ਪੰਜਾਬ ਪੁਲਿਸ ਖਿਲਾਫ਼ ਰਿਕਾਰਡਤੋੜ ਸ਼ਿਕਾਇਤਾਂ

ਚੰਡੀਗੜ੍ਹ (ਪੰਜਾਬ ਟਾਈਮਜ਼ ਬਿਊਰੋ): ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਲੰਘੇ ਸਾਲ ਦੌਰਾਨ ਪੁਲਿਸ ਖ਼ਿਲਾਫ਼ ਮਿਲੀਆਂ ਸ਼ਿਕਾਇਤਾਂ ਨੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਸਭ ਤੋਂ ਜ਼ਿਆਦਾ ਸ਼ਿਕਾਇਤਾਂ ਲੁਧਿਆਣਾ ਪੁਲਿਸ ਵਿਰੁੱਧ ਮਿਲੀਆਂ ਹਨ। ਫਿਰੋਜ਼ਪੁਰ ਤੇ ਗੁਰਦਾਸਪੁਰ ਤੋਂ ਸ਼ਿਕਾਇਤਾਂ ਦੀ ਗਿਣਤੀ ਘੱਟ ਹੋਈ ਹੈ। ਕਮਿਸ਼ਨ ਦੇ ਅੰਕੜਿਆਂ ਅਨੁਸਾਰ ਫ਼ਾਜ਼ਿਲਕਾ ਜ਼ਿਲ੍ਹੇ ਦੀ ਪੁਲਿਸ ਖ਼ਿਲਾਫ਼ ਸ਼ਿਕਾਇਤਾਂ ਤਿੰਨ ਗੁਣਾ ਵਧੀਆਂ ਹਨ। ਪਿਛਲੇ ਸਾਲ ਦੀਆਂ ਸ਼ਿਕਾਇਤਾਂ ਨੇ 25 ਸਾਲਾਂ ਦੇ ਰਿਕਾਰਡ ਤੋੜ ਦਿੱਤੇ ਹਨ।
ਕਮਿਸ਼ਨ ਦੇ ਸਿਸਟਮ ਮੈਨੇਜਰ ਰੋਹਿਤ ਚਤਰਥ ਨੇ ਅੰਕੜਿਆਂ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਕਮਿਸ਼ਨ ਕੋਲ ਸਭ ਤੋਂ ਘੱਟ ਸ਼ਿਕਾਇਤਾਂ ਸ਼ਹੀਦ ਭਗਤ ਸਿੰਘ ਜ਼ਿਲ੍ਹੇ ਤੋਂ ਆਈਆਂ ਹਨ। 2011 ਵਿਚ ਪੁਲਿਸ ਵਿਰੁੱਧ ਸ਼ਿਕਾਇਤਾਂ ਦੀ ਗਿਣਤੀ 8562 ਸੀ ਜਦੋਂਕਿ 2012 ਵਿਚ ਵਧ ਕੇ ਇਹ ਗਿਣਤੀ 9825 ਹੋ ਗਈ ਹੈ। ਇੰਜ ਬੀਤੇ ਸਾਲ ਵਿਚ 2011 ਨਾਲੋਂ ਹਰ ਮਹੀਨੇ 105 ਸ਼ਿਕਾਇਤਾਂ ਵੱਧ ਮਿਲੀਆਂ ਹਨ ਤੇ ਇਹ ਹਰ ਰੋਜ਼ ਤਿੰਨ ਤੋਂ ਜ਼ਿਆਦਾ ਹਨ।
