ਜਦ ਧੀ ਦੀ ਡੋਲੀ ਤੁਰਦੀ ਏ

ਡਾæ ਗੁਰਬਖਸ਼ ਸਿੰਘ ਭੰਡਾਲ ਆਪਣੀ ਨਿਵੇਕਲੀ ਸ਼ੈਲੀ ਵਿਚ ਜੀਵਨ ਦੀਆਂ ਪਰਤਾਂ ਫਰੋਲਦੇ ਹਨ, ਜ਼ਿੰਦਗੀ ਦੇ ਨਾਦ ਦੀ ਤਲਾਸ਼ ਵਿਚ ਰਹਿੰਦੇ ਹਨ। ਪਿਛਲੇ ਇਕ ਅਰਸੇ ਤੋਂ ਪੰਜਾਬ ਟਾਈਮਜ਼ ਦੇ ਪਾਠਕ ਉਨ੍ਹਾਂ ਦੀਆਂ ਲਿਖਤਾਂ ਪੜ੍ਹਦੇ ਆ ਰਹੇ ਹਨ ਅਤੇ ਉਨ੍ਹਾਂ ਦੀ ਨਿਵੇਕਲੀ ਸ਼ੈਲੀ ਤੋਂ ਪ੍ਰਭਾਵਿਤ ਵੀ ਹੋਏ ਹਨ। ਡਾæ ਭੰਡਾਲ ਇਸ ਕਾਲਮ ਹੇਠ ਘਰ ਦੀਆਂ ਨਿਆਮਤਾਂ ਦੀ ਵਾਰਤਾ ਸੁਣਾ ਚੁਕੇ ਹਨ।

ਘਰ ਦਾ ਕੇਂਦਰ ਮਾਂ ਹੁੰਦੀ ਹੈ ਜਿਸ ਬਾਰੇ ਡਾæ ਭੰਡਾਲ ਦਾ ਕਹਿਣਾ ਹੈ ਕਿ ਮਾਂ, ਸਿਰਫ ਮਾਂ ਹੁੰਦੀ ਏ ਜੋ ਸਭ ਤੋਂ ਵੱਡੀ ਦਾਤੀ ਹੁੰਦਿਆਂ ਵੀ ਨਿਮਾਣੀ ਬਣੀ ਰਹਿੰਦੀ ਏ। ਬਜ਼ੁਰਗਾਂ ਦਾ ਸਤਿਕਾਰ ਕਰਨ ਦੀ ਨਸੀਹਤ ਕਰਦਿਆਂ ਕਿਹਾ ਸੀ ਕਿ ਬੁਢਾਪਾ ਉਹ ਅਵਸਥਾ ਏ ਜਦੋਂ ਜ਼ਿੰਦਗੀ, ਸਰੀਰਕ ਸਮਰੱਥਾ ਤੋਂ ਆਤਮਿਕ ਸੰਤੁਸ਼ਟੀ ਅਤੇ ਸਕੂਨ ਦੇ ਸਫਰ ਦੀ ਹਮਰਾਜ਼ ਬਣਦੀ ਏ। ਪਿਛਲੇ ਲੇਖ ਵਿਚ ਉਨ੍ਹਾਂ ਦੱਸਿਆ ਸੀ ਕਿ ਜਦੋਂ ਬੱਚੇ ਵੱਡੇ ਹੋ ਕੇ ਪੰਛੀਆਂ ਵਾਂਗ ਉਡਾਰੀ ਮਾਰ ਜਾਂਦੇ ਹਨ ਤਾਂ ਮਾਪੇ ਖੁਸ਼ ਹੁੰਦੇ ਹਨ ਪਰ ਅੰਦਰੋਂ ਬੱਚਿਆਂ ਦਾ ਹੇਰਵਾ ਸਦਾ ਬਣਿਆ ਰਹਿੰਦਾ ਹੈ। ਪਿਛਲੇ ਲੇਖ ਵਿਚ ਉਨ੍ਹਾਂ ਧੀਆਂ ਨੂੰ ਬੋਝ ਸਮਝਣ ਵਾਲਿਆਂ ਨੂੰ ਸਵਾਲ ਕੀਤਾ ਸੀ ਕਿ ਜੇ ਧੀਆਂ ਨਾ ਹੁੰਦੀਆਂ ਤਾਂ ਕੀ ਮਨੁੱਖ ਦੀ ਹੋਂਦ ਸੰਭਵ ਹੁੰਦੀ? ਇਹ ਦਮਗਜ਼ੇ ਮਾਰਨ ਵਾਲਾ ਸ਼ਖਸ, ਕਿਸ ਕੁੱਖ ‘ਚੋਂ ਜਨਮਿਆ ਏ? ਕੀ ਕਦੇ ਸੋਚਣ ਦੀ ਕੋਸ਼ਿਸ਼ ਕੀਤੀ ਏ? ਕੀ ਔਰਤ ਤੋਂ ਬਗੈਰ ਮਨੁੱਖ ਪੂਰਨ ਏ? ਜੀਵਨ ਦੀ ਬੈਲ-ਗੱਡੀ ਇਕ ਪਹੀਏ ਨਾਲ ਕਿਵੇਂ ਚੱਲ ਸਕਦੀ ਏ? ਹਥਲੇ ਲੇਖ ਵਿਚ ਉਨ੍ਹਾਂ ਮਾਪਿਆਂ ਘਰੋਂ ਆਪਣਾ ਨਵਾਂ ਘਰ ਵਸਾਉਣ ਚੱਲੀ ਧੀ ਦੀ ਗੱਲ ਕਰਦਿਆਂ ਕਿਹਾ ਹੈ ਕਿ ਧੀ ਇਕ ਵਿਰਸਾ ਏ ਜੋ ਇਕ ਘਰ ਤੋਂ ਦੂਸਰੇ ਘਰ, ਇਕ ਸੋਚ ਤੋਂ ਦੂਸਰੀ ਸੋਚ, ਇਕ ਜੀਵਨ-ਜਾਚ ਤੋਂ ਦੂਸਰੀ ਜੀਵਨ-ਜਾਚ ਅਤੇ ਇਕ ਸੰਸਕਾਰ ਤੋਂ ਦੂਸਰੇ ਸੰਸਕਾਰ ਤੀਕ ਦਾ ਪੰਧ ਤੈਅ ਕਰਕੇ ਆਪਣੀ ਵੱਖਰੀ, ਨਰੋਈ ਅਤੇ ਵਿਲੱਖਣ ਪਛਾਣ ਸਿਰਜਣ ਦੀ ਪ੍ਰਕ੍ਰਿਆ ਅਰੰਭਦਾ ਏ। -ਸੰਪਾਦਕ

ਡਾæ ਗੁਰਬਖਸ਼ ਸਿੰਘ ਭੰਡਾਲ
ਵਿਆਹ ਵਾਲਾ ਘਰ। ਚਾਰੇ ਪਾਸੇ ਖੇੜਿਆਂ ਤੇ ਹਾਸਿਆਂ ਦੀ ਵਾਛੜ। ਵਿਆਹ ਦੇ ਜਸ਼ਨਾਂ Ḕਚ ਸ਼ਰੀਕ ਹੋਇਆ ਹਰ ਕੋਈ ਖੁਸ਼ੀਆਂ ਦੇ ਰੰਗ Ḕਚ ਰੰਗਿਆ। ਮੇਲੀਆਂ ਤੇ ਬਰਾਤੀਆਂ ਦੀ ਚਹਿਲ-ਪਹਿਲ ਨਾਲ ਖੂਬ ਰੌਣਕਾਂ। ਸੂਰਜ ਡੁੱਬਣ ਵਕਤ, ਵਾਜੇ ਵਾਲਿਆਂ ਦੀਆਂ ਵਿਛੋੜੇ ਦੀਆਂ ਉਦਾਸ ਸੁਰਾਂ ਨੇ ਫਿਜ਼ਾ ਦੀ ਰੰਗਤ ਬਦਲ ਦਿੱਤੀ। ਚੌਲ ਸੁੱਟਦੀ, ਪਰਾਈ ਹੋ ਰਹੀ ਧੀ ਦੇ ਮਨ Ḕਚ ਆਪਣੇ ਪਰਿਵਾਰ ਤੋਂ ਟੁੱਟਣ ਦਾ ਰੁਦਨ। ਹਿੱਚਕੀਆਂ Ḕਚ ਖੁਰ ਰਹੀ ਮਾਂ-ਧੀ ਦੀ ਚੁੱਪ-ਵਾਰਤਾਲਾਪ। ਆਪਣੇ ਘਰ ਜਾਂਦੀ ਧੀ ਦੀਆਂ ਸੁੱਖਾਂ ਮਨਾਉਂਦੀ ਅੰਦਰੋਂ ਟੁੱਟੀ ਮਾਂ। ਸਿਰਫ ਮਾਂ ਕੋਲ ਹੀ ਜੇਰਾ ਹੁੰਦਾ ਏ, ਆਪਣੀ ਆਂਦਰ ਦੇ ਟੁੱਟਣ ਦੀ ਪੀੜਾ ਜਰਨ ਦਾ। ਬਾਪ ਦੇ ਗਲ ਲੱਗ ਰੋਂਦੀ ਧੀ ਨੇ ਪਿਉ ਦੀ ਧੌਲੀ ਦਾਹੜੀ ਨੂੰ ਭਿਉਂ ਦਿੱਤਾ। ਛੋਟੇ ਭੈਣ-ਭਰਾਵਾਂ ਨੇ ਵੱਡੀ ਭੈਣ ਦੀ ਜੁਦਾਈ ਨਾਲ ਆਪਣੇ ਆਪ ਨੂੰ ਸੋਗ Ḕਚ ਰੰਗਿਆ। ਧੀ ਪਰਦੇਸਣ ਹੋ ਗਈ ਤਾਂ ਸਾਰਾ ਸ਼ਰੀਕਾ ਨਿੰਮੋਝੂਣਾ, ਵਿਹੜੇ Ḕਚ ਬੈਠ, ਬੀਤੇ ਵਕਤਾਂ ਦੀ ਵਹੀ Ḕਚੋਂ ਸਮਿਆਂ ਦੇ ਸੱਚ ਦੀ ਬਾਤ ਪਾਉਣ ਲੱਗਾ।
