ਤਰਲੋਚਨ ਸਿੰਘ ਦੁਪਾਲਪੁਰ
ਫੋਨ: 408-915-1268
ਪਹਿਲਾਂ ਹੀ ਸਪਸ਼ਟ ਕਰ ਦਿਆਂ ਕਿ ਨਾ ਤਾਂ ਸੌ ਵਿਚੋਂ ਸੌ ਪੰਜਾਬੀ ਪਰਵਾਸੀ ਆਮ ਆਦਮੀ ਪਾਰਟੀ (ਆਪ) ਦੀ ਹਮਾਇਤ ਕਰਨ ਪੰਜਾਬ ਗਏ ਸਨ ਅਤੇ ਨਾ ਹੀ ਮੇਰਾ ਇਹ ਦਾਅਵਾ ਹੈ ਕਿ ਸਾਰਿਆਂ ਦਾ ਤਜਰਬਾ ਮੇਰੇ ਆਪਣੇ ਤਜਰਬੇ ਨਾਲ ਮੇਲ ਖਾਂਦਾ ਹੋਵੇਗਾ; ਪਰ ਜਿਵੇਂ ‘ਆਪ’ ਵਿਰੋਧੀ ਪਾਰਟੀਆਂ ਨੇ ਪੰਜਾਬ ਪਹੁੰਚੇ ਪਰਵਾਸੀ ਜਥਿਆਂ ਉਤੇ ਨੱਕ-ਬੁੱਲ੍ਹ ਵੱਟੇ ਅਤੇ ਉਨ੍ਹਾਂ ਵਿਰੁਧ ਬਿਆਨਬਾਜ਼ੀ ਕੀਤੀ, ਉਸ ਤੋਂ ਅਨੁਮਾਨ ਲਗਾਇਆ ਜਾ ਸਕਦਾ ਹੈ ਕਿ
ਨੱਬੇ ਪ੍ਰਤੀਸ਼ਤ ਪਰਵਾਸੀ ਭੈਣ-ਭਰਾ ‘ਤਬਦੀਲੀ ਦਾ ਰਾਗ’ ਗਾਉਂਦੇ ਹੀ ਉਥੇ ਪਹੁੰਚੇ। ਇਸ ਦੇ ਨਾਲ ਹੀ ਗਿਆਰਾਂ ਮਾਰਚ ਨੂੰ ਸਾਹਮਣੇ ਆਏ ਚੌੜ-ਚਪੱਟ ਨਤੀਜਿਆਂ ਤੋਂ ਇਹ ਵੀ ਸ਼ੱਕ ਉਪਜਦੀ ਹੈ ਕਿ ਜੋਸ਼ੀਲੇ ਪਰਵਾਸੀ ਪ੍ਰਚਾਰ ਦਾ ਕਿਤੇ ਨਾ ਕਿਤੇ ਮੌਜੂ ਜ਼ਰੂਰ ਉਡਾਇਆ ਗਿਆ!
ਜਿਉਂ ਹੀ ਪੰਜਾਬ ਵਿਚ ਚੋਣ ਪ੍ਰਕ੍ਰਿਆ ਦੀਆਂ ਤਰੀਕਾਂ ਦਾ ਐਲਾਨ ਹੋਇਆ, ਅਨੇਕਾਂ ਪਰਵਾਸੀਆਂ ਵਾਂਗ ਮੇਰੇ ਵੀ ਕਈ ਦੋਸਤਾਂ ਨੇ ਦੇਸ਼ ਵਹੀਰਾਂ ਘੱਤ ਦਿੱਤੀਆਂ। ਲੱਖ ਚਾਹੁੰਦਿਆਂ ਵੀ ਕੁਝ ਪਰਿਵਾਰਕ ਕਾਰਨਾਂ ਕਰ ਕੇ ਮੈਂ ਖੁਦ ਪੰਜਾਬ ਨਾ ਜਾ ਸਕਿਆ; ਜਰਮਨ, ਇਟਲੀ, ਇੰਗਲੈਂਡ ਤੇ ਕੈਨੇਡਾ ਤੋਂ ਪੰਜਾਬ ਪਹੁੰਚ ਕੇ ਪ੍ਰਚਾਰ ਕਰ ਰਹੇ ਮੇਰੇ ਕਈ ਦੋਸਤਾਂ ਨੇ ਮਿੱਠੇ ਮਿੱਠੇ ਨਿਹੋਰੇ ਵੀ ਬਹੁਤ ਮਾਰੇ ਕਿ ਅਖਬਾਰੀ ਜਾਂ ਫੇਸਬੁੱਕੀਆ ‘ਸ਼ੇਰ’ ਬਣਨ ਦੀ ਥਾਂ, ਮੈਦਾਨ ਵਿਚ ਆ, ਪਰ ਮੈਂ ਮਜਬੂਰੀ ਦੀ ਚੱਕੀ ਵਿਚ ਪਿਸਦਿਆਂ ਵਿਦੇਸ਼ ਬੈਠਿਆਂ ਹੀ ਪ੍ਰਚਾਰ ਮੁਹਿੰਮ ਚਲਾ ਲਈ। ਪ੍ਰਿੰਟ ਮੀਡੀਆ ਅਤੇ ਸੋਸ਼ਲ ਸਾਈਟਾਂ ਦੇ ਨਾਲ-ਨਾਲ ਮੈਂ ਦੇਸ਼ ਨੂੰ ਫੋਨ ਕਾਲਾਂ ਕਰਨ ਵਾਸਤੇ ‘ਅਨਲਿਮਿਟਡ ਪਲੈਨ’ ਲੈ ਲਈ। ਜਦੋਂ ਇਥੇ ‘ਆਪ’ ਹਮਾਇਤੀਆਂ ਦੀਆਂ ਮੀਟਿੰਗਾਂ ਵਿਚ ਵੱਖ-ਵੱਖ ਸੱਜਣ ਹੁੱਬ ਹੁੱਬ ਦੱਸਦੇ ਕਿ ਮੈਂ ਪੰਜਾਬ ਨੂੰ ਐਨੇ ਸੌ ਕਾਲਾਂ ਕੀਤੀਆਂ, ਤਦ ਮੈਨੂੰ ਵੀ ਹੋਰ ਉਤਸ਼ਾਹ ਮਿਲਦਾ।
ਅਮਰੀਕਾ ਵਿਚ ਮੇਰੀ ਰਾਤ ਦੀ ਜੌਬ ਹੋਣੀ ਮੇਰੇ ਲਈ ਵਰਦਾਨ ਬਣ ਗਈ, ਕਿਉਂਕਿ ਉਸ ਵੇਲੇ ਦੇਸ਼ ਵਿਚ ਦਿਨ ਦਾ ਸਮਾਂ ਹੁੰਦਾ ਹੈ। ਵਿਹਲਿਆਂ ਵਰਗੀ ਜੌਬ ਹੋਣ ਕਾਰਨ ਮੈਂ ਦੇ ਦਿੱਤੀਆਂ ਫਿਰ ਫੋਨ ਨੂੰ ਗੇੜੀਆਂ! ਖੁਦ ਦੋ ਚੋਣਾਂ ਲੜੀਆਂ ਹੋਣ ਕਾਰਨ, ਤੇ ਹੋਰ ਵੀ ਕਈ ਸਿਆਸੀ ਦੋਸਤਾਂ ਦੇ ਚੋਣ ਪ੍ਰਚਾਰ ਵਿਚ ਸਰਗਰਮ ਰਿਹਾ ਹੋਣ ਸਦਕਾ ਮੈਂ ਕੱਢ ਲਈਆਂ ਪੁਰਾਣੀਆਂ ਫੋਨ ਡਾਇਰੀਆਂ, ਤੇ ਕਰਨ ਲੱਗਾ ਫੋਨ ਪੰਜਾਬ ਵਿਚ।
ਪਿੰਡ ਰਹਿੰਦੇ ਇਕ ਜਾਣੂ ਦੇ ਘਰੇ ਰਾਤ ਵੇਲੇ ਫੋਨ ਕੀਤਾ, ਉਸ ਦੀ ਪਤਨੀ ਨੇ ਫੋਨ ਚੁੱਕਿਆ। ਮੈਂ ਆਪਣੇ ਬਾਰੇ ਦੱਸ ਕੇ ਕਿਹਾ ਕਿ ਭਰਾ ਜੀ ਨਾਲ ਗੱਲ ਕਰਾਇਓ। “ਉਹ ਤਾਂ ਜੀ ਸੌਂ ਗਏ ਐ”, ਉਸ ਨੇ ਬਹੁਤ ਧੀਮੀ ਆਵਾਜ਼ ਵਿਚ ਕਿਹਾ, “ਜੇ ਕੋਈ ਜ਼ਰੂਰੀ ਗੱਲ ਹੈ ਤਾਂ ਉਠਾਵਾਂ?” ਸੁੱਤਿਆਂ ਨੂੰ ਬੇ-ਅਰਾਮ ਕੀਤਾ ਜਾਣ ਕੇ ਮੈਂ ‘ਸੌਰੀ ਸੌਰੀ’ ਕਹਿੰਦਿਆਂ ਫੋਨ ਬੰਦ ਕਰ ਦਿੱਤਾ ਕਿ ‘ਕੋਈ ਨਾ, ਕੱਲ੍ਹ ਗੱਲ ਕਰ ਲਵਾਂਗੇ।’ ਘੰਟੇ ਕੁ ਬਾਅਦ ਹੀ ਇਸ ਦੋਸਤ ਦੇ ਦੁਬਈ ਰਹਿੰਦੇ ਮੁੰਡੇ ਦਾ ਮੈਨੂੰ ਫੋਨ ਆ ਗਿਆ। ਉਹ ਹੱਸਦਾ ਹੋਇਆ ਮੈਨੂੰ ਦੱਸਣ ਲੱਗਾ ਕਿ ਮੰਮੀ ਕਹਿੰਦੇ, ਅੱਗੇ ਨਾ ਕਦੇ ਪਿਛੇ, ਉਹਦਾ (ਭਾਵ ਮੇਰਾ) ਫੋਨ ਨਹੀਂ ਆਇਆ, ਹੁਣ ਪਤਾ ਨਹੀਂ ਤੇਰੇ ਭਾਪਾ ਜੀ ਨੂੰ ਉਸ ਨੇ ਕੀ ਕਹਿਣਾ ਹੋਊ?
