ਗਦਰ ਪਾਰਟੀ, ਸਿੱਖੀ ਅਤੇ ਕਮਿਊਨਿਜ਼ਮ

ਗਦਰ ਸ਼ਤਾਬਦੀ ਦੇ ਇਸ ਵਰ੍ਹੇ (2013) ਦੌਰਾਨ ਗਦਰੀਆਂ ਅਤੇ ਉਨ੍ਹਾਂ ਵੱਲੋਂ ਕੀਤੀਆਂ ਕੁਰਬਾਨੀਆਂ ਨੂੰ ਯਾਦ ਕੀਤਾ ਜਾ ਰਿਹਾ ਹੈ। ਸਿਆਸੀ-ਸਮਾਜਕ ਖੇਤਰਾਂ ਵਿਚ ਸਰਗਰਮ ਵੱਖ ਵੱਖ ਧਿਰਾਂ ਇਨ੍ਹਾਂ ਸੂਰਮਿਆਂ ਨੂੰ ਆਪੋ-ਆਪਣੇ ਢੰਗ ਨਾਲ ਨਾਲ ਸ਼ਰਧਾਂਜਲੀ ਭੇਟ ਕਰ ਰਹੀਆਂ ਹਨ। ‘ਪੰਜਾਬ ਟਾਈਮਜ਼’ ਨੇ ਗਦਰ ਲਹਿਰ ਅਤੇ ਗਦਰੀ ਬਾਬਿਆਂ ਬਾਰੇ ਆਏ ਨਿੱਗਰ ਵਿਚਾਰਾਂ ਨੂੰ ਆਪਣੇ ਕਾਲਮਾਂ ਵਿਚ ਸਦਾ ਹੀ ਬਣਦੀ ਥਾਂ ਦਿੱਤੀ ਹੈ ਅਤੇ ਇਨ੍ਹਾਂ ਸੂਰਬੀਰਾਂ ਦਾ ਸੁਨੇਹਾ ਲੋਕਾਂ ਤੱਕ ਪਹੁੰਚਾਉਣ ਦਾ ਹੀਲਾ ਕੀਤਾ ਹੈ। ਪਿਛਲੇ ਕੁਝ ਸਮੇਂ ਤੋਂ ਇਕ ਧਿਰ ਨੇ ਆਪਣਾ ਚੰਗਾ-ਚੋਖਾ ਜ਼ੋਰ ਗਦਰੀਆਂ ਨੂੰ ਸਿੱਖ ਸਾਬਤ ਕਰਨ ‘ਤੇ ਲਾਇਆ ਹੋਇਆ ਹੈ। ਸ਼ ਗੁਰਬਚਨ ਸਿੰਘ ਵੱਲੋਂ ਸਾਨੂੰ ਭੇਜੇ ਇਸ ਲੇਖ ਦੀ ਸੁਰ ਵੀ ਇਹੀ ਹੈ। ਅਸੀਂ ਚਾਹੁੰਦੇ ਹਾਂ ਕਿ ਇਸ ਸ਼ਤਾਬਦੀ ਵਰ੍ਹੇ ਦੇ ਬਹਾਨੇ ਹੀ ਸਹੀ, ਗਦਰੀਆਂ ਦੇ ਖਾਸੇ ਤੱਕ ਪਹੁੰਚਣ ਦੀ ਕੋਸ਼ਿਸ਼ ਹੋਣੀ ਹੀ ਚਾਹੀਦੀ ਹੈ। ਉਂਜ ਵੀ ਗਦਰੀਆਂ ਨੇ ਵੱਖ ਵੱਖ ਥਾਂਵਾਂ ‘ਤੇ ਧਰਮ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਹੋਏ ਹਨ। ਆਪਣੇ ਇਕ ਮਤੇ ਵਿਚ ਤਾਂ ਉਨ੍ਹਾਂ ਧਰਮ ਨੂੰ ਨਿਰੋਲ ਨਿੱਜੀ ਮਾਮਲਾ ਤਸੱਵਰ ਕਰਦਿਆਂ ਆਪਣੇ ਅਸਲ ਨਿਸ਼ਾਨੇ ਉਤੇ ਵਾਰ ਕਰਨ ਦਾ ਹੋਕਾ ਵੀ ਦਿੱਤਾ ਸੀ। -ਸੰਪਾਦਕ

ਗੁਰਬਚਨ ਸਿੰਘ
ਫੋਨ: 91-98156-98451
ਸਿੱਖ ਚਿੰਤਕ ਸ਼ ਕਪੂਰ ਸਿੰਘ ਨੇ ਆਪਣੀ ਅਹਿਮ ਲਿਖਤ ‘ਸਿੱਖੀ ਅਤੇ ਕਮਿਊਨਿਜ਼ਮ’ ਵਿਚ ਕਮਿਊਨਿਸਟ ਲਹਿਰ ਦੇ ਮੁੱਢਲੇ ਦੌਰ ‘ਚ ਹੀ ਸਿੱਖਾਂ ਦੇ ਇਸ ਵੱਲ ਖਿੱਚੇ ਜਾਣ ਦੇ ਕਾਰਨਾਂ ਦੀ ਨਿਸ਼ਾਨਦੇਹੀ ਕੀਤੀ ਹੈ। ਉਨ੍ਹਾਂ ਦੇ ਸ਼ਬਦਾਂ ਵਿਚ, “ਕੁਝ ਵਿਦਵਾਨ ਸੋਚਦੇ ਹਨ ਕਿ ਇਹ ਇਤਫਾਕ ਹੈ, ਜਦੋਂ ਕਿ ਕੁਝ ਵਿਦਵਾਨ ਮੰਨਦੇ ਹਨ ਕਿ ਮੌਲਿਕ ਸਿੱਖ ਪ੍ਰੇਰਨਾ ਅਤੇ ਕਮਿਊਨਿਜ਼ਮ ਵਿਚਕਾਰ ਆਮ ਸਾਂਝ ਹੈ। ਸਿੱਖ ਕਮਿਊਨਿਸਟਾਂ ਦਾ ਵੱਡਾ ਹਿੱਸਾ ਇਹ ਮੰਨਦਾ ਹੈ ਕਿ ਕਮਿਊਨਿਜ਼ਮ ਹੋਰ ਕੁਝ ਨਹੀਂ, ਸਗੋਂ ਸਿੱਖ ਫਲਸਫੇ ਦੀ ਵਿਆਖਿਆ ਅਤੇ ਵਿਸਥਾਰ ਹੀ ਹੈ।”
ਆਪਣੇ ਇਸ ਕਥਨ ਦੀ ਪੁਸ਼ਟੀ ਲਈ ਉਹ ਪ੍ਰਸਿੱਧ ਅੰਗਰੇਜ਼ ਇਤਿਹਾਸਕਾਰ ਆਰਨੌਲਡ ਟਾਇਨਬੀ ਦੀ ਇਸ ਟੂਕ ਦਾ ਹਵਾਲਾ ਦਿੰਦੇ ਹਨ ਕਿ ‘ਲੈਨਿਨ ਦੀ ਸਰਬ-ਰੂਸੀ ਕਮਿਊਨਿਸਟ ਪਾਰਟੀ ਕੋਈ ਇਹੋ ਜਿਹੀ ਨਹੀਂ ਸੀ ਜਿਸ ਦੀ ਪਹਿਲਾਂ ਕਿਤੇ ਮਿਸਾਲ ਹੀ ਨਹੀਂ ਸੀ। ਇਸ ਲਈ ਇਸਲਾਮੀ (ਮੁਸਲਮਾਨ) ਇਤਿਹਾਸ ਵਿਚ ਓਟੋਮੈਨ ਪਾਦਸ਼ਾਹ ਦੇ ਪਰਿਵਾਰਕ ਗ਼ੁਲਾਮਾਂ, ਸਫ਼ਵੀ ਸ਼ਰਧਾਲੂ ਕਿਸ਼ੀਬਾਸ਼ ਭਾਈਚਾਰੇ ਅਤੇ ਮੁਗਲ ਹਕੂਮਤ ਵਿਰੁਧ ਆਪਣੇ ਹੀ ਹਥਿਆਰਾਂ ਰਾਹੀਂ ਲੜਨ ਦਾ ਫੈਸਲਾ ਕਰਨ ਨਾਲ ਹੋਂਦ ਵਿਚ ਆਇਆ ਸਿੱਖ ਖ਼ਾਲਸਾ ਵੇਖੇ ਜਾ ਸਕਦੇ ਹਨ। ਬਿਨਾਂ ਸ਼ੱਕ ਇਨ੍ਹਾਂ ਇਸਲਾਮੀ ਅਤੇ ਹਿੰਦੂ ਭਾਈਚਾਰਿਆਂ ‘ਚੋਂ ਰੂਸੀ ਕਮਿਊਨਿਸਟ ਪਾਰਟੀ ਦੇ ਲੱਛਣ ਪਹਿਲਾਂ ਹੀ ਵੇਖੇ ਜਾ ਸਕਦੇ ਹਨ।’
ਆਰਨੌਲਡ ਟਾਇਨਬੀ ਦੀ ਇਸ ਟੂਕ ਨੂੰ ਆਧਾਰ ਬਣਾ ਕੇ ਸ਼ ਕਪੂਰ ਸਿੰਘ ਇਸ ਬਹਿਸ ‘ਚੋਂ ਪ੍ਰਗਟ ਹੁੰਦੇ ਤਿੰਨ ਸਵਾਲਾਂ ਨੂੰ ਸੰਬੋਧਿਤ ਹੁੰਦੇ ਹਨ,
1æ ਕੀ ਇਨ੍ਹਾਂ ਇਸਲਾਮੀ ਭਾਈਚਾਰਿਆਂ ਦੇ ਉਹੀ ਲੱਛਣ ਸਨ ਜਿਹੜੇ ਖਾਲਸਾ ਜਥੇਬੰਦੀ ਦੇ ਸਨ?