ਇਕ ਵਰੇਸ ਤੋਂ ਬਾਅਦ ਧੀਆਂ-ਧਿਆਣੀਆਂ ਆਪਣੇ ਘਰੀਂ ਹੀ ਸੋਹੰਦੀਆਂ ਨੇ। ਉਨ੍ਹਾਂ ਵੱਲੋਂ ਆਉਂਦਾ ਠੰਢੜੀ ਪੌਣ ਦਾ ਰੁਮਕਾ ਮਾਪਿਆਂ ਦੀ ਤਪਦੀ ਹਿੱਕ ਨੂੰ ਠਾਰਦਾ ਏ ਅਤੇ ਮਾਨਸਿਕ ਤ੍ਰਿਪਤੀ ਦੇ ਅਹਿਸਾਸ ਨੂੰ ਉਭਾਰਦਾ ਏ।
ਸਹੁਰੇ ਘਰ ਜਾਣ ਤੋਂ ਪਹਿਲਾਂ ਜਦੋਂ ਧੀ ਨੂੰ ਵਟਣਾ ਮਲਿਆ ਜਾਂਦਾ ਏ, ਮਾਈਆਂ ਲਾਇਆ ਜਾਂਦਾ ਏ, ਸੁਹਾਗ ਗਾਏ ਜਾਂਦੇ ਨੇ, ਨਾਨਕਿਆਂ ਵਲੋਂ ਚੂੜਾ ਚੜ੍ਹਾਇਆ ਜਾਂਦਾ ਏ ਤਾਂ ਸ਼ੁਭ ਸ਼ਗਨ ਦੀ ਹਰ ਘੜੀ, ਧੀ-ਰਾਣੀ ਦੀਆਂ ਮਨੋ-ਕਾਮਨਾਵਾਂ ਦੀ ਪੂਰਤੀ ਦੇ ਨਾਲ ਨਾਲ ਸਮੁੱਚੇ ਪਰਿਵਾਰ ਤੇ ਭਾਈਚਾਰੇ ਲਈ ਵੀ ਮਾਣ-ਮੱਤੇ ਅਤੇ ਚਾਵਾਂ ਲੱਧੇ ਪਲਾਂ ਦਾ ਨਿਉਂਦਾ ਹੁੰਦਾ ਏ।
ਧੀ ਦੇ ਸਿਰ ਉਪਰਲੀ ਸੂਹੀ ਫੁਲਕਾਰੀ ਸੂਚਕ ਹੁੰਦੀ ਏ ਸੂਹੇ ਵਕਤਾਂ ਦੀ, ਸੰਦਲੀ ਪਲਾਂ ਦੀ, ਸੰਧੂਰੀ ਚਾਵਾਂ ਦੀ ਅਤੇ ਜੀਵਨ ਦੀਆਂ ਰਾਂਗਲੀਆਂ ਰਾਹਾਂ ਦੀ।
ਧੀ ਦੀ ਡੋਲੀ ਜਦੋਂ ਤੁਰਦੀ ਏ ਤਾਂ ਮਾਪਿਆਂ ਦੇ ਮਨਾਂ Ḕਚ, ਆਪਣਾ ਘਰ ਵਸਾਉਣ ਤੁਰੀ ਧੀ ਲਈ ਚਾਅ ਹੁੰਦਾ ਏ। ਸਕੂਨ ਵੀ ਹੁੰਦਾ ਏ ਇਕ ਸਮਾਜਿਕ ਜ਼ਿੰਮੇਵਾਰੀ ਤੋਂ ਸੁਰਖਰੂ ਹੋਣ ਦਾ। ਪਰ ਉਨ੍ਹਾਂ ਦੇ ਮਨ੍ਹਾਂ ਵਿਚ ਚਸਕ ਵੀ ਹੁੰਦੀ ਏ ਲਾਡਲੀ ਨੂੰ ਆਪਣੇ ਤੋਂ ਜੁਦਾ ਕਰਨ ਦੀ। ਵਿਯੋਗ ਤੇ ਵਿਰਾਗ ਵੀ ਹੁੰਦਾ ਏ, ਪਰਿਵਾਰ ਤੋਂ ਦੂਰ ਪਰਦੇਸ ਜਾ ਰਹੀ ਇਕੱਲੀ ਧੀ ਲਈ।
ਜਦੋਂ ਧੀ ਘਰੋਂ ਤੁਰਦੀ ਏ ਤਾਂ ਘਰ Ḕਚੋਂ ਕੁਝ ਖੁਸਣ ਦਾ ਅਹਿਸਾਸ ਹੁੰਦਾ ਏ। ਇਕ ਘਾਟ ਰੜਕਦੀ ਏ। ਹਰ ਵਕਤ, ਧੀ ਦੇ ਕਮਰੇ Ḕਚੋਂ ਉਸ ਦੀ ਹੋਂਦ ਦਾ ਝਉਲਾ ਪੈਂਦਾ ਏ। ਘਰ Ḕਚ ਪੈਦਾ ਹੋ ਜਾਂਦਾ ਏ ਖਲਾਅ, ਚੌਂਕੇ ਦਾ ਉਖੜਦਾ ਏ ਸਾਹ ਅਤੇ ਚੁਫੇਰੇ ਪਸਰ ਜਾਂਦੀ ਏ ਉਦਾਸ ਫਿਜ਼ਾ।
