ਭਾਜਪਾ ਦੀ ਫਿਰਕੂ ਸਫਬੰਦੀ

ਨਵੀਂ ਦਿੱਲੀ: ਆਪਣੀਆਂ ਫਿਰਕੂ ਟਿੱਪਣੀਆਂ ਕਾਰਨ ਚਰਚਾ ਵਿਚ ਰਹਿਣ ਵਾਲੇ ਯੋਗੀ ਅਦਿਤਿਆਨਾਥ ਨੂੰ ਉਤਰ ਪ੍ਰਦੇਸ਼ ਦਾ ਮੁੱਖ ਮੰਤਰੀ ਬਣਾ ਕੇ ਭਾਜਪਾ ਨੇ ਇਹ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਉਹ ਕੌਮਾਂਤਰੀ ਪੱਧਰ ਉਥੇ ਅਲੋਚਨਾ ਦੇ ਬਾਵਜੂਦ ਭਾਰਤ ਵਿਚ ਆਪਣੇ ਹਿੰਦੂਤਵੀ ਏਜੰਡੇ ਨੂੰ ਲਾਗੂ ਕਰਨ ਉਤੇ ਦ੍ਰਿੜ੍ਹ ਹੈ।

ਭਾਜਪਾ ਨੇ ਯੂæਪੀæ ਵਿਚ 14 ਸਾਲ ਬਾਅਦ ਪੂਰਨ ਬਹੁਮਤ ਨਾਲ ਸਰਕਾਰ ਬਣਾਈ ਹੈ। ਭਾਜਪਾ ਵੱਲੋਂ ਕੱਟੜ ਹਿੰਦੂਵਾਦੀ ਆਗੂ ਯੋਗੀ ਅਦਿਤਿਆਨਾਥ ਨੂੰ ਯੂæਪੀæ ਦੀ ਕਮਾਨ ਸੌਂਪਣ ‘ਤੇ ਵੱਡੇ ਪੱਧਰ ਉਤੇ ਸਵਾਲ ਉਠ ਰਹੇ ਹਨ। ਭਾਜਪਾ ਆਗੂ ਕੇਸ਼ਵ ਪ੍ਰਸ਼ਾਦ ਮੌਰਿਆ ਭਾਵੇਂ ਮੁੱਖ ਮੰਤਰੀ ਦੀ ਦੌੜ ਵਿਚ ਸਭ ਤੋਂ ਅੱਗੇ ਸਨ, ਪਰ ਆਖਰੀ ਮੌਕੇ ਉਤੇ ਆਰæਐਸ਼ਐਸ਼ ਮੁਖੀ ਮੋਹਨ ਭਾਗਵਤ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਫੋਨ ਕਰ ਕੇ ਯੋਗੀ ਨੂੰ ਮੁੱਖ ਮੰਤਰੀ ਬਣਾਉਣ ਦਾ ਹੁਕਮ ਦਿੱਤਾ। ਇਸ ਤੋਂ ਬਾਅਦ ਯੋਗੀ ਨੂੰ ਦਿੱਲੀ ਸੱਦਿਆ ਗਿਆ ਅਤੇ ਉਸ ਦੇ ਨਾਮ ਉਤੇ ਮੁੱਖ ਮੰਤਰੀ ਵਜੋਂ ਮੋਹਰ ਲਾ ਦਿੱਤੀ ਗਈ। ਯੋਗੀ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਅਮਿਤ ਸ਼ਾਹ ਨੇ ਆਪਣੇ ਦੋ ਖਾਸ ਬੰਦਿਆਂ- ਦਿਨੇਸ਼ ਸ਼ਰਮਾ ਤੇ ਕੇਸ਼ਵ ਪ੍ਰਸ਼ਾਦ ਮੌਰਿਆ ਨੂੰ ਉਪ ਮੁੱਖ ਮੰਤਰੀ ਬਣਾਉਣ ਦੀ ਮਨਜ਼ੂਰੀ ਲੈ ਲਈ।
