ਬੂਟਾ ਸਿੰਘ
ਫੋਨ: +91-94634-74342
ਜਦੋਂ ਕੁਲ ਆਲਮ ਵਿਚ ਹੀ ਘੋਰ ਸੱਜੇਪੱਖੀ ਤਾਕਤਾਂ ਬੇਲਗਾਮ ਮੰਡੀ ਆਰਥਿਕਤਾ ਦੇ ਪਸਾਰੇ ਅਤੇ ਰਾਜ ਪ੍ਰਬੰਧ ਦੇ ਫਾਸ਼ੀਕਰਨ ਦੇ ਏਜੰਡੇ ਤਹਿਤ ਸੱਤਾ ਉਪਰ ਕਾਬਜ਼ ਹੋ ਰਹੀਆਂ ਹਨ ਤਾਂ ਭਾਜਪਾ ਦਾ ਯੂæਪੀæ ਵਿਚ ਸੱਤਾਧਾਰੀ ਹੋ ਕੇ ਮਹੰਤ ਯੋਗੀ ਅਦਿਤਿਆਨਾਥ ਨੂੰ ਮੁੱਖ ਮੰਤਰੀ ਬਣਾਉਣਾ ਅਤੇ ਤੇਜਿੰਦਰ ਬੱਗਾ ਨੂੰ ਦਿੱਲੀ ਤੋਂ ਭਾਜਪਾ ਦਾ ਮੀਡੀਆ ਤਰਜਮਾਨ ਥਾਪਣਾ ਹੈਰਤਅੰਗੇਜ਼ ਨਹੀਂ।
ਇਹ ਅਹਿਮ ਰਾਜਸੀ ਬਦਲਾਓ ਦਾ ਸੂਚਕ ਹੈ ਕਿ ਸਾਂਸਕ੍ਰਿਤਿਕ ਵੰਨ-ਸੁਵੰਨਤਾ ਵਾਲਾ ਮੁਲਕ ਸੰਘ ਪ੍ਰਚਾਰਕਾਂ ਦੀ ਰਾਜਸੀ ਕਮਾਨ ਹੇਠ ਸਿਲਸਿਲੇਵਾਰ ਤਰੀਕੇ ਨਾਲ ਭਗਵੇਂ ਰੰਗ ਵਿਚ ਰੰਗ ਕੇ ‘ਹਿੰਦੂ ਰਾਸ਼ਟਰ’ ਬਣਨ ਵੱਲ ਵਧ ਰਿਹਾ ਹੈ। ਯੋਗੀ ਅਦਿਤਿਆਨਾਥ ਮੁਸਲਿਮ ਭਾਈਚਾਰੇ ਵਿਰੁਧ ਆਪਣੀਆਂ ਜ਼ਹਿਰ ਉਗਲਦੀਆਂ ਟਿੱਪਣੀਆਂ ਕਾਰਨ ਅਤੇ ਤੇਜਿੰਦਰ ਬੱਗਾ ਵਕੀਲ ਪ੍ਰਸ਼ਾਂਤ ਭੂਸ਼ਣ, ਅਰੁੰਧਤੀ ਰਾਏ ਆਦਿ ਅਗਾਂਹਵਧੂ ਬੁੱਧੀਜੀਵੀਆਂ ਉਪਰ ਹਿੰਸਕ ਹਮਲੇ ਕਰਨ ਅਤੇ ਸੋਸ਼ਲ ਮੀਡੀਆ ਉਪਰ ਧਮਕਾਊ ਟਿੱਪਣੀਆਂ ਪਾਉਣ ਕਾਰਨ ਨਾਮਣਾ ਖੱਟਦੇ ਆ ਰਹੇ ਹਨ। ਅਦਿਤਿਯਾਨਾਥ ਮਾਮੂਲੀ ਯੋਗੀ ਨਹੀਂ, ਸਗੋਂ ਤਾਕਤਵਰ ਹਿੰਦੂ ਮੱਠ ਗੋਰਖਨਾਥ ਪੀਠ ਦਾ ਮੁਖੀ ਹੈ ਅਤੇ ਦੋ ਦਰਜਨ ਤੋਂ ਉਪਰ ਸਿੱਖਿਆ ਸੰਸਥਾਵਾਂ ਦੀਆਂ ਇੰਤਜ਼ਾਮੀਆ ਕਮੇਟੀਆਂ ਵਿਚ ਸ਼ਾਮਲ ਹੈ। ਫਿਰਕੂ ਨਫ਼ਰਤ ਫੈਲਾਉਣ ਦੀ ਅਸਾਧਾਰਨ ਕਾਬਲੀਅਤ ਰੱਖਦਾ ਹੋਣ ਕਰ ਕੇ ਸੰਘ ਪਰਿਵਾਰ ਵਿਚ ਉਸ ਦੀ ਖ਼ਾਸ ਥਾਂ ਹੈ। ਉਸ ਨੇ ‘ਰਾਸ਼ਟਰੀ ਰਕਸ਼ਾ ਅਭਿਆਨ’ ਨਾਂ ਦਾ ਖ਼ਾਸ ਬ੍ਰਿਗੇਡ ਬਣਾਇਆ ਹੋਇਆ ਹੈ ਜੋ ‘ਲਵ ਜਹਾਦ’, ਗਊ ਰੱਖਿਆ ਅਤੇ ‘ਕੌਮੀ ਸੁਰੱਖਿਆ’ ਵਰਗੇ ਮੁੱਦਿਆਂ ਉਪਰ ਲਗਾਤਾਰ ਨਫ਼ਰਤ ਦਾ ਜਹਾਦ ਚਲਾਉਂਦਾ ਹੈ। ਉਸ ਦੇ ਖ਼ਿਲਾਫ਼ ਕਤਲ, ਫਿਰਕੂ ਫ਼ਸਾਦ ਭੜਕਾਉਣ, ਸਮਾਜੀ ਬਦਅਮਨੀ ਫੈਲਾਉਣ ਵਰਗੇ ਸੰਗੀਨ ਫ਼ੌਜਦਾਰੀ ਮੁਕੱਦਮੇ ਦਰਜ ਹਨ। ਦੋ ਸਾਲ ਪਹਿਲਾਂ ਹਾਲਤ ਇਹ ਸੀ ਕਿ ਉਸ ਦੇ ਹਮਾਇਤੀਆਂ ਨੇ ਆਪਣੇ ਵਾਹਨਾਂ ਦੀਆਂ ਨੰਬਰ ਪਲੇਟਾਂ ਉਪਰ ਵਾਹਨ ਨੰਬਰ ਦੀ ਬਜਾਏ ‘ਯੋਗੀ ਸੇਵਕ’ ਲਿਖਵਾਇਆ ਹੁੰਦਾ ਸੀ। ਗੋਰਖਪੁਰ ਲੋਕ ਸਭਾ ਸੀਟ ਤੋਂ ਲਗਾਤਾਰ ਪੰਜ ਵਾਰ ਸੰਸਦ ਮੈਂਬਰ ਚੁਣੇ ਜਾਣ ਤੋਂ ਉਸ ਦੀ ਰਾਜਸੀ ਪਕੜ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ।
ਮੁਲਕ ਦੀ ਕੇਂਦਰੀ ਸੱਤਾ ਲਈ 80 ਲੋਕ ਸਭਾ ਨੁਮਾਇੰਦੇ ਚੁਣ ਕੇ ਭੇਜਣ ਵਾਲੇ ਸੂਬੇ ਵਿਚ ਉਸ ਵਕਤ ਸੰਘ ਪਰਿਵਾਰ ਦੀ ਹੂੰਝਾਫੇਰੂ ਜਿੱਤ ਡੂੰਘੀ ਰਾਜਸੀ ਅਹਿਮੀਅਤ ਰੱਖਦੀ ਹੈ ਜਦੋਂ ਨੋਟਬੰਦੀ ਦੇ ਤਾਨਾਸ਼ਾਹ ਫ਼ੈਸਲੇ ਦੇ ਵਿਰੁੱਧ ਅਵਾਮ ਅੰਦਰ ਤਿੱਖੀ ਬੇਚੈਨੀ ਫੈਲੀ ਹੋਈ ਸੀ, ਪਰ ਸੰਘੀ ਨੀਤੀਘਾੜਿਆਂ ਦੀ ਚੋਣ ਯੁੱਧਨੀਤੀ ਮੋਦੀ ਸਰਕਾਰ ਦੀਆਂ ਨੀਤੀਆਂ ਵਿਰੁੱਧ ਵਿਆਪਕ ਬਦਜ਼ਨੀ ਨੂੰ ਬੇਅਸਰ ਕਰ ਕੇ ਯੂæਪੀæ ਵਿਚ ਸੱਤਾਧਾਰੀ ਯਾਦਵ ਗੁੱਟ ਦੇ ਰਾਜ ਤੋਂ ਅਵਾਮ ਦੀ ਬਦਜ਼ਨੀ ਦਾ ਲਾਹਾ ਲੈਣ ਵਿਚ ਕਾਮਯਾਬ ਰਹੀ। ਆਰਥਿਕਤਾ ਉਪਰ ਘਾਤਕ ਅਸਰਾਂ ਦੇ ਬਾਵਜੂਦ ਨੋਟਬੰਦੀ ਅਤੇ ਮੋਦੀ ਸਰਕਾਰ ਦੇ ਹੋਰ ਫ਼ੈਸਲੇ ਕੋਈ ਮੁੱਦਾ ਨਹੀਂ ਬਣੇ, ਬਹੁਗਿਣਤੀ ਹਿੰਦੂ ਅਵਾਮ ਨੂੰ ਸੰਘ ਪਰਿਵਾਰ ਵਲੋਂ ਪ੍ਰਚਾਰੇ ਬਹੁਗਿਣਤੀ ਨਾਲ ਵਿਤਕਰੇ ਦੇ ਮਸਨੂਈ ਮੁੱਦਿਆਂ ਨੇ ਕੀਲਿਆ ਹੋਇਆ ਸੀ।
ਯੂæਪੀæ ਗੁਜਰਾਤ ਤੋਂ ਵੀ ਪਹਿਲਾਂ ਹਿੰਦੂਤਵ ਦੀ ਰਾਜਸੀ ਪ੍ਰਯੋਗਸ਼ਾਲਾ ਰਿਹਾ ਹੈ ਜਿਥੋਂ ਬਾਬਰੀ ਮਸਜਿਦ ਵਾਲੀ ਥਾਂ ਰਾਮ ਮੰਦਰ ਬਣਾਉਣ ਦੇ ਮੁੱਦੇ ਉਪਰ ਡੂੰਘੀ ਫਿਰਕੂ ਪਾਲਾਬੰਦੀ ਦੀ ਵਿਆਪਕ ਜ਼ਮੀਨ ਤਿਆਰ ਕੀਤੀ ਗਈ। ਇਹੀ ਜ਼ਮੀਨ ਸੰਘ ਪਰਿਵਾਰ ਲਈ ਜ਼ਬਰਦਸਤ ਵੋਟ ਬੈਂਕ ਮੁਹੱਈਆ ਕਰ ਰਹੀ ਹੈ। ਸੰਘ ਪਰਿਵਾਰ ਦੀ ਚੋਣ ਯੁੱਧਨੀਤੀ ਦੀ ਮੁੱਖ ਟੇਕ ਫਿਰਕੂ ਪਾਲਾਬੰਦੀ ਅਤੇ ਜਾਤ ਆਧਾਰਤ ਸਮਾਜੀ ਵਿਉਂਤਬੰਦੀ ਦਾ ਕਾਰਗਰ ਮਿਸ਼ਰਣ ਸੀ ਅਤੇ ਇਸ ਨੂੰ ਬਾਰੀਕੀ ਨਾਲ ਅਮਲ ਵਿਚ ਲਿਆਉਣ ਲਈ 88000 ਬੂਥ ਟੀਮਾਂ ਬਣਾਈਆਂ ਗਈਆਂ ਸਨ। ਹਿੰਦੂਤਵੀ ਸਿਆਸਤ ਦੀ ਖਿੱਚ ਉਚ ਜਾਤੀ ਹਿੰਦੂ ਵੋਟ ਬੈਂਕ ਨੂੰ ਆਪਣੇ ਏਜੰਡੇ ਦੇ ਹੱਕ ਵਿਚ ਭੁਗਤਾਉਣ ਵਿਚ ਕਾਮਯਾਬ ਹੋਈ। ਮੋਦੀ-ਅਮਿਤਸ਼ਾਹ ਦਾ ‘ਸਭ ਕਾ ਸਾਥ, ਸਭ ਕਾ ਵਿਕਾਸ’ ਮਹਿਜ਼ ਵਿਖਾਵੇ ਦਾ ਨਾਅਰਾ ਸੀ, ਚੋਣ ਮੁਹਿੰਮ ਦਾ ਧੁਰਾ ਸੰਘ ਪਰਿਵਾਰ ਦਾ ਹਿੰਦੂਤਵੀ ਏਜੰਡਾ ਸੀ। ਇਸ ਚੋਣ ਯੁੱਧਨੀਤੀ ਨੇ ਬਾਕੀ ‘ਮੁੱਖਧਾਰਾ’ ਚੋਣ ਖਿਡਾਰੀਆਂ ਦੇ ਚੋਣ ਗੱਠਜੋੜ ਅਤੇ ਵਿਉਂਤਬੰਦੀਆਂ ਬੇਅਸਰ ਬਣਾ ਦਿੱਤੇ। ਦਲਿਤ ਅਤੇ ਪਿਛੜੀਆਂ ਸ਼੍ਰੇਣੀਆਂ ਦੇ ਵੋਟ ਬੈਂਕ ਉਪਰ ਟੇਕ ਰੱਖਣ ਵਾਲੇ ਰਵਾਇਤੀ ਗੱਠਜੋੜ ਸੰਘ ਪਰਿਵਾਰ ਦੇ ਕੁਟੱਲਿਆ ਸ਼ਾਸਤਰ ਨੇ ਬੁਰੀ ਤਰ੍ਹਾਂ ਮਾਤ ਪਾ ਦਿਤੇ। ਯਾਦਵ-ਕਾਂਗਰਸ ਗੱਠਜੋੜ ਅਤੇ ਬੀæਐਸ਼ਪੀæ ਨੂੰ ਨਮੋਸ਼ੀ ਭਰੀ ਹਾਰ ਦਾ ਸਾਹਮਣਾ ਕਰਨਾ ਪਿਆ। ਜਿਸ ਤੋਂ ਇਹ ਵੀ ਸਾਬਤ ਹੋ ਗਿਆ ਕਿ ਪਾਰਲੀਮੈਂਟਰੀ ਸਿਆਸਤ ਹਿੰਦੂਤਵ ਦੇ ਹਮਲਾਵਰ ਰੱਥ ਨੂੰ ਰੋਕਣ ਲਈ ਕਾਰਆਮਦ ਨਹੀਂ।
ਇਹ ਨੋਟਬੰਦੀ ਅਤੇ ਮੋਦੀ ਰਾਜ ਦੀ ਕਾਰਗੁਜ਼ਾਰੀ ਦੇ ਹੱਕ ਵਿਚ ਅਵਾਮੀ ਫ਼ਤਵਾ ਨਹੀਂ ਜਿਵੇਂ ਮੋਦੀ ਵਜ਼ਾਰਤ ਵਲੋਂ ਆਪਣੀ ਭਗਵੇਂਕਰਨ ਦੀ ਮੁਹਿੰਮ ਤੋਂ ਧਿਆਨ ਹਟਾਉਣ ਲਈ ਦਾਅਵੇ ਕੀਤੇ ਜਾ ਰਹੇ ਹਨ। ਇਸ ਤੋਂ ਐਨ ਉਲਟ ਇਹ ਗੁਜਰਾਤ ਦੀ ਤਰਜ਼ ‘ਤੇ ਨਫ਼ਰਤ ਦੀ ਸਿਆਸਤ ਦਾ ਕ੍ਰਿਸ਼ਮਾ ਹੈ। ਹਾਲੀਆ ਚੋਣਾਂ ਵਿਚ ਭਾਜਪਾ ਗੱਠਜੋੜ ਨੇ 403 ਸੀਟਾਂ ਉਪਰ ਚੋਣ ਲੜੀ, ਪਰ ਇਕ ਵੀ ਉਮੀਦਵਾਰ ਮੁਸਲਿਮ ਨਹੀਂ ਬਣਾਇਆ, ਹਾਲਾਂਕਿ ਸੂਬੇ ਦੀ ਸਾਢੇ ਬਾਈ ਕਰੋੜ ਆਬਾਦੀ ਵਿਚ ਮੁਸਲਿਮ ਭਾਈਚਾਰਾ 19 ਫ਼ੀਸਦੀ ਹੈ। ਦਰਅਸਲ ਸੰਘ ਪਰਿਵਾਰ ਵਲੋਂ ਚੋਣ ਲੜੀ ਹੀ ਇਸ ਮੁੱਦੇ ਉਪਰ ਗਈ ਸੀ ਕਿ ਘੱਟਗਿਣਤੀਆਂ ਨੂੰ ਖੁਸ਼ ਕਰਨ ਵਾਲਿਆਂ ਨੂੰ ਸੱਤਾ ਨੂੰ ਲਾਂਭੇ ਕਰਨਾ ਜ਼ਰੂਰੀ ਹੈ, ਫਿਰ ਹੀ ਬਹੁਗਿਣਤੀ ਹਿੰਦੂਆਂ ਨਾਲ ਵਿਤਕਰਾ ਬੰਦ ਕੀਤਾ ਜਾ ਸਕਦਾ ਹੈ। ਮੋਦੀ ਦੀਆਂ ਤਕਰੀਰਾਂ ਵਿਚ ਮੁਸਲਿਮ ‘ਕਬਰਸਤਾਨਾਂ’ ਦੇ ਨਾਲ-ਨਾਲ ਹਿੰਦੂ ‘ਸ਼ਮਸ਼ਾਨਘਾਟਾਂ’ ਦੇ ਵਿਕਾਸ ਕੀਤੇ ਜਾਣ ਦਾ ਆਮ ਜ਼ਿਕਰ ਕੀਤਾ ਜਾਂਦਾ ਸੀ।
