ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਚੋਣਾਂ ਵਿਚ ਮਾੜੀ ਕਾਰਗੁਜ਼ਾਰੀ ਬਾਰੇ ਆਮ ਆਦਮੀ ਪਾਰਟੀ ਮੰਥਨ ਕਰਨ ਵਿਚ ਜੁਟ ਗਈ ਹੈ। ਪਾਰਟੀ ਦੇ ਪੰਜਾਬ ਆਗੂਆਂ ਨੇ ਹਾਰ ਦਾ ਵੱਡਾ ਕਾਰਨ ਦਿੱਲੀ ਟੀਮ ਦੀ ਲੋੜੋਂ ਵੱਧ ਦਖਲਅੰਦਾਜ਼ੀ ਅਤੇ ਮੁੱਖ ਮੰਤਰੀ ਦਾ ਚਿਹਰਾ ਨਾ ਹੋਣਾ ਦੱਸਿਆ ਹੈ। ਇਸ ਤੋਂ ਇਲਾਵਾ ਪਾਰਟੀ ਅਹੁਦੇਦਾਰਾਂ ਨੂੰ ਬੇਲੋੜਾ ਆਤਮ-ਵਿਸ਼ਵਾਸ ਵੀ ਲੈ ਡੁੱਬਿਆ।
ਪਾਰਟੀ ਆਗੂਆਂ ਨੇ ਮੰਨਿਆ ਹੈ ਕਿ ਜੇ ਇਸ ਬਾਰੇ ਗੰਭੀਰਤਾ ਨਾਲ ਕੰਮ ਕੀਤਾ ਹੁੰਦਾ ਤਾਂ ਵਿਧਾਨ ਸਭਾ ਦੇ ਨਤੀਜੇ ਕੁਝ ਹੋਰ ਹੁੰਦੇ। ਇਸੇ ਦੌਰਾਨ ਮੰਥਨ ਮੀਟਿੰਗ ਵਿਚ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਗਿਆ ਕਿ ਪੰਜਾਬ ਇਕਾਈ ਭਵਿੱਖ ਵਿਚ ਖੁਦਮੁਖਤਾਰੀ ਨਾਲ ਚੱਲੇਗੀ ਤੇ ਫੈਸਲੇ ਲਵੇਗੀ। ਇਹ ਗੱਲ ਵੀ ਉਭਰੀ ਕਿ ਪੰਜਾਬ ਚੋਣਾਂ ਲਈ ਦਿੱਲੀ ਦੀ ਲੀਡਰਸ਼ਿਪ ਵੱਲੋਂ ਘੜੀ ਰਣਨੀਤੀ ਪੂਰੀ ਤਰ੍ਹਾਂ ਫੇਲ੍ਹ ਹੋਈ। ਉਧਰ, ਪਰਵਾਸੀ ਪੰਜਾਬੀਆਂ ਵੱਲੋਂ ਦੁਰਗੇਸ਼ ਪਾਠਕ ਅਤੇ ਸੰਜੇ ਸਿੰਘ ਨੂੰ ਪਾਸੇ ਕਰਨ ਲਈ ਪਾਈ ਆਨਲਾਈਨ ਪਟੀਸ਼ਨ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਅਮਰੀਕਾ, ਕੈਨੇਡਾ, ਇੰਗਲੈਂਡ, ਆਸਟਰੇਲੀਆ, ਨਿਊਜ਼ੀਲੈਂਡ ਅਤੇ ਹੋਰ ਦੇਸ਼ਾਂ ਵਿਚ ਪਰਵਾਸੀ ਪੰਜਾਬੀ ‘ਆਪ’ ਦੀ ਸੂਬਾਈ ਲੀਡਰਸ਼ਿਪ ਵੱਲੋਂ ਕੀਤੇ ਫੈਸਲੇ ਤੋਂ ਖੁਸ਼ ਨਜ਼ਰ ਆ ਰਹੇ ਹਨ। ਇਨ੍ਹਾਂ ਪਰਵਾਸੀ ਪੰਜਾਬੀਆਂ ਨੂੰ ਆਸ ਹੈ ਕਿ ਸੂਬਾਈ ਲੀਡਰਸ਼ਿਪ ਇਕਜੁਟਤਾ ਕਾਇਮ ਰੱਖਦੀ ਹੋਈ ਸੂਬੇ ਦੀ ਸਿਆਸਤ ਵਿਚ ਤੀਜੀ ਧਿਰ ਵਜੋਂ ਪੱਕੇ ਪੈਰੀਂ ਸਥਾਪਤ ਹੋਵੇਗੀ।
ਸੂਬਾਈ ਲੀਡਰਸ਼ਿਪ ਇਸ ਗੱਲ ‘ਤੇ ਇਕਮੱਤ ਸੀ ਕਿ ਚੋਣਾਂ ਤੋਂ ਪਹਿਲਾਂ ਪਾਰਟੀ ਵੱਲੋਂ ਮੁੱਖ ਮੰਤਰੀ ਦਾ ਉਮੀਦਵਾਰ ਨਾ ਐਲਾਨਣਾ ਘਾਟੇ ਵਾਲਾ ਸੌਦਾ ਰਿਹਾ।
ਕੁਝ ਉਮੀਦਵਾਰਾਂ ਨੇ ਸਾਬਕਾ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਨੂੰ ਪਾਰਟੀ ਵਿਚੋਂ ਕੱਢਣ ਦਾ ਮਾਮਲਾ ਉਠਾਉਂਦਿਆਂ ਕਿਹਾ ਕਿ ਉਸ ਤੋਂ ਬਾਅਦ ਲੋਕ ਮਨਾਂ ਵਿਚ ‘ਆਪ’ ਉਸ ਤਰ੍ਹਾਂ ਦਾ ਥਾਂ ਨਹੀਂ ਬਣਾ ਸਕੀ ਜਿਸ ਤਰ੍ਹਾਂ ਦੀ ਪਹਿਲਾਂ ਸੀ। ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਵੱਲੋਂ ਪਾਰਟੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਉਣ ਦੇ ਦਿੱਤੇ ਬਿਆਨ ਨਾਲ ਵੀ ਲੋਕਾਂ ਨੇ ‘ਆਪ’ ਤੋਂ ਮੂੰਹ ਮੋੜ ਲਿਆ। ਪਾਰਟੀ ਦੇ ਸੂਬਾਈ ਕਨਵੀਨਰ ਗੁਰਪ੍ਰੀਤ ਸਿੰਘ ਘੁੱਗੀ ਨੇ ਕਿਹਾ ਕਿ ਮੀਟਿੰਗ ਵਿਚ ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ ਭਵਿਖ ਵਿਚ ਪਾਰਟੀ ਨੂੰ ਮਜ਼ਬੂਤ ਕਰਨ ਲਈ ਸਾਰੇ ਫੈਸਲੇ ਪੰਜਾਬ ਦੀ ਲੀਡਰਸ਼ਿਪ ਕਰੇਗੀ। ਸੀਨੀਅਰ ਆਗੂਆਂ ਸੁਖਪਾਲ ਸਿੰਘ ਖਹਿਰਾ ਅਤੇ ਕੰਵਰ ਸੰਧੂ ਨੇ ਇਹ ਮੁੱਦਾ ਵੀ ਉਠਾਇਆ ਕਿ ਜਦੋਂ ਦਿੱਲੀ ਦੇ ਆਗੂ ਪੰਜਾਬ ਬਾਰੇ ਫੈਸਲੇ ਕਰ ਰਹੇ ਸਨ ਤਾਂ ਉਨ੍ਹਾਂ ਸਮੇਤ ਪੰਜਾਬ ਦੇ ਹੋਰ ਆਗੂ ਚੁੱਪ ਕਰ ਕੇ ਕਿਉਂ ਬੈਠੇ ਰਹੇ?
