ਬਾਬਰ ਕਿਆਂ ਦੇ ਬਾਹੂ-ਬਲੀਏ

ਤਰਲੋਚਨ ਸਿੰਘ ਦੁਪਾਲਪੁਰ
ਫੋਨ: 408-915-1268
ਧਾੜਵੀਆਂ ਵੱਲੋਂ ਲੜਾਈ ਤੋਂ ਬਾਅਦ ਹੋਈ ‘ਜਿੱਤ’ ਦੇ ਜਸ਼ਨ ਮਨਾਏ ਜਾ ਰਹੇ ਨੇæææ’ਜਿੱਤ ਗਏ, ਬਈ ਜਿੱਤ ਗਏ’ ਦੀਆਂ ਚਾਂਭੜਾਂ ਪਾਈਆਂ ਜਾ ਰਹੀਆਂ ਹਨ, ਜੇਤੂ ਜਰਨੈਲਾਂ ਦੀਆਂ ਧੌਣਾਂ ਹਾਰਾਂ ਨਾਲ ਲੱਦੀਆਂ ਪਈਆਂ ਹਨ, ਆਕਾਸ਼ ਗੁੰਜਾਊ ਨਾਅਰੇ ਵੱਜ ਰਹੇ ਨੇ, ਇੱਕ-ਦੂਜੇ ਨੂੰ ਗੱਜ-ਵੱਜ ਕੇ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ, ਛੋਟੇ-ਬੜੇ ਸੈਨਿਕ ਆਪਣੇ ਵੱਡੇ ਕਮਾਂਡਰ ਦੀ ਖੁਸ਼ਨੂਦੀ ਹਾਸਲ ਕਰਨ ਦੇ ਮਾਰੇ ਅੱਗੇ ਵਧ-ਵਧ ਕੇ ਮੁਬਾਰਕਾਂ ਦੇਣ ਲਈ ਤਰਲੋਮੱਛੀ ਹੋ ਰਹੇ ਨੇ, ਹਰ ਕੋਈ ਚੀਫ਼ ਕਮਾਂਡਰ ਦੀ ‘ਸੁਪਰ’ ਤਾਕਤ ਦੇ ਮਸਾਲੇ ਲਾ ਲਾ ਕੇ ਸੋਹਿਲੇ ਗਾ ਰਿਹਾ ਹੈ, ਹਰ ਲੱਲੀ-ਛੱਲੀ ਆਪਣੇ ਮੋਢਿਆਂ ‘ਤੇ ਫੀਤੀਆਂ ਲਵਾਉਣ ਦੀ ਹੋੜ ਵਿਚ ਵਿਆਕੁਲ ਹੋਇਆ ਨੱਠਾ-ਭੱਜਾ ਫਿਰਦਾ ਹੈ, ਕਿਤੇ ਬੇਪਨਾਹ ਬਹਾਦਰੀ ਦੀਆਂ ਡੀਂਗਾਂ ਮਾਰੀਆਂ ਜਾ ਰਹੀਆਂ ਹਨæææਮੁਛਹਿਰਿਆਂ ਨੂੰ ਤਾਅ ਦਿੰਦਿਆਂ ਬਾਹੁ-ਬਲ ਦੀ ਧੌਂਸ ਦਿਖਾਉਣ ਲਈ ਡੋਲੇ ਲਿਸ਼ਕਾਏ ਜਾ ਰਹੇ ਨੇ। ਬੜੀ ਦੂਰੋਂ ਚੱਲ ਕੇ ਲੜਾਈ ਵਿਚ ਜੌਹਰ ਦਿਖਾਲਣ ਆਏ ਹੋਏ ਮੋਟੇ ਢਿੱਡ ਵਾਲੇ ਇਕ ਸੂਰਮੇ ਨੇ ਜਿਉਂ ਹੀ ਦੁਸ਼ਮਣ ਉਤੇ ‘ਹੂੰਝਾ ਫੇਰੂ ਫਤਿਹ’ ਦੀ ਫੜ੍ਹ ਮਾਰੀ ਤਾਂ ਲਾਗਿਉਂ ਹੋਸ਼-ਹਵਾਸ ਵਾਲਾ ਇਕ ਜਰਨੈਲ ਹੌਲੀ ਦੇਣੀ ਬੋਲਿਆ,
