ਪਰਵਾਸੀਆਂ ਵਲੋਂ ਸੰਜੇ ਤੇ ਪਾਠਕ ਵਿਰੁਧ ਆਨਲਾਈਨ ਪਟੀਸ਼ਨ

ਜਲੰਧਰ: ਪੰਜਾਬ ਵਿਧਾਨ ਸਭਾ ਚੋਣਾਂ ਵਿਚ ‘ਆਪ’ ਦੀ ਹਾਰ ਸਬੰਧੀ ਪਰਵਾਸੀ ਪੰਜਾਬੀਆਂ ਨੇ ਪਾਰਟੀ ਦੇ ਸੀਨੀਅਰ ਆਗੂਆਂ ਸੰਜੇ ਸਿੰਘ ਅਤੇ ਦੁਰਗੇਸ਼ ਪਾਠਕ ਨੂੰ ਸੂਬੇ ਤੋਂ ਲਾਂਭੇ ਕਰਨ ਲਈ ਆਨਲਾਈਨ ਪਟੀਸ਼ਨ (ਅਰਜ਼ੀ) ਪਾ ਦਿੱਤੀ ਹੈ।

‘ਆਪ’ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਮੁਖਾਤਬ ਹੋ ਕੇ ਤਿਆਰ ਕੀਤੀ ਇਹ ਪਟੀਸ਼ਨ ਆਸਟਰੇਲੀਆ ਤੋਂ ਗੁਰਪ੍ਰੀਤ ਗਿੱਲ ਨੇ ਪਾਈ ਹੈ। ਹੁਣ ਤੱਕ ਇਸ ਪਟੀਸ਼ਨ ਦੀ ਹਮਾਇਤ ਵਿਚ ਹਜ਼ਾਰਾਂ ਵਿਅਕਤੀਆਂ ਨੇ ਟਿੱਪਣੀਆਂ ਕੀਤੀਆਂ ਹਨ। ਉਨ੍ਹਾਂ ਨੇ ‘ਆਪ’ ਦੀ ਹਾਰ ਲਈ ਸੰਜੇ ਸਿੰਘ ਤੇ ਦੁਰਗੇਸ਼ ਪਾਠਕ ਨੂੰ ਸਿੱਧੇ ਤੌਰ ਉਤੇ ਜ਼ਿੰਮੇਵਾਰ ਠਹਿਰਾਇਆ ਹੈ। ਇਹ ਵੀ ਕਿਹਾ ਹੈ ਕਿ ਦੋਵੇਂ ਆਗੂ ਪੰਜਾਬ ਦੇ ਵਲੰਟੀਅਰਾਂ ਦਾ ਭਰੋਸਾ ਗੁਆ ਚੁੱਕੇ ਹਨ ਤੇ ਪੰਜਾਬ ਨੂੰ ਦਿੱਲੀ ਦੇ ਲੀਡਰਾਂ ਦੀ ਕੋਈ ਲੋੜ ਨਹੀਂ ਹੈ।
ਇਸ ਅਰਜ਼ੀ ਵਿਚ ਸ੍ਰੀ ਕੇਜਰੀਵਾਲ ਨੂੰ ਕਿਹਾ ਹੈ ਕਿ ਉਹ ਪੰਜਾਬ ਦੇ ਵਲੰਟੀਅਰਾਂ ਦੀ ਆਵਾਜ਼ ਨੂੰ ਸੁਣਨ। ਇਸ ਵਿਚ ਅਪੀਲ ਕੀਤੀ ਹੈ ਕਿ ਵਿਦੇਸ਼ਾਂ ਵਿਚ ਵਸਦੇ ਅਤੇ ਪੰਜਾਬ ਵਿਚ ਰਹਿੰਦੇ ‘ਆਪ’ ਦੇ ਸਮਰਥਕ ਇਸ ਆਨਲਾਈਨ ਪਟੀਸ਼ਨ ਉਤੇ ਵੱਧ ਤੋਂ ਵੱਧ ਆਪਣੀ ਰਾਇ ਦੇਣ ਤਾਂ ਜੋ ਇਨ੍ਹਾਂ ਆਗੂਆਂ ਨੂੰ ਪਾਰਟੀ ਤੋਂ ਲਾਂਭੇ ਕੀਤਾ ਜਾ ਸਕੇ। ਇਸ ਦੌਰਾਨ ਸੰਜੇ ਸਿੰਘ ਤੇ ਦੁਰਗੇਸ਼ ਪਾਠਕ ਨੂੰ ਆਪਣੇ ਅਹੁਦਿਆਂ ਤੋਂ ਅਸਤੀਫੇ ਦੇਣ ਦੀ ਅਪੀਲ ਵੀ ਕੀਤੀ ਗਈ ਹੈ। ‘ਆਪ’ ਦੇ ਆਸਟਰੇਲੀਆ ਤੋਂ ਸਰਗਰਮ ਆਗੂ ਗੁਰਪ੍ਰੀਤ ਗਿੱਲ ਨੇ ਇਸ ਮੁਹਿੰਮ ਨੂੰ ਹੋਰ ਭਖਾਉਣ ਲਈ ਦੂਜੇ ਦੇਸ਼ਾਂ ਵਿੱਚ ਵਸਦੇ ਪਰਵਾਸੀ ਪੰਜਾਬੀਆਂ ਨੂੰ ਇਕਜੁਟਤਾ ਦਿਖਾਉਣ ਦੀ ਅਪੀਲ ਕੀਤੀ ਹੈ।
ਨਿਊਜ਼ੀਲੈਂਡ ਤੋਂ ਖੁਸ਼ਮੀਤ ਸਿੱਧੂ ਨੇ ਇਸ ਆਨਲਾਈਨ ਪਟੀਸ਼ਨ ਉਤੇ ਟਿੱਪਣੀ ਕਰਦਿਆਂ ਕਿਹਾ ਕਿ ਉਹ ਪੰਜਾਬ ਦੀ ਲੀਡਰਸ਼ਿਪ ਦੀ ਮਜ਼ਬੂਤ ਦੇਖਣਾ ਚਾਹੁੰਦੇ ਹਨ। ਆਸਟਰੇਲੀਆ ਤੋਂ ਭਵਜੀਤ ਸਿੰਘ ਨੇ ਕਿਹਾ ਕਿ ‘ਆਪ’ ਪੰਜਾਬ ਵਿਚ ਜਿੱਤਣ ਦੀ ਸਥਿਤੀ ‘ਚ ਸੀ, ਪਰ ਸੰਜੇ ਸਿੰਘ ਵਰਗੇ ਆਗੂਆਂ ਨੇ ਇਸ ਨੂੰ ਹੇਠਾਂ ਲੈ ਆਂਦਾ। ਸਾਂ-ਫਰਾਂਸਿਸਕੋ ਤੋਂ ਸ਼ੇਖਰ ਸਿੰਗਲਾ ਨੇ ਦੋਸ਼ ਲਾਇਆ ਕਿ ਇਨ੍ਹਾਂ ਆਗੂਆਂ ਨੇ ਪੈਸੇ ਲੈ ਕੇ ਟਿਕਟਾਂ ਵੇਚੀਆਂ ਹਨ। ਇਸ ਪਟੀਸ਼ਨ ਨੂੰ ਸੋਸ਼ਲ ਮੀਡੀਆ ਰਾਹੀਂ ਪ੍ਰਚਾਰਿਆ ਜਾ ਰਿਹਾ ਹੈ।
______________________________________________
ਕੇਜਰੀਵਾਲ ਨੇ ਈæਵੀæਐਮæ ਮਸ਼ੀਨਾਂ ‘ਤੇ ਖੜ੍ਹੇ ਕੀਤੇ ਸਵਾਲ
