ਹਰਪਾਲ ਸਿੰਘ ਪੰਨੂ
ਫੋਨ: 91-94642-51454
ਮੈਂ ਸਮਝਦਾ ਹਾਂ ਕਿ ਭਾਰਤ ਸਰਕਾਰ ਦੀ ਮੱਤ ਮਾਰੀ ਗਈ ਸੀ ਜਦੋਂ ਫੌਜ ਨੇ ਮੈਨੂੰ ਸਿੱਖ ਸਮਝ ਕੇ ਗ੍ਰਿਫਤਾਰ ਕੀਤਾ। ਅੱਧੀ ਰਾਤ, ਚਾਰੇ ਪਾਸੇ ਸਰਚ ਲਾਈਟਾਂ, ਘੰਟੀ ਖੜਕੀ, ਤਾਕੀ ਵਿਚੋਂ ਬਾਹਰ ਦੇਖਿਆ ਤਾਂ ਸਾਹਮਣੇ ਗਵਾਂਢੀਆਂ ਦੀਆਂ ਛੱਤਾਂ ਉਪਰ ਬੰਦੂਕਾਂ ਦੀਆਂ ਨਾਲੀਆਂ ਮੇਰੇ ਘਰ ਵਲ ਤਾਣੀ ਸਿਪਾਹੀ ਦੇਖੇ। ਦਰਵਾਜਾ ਖੋਲ੍ਹਿਆ, ਦੋ ਜੁਆਨਾਂ ਨੇ ਮੇਰੀਆਂ ਬਾਹਾਂ ਕਸ ਦੇ ਪਿਛੇ ਬੰਨ੍ਹ ਦਿੱਤੀਆਂ। ਕਰਨਲ ਨੇ ਪੁੱਛਿਆ, ਪ੍ਰੋਫੈਸਰ ਪੰਨੂ? ਮੈਂ ਕਿਹਾ, ਹਾਂ। ਘਰ ਦੀ ਤਲਾਸ਼ੀ ਸ਼ੁਰੂ ਹੋ ਗਈ।
ਸੰਦੂਕ ਵਿਚੋਂ ਕੱਪੜਾ ਲੱਤਾ ਬਾਹਰ ਸੁੱਟ ਦਿਤਾ। ਵਿਚ ਰੰਮ ਦੀ ਬੋਤਲ ਪਈ ਸੀ। ਠਾਣੇਦਾਰ ਨੇ ਬੋਤਲ ਕਰਨਲ ਨੂੰ ਦਿਖਾ ਕੇ ਕਿਹਾ, ਜਨਾਬ ਲੈ ਚੱਲੀਏ ਇਹ? ਕਰਨਲ ਨੇ ਪੁੱਛਿਆ, ਇਹਦਾ ਕੀ ਕਰਨੈ? ਠਾਣੇਦਾਰ ਨੇ ਕਿਹਾ, ਇਹਦੇ ਸਾਹਮਣੇ ਰੱਖ ਕੇ ਫੋਟੋ ਅਖਬਾਰਾਂ ਵਿਚ ਛਪਵਾ ਦਿਆਂਗੇ। ਕਰਨਲ ਨੇ ਮੈਨੂੰ ਪੁੱਛਿਆ, ਵਿਸਕੀ ਪੀ ਲੈਂਦੇ ਹੋ? ਮੈਂ ਕਿਹਾ, ਨਹੀਂ। ਮੇਰਾ ਵਡਾ ਭਰਾ ਏਅਰ ਫੋਰਸ ਵਿਚ ਵਾਰੰਟ ਅਫਸਰ ਹੈ। ਦੋ ਬੋਤਲਾਂ ਲਿਆਇਆ ਸੀ। ਇਕ ਪੀ ਗਿਆ, ਇਕ ਅਗਲੀ ਵਾਰੀ ਆਏਗਾ, ਪੀ ਲਏਗਾ।
ਠਾਣੇਦਾਰ ਨੇ ਹੱਥ ਵਿਚ ਫੜੀ ਬੋਤਲ ਦਾ ਲੇਬਲ ਪੜ੍ਹਿਆ, ਜਨਾਬ ਵਾਕਈ ਮਿਲਟਰੀ ਦੀ ਹੈ। ਸਿਵਲੀਅਨ ਬੰਦਾ ਮਿਲਟਰੀ ਦੀ ਰੰਮ ਆਪਣੇ ਕੋਲ ਨਹੀਂ ਰੱਖ ਸਕਦਾ। ਕੇਸ ਬਣਦਾ ਹੈ। ਕਰਨਲ ਨੇ ਉਸ ਨੂੰ ਡਾਂਟਦਿਆਂ ਕਿਹਾ, ਆਪਣਾ ਕੰਮ ਸ਼ਰਾਬ ਫੜ੍ਹਨਾ ਨਹੀਂ, ਹਥਿਆਰ ਫੜ੍ਹਨਾ ਤੇ ਖਾਲਿਸਤਾਨੀ ਫੜ੍ਹਨਾ ਹੈ। ਸਮਝਿਆ? ਬੋਤਲ ਉਥੇ ਰੱਖ ਤੇ ਤਲਾਸ਼ੀ ਵਿਚ ਸ਼ਾਮਲ ਹੋ ਜਾਹ।
ਮੇਰਾ ਪੀਐਚæਡੀæ ਦਾ ਕੰਮ ਲਗਭਗ ਮੁਕੰਮਲ ਹੋ ਗਿਆ ਸੀ। ਉਨ੍ਹਾਂ ਨੇ ਕਾਗਜ਼ਾਂ ਦਾ ਥੱਬਾ ਚੁੱਕ ਲਿਆ, ਪਤਾ ਨਹੀਂ ਕੀ ਹੈ, ਸ਼ਾਇਦ ਖਾਲਿਸਤਾਨੀ ਲਿਟਰੇਚਰ ਹੋਵੇ, ਬਾਅਦ ਵਿਚ ਪੜਤਾਲ ਕਰ ਲਾਂਗੇ, ਚੁੱਕੇ। ਅੱਜ ਤਕ ਵਾਪਸ ਨਹੀਂ ਮਿਲੇ। ਜੇਲ੍ਹ ਵਿਚ ਦੁਬਾਰਾ ਲਿਖਣਾ ਸ਼ੁਰੂ ਕੀਤਾ। ਸੰਤ ਜਰਨੈਲ ਸਿੰਘ ਦੀ ਤਾਸ਼ ਦੇ ਪੱਤੇ ਜਿੱਡੀ ਕੁ ਤਸਵੀਰ ਕਾਨਸ ‘ਤੇ ਪਈ ਸੀ। ਠਾਣੇਦਾਰ ਨੇ ਕਰਨਲ ਨੂੰ ਦਿਖਾਈ। ਕਰਨਲ ਨੇ ਕਿਹਾ, ਜੇ ਇਸ ਨਾਲ ਕੇਸ ਮਜਬੂਤ ਹੁੰਦੈ ਤਾਂ ਚੱਕ ਲੈ, ਵੈਸੇ, ਗਜ ਗਜ ਵੱਡੇ ਕੈਲੰਡਰ ਬਾਜ਼ਾਰ ਵਿਚ ਵਿਕ ਰਹੇ ਨੇ ਜਰਨੈਲ ਸਿੰਘ ਦੇ। ਦੋ ਰੁਪਈਆਂ ਦਾ ਵੱਡਾ ਕੈਲੰਡਰ ਖਰੀਦ ਇਸ ਕੋਲੋਂ ਬਰਾਮਦ ਦਿਖਾ ਕੇ ਵੱਡਾ ਕੇਸ ਬਣਾ।
ਪਿਛਲੇ ਪਾਸੇ ਹੱਥ ਬੰਨ੍ਹੇ ਹੋਣ ਕਾਰਨ ਮੈਂ ਆਪ ਚੜ੍ਹ ਨਹੀਂ ਸਾਂ ਸਕਦਾ, ਤਿੰਨ ਚਾਰ ਫੌਜੀਆਂ ਨੇ ਚੁਕ ਕੇ ਮੈਨੂੰ ਵੈਨ ਵਿਚ ਵਗਾਹ ਕੇ ਮਾਰਿਆ। ਅੱਖਾਂ ਉਪਰ ਕਸ ਕੇ ਇਕ ਤੌਲੀਆ ਬੰਨ੍ਹ ਦਿਤਾ ਜਿਸ ਨੇ ਹੇਠਾਂ ਨੱਕ ਵੀ ਢਕ ਲਿਆ। ਮੈਂ ਕਿਹਾ, ਇਹ ਤੌਲੀਆ ਨੱਕ ਤੋਂ ਜਰਾ ਉਪਰ ਕਰ ਦਿਉ, ਬਹੁਤ ਬਦਬੂਦਾਰ ਹੈ। ਮੇਰੇ ਜਿਸਮ ਉਪਰ ਲੱਤਾਂ ਅਤੇ ਮੁੱਕਿਆਂ ਦੀ ਬਾਰਸ਼ ਹੋਈ। ਇਹ ਸਤਿਕਾਰ ਕਿੰਨੇ ਦਿਨ ਹੁੰਦਾ ਰਿਹਾ, ਵੋ ਕਹਾਨੀ ਫਿਰ ਸਹੀ। ਆਖਰ ਤਸ਼ੱਦਦ ਮੁਕੰਮਲ ਹੋਣ ਪਿਛੋਂ ਜੇਲ੍ਹ ਵਿਚ ਛੱਡ ਗਏ। ਭਲੇਮਾਣਸ ਹੋਣਗੇ ਜਿਹੜੇ ਜਿਉਂਦਾ ਛੱਡ ਗਏ।
ਜੇਲ੍ਹ ਵਿਚ ਬੰਦ ਦਿਨ ਕਟੀ ਕਰਦਿਆਂ ਪਤਾ ਲੱਗਾ ਕਿ ਪੰਜਾਬ ਪੁਲਿਸ ਚੀਫ ਜੂਲੀਅਨ ਐਫ਼ ਰਿਬੇਰੋ ਉਪਰ ਹਮਲਾ ਹੋ ਗਿਆ ਹੈ। ਹਮਲਾਵਰ ਜਲੰਧਰ ਦੇ ਪੀæਏæਪੀæ ਕੰਪਲੈਕਸ ਦੇ ਅੰਦਰ ਤੱਕ ਚਲੇ ਗਏ ਤੇ ਹਮਲਾ ਕਰਕੇ ਵਾਪਸ ਪਰਤ ਗਏ। ਸਖਤ ਸੁਰੱਖਿਆ ਵਿਚ ਘਿਰਿਆ ਹੋਇਆ ਪੁਲਿਸ ਕੰਪਲੈਕਸ, ਹਮਲਾਵਰ ਜੀਪ ਵਿਚ ਆਏ, ਗੋਲੀਆਂ ਦੀ ਵਾਛੜ ਕੀਤੀ ਤੇ ਚਲੇ ਗਏ। ਉਦੋਂ ਤਾਂ ਨਹੀਂ ਪਰ ਕੁਝ ਅਰਸੇ ਬਾਅਦ ਗ੍ਰਿਫਤਾਰ ਕਰ ਲਏ ਗਏ। ਅਦਾਲਤੀ ਕਾਰਵਾਈ ਜੇਲ੍ਹ ਵਿਚ ਚੱਲਿਆ ਕਰਦੀ ਸੀ। ਪੇਸ਼ੀ ‘ਤੇ ਜਾਂਦਿਆਂ ਇਕ ਨੇ ਕਿਹਾ, ਅੱਜ ਰਿਬੇਰੋ ਨੇ ਸ਼ਨਾਖਤ ਕਰਨ ਆਉਣਾ ਹੈ ਪਰ ਆਏਗਾ ਨਹੀਂ। ਪੁੱਛਿਆ, ਤੁਹਾਡੇ ਤੋਂ ਡਰਦੈ? ਉਸ ਨੇ ਕਿਹਾ, ਨਹੀਂ ਇਹ ਗੱਲ ਨੀ। ਡਰਨ ਡੁਰਨ ਦੀ ਕੋਈ ਗੱਲ ਨੀਂ। ਅਸੀਂ ਉਹਨੂੰ ਤੇ ਉਹਦੀ ਜਨਾਨੀ ਨੂੰ ਜ਼ਮੀਨ ਉਪਰ ਲੋਟਣੀਆਂ ਖੁਆ ਦਿਤੀਆਂ ਸਨ ਨਾ, ਬਸ ਸ਼ਰਮਿੰਦਗੀ ਦਾ ਮਾਰਿਆ ਮੂੰਹ ਨਹੀਂ ਦਿਖਾਏਗਾ। ਰਿਬੇਰੋ ਕਦੀ ਨਹੀਂ ਆਇਆ।