“ਮੰਨਿਆ ਕਿ ਅਸੀਂ ਚਾਲੀ ਦੇ ਚਾਲੀ ਸਿੰਘ ਮਾਰ ਮੁਕਾਏ ਹਨ, ਪਰ ਸਿੱਖਾਂ ਦਾ ਗੁਰੂ ਤਾਂ ਜਿਉਂਦੇ ਜੀਅ ਸਾਡੇ ਹੱਥ ਨਹੀਂ ਆਇਆæææਕਿਸੇ ਨੂੰ ਪਤਾ ਐ ਗੁਰੂ ਗੋਬਿੰਦ ਸਿੰਘ ਬਾਰੇ?” ਜਰਨੈਲ ਦਾ ਗੰਭੀਰ ਸਵਾਲ ਸੁਣ ਕੇ ਸਾਰੇ ਜਣੇ ਇਕ-ਦੂਜੇ ਵੱਲ ਬਿਟਰ-ਬਿਟਰ ਝਾਕਣ ਲੱਗ ਪਏ।
ਇਹ ਦ੍ਰਿਸ਼ ਸੀ, ਚਮਕੌਰ ਦੀ ਗੜ੍ਹੀ ਦੀ ਕੱਚੀ ਹਵੇਲੀ ਦੇ ਬਾਹਰ ਦਾ, ਜਿਥੇ ਹੁਣੇ-ਹੁਣੇ ਸੰਸਾਰ ਦੀ ਬੇ-ਮੇਚ ਲੜਾਈ ਹੋ ਕੇ ਹਟੀ ਸੀ। ਉੱਚੀ ਆਵਾਜ਼ ਵਿਚ ‘ਪੀਰੇ ਹਿੰਦ ਮੇ ਰਵਦ’ ਬੋਲਦਿਆਂ ਤਾੜੀ ਮਾਰ ਕੇ ਦਸਵੇਂ ਗੁਰੂ ਜੀ ਇੱਥੋਂ ਰਵਾਨਾ ਹੋ ਗਏ। ਸਿਰਾਂ ‘ਤੇ ਕੱਫ਼ਣ ਬੰਨ੍ਹੀ ਬੈਠੇ ਸਿਰਫ਼ ਚਾਲੀ ਸਿੰਘ ਤਹਿ-ਤੇਗ ਹੋਣੇ ਹੀ ਸਨ, ਜਦੋਂ ਉਨ੍ਹਾਂ ਦੇ ਪਿੱਛੇ ਹਲਕੇ ਹੋਏ ਕੁੱਤਿਆਂ ਵਾਂਗ ਹਰਲ ਹਰਲ ਕਰਦਾ ਸਾਰਾ ਮੁਲਖੱਈਆ ਢੁੱਕਿਆ ਹੋਇਆ ਸੀ।
ਕੱਚੀ ਗੜ੍ਹੀ ਦੇ ਅੰਦਰ ਭੁੱਖੇ-ਭਾਣੇ ਸਿਰਫ਼ ਚਾਲੀ ਜਣੇ, ਪਰ ਉਨ੍ਹਾਂ ਨੂੰ ਚੁਤਰਫੀ ਘੇਰਾ ਪਾਈ ਬੈਠਿਆਂ ਦੀ ਗਿਣਤੀ ਦੇਖੋ ਜ਼ਰਾ! ਸੂਬੇਦਾਰ ਵਜੀਦ ਖਾਂ, ਸਰਹਿੰਦ ਵਾਲੇ ਦੀ ਮੱਦਦ ਲਈ ਆਵਤੀ ਆਏ-ਰਾਜਾ ਕਹਿਲੂਰ, ਰਾਜਾ ਕਾਂਗੜਾ, ਰਾਜਾ ਹੰਡੂਰ, ਰਾਜਾ ਨਾਹਨ, ਰਾਜਾ ਕਸੌਲੀ, ਰਾਜਾ ਗੁਲੇਰ, ਰਾਜਾ ਜੰਮੂ, ਰਾਜਾ ਸ੍ਰੀਨਗਰ, ਰਾਜਾ ਬਸੌਲੀ, ਰਾਜਾ ਚੰਦੇਲੀਆ, ਰਾਜਾ ਗੜ੍ਹਵਾਲੀਆ, ਰਾਜਾ ਨੂਰਪੁਰ ਅਤੇ ਰਾਜਾ ਚੰਬਾ!
ਜਿਵੇਂ ਰਾਜਧਾਨੀਆਂ ਵਿਚ ਸੱਤਾ ਮੱਲਣ ਵਾਲੇ ਹਾਕਮ ਸੱਚ ਨੂੰ ਦਬਾਉਣ ਲਈ ਕੋਈ ਵੀ ਹੀਲਾ ਵਰਤਣ ਤੋਂ ਗੁਰੇਜ਼ ਨਹੀਂ ਕਰਦੇ, ਉਨ੍ਹਾਂ ਨੂੰ ਹੰਕਾਰ ਹੁੰਦਾ ਹੈ ਆਪਣੇ ਅਥਾਹ ਖਜ਼ਾਨਿਆਂ ਅਤੇ ਲੱਠਮਾਰ ਬਾਹੂ-ਬਲੀਆਂ ਦਾ, ਜਿਨ੍ਹਾਂ ਦੇ ਆਸਰੇ ਉਹ ਹਮੇਸ਼ਾ ਆਪਣੇ ਵਿਰੋਧੀਆਂ ਨੂੰ ਕੁਚਲ ਸੁੱਟਦੇ ਹਨ। ਇਵੇਂ ਇੱਥੇ ਵੀ ਮੌਕੇ ਦੇ ਹੁਕਮਰਾਨਾਂ ਨੇ ਦਿੱਲੀਉਂ ਚੋਣਵੇਂ ਜਰਨੈਲ ਭੇਜੇ-ਜਰਨੈਲ ਜ਼ਬਰਦਸਤ ਖਾਂ, ਨਾਹਰ ਖਾਂ, ਖਵਾਜ਼ਾ ਮਹਿਮੂਦ ਅਲੀ ਖਾਂ, ਗਨੀ ਖਾਂ, ਗੁੱਲ ਖਾਂ, ਮੀਆਂ ਵਜੀਦ ਖਾਂ, ਹੈਬਤ ਖਾਂ, ਭੂਰੇ ਖਾਂ, ਖਲੀਲ ਖਾਂ। ਗੱਲ ਕੀ, ਨਵੇਂ ਸਜੇ ਖਾਲਸਾ ਪੰਥ ਨੂੰ ਨੇਸਤੋ-ਨਾਬੂਦ ਕਰਨ ਲਈ ਆਕੜਖਾਨਾਂ ਦੇ ਇਸ ਘੜਮੱਸ ਵਿਚ ਕਈ ‘ਖਾਹ-ਮ-ਖਾਹ’ ਵੀ ਪਹੁੰਚੇ ਹੋਏ ਸਨ।
ਪਤਾ ਨਹੀਂ ਦਸਮੇਸ਼ ਗੁਰੂ ਨੇ ਟਿੱਡੀ ਦਲ ਵਾਂਗ ਚੜ੍ਹ ਕੇ ਆਏ ਦੁਸ਼ਮਣਾਂ ਹੱਥੋਂ ਸ਼ਹੀਦ ਹੋਏ ਆਪਣੀ ਜਾਨ ਤੋਂ ਪਿਆਰੇ ਚਾਲੀ ਸਿੰਘਾਂ ਦੀ ਸ਼ਹਾਦਤ ਨੂੰ ਜ਼ਫਰਨਾਮੇ ਵਿਚ ਇਹ ਸਤਰਾਂ ਲਿਖਦਿਆਂ ਕਿਵੇਂ ਲਿਆ ਹੋਵੇਗਾ,
ਗੁਰਸ ਨਹਿ ਚਿ-ਕਾਰੇ ਕੁਨਦ ਚਿਹਲ ਨਰ
ਕਿ ਦਹ ਲਖ ਬਰਾਯਦ ਬਰੋ-ਬੇਖ਼ਬਰ।
ਸਿਰਫ਼ ਚਾਲੀਆਂ ਉਤੇ ਲੱਖਾਂ ਦੀ ਗਿਣਤੀ ‘ਚ ਚੜ੍ਹਨ ਵਾਲੇ ਬਾਬਰ ਕੇ ਜਾਬਰ, ਸ਼ਰਮ, ਹਯਾ, ਅਸੂਲ, ਸਿਧਾਂਤ ਸਭ ਘੋਲ ਕੇ ਪੀ ਲੈਂਦੇ ਹਨ। ਉਹ ਤਾਂ ਸਿਰਫ਼ ਜਾਇਜ਼-ਨਾਜਾਇਜ਼ ਢੰਗਾਂ ਨਾਲ ਜਿੱਤੀਆਂ ਲੜਾਈਆਂ ਮਗਰੋਂ ਚਾਘੀਆਂ ਪਾਉਣੀਆਂ ਜਾਣਦੇ ਨੇ। ਉਹ ਸਮਝਦੇ ਹੁੰਦੇ ਨੇ ਕਿ ਸਾਡੇ ਵੱਲੋਂ ਵਰਤੇ ਗਏ ਨੀਚ ਹਰਬਿਆਂ ਦਾ ਕਿਸੇ ਨੂੰ ਕੋਈ ਭੇਤ ਨਹੀਂ। ਉਹ ਸਿਰਫ ਜਿੱਤ ਦੇ ਨਸ਼ੇ ਵਿਚ ਮਖਮੂਰ ਹੋ ਕੇ ਚਿੰਘਾੜਾਂ ਹੀ ਮਾਰ ਸਕਦੇ ਨੇ। ਬੇਸਮਝ ਨਹੀਂ ਜਾਣਦੇ ਹੁੰਦੇ ਕਿ ਇਤਿਹਾਸ ਨੇ ਗਧਿਆਂ ਦੇ ਹਿਣਕਣ ਨੂੰ ਕੋਈ ਅਹਿਮੀਅਤ ਨਹੀਂ ਦੇਣੀ,
ਗਧੇ ਹਿਣਕੇ ਨੇ,
ਹਿਣਕਦੇ ਰਹਿਣਗੇ।
ਭਾੜੇ ਦੇ ਟੱਟੂ ਵੀ, ਪਰ
ਨਾ ਹੀ ਗਧੇ, ਨਾ ਹੀ ਭਾੜੇ ਦੇ ਟੱਟੂ,
ਸ਼ਾਨਾਂਮੱਤੀ ਦੌੜ ਦੌੜਦੇ ਨੇ।
ਕੇਵਲ ਘੋੜਿਆਂ ਦਾ ਸਰਪੱਟ ਸੰਗੀਤ ਹੀ,
ਇਤਿਹਾਸ ਦੀ ਸੁਰਮਈ ਸੰਧਿਆ ਵਿਚ
ਜਾਦੂਮਈ ਮਿਠਾਸ ਭਰਦਾ ਏ।
(ਰਮਨ ਕਵੀ ਦੇ ਬੋਲ)
ਧਨ ਦੀਆਂ ਥੈਲੀਆਂ, ਛਲ-ਕਪਟ, ਸੀਨਾ-ਜ਼ੋਰੀਆਂ, ਧੱਕੇਸ਼ਾਹੀਆਂ ਅਤੇ ਧੌਂਸ ਨਾਲ ਜਿੱਤਾਂ ਜਿੱਤਣ ਵਾਲੇ ਬਾਹੂ-ਬਲੀਏ ਕਦੇ ਔਰੰਗਜ਼ੇਬ ਦਾ ਇਤਿਹਾਸ ਨਹੀਂ ਪੜ੍ਹਦੇ ਕਿ ਉਹਦੀ ਕਬਰ ‘ਤੇ ਕਿਸੇ ਰਾਤ ਵੀ ਦੀਵਾ ਨਹੀਂ ਜਗਦਾ। ਰਾਜ-ਮਦੁ ਵਿਚ ਚੂਰ ਹੋਏ ਹੈਂਕੜਬਾਜ਼ ਜਿਨ੍ਹਾਂ ਨੂੰ ‘ਹਾਰ ਗਏ’ ਸਮਝਦੇ ਨੇ, ਉਨ੍ਹਾਂ ਦੇ ਸ਼ਹੀਦੀ ਅਸਥਾਨਾਂ ਉਪਰ ਸਾਲਾਨਾ ਜੋੜ ਮੇਲੇ ਜੁੜਦੇ ਹਨ, ਜਿੱਥੇ ਆਵਾਮ ਵੱਲੋਂ ਬਾਬਰ ਕੇ ਬਾਹੂ-ਬਲੀਆਂ ਨੂੰ ਰੱਜ ਰੱਜ ਲਾਹਣਤਾਂ ਪਾਈਆਂ ਜਾਂਦੀਆਂ ਹਨ। ਇਹ ਸਿਲਸਿਲਾ ਆਦਿ ਕਾਲ ਤੋਂ ਚੱਲ ਰਿਹਾ ਹੈ।