ਧੀ ਸਹੁਰੀਂ ਜਾਂਦੀ ਏ ਤਾਂ ਵਸਦਾ ਏ ਇਕ ਘਰ। ਵਿਹੜੇ ਨੂੰ ਲੱਗਦੇ ਨੇ ਭਾਗ ਅਤੇ ਬਨੇਰਿਆਂ Ḕਤੇ ਬਲਦੇ ਨੇ ਨਵੀਂਆਂ ਉਮੀਦਾਂ ਤੇ ਨਰੋਈਆਂ ਆਸਾਂ ਦੇ ਚਿਰਾਗ।
ਧੀ ਇਕ ਵਿਰਸਾ ਏ ਜੋ ਇਕ ਘਰ ਤੋਂ ਦੂਸਰੇ ਘਰ, ਇਕ ਸੋਚ ਤੋਂ ਦੂਸਰੀ ਸੋਚ, ਇਕ ਜੀਵਨ-ਜਾਚ ਤੋਂ ਦੂਸਰੀ ਜੀਵਨ-ਜਾਚ ਅਤੇ ਇਕ ਸੰਸਕਾਰ ਤੋਂ ਦੂਸਰੇ ਸੰਸਕਾਰ ਤੀਕ ਦਾ ਪੰਧ ਤੈਅ ਕਰਕੇ ਆਪਣੀ ਵੱਖਰੀ, ਨਰੋਈ ਅਤੇ ਵਿਲੱਖਣ ਪਛਾਣ ਸਿਰਜਣ ਦੀ ਪ੍ਰਕ੍ਰਿਆ ਅਰੰਭਦਾ ਏ।
ਧੀ ਦੇ ਨਾਲ ਨਾਲ ਤੁਰਦੀ ਏ ਨਵੀਂਆਂ ਸੋਚਾਂ ਦੀ ਤਾਸੀਰ, ਦੀਦਿਆਂ Ḕਚ ਤੈਰਦੀ ਏ ਮੋਹ-ਵੰਤੀ ਤਸਵੀਰ ਅਤੇ ਉਸ ਤਸਵੀਰ Ḕਚੋਂ ਉਘੜਦੀ ਏ ਸ਼ਗਨਾਂ-ਮੱਤੀ ਤਕਦੀਰ।
ਧੀ ਦੇ ਨਾਲ ਜਾਂਦੇ ਨੇ ਉਸ ਘਰ ਦੇ ਸੰਸਕਾਰ, ਕਦਰਾਂ-ਕੀਮਤਾਂ ਦੀ ਧਰਾਤਲ ਦਾ ਵਿਸਥਾਰ ਅਤੇ ਉਸ ਵਿਸਥਾਰ Ḕਤੇ ਨਿਰਭਰ ਕਰਦਾ ਏ ਨਵੇਂ ਘਰ ਦਾ ਸਮੁੱਚਾ ਦਾਰੋ-ਮਦਾਰ।
ਧੀ ਇਕੱਲੀ ਨਹੀਂ ਘਰੋਂ ਤੁਰਦੀ, ਉਸ ਨਾਲ ਜਾਂਦਾ ਏ ਉਸ ਦੀ ਹੋਂਦ ਦਾ ਸਿਰਜਿਆ ਸੰਸਾਰ, ਉਸ ਨਾਲ ਜੁੜੇ ਸਰੋਕਾਰ ਅਤੇ ਉਸ ਰਾਹੀਂ ਸੰਪੂਰਨਤਾ ਲੋਚਦਾ ਸਮੁੱਚਾ ਪਰਿਵਾਰ।
ਧੀ ਦੇ ਮਸਤਕ ਵਿਚ ਲਿਖਿਆ ਹੁੰਦਾ ਏ, ਬਦਲਦੇ ਹਾਲਾਤ ਦੇ ਅਨੁਕੂਲ ਆਪੇ ਨੂੰ ਢਾਲਣਾ, ਆਪਸੀ ਮੋਹ ਨੂੰ ਵਿਸ਼ਾਲਣਾ ਅਤੇ ਪਰਾਈ ਤੋਂ ਆਪਣੀ ਬਣੀ ਦੁਨੀਆਂ Ḕਚ ਚਾਵਾਂ ਦਾ ਚਿਰਾਗ ਬਾਲਣਾ।
ਜਦੋਂ ਧੀ ਘਰੋਂ ਤੁਰ ਜਾਵੇ ਤਾਂ ਧੀ ਦੀਆਂ ਵਸਤਾਂ ਤੇ ਕਪੜਿਆਂ ਨੂੰ ਛੋਂਹਦੀ ਮਾਂ, ਹਿੱਕ Ḕਚ ਹਟਕੋਰਾ ਪਾਲਦੀ ਏ ਅਤੇ ਯਾਦਾਂ ਦੀ ਵਹੀ ਫਰੋਲਦਿਆਂ ਦੀਦੇ ਗਾਲਦੀ ਏ। ਮਾਂ ਜਦ ਯਾਦ ਕਰਦੀ ਏ, ਰੂੰ ਵਰਗਾ ਪਟੋਲਾ, ਰਿੜਨ ਤੋਂ ਤੁਰਨ ਤੀਕ ਦਾ ਸਫਰ ਅਤੇ ਅੱਖਰਾਂ Ḕਚੋਂ ਜੀਵਨ ਦੇ ਅਰਥਾਂ ਦੀ ਸੋਝੀ ਦਾ ਖਿਆਲ ਤਾਂ ਘਰ ਖਾਣ ਨੂੰ ਆਉਂਦਾ ਏ ਅਤੇ ਰੁੱਸੇ ਸਾਹਾਂ ਦਾ ਨਿਉਂਦਾ ਝੋਲੀ Ḕਚ ਪਾਉਂਦਾ ਏ।