ਖੁਦਮੁਖਤਾਰੀ ਵਾਲਾ ਮਤਾ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਪੜ੍ਹਿਆ। ਸਾਰੇ ਆਗੂਆਂ ਨੇ ਹੱਥ ਖੜ੍ਹੇ ਕਰ ਕੇ ਇਸ ਨੂੰ ਸਰਬਸੰਮਤੀ ਨਾਲ ਪਾਸ ਕੀਤਾ। ‘ਆਪ’ ਦਾ ਪੰਜਾਬ ਯੂਨਿਟ ਜਿਥੇ ਆਪਣੀ ਵਰਕਿੰਗ ਕਮੇਟੀ ਬਣਾਏਗਾ, ਉਥੇ ਸੂਬਾਈ ਪ੍ਰਧਾਨ ਅਤੇ ਜ਼ਿਲ੍ਹਿਆਂ ਦੇ ਪ੍ਰਧਾਨ ਵੀ ਬਣਾਏ ਜਾਣਗੇ।
ਪੰਜਾਬ ਵਿਚ ਸਾਰੀਆਂ ਬਲਾਕ ਸਮਿਤੀਆਂ, ਜ਼ਿਲ੍ਹਾ ਪ੍ਰੀਸ਼ਦਾਂ ਅਤੇ ਨਗਰ ਨਿਗਮਾਂ ਦੀਆਂ ਚੋਣਾਂ ਲੜਨ ਦਾ ਵੀ ਫੈਸਲਾ ਕੀਤਾ ਗਿਆ। ਪਰਵਾਸੀ ਭਾਰਤੀਆਂ ਵੱਲੋਂ ਉਮੀਦਵਾਰਾਂ ਲਈ ਭੇਜੇ ਪੈਸਿਆਂ ਦਾ ਹਿਸਾਬ-ਕਿਤਾਬ ਜਲਦੀ ਵੈੱਬਸਾਈਟ ‘ਤੇ ਪਾ ਦਿੱਤਾ ਜਾਵੇਗਾ। ਯਾਦ ਰਹੇ ਕਿ ਪਾਰਟੀ ਦੀ ਵੈੱਬਸਾਈਟ ਤੋਂ ਹਿਸਾਬ-ਕਿਤਾਬ ਦੱਸਣ ਵਾਲਾ ਕਾਲਮ ਪਿਛਲੇ ਛੇ ਮਹੀਨਿਆਂ ਤੋਂ ਬੰਦ ਪਿਆ ਹੈ।
_____________________________________________
ਸਭ ਕੁਝ ਲੁਟਾਉਣ ਤੋਂ ਬਾਅਦ ਹੋਸ਼ ਆਈ: ਛੋਟੇਪੁਰ
ਗੁਰਦਾਸਪੁਰ: ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਦੇ ਸਾਬਕਾ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਨੇ ਸਮੀਖਿਆ ਮੀਟਿੰਗ ਬਾਰੇ ਟਿੱਪਣੀ ਕਰਦਿਆਂ ਕਿਹਾ ਹੈ ਕਿ ਸਭ ਕੁਝ ਲੁਟਾਉਣ ਤੋਂ ਬਾਅਦ ਹੋਸ਼ ਆਈ ਤਾਂ ਕੀ ਆਈ! ਉਨ੍ਹਾਂ ਕਿਹਾ ਕਿ ਪਾਰਟੀ ਦੇ ਆਗੂ ਸਿਰਫ ਟਿਕਟਾਂ ਖਾਤਰ ਹੀ ਚੁੱਪ ਬੈਠੇ ਹੋਏ ਸਨ ਅਤੇ ਦਿੱਲੀ ਵਾਲਿਆਂ ਦੀ ਧੱਕੇਸ਼ਾਹੀ ਲਗਾਤਾਰ ਬਰਦਾਸ਼ਤ ਕਰ ਰਹੇ ਸਨ।