ਰਾਜਨੀਤੀ, ਤੇਰਾ ਬੇੜਾ ਗਰਕ

ਕੌਣ ਨਹੀਂ ਜਾਣਦਾ ਕਿ ਰਾਜਨੀਤੀ ਸਭ ਪੁਆੜਿਆਂ ਦੀ ਜੜ੍ਹ ਹੈ। ਅੱਜ ਦੁਨੀਆਂ ਦਾ ਕਿਹੜਾ ਮਸਲਾ ਹੈ ਜਿਸ ਦੀ ਜੜ੍ਹ ਰਾਜਨੀਤੀ ਨਹੀਂ ਹੈ। ਰਾਜਨੀਤੀ ਕਰਕੇ ਲੋਕਾਂ ਵਿਚ ਵੰਡੀਆਂ ਪੈਂਦੀਆਂ ਹਨ, ਭਰਾ ਭਰਾ ਦਾ ਵੈਰੀ ਹੋ ਜਾਂਦਾ ਹੈ ਅਤੇ ਵੱਡੀਆਂ ਵੱਡੀਆਂ ਜੰਗਾਂ ਲੱਗ ਜਾਂਦੀਆਂ ਹਨ, ਅੰਤਾਂ ਦੀ ਤਬਾਹੀ ਹੁੰਦੀ ਹੈ, ਤਾਂ ਹੀ ਪ੍ਰੋæ ਬ੍ਰਿਜਿੰਦਰ ਸਿੰਘ ਸਿੱਧੂ ਨੇ ਕਿਹਾ ਹੈ, ਰਾਜਨੀਤੀ ਤੇਰਾ ਬੇੜਾ ਗਰਕ।

-ਸੰਪਾਦਕ
ਪ੍ਰੋæ ਬ੍ਰਿਜਿੰਦਰ ਸਿੰਘ ਸਿੱਧੂ
ਫੋਨ: 925-683-1982
ਪੰਛੀ ਅਤੇ ਪਸ਼ੂ ਰਾਜਨੀਤੀ ਤੋਂ ਦੂਰ ਹਨ, ਤਦੇ ਹੀ ਇਹ ਮੌਜਾਂ ਵਿਚ ਹਨ। ਮੌਸਮ ਅਨੁਸਾਰ ਪੰਛੀ ਇਕ ਦੇਸ਼ ਤੋਂ ਦੂਜੇ ਦੇਸ਼ ਵਿਚ ਹਜ਼ਾਰਾਂ ਮੀਲ ਉਡ ਕੇ ਚਲੇ ਜਾਂਦੇ ਹਨ-ਕੋਈ ਰੋਕ ਟੋਕ ਨਹੀਂ, ਕੋਈ ਵੀਜ਼ੇ ਦੀ ਲੋੜ ਨਹੀਂ, ਕੋਈ ਵੈਰ ਵਿਰੋਧ ਨਹੀਂ। ਮਨੁੱਖ ਜਾਤੀ ਹੈ ਜਿਸ ਦੀ ਰਾਜਨੀਤੀ ਫਿਤਰਤ ਬਣ ਗਈ ਹੈ। ਬਹੁਤ ਘੱਟ ਥਾਂਵਾਂ ‘ਤੇ ਇਸ ਨੇ ਲੋਕਾਈ ਦਾ ਭਲਾ ਕੀਤਾ ਹੋਵੇਗਾ, ਨਹੀਂ ਤਾਂ ਇਹ ਤਬਾਹੀ ਦਾ ਕਾਰਨ ਹੀ ਬਣੀ ਹੈ।
ਸੰਸਾਰ ਦੇ ਦੋ ਵੱਡੇ ਯੁੱਧ ਰਾਜਨੀਤੀ ਦੀ ਹੀ ਉਪਜ ਸਨ। ਹਿਟਲਰ ਦੀ ਯਹੂਦੀਆਂ ਖਿਲਾਫ ਸੌੜੀ ਰਾਜਨੀਤੀ ਹੀ ਉਨ੍ਹਾਂ ਦੇ ਉਜਾੜੇ ਦਾ ਕਾਰਨ ਬਣੀ। ਭਾਰਤ ਵਿਚ ਸਿਕੰਦਰ ਤੋਂ ਲੈ ਕੇ ਬਾਬਰ, ਗਜ਼ਨੀ, ਗੌਰੀ-ਸਭ ਹੀ ਲੋਕਾਂ ਨੇ ਖੁਦਗਰਜ਼ੀ ਦੀ ਸਿਆਸਤ ਅਧੀਨ ਹੀ ਬੁਲਾਏ ਸਨ।
ਪਿੰਡਾਂ ਦੇ ਲੋਕ ਬਹੁਤ ਸੁਖੀ ਵਸਦੇ ਸਨ। ਚੰਗੇ ਮੋਹਤਬਰ ਅਤੇ ਨਿਧੱੜਕ ਆਦਮੀ ਮੁਖੀਏ ਹੁੰਦੇ ਸਨ। ਲੋਕਾਂ ਦੇ ਝਗੜੇ ਦਿਆਨਤਦਾਰੀ ਨਾਲ ਸੁਲਝਾਉਂਦੇ ਸਨ। ਕਿਸੇ ਤੋਂ ਵੋਟਾਂ ਨਹੀਂ ਸਨ ਮੰਗਦੇ। ਸਹੀ ਲਫਜ਼ਾਂ ਵਿਚ ਉਹ ਪਿੰਡ ਦੇ ਲੋਕਾਂ ਦੀ ਸੇਵਾ ਕਰਦੇ ਸਨ। ਜਿਸ ਦਿਨ ਤੋਂ ਪੰਚਾਇਤਾਂ ਦੀਆਂ ਚੋਣਾਂ ਹੋਣ ਲੱਗੀਆਂ, ਰਾਜਨੀਤੀ ਨੇ ਪੈਰ ਪਸਾਰ ਲਏ। ਲੋਕ ਧੜਿਆਂ ਵਿਚ ਵੰਡੇ ਗਏ। ਸਾਂਝੇ ਕੰਮ ਸੱਚਾਈ ਦੀ ਥਾਂ ਪਾਰਟੀਬਾਜ਼ੀ ਅਧੀਨ ਹੋਣ ਲੱਗ ਪਏ। ਵਿਕਾਸ ਦੀ ਜਗ੍ਹਾ ਵਿਨਾਸ਼ ਨੇ ਲੈ ਲਈ। ਪਿੰਡਾਂ ਦੀਆਂ ਸੜਕਾਂ ਅਤੇ ਗਲੀਆਂ ਪੱਕੀਆਂ ਕਰਨ ਦਾ ਕੰਮ ਰਾਜਨੀਤੀ ਦੀ ਭੇਟ ਚੜ੍ਹ ਗਿਆ। ਬਾਰਿਸ਼ ਦੇ ਪਾਣੀ ਦਾ ਕੁਦਰਤੀ ਨਿਕਾਸ ਟੇਢੀਆਂ-ਮੇਢੀਆਂ ਸੜਕਾਂ ਬਣਾ ਕੇ ਖਰਾਬ ਕਰ ਦਿੱਤਾ ਗਿਆ, ਜਿਸ ਨਾਲ ਮੀਂਹ ਦੀਆਂ ਚਾਰ ਛਿੱਟਾਂ ਪੈਣ ਪਿਛੋਂ ਪਿੰਡ ਛੱਪੜਾਂ ਦਾ ਰੂਪ ਧਾਰ ਲੈਂਦੇ ਹਨ। ਮੱਖੀ-ਮੱਛਰ ਬੀਮਾਰੀਆਂ ਲੈ ਆਉਂਦੇ ਹਨ। ਸਾਫ ਸੁਥਰਾ ਮਾਹੌਲ ਬੀਤੇ ਸਮੇਂ ਦੀ ਕਹਾਣੀ ਬਣ ਗਿਆ ਹੈ। ਸਫਾਈ ਪਸੰਦ ਲੋਕ ਪਿੰਡਾਂ ਨੂੰ ਅਲਵਿਦਾ ਕਹਿ ਕੇ ਸ਼ਹਿਰਾਂ ਵੱਲ ਚਾਲੇ ਪਾ ਰਹੇ ਹਨ।
ਐਸ਼ ਜੀæ ਪੀæ ਸੀæ, ਵਿਧਾਨ ਸਭਾ ਅਤੇ ਲੋਕ ਸਭਾ ਚੋਣਾਂ ਨੇ ਜਨਤਾ ਵਿਚ ਖੁਦਗਰਜ਼ੀ, ਇਕ ਦੂਜੇ ਦੇ ਵਿਰੋਧ ਅਤੇ ਪਾਰਟੀਬਾਜ਼ੀ ਕਾਰਨ ਦੁਸ਼ਮਣੀ ਪੱਲੇ ਬੰਨ੍ਹ ਦਿੱਤੀ। ਪਿਆਰ ਮੁਹੱਬਤ ਅਤੇ ਸਾਂਝ ਪੁਰਾਣੀ ਗੱਲ ਬਣ ਗਈ। ਸ਼ਹਿਰਾਂ ਵਿਚ ਵੀ ਹਾਲਤ ਤਰਸਯੋਗ ਹੈ। ਰਾਜਨੀਤੀ ਅਧੀਨ ਇਕ ਵਾਰਡ ਦੀ ਤਰੱਕੀ ਅਤੇ ਦੂਜੇ ਦੀ ਅਣਦੇਖੀ। ਸਿਆਸੀ ਉਲਝਣਾਂ ਵਿਚ ਫਸੇ ਹੋਏ ਲੋਕ ਨੁਮਾਇੰਦੇ ਫੰਡਾਂ ਨੂੰ ਗਲਤ ਤਰੀਕਿਆਂ ਨਾਲ ਬਰਬਾਦ ਕਰ ਦਿੰਦੇ ਹਨ। ਲਗਭਗ ਸਾਰੇ ਅਦਾਰੇ ਘਾਟੇ ਵਿਚ ਜਾ ਰਹੇ ਹਨ। ਅਫਸਰਸ਼ਾਹੀ ਵੀ ਰਾਜਨੀਤੀ ਦਾ ਸ਼ਿਕਾਰ ਹੋ ਗਈ ਹੈ। ਭ੍ਰਿæਸ਼ਟਾਚਾਰ ਸਿਆਸਤਦਾਨਾਂ ਕਰਕੇ ਵਧ ਫੁਲ ਰਿਹਾ ਹੈ। ਜਿਹੜਾ ਅਫਸਰ ਆਪਣਾ ਫਰਜ਼ ਨਿਭਾਉਂਦਾ ਕਿਸੇ ਸਿਆਸੀ ਪਾਰਟੀ ਦੀ ਪ੍ਰਵਾਹ ਨਹੀਂ ਕਰਦਾ, ਉਸ ਨੂੰ ਕੋਈ ਅਸਰ ਰਸੂਖ ਵਾਲੀ ਡਿਊਟੀ ਨਹੀਂ ਦਿੱਤੀ ਜਾਂਦੀ ਅਤੇ ਖੂੰਜੇ ਲਾ ਦਿੱਤਾ ਜਾਂਦਾ ਹੈ। ਕੁਝ ਦੇਰ ਪਿਛੋਂ ਉਹ ਵੀ ਦੂਸਰਿਆਂ ਜਿਹਾ ਹੋ ਜਾਂਦਾ ਹੈ ਅਤੇ ਸਿਆਸੀ ਆਕਾਵਾਂ ਦੀ ਮਿਲੀਭੁਗਤ ਨਾਲ ਮਾਲੋਮਾਲ ਹੋ ਜਾਂਦਾ ਹੈ।
ਬਹੁਤ ਸਾਰੀਆਂ ਪਾਰਟੀਆਂ ਸਮਾਜ ਸੁਧਾਰ ਲਈ ਹੋਂਦ ਵਿਚ ਆਈਆਂ ਪ੍ਰੰਤੂ ਜਦੋਂ ਵੀ ਰਾਜਨੀਤੀ ਨੇ ਇਨ੍ਹਾਂ ਵਿਚ ਪ੍ਰਵੇਸ਼ ਕੀਤਾ, ਇਹ ਆਪਣਾ ਆਦਰਸ਼ ਭੁੱਲ ਗਈਆਂ। ਸਿਆਸੀ ਤਾਕਤ ਵਿਚ ਆਉਣ ਲਈ ਇਹ ਇਮਾਨਦਾਰੀ ਅਤੇ ਸੱਚਾਈ ਤੋਂ ਕੋਹਾਂ ਦੂਰ ਹੋ ਗਈਆਂ। ਸਾਡੇ ਸਮਾਜ ਦੀ ਬਦਕਿਸਮਤੀ ਹੀ ਸਮਝੋ ਕਿ ਕੋਈ ਮਾਹੌਲ ਵੀ ਰਾਜਨੀਤੀ ਤੋਂ ਸੱਖਣਾ ਨਹੀਂ ਰਿਹਾ। ਹੋਰ ਤਾਂ ਹੋਰ ਮਾਤ ਭਾਸ਼ਾ ਵੀ ਰਾਜਨੀਤੀ ਦਾ ਸ਼ਿਕਾਰ ਹੋ ਗਈ। ਪਾਕਿਸਤਾਨੀ ਪੰਜਾਬ ਅਤੇ ਭਾਰਤੀ ਪੰਜਾਬ ਨੇ ਪੰਜਾਬੀ ਬੋਲੀ ਨਾਲ ਬਹੁਤ ਬੇਇਨਸਾਫੀ ਕੀਤੀ।
ਰਾਜਨੀਤੀ ਦਾ ਇਕ ਹੋਰ ਅੰਦਾਜ਼ ਬਦਨੀਤੀ ਹੈ। ਇਸ ਕਰਕੇ ਭੈਣਾਂ-ਭਰਾਵਾਂ ਵਿਚ ਪਿਆਰ ਦੀ ਤੰਦ ਟੁੱਟਦੀ ਜਾ ਰਹੀ ਹੈ। ਪਿਓ-ਪੁੱਤ ਦੇ ਰਿਸ਼ਤੇ ਨੂੰ ਆਂਚ ਆ ਰਹੀ ਹੈ। ਭਰਾ-ਭਰਾ ਇਕ ਦੂਜੇ ਦੇ ਵੈਰੀ ਬਣ ਗਏ ਹਨ। ਪਤੀ-ਪਤਨੀ ਦੀ ਸਾਂਝ ਕੁਮਲਾ ਰਹੀ ਹੈ। ਬਹੁਤ ਸਾਰੇ ਕਾਨੂੰਨ ਘੜਨ ਵਿਚ ਸਿਆਸਤ ਤਮਾਸ਼ਬੀਨ ਹੈ। ਇਹੋ ਜਿਹੇ ਕਾਨੂੰਨਾਂ ਅਧੀਨ ਕੋਰਟਾਂ ਦੇ ਫੈਸਲੇ ਸਮਾਜ ਵਿਚ ਅਮਨ ਦੀ ਥਾਂ ਬਦਅਮਨੀ ਫੈਲਾ ਰਹੇ ਹਨ।
ਵਿਦਿਆ ਦੇ ਖੇਤਰ ਵਿਚ ਰਾਜਨੀਤੀ ਦਾ ਦਖਲ ਬਹੁਤ ਹੀ ਮੰਦਭਾਗੀ ਗੱਲ ਹੈ। ਇਤਿਹਾਸ ਨੂੰ ਸੱਚਾਈ ਦੀ ਥਾਂ ਸਰਕਾਰਾਂ ਦੀ ਰਾਜਨੀਤੀ ਅਨੁਸਾਰ ਬਦਲ ਦਿੱਤਾ ਜਾਂਦਾ ਹੈ। ਮਹਾਰਾਣੀ ਜਿੰਦਾਂ ਵਰਗੀ ਔਰਤ ਨੂੰ ਚਰਿਤਰਹੀਣ ਬਣਾ ਦਿੱਤਾ ਗਿਆ। ਗੁਰੂ ਸਾਹਿਬਾਨ ਉਤੇ ਘੋੜੇ ਖੋਹਣ ਜਿਹੇ ਦੂਸ਼ਣ ਲਾ ਦਿਤੇ ਗਏ। ਅਮਨਪਸੰਦ ਦੇਸ਼ ਭਗਤਾਂ ਨੂੰ ਖਤਰਨਾਕ ਗਦਰੀ ਕਿਹਾ ਗਿਆ।