ਧੀ ਜਦੋਂ ਘਰੋਂ ਤੁਰੇ ਤਾਂ ਹਉਕਾ ਭਰਦਾ ਏ ਘਰ, ਵੈਰਾਗਣਾਂ ਬਣ ਜਾਂਦੀਆਂ ਧੀ ਦੀਆਂ ਗੁੱਡੀਆਂ, ਅੱਥਰੂ ਬਣ ਜਾਂਦੇ ਨੇ ਪਟੋਲੇ, ਕਮਰੇ Ḕਚ ਫੈਲਦੀ ਏ ਉਦਾਸੀ ਅਤੇ ਛਲਾਵਾ ਬਣਦੀ ਏ ਨਿਰਛਲ ਹਾਸੀ।
ਧੀ ਮਾਪਿਆਂ ਦੀ ਆਂਦਰ। ਉਨ੍ਹਾਂ ਦੇ ਮਨ ਦੀ ਆਸ ਅਤੇ ਉਸ ਦੀਆਂ ਪ੍ਰਾਪਤੀਆਂ, ਮਾਪਿਆਂ ਦੇ ਮੁਖੜੇ ਦਾ ਹੁਲਾਸ।
ਧੀ ਤੁਰਨ ਵੇਲੇ, ਨਾਲ ਲੈ ਕੇ ਜਾਂਦੀ ਏ, ਮਾਂ-ਪਿਉ ਦੀ ਯੁੱਗਾਂ ਜਿਡੀ ਅਸੀਸ, ਜੀਵਨ ਦੇ ਸਰਬ-ਸੁੱਖਾਂ ਦੀ ਬਖਸ਼ੀਸ਼ ਅਤੇ ਜੀਵਨ ਦੇ ਸੁਰਖ ਰੰਗਾਂ ਨਾਲ ਭਰਪੂਰ ਤਵਾਰੀਖ। ਮਾਪੇ, ਧੀ ਦੇ ਘਰ ਲਈ ਨਰੋਏ ਤੇ ਨਿੱਗਰ ਅਰਥਾਂ ਦੀ ਕਾਮਨਾ ਕਰਦੇ, ਉਸ ਨੂੰ ਮਾਪਿਆਂ ਦੀ ਵਧੀਆ ਪਛਾਣ ਦਾ ਵਰ ਦਿੰਦੇ ਨੇ।
ਜਦ ਧੀ ਤੁਰਦੀ ਏ ਤਾਂ ਕੰਬਦੀਆਂ ਨੇ ਘਰ ਦੀਆਂ ਕੰਧਾਂ, ਡੋਲਦੇ ਨੇ ਬੂਹੇ ਤੇ ਬਾਰੀਆਂ, ਰੁਆਂਸੀ ਜਾਂਦੀ ਏ ਵਿਹੜੇ ਦੀ ਆਭਾ ਅਤੇ ਹਲੀਮੀ Ḕਚ ਬਦਲ ਜਾਂਦਾ ਏ, ਧੀ ਦਾ ਮਾਪਿਆਂ Ḕਤੇ ਮਾਣਮੱਤਾ ਦਾਬਾ।
ਜਿਥੇ ਪੇਕੇ ਘਰੋਂ ਤੁਰ ਰਹੀ ਧੀ ਦੇ ਨੈਣਾਂ Ḕਚ ਆਏ ਹੰਝੂਆਂ Ḕਚ ਘਰ ਤੇ ਘਰ ਦੇ ਹਰ ਜੀਅ ਨਾਲੋਂ ਟੁੱਟਣ ਦੀ ਉਪਰਾਮਤਾ ਝਲਕਦੀ ਏ, ਉਥੇ ਨਵੇਂ ਘਰ ਨੂੰ ਨਵੇਂ ਅਰਥ ਅਤੇ ਨਰੋਇਆ ਅਦਬ ਦੇਣ ਦਾ ਨੂਰ ਵੀ ਲਿਸ਼ਕੋਰਦਾ ਏ। ਸੰਦਲੀ ਰੁੱਤ ਨੂੰ ਮਾਣਨ ਅਤੇ ਉਸ Ḕਚੋਂ ਸੱਚੇ ਸੁੱਚੇ ਜੀਵਨ ਦੀ ਕਲਾ-ਨਕਾਸ਼ੀ ਤੇ ਇਬਾਦਤ ਦਾ ਸਿਰਲੇਖ ਬਣਨ ਦੀ ਕਾਮਨਾ ਵੀ ਅੰਗੜਾਈਆਂ ਭਰਦੀ ਏ।
ਧੀ ਜਦ ਤੁਰਦੀ ਏ ਤਾਂ ਨਵੇਂ ਸੰਸਾਰ ਦੇ ਬੋਲ ਹਵਾ Ḕਚ ਗੂੰਜਦੇ ਨੇ, ਹੁੰਦਾ ਏ ਇਕ ਨਵੀਂ ਦੁਨੀਆਂ ਦਾ ਆਗਾਜ਼, ਸਿਰਜਿਆ ਜਾਂਦਾ ਏ ਨਵਾਂ ਜਿਉਣ-ਅੰਦਾਜ਼ ਅਤੇ ਨਵੀਆਂ ਸੁਰਾਂ ਨਾਲ ਇਕਸੁਰ ਹੁੰਦਾ ਏ ਜੀਵਨ ਸਾਜ਼।