ਪਤਾ ਲੱਗਾ ਕਿ ਰਿਬੇਰੋ ਗ੍ਰਿਫਤਾਰ ਹੋਏ ਇਨ੍ਹਾਂ ਬੰਦੀਆਂ ਨੂੰ ਠਾਣੇ ਦੀ ਹਵਾਲਾਤ ਵਿਚ ਮਿਲ ਕੇ ਗਿਆ ਸੀ, ਪੁੱਛਿਆ ਸੀ, ਪੁਲਿਸ ਨੇ ਜ਼ਿਆਦਤੀ ਤਾਂ ਨਹੀਂ ਕੀਤੀ? ਪੁਲਿਸ ਨੂੰ ਕਹਿ ਕੇ ਗਿਆ ਸੀ, ਸਖਤੀ ਨਹੀਂ ਵਰਤਣੀ। ਪਤਾ ਲੱਗਾ, ਇਸ ਵਾਰਦਾਤ ਦਾ ਮੁਖੀ ਨਾ ਖਾੜਕੂ ਸੀ, ਨਾ ਖਾਲਿਸਤਾਨੀ। ਭੈਣ ਦਾ ਸੁਨੇਹਾ ਮਿਲਿਆ, ਇਸ ਵਾਰ ਰੱਖੜੀ ਬੰਨ੍ਹਣ ਪੇਕੇ ਨਹੀਂ ਆ ਸਕਦੀ। ਇਥੇ ਆ ਕੇ ਬੰਨ੍ਹਾ ਜਾਹ ਵੀਰ। ਮੁੰਡੇ ਨੇ ਮਿਠਾਈ ਦਾ ਡੱਬਾ, ਸੂਟ ਤੇ ਪੈਸੇ ਜੇਬ ਵਿਚ ਪਾਏ, ਮੋਟਰ ਸਾਈਕਲ ‘ਤੇ ਸਵਾਰ ਹੋ ਰੱਖੜੀ ਬੰਨ੍ਹਾਉਣ ਸੜਕੇ ਚੜ੍ਹ ਗਿਆ। ਥੋੜੀ ਦੂਰ ਪੁਲਿਸ ਦਾ ਨਾਕਾ ਸੀ, ਰੁਕਣ ਦਾ ਇਸ਼ਾਰਾ ਕੀਤਾ, ਰੁਕ ਗਿਆ। ਮੋਟਰ ਸਾਈਕਲ ਇਕ ਪਾਸੇ ਖੜ੍ਹਾ ਕਰਨ ਦਾ ਇਸ਼ਾਰਾ ਹੋਇਆ, ਸੜਕ ਕਿਨਾਰੇ ਸਟੈਂਡ ‘ਤੇ ਲਾ ਦਿਤਾ।
ਠਾਣੇਦਾਰ ਨੇ ਕਿਹਾ, ਇਥੇ ਨਹੀਂ, ਉਥੇ ਹੇਠਾਂ ਖਤਾਨਾਂ ਵਿਚ। ਹੇਠਾਂ ਲੈ ਗਿਆ। ਅੱਧਾ ਘੰਟਾ ਖਲੋਤਾ ਰਿਹਾ। ਫਿਰ ਠਾਣੇਦਾਰ ਕੋਲ ਗਿਆ ਤੇ ਕਿਹਾ, ਜੀ ਕਾਗਜ ਪੱਤਰ ਦੇਖ ਲਉ, ਕੋਈ ਗੱਲ ਪੁਛਣੀ ਹੈ, ਪੁੱਛ ਲਉ। ਠਾਣੇਦਾਰ ਨੇ ਕਿਹਾ, ਕੁਝ ਨਹੀਂ ਪੁੱਛਣਾ ਗਿੱਛਣਾ, ਰਿਬੇਰੋ ਸਾਹਿਬ ਦੀ ਫਲੀਟ (ਕਾਫਲਾ) ਲੰਘਣੀ ਹੈ। ਜਦੋਂ ਤੱਕ ਲੰਘ ਨੀ ਜਾਂਦੇ, ਮੋਟਰ ਸਾਈਕਲ ਸੜਕ ਉਤੇ ਨਹੀਂ ਚੜ੍ਹੇਗਾ। ਰਿਬੇਰੋ ਦਾ ਕਾਫਲਾ ਲੰਘ ਗਿਆ ਤਾਂ ਜੁਆਨ ਨੂੰ ਚਲੇ ਜਾਣ ਦਾ ਇਸ਼ਾਰਾ ਕੀਤਾ।
ਉਹ ਰੱਖੜੀ ਤਾਂ ਬੰਨ੍ਹਵਾ ਆਇਆ ਪਰ ਸੋਚਦਾ ਰਿਹਾ, ਰਿਬੇਰੋ ਤਾਇਆ ਲਗਦੈ ਪੰਜਾਬ ਦੀਆਂ ਸੜਕਾਂ ਦਾ? ਸੈਕੰਡ ਹੈਂਡ ਜਿਪਸੀ ਖਰੀਦੀ। ਪੇਂਟਰ ਨੂੰ ਕਿਹਾ, ਇਸ ਨੂੰ ਪੁਲਿਸ ਟਰੈਫਿਕ ਜੀਪ ਬਣਾ ਦੇਹ, ਪਾਇਲਟ ਗੱਡੀ, ਕਸਰ ਨਾ ਰਹੇ ਕੋਈ। ਜਿਪਸੀ ਤਿਆਰ ਹੋ ਗਈ। ਚਾਰ ਵਰਦੀਆਂ ਸਵਾਈਆਂ। ਇਕ ਡੀæਐਸ਼ਪੀæ ਦੀ, ਇਕ ਠਾਣੇਦਾਰ ਦੀ, ਦੋ ਸਿਪਾਹੀਆਂ ਦੀਆਂ। ਖਾੜਕੂ ਲੱਭੇ, ਹਥਿਆਰ ਲਏ ਤੇ ਚਲਾਉਣੇ ਸਿਖੇ।
ਤੇਜ਼ ਰਫਤਾਰ ਜਿਪਸੀ ਪੀæਏæਪੀæ ਕੰਪਲੈਕਸ ਦੇ ਗੇਟ ਅੰਦਰ ਸਵੇਰ ਸਾਰ ਦਾਖਲ ਹੋਈ। ਤੁਹਾਨੂੰ ਰੋਕਿਆ ਨਹੀਂ ਕਿਸੇ ਨੇ? ਜੀ ਰੋਕਣਾ ਤਾਂ ਕੀ, ਉਨ੍ਹਾਂ ਸਲੂਟ ਮਾਰੇ। ਅਸੀਂ ਉਨ੍ਹਾਂ ਦੇ ਹਥਿਆਰ ਚੈਕ ਕੀਤੇ ਤੇ ਅੰਦਰ ਜਾ ਵੜੇ ਜਿਥੇ ਲਾਅਨ ਵਿਚ ਰਿਬੇਰੋ ਤੇ ਉਸ ਦੀ ਪਤਨੀ ਸੈਰ ਕਰ ਰਹੇ ਸਨ। ਗੋਲੀਆਂ ਦੀ ਵਾਛੜ ਕਰ ਦਿਤੀ। ਉਹ ਜ਼ਮੀਨ ‘ਤੇ ਡਿਗ ਕੇ ਲੋਟਣੀਆਂ ਖਾਣ ਲੱਗੇ। ਅਸੀਂ ਸੋਚਿਆ ਮਰ ਗਏ ਹਨ। ਚਾਰੇ ਪਾਸੇ ਨਜ਼ਰ ਮਾਰੀ। ਕੰਧਾਂ ਉਪਰ ਬੰਦੂਕਾਂ ਬੀੜੀ ਜੁਆਨ ਪੋਜ਼ੀਸ਼ਨਾਂ ਲਈ ਬੈਠੇ ਸਨ। ਹੁਣ ਗੋਲੀਆਂ ਆਈਆਂ ਕਿ ਆਈਆਂ, ਸੋਚਦੇ ਸੋਚਦੇ ਜਿਪਸੀ ਵਿਚ ਬੈਕ ਕੇ ਬਾਹਰ ਨਿਕਲ ਗਏ। ਕਿਸੇ ਪਾਸਿਓਂ ਗੋਲੀ ਨਹੀਂ ਆਈ। ਆਉਣ ਜਾਣ ਵਿਚ ਏਨਾ ਕੁ ਫਰਕ ਰਿਹਾ ਕਿ ਵਾਪਸ ਜਾਂਦਿਆਂ ਨੂੰ ਕਿਸੇ ਨੇ ਸਲੂਟ ਨਹੀਂ ਮਾਰਿਆ।