ਯੂਨੀਵਰਸਿਟੀਆਂ ਵਿਚ ਸਿਲੇਬਸ, ਨਵੀਆਂ ਚੇਅਰਾਂ ਦੀ ਸਥਾਪਨਾ ਲਈ ਗਰਾਂਟਾਂ ਰਾਜਨੀਤੀ ਹੀ ਤੈਅ ਕਰਦੀ ਹੈ। ਕਈ ਵੇਰ ਬੁੱਧੀਜੀਵੀਆਂ ਅਤੇ ਬਹੁਤ ਲਾਇਕ ਪ੍ਰੋਫੈਸਰਾਂ ਨੂੰ ਅੱਖੋਂ ਪਰੋਖੇ ਕੀਤਾ ਜਾਂਦਾ ਹੈ। ਵਿਗਿਆਨਕ ਖੋਜ ਵੀ ਸਿਆਸਤ ਤੋਂ ਵਾਂਝੀ ਨਹੀਂ ਰਹੀ। ਸਟੈਮ ਸੈਲ ‘ਤੇ ਖੋਜ ਸਭ ਦੇਸ਼ਾਂ ਵਿਚ ਕਰਨ ਦੀ ਆਗਿਆ ਨਹੀਂ। ਪਿਛੇ ਜਿਹੇ ਜਦੋਂ ਮੁੱਖ ਮਹਿਮਾਨ ਨੇ ਇਕ ਖਾਸ ਰਾਜਨੀਤੀ ਤਹਿਤ ਇਹ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਕਿ ਸਾਡੇ ਦੇਸ਼ ਵਿਚ ਹਜ਼ਾਰਾਂ ਸਾਲ ਪਹਿਲਾਂ ਸਰਜਰੀ ਦਾ ਪੱਧਰ ਬਹੁਤ ਉਚਾ ਸੀ, ਸਰਜਰੀ ਦੀ ਤਰੱਕੀ ਬਾਬਤ ਪੇਪਰ ਪੜ੍ਹਨ ਵਾਲੇ ਡਾਕਟਰ ਹੈਰਾਨ ਹੋ ਗਏ ਅਤੇ ਦੁਨੀਆਂ ਵਿਚ ਮਜ਼ਾਕ ਉਡ ਗਿਆ। ਅੱਜ ਦੇ ਯੁਗ ਵਿਚ ਜੋਤਿਸ਼ ਵਿਦਿਆ ਦਾ ਵਿਸ਼ਾ ਲਾਜ਼ਮੀ ਕਰਨ ਦੀ ਸੋਚ ਕੀ ਜ਼ਾਹਰ ਕਰਦੀ ਹੈ? ਸਭ ਰਾਜਨੀਤੀ ਹੀ ਤਾਂ ਹੈ।
ਖੇਡ ਜਗਤ ਵੀ ਰਾਜਨੀਤੀ ਦੀ ਭੇਟ ਚੜ੍ਹ ਗਿਆ। ਇਹੋ ਜਿਹੇ ਸਿਹਤਮੰਦ ਖੇਤਰ ਨੂੰ ਵੀ ਸਿਆਸਤ ਨੇ ਬੀਮਾਰ ਕਰ ਦਿੱਤਾ। ਚੰਗੇ ਖਿਡਾਰੀਆ ਦੀ ਚੋਣ ਦਿਆਨਤਦਾਰੀ ਦੀ ਥਾਂ ਸਿਫਾਰਸ਼ ਅਧੀਨ ਹੋ ਗਈ। ਭ੍ਰਿਸ਼ਟਾਚਾਰ ਦੇ ਇਲਜ਼ਾਮ ਹਰ ਰੋਜ਼ ਦੀ ਕਹਾਣੀ ਬਣ ਗਏ। ਮੈਚ ਜਿੱਤਣ ਦੀ ਲਾਲਸਾ ਨੇ ਸਭ ਨੇਮ ਤੋੜ ਦਿੱਤੇ। ਖੇਡਾਂ ਦੇ ਮੇਲੇ ਵਪਾਰ ਦੇ ਸਾਧਨ ਬਣ ਗਏ। ਆਪਣਾ ਨਾਂ ਉਚਾ ਕਰਨ ਦੀ ਸਿਆਸਤ ਨੇ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਵਿਚ ਭਾੜੇ ‘ਤੇ ਖਿਡਾਰੀ ਲਿਆਉਣੇ ਆਮ ਜਿਹੀ ਗੱਲ ਕਰ ਦਿੱਤੀ। ਇਹੋ ਜਿਹੇ ਮੈਚ ਉਚੇ ਅਦਾਰਸ਼ ਵਾਲੇ ਖਿਡਾਰੀ ਪੈਦਾ ਨਹੀਂ ਕਰਦੇ। ਮੈਚ ਫਿਕਸਿੰਗ ਜਿਹਾ ਸਿਲਸਿਲਾ ਖੇਡ ਪ੍ਰੇਮੀਆਂ ਦੇ ਦਿਲ ਨੂੰ ਠੇਸ ਪਹੁੰਚਾਉਂਦਾ ਹੈ।
ਉਚੇ ਪੁਰਸਕਾਰ ਦੇਣ ਵਿਚ ਵੀ ਰਾਜਨੀਤੀ ਆਪਣੀ ਸ਼ੈਤਾਨੀ ਤੋਂ ਬਾਜ਼ ਨਹੀਂ ਆਉਂਦੀ। ਉਮਰ ਭਰ ਦੀ ਕਮਾਈ ਵਾਲੇ ਕਈ ਵੇਰ ਉਚੇ ਪੁਰਸਕਾਰ ਤੋਂ ਵਾਂਝੇ ਰਹਿ ਜਾਂਦੇ ਹਨ ਅਤੇ ਚਾਰ ਦਿਨ ਪਹਿਲਾਂ ਖੇਡ ਮੈਦਾਨ ਵਿਚ ਆਏ ਕਰੋੜਾਂ ਦੇ ਇਨਾਮ ਲੈ ਜਾਂਦੇ ਹਨ। ਸਾਰੀ ਉਮਰ ਖੇਡ ਨੂੰ ਸਮਰਪਿਤ ਕਰ ਕੇ ਬੁਢਾਪੇ ਵਿਚ ਜੋੜਾਂ ਦੇ ਦਰਦ ਨਾਲ ਇਸ ਦੁਨੀਆਂ ਨੂੰ ਅਲਵਿਦਾ ਕਹਿਣ ਵਾਲੇ ਉਹ ਬਦਕਿਸਮਤ ਹਨ ਜਿਨ੍ਹਾਂ ਦੀ ਕੋਈ ਸਿਆਸੀ ਪਹੁੰਚ ਨਹੀਂ ਹੁੰਦੀ।
ਪਾਣੀ ਕੁਦਰਤ ਦੀ ਵਡਮੁੱਲੀ ਬਖਸ਼ਿਸ਼ ਹੈ। ਪਾਣੀ ਪਹਾੜਾਂ ਵਿਚ ਝੀਲਾਂ ਤੋਂ ਦਰਿਆਵਾਂ ਵਿਚ ਚਲਦਾ ਮੈਦਾਨੀ ਇਲਾਕੇ ਵਿਚ ਆ ਜਾਂਦਾ ਹੈ। ਜੇਕਰ ਬਹੁਤ ਬਾਰਿਸ਼ ਹੋ ਜਾਵੇ ਤਾਂ ਹੜ੍ਹਾਂ ਕਾਰਨ ਦਰਿਆਵਾਂ ਦੇ ਲਾਗੇ ਖੇਤਾਂ ਅਤੇ ਪਿੰਡਾਂ ਦਾ ਉਜਾੜਾ ਹੋ ਜਾਂਦਾ ਹੈ। ਸ਼ਾਇਦ ਇਨ੍ਹਾਂ ਗੱਲਾਂ ਅਤੇ ਕੁਝ ਹੋਰ ਔਖਿਆਈਆਂ ਨੂੰ ਧਿਆਨ ਵਿਚ ਰੱਖਦਿਆਂ ਕਿਸੇ ਰਾਜਨੀਤੀ ਤੋਂ ਬਗੈਰ ਰੀਪੇਰੀਅਨ ਕਾਨੂੰਨ ਹੋਂਦ ਵਿਚ ਆਏ, ਪ੍ਰੰਤੂ ਪਾਣੀਆਂ ਦੀ ਵੰਡ ਵਿਚ ਰਾਜਨੀਤੀ ਸਵਾਰ ਹੋ ਗਈ। ਪਾਣੀ ਦੁਨੀਆਂ ਦੇ ਬਹੁਤੇ ਝਗੜਿਆਂ ਦਾ ਕਰਨ ਬਣ ਗਿਆ। ਕੁਦਰਤ ਦੀ ਖੂਬਸੂਰਤ ਦਾਤ ਜਨਤਾ ਦੇ ਖੂਨ ਦੀ ਪਿਆਸੀ ਬਣ ਗਈ। ਐ ਰਾਜਨੀਤੀ ਤੇਰਾ ਖਾਨਾ ਖਰਾਬ!
ਵਾਤਾਵਰਣ ਦੀ ਕਹਾਣੀ ਵੀ ਅਜੀਬ ਰੰਗ ਵਿਖਾ ਰਹੀ ਹੈ। ਕੁਝ ਦਿਨ ਪਹਿਲਾਂ ਵਿਗਿਆਨੀਆਂ ਨੇ ਅਪਰੈਲ ਦੇ ਦਿਨਾਂ ਵਿਚ ਇਕ ਮੀਟਿੰਗ ਕਰਨ ਦਾ ਫੈਸਲਾ ਕੀਤਾ ਜਿਸ ਵਿਚ ਵਾਤਾਵਰਣ ਨੂੰ ਪ੍ਰਦੂਸ਼ਣ ਰਹਿਤ ਕਿਵੇਂ ਬਣਾਇਆ ਜਾਵੇ, ਖਾਸ ਵਿਸ਼ਾ ਹੋਵੇਗਾ। ਪ੍ਰੰਤੂ ਹੈਰਾਨੀ ਦੀ ਗੱਲ ਹੈ ਕਿ ਸਿਆਸਤ ਏਥੇ ਵੀ ਗੁਲ ਖਿਲਾ ਗਈ। ਇਸ ਪ੍ਰਾਜੈਕਟ ਨੂੰ ਸਿਰੇ ਨਾ ਚੜ੍ਹਨ ਦੇਣ ਵਿਚ ਸ਼ਕਤੀਸ਼ਾਲੀ ਦੇਸ਼ ਇਕ ਦੂਜੇ ਦੀਆਂ ਲੱਤਾਂ ਖਿੱਚ ਰਹੇ ਹਨ।
ਸਭ ਨੂੰ ਪਤਾ ਹੈ ਕਿ ਤੰਬਾਕੂ ਸਿਹਤ ਲਈ ਬਹੁਤ ਹਾਨੀਕਾਰਕ ਹੈ ਪ੍ਰੰਤੂ ਵੋਟਾਂ ਅਤੇ ਚੰਦੇ ਦੀ ਰਾਜਨੀਤੀ ਪੂਰਨ ਮਨਾਹੀ ਦੀ ਇਜਾਜ਼ਤ ਨਹੀਂ ਦਿੰਦੀ। ਕਾਨੂੰਨ ਇਸ ਤਰ੍ਹਾਂ ਕਰਨ ਨਾਲ ਹੀ ਪੱਲਾ ਝਾੜ ਗਿਆ ਕਿ ਇੱਕੀ ਸਾਲ ਤੋਂ ਪਹਿਲਾਂ ਤੰਬਾਕੂਨੋਸ਼ੀ ਨਾ ਕਰੋ ਜਿਵੇਂ ਕਿ ਉਸ ਉਮਰ ਪਿਛੋਂ ਇਹ ਚੰਗੀ ਚੀਜ਼ ਬਣ ਜਾਂਦਾ ਹੈ!
