ਪਰਵਾਸੀਆਂ ਨੂੰ ਸਦਮਾ!

ਲੈ ਕੇ ਪ੍ਰੇਰਨਾ ਗਦਰੀ ਬਾਬਿਆਂ ਤੋਂ, ਪਹੁੰਚੇ ਸਨ ਪੰਜਾਬ ਦਾ ਦਰਦ ਕਰਕੇ।
ਆਟਾ-ਦਾਲ ਸਕੀਮਾਂ ਤੇ ਨਾਲ ਨਸ਼ਿਆਂ, ਰੱਖ ਦਿੱਤੇ ਪੰਜਾਬੀ ਸੀ ਸਰਦ ਕਰਕੇ।
ਧੂੰਆਂ ਧਾਰ ਪ੍ਰਚਾਰ ‘ਤੇ ਜ਼ੋਰ ਲਾਇਆ, ਮਾਰੂ ਨੀਤੀਆਂ ਤਾਈਂ ਬੇਪਰਦ ਕਰਕੇ।
ਵੱਡੀ ਆਸ ‘ਚ ਚਿਹਰੇ ਜੋ ਚਮਕਦੇ ਸੀ, ਨਤੀਜਿਆਂ ਰੱਖ’ਤੇ ਜ਼ਰਦ ਕਰਕੇ।
ਔਖਾ ਸਹਾਰਨਾ ਹਾਰਿਆਂ ਲਈ, ਜਿੱਤੀ ਧਿਰ ਦੀਆਂ ਸੁਣਦਿਆਂ ਹਾਸੀਆਂ ਨੂੰ।
ਅਣਕਿਆਸੀ ਹਾਰ ਨਾ ਹਜ਼ਮ ਹੁੰਦੀ, ਸਦਮਾ ਲੱਗਾ ਬਹੁਤ ਪਰਵਾਸੀਆਂ ਨੂੰ।