ਚੋਣਾਂ ਵਿਚ ਭਾਜਪਾ ਦੀ ਜਿੱਤ ਜਾਂ ਹਾਰ ਨਾਲੋਂ ਵਧੇਰੇ ਅਹਿਮ ਇਸ ਦੇ ਸਮਾਜੀ ਅਧਾਰ ਦਾ ਵਧਾਰਾ-ਪਸਾਰਾ ਹੈ। 2004 ਅਤੇ 2009 ਦੀਆਂ ਚੋਣਾਂ ਵਿਚ ਭਾਜਪਾ ਦੀ ਹਾਰ ਦੇ ਬਾਵਜੂਦ ਸੰਘ ਪਰਿਵਾਰ ਸਮਾਜ ਵਿਚ ਆਪਣਾ ਫਿਰਕੂ ਅਧਾਰ ਅਤੇ ਰਸੂਖ਼ ਤੇਜ਼ੀ ਨਾਲ ਵਧਾਉਣ ਵਿਚ ਕਾਮਯਾਬ ਹੋਇਆ। ਹੁਣ ਵੀ ਭਾਜਪਾ ਦੀ ਜਿੱਤ ਨਾਲੋਂ ਇਹ ਪੱਖ ਵਧੇਰੇ ਤਵੱਜੋ ਦਿੱਤੇ ਜਾਣ ਦੀ ਮੰਗ ਕਰਦਾ ਹੈ ਕਿ ਸੱਤਾਧਾਰੀ ਹੋਣ ਦਾ ਲਾਹਾ ਲੈ ਕੇ ਸੰਘ ਪਰਿਵਾਰ ਮੁਲਕ ਦੀ ਸਾਂਸਕ੍ਰਿਤਿਕ ਵੰਨ-ਸੁਵੰਨਤਾ ਨੂੰ ਢਾਹ ਲਾਉਣ ਲਈ ਸਮਾਜੀ ਬਣਤਰ ਅੰਦਰ ਜ਼ਮੀਨੀ ਪੱਧਰ ‘ਤੇ ਕੀ ਕੀ ਬਦਲਾਓ ਲਿਆ ਰਿਹਾ ਹੈ। ਇਹ ਬਦਲਾਓ ਸਮਾਜ ਦੀ ਜ਼ਿਹਨੀਅਤ ਉਪਰ ਕਿਸ ਕਦਰ ਅਸਰਅੰਦਾਜ਼ ਹੋ ਰਹੇ ਹਨ ਅਤੇ ਇਨ੍ਹਾਂ ਦੀਆਂ ਭਵਿਖੀ ਅਰਥ ਸੰਭਾਵਨਾਵਾਂ ਕੀ ਹਨ।
ਨਰੇਂਦਰ ਮੋਦੀ ਅਤੇ ਯੋਗੀ ਅਦਿਤਿਆਨਾਥ ਵਰਗੇ ਆਰæਐਸ਼ਐਸ਼ ਲਈ ਆਪਣੇ ਏਜੰਡੇ ਨੂੰ ਅਮਲ ਵਿਚ ਲਿਆਉਣ ਲਈ ਵੱਡੀ ਟੇਕ ਹਨ। ਉਸ ਨੂੰ ਮੈਂਬਰ ਪਾਰਲੀਮੈਂਟ ਤੋਂ ਮੁੱਖ ਮੰਤਰੀ ਬਣਾਇਆ ਜਾਣਾ ਆਰæਐਸ਼ਐਸ਼ ਵਲੋਂ ਉਸ ਦੇ ਕੰਮਾਂ ਦਾ ਇਨਾਮ ਹੈ। ਮੋਦੀ ਵਾਂਗ ਉਹ ਆਰæਐਸ਼ਐਸ਼ ਦੇ ਹਿੰਦੂ ਰਾਸ਼ਟਰ ਦੇ ਏਜੰਡੇ ਨੂੰ ਮੁਲਕ ਉਪਰ ਥੋਪਣ ਵਿਚ ਬਹੁਤ ਹੀ ਕਾਰਗਰ ਸਾਬਤ ਹੋ ਰਿਹਾ ਹੈ। ਉਸ ਦੀਆਂ ਫਿਰਕੂ ਜ਼ਹਿਰ ਨਾਲ ਲਬਰੇਜ਼ ਟਿੱਪਣੀਆਂ ਹਿੰਦੂ ਉਚ ਜਾਤੀ ਹਜੂਮ ਨੂੰ ਭੜਕਾਉਣ ਲਈ ਅੱਗ ਉਪਰ ਤੇਲ ਦਾ ਕੰਮ ਕਰਦੀਆਂ ਹਨ। ਉਹ ਘੱਟਗਿਣਤੀਆਂ ਅਤੇ ਪਛੜੀਆਂ ਜਾਤਾਂ ਅੰਦਰ ਖ਼ੌਫ਼ ਭਰਨ ਅਤੇ ਹਿੰਦੂ ਉਚ ਜਾਤਾਂ ਨੂੰ ਆਪਣਾ ਖੁੱਸਿਆ ‘ਗੌਰਵ’ ਮੁੜ ਹਾਸਲ ਕਰਨ ਲਈ ਉਕਸਾਉਣ ਦਾ ਮਾਹਰ ਹੈ। ਇਸੇ ਲਈ ਯੂæਪੀæ ਦੇ ਰਾਜਭਾਗ ਦੀ ਕਮਾਨ ਉਸ ਦੇ ਹਵਾਲੇ ਕੀਤੀ ਗਈ ਹੈ। ਬੀਤੇ ਵਿਚ ਉਸ ਨੇ ਸੰਘ ਪਰਿਵਾਰ ਦੇ ਟੀਚੇ ਅਨੁਸਾਰ ਮੁਸਲਿਮ ਧਾਰਮਿਕ ਘੱਟਗਿਣਤੀ ਫਿਰਕੇ ਅਤੇ ਹੋਰ ਹਾਸ਼ੀਆਗ੍ਰਸਤ ਹਿੱਸਿਆਂ ਅੰਦਰ ਖ਼ੌਫ਼ ਅਤੇ ਦਹਿਸ਼ਤ ਪੈਦਾ ਕਰ ਕੇ ਬਹੁਗਿਣਤੀ ਹਿੰਦੂ ਉਚ ਜਾਤਾਂ ਦਾ ਦਬਦਬਾ ਵਧਾਉਣ ਲਈ ਖ਼ਾਸ ਤਰੱਦਦ ਕੀਤਾ ਹੈ। ਜਨਵਰੀ 2014 ਵਿਚ ਚੋਣਾਂ ਦੀ ਤਿਆਰੀ ਦੌਰਾਨ ਗੋਰਖਪੁਰ ਵਿਖੇ ਇਕ ਰੈਲੀ ਵਿਚ ਮੋਦੀ ਨੇ ਉਸ ਨੂੰ ‘ਹਰਮਨਪਿਆਰਾ ਅਤੇ ਜੁਝਾਰੂ ਸੰਸਦ ਮੈਂਬਰ’ ਕਹਿ ਕੇ ਉਸ ਦੀ ਤਾਰੀਫ਼ ਕੀਤੀ ਸੀ। ਉਨ੍ਹਾਂ ਚੋਣਾਂ ਵਿਚ ਉਸ ਨੂੰ ਪੂਰਬੀ ਯੂæਪੀæ ਦੇ ਮੁਸਲਿਮ ਬਹੁਗਿਣਤੀ ਜ਼ਿਲ੍ਹਿਆਂ ਅੰਦਰ ਚੋਣ ਪ੍ਰਚਾਰ ਲਈ ਭਾਜਪਾ ਹਾਈਕਮਾਨ ਵਲੋਂ ਹੈਲੀਕਾਪਟਰ ਮੁਹੱਈਆ ਕਰਾਇਆ ਗਿਆ ਸੀ। ਹਾਲੀਆ ਚੋਣਾਂ ਵਿਚ ਵੀ ਉਹ ਭਾਜਪਾ ਦਾ ਸਟਾਰ ਮੁਹਿੰਮਬਾਜ਼ ਸੀ ਜਿਸ ਨੇ ਹਰ ਹਲਕੇ ਵਿਚ ਜਾ ਕੇ ਚੋਣ ਪ੍ਰਚਾਰ ਕੀਤਾ। ਚੋਣ ਮੁਹਿੰਮ ਦਾ ਆਗਾਜ਼ ਵੀ ਉਸ ਨੇ ਭਾਜਪਾ ਦੇ ਸੂਬਾ ਸਦਰ ਮੁਕਾਮ ਵਿਚ ਬੁਲਾਈ ਪ੍ਰੈੱਸ ਕਾਨਫਰੰਸ ਵਿਚ ਇਹ ਧਮਾਕਾ ਕਰ ਕੇ ਕੀਤਾ ਸੀ ਕਿ ਜੇ ਸਮਾਜਵਾਦੀ ਪਾਰਟੀ ਸੱਤਾ ਵਿਚ ਰਹੀ ਤਾਂ ਯੂæਪੀæ ਨੂੰ ਕਸ਼ਮੀਰ ਬਣਾ ਦਿੱਤਾ ਜਾਵੇਗਾ। ਕੈਰਾਨਾ ਇਲਾਕੇ ਵਿਚੋਂ ਮੁਸਲਮਾਨਾਂ ਦੀ ਦਹਿਸ਼ਤ ਕਾਰਨ ਹਿੰਦੂਆਂ ਦੀ ਹਿਜਰਤ ਦਾ ਝੂਠ ਫੈਲਾਉਂਦਿਆਂ ਉਸ ਨੇ ਕਿਹਾ ਸੀ ਕਿ ‘ਯੋਗੀ ਵਰਤਮਾਨ ਦੀ ਨਹੀਂ, ਭਵਿੱਖ ਦੀ ਗੱਲ ਕਰ ਰਿਹਾ ਹੈ। ਹਿਜਰਤ ਸਾਡੇ ਲਈ ਬਹੁਤ ਵੱਡਾ ਮੁੱਦਾ ਹੈ। ਭਾਜਪਾ ਪੱਛਮੀ ਯੂæਪੀæ ਨੂੰ ਇਕ ਹੋਰ ਕਸ਼ਮੀਰ ਨਹੀਂ ਬਣਨ ਦੇਵੇਗੀ’।
ਉਸ ਨੇ ਫ਼ਸਾਦਾਂ ਲਈ ਮੁਸਲਿਮ ਫਿਰਕੇ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਕਿਹਾ ਸੀ ਕਿ ਸਮਾਜਵਾਦੀ ਪਾਰਟੀ ਦੇ ਰਾਜ ਅੰਦਰ ਪੱਛਮੀ ਯੂæਪੀæ ਵਿਚ ਢਾਈ ਸਾਲਾਂ ਵਿਚ 450 ਫ਼ਸਾਦ ਹੋਏ, ਕਿਉਂਕਿ ਇਕ ਖ਼ਾਸ ਫਿਰਕੇ ਦੀ ਆਬਾਦੀ ਨੂੰ ਜ਼ਰਬਾਂ ਆ ਰਹੀਆਂ ਹਨ। ਪੂਰਬੀ ਯੂæਪੀæ ਵਿਚ ਫ਼ਸਾਦ ਕਿਉਂ ਨਹੀਂ ਹੁੰਦੇ, ਕਿਉਂਕਿ ਉਥੇ ਇਹ ਬਹੁਗਿਣਤੀ ਹਨ। ‘ਜਿਥੇ ਤਾਂ ਇਨ੍ਹਾਂ ਦੀ ਆਬਾਦੀ 10-20 ਫ਼ੀਸਦੀ ਹੈ, ਉਥੇ ਇਕਾ-ਦੁਕਾ ਘਟਨਾਵਾਂ ਹੁੰਦੀਆਂ ਹਨ, ਜਿਥੇ ਇਹ 20-35 ਫ਼ੀਸਦੀ ਹਨ, ਉਥੇ ਗੰਭੀਰ ਫ਼ਸਾਦ ਹੁੰਦੇ ਹਨ ਅਤੇ ਜਿਥੇ ਇਹ 35 ਫ਼ੀਸਦੀ ਤੋਂ ਵਧੇਰੇ ਹਨ, ਉਥੇ ਗ਼ੈਰਮੁਸਲਮਾਨਾਂ ਲਈ ਕੋਈ ਜਗ੍ਹਾ ਨਹੀਂ ਹੁੰਦੀ’।
ਯੋਗੀ ਅਦਿਤਿਆਨਾਥ ਅਨੁਸਾਰ ਮਦਰ ਟੈਰੇਸਾ ਹਿੰਦੁਸਤਾਨ ਦੇ ਈਸਾਈਕਰਨ ਦੀ ਸਾਜ਼ਿਸ਼ ਦਾ ਹਿੱਸਾ ਸੀ। ਮਨੁੱਖਤਾ ਦੀ ਸੇਵਾ ਦੇ ਨਾਂ ਹੇਠ ਹਿੰਦੂਆਂ ਦਾ ਧਰਮ-ਬਦਲ ਕੇ ਉਨ੍ਹਾਂ ਨੂੰ ਈਸਾਈ ਬਣਾਇਆ ਗਿਆ। ਯੋਗ ਬਾਰੇ ਉਸ ਨੇ ਫ਼ਰਮਾਇਆ ਕਿ ਭਗਵਾਨ ਸ਼ੰਕਰ ਸਭ ਤੋਂ ਵੱਡਾ ਯੋਗੀ ਸੀ ਜਿਸ ਨੇ ਯੋਗ ਦੀ ਸ਼ੂਰੂਆਤ ਕੀਤੀ। ਮਹਾਦੇਵ ਇਸ ਮੁਲਕ ਦੇ ਕਣ-ਕਣ ਵਿਚ ਹੈ। ਜੋ ਵੀ ਕੋਈ ਯੋਗ ਅਤੇ ਭਗਵਾਨ ਸ਼ੰਕਰ ਤੋਂ ਪਾਸਾ ਵੱਟਣਾ ਚਾਹੁੰਦਾ ਹੈ, ਉਹ ਹਿੰਦੁਸਤਾਨ ਛੱਡ ਕੇ ਜਾ ਸਕਦਾ ਹੈ। ਉਸ ਨੇ ਸ਼ਾਹਰੁਖ ਖ਼ਾਨ ਨੂੰ ਤਾੜਨਾ ਕਰਦਿਆਂ ਕਿਹਾ ਸੀ ਕਿ ਜੇ ਲੋਕ ਉਸ ਦੀਆਂ ਫਿਲਮਾਂ ਦਾ ਬਾਈਕਾਟ ਕਰ ਦੇਣ ਤਾਂ ਉਹ ਵੀ ਆਮ ਮੁਸਲਮਾਨ ਵਾਂਗ ਗਲੀਆਂ ਦੀ ਖ਼ਾਕ ਛਾਣਦਾ ਫਿਰੇਗਾ। ਸ਼ਾਹਰੁਖ ਖ਼ਾਨ ਬਾਰੇ ਉਸ ਨੇ ਕਿਹਾ, ‘ਇਹ ਲੋਕ ਦਹਿਸ਼ਤਗਰਦਾਂ ਦੀ ਬੋਲੀ ਬੋਲ ਰਹੇ ਹਨ। ਸ਼ਾਹਰੁਖ ਖ਼ਾਨ ਅਤੇ ਹਾਫ਼ਿਜ਼ ਸਈਦ ਦੀ ਬੋਲੀ ਵਿਚ ਕੋਈ ਫ਼ਰਕ ਨਹੀਂ ਹੈ’।
2019 ਦੀਆਂ ਆਮ ਚੋਣਾਂ ਤਕ ਆਪਣੇ ਹਿੰਦੂਤਵ ਦੇ ਏਜੰਡੇ ਨੂੰ ਵੱਧ ਤੋਂ ਵੱਧ ਥੋਪਣਾ ਸੰਘ ਪਰਿਵਾਰ ਦਾ ਮੁੱਖ ਟੀਚਾ ਹੈ। ਨਰੇਂਦਰ ਮੋਦੀ ਵਾਂਗ ਯੋਗੀ ਦਾ ਮੁੱਖ ਮੰਤਰੀ ਦੇ ਅਹੁਦੇ ਉਪਰ ਬਿਰਾਜਮਾਨ ਹੋਣਾ ਸੰਘ ਪਰਿਵਾਰ ਵਲੋਂ ਚਲਾਏ ਜਾ ਰਹੇ ਫਿਰਕੂ ਜਹਾਦ ਨੂੰ ਵਾਜਬੀਅਤ ਮੁਹੱਈਆ ਕਰਨ ਵਾਲੀ ਸਰਕਾਰੀ ਮੋਹਰ ਦੀ ਭੂਮਿਕਾ ਨਿਭਾਏਗਾ। ਉਸ ਦੀ ਤਾਜ਼ਪੋਸ਼ੀ ਨੂੰ ਇਸੇ ਨਜ਼ਰੀਏ ਤੋਂ ਦੇਖਣ ਦੀ ਜ਼ਰੂਰਤ ਹੈ। ਇਹ ਤਾਜ਼ਪੋਸ਼ੀ ‘ਦੁਨੀਆ ਦੀ ਸਭ ਤੋਂ ਵੱਡੀ ਜਮਹੂਰੀਅਤ’ ਉਪਰ ਵੀ ਵੱਡਾ ਵਿਅੰਗ ਹੈ ਜਿਥੇ ਖੁੱਲ੍ਹੇਆਮ ਨਫ਼ਰਤ ਦੀ ਸਿਆਸਤ ਕਰਨ ਵਾਲਾ ਐਨਾ ਵੱਡਾ ਹੁਕਮਰਾਨ ਬਣ ਸਕਦਾ ਹੈ, ਪਰ ਇਕ 90 ਫ਼ੀਸਦੀ ਅਪਾਹਜ ਪ੍ਰੋਫੈਸਰ ਜੀæਐਨæ ਸਾਈਬਾਬਾ ਨੂੰ ਇਸ ਕਰ ਕੇ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਜਾਂਦੀ ਹੈ ਕਿ ਉਸ ਦੇ ਖ਼ਿਆਲ ਹਿੰਸਕ ਇਰਾਦੇ ਵਾਲੇ ਹਨ।