2æ ਕੀ ਖਾਲਸਾ ਪੰਥ ਦੀ ਸਰਬ-ਰੂਸੀ ਕਮਿਊਨਿਸਟ ਪਾਰਟੀ ਨਾਲ ਖਸਲਤ ਦੀ ਸਾਂਝ ਸੀ?
3æ ਕੀ ਕਮਿਊਨਿਜ਼ਮ ਦੀ ਸਿੱਖੀ ਨਾਲ ਸਮਾਨਤਾ ਹੈ?
ਇਸਲਾਮੀ ਇਤਿਹਾਸ ਬਾਰੇ ਆਪਣੀ ਪੂਰੀ ਪਕੜ ਨਾਲ ਸ਼ ਕਪੂਰ ਸਿੰਘ ਠੋਸ ਹਵਾਲੇ ਦੇ ਕੇ ਇਹ ਦੱਸਦੇ ਹਨ ਕਿ ਇਨ੍ਹਾਂ ਇਸਲਾਮੀ ਭਾਈਚਾਰਿਆਂ ਨੂੰ “ਰੂਸੀ ਕਮਿਊਨਿਸਟ ਪਾਰਟੀ ਦਾ ਮਾਡਲ ਸਮਝਣਾ ਪੂਰੀ ਤਰ੍ਹਾਂ ਗਲਤ ਹੈ।”
ਇਸੇ ਲਿਖਤ ਵਿਚ ਅੱਗੇ ਚੱਲ ਕੇ ਸ਼ ਕਪੂਰ ਸਿੰਘ ਖਾਲਸੇ ਦੇ ਜਨਮ ਬਾਰੇ ਫੈਲਾਈਆਂ ਅਤੇ ਪੀਡੀਆਂ ਕਰ ਦਿੱਤੀਆਂ ਗਈਆਂ ਗਲਤ ਧਾਰਨਾਵਾਂ ਦਾ ਖੰਡਨ ਕਰਦਿਆਂ ਲਿਖਦੇ ਹਨ, “ਖ਼ਾਲਸਾ ਪੰਥ ਦਾ ਜਨਮ ਕੋਈ ਇਤਫਾਕੀਆ ਘਟਨਾ ਨਹੀਂ ਸੀ, ਜਿਵੇਂ ਕਈ ਵਾਰ ਸਮਝਿਆ ਜਾਂਦਾ ਹੈ। ਖ਼ਾਲਸੇ ਦੇ ਨਿਸ਼ਾਨੇ ਅਤੇ ਖ਼ਸਲਤ ਬਾਰੇ ਇਹ ਬੁਨਿਆਦੀ ਗਲਤੀ ਨਾ ਸਿਰਫ਼ ਟਾਇਨਬੀ ਦੀ ਪੱਧਰ ਦੇ ਵਿਦਵਾਨਾਂ ਨੂੰ ਗਲਤ ਰਾਹੇ ਪਾ ਦਿੰਦੀ ਹੈ, ਸਗੋਂ ਇਸ ਨੇ ਸਿੱਖ ਇਤਿਹਾਸਕ ਪ੍ਰੇਰਨਾ ਦੇ ਨਾਲ-ਨਾਲ ਹੋਰ ਹਿੰਦੋਸਤਾਨੀਆਂ ਦੇ ਸਿੱਖੀ ਵੱਲ ਅਮਲੀ ਵਿਹਾਰ ਨੂੰ ਵੀ ਭ੍ਰਿਸ਼ਟ ਕਰ ਦਿੱਤਾ ਹੈ। ਸਿੱਖ ਪੰਥ ਬਾਰੇ ਵਿਦਵਾਨਾਂ ਕੋਲ ਸਹੀ ਵਿਸ਼ਲੇਸ਼ਣ ਅਤੇ ਮੌਲਿਕ ਦਸਤਾਵੇਜ਼ਾਂ ਦੀ ਘਾਟ ਕਾਰਨ ਇਹ ਅਸਲੋਂ ਹੀ ਝੂਠਾ ਪ੍ਰਭਾਵ ਪੈਦਾ ਕੀਤਾ ਗਿਆ ਤੇ ਫਿਰ ਪੱਕਾ ਕਰ ਦਿੱਤਾ ਗਿਆ ਕਿ ਗੁਰੂ ਗੋਬਿੰਦ ਸਿੰਘ ਨੇ ਖਾਲਸਾ ਪੰਥ ਦੀ ਸਾਜਨਾ ਕੁਝ ਇਤਿਹਾਸਕ ਇਤਫਾਕੀਆ ਕਾਰਨਾਂ, ਜਿਵੇਂ ਮੁਗਲ ਹਾਕਮਾਂ ਨਾਲ ਲੜਨਾ, ਨੂੰ ਮੁੱਖ ਰੱਖ ਕੇ ਕੀਤੀ ਸੀ। ਅਸਲੀ ਸੱਚ, ਜਿਸ ਨੂੰ ਦ੍ਰਿੜ੍ਹਾਉਣ ਅਤੇ ਪ੍ਰਚਾਰਨ ਲਈ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀਆਂ ਲਿਖਤਾਂ ਵਿਚ ਇੰਨਾ ਜ਼ੋਰ ਦਿੱਤਾ, ਉਸ ਨੂੰ ਲਗਭਗ ਭੁਲਾ ਹੀ ਦਿੱਤਾ ਗਿਆ, ਇਥੋਂ ਤੱਕ ਕਿ ਖੁਦ ਸਿੱਖਾਂ ਨੇ ਹੀ ਉਸ ਨੂੰ ਵਿਸਾਰ ਦਿੱਤਾ।”
ਬਕੌਲ ਸ਼ ਕਪੂਰ ਸਿੰਘ, ਇਹ ਗੱਲ ਗੁਰੂ ਗੋਬਿੰਦ ਸਿੰਘ ਜੀ ਨੇ ਬੜੀ ਦ੍ਰਿੜ੍ਹਤਾ ਨਾਲ ਦੁਹਰਾਈ ਹੈ ਕਿ “ਉਹ ਕੁਝ ਵੀ ਨਵਾਂ ਨਹੀਂ ਕਰ ਰਹੇ, ਜਿਹੜਾ ਗੁਰੂ ਨਾਨਕ ਸਾਹਿਬ ਦੇ ਸਿਧਾਂਤਾਂ ਦਾ ਸੁਭਾਵਿਕ ਨਿਕਲਦਾ ਤਰਕਸੰਗਤ ਸਿੱਟਾ ਨਹੀਂ ਹੈ।” ਖਾਲਸਾ ਪੰਥ ਦੇ ਨਿਸ਼ਾਨੇ ਨੂੰ ਸਪੱਸ਼ਟ ਕਰਦਿਆਂ ਸ਼ ਕਪੂਰ ਸਿੰਘ ਲਿਖਦੇ ਹਨ, “ਖਾਲਸਾ ਜਥੇਬੰਦੀ ਭੂਗੋਲਿਕ, ਨਸਲੀ ਅਤੇ ਲਿੰਗਕ ਭਿੰਨ-ਭੇਦ ਤੋਂ ਉਪਰ ਉਠ ਕੇ ਮਨੁੱਖੀ ਭਾਈਚਾਰੇ ਦਾ ਇਕ ਆਲਮੀ ਸਮਾਜ ਸਿਰਜਣ ਦੇ ਨਿਸ਼ਾਨੇ ਤੇ ਵਿਚਾਰਧਾਰਾ ਦੇ ਆਧਾਰ ‘ਤੇ ਸੁਭਾਅ ਅਤੇ ਵਿਹਾਰ ਪੱਖੋਂ ਦ੍ਰਿੜ੍ਹ ਮਾਨਸਿਕਤਾ ਅਤੇ ਕਿਰਦਾਰ ਦੀਆਂ ਵਿਸ਼ੇਸ਼ਤਾਈਆਂ ਨੂੰ ਮੁੱਖ ਰੱਖ ਕੇ ਚੁਣੇ ਹੋਏ ਮਰਜੀਵੜੇ ਮੈਂਬਰਾਂ ਦੀ ਪਾਰਟੀ ਹੈ। ਇਸੇ ਮੰਤਵ ਲਈ ਖਾਲਸਾ ਪੰਥ ਰਾਜਨੀਤਕ ਸ਼ਕਤੀ ਹਾਸਲ ਕਰਨੀ ਚਾਹੁੰਦਾ ਹੈ। ਸਿੱਖ ਸਿਧਾਂਤ ਦੇ ਮੌਲਿਕ ਸੋਮੇ ਅਤੇ ਉਨ੍ਹਾਂ ਦੀ ਸਹੀ ਸਮਝ ਇਸ ਮਸਲੇ ਬਾਰੇ ਕੋਈ ਸ਼ੱਕ ਨਹੀਂ ਰਹਿਣ ਦਿੰਦੀ ਅਤੇ ਗੁਰੂ ਗ੍ਰੰਥ ਸਾਹਿਬ ਦੀ ਪਹਿਲੀ ਬਾਣੀ ‘ਜਪੁ’ ਵਿਚ ਇਹ ਬਿਲਕੁਲ ਸਪੱਸ਼ਟ ਹੈ।”