ਜਦ ਧੀ ਸਹੁਰੀਂ ਤੁਰਦੀ ਏ ਤਾਂ ਉਸ ਦੇ ਨੈਣਾਂ Ḕਚ ਤਰਦੀ ਏ ਨਵੀਂਆਂ ਚੁਣੌਤੀਆਂ ਤੇ ਨਵੀਂਆਂ ਸੰਭਾਵਨਾਵਾਂ ਦੀ ਲੋਰ, ਮੰਜ਼ਿਲਾਂ ਨੂੰ ਸਰ ਕਰਨ ਲਈ ਲਰਜਦੇ ਨੇ ਝਾਂਜਰਾਂ ਦੇ ਬੋਰ ਅਤੇ ਤੂਫਾਨਾਂ ਨੂੰ ਵੀ ਥੰਮਣ ਦੇ ਸਮਰੱਥ ਹੁੰਦਾ ਏ ਮਣਾਂ-ਮੂੰਹੀ ਜ਼ੋਰ।
ਧੀ ਘਰ ਨਾਲੋਂ ਟੁੱਟ ਕੇ ਵੀ ਘਰ ਨਾਲੋਂ ਟੁੱਟ ਨਹੀਂ ਸਕਦੀ। ਉਸ ਦੇ ਸੀਨੇ Ḕਚ ਮਾਪਿਆਂ ਦੇ ਵਿਹੜੇ ਮਾਣੀ ਆਜ਼ਾਦੀ, ਪੂਰੇ ਕੀਤੇ ਚਾਅ, ਉਸ ਦੇ ਸੁਪਨਿਆਂ ਨੂੰ ਮਿਲਿਆ ਉਤਸ਼ਾਹ, ਉਸ ਦੇ ਹਾਸਿਆਂ ਦਾ ਫੈਲਾਅ, ਹਰ ਮੰਗ ਦੀ ਪੂਰਤੀ ਕਾਰਨ ਪਨਪਿਆ ਉਮਾਹ, ਉਮਰ ਭਰ ਦਾ ਸਰਮਾਇਆ ਬਣ, ਘਰ ਦੀ ਸਾਂਝ ਨੂੰ ਪਕਿਆਈ ਬਖਸ਼ਦਾ ਏ।
ਧੀ, ਧਰਮ ਏ ਮਾਣ ਤੇ ਮਰਿਆਦਾ ਦਾ, ਸ਼ੁਭ ਕਰਮਨ ਏ ਨੂਰ ਤੇ ਆਭਾ ਦਾ ਅਤੇ ਸਹਿਜ ਸਰੂਪ ਏ, ਸਾਹ ਤੇ ਵਿਸਮਾਦ ਦਾ।
ਜੇ ਧੀ ਉਚੇਰੀ ਪੜ੍ਹਾਈ, ਨੌਕਰੀ ਜਾਂ ਪਰਿਵਾਰਕ ਮਜਬੂਰੀਆਂ ਕਾਰਨ ਘਰੋਂ ਦੂਰ ਜਾਵੇ ਤਾਂ ਉਹ ਘਰ ਨਾਲ ਜੁੜੀ, ਘਰ ਦੀਆਂ ਖੈਰਾਂ Ḕਚੋਂ ਆਪਣੇ ਰੋਸ਼ਨ ਭਵਿੱਖ ਦਾ ਮੁਹਾਂਦਰਾ ਨਿਖਾਰਦੀ ਏ। ਪਰ ਜਦੋਂ ਧੀ ਸਹੁਰੇ ਘਰ ਲਈ ਵਿਦਾ ਹੋਵੇ ਤਾਂ ਉਹ ਟੁੱਟਣ ਦੀ ਚੀਸ ਹੰਢਾਉਂਦੀ, ਦੋਵੇਂ ਰਿਸ਼ਤਿਆਂ ਤੇ ਬੰਧਨਾਂ Ḕਚੋਂ ਸਕੂਨ ਪ੍ਰਾਪਤੀ ਦੀ ਪ੍ਰਕ੍ਰਿਆ ਅਰੰਭਦੀ ਏ।
ਜਦੋਂ ਧੀ ਘਰੋਂ ਤੁਰਨ ਲੱਗੇ ਤਾਂ ਉਸ ਦੇ ਨੈਣਾਂ Ḕਚ ਤਰਦੇ ਤਰਲੇ ਸਾਹਵੇਂ, ਉਸ ਦੇ ਮੁੱਖ ਦੀ ਬੇਚਾਰਗੀ ਦੇ ਸਨਮੁਖ, ਚੁੱਪ ਦੇ ਬੋਲਾਂ ਦੇ ਰੂ-ਬ-ਰੂ, ਤੁਸੀਂ ਗੁੰਗੇ ਹੋ ਜਾਂਦੇ ਹੋ। ਲੱਖ ਸਮਝੌਤੀਆਂ ਦੇਣ ਵਾਲੇ ਖਾਮੋਸ਼ ਹੋ ਜਾਂਦੇ ਨੇ। ਤਖਤਾਂ-ਤਾਜਾਂ ਵਾਲੇ ਵੀ ਝੁਕ ਜਾਂਦੇ ਨੇ ਅਤੇ ਨਾ-ਚਾਹੁੰਦਿਆਂ ਵੀ ਆਪਨੜੇ ਹੱਥੀਂ ਧੀ ਨੂੰ ਵਿਦਾ ਕਰਦੇ ਨੇ।
