ਕੁਲਦੀਪ ਕੌਰ
ਫੋਨ: +91-98554-04330
ਸਿਨੇਮਾ ਨੂੰ ਆਧੁਨਿਕਤਾ ਦਾ ਸੰਦ ਮੰਨਣ ਦੇ ਬਾਵਜੂਦ ਵੱਖ-ਵੱਖ ਮੁਲਕਾਂ ਦਾ ਸਿਨੇਮਾ ਧਾਰਮਿਕ ਮਾਨਤਾਵਾਂ, ਸਮਾਜਿਕ ਰੂੜੀਆਂ ਅਤੇ ਅੰਧ-ਵਿਸ਼ਵਾਸੀ ਧਾਰਨਾਵਾਂ ਤੋਂ ਮੁਕਤ ਨਹੀਂ ਹੋ ਸਕਿਆ। ਕਲਾ ਦੇ ਤੌਰ ‘ਤੇ ਸਿਨੇਮਾ ਤੋਂ ਇਹ ਤਵੱਕੋ ਸਦਾ ਹੀ ਕੀਤੀ ਜਾਂਦੀ ਹੈ ਕਿ ਉਹ ਨਾ ਸਿਰਫ ਵੇਲਾ ਵਿਹਾਅ ਚੁੱਕੀਆਂ ਰਵਾਇਤਾਂ ਤੋਂ ਬੰਦ-ਖਲਾਸੀ ਲਈ ਪਲੇਟਫਾਰਮ ਬਣੇਗਾ, ਸਗੋਂ ਨਰੋਈਆਂ ਸਭਿਆਚਾਰਕ ਕਦਰਾਂ-ਕੀਮਤਾਂ ਪ੍ਰਚਾਰਨ ਤੇ ਪ੍ਰਸਾਰਨ ਦਾ ਜ਼ਰੀਆ ਵੀ ਬਣੇਗਾ।
ਪ੍ਰੈਸ ਅਤੇ ਬਿਜਲਈ ਮੀਡੀਆ ਦੇ ਮੁਕਾਬਲੇ ਸਿਨੇਮਾ ਦੇ ਮਾਮਲੇ ਵਿਚ ਇਹ ਮਸਲਾ ਕਾਫੀ ਗੁੰਝਲਦਾਰ ਹੈ, ਕਿਉਂਕਿ ਫਿਲਮ ਬਣਾਉਣਾ ਮਹਿੰਗਾ ਸੌਦਾ ਹੈ ਅਤੇ ਪੈਸਾ ਲਾਉਣ ਤੋਂ ਪਹਿਲਾ ਨਿਰਮਾਤਾ ਵਪਾਰਕ ਪੱਖ ਧਿਆਨ ਵਿਚ ਰੱਖਦੇ ਹਨ। ਆਵਾਮ ਦੀ ਧਾਰਮਿਕ ਤੇ ਸਮਾਜਿਕ-ਤੰਤਰ ਵੱਲੋਂ ਜਥੇਬੰਦ ਸੰਗਠਿਤ ਅਤੇ ਸੰਸਥਾਗਤ ਢੰਗ ਨਾਲ ਲੁੱਟ ਨੂੰ ਪਟਕਥਾ ਦਾ ਆਧਾਰ ਬਣਾਉਣਾ ਬਹੁਤੇ ਨਿਰਮਾਤਾ ਘਾਟੇ ਦਾ ਸੌਦਾ ਗਿਣਦੇ ਹਨ। ਇਸੇ ਕਾਰਨ ਜਦੋਂ ਵੀ ਕੋਈ ਫਿਲਮ ਇਸ ਗੰਭੀਰ ਮੁੱਦੇ ਬਾਰੇ ਕੋਈ ਸੰਵਾਦ ਛੇੜਨ ਦੀ ਕੋਸ਼ਿਸ਼ ਕਰਦੀ ਹੈ, ਉਹ ਧਾਰਮਿਕ ਮੱਠਾਂ ਅਤੇ ਸਮਾਜਿਕ ਜੜ੍ਹਤਾ ਦੇ ਅਸਹਿਣਸ਼ੀਲ ਵਿਤਕਰੇ ਦਾ ਸ਼ਿਕਾਰ ਹੋ ਕੇ ਰਹਿ ਜਾਂਦੀ ਹੈ।
ਭਾਰਤੀ ਸਿਨੇਮਾ ਦੀ ਸ਼ੁਰੂਆਤ ਤੋਂ ਹੀ ਬਹੁਤ ਸਾਰੀਆਂ ਫਿਲਮਾਂ ਦੀ ਪਟਕਥਾ ਦਾ ਆਧਾਰ ਧਰਮ, ਮਿਥਿਹਾਸ, ਇਤਿਹਾਸ ਅਤੇ ਅਲੌਕਿਕ ਵਰਤਾਰੇ ਬਣਦੇ ਰਹੇ ਹੈ। ਭਾਰਤੀ ਦਰਸ਼ਕਾਂ ਦੀਆਂ ਸੰਵੇਦਨਸ਼ੀਲ ਭਾਵਨਾਵਾਂ ਨੂੰ ‘ਕੈਸ਼’ ਕਰਨ ਦੇ ਇਰਾਦੇ ਨਾਲ ਭਾਰਤੀ ਫਿਲਮ ਸਨਅਤ ਵਿਚ ਸਮੇਂ-ਸਮੇਂ ‘ਤੇ ਲੋਕ-ਪ੍ਰਲੋਕ, ਭੂਤ-ਪ੍ਰੇਤ, ਆਤਮਾਵਾਂ ਦੇ ਕਿੱਸੇ ਅਤੇ ਪਰਾ-ਲੌਕਿਕ ਸ਼ਕਤੀਆਂ ‘ਤੇ ਆਧਾਰਿਤ ਫਿਲਮਾਂ ਦਾ ਨਿਰਮਾਣ ਹੁੰਦਾ ਰਿਹਾ ਹੈ। ਦੂਜੇ ਪਾਸੇ ਵਿਗਿਆਨ, ਸਬੂਤਾਂ ਸਹਿਤ ਇਨ੍ਹਾਂ ਦੀ ਹੋਂਦ ਨੂੰ ਨਕਾਰਦਾ ਰਿਹਾ ਹੈ। ਦਿਲਚਸਪ ਤੱਥ ਇਹ ਹੈ ਕਿ ਜਿਥੇ ਫਿਲਮਾਂ ਦੇ ਵਿਸ਼ੇ-ਵਸਤੂ ਦੇ ਮਾਮਲੇ ਵਿਚ ਭਾਰਤੀ ਸਿਨੇਮਾ ਹਾਲੀਵੁੱਡ ਦੀ ਨਕਲ ਕਰਨ ਵਿਚ ਮਾਹਿਰ ਹੈ, ਉਥੇ ਵਿਗਿਆਨ ਆਧਾਰਿਤ ਫਿਲਮਾਂ ਦੇ ਮਾਮਲੇ ਵਿਚ ਇਸ ਨੇ ਚੁੱਪ ਹੀ ਧਾਰੀ ਹੋਈ ਹੈ। ਸ਼ਾਇਦ ਇਸ ਦਾ ਕਾਰਨ ਸੰਵਿਧਾਨ ਰਾਹੀਂ ‘ਵਿਗਿਆਨਕ ਨਜ਼ਰੀਆ’ ਪ੍ਰਫੁਲਿਤ ਕਰਨ ਦੀ ਰਾਜ-ਨੀਤੀ ਅਪਣਾਉਣ ਦੇ ਬਾਵਜੂਦ ਭਾਰਤੀ ਸਰਕਾਰਾਂ ਦੁਆਰਾ ਜਨ-ਸੰਚਾਰ ਸਾਧਨਾਂ ਲਈ ਨੀਤੀ ਦੀ ਗੈਰ-ਹਾਜ਼ਰੀ ਹੈ, ਜਾਂ ਫਿਰ ਸਰਕਾਰਾਂ ਦਾ ਆਪਣਾ ਨਜ਼ਰੀਆਂ ਹੀ ਸ਼ੱਕ ਦੇ ਘੇਰੇ ਵਿਚ ਹੈ।