ਖਾਲਸਾ ਪੰਥ ਨੂੰ ਕਮਿਊਨਿਸਟ ਪਾਰਟੀ ਲਈ ਅਸਲੀ ਮਾਡਲ ਦੱਸਦਿਆਂ ਸ਼ ਕਪੂਰ ਸਿੰਘ ਦਾ ਕਥਨ ਹੈ, “ਇਕ ਵਾਰ ਜੇ ਮਸਲੇ ਨੂੰ ਇਸ ਤਰ੍ਹਾਂ ਸਮਝ ਲਿਆ ਜਾਵੇ ਤਾਂ ਇਹ ਸਪੱਸ਼ਟ ਹੋ ਜਾਵੇਗਾ ਕਿ ਜਿਥੋਂ ਤੱਕ ਦੋਵਾਂ ਪਾਰਟੀਆਂ ਦੀ ਖਾਸੀਅਤ ਦਾ ਸਬੰਧ ਹੈ, ਲੈਨਿਨ ਦੀ ਕਮਿਊਨਿਸਟ ਪਾਰਟੀ ਲਈ ਖਾਲਸਾ ਜਥੇਬੰਦੀ ਹੀ ਸਿਰਫ ਇਕੋ-ਇਕ ਅਤੇ ਅਸਲੀ ਮਾਡਲ ਹੈ ਅਤੇ ਲੈਨਿਨ ਦੀ ਇਹ ਧਾਰਨਾ ਗਲਤ ਸੀ ਕਿ ਮਨੁੱਖੀ ਸਮਾਜਾਂ ਦੇ ਇਤਿਹਾਸ ਵਿਚ ਉਸ ਦੀ ਪਾਰਟੀ ਨਿਵੇਕਲਾ ਵਰਤਾਰਾ ਹੈ।”
ਸ਼ ਕਪੂਰ ਸਿੰਘ ਅਨੁਸਾਰ “19ਵੀਂ ਸਦੀ ਦੇ ਅੱਧ ਵਿਚ ਜਦੋਂ ਤੋਂ ਖਾਲਸਾ ਪੰਥ ਨੇ ਯੂਰਪੀ ਮਾਅਰਕੇਬਾਜ਼ੀ ਅਤੇ ਨੀਵੇਂ ਪੱਧਰ ਦੀ ਕੂਟਨੀਤੀ ਹੱਥੋਂ ਆਪਣੀ ਆਜ਼ਾਦੀ ਗੁਆਈ ਤਾਂ ਸਿੱਖ ਮਨਾਂ ‘ਚ ਗਹਿਰੀ ਬੇਅਰਾਮੀ ਅਤੇ ਨਿਰਾਸ਼ਾ ਦਾ ਪਸਰਨਾ ਕੁਦਰਤੀ ਸੀ। ਸਿੱਖਾਂ ਦੀ ਅੰਗਰੇਜ਼ਾਂ ਦੇ ਹੱਥੋਂ ਹੋਈ ਰਾਜਨੀਤਕ ਬਰਬਾਦੀ ਦਾ ਕਾਰਨ, ਉਨ੍ਹਾਂ ਦੀ ਜੰਗ ਦੇ ਮੈਦਾਨ ਵਿਚ ਹੋਈ ਹਾਰ ਨਹੀਂ ਸੀ, ਸਗੋਂ ਰਾਜਨੀਤਕ ਛਲ-ਕਪਟ ਦੀ ਤਿਲਕਣਬਾਜ਼ੀ ਸੀ।” ਆਪਣੇ ਇਸ ਕਥਨ ਦੀ ਪੁਸ਼ਟੀ ਲਈ ਉਹ ਡਾæ ਵੋਲਫ ਦਾ ਹਵਾਲਾ ਦਿੰਦੇ ਹਨ ਜਿਹੜਾ 1832 ਵਿਚ ਲਾਹੌਰ ਆਇਆ ਸੀ, ਤੇ ਜਿਸ ਨੂੰ ਮਹਾਰਾਜਾ ਰਣਜੀਤ ਸਿੰਘ ਨੇ ਕਿਹਾ ਸੀ, “ਤੁਸੀਂ ਕਹਿੰਦੇ ਹੋ ਕਿ ਤੁਸੀਂ ਧਰਮ ਦੀ ਖਾਤਰ ਇਥੇ ਆਏ ਹੋ ਤਾਂ ਤੁਸੀਂ ਇਸ ਦਾ ਪ੍ਰਚਾਰ ਹਿੰਦੋਸਤਾਨ ‘ਚ ਆਏ ਅੰਗਰੇਜ਼ਾਂ ਵਿਚ ਕਿਉਂ ਨਹੀਂ ਕਰਦੇ ਜਿਹੜੇ ਬਿਲਕੁੱਲ ਹੀ ਧਰਮ ਵਿਹੂਣੇ ਹਨ।” ਡਾæ ਵੋਲਫ ਨੇ ਜਦੋਂ ਇਹੀ ਗੱਲ ਸ਼ਿਮਲੇ ਵਿਚ ਗਵਰਨਰ ਜਨਰਲ ਲਾਰਡ ਵਿਲੀਅਮ ਬੈਂਟਿਕ ਕੋਲ ਦੁਹਰਾਈ ਤਾਂ ਉਸ ਦਾ ਮੰਨਣਾ ਸੀ, “ਅਫਸੋਸ! ਸਾਰੇ ਹੀ ਦੇਸ਼ਵਾਸੀਆਂ ਦੀ ਸਾਡੇ ਬਾਰੇ ਇਹੀ ਰਾਇ ਹੈ।”
ਯੂਰਪੀ ਰਾਜਨੀਤਕ ਕਿਰਦਾਰ ਬਾਰੇ ਇੰਨੀ ਡੂੰਘੀ ਸਮਝ ਹੋਣ ਦੇ ਬਾਵਜੂਦ ਸਿੱਖ ਗੁਲਾਮ ਹੋਣੋਂ ਨਾ ਬਚ ਸਕੇ ਜਿਵੇਂ ਬਾਕੀ ਹਿੰਦੋਸਤਾਨ ਪਹਿਲਾਂ ਹੀ ਹੋ ਚੁੱਕਾ ਸੀ, ਪਰ ਸਿੱਖ ਆਪਣੀ ਪ੍ਰਭੂਸੱਤਾ ਗੁਆਚਣ ਬਾਰੇ ਆਪਣੇ ਮਨ ਦੀ ਧੁਰ ਗਹਿਰੀ ਤਹਿ ਵਿਚ ਕਦੀ ਵੀ ਸਮਝੌਤਾ ਨਾ ਕਰ ਸਕੇ ਜਿਸ ਤੋਂ ਬਿਨਾਂ ਖ਼ਾਲਸਾ ਪੰਥ ਆਪਣੇ ਦੈਵੀ ਮਿਸ਼ਨ ਜਾਂ ਆਪਣੇ ਅੰਤਿਮ ਨਿਸ਼ਾਨੇ ਨੂੰ ਪੂਰਾ ਕਰਨ ਵੱਲ ਅੱਗੇ ਨਹੀਂ ਸੀ ਵਧ ਸਕਦਾ।
ਸ਼ ਕਪੂਰ ਸਿੰਘ ਦੇ ਸ਼ਬਦਾਂ ‘ਚ ਆਪਣੀ ਇਸੇ ਭਾਵਨਾ ਕਾਰਨ ਹੀ “20ਵੀਂ ਸਦੀ ਦੇ ਅਰੰਭ ਵਿਚ ਅਮਰੀਕਾ ਦੇ ਕੁਝ ਪਰਵਾਸੀ ਸਿੱਖਾਂ ਨੇ ਗ਼ਦਰ ਪਾਰਟੀ, ਭਾਵ ਗੁਲਾਮੀ ਵਿਰੁਧ ਬਗਾਵਤ ਦੀ ਪਾਰਟੀ ਜਥੇਬੰਦ ਕੀਤੀ ਅਤੇ ਪਹਿਲੀ ਸੰਸਾਰ ਜੰਗ ਦੇ ਖਤਮ ਹੁੰਦੇ ਹੀ ਉਨ੍ਹਾਂ ‘ਚੋਂ ਅਨੇਕਾਂ ਸਿੱਖ ਦੇਸ਼ ਨੂੰ ਬਰਤਾਨਵੀ ਕਬਜ਼ੇ ‘ਚੋਂ ਆਜ਼ਾਦ ਕਰਵਾਉਣ ਦੇ ਮੰਤਵ ਨਾਲ ਹਿੰਦੋਸਤਾਨ ਆ ਗਏ। ਇਹ ਕੋਸ਼ਿਸ਼ ਅਸਫਲ ਹੋ ਗਈ ਅਤੇ ਇਨ੍ਹਾਂ ‘ਚੋਂ ਬਹੁਤੇ ਇਨਕਲਾਬੀ ਫਾਂਸੀਆਂ ‘ਤੇ ਝੂਲ ਗਏ ਜਾਂ ਧਰਤੀ ‘ਤੇ ਜੇਲ੍ਹਾਂ ਦਾ ਨਰਕ ਭੋਗਦੇ ਲਿਖਦੇ ਰਹੇ: ‘ਖਾਲਸਾ ਮਨੁੱਖਤਾ ਦੀ ਹੋਣੀ ਦਾ ਰਹਿਨੁਮਾ ਹੋਵੇਗਾ ਅਤੇ ਅਖੀਰ ‘ਤੇ ਕੋਈ ਵਿਰੋਧੀ ਧੜਾ ਨਹੀਂ ਰਹੇਗਾ, ਮੁਢਲੀ ਕੌੜੀ ਨਿਰਾਸ਼ਾ ਤੋਂ ਬਾਅਦ ਸਾਰੇ ਇਹ ਮਹਿਸੂਸ ਕਰ ਲੈਣਗੇ ਕਿ ਖਾਲਸਾ ਜਿਸ ਜੀਵਨ-ਜਾਚ ਨੂੰ ਬੁਲੰਦ ਕਰਦਾ ਹੈ, ਉਸ ਤੋਂ ਬਿਨਾਂ ਹੋਰ ਕੋਈ ਰਾਹ ਨਹੀਂ। ਇਹ ਤੈਅ ਹੈ ਕਿ ਗੁਰੂ ਦੀ ਫੌਜ ਸਮੁੱਚੇ ਹਿੰਦੋਸਤਾਨ ‘ਤੇ ਕਾਬਜ਼ ਹੋਵੇਗੀ ਅਤੇ ਸਮੁੱਚੇ ਦੇਸ਼ ਦੀ ਭਲਾਈ ਯਕੀਨੀ ਬਣਾਏਗੀ, ਫਿਰ ਹੀ ਮਨੁੱਖਤਾ ਦੀ ਖੁਸ਼ਹਾਲੀ ਅਤੇ ਅਮਨ ਦਾ ਨਵਾਂ ਦੌਰ ਸ਼ੁਰੂ ਹੋਵੇਗਾ।”
ਸ਼ ਕਪੂਰ ਸਿੰਘ ਦੀ ਲਿਖਤ ਅਨੁਸਾਰ “ਇਨ੍ਹਾਂ ‘ਚੋਂ ਬਚੇ ਹੋਏ ਸਿੱਖ ਇਨਕਲਾਬੀ ਹੀ ਸ਼ਕਤੀਸ਼ਾਲੀ ਸਿੱਖ ਕਮਿਊਨਿਸਟਾਂ ਦੇ ਗਰੁਪ ਦਾ ਧੁਰਾ ਬਣੇ। 20ਵੀਂ ਸਦੀ ਦੇ ਵੀਹਵਿਆਂ ਦੇ ਅਰੰਭ ‘ਚ ਭਾਰਤ ਨੂੰ ਬਿਦੇਸ਼ੀ ਗੁਲਾਮੀ ਦੇ ਜੂਲੇ ‘ਚੋਂ ਆਜ਼ਾਦ ਕਰਵਾਉਣ ਦੇ ਦ੍ਰਿੜ੍ਹ ਇਰਾਦੇ ਨਾਲ, ਬਿਦੇਸ਼ੀ ਸਹਾਇਤਾ ਅਤੇ ਮਦਦ ਲੈਣ ਦੇ ਨਿਸ਼ਾਨੇ ਨੂੰ ਮੁੱਖ ਰੱਖ ਕੇ, ਉਨ੍ਹਾਂ ਨੇ ਕਮਿਊਨਿਸਟ ਇੰਟਰਨੈਸ਼ਨਲ (ਕੌਮਿਨਤਰਨ) ਨਾਲ ਸਬੰਧ ਬਣਾਏ। ਕਿਉਂਕਿ ਉਦੋਂ ਭਾਰਤ ਦੇ ਬਾਹਰ ਸਿਰਫ ਕਮਿਊਨਿਸਟ ਇੰਟਰਨੈਸ਼ਨਲ ਹੀ ਅਜਿਹੀ ਜਥੇਬੰਦੀ ਸੀ ਜਿਹੜੀ ਇਹ ਮਦਦ ਦੇਣ ਲਈ ਫੌਰੀ ਤਿਆਰ ਹੋ ਗਈ। ਇਸ ਨੇ ਕੁਝ ਬਹੁਤ ਦ੍ਰਿੜ੍ਹ ਅਤੇ ਸੁਹਿਰਦ ਪਰ ਜ਼ਰੂਰੀ ਨਹੀਂ ਰਾਜਨੀਤਕ ਤੌਰ ‘ਤੇ ਸਿਆਣੇ ਸਿੱਖਾਂ ਨੂੰ ਸਰਬ-ਰੂਸੀ ਕਮਿਊਨਿਸਟ ਪਾਰਟੀ ਦੇ ਪ੍ਰਭਾਵ ਅਤੇ ਜ਼ਾਬਤੇ ਥੱਲੇ ਲੈ ਆਂਦਾ ਤੇ ਇਸ ਤਰ੍ਹਾਂ ਕਾਇਮ ਹੋਇਆ ਰਿਸ਼ਤਾ ਸਥਾਈ ਬਣ ਗਿਆ।
ਸਿੱਖਾਂ ਦੇ ਇਸ ਤਬਕੇ ‘ਤੇ ਕਮਿਊਨਿਸਟ ਵਿਚਾਰਧਾਰਾ ਦੀ ਪਕੜ ਦਾ ਜਜ਼ਬਾਤੀ ਕਾਰਨ ਦੋ ਪੱਖੀ ਹੈ। ਖਾਲਸਾ ਜਥੇਬੰਦੀ ਅਤੇ ਲੈਨਿਨ ਦੀ ਸਰਬ-ਰੂਸੀ ਕਮਿਊਨਿਸਟ ਪਾਰਟੀ ਦੀ ਸਮਾਨਤਾ ਅਤੇ ਕਮਿਊਨਿਸਟ ਪਾਰਟੀ ਦੇ ਕਾਰਕੁਨਾਂ ਤੋਂ ਕੁਰਬਾਨੀ ਅਤੇ ਸਮਰਪਣ ਭਾਵਨਾ ਦੀ ਮੰਗ ਕੁਦਰਤੀ ਤੌਰ ‘ਤੇ ਇਕ ਸਿੱਖ ਵਾਸਤੇ ਖਿੱਚ ਰੱਖਦੀ ਹੈ। ਕਿਉਂਕਿ ਇਹੀ ਭਾਵਨਾ ਉਸ ਨੂੰ ਸਿੱਖ ਸਿਧਾਂਤਾਂ ਅਤੇ ਗੁਰੂ ਗੋਬਿੰਦ ਸਿੰਘ ਵੱਲੋਂ ਖਾਲਸਾ ਪੰਥ ਦੀ ਸਾਜਨਾ ਵੇਲੇ ਆਪਣੇ ਸਾਥੀਆਂ ਦੀ ਸੇਵਾ ਵਾਸਤੇ ਤਿਆਗ ਦੀ ਦ੍ਰਿੜ੍ਹਾਈ ਗਈ ਪ੍ਰੇਰਨਾ ਨੂੰ ਪੂਰਾ ਕਰਨ ਦੇ ਮੌਕੇ ਦਿੰਦੀ ਹੈ। ਕਮਿਊਨਿਸਟ ਪਾਰਟੀ ਦੇ ਵਫਾਦਾਰ ਤੇ ਸਮਰਪਿਤ ਮੈਂਬਰ ਦੇ ਤੌਰ ‘ਤੇ ਕੰਮ ਕਰ ਕੇ ਸਿੱਖਾਂ ਦੇ ਇਸ ਵਰਗ ਨੂੰ ਮਹਿਸੂਸ ਹੁੰਦਾ ਹੈ ਕਿ ਉਹ ਸਿੱਖੀ ਨੂੰ ਪਿਆਰ ਕਰ ਰਿਹਾ ਹੈ ਅਤੇ ਗੁਰੂ ਗੋਬਿੰਦ ਸਿੰਘ ਵਾਂਗ ਹੀ ਉਨ੍ਹਾਂ ਦੀਆਂ ਸਿੱਖਿਆਵਾਂ ਨੂੰ ਅਮਲੀ ਰੂਪ ਵਿਚ ਲਾਗੂ ਕਰ ਰਿਹਾ ਹੈ।
ਉਨ੍ਹਾਂ ਦੀ ਪਾਰਟੀ ਪ੍ਰਤੀ ਯਕੀਨੀ ਵਫਾਦਾਰੀ ਅਤੇ ਖਿੱਚ ਦਾ ਕਾਰਨ, ਉਨ੍ਹਾਂ ਦੀ ਇਹ ਸੋਚ ਸੀ ਕਿ ਇਸ ਦੇ ਪਿਛੋਕੜ ਵਿਚ ਬੁਨਿਆਦੀ ਕਾਰਨ ਇਨਸਾਨੀਅਤ ਹੈ। ਦੱਬੇ-ਕੁਚਲੇ, ਪਛੜਿਆਂ ਅਤੇ ਗਰੀਬਾਂ ਦੇ ਹਿਤਾਂ ਦੀ ਪੈਰੋਕਾਰੀ ਬੁਨਿਆਦੀ ਸਿੱਖ ਪ੍ਰੇਰਨਾ ਹੈ ਅਤੇ ਕਮਿਊਨਿਸਟ ਪਾਰਟੀ ਦੇ ਨਾਅਰੇ ਅਤੇ ਨਿਯਮ ਇਸ ਭਾਵਨਾ ਦੀ ਅਪੀਲ ਨੂੰ ਧਿਆਨ ਵਿਚ ਰੱਖ ਕੇ ਘੜੇ ਜਾਂਦੇ ਹਨ।”