ਘਰੋਂ ਪਰਾਈ ਹੁੰਦੀ ਧੀ, ਵਾਰ-ਵਾਰ ਪਿਛਾਂਹ ਨੂੰ ਮੁੜਦੀ, ਆਪਣੇ ਰਚਨਹਾਰੇ ਅਤੇ ਰਚਨ-ਵਸੇਬੇ ਨੂੰ ਨਿਹਾਰਦੀ, ਉਸ ਤੋਂ ਦੂਰ ਜਾਣ ਦੀ ਮਜਬੂਰੀ ਦਾ ਵਾਸਤਾ ਪਾਉਂਦੀ, ਤੁਰਦਿਆਂ-ਤੁਰਦਿਆਂ ਵੀ ਹਾੜੇ ਪਾਉਂਦੀ ਏ ਕਿ ਮੈਨੂੰ ਕਦੇ ਨਾ ਵਿਸਾਰਨਾ। ਮੇਰੀ ਪਛਾਣ ਨੂੰ ਧੁੰਧਲਕੇ Ḕਚ ਨਾ ਗਵਾਉਣਾ ਅਤੇ ਨਾ ਹੀ ਮੇਰੀਆਂ ਸਾਂਭ ਕੇ ਰੱਖੀਆਂ ਨਿਸ਼ਾਨੀਆਂ ਨੂੰ ਬੇਗਾਨਗੀ ਦੀ ਜੂਨੇ ਪਾਉਣਾ।
ਵਿਛੜਨ ਵੇਲੇ ਮਾਂ-ਧੀ ਦੀ ਗਲਵੱਕੜੀ Ḕਚ ਸਮਾਇਆ ਹੁੰਦਾ ਏ, ਮੋਹ ਤੇ ਮਮਤਾ ਦਾ ਭਰ ਵਗਦਾ ਦਰਿਆ ਅਤੇ ਸੁਮੱਤ ਤੇ ਸਿੱਖਿਆ ਦਾ ਚੁਫੇਰੇ ਫੈਲਾਅ।
ਚਿੜੀਆਂ ਵਰਗੀਆਂ ਚੰਚਲ ਧੀਆਂ ਜਦੋਂ ਉਡਾਰੀ ਮਾਰ, ਦੂਸਰੇ ਬਿਰਖ Ḕਤੇ ਆਲ੍ਹਣਾ ਪਾਉਣ ਲਈ ਤੀਲੇ ਚੁਗਣ ਦੀ ਸਿਰਜਣਾਤਮਕ ਪ੍ਰਕ੍ਰਿਆ Ḕਚ ਮਸਰੂਫ ਹੋ ਜਾਣ, ਉਨ੍ਹਾਂ ਦੀ ਉਡਾਣ Ḕਚ ਅੰਬਰਾਂ ਨੂੰ ਕਲਾਵੇ Ḕਚ ਲੈਣ ਦਾ ਦਾਈਆ ਹੋਵੇ, ਉਨ੍ਹਾਂ ਦੇ ਮੁਖਾਰਬਿੰਦ Ḕਚੋਂ ਸੋਨਪਰੀ ਦੇ ਸੰਵਾਦ ਦਾ ਰਸ ਚੋਵੇ ਤਾਂ ਸਕੂਨ ਦਾ ਸੰਧਾਰਾ, ਸਮਿਆਂ ਦੇ ਦਰੀਂ ਦਸਤਕ ਦਿੰਦਾ ਏ।
ਵਕਤ ਦੇ ਮੱਥੇ ਦਾ ਸਕੂਨ ਬਣੀ ਧੀ, ਜਦੋਂ ਸਹੁਰੇ ਘਰ ਦੀ ਨਰੋਈ ਪਛਾਣ ਬਣਦੀ ਏ ਤਾਂ ਆਉਣ ਵਾਲੀਆਂ ਪੀੜ੍ਹੀਆਂ ਲਈ ਮਾਣ ਤੇ ਸਤਿਕਾਰ ਦਾ ਇਕ ਵਡੇਰੇ ਅਰਥਾਂ ਵਾਲਾ ਸੰਸਾਰ ਸਿਰਜਦੀ ਏ।
ਧੀਆਂ, ਨਰੋਈਆਂ ਕਦਰਾਂ-ਕੀਮਤਾਂ ਦੀਆਂ ਅਲੰਬਰਦਾਰ ਬਣ, ਨਰੋਏ ਸਮਾਜ ਸਿਰਜਣ ਲਈ ਯਤਨਸ਼ੀਲ ਰਹਿਣ ਤਾਂ ਕਿ ਸਮਾਜਕ ਸਬੰਧਾਂ ਦਾ ਤਾਣਾ-ਬਾਣਾ, ਆਪਣੀ ਸਦੀਵੀ ਹੋਂਦ ਮਹਿਫੂਜ਼ ਰੱਖ ਸਕੇ। ਸੁਖੀ ਵਸਦੀ ਧੀ, ਮਾਪਿਆਂ ਦੀ ਉਮਰ ਯੁੱਗਾਂ ਤੋਂ ਵੀ ਲੰਮੇਰੀ ਕਰ ਦਿੰਦੀ ਏ।