ਫ਼ਾਜ਼ਿਲਕਾ ਪੁਲਿਸ ਖ਼ਿਲਾਫ਼ 2011 ਵਿਚ ਕੁੱਲ 32 ਸ਼ਿਕਾਇਤਾਂ ਆਈਆਂ ਸਨ ਜਦੋਂਕਿ ਅਗਲੇ ਸਾਲ ਇਹ ਗਿਣਤੀ ਇਕਦਮ ਵਧ ਕੇ 106 ਨੂੰ ਜਾ ਪੁੱਜੀ ਹੈ। ਜੇਲ੍ਹ ਪੁਲਿਸ ਵਿਰੁੱਧ ਪ੍ਰਾਪਤ ਹੋਈਆਂ 3786 ਸ਼ਿਕਾਇਤਾਂ ਦੀ ਗਿਣਤੀ ਇਸ ਤੋਂ ਵੱਖਰੀ ਹੈ। ਕਮਿਸ਼ਨ ਦੇ ਹੋਂਦ ਆਉਣ ਤੋਂ ਇਕ ਸਾਲ ਬਾਅਦ ਤੱਕ ਜੇਲ੍ਹ ਪੁਲਿਸ ਖ਼ਿਲਾਫ਼ ਸਿਰਫ 257 ਸ਼ਿਕਾਇਤਾਂ ਆਈਆਂ ਸਨ ਜਦੋਂਕਿ ਇਕ ਦਹਾਕੇ ਤੋਂ ਗਿਣਤੀ ਹਰੇਕ ਸਾਲ ਤਿੰਨ ਹਜ਼ਾਰ ਤੋਂ ਵੱਧ ਨੂੰ ਟੱਪਣ ਲੱਗੀ ਹੈ। ਕਮਿਸ਼ਨ ਦੇ ਅੰਕੜੇ ਦੱਸਦੇ ਹਨ ਕਿ ਲੁਧਿਆਣਾ ਪੁਲਿਸ ਵਿਰੁੱਧ 2012 ਵਿਚ 1268 ਸ਼ਿਕਾਇਤਾਂ ਆਈਆਂ ਹਨ ਜਦਕਿ ਸੰਨ 2011 ਵਿਚ ਇਹ ਗਿਣਤੀ 1074 ਸੀ। ਇਸ ਤੋਂ ਬਾਅਦ ਅੰਮ੍ਰਿਤਸਰ ਪੁਲਿਸ ਖ਼ਿਲਾਫ਼ ਵੱਧ ਸ਼ਿਕਾਇਤਾਂ ਮਿਲੀਆਂ ਹਨ। ਇਹ ਗਿਣਤੀ 2011 ਦੇ ਮੁਕਾਬਲੇ 1024 ਤੋਂ ਵਧ ਕੇ 1225 ਹੋ ਗਈ ਹੈ। ਦੋਹਾਂ ਜ਼ਿਲ੍ਹਿਆਂ ਦੀ ਪੁਲਿਸ ਖਿਲਾਫ਼ ਹੀ ਬਰਾਬਰ ਦੀ ਗਿਣਤੀ ਵਿਚ ਇਜ਼ਾਫਾ ਹੋਇਆ ਹੈ। ਬਠਿੰਡਾ ਜ਼ਿਲ੍ਹੇ ਦੀ ਪੁਲੀਸ  ਵਿਰੁੱਧ 2011 ਨਾਲੋਂ 2012 ਵਿਚ ਸ਼ਿਕਇਤਾਂ ਦੀ ਗਿਣਤੀ 502 ਤੋਂ ਵਧ ਕੇ 573 ਹੋ ਗਈ ਹੈ।
ਫ਼ਰੀਦਕੋਟ ਵਿਚ ਇਹ ਗਿਣਤੀ 310 ਤੋਂ ਵਧ ਕੇ 348 ਦੱਸੀ ਗਈ ਹੈ। ਫਤਿਹਗੜ੍ਹ ਵਿਚ 139 ਤੋਂ 140,  ਹੁਸ਼ਿਆਰਪੁਰ ਵਿਚ 257 ਤੋਂ  290, ਜਲੰਧਰ ਵਿਚ 484 ਤੋਂ 596, ਕਪੂਰਥਲਾ ਵਿਚ 217 ਤੋਂ 226, ਮਾਨਸਾ ਵਿਚ 231 ਤੋਂ 277, ਮੋਗਾ ਵਿਚ 325 ਤੋਂ 409, ਮੁਕਤਸਰ ਸਾਹਿਬ ਵਿਚ 323 ਤੋਂ 474, ਸ਼ਹੀਦ ਭਗਤ ਸਿੰਘ ਨਗਰ ਵਿਚ 86 ਤੋਂ 101, ਪਟਿਆਲਾ ਵਿਚ 626 ਤੋਂ 695, ਰੋਪੜ ਵਿਚ 112 ਤੋਂ 123, ਸੰਗਰੂਰ ਵਿਚ 384 ਤੋਂ 464, ਤਰਨਤਾਰਨ ਵਿਚ 488 ਤੋਂ 652, ਬਰਨਾਲਾ ਵਿਚ 133 ਤੋਂ 174, ਮੁਹਾਲੀ ਵਿਚ 86 ਤੋਂ ਵਧ ਕੇ 101  ਤੇ ਪਠਾਨਕੋਟ ਵਿਚ 67 ਤੋਂ ਵਧ ਕੇ 82 ਹੋ ਗਈ ਹੈ। ਪਿਛਲੇ ਸਾਲ ਲੋਕਾਂ ਨੇ 2011 ਦੀ ਨਿਸਬਤ ਦੋ ਜ਼ਿਲ੍ਹਿਆਂ ਦੀ ਪੁਲਿਸ ਵਿਰੁੱਧ ਘੱਟ ਸ਼ਿਕਾਇਤ ਕੀਤੀ ਹੈ। ਇਨ੍ਹਾਂ ਵਿਚ  ਫਿਰੋਜ਼ਪੁਰ ਤੇ ਗੁਰਦਾਸਪੁਰ ਦੇ ਨਾਂ ਦੱਸੇ ਗਏ ਹਨ। ਫਤਿਹਗੜ੍ਹ ਜ਼ਿਲ੍ਹੇ ਦੀ ਪੁਲਿਸ ਵਿਰੁੱਧ ਸਿਰਫ ਇਕ ਸ਼ਿਕਾਇਤ ਦਾ ਹੀ ਵਾਧਾ ਹੋਇਆ ਹੈ। ਜ਼ਿਲ੍ਹਾ ਫਿਰੋਜ਼ਪੁਰ ਦੀ ਪੁਲਿਸ ਖ਼ਿਲਾਫ਼ ਸ਼ਿਕਾਇਤਾਂ 724 ਤੋਂ ਘਟ ਕੇ 519 ਰਹਿ ਗਈਆਂ ਹਨ ਜਦੋਂਕਿ ਗੁਰਦਾਸਪੁਰ ਜ਼ਿਲ੍ਹੇ ਤੋਂ ਵੀ ਸ਼ਿਕਾਇਤਾਂ ਦੀ ਗਿਣਤੀ 650 ਦੀ ਥਾਂ ਘਟ ਕੇ 543 ਰਹਿ ਗਈ ਹੈ। ਕਮਿਸ਼ਨ ਕੋਲ 2012 ਵਿਚ ਕੁੱਲ ਵਿਚ 18322 ਸ਼ਿਕਇਤਾਂ ਆਈਆਂ ਸਨ। ਇਨ੍ਹਾਂ ਵਿਚੋਂ ਸਭ ਤੋਂ ਜ਼ਿਆਦਾ ਪੁਲਿਸ ਖ਼ਿਲਾਫ਼ 9825 ਸ਼ਿਕਾਇਤਾਂ ਹਨ। ਪਿਛਲੇ ਸਾਲ ਦੀਆਂ ਸ਼ਿਕਾਇਤਾਂ ਨੇ 25 ਸਾਲਾਂ ਦੇ ਰਿਕਾਰਡ ਤੋੜ ਦਿੱਤੇ ਹਨ।

Be the first to comment

Leave a Reply

Your email address will not be published.