ਮੁੰਡੇ ਨੇ ਆਪਣੀ ਮਾਂ ਨੂੰ ਕਿਹਾ ਕਿ ਅੰਕਲ ਨੇ ਉਹੀ ਕੁਛ ਕਹਿਣਾ ਜੋ ਮੈਂ ਤੁਹਾਨੂੰ ਕਹਿ ਰਿਹਾਂ ਕਿ ਐਤਕੀਂ ਵੋਟ ਝਾੜੂ ਨੂੰ ਪਾਇਉ! ਪੱਕੀ ਤਸੱਲੀ ਦਿਵਾਉਂਦਿਆਂ ਮੁੰਡੇ ਨੇ ਮੈਨੂੰ ਇਹ ਵੀ ਕਹਿ ਦਿੱਤਾ ਕਿ ਅੰਕਲ ਜੀ, ਤੁਸੀਂ ਹੁਣ ਬੇਸ਼ੱਕ ਫੋਨ ਨਾ ਕਰਿਉ, ਸਾਡੇ ਘਰ ਦੇ ‘ਝਾੜੂ’ ਨੂੰ ਹੀ ਭੁਗਤਣਗੇ। ਖੁਸ਼ੀ ਵਿਚ ਵਾਛਾਂ ਖਿੜਾ ਖਿੜਾ ਕੇ ਇਹ ਗੱਲ ਮੈਂ ਇਧਰ-ਉਧਰ ਕਈ ਦੋਸਤਾਂ ਨੂੰ ਸੁਣਾਈ ਕਿ ‘ਤੱਕੜੀ ਪ੍ਰਸ਼ੰਸਕ’ ਪਰਿਵਾਰ ਮੈਂ ‘ਆਪ’ ਨਾਲ ਜੋੜ ਦਿੱਤਾ। ਵੋਟਾਂ ‘ਪੁਆਉਣ’ ਦੀ ਸਮਰੱਥਾ ਰੱਖਦੇ ਇਸੇ ਪਿੰਡ ਦੇ ਇਕ ਹੋਰ ਮਿੱਤਰ ਨੂੰ ਫੋਨ ਕੀਤਾ। ਹਾਲੇ ਮੈਂ ਉਸ ਨੂੰ ਆਮ ਆਦਮੀ ਪਾਰਟੀ ਦੀਆਂ ਸਿਫਤਾਂ ਗਿਣਾਉਣ ਹੀ ਲੱਗਾ ਸਾਂ ਕਿ ਮੋਹਰਿਉਂ ਉਹਦੀ ਗੱਲ ਸੁਣ ਕੇ ਮੇਰੇ ਦੰਦ ਹੀ ਜੁੜ ਗਏ।
“ਸੱਚੀ ਗੱਲ ਦੱਸਾਂ ਭਰਾਵਾ, ਮੈਂ ਤਾਂ ਕਈ ਦਿਨਾਂ ਤੋਂ ‘ਆਪ’ ਨਾਲ ਹੀ ਘੁੰਮ ਰਿਹਾ ਸੀ, ਪਰ ਫਲਾਣਾ ਸੂੰਹ ਨੇ ਤੱਕੜੀ ਵਾਲੇ ਜਥੇਦਾਰਾਂ ਕੋਲ ਮੇਰੀ ਸ਼ਿਕਾਇਤ ਕਰ’ਤੀ। ਅਖੇ, ਉਹਨੂੰ ਹਟਾਉ, ਉਹ ‘ਆਪਣੀਆਂ’ ਵੋਟਾਂ ਤੋੜਦਾ ਫਿਰਦਾ। ਹੁਣ ਮੈਂ ਬਚ-ਬਚਾਅ ਕੇ ਆਪਣੀ ਵੋਟ ਤਾਂ ‘ਝਾੜੂ’ ਨੂੰ ਪਾ ਦਊਂ, ਪਰ ਹੋਰ ਕਿਸੇ ਨੂੰ ਕਹਿ ਨਹੀਂ ਹੋਣਾ ਮੈਥੋਂ।”
ਇਸ ਮਿੱਤਰ ਸਿਰ ਜਥੇਦਾਰਾਂ ਨੂੰ ਚੜ੍ਹਾਅ ਕੇ ਲਿਆਉਣ ਵਾਲਾ ‘ਫਲਾਣਾ ਸੂੰਹ’ ਕੋਈ ਹੋਰ ਨਹੀਂ, ਦੁਬਈ ਵਾਲੇ ਉਸ ਮੁੰਡੇ ਦਾ ਬਾਪ ਹੀ ਸੀ!