ਕੌਣ ਨਹੀਂ ਜਾਣਦਾ ਕਿ ਛੋਟੇ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਬੰਦੂਕਾਂ, ਪਿਸਤੌਲਾਂ ਦਾ ਖੁੱਲ੍ਹੇਆਮ ਰੱਖੇ ਜਾਣਾ ਹੀ ਅਮਰੀਕਾ ਵਿਚ ਸਕੂਲਾਂ, ਕਾਲਜਾਂ ਅਤੇ ਪਾਰਕਾਂ ਵਿਚ ਸਿਰ ਫਿਰੇ ਵਿਦਿਆਰਥੀਆਂ ਅਤੇ ਬੇਵਕੂਫ ਆਦਮੀਆਂ ਦਾ ਮਨਮਰਜ਼ੀ ਨਾਲ ਗੋਲੀਆਂ ਚਲਾਉਣਾ ਜ਼ਿੰਮੇਵਾਰ ਹੈ। ਪ੍ਰੰਤੂ ਹਥਿਆਰਾਂ ਦੀ ਪਾਬੰਦੀ ਰਾਜਨੀਤੀ ਇਸ ਲਈ ਨਹੀਂ ਕਰਨ ਦਿੰਦੀ ਕਿ ਹਥਿਆਰ ਬਣਾਉਣ ਵਾਲੇ ਕਾਰਖਾਨੇ ਬੰਦ ਹੋ ਜਾਣਗੇ ਅਤੇ ਸਿਆਸਤਦਾਨਾਂ ਨੂੰ ਚੋਣ ਜਿੱਤਣ ਲਈ ਫੰਡਾਂ ਦੀ ਥੁੜ੍ਹ ਹੋ ਜਾਵੇਗੀ।
ਮਜ਼ਹਬ ਦੀ ਸਿਆਸਤ ਨੇ ਦੇਸ਼ ਦੀ ਵੰਡ ਕਰਵਾਈ। ਲੱਖਾਂ ਲੋਕ ਬੇਘਰੇ ਹੋਏ, ਖੂਨ ਖਰਾਬਾ ਹੱਦਾਂ ਪਾਰ ਕਰ ਗਿਆ; ਜ਼ਖਮ ਅੱਜ ਤੱਕ ਅੱਲ੍ਹੇ ਹਨ; ਰਿਫਿਊਜ਼ੀ ਹੋਣ ਦਾ ਫਤਵਾ ਅੱਜ ਤੱਕ ਕਾਇਮ ਹੈ। ਗੰਦੀ ਰਾਜਨੀਤੀ ਪੰਜ ਬੰਦਿਆਂ ਦੇ ਮਰ ਜਾਣ ਨੂੰ ਦੁਖਾਂਤ ਕਹਿੰਦੀ ਹੈ ਅਤੇ ਪੰਜ ਹਜ਼ਾਰ ਦੇ ਕਤਲ ਨੂੰ ਕੇਵਲ ਇਕ ਅੰਕੜਾ! ਸਟਾਲਿਨ ਅਤੇ ਹਿਟਲਰ ਇਸ ਰਾਜਨੀਤੀ ਦੇ ਉਪਾਸ਼ਕ ਸਨ।
ਕਿਹਾ ਜਾਂਦਾ ਹੈ ਕਿ ਸਿੱਖ ਧਰਮ ਵਿਚ ਊਚ-ਨੀਚ ਨੂੰ ਕੋਈ ਥਾਂ ਨਹੀਂ। ਗੁਰੂ ਗੋਬਿੰਦ ਸਿੰਘ ਦੇ ਪੰਜ ਪਿਆਰੇ ਸਾਰੀਆਂ ਜਾਤਾਂ ਵਿਚੋਂ ਸਨ। ਉਨ੍ਹਾਂ ਸਭ ਨੂੰ ਇਕੋ ਬਾਟੇ ਵਿਚੋਂ ਅੰਮ੍ਰਿਤ ਦੀ ਦਾਤ ਬਖਸ਼ੀ। ਡਾæ ਅੰਬੇਦਕਰ ਨੂੰ ਜਾਤ-ਪਾਤ ਦੇ ਕੋਹੜ ਨੇ ਬਹੁਤ ਦੁਖੀ ਕੀਤਾ ਸੀ। ਉਨ੍ਹਾਂ ਨੇ ਸੋਚਿਆ ਕਿ ਜੇ ਸਭ ਪੱਛੜੀਆਂ ਸ਼੍ਰੇਣੀਆਂ ਸਿੱਖ ਧਰਮ ਅਖਤਿਆਰ ਕਰ ਲੈਣ ਤਾਂ ਇਹ ਲਾਹਨਤ ਸਦਾ ਲਈ ਖਤਮ ਹੋ ਜਾਵੇਗੀ, ਪ੍ਰੰਤੂ ਰਾਜਨੀਤੀ ਹਾਵੀ ਹੋ ਗਈ। ਗਾਂਧੀ ਨੇ ਇਨ੍ਹਾਂ ਸਭ ਨੂੰ ਹਰੀਜਨ ਦਾ ਨਾਂ ਦੇ ਕੇ ਅਤੇ ਕੁਝ ਰਾਖਵਾਂਕਰਣ ਜਿਹੀਆਂ ਰਿਆਇਤਾਂ ਦੇ ਕੇ ਹੀਣ ਭਾਵਨਾ ਦਾ ਠੱਪਾ ਲਾ ਦਿੱਤਾ ਜੋ ਅੱਜ ਤੱਕ ਕਾਇਮ ਹੈ। ਬੇਸ਼ਕ ਸੂਝਵਾਨ ਅਤੇ ਭਲੇ ਪੁਰਸ਼ ਇਸ ਨੂੰ ਠੀਕ ਨਹੀਂ ਸਮਝਦੇ।