‘ਬੁੱਲਟ ਫਾਰ ਬੁੱਲਟ’ ਕਿਤਾਬ ਵਿਚ ਰਿਬੇਰੋ ਨੇ ਉਕਤ ਹਮਲੇ ਦਾ ਜ਼ਿਕਰ ਤਾਂ ਕੀਤਾ ਹੈ ਪਰ ਉਪਰੋਕਤ ਲਿਖਤ ਪਿਛੋਕੜ ਨਹੀਂ ਲਿਖਿਆ। ਮੈਂ ਜੋ ਸੁਣਿਆ, ਸੋ ਲਿਖ ਦਿਤਾ, ਕਿੰਨਾ ਸਹੀ ਹੈ, ਕੋਈ ਦਸ ਦਏਗਾ ਕਦੀ। ਉਹ ਮੁੰਡੇ ਹੁਣ ਜਿਉਂਦੇ ਹਨ ਕਿ ਨਹੀਂ, ਪਤਾ ਨਹੀਂ। ਮੈਂ ਇਕ ਪੁਲਿਸ ਅਫਸਰ ਨੂੰ ਪੁੱਛਿਆ, ਰਿਹਾਇਸ ਉਪਰ ਤਾਇਨਾਤ ਸੁਰੱਖਿਆ ਅਮਲੇ ਨੇ ਹਮਲਾਵਰਾਂ ਉਪਰ ਗੋਲੀਆਂ ਕਿਉਂ ਨਹੀਂ ਦਾਗੀਆਂ? ਉਸ ਨੇ ਦੱਸਿਆ, ਹੁਕਮ ਦੇਣ ਵਾਲਾ ਕੋਈ ਨਹੀਂ ਸੀ। ਉਨ੍ਹਾਂ ਨੂੰ ਸਮਝ ਨਹੀਂ ਲੱਗੀ ਇਹ ਕੀ ਹੋਇਆ ਹੈ। ਸ਼ਾਇਦ ਪੁਲਿਸ ਦੀ ਕੋਈ ਖਾਸ ਐਕਸਰਸਾਈਜ਼? ਬਗੈਰ ਕਿਸੇ ਦੇ ਹੁਕਮ ਦੇ, ਉਹ ਆਪਣੇ ਡੀæਐਸ਼ਪੀæ ਉਪਰ ਗੋਲੀ ਕਿਵੇਂ ਚਲਾਉਂਦੇ?
ਆਖਰ ਰਿਬੇਰੋ ਨੂੰ ਰੋਮਾਨੀਆ ਦਾ ਰਾਜਦੂਤ ਨਿਯੁਕਤ ਕਰਕੇ ਭੇਜ ਦਿਤਾ। ਉਸ ਨੂੰ ਖਬਰਾਂ ਮਿਲਦੀਆਂ ਰਹੀਆਂ ਕਿ ਚੌਕਸ ਰਹੋ, ਤੁਹਾਡੇ ਉਪਰ ਹਮਲਾ ਹੋ ਸਕਦਾ ਹੈ। ਆਉਣ ਜਾਣ ਵੇਲੇ ਦਿਸ਼ਾਵਾਂ ਬਦਲਦੇ ਰਹੋ। ਸਾਦੇ ਲਿਬਾਸ ਵਿਚ ਹਥਿਆਰਬੰਦ ਪੁਲਿਸ ਨੇੜੇ ਨੇੜੇ ਰਹਿੰਦੀ। ਆਖਰ ਇਕ ਦਿਨ ਹਮਲਾ ਹੋ ਗਿਆ। ਗੋਲੀ ਪੱਟ ਵਿਚੋਂ ਦੀ ਪਾਰ ਹੋ ਗਈ ਪਰ ਬਚ ਗਿਆ। ਉਸ ਕੋਲ ਗ੍ਰਹਿ ਸਕੱਤਰ ਆਇਆ ਤੇ ਪੁੱਛਿਆ, ਹਮਲਾਵਰ ਫੜ੍ਹ ਲਏ ਗਏ ਹਨ। ਇੰਗਲੈਂਡ ਤੋਂ ਆਏ ਹਨ। ਕਿੰਨੇ ਪੈਸੇ ਲੈ ਕੇ ਰਾਜ਼ੀਨਾਮਾ ਕਰਨਾ ਹੈ?