ਭਾਰਤੀ ਸਿਨੇਮਾ ਵਿਚ ਪਹਿਲੇ ਦੌਰ ਦਾ ਸਿਨੇਮਾ ਜ਼ਿਆਦਾਤਰ ਧਾਰਮਿਕ ਸੰਤਾਂ-ਗੁਰੂਆਂ ਦੀਆਂ ਜੀਵਨੀਆਂ ਅਤੇ ਸਿੱਖਿਆਵਾਂ ‘ਤੇ ਆਧਾਰਿਤ ਸੀ। ਕਲਕੱਤੇ ਦੀ ‘ਨਿਊ ਥੀਏਟਰ ਕੰਪਨੀ’ ਦੀਆਂ ਬਹੁਤੀਆਂ ਫਿਲਮਾਂ ਅਜਿਹੀਆਂ ਕਹਾਣੀਆਂ ਅਤੇ ਕਿੱਸਿਆਂ ‘ਤੇ ਆਧਾਰਿਤ ਸਨ ਜਿਨ੍ਹਾਂ ਵਿਚ ਪੁਨਰ-ਜਨਮ, ਭੂਤਾਂ-ਪ੍ਰੇਤ ਦੀ ਹੋਂਦ ਅਤੇ ਭਟਕਦੀਆਂ ਆਤਮਾਵਾਂ ਦੇ ਇਰਦ-ਗਿਰਦ ਫਿਲਮ ਦੀ ਪਟਕਥਾ ਦਾ ਤਾਣਾ-ਬਾਣਾ ਬੁਣਿਆ ਜਾਂਦਾ ਸੀ। 1932 ਵਿਚ ਰਿਲੀਜ਼ ਹੋਈ ਫਿਲਮ ‘ਪੁਨਰ-ਜਨਮ’ ਇਸ ਦੀ ਮਿਸਾਲ ਹੈ। ਜਿਹੜੀਆਂ ਫਿਲਮਾਂ ਵਿਚ ਧਾਰਮਿਕ ਅੰਧ-ਵਿਸ਼ਵਾਸ਼ ਸਿੱਧੇ ਰੂਪ ਵਿਚ ਸ਼ਾਮਿਲ ਨਹੀਂ ਸਨ, ਉਨ੍ਹਾਂ ਵਿਚ ਵੀ ਜ਼ਿੰਦਗੀ ਦੀਆਂ ਦੁਸ਼ਵਾਰੀਆਂ ਅਤੇ ਔਕੜਾਂ ਦਾ ਅੰਤਿਮ ਹੱਲ ਕਿਸੇ ਸੁਪਰ-ਸੱਤਾ ਦੀ ‘ਰਜ਼ਾ ਵਿਚ ਜਿਉਣ’ ਵਿਚ ਸੁਝਾਇਆ ਜਾਂਦਾ ਸੀ। ਇਸ ਦੌਰ ਦਾ ਸਿਨੇਮਾ ਇਕ ਪਾਸੇ ਪਾਰਸੀ ਥੀਏਟਰ ਦੀ ਆਧਨਿਕਤਾ, ਹਾਲੀਵੁੱਡ ਸਿਨੇਮਾ ਦੀ ਲੜਾਕੂ ਸ਼ੈਲੀ ਅਤੇ ਅੰਗਰੇਜ਼ੀ ਸ਼ਾਸਨ ਖਿਲਾਫ ਆਵਾਮ ਦੇ ਉਭਰਦੇ ਰੋਹ ਤੇ ਰੋਸ ਨੂੰ ਸਿਨੇਮਾ ਦੇ ਸੁਪਨਈ ਪਰਦੇ ‘ਤੇ ਜੀਵੰਤ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ, ਦੂਜੇ ਪਾਸੇ ਸਿਨੇਮਾ ਉਤੇ ਲੋਕ ਕਲਾਵਾਂ, ਲੋਕ ਪੇਸ਼ਕਾਰੀਆਂ (ਯਾਤਰਾ, ਨੌਟੰਕੀ, ਸਾਂਗ, ਬੁਹਰੂਪੀਆਂ, ਨਕਲਚੀ-ਗਰੁੱਪਾਂ, ਭੰਡ-ਮਰਾਸੀ, ਕਠਪੁਤਲੀ ਨਾਚਾਂ ਅਤੇ ਧਾਰਮਿਕ ਦਰਸ਼ਨ ਆਦਿ) ਦਾ ਗਹਿਰਾ ਅਸਰ ਸੀ। ਇਨ੍ਹਾਂ ਵਿਚੋਂ ਜ਼ਿਆਦਾਤਰ ਕਲਾ ਭਾਰਤ ਦੀ ਕਿਸੇ ਨਾ ਕਿਸੇ ਇਤਿਹਾਸਕ ਤੇ ਮਿਥਿਹਾਸਕ ਕਥਾ ਜਾਂ ਕਹਾਣੀ ‘ਤੇ ਆਧਾਰਿਤ ਹੁੰਦੀ ਸੀ। ਦਿਲਚਸਪ ਤੱਥ ਇਹ ਹੈ ਕਿ ਜਿਥੇ ਸਿਨੇਮਾ ਦੇ ਜਾਗਰੂਕ ਨਿਰਦੇਸ਼ਕਾਂ ਨੇ ਇਨ੍ਹਾਂ ਕਲਾਵਾਂ ਦੀ ਆਵਾਮ ਨਾਲ ਸਾਂਝ ਨੂੰ ਆਪਣੀਆਂ ਫਿਲਮਾਂ ਵਿਚ ਨਵੇਂ ਅਰਥ ਘੜਨ ਲਈ ਵਰਤਿਆ, ਉਥੇ ਕਹਾਣੀ ਕਹਿਣ ਦੀ ਕਲਾ ਨੂੰ ਸਿਰਫ ਕਹਾਣੀ ਸੁਣਾਉਣ ਤੱਕ ਮਹਿਦੂਦ ਕਰਣ ਵਾਲੇ ਨਿਰਦੇਸ਼ਕਾਂ ਨੇ ਇਨ੍ਹਾਂ ਨੂੰ ਅੰਧ-ਵਿਸ਼ਵਾਸਾਂ ਅਤੇ ਭਰਮਾਂ ਦੀ ਸਥਿਤੀ ‘ਜਿਉਂ ਦੀ ਤਿਉਂ’ ਪੱਕੀ ਕਰਨ ਲਈ ਵਰਤਿਆ।
1945 ਵਿਚ ਬਣੀ ਫਿਲਮ ‘ਮੀਰਾ’ ਤੋਂ ਬਾਅਦ ਅਗਲੇ ਸਾਲਾਂ ਵਿਚ ਅਜਿਹੀਆਂ ਅਨੇਕਾਂ ਫਿਲਮਾਂ ਰਿਲੀਜ਼ ਹੋਈਆਂ ਜਿਨ੍ਹਾਂ ਵਿਚ ਧਰਮ ਨੂੰ ਮੁਕਤੀ ਦੇ ਸੰਦ ਵਜੋਂ ਪ੍ਰਸਾਰਿਆ ਗਿਆ। ਫਿਲਮ ‘ਮਾਇਆ ਮਛਿਦਰਾਦਾਸ’, ‘ਮੋਹਿਨੀ ਭਸਮਾਸੁਰ’, ‘ਪੂਰਨ ਭਗਤ’, ‘ਸੀਤਾ’, ‘ਭਗਤ ਪ੍ਰਹਿਲਾਦ’, ‘ਕ੍ਰਿਸ਼ਨ ਸੁਦਾਮਾ’, ‘ਲੰਕਾ ਦਹਨ’, ‘ਨਲ ਦਮਯੰਤੀ’ ਆਦਿ ਫਿਲਮਾਂ ਨੇ ਧਰਮ ਦੀਆਂ ਧਾਰਨਾਵਾਂ ਪ੍ਰਚਾਰਨ ਵਿਚ ਮਹੱਤਵਪੂਰਣ ਰੋਲ ਅਦਾ ਕੀਤਾ। ਇਨ੍ਹਾਂ ਫਿਲਮਾਂ ਵਿਚ ਜ਼ਿੰਦਗੀ ਤੋਂ ਡਰੇ ਦਰਸ਼ਕਾਂ ਅੱਗੇ ਧਰਮ ਅਜਿਹੇ ਸਹਾਰੇ ਵਜੋਂ ਪੇਸ਼ ਕੀਤਾ ਗਿਆ ਜਿਸ ਨੂੰ ਬਿਨਾਂ ਅਪਣਾਏ ਕਿਰਦਾਰਾਂ ਲਈ ਅਰਥ-ਭਰਪੂਰ ਜ਼ਿੰਦਗੀ ਦੀ ਕਲਪਨਾ ਕਰਨਾ ਅਸੰਭਵ ਹੈ।