ਹਉਕਾ, ਧੀ ਦਾ ਨਸੀਬ ਨਾ ਹੋਵੇ। ਉਸ ਦੇ ਸਾਹਾਂ Ḕਚੋਂ ਸੋਗ ਦਾ ਸੁਨੇਹਾ ਨਾ ਆਵੇ। ਉਸ ਦੇ ਬੋਲਾਂ Ḕਚ ਉਦਾਸ ਨਗਮਾ ਨਾ ਗੁਣਗੁਣਾਵੇ। ਮੰਜ਼ਿਲਾਂ ਸਰ ਕਰਦਿਆਂ, ਉਸ ਦੇ ਪੈਰਾਂ Ḕਚ ਮੋਚ ਨਾ ਆਵੇ। ਉਸ ਦਾ ਬੋਲ, ਕਿਸੇ ਹਿਰਦੇ Ḕਤੇ ਚੋਟ ਨਾ ਲਾਵੇ ਅਤੇ ਨਾ ਹੀ ਉਸ ਦੇ ਸਿਰ ਦੇ ਤਾਜ ਦੇ ਗੁੰਮਣ ਦੀ ਕੰਨਸੋਅ ਆਵੇ।
ਜਦੋਂ ਘਰ ਦੀਆਂ ਬਰੂਹਾਂ, ਧੀ ਦੀ ਪੈੜ-ਚਾਲ ਨੂੰ ਉਡੀਕਣ ਲੱਗ ਪੈਣ ਤਾਂ ਯਾਦਾਂ ਦੇ ਪਰਿੰਦੇ ਮਨ ਦੀ ਬੀਹੀ Ḕਚ ਝਾਤੀਆਂ ਮਾਰਦੇ ਨੇ। ਫੁੱਲਾਂ ਵਾਲੀ ਫਰਾਕ ਪਾ ਕੇ, ਫੁੱਲਾਂ ਨਾਲ ਖੇਡਦੀ, ਫੁੱਲਾਂ ਜਿਹੀ ਲਾਡਲੀ, ਨਿੱਕੀਆਂ-ਨਿੱਕੀਆਂ ਗੱਲਾਂ ਕਰਦੀ, ਕਦੇ ਤਿਤਲੀਆਂ ਨੂੰ ਫੜ੍ਹਨ ਦੀ ਕੋਸ਼ਿਸ਼ ਕਰਦੀ ਅਤੇ ਕਦੇ ਫੁੱਲਾਂ ਦੇ ਰੰਗਾਂ Ḕਚੋਂ ਆਪਾ ਨਿਹਾਰਦੀ, ਅੱਖਾਂ ਦੇ ਕੋਇਆਂ ਨੂੰ ਨਮ ਕਰ ਜਾਂਦੀ ਏ।
ਸੁਖੀ ਵਸਦੀ ਧੀ, ਜੀਵਨ-ਅਰਾਧਨਾ ਦਾ ਸੁਖਨ ਏ, ਜਿਉਣ-ਅਦਬ ਦੀ ਸਾਰਥਿਕਤਾ ਏ, ਜਿਉਣ-ਸਾਹ ਲਈ ਮਹਿਕ ਤੇ ਹੁਲਾਰਾ ਏ ਅਤੇ ਜੀਵਨ-ਪਰੰਪਰਾ ਨੂੰ ਮਿਲਿਆ ਹਾਂ-ਪੱਖੀ ਹੁੰਗਾਰਾ ਏ।
ਧੀਆਂ ਧਰਤੀ ਦਾ ਨਸੀਬ ਹੰਢਾਉਣਾ ਹਰ ਇਕ ਦੇ ਪੱਲੇ ਨਿਆਮਤਾਂ ਦੀ ਖੈਰ ਪਾਉਣ, ਹਰ ਇਕ ਦੇ ਪੈਰਾਂ Ḕਚ ਆਪਾ ਵਿਛਾਉਣ ਅਤੇ ਨਿਮਰਤਾ ਨੂੰ ਆਪਣੀ ਜੀਵਨ-ਸ਼ੈਲੀ ਬਣਾਉਣ।
ਦੂਰ ਉਡਾਰੀ ਮਾਰ ਰਹੀਆਂ ਧੀਆਂ, ਸੁਖਨ ਦੇ ਪਲ ਹੀ ਹੰਢਾਉਣ, ਮਨ-ਚਾਹੇ ਵਕਤ ਦੀ ਸਰ-ਜ਼ਮੀਂ Ḕਤੇ ਭਲੇ ਸਮਿਆਂ ਦਾ ਜਾਗ ਲਾਉਣ, ਸਾਹਾਂ Ḕਚ ਆਪਣਿਆਂ ਦੇ ਸਾਹਾਂ ਦੀ ਮਹਿਕ ਰਚਾਉਣ, ਜ਼ਿੰਦਗੀ ਦੀ ਸਤਰੰਗੀ ਪੀਂਘ ਅੰਬਰਾਂ Ḕਚ ਚੜ੍ਹਾਉਣ ਅਤੇ ਨਰੋਈ ਪਛਾਣ ਦਾ ਤਮਗਾ, ਸਮਾਜ ਤੇ ਪਰਿਵਾਰ ਦੇ ਗਲ Ḕਚ ਸਜਾਉਣ।