ਰਿਬੇਰੋ ਤੈਸ਼ ਵਿਚ ਆ ਗਿਆ, ਮੈਂ ਵਿਕਾਊ ਮਾਲ ਹਾਂ ਕੋਈ? ਸਕੱਤਰ ਨੇ ਕਿਹਾ, ਅਜਿਹੀ ਕੋਈ ਗੱਲ ਨਹੀਂ ਸ੍ਰੀਮਾਨ ਜੀ। ਸਾਡੇ ਦੇਸ ਦੇ ਕਾਨੂੰਨ ਅਨੁਸਾਰ ਦੋਸ਼ੀ ਤੋਂ ਮੁਆਵਜ਼ਾ ਲੈ ਕੇ ਪੀੜਤ ਰਾਜ਼ੀਨਾਮਾ ਕਰ ਸਕਦਾ ਹੈ। ਤੁਸੀਂ ਨਹੀਂ ਰਾਜ਼ੀਨਾਮਾ ਕਰਨਾ ਨਾ ਸਹੀ। ਮੈਂ ਲਿਖ ਦਿੰਦਾ ਹਾਂ ਕਿ ਮੁਆਵਜ਼ਾ ਲੈਣ ਤੋਂ ਇਨਕਾਰੀ ਹੋ।
ਰਿਬੇਰੋ ਨੇ ਲਿਖਿਆ, ਮੈਂ ਇਨ੍ਹਾਂ ਹਮਲਾਵਰਾਂ ਨੂੰ ਮਿਲਣਾ ਚਾਹੁੰਦਾ ਸਾਂ। ਮੈਨੂੰ ਇਨ੍ਹਾਂ ਉਪਰ ਕੋਈ ਕ੍ਰੋਧ ਨਹੀਂ ਸੀ। ਆਖਰ ਅਸੀਂ ਇਕ ਖੇਡ ਖੇਡ ਰਹੇ ਸਾਂ। ਲਕੀਰ ਦੇ ਇਕ ਪਾਸੇ ਮੈਂ ਸਾਂ, ਦੂਜੇ ਪਾਸੇ ਉਹ। ਉਨ੍ਹਾਂ ਨੂੰ ਮਿਲ ਕੇ ਮੈਂ ਇਹੀ ਗੱਲ ਆਖਣੀ ਸੀ। ਮਿਲਣ ਵਾਸਤੇ ਸੁਨੇਹਾ ਭੇਜਿਆ, ਉਨ੍ਹਾਂ ਦਾ ਜਵਾਬ ਆਇਆ, ਮਿਲਣ ਦੀ ਇੱਛਾ ਨਹੀਂ।
ਦਸ ਸਾਲ ਪਹਿਲਾਂ ਮੇਰੇ ਕੋਲ ਇਕ ਜੁਆਨ ਆਇਆ। ਉਸ ਨੇ ਦੱਸਿਆ ਕਿ ਕਤਲ ਕੇਸ ਵਿਚ ਉਸ ਨੂੰ ਉਮਰ ਕੈਦ ਹੋਈ ਹੈ ਤੇ ਮਹੀਨੇ ਲਈ ਪੈਰੋਲ ‘ਤੇ ਆਇਆ ਹੈ। ਪੀਐਚæ ਡੀæ ਕਰਨ ਦਾ ਇਛੁਕ ਹੈ ਪਰ ਕੋਈ ਪ੍ਰੋਫੈਸਰ ਖੋਜ ਦੀ ਨਿਗਰਾਨੀ ਕਰਨ ਲਈ ਤਿਆਰ ਨਹੀਂ, ਕਾਤਲ ਨਾਲ ਤਾਂ ਗੱਲ ਕਰਨ ਲਈ ਤਿਆਰ ਨਹੀਂ ਕੋਈ। ਤੁਹਾਡੇ ਨਾਮ ਦੀ ਦੱਸ ਪਈ ਤਾਂ ਆਸ ਬੱਝੀ। ਮੈਂ ਪੁੱਛਿਆ, ਕਿਸ ਨੂੰ, ਕਿਉਂ ਕਤਲ ਕੀਤਾ ਸੀ? ਉਸ ਨੇ ਦੱਸਿਆ, ਬੀæਏæ ਭਾਗ ਪਹਿਲਾ ਵਿਚ ਪੜ੍ਹਦਾ ਸਾਂ। ਮੇਰੀ ਜਮਾਤ ਵਿਚ ਐਸ਼ਪੀæ ਦਾ ਮੁੰਡਾ ਜੀਪ ਵਿਚ ਆਉਂਦਾ, ਰਿਵਾਲਵਰ ਜੇਬ ਵਿਚ ਹੁੰਦਾ, ਜਿਸ ਦੀ ਜਦੋਂ ਮਰਜ਼ੀ ਬੇਇਜ਼ਤੀ ਕਰ ਦਿੰਦਾ। ਮੈਂ ਜੇਬ ਵਿਚ ਛੁਰਾ ਰੱਖਣ ਲੱਗ ਪਿਆ। ਉਸ ਨੇ ਜਿਸ ਦਿਨ ਮੇਰੀ ਬੇਇਜ਼ਤੀ ਕੀਤੀ, ਮੈਂ ਛੁਰਾ ਮਾਰ ਦਿੱਤਾ। ਉਹ ਥਾਂਏਂ ਮਰ ਗਿਆ। ਪੁਲਿਸ ਆਈ, ਮੈਨੂੰ ਫੜ੍ਹ ਕੇ ਲੈ ਗਈ।