ਇਸ ਦੁਨੀਆਂ ਵਿਚ ਬਹੁਤ ਸਮੇਂ ਲਈ ਸਿਆਸਤ ਧਰਮ ਅਧੀਨ ਚਲਦੀ ਰਹੀ। ਜੇਕਰ ਸੱਚੇ ਧਰਮ ਦੀ ਸੇਧ ਹੋਵੇ, ਸਿਆਸਤ ਕੁਝ ਵਿਗਾੜ ਨਹੀਂ ਸਕਦੀ ਪ੍ਰੰਤੂ ਖੁਦਮੁਖਤਿਆਰ ਰਾਜਨੀਤੀ ਕਿਸੇ ਦੀ ਈਨ ਨਹੀਂ ਮੰਨਦੀ। ਤਦੇ ਇਸ ਨਾਮੁਰਾਦ ਹੇਠ ਆਏ ਧਰਮ ਅਸਥਾਨਾਂ ਵਿਚ ਤਲਵਾਰਾਂ ਚਲਦੀਆਂ ਹਨ। ਚੋਣਾਂ ਵੇਲੇ ਸ਼ਰਾਬ ਵੰਡੀ ਜਾਂਦੀ ਹੈ। ਦੂਸ਼ਣਬਾਜ਼ੀ ਦਾ ਬਾਜ਼ਾਰ ਗਰਮ ਰਹਿੰਦਾ ਹੈ। ਵਾਹ ਰਾਜਨੀਤੀ ਤੇਰਾ ਕਿਆ ਕਹਿਣਾ!
ਮੈਨੂੰ ਗੁਰੂ ਸਾਹਿਬ ਦੇ ਛੋਟੇ ਸਾਹਿਬਜ਼ਾਦਿਆਂ ਦਾ ਖਿਆਲ ਆ ਗਿਆ। ਦੀਵਾਰ ਵਿਚ ਚਿਣੇ ਜਾਣ ਦੇ ਸੀਨ ਨੇ ਦਿਲ ਦੀ ਧੜਕਣ ਕੁਝ ਪਲਾਂ ਲਈ ਰੋਕ ਦਿੱਤੀ। ਨਵਾਬ ਮਾਲੇਰਕੋਟਲਾ ਨੇ ਹਾਅ ਦਾ ਨਾਅਰਾ ਮਾਇਆ। ਮੈਨੂੰ ਯਕੀਨ ਹੈ ਕਿ ਕਾਜ਼ੀ ਦੇ ਘਰ ਵਾਲੀ, ਮਾਂ ਦੇ ਨਾਤੇ ਦਰਦਨਾਕ ਸਜ਼ਾ ਸੁਣ ਕੇ ਕੁਰਲਾ ਰਹੀ ਹੋਵੇਗੀ। ਪ੍ਰੰਤੂ ਕਾਜ਼ੀ ਕਹਿ ਰਿਹਾ ਹੋਵੇਗਾ, “ਬੇਗਮ, ਰਾਜਨੀਤੀ ਕਹਿੰਦੀ ਹੈ ਕਿ ਸੂਬਾ ਸਰਹਿੰਦ ਜੋ ਸਜ਼ਾ ਸੋਚ ਰਿਹਾ ਹੈ, ਉਸ ਤੋਂ ਵੀ ਕਰੜੀ ਮੈਂ ਸੁਝਾਵਾਂ, ਉਹ ਖੁਸ਼ ਹੋਵੇਗਾ ਤੇ ਸਾਨੂੰ ਮਾਲੋ ਮਾਲ ਕਰ ਦੇਵੇਗਾ।” ਇਸ ਆਦੇਸ਼ ਪਿਛੋਂ ਧਰਤੀ ਥਰ ਥਰ ਕੰਬ ਰਹੀ ਹੋਵੇਗੀ, ਧਰਮ ਲੜਖੜਾ ਰਿਹਾ ਹੋਵੇਗਾ ਅਤੇ ਰਾਜਨੀਤੀ ਮੁਸਕਰਾ ਰਹੀ ਹੋਵੇਗੀ। ਸੂਬਾ ਸਰਹਿੰਦ ਕਹਿ ਰਿਹਾ ਹੋਵੇਗਾ, “ਮੈਂ ਤਾਂ ਕੁਝ ਨਹੀਂ ਕੀਤਾ, ਇਹ ਤਾਂ ਕਾਜ਼ੀ ਦਾ ਫੁਰਮਾਨ ਹੈ।” ਐ ਰਾਜਨੀਤੀ! ਤੂੰ ਬੰਦਿਆਂ ਨੂੰ ਹੈਵਾਨ ਬਣਾ ਦਿੱਤਾ।