ਇਸ ਤਰ੍ਹਾਂ ਇਕ ਹੋਰ ਮਿੱਤਰ ਨੂੰ ਫੋਨ ਘੁੰਮਾਇਆ। ਮੇਰੀਆਂ ਗੱਲਾਂ ਸੁਣ ਕੇ ਉਸ ਨੇ ਪੱਕਾ ਭਰੋਸਾ ਬਣਾਉਣ ਹਿਤ ਮੈਨੂੰ ਖੁਸ਼ ਹੁੰਦਿਆਂ ਦੱਸਿਆ ਕਿ ਭਾਅ ਜੀ, ਤੁਹਾਡਾ ਕਿਹਾ ਵੀ ਸਿਰ ਮੱਥੇ, ਪਰ ਸਾਨੂੰ ਪਹਿਲਾਂ ਵੀ ਬਾਹਰੋਂ ਕਈਆਂ ਦੇ ਫੋਨ ਆ ਰਹੇ ਆ, ਝਾੜੂ ਦੀ ਹਮਾਇਤ ਲਈ। ਇਟਲੀ, ਕੁਵੈਤ ਤੇ ਕੈਨੇਡਾ ਰਹਿੰਦੇ ਆਪਣੇ ਮਾਮੇ-ਮਾਸੀਆਂ ਦੇ ਮੁੰਡਿਆਂ ਅਤੇ ਆਪਣੇ ਜਵਾਈ ਦਾ ਜ਼ਿਕਰ ਕਰਦਿਆਂ ਉਸ ਚਾਅ ਨਾਲ ਕਿਹਾ ਕਿ ਇਹ ਸਾਰੇ ‘ਤੁਹਾਡੇ ਕੇਜਰੀਵਾਲ’ ਦਾ ਹੀ ਨਾਂ ਜਪਦੇ ਆ।
ਵੋਟਾਂ ਤੋਂ ਦੂਜੇ ਦਿਨ ਮੈਂ ਸਰਸਰੀ ਇਸੇ ਪਿੰਡ ਦੇ ਇਕ ਜਣੇ ਨੂੰ ਇਨ੍ਹਾਂ ਬਾਰੇ ਪੁੱਛਿਆ ਕਿ ਉਹ ਤਾਂ ‘ਆਪ’ ਨੂੰ ਹੀ ਭੁਗਤੇ ਹੋਣਗੇ? ਪਤਾ ਲੱਗਿਆ ਕਿ ‘ਤਿਲ੍ਹਕਵੀਂ’ ਮੰਨੀ ਜਾਂਦੀ ਵੋਟਾਂ ਵਾਲੇ ਦਿਨ ਤੋਂ ਪਹਿਲੀ ਰਾਤ, ਪੰਜੇ ਵਾਲਿਆਂ ਨੇ ਜਿਹੜੀ ‘ਛਕਣ-ਛਕਾਉਣ ਦੀ ਮਹਿਫਿਲ’ ਜਮਾਈ ਹੋਈ ਸੀ, ਉਹ ਇਸੇ ਘਰ ਰੱਖੀ ਹੋਈ ਸੀ ਜਿਨ੍ਹਾਂ ਨੇ ‘ਮੇਰਾ ਕਿਹਾ ਸਿਰ ਮੱਥੇ’ ਮੰਨਣ ਦਾ ਯਕੀਨ ਦਿਵਾਇਆ ਸੀ। ਇਥੇ ਹੀ ਬੱਸ ਨਹੀਂ; ਕਹਿੰਦੇ, ਉਹ ਇਕ ਸ਼ਾਮ ਨਸ਼ੇ ਦੀ ਲੋਰ ਵਿਚ ਹੱਟੀ ਮੋਹਰੇ ਖੜ੍ਹਾ ਆਪਣੇ ਵਿਦੇਸ਼ ਰਹਿੰਦੇ ਰਿਸ਼ਤੇਦਾਰਾਂ ਦਾ ਮਜ਼ਾਕ ਉਡਾਉਂਦਾ ਹੋਇਆ ਕਹਿ ਰਿਹਾ ਸੀ, “ਇਕ ਆਹ ਫਸਲੀ ਬਟੇਰੇ ਜਿਹੇæææ ਜਿਹੜੇ ਸਾਲ ਦੇ ਅਖੀਰ ‘ਚ ਸਿਆਲ ਉਤਰੇ ‘ਤੇ ਸਾਨੂੰ ‘ਆਪ’ ਦਾ ਟੌਹਰ-ਟੱਪਾ ਦਿਖਾਉਣ ਆਉਂਦੇ ਐæææ ਹੁਣ ਸਵੇਰੇ ਸ਼ਾਮ ‘ਟਿਊਂ ਟਿਊਂ’ ਫੋਨ ਖੜਕਾਈ ਜਾਂਦੇ ਆæææ ਅਖੇ, ਕੇਜਰੀਵਾਲ ਨੂੰ ਵੋਟਾਂ ਪਾਇਉ!æææ ਹੂੰਅæææ ਕਮਲੇ!! ਸਾਨੂੰ ਸਰਕਾਰੇ-ਦਰਬਾਰੇ ਛੱਤੀ ਸੌ ਕੰਮ ਪੈਂਦੇ ਆæææ ਕਿਹਦੀ ਮਾਂ ਨੂੰ ਮਾਸੀ ਕਹਾਂਗੇ ਅਸੀਂ ‘ਫੇ?”