ਮੈਂ ਪੁੱਛਿਆ, ਪੁਲਿਸ ਨੇ ਤਸ਼ੱਦਦ ਕੀਤਾ? ਦੱਸਿਆ, ਨਹੀਂ ਜੀ। ਜੋ ਉਨ੍ਹਾਂ ਪੁੱਛਿਆ ਮੈਂ ਦੱਸ ਦਿੱਤਾ, ਛੁਰਾ ਫੜ੍ਹਾ ਦਿੱਤਾ। ਪੁੱਛਿਆ, ਉਸ ਮੁੰਡੇ ਦਾ ਪਿਉ ਤੈਨੂੰ ਮਿਲਣ ਆਇਆ ਸੀ? ਹਾਂ ਜੀ। ਮੈਂ ਠਾਣੇ ਹਵਾਲਾਤ ਵਿਚ ਬੰਦ ਸਾਂ। ਐਸ਼ਪੀæ ਆਇਆ, ਮੈਨੂੰ ਕਿਹਾ, ਮੇਰੇ ਕੋਲ ਸ਼ਿਕਾਇਤ ਕਰ ਦਿੰਦਾ ਤੂੰ। ਮੈਂ ਉਸ ਦੇ ਥੱਪੜ ਜੜ ਦਿੰਦਾ, ਰਿਵਾਲਵਰ ਖੋਹ ਲੈਂਦਾ। ਤੂੰ ਵੀ ਤਾਂ ਮੇਰਾ ਈ ਬੱਚਾ ਐਂ। ਮੇਰਾ ਬੱਚਾ ਮਰ ਗਿਆ, ਤੂੰ ਬਰਬਾਦ ਹੋ ਗਿਆ। ਇਹ ਕਹਿੰਦਿਆਂ ਰੋ ਪਿਆ ਤੇ ਚਲਾ ਗਿਆ।
ਇਸ ਮੁੰਡੇ ਦੀ ਅਰਜ਼ੀ ਉਪਰ ਮੈਂ ਨਿਗਰਾਨ ਵਜੋਂ ਦਸਤਖਤ ਕਰ ਦਿਤੇ। ਹਰੇਕ ਖੋਜੀ ਨੇ ਛਿਮਾਹੀ ਸੈਮੀਨਾਰ ਵਿਚ ਪੇਪਰ ਪੇਸ਼ ਕਰਨਾ ਹੁੰਦਾ ਹੈ। ਇਸ ਨੂੰ ਛੁੱਟੀ ਨਾ ਮਿਲਦੀ। ਮੈਂ ਜੇਲ੍ਹ ਵਿਚ ਜਾ ਕੇ ਉਸ ਦਾ ਪੇਪਰ ਸੁਣ ਲੈਂਦਾ। ਕੈਦ ਭੁਗਤਦਿਆਂ ਉਸ ਨੇ ਆਈæਸੀæਪੀæਆਰæ ਵਿਚ ਵਜ਼ੀਫੇ ਵਾਸਤੇ ਅਰਜ਼ੀ ਪਾਈ। ਪੂਨੇ ਇੰਟਰਵਿਊ ਹੋਣੀ ਸੀ। ਅਦਾਲਤ ਤੋਂ ਆਗਿਆ ਲੈ ਕੇ ਪੁਲਿਸ ਸੁਰੱਖਿਆ ਵਿਚ ਉਹ ਪੂਨੇ ਗਿਆ। ਹਥਕੜੀ ਲੱਗੀ ਲਗਾਈ ਵਿਚ ਇੰਟਰਵਿਊ ਦਿਤੀ। ਸੰਸਥਾ ਨੇ ਖੁਸ਼ ਹੋ ਕੇ 12 ਹਜ਼ਾਰ ਰੁਪਿਆ ਮਹੀਨਾ ਵਜ਼ੀਫਾ ਲਾ ਦਿਤਾ। ਕੈਦ ਪੂਰੀ ਭੁਗਤ ਕੇ, ਪੀਐਚæ ਡੀæ ਕਰਕੇ ਹੁਣ ਉਹ ਅਤੇ ਉਸ ਦੀ ਪਤਨੀ ਕਾਲਜ ਵਿਚ ਲੈਕਚਰਾਰ ਲੱਗੇ ਹੋਏ ਹਨ। ਜੁਆਨ ਦਾ ਨਾਮ ਹੈ ਡਾæ ਮਨਦੀਪ ਗੌੜ। ਉਸ ਦੀ ਕਿਤਾਬ ‘ਪਟਿਆਲਾ ਜੇਲ੍ਹ ਵਿਚ ਅੱਠ ਵਰ੍ਹੇ’ ਲੋਕਗੀਤ ਪ੍ਰਕਾਸ਼ਨ ਨੇ ਛਾਪ ਦਿਤੀ ਹੈ।