41 ਵਰ੍ਹਿਆਂ ਦੇ ਯੋਗੀ ਆਦਿਤਿਆਨਾਥ ਦਾ ਰਾਜਸੀ ਪਿਛੋਕੜ ਵਿਵਾਦਮਈ ਰਿਹਾ ਹੈ। ਉਸ ਦੇ ਹਮਾਇਤੀ ਉਸ ਨੂੰ ‘ਹਿੰਦੂ ਹ੍ਰਿਦਯ ਸਮਰਾਟ’ ਦੱਸਦੇ ਹਨ। ਉਸ ਖਿਲਾਫ਼ ਪੰਜ ਕੇਸ ਵੀ ਦਰਜ ਹਨ। ਇਨ੍ਹਾਂ ਵਿਚੋਂ ਤਿੰਨ ਦਾ ਸਬੰਧ ‘ਲਵ ਜਹਾਦ’ ਨਾਲ ਹੈ। ਯੋਗੀ ਨੇ ਵਿਧਾਨ ਸਭਾ ਚੋਣਾਂ ਤਾਂ ਨਹੀਂ ਸਨ ਲੜੀਆਂ, ਪਰ ਇਨ੍ਹਾਂ ਲਈ ਪ੍ਰਚਾਰ ਖੂਬ ਕੀਤਾ। ਉਤਰ ਪ੍ਰਦੇਸ਼ ਵਿਚ 20 ਫੀਸਦੀ ਦੇ ਲਗਭਗ ਮੁਸਲਿਮ ਆਬਾਦੀ ਹੈ।
ਟਿਕਟਾਂ ਦੇਣ ਸਮੇਂ ਭਾਰਤੀ ਜਨਤਾ ਪਾਰਟੀ ਨੇ ਇਕ ਵੀ ਮੁਸਲਮਾਨ ਨੂੰ ਟਿਕਟ ਨਹੀਂ ਸੀ ਦਿੱਤੀ। 403 ਮੈਂਬਰੀ ਵਿਧਾਨ ਸਭਾ ਵਿਚ ਇਸ ਪਾਰਟੀ ਦੇ 325 ਮੈਂਬਰ ਚੁਣੇ ਗਏ, ਇਸ ਨੇ ਇਕ ਵਾਰ ਤਾਂ ਸਮੁੱਚੇ ਦੇਸ਼ ਨੂੰ ਹੈਰਾਨ ਕਰ ਦਿੱਤਾ ਹੈ, ਪਰ ਹੁਣ ਜਿਸ ਤਰ੍ਹਾਂ ਭਾਜਪਾ ਵੱਲੋਂ ਫਿਰਕੂ ਏਜੰਡੇ ਨੂੰ ਅੱਗੇ ਵਧਾਇਆ ਜਾ ਰਿਹਾ ਹੈ, ਉਸ ਨਾਲ ਘੱਟ ਗਿਣਤੀਆਂ ਲਈ ਵੱਡੀ ਚਿੰਤਾ ਖੜ੍ਹੀ ਹੋ ਗਈ ਹੈ। ਯੋਗੀ ਨੇ ਹਿੰਦੂ ਯੁਵਾ ਵਾਹਿਨੀ ਵਰਗੀਆਂ ਸੰਸਥਾਵਾਂ ਬਣਾਈਆਂ ਹੋਈਆਂ ਹਨ ਜਿਨ੍ਹਾਂ ਦਾ ਮੰਤਵ ਹਿੰਦੂਤਵ ਦੇ ਏਜੰਡੇ ਨੂੰ ਅੱਗੇ ਵਧਾਉਣਾ ਹੀ ਹੈ। ਇਸੇ ਕਰ ਕੇ ਉਨ੍ਹਾਂ ਨੂੰ ਅਕਸਰ ਮੁਸਲਿਮ ਵਿਰੋਧੀ ਮੰਨਿਆ ਜਾਂਦਾ ਰਿਹਾ ਹੈ। ਉਹ ਹਿੰਦੂ ਰਾਸ਼ਟਰ ਦਾ ਰਾਗ ਵੀ ਅਲਾਪਦਾ ਰਿਹਾ ਹੈ। ਅਯੁੱਧਿਆ ਵਿਚ ਰਾਮ ਮੰਦਿਰ ਬਣਾਉਣ ਦਾ ਵੀ ਉਹ ਪੱਕਾ ਧਾਰਨੀ ਹੈ। ਉਹ ਘਰ ਵਾਪਸੀ ਅਤੇ ‘ਲਵ ਜਹਾਦ’ ਵਰਗੇ ਵਿਸ਼ਿਆਂ ਨੂੰ ਖੂਬ ਉਭਾਰਦਾ ਰਿਹਾ ਹੈ।
ਪਿੱਛੇ ਜਿਹੇ ਉਸ ਨੇ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਕੁਝ ਮੁਸਲਿਮ ਦੇਸ਼ਾਂ ਦੇ ਨਾਗਰਿਕਾਂ ਦੇ ਅਮਰੀਕਾ ਵਿਚ ਦਾਖਲ ਹੋਣ ‘ਤੇ ਲਾਈ ਪਾਬੰਦੀ ਦਾ ਵੀ ਸਵਾਗਤ ਕੀਤਾ ਸੀ। ਸ਼ਾਹਰੁਖ਼ ਖਾਨ ਨੂੰ ਉਹ ਹਾਫਿਜ਼ ਸਈਦ ਆਖਦਾ ਰਿਹਾ ਹੈ ਅਤੇ ਮਦਰ ਟੈਰੇਸਾ ਨੂੰ ਲੁਕਵੇਂ ਰੂਪ ਵਿਚ ਇਸਾਈ ਧਰਮ ਦੀ ਪ੍ਰਚਾਰਕ ਕਹਿੰਦਾ ਰਿਹਾ ਹੈ। ਗਊ ਰੱਖਿਆ ਦੇ ਮਾਮਲੇ ਵਿਚ ਵੀ ਉਹ ਲਗਾਤਾਰ ਵਿਵਾਦ ਵਾਲੇ ਬਿਆਨ ਦਿੰਦਾ ਰਿਹਾ ਹੈ। ਸਮੇਂ-ਸਮੇਂ ਲੱਗੇ ਗੰਭੀਰ ਦੋਸ਼ਾਂ ਕਰ ਕੇ ਉਸ ਨੂੰ ਜੇਲ੍ਹ ਵੀ ਜਾਣਾ ਪਿਆ ਸੀ। ਕਿਹਾ ਜਾ ਰਿਹਾ ਹੈ ਕਿ ਯੋਗੀ ਨੂੰ ਮੁੱਖ ਮੰਤਰੀ ਬਣਾਉਣ ਦਾ ਫੈਸਲਾ ਧਾਰਮਿਕ ਸਫਬੰਦੀ ਕਰ ਕੇ 2019 ਦੀਆਂ ਲੋਕ ਸਭਾ ਚੋਣਾਂ ਜਿੱਤਣ ਲਈ ਕੀਤਾ ਗਿਆ ਹੈ।
_______________________________________
ਰਾਮ ਮੰਦਰ ਬਾਰੇ ਸਿਆਸੀ ਹਲਚਲ ਵਧੀ
ਨਵੀਂ ਦਿੱਲੀ: ਅਯੁੱਧਿਆ ਵਿਚ ਰਾਮ ਮੰਦਰ ਵਿਵਾਦ ਨੂੰ ਸੁਲਝਾਉਣ ਲਈ ਸੁਪਰੀਮ ਕੋਰਟ ਵੱਲੋਂ ਵਿਚੋਲਗੀ ਦੀ ਭੂਮਿਕਾ ਨਿਭਾਉਣ ਦੀ ਗੱਲ ਆਖੇ ਜਾਣ ਤੋਂ ਬਾਅਦ ਰਾਜਨੀਤਕ ਗਲਿਆਰਿਆਂ ਵਿਚ ਹਲਚਲ ਤੇਜ਼ ਹੋ ਗਈ ਹੈ। ਭਾਜਪਾ ਦੇ ਬੁਲਾਰੇ ਨਲਿਨ ਕੋਹਲੀ ਨੇ ਆਖਿਆ ਹੈ ਕਿ ਵਿਚੋਲਗੀ ਦੀ ਭੂਮਿਕਾ ਤਾਂ ਹੀ ਸੰਭਵ ਹੈ, ਜੇ ਦੋਵੇਂ ਪੱਖ ਇਸ ਵਿਚ ਸ਼ਾਮਲ ਹੋਣਗੇ। ਦੂਜੇ ਪਾਸੇ ਕਾਂਗਰਸ ਦੇ ਬੁਲਾਰੇ ਅਖਿਲੇਸ਼ ਪ੍ਰਤਾਪ ਸਿੰਘ ਨੇ ਕਿਹਾ ਹੈ ਕਿ ਅਦਾਲਤ ਇਸ ਮਸਲੇ ਉਤੇ ਜਾਂ ਤਾਂ ਫੈਸਲਾ ਦੇਵੇ ਜਾਂ ਫਿਰ ਮਿਲ ਬੈਠ ਕੇ ਇਸ ਦਾ ਨਿਬੇੜਾ ਕਰੇ। ਮੁਸਲਿਮ ਧਰਮ ਗੁਰੂ ਖਾਲਿਦ ਰਸ਼ੀਦ ਫ਼ਿਰੰਗੀ ਮਹਿਲ ਨੇ ਆਖਿਆ ਕਿ ਜਦੋਂ ਵੀ ਇਸ ਮਸਲੇ ਦਾ ਹੱਲ ਗੱਲਬਾਤ ਰਾਹੀਂ ਕੱਢਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਰਾਜਨੀਤਕ ਪਾਰਟੀਆਂ ਬਿਆਨਬਾਜ਼ੀ ਕਰ ਕੇ ਇਸ ਨੂੰ ਉਲਝਾ ਦਿੰਦੀਆਂ ਹਨ।