ਨਵੀਂ ਦਿੱਲੀ: ਮਾਇਆਵਤੀ ਤੋਂ ਬਾਅਦ ਹੁਣ ਅਰਵਿੰਦ ਕੇਜਰੀਵਾਲ ਨੇ ਈæਵੀæਐਮæ ਮਸ਼ੀਨਾਂ ਉਤੇ ਸੁਆਲ ਖੜ੍ਹੇ ਕੀਤੇ ਹਨ। ਕੇਜਰੀਵਾਲ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸ਼ੱਕ ਹੈ ਕਿ ‘ਆਪ’ ਦੇ ਵੋਟ ਟਰਾਂਸਫਰ ਹੋਏ ਹਨ। ਕੇਜਰੀਵਾਲ ਨੇ ਕਿਹਾ ਕਿ ਪੰਜਾਬ ਵਿਚ ਅਕਾਲੀ ਦਲ ਨੂੰ 30 ਫੀਸਦੀ ਵੋਟ ਕਿੰਜ ਮਿਲੇ। ਉਨ੍ਹਾਂ ਨੂੰ ਤਾਂ ਪੰਜ ਫੀਸਦੀ ਵੋਟ ਹੀ ਮਿਲਣੇ ਚਾਹੀਦੇ ਸਨ।
ਪੰਜਾਬ ਦੇ ਲੋਕ ਅਕਾਲੀ ਦਲ ਨੂੰ ਹਰਾਉਣਾ ਚਾਹੁੰਦੇ ਸਨ। ਪੰਜਾਬ ਵਿਚ ‘ਆਪ’ ਦੀ ਹਨੇਰੀ ਸੀ, ਪਰ ਫਿਰ ਵੀ ‘ਆਪ’ ਪਾਰਟੀ ਨੂੰ ਵੋਟ ਘੱਟ ਮਿਲੇ। ਉਨ੍ਹਾਂ ਨੇ ਬੂਥ ਨੰਬਰ 73 ਦੀ ਮਿਸਾਲ ਦਿੰਦੇ ਹੋਏ ਕਿਹਾ ਕਿ ਇਸ ਬੂਥ ਉਤੇ ਉਨ੍ਹਾਂ ਨੂੰ ਸਿਰਫ ਤਿੰਨ ਵੋਟ ਹੀ ਮਿਲੇ ਹਨ ਜਦਕਿ ਇਥੇ ਤਾਂ ਉਨ੍ਹਾਂ ਦੇ ਸੱਤ ਵਲੰਟੀਅਰ ਸਨ, ਫਿਰ ਉਨ੍ਹਾਂ ਦਾ ਵੋਟ ਕਿਥੇ ਗਿਆ। ਕੇਜਰੀਵਾਲ ਨੇ ਕਿਹਾ ਉਨ੍ਹਾਂ ਵੱਲੋਂ ਬੂਥ ਸਮੀਖਿਆ ਕਰਨ ਤੋਂ ਬਾਅਦ ਗੜਬੜੀ ਸਾਹਮਣੇ ਆਈ ਹੈ ਤੇ ਉਨ੍ਹਾਂ ਦੀ ਹਾਰ ਸਮਝ ਤੋਂ ਪਰੇ ਹੈ। ਉਨ੍ਹਾਂ ਕਿਹਾ ਕਿ ਇਕ ਸੀਟ ਉਤੇ ਤਾਂ ਆਜ਼ਾਦ ਉਮੀਦਵਾਰ ਨੂੰ ਕੋਈ ਵੋਟ ਹੀ ਨਹੀਂ ਮਿਲਿਆ। ਇਹ ਕਿਵੇਂ ਹੋਇਆ, ਉਸ ਦਾ ਖੁਦ ਦਾ ਵੋਟ ਕਿਥੇ ਗਿਆ। ਉਸ ਦੀ ਪਤਨੀ ਦਾ ਵੋਟ ਕਿਥੇ ਗਿਆ। ਦੱਸ ਦੇਈਏ ਕਿ ਕੇਜਰੀਵਾਲ ਦੀ ਪਾਰਟੀ ਨੇ ਅਗਲੇ ਮਹੀਨੇ ਹੋਣ ਵਾਲੇ ਐਸ਼ਸੀæਡੀæ ਚੋਣਾਂ ਵਿਚ ਈæਵੀæਐਮæ ਦੀ ਜਗ੍ਹਾ ਬੈਲੇਟ ਦੇ ਇਸਤੇਮਾਲ ਦੀ ਮੰਗ ਕੀਤੀ ਹੈ, ਪਰ ਚੋਣ ਕਮਿਸ਼ਨ ਨੇ ਉਨ੍ਹਾਂ ਦੀ ਇਹ ਮੰਗ ਰੱਦ ਕਰ ਦਿੱਤੀ ਹੈ।