‘ਤੁਹਾਨੂੰ ਬੇਵਫਾ ਕਹਿਣਾ
ਸਰਾਸਰ ਨਾ ਮੁਨਾਸਬ ਹੈ,
ਤੁਸੀਂ ਵਾਅਦਾ ਨਿਭਾਉਂਦੇ ਹੋ
ਕਦੀ ਏਧਰ ਕਦੀ ਉਧਰ।’
ਇਉਂ ਤਾਂ ਨਹੀਂ ਕਿਹਾ ਜਾ ਸਕਦਾ ਕਿ ਪਰਵਾਸੀਆਂ ਦੇ ਚੋਣ ਪ੍ਰਚਾਰ ਦਾ ਅਸਰ ਨਹੀਂ ਹੋਇਆ, ਪਰ ਬਹੁਤਾਤ ਵਿਚ ਉਹੀ ਕਹਾਵਤ ਵਰਤੀ ਜਾਪਦੀ ਹੈ, ਅਖੇæææ ਪੰਚਾਂ ਦਾ ਕਿਹਾ ਸਿਰ ਮੱਥੇ, ਪਰਨਾਲਾ ਉਥੇ ਦਾ ਉਥੇ! ਭਾਰਤੀ ਸੰਸਕ੍ਰਿਤੀ ਵਿਚ ਰਿਸ਼ੀ ਵੇਦ ਵਿਆਸ ਨੂੰ ਮਹਾਨ ਬੁੱਧੀਵੇਤਾ ਮੰਨਿਆ ਜਾਂਦਾ ਹੈ। ਉਨ੍ਹਾਂ ਦੇ ਇਕ ਪ੍ਰਵਚਨ ਵਿਚ ਪੰਜ ਆਦਮੀਆਂ ਨੂੰ ਜਿਉਂਦੇ ਹੀ ਮੋਇਆਂ ਬਰਾਬਰ ਲਿਖਿਆ ਹੋਇਆ ਹੈ। ਦਲਿੱਦਰੀ, ਰੋਗੀ, ਮੂਰਖ ਤੇ ਚੌਥੇ ਨੌਕਰ ਦੇ ਨਾਲ ਪੰਜਵਾਂ ਨੰਬਰ ‘ਪਰਦੇਸੀ’ ਦਾ ਹੈ।
ਇਸ ਲਿਖਤ ਨੂੰ ਚਾਹੇ ਪਰਵਾਸੀਆਂ ਦੇ ਪ੍ਰਚਾਰ ਦਾ ਤ੍ਰਿਸਕਾਰ ਕਹਿ ਲਓ ਜਾਂ ਪੀੜ-ਪਰਾਗਾ; ਇਹ ਪਾਠਕਾਂ ਦੀ ‘ਖੁਸ਼ੀ’ ਹੈ!
‘ਗੋ ਬਹੁਤ ਕੁਛ ਰੰਜ
ਯਾਰਾਨੇ-ਵਤਨ ਸੇ ਥਾ ਹਮੇਂ
ਆਂਖ ਮੇਂ ਆਂਸੂ ਮਗਰ
ਵਕਤੇ ਸਫਰ ਆ ਹੀ ਗਯਾ।’