ਉਕਤ ਇਤਿਹਾਸ ਦੀ ਲੜਾਈ ਦਾ ਥੋੜ੍ਹਾ ਜਿਹਾ ਅਗਲਾ ਹਿੱਸਾ ਵੀ ਫਰੋਲ ਲਈਏ। ਦਸਵੇਂ ਗੁਰੂ ਜੀ ਦੇ ਜੋਤੀ ਜੋਤ ਸਮਾ ਜਾਣ ਬਾਅਦ ਪੰਜਾਬ ਦੇ ਉਜੜੇ ਬਾਗਾਂ ਵਿਚ ਗਾਲੜ੍ਹ ਪਟਵਾਰੀ ਬਣਨੇ ਸ਼ੁਰੂ ਹੋ ਗਏ। ਗੁਰੂ ਕਿਆਂ ਦੇ ਖਾਨਦਾਨਾਂ ਨਾਲ ਸਬੰਧਿਤ ਸ਼ਰੀਕੇਬਾਜ਼ ਗੁਰਦੁਆਰਿਆਂ ‘ਤੇ ਕਾਬਜ਼ ਹੋ ਗਏ। ਗੁਰਦੁਆਰਾ ਗੋਲਕਾਂ ਦੀ ਸ਼ਾਇਦ ਮੁੱਢੋਂ ਹੀ ਇਹ ਤ੍ਰਾਸਦੀ ਰਹੀ ਹੈ ਕਿ ਸਿੱਖ ਦੋਖੀ ਬਾਹੂ-ਬਲੀਏ ਗੋਲਕਾਂ ਨੂੰ ਝਪਟ ਝਪਟ ਪੈਂਦੇ ਰਹੇ। ਖਾਸ ਕਰ ਕੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਨੂੰ ਹਰ ਹਕੂਮਤ ਆਪਣੇ ਕਬਜ਼ੇ ਅਧੀਨ ਰੱਖਣਾ ਲੋਚਦੀ ਰਹੀ। ਕਦੇ ਸਿੱਧੇ ਰੂਪ ਵਿਚ ਅਤੇ ਕਦੇ ਆਪਣੀਆਂ ਕਠਪੁਤਲੀਆਂ ਰਾਹੀਂ ਇਹ ਕਬਜ਼ਾ-ਨੀਤੀ ਅਮਲ ਵਿਚ ਆਉਂਦੀ ਰਹੀ।
ਸੋ, ਗੁਰੂ ਸਾਹਿਬ ਦੇ ਸਰੀਰਕ ਵਿਛੋੜੇ ਦੀਆਂ ਨਾਂਦੇੜ ਤੋਂ ਆਈਆਂ ਖ਼ਬਰਾਂ ਸੁਣ ਕੇ ਦਿੱਲੀ ਵਿਖੇ ਰਹਿ ਰਹੇ ਮਾਤਾ ਸੁੰਦਰੀ ਜੀ ਨੇ ਭਾਈ ਮਨੀ ਸਿੰਘ ਨੂੰ ਅੰਮ੍ਰਿਤਸਰ ਭੇਜਿਆ। ਬੜੀ ਵਿਚਿੱਤਰ ਗੱਲ ਹੈ ਕਿ ਸ੍ਰੀ ਦਰਬਾਰ ਸਾਹਿਬ ‘ਤੇ ਕਾਬਜ਼ ਧੀਰਮੱਲੀਏ ਅਤੇ ਸਰਕਾਰੀ ਬਾਹੂ-ਬਲੀਆਂ ਵੱਲੋਂ ਪੰਜਾਬ ਵਿਚ ਪਾਈਆਂ ਜਾ ਰਹੀਆਂ ਚਾਂਭੜਾਂ ਅਤੇ ਸਿੱਖੀ ਸਿਧਾਂਤ ਦੀ ਕੀਤੀ ਜਾ ਰਹੀ ਤੌਹੀਨ ਦੇਖ ਕੇ, ਭਾਈ ਮਨੀ ਸਿੰਘ ਜਿਹਾ ਬ੍ਰਹਮ ਗਿਆਨੀ ਵੀ ਮਾਯੂਸ ਹੋ ਗਿਆ। ਬੰਦ ਬੰਦ ਕਟਵਾ ਕੇ ਸ਼ਹੀਦ ਹੋਣ ਦੀ ਅਦੁੱਤੀ ਮਿਸਾਲ ਕਾਇਮ ਕਰਨ ਵਾਲੇ ਭਾਈ ਮਨੀ ਸਿੰਘ, ਪੰਜਾਬ ਵਿਚ ਹੋ ਰਹੀ ਬੁਰਛਾਗਰਦੀ ਤੇ ਮਚੀ ਹੋਈ ਹਨ੍ਹੇਰਗਰਦੀ ਸਹਾਰ ਨਾ ਸਕੇ। ਦੁਖੀ ਦਿਲ ਨਾਲ ਉਨ੍ਹਾਂ ਮਾਤਾ ਸੁੰਦਰੀ ਜੀ ਨੂੰ ਲਿਖੇ ਇਤਿਹਾਸਕ ਖ਼ਤ ਵਿਚ ਕੁਝ ਅਜਿਹੀਆਂ ਸਤਰਾਂ ਲਿਖੀਆਂ,
‘ਪੂਜ-ਮਾਤਾ ਜੀ ਚਰਨਾ ਪਰ ਮਨੀ ਸਿੰਘ ਕੀ ਡੰਡੌਤ ਬੰਦਨਾæææਬਹੁਰੋ ਸਮਾਚਾਰ ਵਾਚਨਾ-ਦੇਸ ਵਿਚ ਖਾਲਸੇ ਦਾ ਬਲ ਛੂਟ ਗਇਆ ਹੈæææਸਿੰਘ ਪਰਬਤਾਂ ਬਬਾਨਾ ਵਿਚਿ ਜਾਇ ਬਸੇ ਹੈਨæææਮਲੇਛੋਂ ਕੀ ਦੇਸ ਮੇਂ ਦੋਹੀ ਹੈæææਬਸਤੀ ਮੇਂ ਬਾਲਕ-ਜੁਵਾਂ ਇਸਤਰੀ ਸਲਾਮਤ ਨਹੀਂæææਮੁਛ ਮੁਛ ਕਰ ਮਾਰਦੇ ਹੈਨæææਗੁਰੂ ਦਰੋਹੀ ਬੀ ਉਨ੍ਹਾਂ ਦੇ ਸੰਗ ਮਿਲਿ ਗਏ ਹੈਨæææਹੰਦਾਲੀਏ ਮਿਲਿ ਕਰ ਮੁਕਬਰੀ ਕਰਦੇ ਹੈਨæææਸਾਡੇ ਪਰ ਅਬੀ ਤੋ ਅਕਾਲ ਕੀ ਰੱਛਾ ਹੈæææਕੱਲ੍ਹ ਕੀ ਖ਼ਬਰ ਨਾਹੀਂæææਸਾਹਿਬਾਂ ਦੇ ਹੁਕਮ ਅਟੱਲ ਹੈਨæææ।’
ਅੱਜ ਦਾ ਉਹ ਸਿੱਖ ਵੀ ਭਾਈ ਮਨੀ ਸਿੰਘ ਵਾਂਗ ਮਾਯੂਸ ਤੇ ਚਿੰਤਾਗ੍ਰਸਤ ਹੈ ਜੋ ਕਿਸੇ ਵਿਅਕਤੀ ਵਿਸ਼ੇਸ਼ ਜਾਂ ਕਿਸੇ ਧੜੇ ਦੀ ਨਹੀਂ, ਸਗੋਂ ਗੁਰੂਆਂ ਦੇ ਲਾਏ ਬਾਗ ਦੀ ਚੜ੍ਹਦੀ ਕਲਾ ਦੇਖਣੀ ਲੋਚਦਾ ਹੈ। ਉਹ ਇਸ ਗੱਲੋਂ ਵੀ ਬੇਬੱਸ ਦਿਖਾਈ ਦਿੰਦਾ ਹੈ ਕਿ ਮੁਗਲ ਜਾਂ ਅੰਗਰੇਜ਼ ਹਕੂਮਤ ਵੇਲੇ ਦੇ ਬਾਹੂ-ਬਲੀਆਂ ਨਾਲੋਂ ਅਜੋਕੇ ਧਾੜਵੀਆਂ ਨੂੰ ਗੁਰਧਾਮਾਂ ‘ਚੋਂ ਕਿਵੇਂ ਕੱਢਿਆ ਜਾਵੇ? ਸਿੱਖੀ ਸੋਮਿਆਂ ‘ਤੇ ਹਮਲਾਵਰ ਹੁੰਦੇ ਪੁਰਾਤਨ ਸਮਿਆਂ ਦੇ ਬਾਹੂ-ਬਲੀਏ ਸ਼ਕਲ ਸੂਰਤੋਂ ਗੈਰ-ਸਿੱਖ ਹੋਣ ਕਾਰਨ ਝੱਟ ਪਛਾਣ ਹੋ ਜਾਂਦੇ ਸਨ ਤੇ ਸਾਡੇ ਵਡੇਰੇ ਉਨ੍ਹਾਂ ਨਾਲ ਟੱਕਰ ਲੈ ਲੈਂਦੇ ਸਨ, ਲੇਕਿਨ ਅਜੋਕੇ ਬਾਬਰ ਕਿਆਂ ਦੇ ਲੱਠ-ਮਾਰ ਲੁਟੇਰੇ, ਪਹਿਲਿਆਂ ਨਾਲੋਂ ਕਿਤੇ ਵੱਧ ਖ਼ਤਰਨਾਕ ਤੇ ਨੁਕਸਾਨਦੇਹ ਹਨ, ਕਿਉਂਕਿ ਇਹ ਆਪਣੇ-ਆਪ ਨੂੰ ‘ਅਸਲੀ ਖਾਲਸਾ ਪੰਥ’ ਕਹਿਣ ਤੱਕ ਚਲੇ ਗਏ ਹਨ। ਇਨ੍ਹਾਂ ਦੇ ਨਿੱਤ ਦੇ ਕਾਰਨਾਮੇ ਸੁਣ-ਸੁਣ ਕੇ ਸਤਿਆ, ਖਪਿਆ, ਖਿਝਿਆ ਤੇ ਬੇਚੈਨ ਹੋਇਆ ਅਜੋਕਾ ਸਿੱਖ ਡੂੰਘੀਆਂ ਸੋਚਾਂ ਵਿਚ ਪਿਆ ਹੋਇਆ ਹੈ ਕਿ ਭਾਈ ਮਨੀ ਸਿੰਘ ਜੀ ਨੇ ਤਾਂ ਮਾਤਾ ਸੁੰਦਰੀ ਜੀ ਨੂੰ ਖ਼ਤ ਲਿਖ ਕੇ ਪੰਜਾਬ ਦੀ ਹਾਲਤ ਤੋਂ ਜਾਣੂੰ ਕਰਵਾ ਦਿੱਤਾ ਸੀ ਪਰ ਅੱਜ ਦਾ ਸਿੱਖ, ਪੰਜਾਬ ਨੂੰ ਲੁੱਟ ਤੇ ਕੁੱਟ ਰਹੇ ਬਾਹੂ-ਬਲੀਆਂ ਦੀ ਸ਼ਿਕਾਇਤ ਕਿੱਥੇ ਕਰੇ?

Be the first to comment

Leave a Reply

Your email address will not be published.