ਹੁਣੇ ਜਿਹੇ ਛਪ ਕੇ ਆਈ ‘ਜੀਵਨੀ ਗਦਰੀ ਬਾਬਾ ਸ਼ਹੀਦ ਮਾਸਟਰ ਊਧਮ ਸਿੰਘ ਕਸੇਲ’ ਸ਼ ਕਪੂਰ ਸਿੰਘ ਦੀਆਂ ਇਨ੍ਹਾਂ ਸਾਰੀਆਂ ਧਾਰਨਾਵਾਂ ਦੀ ਪੁਸ਼ਟੀ ਕਰਦੀ ਹੈ। ‘ਸਾਂਝੀਵਾਲਤਾ ਦਾ ਵਣਜਾਰਾ’ ਦੇ ਨਾਂ ਹੇਠ ਸ੍ਰੀ ਚਰੰਜੀ ਨਾਲ ਕੰਗਣੀਵਾਲ ਵੱਲੋਂ ਗਦਰ ਲਹਿਰ ਦੇ ਦਸਤਾਵੇਜ਼ਾਂ ਤੇ ਹੋਰ ਥਾਂਵਾਂ ਤੋਂ ਇਕੱਠੇ ਕੀਤੇ ਤੱਥਾਂ ਦੇ ਹਵਾਲੇ ਨਾਲ ਸੰਪਾਦਤ ਕੀਤੀ ਗਈ ਇਸ ਕਿਤਾਬ ਨੇ ਗਦਰ ਲਹਿਰ ਬਾਰੇ ਬਹੁਤ ਸਾਰੇ ਨਵੇਂ ਪੱਖਾਂ ਨੂੰ ਪ੍ਰਗਟ ਕੀਤਾ ਹੈ।
ਇਸ ਕਿਤਾਬ ਦੀ ਭੂਮਿਕਾ ਵਿਚ ਹੀ ਇਹ ਹਕੀਕਤ ਮੰਨ ਲਈ ਗਈ ਹੈ ਕਿ “ਸਿੱਖ ਇਤਿਹਾਸ ਦੇ ਅਮੀਰ ਗੁਣਾਂ ਨੂੰ ਆਪਣੇ ਸਮੇਂ ਮੁਤਾਬਕ ਆਜ਼ਾਦੀ ਲਹਿਰ ਦੀਆਂ ਬੁਨਿਆਦਾਂ ਪੱਕੀਆਂ ਕਰਨ ਲਈ ਸੁਯੋਗਤਾ ਨਾਲ ਅਮਲ ‘ਚ ਲਿਆਉਣ ਲਈ ਊਧਮ ਸਿੰਘ ਕਸੇਲ ਦੀ ਉਘੀ ਭੂਮਿਕਾ ਹੈ। ਮਾਸਟਰ ਊਧਮ ਸਿੰਘ ਕਸੇਲ, ਮਾਸਟਰ ਤਾਰਾ ਸਿੰਘ, ਸ਼ ਤੇਜਾ ਸਿੰਘ ਸਮੁੰਦਰੀ ਨੇ ਸਿੱਖ ਲਹਿਰ ਦੀਆਂ ਨਰੋਈਆਂ ਰਵਾਇਤਾਂ ਫੜਦਿਆਂ ਜਨਤਕ ਪ੍ਰਚਾਰ, ਜਨਤਕ ਲਾਮਬੰਦੀ, ਜਨਤਕ ਮਸਲੇ ਅਤੇ ਜਨਤਕ ਲਹਿਰ ਦੀ ਨੋਕ ਸਾਮਰਾਜੀ ਦਾਬੇ ਨੂੰ ਵਗਾਹ ਮਾਰਨ ਲਈ ਅਵਾਮ ਨੂੰ ਪ੍ਰੇਰਿਤ ਕਰਨ ਵੱਲ ਸੇਧਤ ਕੀਤੀ।”
ਇਸ ਕਿਤਾਬ ਨੇ ਇਸ ਗੱਲ ਦੀ ਵੀ ਪੁਸ਼ਟੀ ਕਰ ਦਿੱਤੀ ਹੈ ਕਿ ਬਹੁਗਿਣਤੀ ਗਦਰੀ ਨਾ ਸਿਰਫ ਪੂਰਨ ਗੁਰਸਿੱਖ ਸਨ, ਸਗੋਂ ਸਿੱਖੀ ਜੀਵਨ-ਜਾਚ ਵਿਚ ਵੀ ਪਰਪੱਕ ਸਨ। ਉਨ੍ਹਾਂ ਦੀ ਪ੍ਰੇਰਨਾ ਦਾ ਸੋਮਾ ਸਿੱਖ ਇਤਿਹਾਸ ਸੀ ਤੇ ਉਨ੍ਹਾਂ ਦੀ ਸਾਂਝੀਵਾਲਤਾ ਦੇ ਪੈਗ਼ਾਮ ਦਾ ਆਧਾਰ ਗੁਰਮਤਿ ਫਿਲਾਸਫੀ ਸੀ। ਉਨ੍ਹਾਂ ਨੇ ਸਿੱਖ ਇਤਿਹਾਸ ਤੇ ਸਿੱਖ ਸਿਧਾਂਤਾਂ ਨੂੰ ਵੇਲੇ ਦੇ ਹਾਲਾਤ ਨਾਲ ਇਕਸੁਰ ਕਰਨ ਦੀ ਸਫਲ ਕੋਸ਼ਿਸ਼ ਕੀਤੀ, ਕਿਉਂਕਿ “ਦੱਬੇ-ਕੁਚਲੇ, ਪੱਛੜਿਆਂ ਅਤੇ ਗਰੀਬਾਂ ਦੇ ਹਿਤਾਂ ਦੀ ਪੈਰੋਕਾਰੀ ਬੁਨਿਆਦੀ ਸਿੱਖ ਪ੍ਰੇਰਨਾ ਹੈ ਤੇ ਇਸ ਦੇ ਪਿਛੋਕੜ ਵਿਚ ਇਨਸਾਨੀਅਤ ਦਾ ਜਜ਼ਬਾ ਹੈ।” ਆਪਣੇ ਇਸੇ ਜਜ਼ਬੇ ਕਾਰਨ ਹੀ ਜਦੋਂ 1917 ਵਿਚ ਰੂਸ ਅੰਦਰ ਕਮਿਊਨਿਸਟ ਪਾਰਟੀ ਦੀ ਅਗਵਾਈ ਹੇਠ ਕਿਰਤੀ ਇਨਕਲਾਬ ਆਇਆ ਅਤੇ ਦੁਨੀਆਂ ਭਰ ਵਿਚ ਇਹ ਪ੍ਰਚਾਰ ਹੋਇਆ ਕਿ ਹੁਣ ਰੂਸ ਦੀ ਤਰਜ਼ ‘ਤੇ ਸਾਰੇ ਸੰਸਾਰ ਵਿਚ ਮਜ਼ਦੂਰਾਂ ਦੀ ਅਗਵਾਈ ਹੇਠ ਮਿਹਨਤਕਸ਼ਾਂ ਦਾ ਰਾਜ ਹੋਵੇਗਾ, ਤਾਂ ਗਦਰ ਪਾਰਟੀ ਦੇ ਨਿਕਲਦੇ ਅਖ਼ਬਾਰ ਵੱਲੋਂ 1917 ਦੇ “ਰੂਸੀ ਇਨਕਲਾਬ ਬਾਰੇ ਖ਼ਬਰਨਾਮਾ” ਦੇ ਨਾਂ ਹੇਠ 64 ਸਫਿਆਂ ਦਾ ਕਿਤਾਬਚਾ ਪੰਜਾਬੀ, ਉਰਦੂ ਤੇ ਹਿੰਦੀ ਵਿਚ ਛਾਪ ਕੇ ਸੰਸਾਰ ਭਰ ਵਿਚ ਮੁਫਤ ਵੰਡਿਆ ਗਿਆ। 28 ਮਾਰਚ 1917 ਦੇ ਹਿੰਦੁਸਤਾਨ ਗਦਰ ਅਖਬਾਰ ਦੇ ਉਪਰ ‘ਰੂਸ ਆਜ਼ਾਦ ਹੋ ਗਿਆ’ ਮੁੱਖ ਸੁਰਖੀ ਸੀ ਅਤੇ ਅਖ਼ਬਾਰ ਦਾ ਸਾਰਾ ਅੰਕ ਰੂਸੀ ਇਨਕਲਾਬ ਨੂੰ ਸਮਰਪਤ ਸੀ। ਗਦਰ ਪਾਰਟੀ ਦੀ ਇਸੇ ਨੀਤੀ ਕਾਰਨ ਹੀ ਤੀਜੀ ਕਮਿਊਨਿਸਟ ਇੰਟਰਨੈਸ਼ਨਲ ਨੇ ਅਮਰੀਕਾ ਦੀ ਕਮਿਊਨਿਸਟ ਪਾਰਟੀ ਨੂੰ ਹਦਾਇਤ ਕੀਤੀ ਕਿ ਉਹ ਹਿੰਦੁਸਤਾਨ ਦੀ ਗਦਰ ਪਾਰਟੀ ਨਾਲ ਸਬੰਧ ਸਥਾਪਤ ਕਰੇ।
