉਸ ਦੀ ਗੱਲ ਤਾਂ 100% ਠੀਕ ਹੈ, ਪਰ ਛੋਟੇਪੁਰ ਵਾਲੀ ਗੱਲ ਉਨ੍ਹਾਂ ਦੀ ਠੀਕ ਨਹੀਂ ਹੈ। ਛੋਟੇਪੁਰ ਨੂੰ ਤਾਂ ਡਾæ ਦਲਜੀਤ ਸਿੰਘ ਦੀ ਮੰਨਦਿਆਂ ਉਦੋਂ ਹੀ ਪਾਰਟੀ ਵਿਚੋਂ ਕੱਢਣਾ ਚਾਹੀਦਾ ਸੀ, ਸਗੋਂ ਦੇਰ ਹੀ ਕੀਤੀ ਗਈ। ਅਫਸੋਸ ਇਸ ਗੱਲ ਦਾ ਹੈ ਕਿ ਛੋਟੇਪੁਰ ਨੂੰ ਪਾਸੇ ਕਰ ਕੇ ਕੇਜਰੀਵਾਲ ਦੇ ਦਿੱਲੀਓਂ ਆਏ ਅਹਿਲਕਾਰਾਂ ਨੇ ਉਸ ਤੋਂ ਵੀ ਵੱਧ ਹਿਮਾਕਤਾਂ ਅਤੇ ਤਿਕੜਮਾਂ ਕੀਤੀਆਂ ਜਿਸ ਕਿਸਮ ਦੀ ਤਿਕੜਮ ਛੋਟੇਪੁਰ ਨੇ ਬਰਗਾੜੀ ਸਮਾਗਮ ਵਿਚ ਭਗਵੰਤ ਮਾਨ ਨਾਲ ਕੀਤੀ ਸੀ। ਕੇਜਰੀਵਾਲ ਨੇ ਜੇ ਦਿੱਲੀ ਅਸੈਂਬਲੀ ਚੋਣਾਂ ਦੌਰਾਨ ਜਾਮਾ ਮਸਜਿਦ ਦੇ ਇਮਾਮ ਦੀ ਮਦਦ ਦੀ ਪੇਸ਼ਕਸ਼ ਠੁਕਰਾ ਦਿਤੀ ਸੀ ਤਾਂ ਭਗਵੰਤ ਮਾਨ ਲਈ ਉਸ ਨੂੰ ਭਾਈ ਮੋਹਕਮ ਸਿੰਘ ਦੀ ਮਦਦ ਕਬੂਲਣ ਦੀ ਕੀ ਲੋੜ ਸੀ?
ਕੇਜਰੀਵਾਲ ਨੇ ਵਾਰ ਵਾਰ ਵਾਅਦਾ ਕੀਤਾ ਕਿ ਪੰਜਾਬ ਵਿਚ ਸਾਫ-ਸੁਥਰੀ ਰਾਜਨੀਤੀ ਲੈ ਕੇ ਆਵੇਗਾ, ਦਲ ਬਦਲੂਆਂ ਨੂੰ ਮੂੰਹ ਨਹੀਂ ਲਾਵੇਗਾ, ਉਮੀਦਵਾਰਾਂ ਨੂੰ ਟਿਕਟਾਂ ਪਾਰਦਰਸ਼ੀ ਢੰਗ ਨਾਲ ਸਥਾਨਕ ਵਾਲੰਟੀਅਰਾਂ ਦੀ ਰਾਏ ਲੈ ਕੇ ਦਿਤੀਆਂ ਜਾਣਗੀਆਂ; ਪਰ ਕੀਤਾ ਇਸ ਤੋਂ ਉਲਟ! ਉਸ ਨੇ 40 ਤੋਂ ਵੱਧ ਟਿਕਟਾਂ ਕਾਂਗਰਸ, ਬਸਪਾ ਅਤੇ ਅਕਾਲੀ ਦਲ ਛੱਡ ਕੇ ਆਏ ਦਲ-ਬਦਲੂਆਂ ਨੂੰ ਦਿਤੀਆਂ। ਮੇਰੇ ਆਪਣੇ ਇਲਾਕੇ ਵੱਲੋਂ ਹੀ ਕਈ ਮਿਸਾਲਾਂ ਹਨ। ਮੁਕਤਸਰ ਸੀਟ ਲਈ ਪਿੰਡ ਛੱਤਣਵਾਲਾ ਦੇ ਸਰਗਰਮ ਵਰਕਰ ਜਗਦੀਪ ਸੰਧੂ ਦਾ ਹੱਕ ਬਣਦਾ ਸੀ। ਦੁਰਗੇਸ਼ ਨੇ ਟਿਕਟ ਉਸੇ ਪਿੰਡ ਦੇ ਜਗਦੀਪ ਬਰਾੜ ਨੂੰ ਦੇ ਦਿਤੀ। ਰੌਲਾ ਪਿਆ ਤਾਂ ਸੰਧੂ ਨੂੰ ਬਾਹਰ ਕਿਸੇ ਹੋਰ ਹਲਕੇ ਤੋਂ ਖੜ੍ਹਾ ਕਰ ਕੇ ਉਸ ਨੂੰ ਹਨੇਰੇ ਵੱਲ ਧੱਕ ਦਿਤਾ।
ਅਸੀਂ ਇਹ ਵੀ ਮੰਨ ਸਕਦੇ ਹਾਂ ਕਿ ਸਾਰੇ ਦਲ-ਬਦਲੂ ਬੇਅਸੂਲੇ ਨਹੀਂ ਸਨ। ਕੁਝ ਜ਼ਮੀਰ ਦੀ ਆਵਾਜ਼ ਸੁਣ ਕੇ ਆਏ, ਬਾਅਸੂਲ ਸੱਜਣ ਵੀ ਹੋ ਸਕਦੇ ਹਨ। ਮਸਲਨ, ਸਾਡੇ ਵਰਗੇ ਸਾਰੇ ਹੀ ਕਹਿੰਦੇ ਹਨ ਕਿ ਕੇਜਰੀਵਾਲ ਨੇ ਸੁਖਪਾਲ ਸਿੰਘ ਖਹਿਰਾ ਨੂੰ ਟਿਕਟ ਦੇ ਕੇ ਸਹੀ ਕਦਮ ਉਠਾਇਆ, ਬੱਲ ਦੀ ਇਹ ਧਾਰਨਾ ਬਿਲਕੁਲ ਠੀਕ ਹੈ ਕਿ ਟਿਕਟਾਂ ਜੇ ਪ੍ਰੋæ ਬਲਜਿੰਦਰ ਕੌਰ, ਨਾਜ਼ਰ ਸਿੰਘ ਮਾਨਸਾਹੀਆ ਅਤੇ ਮਾਸਟਰ ਬੂਟਾ ਰਾਮ ਵਰਗੇ ਨਿਸ਼ਕਾਮ ਉਮੀਦਵਾਰਾਂ ਨੂੰ ਦਿਤੀਆਂ ਹੁੰਦੀਆਂ ਤਾਂ ਪੰਜਾਬ ਵਿਚ ‘ਆਪ’ ਦੀ ਹਾਰ ਦੀ ਵੀ ਨਿਰਾਲੀ ਹੀ ਸ਼ਾਨ ਹੋਣੀ ਸੀ!
-ਗੁਰਮੇਲ ਸਿੰਘ ਬਰਗਾੜੀ
ਫੋਨ: 416-845-7534