ਕੁਝ ਦਿਨ ਪਹਿਲਾਂ ਮੇਰੀ ਮੁਲਾਕਾਤ ਇਕ ਬਹੁਤ ਚੰਗੇ ਅਤੇ ਸੁਘੜ ਸਿਆਣੇ ਪ੍ਰੋਫੈਸਰ ਨਾਲ ਹੋਈ। ਵੈਸੇ ਮੈਂ ਉਸ ਨੂੰ ਬਹੁਤ ਸਾਲਾਂ ਤੋਂ ਜਾਣਦਾ ਹਾਂ। ਮੇਰਾ ਜ਼ਾਤੀ ਤੌਰ ‘ਤੇ ਕਿਸੇ ਸਿਆਸੀ ਪਾਰਟੀ ਵੱਲ ਝੁਕਾਅ ਨਹੀਂ। ਸਹਿਜ ਸੁਭਾਅ ਮੈਂ ਪੁੱਛਿਆ, ਤੁਹਾਡਾ ਨੋਟਬੰਦੀ ਬਾਰੇ ਕੀ ਖਿਆਲ ਹੈ? ਉਨ੍ਹਾਂ ਕਿਹਾ, ਇਹ ਬਹੁਤ ਚੰਗਾ ਕਦਮ ਹੈ। ਮੈਂ ਕਿਹਾ, ਫਿਲਹਾਲ ਤਾਂ ਲੋਕ ਬਹੁਤ ਪ੍ਰੇਸ਼ਾਨ ਹੋ ਰਹੇ ਹਨ। ਪ੍ਰੋਫੈਸਰ ਅੰਮ੍ਰਿਤ ਸੇਨ (ਨੋਬਲ ਪੁਰਸਕਾਰ ਜੇਤੂ) ਅਤੇ ਕੁਝ ਹੋਰ ਅਰਥਸ਼ਾਸਤਰੀ ਬ੍ਰਾਜ਼ੀਲ ਅਤੇ ਗਰੀਸ ਦੀ ਉਦਾਹਰਣ ਦੇ ਕੇ ਬਹੁਤ ਚਿੰਤਾ ਕਰ ਰਹੇ ਹਨ। ਜਦੋਂ ਮੈਂ ਲੋਕਾਂ ਦੀਆਂ ਆਪਣੇ ਹੀ ਪੈਸੇ ਬੈਂਕਾਂ ਵਿਚੋਂ ਲੈਣ ਲਈ ਲੰਮੀਆਂ ਕਤਾਰਾਂ ਦੇਖਦਾ ਹਾਂ ਤਾਂ ਮੈਨੂੰ ਬਹੁਤ ਦੁੱਖ ਹੁੰਦਾ ਹੈ। ਸੌ ਤੋਂ ਵੱਧ ਆਦਮੀਆਂ ਅਤੇ ਔਰਤਾਂ ਦਾ ਕਤਾਰਾਂ ਵਿਚ ਖੜ੍ਹੇ ਮਰ ਜਾਣਾ ਨੋਟਬੰਦੀ ਦਾ ਦਿੱਤਾ ਦੁਖਾਂਤ ਹੈ।
ਉਹ ਕਹਿਣ ਲੱਗੇ, ਭਾਰਤ ਵਿਚ ਕਤਾਰਾਂ ‘ਚ ਖੜ੍ਹਨਾ ਕੋਈ ਨਵੀਂ ਗੱਲ ਨਹੀਂ। ਸਿਨਮਾ ਘਰਾਂ ਵਿਚ ਵੀ ਕਤਾਰਾਂ ਵੇਖਣ ਨੂੰ ਮਿਲਦੀਆਂ ਹਨ?
ਰਾਜਨੀਤੀ ਦੀ ਤੱਤੀ ਹਵਾ ਅਧੀਨ ਇਕ ਸ਼ਰੀਫ ਅਤੇ ਲਾਇਕ ਆਦਮੀ ਨੂੰ ਦੋ ਸਥਿਤੀਆਂ ਵਿਚ ਕੋਈ ਫਰਕ ਨਾ ਲੱਗਿਆ। ਇਕ ਮਨੋਰੰਜਨ ਲਈ ਕਤਾਰ ‘ਚ ਖੜ੍ਹਨਾ ਤੇ ਦੂਜੀ ਘਰ ਦੇ ਗੁਜ਼ਾਰੇ ਲਈ ਆਪਣਾ ਹੀ ਪੈਸਾ ਬੈਂਕ ਤੋਂ ਲਿਆਉਣ ਲਈ ਬਹੁਤ ਦੇਰ ਕਤਾਰ ਵਿਚ ਖੜ੍ਹ ਕੇ ਮਰ ਜਾਣਾ। ਐ ਰਾਜਨੀਤੀ! ਤੇਰਾ ਕੱਖ ਨਾ ਰਹੇ।
ਰਾਜਨੀਤੀ ਦੇ ਕਾਰਨਾਮਿਆਂ ਦੀ ਲਿਸਟ ਬਹੁਤ ਲੰਮੀ ਹੈ। ਸ਼ਾਇਦ ਇਸ ਦਾ ਕਿਤੇ ਅੰਤ ਨਹੀਂ। ਇਹ ਨਿੱਤ ਨਵੀਂ ਸ਼ਰਾਰਤ ਲੈ ਕੇ ਸਾਹਮਣੇ ਆ ਜਾਂਦੀ ਹੈ। ਇਸ ਦੇ ਬੇਅੰਤ ਰੰਗ ਹਨ। ਕੀ ਇਸ ਕੋਝੀ ਫਿਤਰਤ ਦਾ ਕੋਈ ਇਲਾਜ ਹੈ। ਸ਼ਾਇਦ ਨਹੀਂ। ਚੰਗੇ ਡਾਕਟਰਾਂ ਅਤੇ ਮਨੋਗਿਆਨੀਆਂ ਤੋਂ ਕੁਝ ਆਸ ਰੱਖੀ ਜਾ ਸਕਦੀ ਹੈ ਪ੍ਰੰਤੂ ਉਹ ਤਾਂ ਆਪ ਇਸ ਬਿਮਾਰੀ ਦੇ ਮਰੀਜ਼ ਹਨ।