ਇਥੇ ਸੁਆਲ ਪੈਦਾ ਹੁੰਦਾ ਹੈ ਕਿ ਸਾਂਝੇ ਪ੍ਰੇਰਨਾ ਸ੍ਰੋਤਾਂ ਦੁਆਲੇ ਬਣਿਆ ਇਹ ਗੱਠਜੋੜ ਟੁੱਟ ਕਿਉਂ ਗਿਆ ਅਤੇ ਸਿੱਖੀ ਤੇ ਕਮਿਊਨਿਜ਼ਮ ਦੀ ਇਹ ਸਾਂਝ ਖਤਮ ਹੁੰਦੀ ਹੁੰਦੀ ਇਕ-ਦੂਜੇ ਦੇ ਵਿਰੋਧ ਵਿਚ ਕਿਉਂ ਆ ਖੜ੍ਹੀ? ਇਸ ਸੁਆਲ ਦੇ ਜੁਆਬ ਦਾ ਸਬੰਧ ਨਾ ਸਿਰਫ ਪੰਜਾਬ ਦੇ ਭਵਿੱਖ ਨਾਲ, ਸਗੋਂ ਅੱਜ ਦੇ ਹਾਲਾਤ ਵਿਚ ਆਲਮੀ ਕਮਿਊਨਿਸਟ ਲਹਿਰ ਦੇ ਭਵਿੱਖ ਨਾਲ ਵੀ ਜੁੜਿਆ ਹੋਇਆ ਹੈ। ਇਹ ਗੱਲ ਰਵਾਇਤੀ ਕਮਿਊਨਿਸਟਾਂ ਅਤੇ ਰਵਾਇਤੀ ਸਿੱਖਾਂ ਨੂੰ ਭਾਵੇਂ ਵਧਵੀਂ ਜਾਂ ਓਪਰੀ ਲੱਗ ਸਕਦੀ ਹੈ ਪਰ ਸੱਚ ਇਹੀ ਹੈ।
ਇਸ ਗੱਲ ਦਾ ਖੁਲਾਸਾ ਦੇਸ਼ ਭਗਤ ਯਾਦਗਾਰ ਹਾਲ, ਜਲੰਧਰ ਵਿਖੇ ਇਸ ਨਵੀਂ ਕਿਤਾਬ ‘ਤੇ ਹੋਈ ਵਿਚਾਰ-ਚਰਚਾ ‘ਚ ਵੀ ਹੋਇਆ ਸੀ। ਇਸ ਕਿਤਾਬ ਬਾਰੇ ਲਿਖਿਆ ਆਪਣਾ ਵਿਸ਼ਲੇਸ਼ਣਾਤਮ ਅਧਿਐਨ ਪੇਸ਼ ਕਰਦਿਆਂ ਸ੍ਰੀ ਸਤਨਾਮ ਚਾਨਾ ਨੇ ਸਪਸ਼ਟ ਕੀਤਾ ਕਿ ਗਦਰ ਲਹਿਰ ਦਾ ਹੁਣ ਤੱਕ ਦਾ ਮਿਲਦਾ ਲਿਖਤ ਇਤਿਹਾਸ ਆਮ ਕਰ ਕੇ ਗਦਰੀਆਂ ਦੀਆਂ ਆਪਣੀਆਂ ਯਾਦਾਂ, ਡਾਇਰੀਆਂ ਅਤੇ ਹੱਡ ਬੀਤੀਆਂ ਦਾ ਵਰਣਨ ਹੈ। ਬਹੁਤ ਥੋੜ੍ਹਾ ਹੈ ਜੋ ਖੋਜ ਦੇ ਨਜ਼ਰੀਏ ਤੋਂ ਵਿਸ਼ਾ ਬਣਾ ਕੇ ਰਚਿਆ ਹੋਇਆ ਹੋਵੇ। ਲਾਜ਼ਮੀ ਤੌਰ ‘ਤੇ ਰਚੈਤਾ ਦੀ ਇਹ ਦੇਣ ਗਦਰ ਲਹਿਰ ਸਬੰਧੀ ਸਥਾਪਤ ਕੀਤੇ ਜਾ ਚੁੱਕੇ ਸੰਕਲਪਾਂ ਨੂੰ ਸੋਧਣ ਲਈ ਮਜਬੂਰ ਕਰੇਗੀ। ਇਸ ਨੇ ਸਾਡੇ ਸਾਹਮਣੇ ਸੁਆਲਾਂ ਦਾ ਅਜਿਹਾ ਸਮੂਹ ਪੇਸ਼ ਕੀਤਾ ਹੈ ਜਿਸ ਤੋਂ ਸਾਡੇ ਦਾਰਸ਼ਨਿਕ, ਸਿਆਸੀ-ਵਿਗਿਆਨੀ ਅਤੇ ਇਤਿਹਾਸਕਾਰ ਹੋਊ-ਪਰ੍ਹੇ ਕਰ ਕੇ ਪਿੱਛਾ ਨਹੀਂ ਛੁਡਾ ਸਕਦੇ।
ਇਨ੍ਹਾਂ ਦਾਰਸ਼ਨਿਕ ਤੇ ਰਾਜਨੀਤਕ ਸੁਆਲਾਂ ਦੇ ਜੁਆਬ ਹੀ ਸਿੱਖੀ ਤੇ ਕਮਿਊਨਿਜ਼ਮ ਵਿਚ ਪਈ ਦੁਫੇੜ ਦੇ ਕਾਰਨ ਸਪੱਸ਼ਟ ਕਰਨਗੇ। ਇਨ੍ਹਾਂ ਕਾਰਨਾਂ ਦੀ ਨਿਸ਼ਾਨਦੇਹੀ ਕਰਦਿਆਂ ਇਸ ਦੇ ਅਹਿਮ ਕਾਰਨ ਵੱਲ ਸ੍ਰੀ ਸਤਨਾਮ ਚਾਨਾ ਨੇ ਵੀ ਇਸ਼ਾਰਾ ਕੀਤਾ ਹੈ। ਸ੍ਰੀ ਚਾਨਾ ਅਨੁਸਾਰ, “ਲੱਗਦਾ ਹੈ ਕਿ ਕਮਿਊਨਿਸਟ ਆਗੂਆਂ ਨੇ ਕਮਿਊਨਿਜ਼ਮ ਨੂੰ ਠੀਕ ਤਰ੍ਹਾਂ ਸਮਝਣ ਤੋਂ ਬਿਨਾਂ ਹੀ ਇਸ ਨੂੰ ਲਾਗੂ ਕਰਨ ਦਾ ਬੀੜਾ ਉਠਾਇਆ।”
ਅਸਲ ਵਿਚ ਇਹੀ ਨੁਕਤਾ ਹੈ ਜਿੱਥੇ ਧਿਆਨ ਕੇਂਦਰਿਤ ਕਰਨ ਦੀ ਲੋੜ ਹੈ। ਲੱਗਦਾ ਨਹੀਂ, ਸਗੋਂ ਇਹ ਸਪਸ਼ਟ ਹੈ ਕਿ ਮਾਰਕਸ-ਏਂਗਲਜ ਤੋਂ ਬਾਅਦ ਦੇ ਕਮਿਊਨਿਸਟ ਆਗੂਆਂ ਜਿਨ੍ਹਾਂ ਵਿਚ ਕਾਮਰੇਡ ਲੈਨਿਨ ਅਤੇ ਕਾਮਰੇਡ ਸਟਾਲਿਨ ਸ਼ਾਮਲ ਹਨ, ਨੇ ਕਮਿਊਨਿਜ਼ਮ ਨੂੰ ਠੀਕ ਤਰ੍ਹਾਂ ਆਪਣੀ ਪਕੜ ਵਿਚ ਲਿਆਉਣ ਤੋਂ ਬਿਨਾਂ ਹੀ ਰੂਸ ਸਮੇਤ ਸਾਰੇ ਦੇਸ਼ਾਂ ਅੰਦਰ ਇਸ ਨੂੰ ਲਾਗੂ ਕਰਨ ਦੇ ਯਤਨ ਕੀਤੇ ਜਿਹੜੇ ਯਤਨ ਕੁਦਰਤੀ ਹਕੀਕਤ, ਭਾਵ ਕੁਦਰਤ ਤੇ ਮਨੁੱਖ ਦੇ ਹਕੀਕੀ ਰਿਸ਼ਤੇ ਤੋਂ ਟੁੱਟੇ ਹੋਣ ਕਾਰਨ ਅਸਫਲ ਹੋ ਗਏ। ਇਸੇ ਕਰ ਕੇ ਰੂਸ ਅਤੇ ਚੀਨ ਸਮੇਤ ਜਿਨ੍ਹਾਂ ਦੇਸ਼ਾਂ ਵਿਚ ਕਮਿਊਨਿਸਟ ਇਨਕਲਾਬ ਆਏ, ਉਹ ਸਾਰੇ ਮੁੜ ਸਾਮਰਾਜੀ ਪੂੰਜੀਵਾਦੀ ਰਾਹ ਉਤੇ ਪੈ ਗਏ।
ਇਸ ਦਾ ਕਾਰਨ ਇਹੀ ਸੀ ਕਿ ‘ਮਨੁੱਖੀ ਅਜ਼ਾਦੀ’ ਅਤੇ ‘ਮਨੁੱਖੀ ਵਿਕਾਸ’ ਦੇ ਬਾਰੇ ਮਾਰਕਸੀ ਧਾਰਨਾਵਾਂ ਨੂੰ ਸਮਝਿਆ ਨਾ ਗਿਆ। ਇਸੇ ਕਾਰਨ ਹੀ ਮਾਰਕਸ ਏਂਗਲਜ਼ ਤੋਂ ਬਾਅਦ ਦੇ ਕਮਿਊਨਿਸਟ ਆਗੂ ਧਰਮ ਬਾਰੇ ਮਾਰਕਸੀ ਦ੍ਰਿਸ਼ਟੀਕੋਣ ਸਮਝਣ ਤੋਂ ਊਣੇ ਰਹੇ। ਇਸ ਦੀ ਇਕ ਮਿਸਾਲ ਮਾਰਕਸ-ਏਂਗਲਜ਼ ਤੇ ਲੈਨਿਨ ਦੀਆਂ ਧਰਮ ਬਾਰੇ ਬਣੀਆਂ ਧਾਰਨਾਵਾਂ ਵਿਚ ਸਪਸ਼ਟ ਵਖਰੇਵਾਂ ਹੈ। ਏਂਗਲਜ਼ ਅਨੁਸਾਰ ‘ਮਨੁੱਖੀ ਅਜ਼ਾਦੀ’ ਦਾ ਅਰਥ ਆਪਣੀਆਂ ਕੁਦਰਤੀ ਸਰੀਰਕ ਲੋੜਾਂ ਦੀ ਪਛਾਣ ਕਰ ਕੇ ਅਤੇ ਆਪਣੇ ਸਵੈ ਉਤੇ ਕਾਬੂ ਪਾ ਕੇ ਜੀਵਨ ਜਿਉਣ ਦੀ ਜਾਚ ਜਾਂ ਅਨੁਭਵ ਹੈ ਅਤੇ ਮਾਰਕਸ ਅਨੁਸਾਰ ‘ਮਨੁੱਖੀ ਵਿਕਾਸ’ ਦਾ ਅਰਥ ਮਨੁੱਖ ਦਾ ਰੂਹਾਨੀ ਵਿਕਾਸ ਹੈ।
ਮਾਰਕਸ ਦਾ ਧਰਮ ਬਾਰੇ ਕਥਨ ਹੈ, “ਮਨੁੱਖ ਨੇ ਧਰਮ ਬਣਾਇਆ ਹੈ, ਧਰਮ ਨੇ ਮਨੁੱਖ ਨਹੀਂ ਬਣਾਇਆ। ਬਿਨਾਂ ਸ਼ੱਕ ਧਰਮ ਉਸ ਮਨੁੱਖ ਦੀ ਸਵੈਚੇਤਨਾ ਅਤੇ ਸਵੈਬੁਲੰਦੀ ਹੈ ਜਿਸ ਨੇ ਜਾਂ ਤਾਂ ਹੁਣ ਤੱਕ ਖੁਦ ਨੂੰ ਪਛਾਣਿਆ ਨਹੀਂ ਅਤੇ ਜਾਂ ਖੁਦ ਨੂੰ ਫਿਰ ਗੁਆ ਲਿਆ ਹੈ, ਪਰ ਮਨੁੱਖ ਸੰਸਾਰ ਤੋਂ ਬਾਹਰ ਵਸਦੀ ਕੋਈ ਨਿਖੜੀ ਹੋਂਦ ਨਹੀਂ, ਸਗੋਂ ਉਹ ਮਨੁੱਖ-ਰਾਜ-ਸਮਾਜ ਦੇ ਸੰਸਾਰ ਦਾ ਮਨੁੱਖ ਹੈ। ਇਹ ਰਾਜ ਅਤੇ ਸਮਾਜ ਧਰਮ ਪੈਦਾ ਕਰਦਾ ਹੈ ਜਿਹੜਾ ਸੰਸਾਰ ਦੀ ਉਲਟੀ ਚੇਤਨਾ ਹੈ; ਕਿਉਂਕਿ ਇਹ ਉਲਟਾ ਸੰਸਾਰ ਹੈ। ਧਰਮ ਇਸ ਸੰਸਾਰ ਦਾ ਆਮ ਸਿਧਾਂਤ ਹੈ, ਉਸ ਦਾ ਮਹਾਂ-ਕੋਸ਼ੀ ਸਾਰ ਹੈ, ਉਸ ਦਾ ਸਾਧਾਰਨ ਤਰਕ ਹੈ, ਉਸ ਦਾ ਰੂਹਾਨੀ ਸਤਿਕਾਰ ਹੈ, ਉਸ ਦਾ ਜੋਸ਼ ਹੈ, ਉਸ ਦੀ ਇਖਲਾਕੀ ਮਾਨਤਾ ਹੈ, ਉਸ ਦੀ ਪਵਿੱਤਰ ਪੂਰਨਤਾ ਹੈ ਅਤੇ ਉਸ ਦੇ ਹੌਂਸਲੇ ਅਤੇ ਜਾਇਜ਼ ਹੋਣ ਦਾ ਸਰਬਵਿਆਪੀ ਆਧਾਰ ਹੈ। ਇਹ ਮਨੁੱਖੀ ਤੱਤ ਦੀ ਕਾਲਪਨਿਕ ਪ੍ਰਾਪਤੀ ਹੈ ਕਿਉਂਕਿ ਮਨੁੱਖੀ ਤੱਤ ਨੇ ਅਜੇ ਕੋਈ ਹਕੀਕੀ ਅਸਲੀਅਤ ਪ੍ਰਾਪਤ ਨਹੀਂ ਕੀਤੀ। ਇਸ ਲਈ ਧਰਮ ਵਿਰੁਧ ਸੰਘਰਸ਼ ਅਸਿੱਧੇ ਰੂਪ ਵਿਚ ਉਸ ਸੰਸਾਰ ਵਿਰੁਧ ਸੰਘਰਸ਼ ਹੈ ਜਿਸ ਦਾ ਰੂਹਾਨੀ ਜਲੌਅ ਧਰਮ ਹੈ।
ਧਾਰਮਿਕ ਦੁਖ ਇਕੋ ਵੇਲੇ ਅਮਲੀ ਦੁਖ ਦਾ ਪ੍ਰਗਟਾਵਾ ਹੈ ਅਤੇ ਅਮਲੀ ਦੁਖ ਵਿਰੁਧ ਰੋਸ ਹੈ। ਧਰਮ ਪੀੜਤ ਪ੍ਰਾਣੀ ਦਾ ਹਉਕਾ ਹੈ। ਬੇਦਰਦ ਸੰਸਾਰ ਦਾ ਦਰਦ ਹੈ ਅਤੇ ਰੂਹ ਵਿਹੂਣੇ ਮਾਹੌਲ ਦੀ ਰੂਹ ਹੈ। ਇਹ ਲੋਕਾਂ ਦੀ ਅਫੀਮ ਹੈ।
ਲੋਕਾਂ ਦੀ ਭਰਮਾਊ ਖੁਸ਼ੀ ਵਜੋਂ ਧਰਮ ਦਾ ਖਾਤਮਾ ਉਨ੍ਹਾਂ ਦੀ ਅਸਲੀ ਖੁਸ਼ੀ ਵਾਸਤੇ ਮੰਗ ਹੈ। ਉਨ੍ਹਾਂ ਨੂੰ ਇਹ ਕਹਿਣਾ ਕਿ ਆਪਣੇ ਹਾਲਾਤ ਬਾਰੇ ਬਣੇ ਆਪਣੇ ਭਰਮਾਂ ਨੂੰ ਤਿਆਗ ਦਿਉ, ਦਾ ਮਤਲਬ ਉਨ੍ਹਾਂ ਨੂੰ ਇਹ ਕਹਿਣਾ ਹੈ ਕਿ ਉਨ੍ਹਾਂ ਹਾਲਾਤ ਨੂੰ ਤਿਆਗ ਦਿਉ ਜਿਨ੍ਹਾਂ ਦੀ ਲੋੜ ਇਹ ਭਰਮ ਹਨ। ਇਸ ਲਈ ਧਰਮ ਦੀ ਆਲੋਚਨਾ ਮੁੱਢਲੇ ਰੂਪ ਵਿਚ ਹੰਝੂਆਂ ਦੀ ਉਸ ਵਾਦੀ ਦੀ ਆਲੋਚਨਾ ਹੈ ਜਿਸ ਦਾ ਪ੍ਰਭਾ ਮੰਡਲ ਧਰਮ ਹੈ।”
