ਪਾਕਿਸਤਾਨ ‘ਚ ਇਤਿਹਾਸਕ ਗੁਰਦੁਆਰਿਆਂ ਦਾ ਮੰਦਾ ਹਾਲ

ਅੰਮਿਤਸਰ: ਪਾਕਿਸਤਾਨ ਸਰਕਾਰ ਵੱਲੋਂ ਭਾਵੇਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਪਾਕਿਸਤਾਨ ਵਿਚ ਇਤਿਹਾਸਕ ਗੁਰਦੁਆਰੇ ਪੂਰੀ ਤਰ੍ਹਾਂ ਸੁਰੱਖਿਅਤ ਹਨ ਪਰ ਅਸਲ ਤਸਵੀਰ ਕੁਝ ਹੋਰ ਹੀ ਹੈ। ਗੁਰਦੁਆਰਾ ਖਾਰਾ ਸਾਹਿਬ, ਗੁਰਦੁਆਰਾ ਭਾਈ ਬੰਨੂ ਤੇ ਗੁਰਦੁਆਰਾ ਕੇਰ ਸਾਹਿਬ ਦੀ ਸ਼ਾਨ ਨੂੰ ਤਹਿਸ-ਨਹਿਸ ਕਰਦਿਆਂ ਇਨ੍ਹਾਂ ਦੀਆਂ ਕੰਧਾਂ ਤੇ ਪਾਥੀਆਂ ਥੱਪੀਆਂ ਜਾ ਰਹੀਆਂ ਹਨ ਤੇ ਅੰਦਰ ਪਸ਼ੂ ਬੰਨ੍ਹੇ ਜਾ ਰਹੇ ਹਨ।
ਗੁਜਰਾਂਵਾਲਾ ਦੀ ਤਹਿਸੀਲ ਨੌਸ਼ਹਿਰਾ ਵਿਰਕਾਂ ਦੇ ਪਿੰਡ ਬੁੱਢਾ ਗੋਰਾਇਆਂ ਦੇ ਕੋਲ ਹੀ ਪਿੰਡ ਭਾਈ ਕੇ ਮੱਟੂ ਵਿਚਲੀ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨਾਲ ਸਬੰਧਤ ਗੁਰਦੁਆਰਾ ਖਾਰਾ ਸਾਹਿਬ ਦੀਆਂ ਦੀਵਾਰਾਂ ‘ਤੇ ਜਿੱਥੇ ਪਾਥੀਆਂ ਥੱਪੀਆਂ ਜਾ ਰਹੀਆਂ ਹਨ, ਉਥੇ ਹੀ ਗੁਰਦੁਆਰਾ ਸਾਹਿਬ ਦੇ ਪ੍ਰਕਾਸ਼ ਹਾਲ ਵਿਚ ਪਸ਼ੂ ਬੰਨ੍ਹੇ ਜਾ ਰਹੇ ਹਨ। ਜ਼ਿਲ੍ਹਾ ਮੰਡੀ ਬਹਾਉਦੀਨ ਦੀ ਤਹਿਸੀਲ ਫਾਲੀਆਂ ਦੇ ਪਿੰਡ ਮਾਂਗਟ ਵਿਚ ਸ੍ਰੀ ਗੁਰੂ ਅਰਜਨ ਦੇਵ ਦੇ ਪ੍ਰੇਮੀ ਸਿੱਖ ਭਾਈ ਬੰਨੂ ਦੇ ਨਿਵਾਸ ਵਾਲੇ ਸਥਾਨ ‘ਤੇ ਮਹਾਰਾਜਾ ਰਣਜੀਤ ਸਿੰਘ ਨੇ ਆਲੀਸ਼ਾਨ ਗੁਰਦੁਆਰਾ ਤੇ ਕੋਲ ਹੀ ਵਿਸ਼ਾਲ ਤੇ ਸੁੰਦਰ ਤਲਾਅ ਦਾ ਨਿਰਮਾਣ ਕਰਵਾਇਆ ਸੀ। ਗੁਰਦੁਆਰੇ ਦੀਆਂ ਦੀਵਾਰਾਂ ‘ਤੇ ਆਸ-ਪਾਸ ਦੇ ਘਰਾਂ ਵਾਲਿਆਂ ਵੱਲੋਂ ਪਾਥੀਆਂ ਥੱਪੀਆਂ ਜਾਂਦੀਆਂ ਹਨ। ਮੰਡੀ ਬਹਾਉਦੀਨ ਕੋਲ ਇਕ ਹੋਰ ਪਿੰਡ ਜੈਸੁਖ ਵਿਚ ਸ੍ਰੀ ਗੁਰੂ ਨਾਨਕ ਦੇਵ ਦੀ ਯਾਦਗਾਰ ਗੁਰਦੁਆਰਾ ਕੇਰ ਸਾਹਿਬ ਹੈ। ਇਸ ਗੁਰਦੁਆਰੇ ਦੇ ਦਰਬਾਰ ਤੇ ਸਰੋਵਰ ਦੀ ਸੇਵਾ ਵੀ ਮਹਾਰਾਜਾ ਰਣਜੀਤ ਸਿੰਘ ਨੇ ਕਰਵਾਈ ਸੀ। ਮੌਜੂਦਾ ਸਮੇਂ ਇਸ ਅਸਥਾਨ ‘ਤੇ ਕਬਜ਼ਾਧਾਰੀ ਲੋਕ ਕਿਸੇ ਸ਼ਰਧਾਲੂ ਨੂੰ ਇਸ ਸਥਾਨ ਦੇ ਲਾਗੇ ਵੀ ਨਹੀਂ ਜਾਣ ਦਿੰਦੇ ਤੇ ਇਸ ਦੇ ਅੰਦਰ-ਬਾਹਰ ਦੀਆਂ ਕੰਧਾਂ ਨੂੰ ਪਾਥੀਆਂ ਥੱਪਣ ਲਈ ਤੇ ਗੁਰਦੁਆਰੇ ਦੇ ਹਾਲ ਨੂੰ ਤੂੜੀ ਰੱਖਣ ਵਾਲੇ ਸਟੋਰ ਵਜੋਂ ਇਸਤੇਮਾਲ ਕਰ ਰਹੇ ਹਨ।
ਉਪਰੋਕਤ ਗੁਰਦੁਆਰਿਆਂ ਦੇ ਇਲਾਵਾ ਵੀ ਗੁਰਦੁਆਰਾ ਅਜੀਤਸਰ, ਦਰਬਾਰ ਬਾਬਾ ਸ੍ਰੀਚੰਦ (ਉਕਾੜਾ), ਗੁਰਦੁਆਰਾ ਮਾਮੇਸਰ, ਛੋਟਾ ਨਾਨਕਿਆਣਾ, ਗੁਰਦੁਆਰਾ ਦਫ਼ਤੂਹ, ਗੁਰਦੁਆਰਾ ਥੰਮ੍ਹ ਸਾਹਿਬ (ਕਸੂਰ), ਗੁਰਦੁਆਰਾ ਬਾਬਾ ਗੁਰਬਖ਼ਸ਼ ਸਿੰਘ (ਨੈਨਾਕੋਟ), ਗੁਰਦੁਆਰਾ ਬਾਬਾ ਜਮੀਅਤ ਸਿੰਘ, ਗੁਰਦੁਆਰਾ ਹਡਿਆਰਾ, ਗੁਰਦੁਆਰਾ ਰਾਮਪੁਰਾ ਖੁਰਦ, ਗੁਰਦੁਆਰਾ ਪਢਾਣਾਂ, ਗੁਰਦੁਆਰਾ ਛੇਵੀਂ ਪਾਤਸ਼ਾਹੀ ਢਿੱਲਵਾਂ (ਲਾਹੌਰ), ਗੁਰਦੁਆਰਾ ਭਾਈ ਲਾਲੂ, ਗੁਰਦੁਆਰਾ ਦਮਦਮਾ ਸਾਹਿਬ (ਗੁਜਰਾਂਵਾਲਾ), ਗੁਰਦੁਆਰਾ ਅਜਨੀਆ ਵਾਲਾ, ਗੁਰਦੁਆਰਾ ਪਹਿਲੀ ਪਾਤਸ਼ਾਹੀ ਹਫ਼ਤ ਮਦਰ (ਸ਼ੇਖ਼ੂਪੁਰਾ), ਗੁਰਦੁਆਰਾ ਟਾਹਲੀ ਸਾਹਿਬ (ਨਾਰੋਵਾਲ), ਗੁਰਦੁਆਰਾ ਗਲੋਟੀਆਂ (ਸਿਆਲਕੋਟ) ਸਹਿਤ ਦੋ ਦਰਜਨ ਤੋਂ ਵਧੇਰੇ ਗੁਰਦੁਆਰਾ ਸਾਹਿਬਾਨ ਦੀ ਸ਼ਾਨ ਇਸੇ ਪ੍ਰਕਾਰ ਤਹਿਸ-ਨਹਿਸ ਕੀਤੀ ਜਾ ਰਹੀ ਹੈ।

Be the first to comment

Leave a Reply

Your email address will not be published.