ਏਂਗਲਜ ਦੇ ਕਥਨ ਅਨੁਸਾਰ “ਸਾਰੇ ਧਰਮ ਹੋਰ ਕੁਝ ਨਹੀਂ, ਸਗੋਂ ਰੋਜ਼ਾਨਾ ਜ਼ਿੰਦਗੀ ਵਿਚ ਭਾਰੂ ਜਾਂ ਪ੍ਰਬਲ ਸ਼ਕਤੀਆਂ ਦਾ ਮਨੁੱਖੀ ਮਨਾਂ ‘ਚ ਬਣਿਆ ਅਕਸ ਹੈ, ਇਕ ਅਕਸ ਜਿਸ ਵਿਚ ਦੁਨਿਆਵੀ ਸ਼ਕਤੀਆਂ ਦੈਵੀ ਰੂਪ ਧਾਰਨ ਕਰ ਲੈਂਦੀਆਂ ਹਨ। ਇਤਿਹਾਸ ਦੇ ਅਰੰਭ ਵਿਚ ਇਹ ਕੁਦਰਤੀ ਸ਼ਕਤੀਆਂ ਹੀ ਸਨ ਜਿਹੜੀਆਂ ਪਹਿਲਾਂ ਇਸ ਤਰ੍ਹਾਂ ਪ੍ਰਗਟ ਹੋਈਆਂ ਅਤੇ ਜਿਹੜੀਆਂ ਅਗਲੇਰੇ ਵਿਕਾਸ ਦੌਰਾਨ ਅੱਡ-ਅੱਡ ਕਬੀਲਿਆਂ ਵਿਚਕਾਰ ਅਨੇਕਾਂ ਤਰ੍ਹਾਂ-ਤਰ੍ਹਾਂ ਦੇ ਗੁੰਝਲਦਾਰ ਅਤੇ ਰੰਗ-ਬਰੰਗੇ ਮੂਰਤੀਕਰਨ ਵਿਚ ਬਦਲ ਗਈਆਂ।” (ਏਂਗਲਜ, ਐਂਟੀ ਡਿਹੂਰਿੰਗ, ਸਫਾ 410)
ਧਰਮਾਂ ਦਾ ਇਹ ਗੁੰਝਲਦਾਰ ਵਰਤਾਰਾ ਉਨਾ ਚਿਰ ਖਤਮ ਨਹੀਂ ਹੋਣਾ ਜਿੰਨਾ ਚਿਰ ਮਨੁੱਖੀ ਚੇਤਨਾ ਅੰਦਰ ਮਨੁੱਖ ਤੇ ਕੁਦਰਤ ਦਾ ਰਿਸ਼ਤਾ ਸਪੱਸ਼ਟ ਤੇ ਸਿੱਧਾ ਨਹੀਂ ਹੋ ਜਾਂਦਾ। ਇਸ ਬਾਰੇ ਮਾਰਕਸ ਦਾ ਬੜਾ ਸਪੱਸ਼ਟ ਬਿਆਨ ਹੈ, “ਹਕੀਕੀ ਸੰਸਾਰ ਦਾ ਧਾਰਮਿਕ ਅਕਸ ਕਿਸੇ ਵੀ ਸੂਰਤ ਵਿਚ ਅੰਤਿਮ ਤੌਰ ‘ਤੇ ਸਿਰਫ ਉਦੋਂ ਹੀ ਮਿਟ ਸਕਦਾ ਹੈ, ਜਦੋਂ ਮਨੁੱਖ ਦੀ ਰੋਜ਼ਾਨਾ ਜ਼ਿੰਦਗੀ ਦੇ ਅਮਲੀ ਰਿਸ਼ਤਿਆਂ ਦਾ ਪਸਾਰ ਤੇ ਮਨੁੱਖ ਦਾ ਆਪਣੇ ਨਾਲਦਿਆਂ ਮਨੁੱਖਾਂ ਬਾਰੇ ਅਤੇ ਕੁਦਰਤ ਨਾਲ ਰਿਸ਼ਤਾ ਬਿਲਕੁੱਲ ਸਪੱਸ਼ਟ ਅਤੇ ਤਰਕਸੰਗਤ ਬਣ ਜਾਂਦਾ ਹੈ।” (ਮਾਰਕਸ, ‘ਸਰਮਾਇਆ’ ਜਿਲਦ ਪਹਿਲੀ, ਸਫਾ 84)
ਮਾਰਕਸ-ਏਂਗਲਜ਼ ਨੇ ਆਪਣੀਆਂ ਲਿਖਤਾਂ ਅੰਦਰ ਕਿਤੇ ਵੀ ਧਰਮ ਦਾ ਜਾਂ ਕਿਸੇ ਵੀ ਧਰਮ ਦਾ ਅੰਨ੍ਹਾ ਵਿਰੋਧ ਨਹੀਂ ਕੀਤਾ, ਪਰ ਲੈਨਿਨ ਦੀ ਧਰਮ ਬਾਰੇ ਧਾਰਨਾ ਉਨ੍ਹਾਂ ਤੋਂ ਬਿਲਕੁੱਲ ਵੱਖਰੀ ਹੈ, “ਕਮਿਊਨਿਸਟਾਂ ਦੇ ਸਮੁੱਚੇ ਸੰਸਾਰ ਦ੍ਰਿਸ਼ਟੀਕੋਣ ਦਾ ਆਧਾਰ ਵਿਗਿਆਨਕ ਸਮਾਜਵਾਦ, ਭਾਵ ਮਾਰਕਸਵਾਦ ਹੈ। ਮਾਰਕਸਵਾਦ ਦਾ ਫਲਸਫਈ ਆਧਾਰ, ਜਿਵੇਂ ਮਾਰਕਸ ਅਤੇ ਏਂਗਲਜ ਨੇ ਵਾਰ ਵਾਰ ਐਲਾਨ ਕੀਤਾ ਹੈ, ਵਿਰੋਧ-ਵਿਕਾਸੀ ਪਦਾਰਥਵਾਦ ਹੈ ਜੋ ਕੱਤਈ ਤੌਰ ‘ਤੇ ਨਾਸਤਕਵਾਦੀ ਅਤੇ ਸਮੁੱਚੇ ਧਰਮ ਦਾ ਪੱਕਾ ਵਿਰੋਧੀ ਹੈ।”
“ਧਰਮ ਲੋਕਾਂ ਲਈ ਅਫੀਮ ਹੈ, ਮਾਰਕਸ ਦਾ ਇਹ ਕਥਨ ਧਰਮ ਸਬੰਧੀ ਸਮੁੱਚੇ ਮਾਰਕਸਵਾਦੀ ਨਜ਼ਰੀਏ ਦਾ ਨੀਂਹ ਪੱਥਰ ਹੈ।”
“ਮਾਰਕਸਵਾਦ ਪਦਾਰਥਵਾਦ ਹੈ। ਇਸ ਲਈ ਉਹ ਧਰਮ ਦਾ ਉਨਾ ਹੀ ਬੇਕਿਰਕ ਦੁਸ਼ਮਣ ਹੈ ਜਿੰਨਾ ਅਠਾਰਵੀਂ ਸਦੀ ਦੇ ਮਹਾਂਕੋਸ਼ਵਾਦੀਆਂ ਜਾਂ ਫਿਉਰਬਾਖ ਦਾ ਪਦਾਰਥਵਾਦ ਸੀ। ਇਹ ਸ਼ੰਕਾ ਰਹਿਤ ਹੈ, ਸਗੋਂ ਮਾਰਕਸ ਅਤੇ ਏਂਗਲਜ ਦਾ ਵਿਰੋਧ-ਵਿਕਾਸੀ ਪਦਾਰਥਵਾਦ ਮਹਾਂਕੋਸ਼ਵਾਦੀਆਂ ਅਤੇ ਫਿਉਰਬਾਖ ਦੇ ਪਦਾਰਥਵਾਦ ਤੋਂ ਵੀ ਅਗਾਂਹ ਜਾਂਦਾ ਹੈ; ਕਿਉਂਕਿ ਇਹ ਪਦਾਰਥਵਾਦੀ ਫਲਸਫੇ ਨੂੰ ਇਤਿਹਾਸ ਦੇ ਖੇਤਰ ਵਿਚ ਅਤੇ ਸਮਾਜੀ ਵਿਗਿਆਨਾਂ ਦੇ ਖੇਤਰ ਵਿਚ ਲਾਗੂ ਕਰਦਾ ਹੈ। ਸਾਨੂੰ ਧਰਮ ਵਿਰੁਧ ਲੜਨਾ ਚਾਹੀਦਾ ਹੈ, ਇਹ ਸਾਰੇ ਪਦਾਰਥਵਾਦ ਦਾ ਅਤੇ ਇਸ ਦੇ ਸਿੱਟੇ ਵਜੋਂ ਮਾਰਕਸਵਾਦ ਦਾ A ਅ ਹੈ, ਪਰ ਮਾਰਕਸਵਾਦ ਅਜਿਹਾ ਪਦਾਰਥਵਾਦ ਨਹੀਂ ਜਿਹੜਾ A ਅ ਉਤੇ ਠਹਿਰ ਜਾਂਦਾ ਹੈ, ਸਗੋਂ ਮਾਰਕਸਵਾਦ ਇਸ ਤੋਂ ਵੀ ਅਗਾਂਹ ਜਾਂਦਾ ਹੈ। ਇਹ ਕਹਿੰਦਾ ਹੈ, ਸਾਨੂੰ ਪਤਾ ਹੋਣਾ ਚਾਹੀਦਾ ਹੈ, ਧਰਮ ਵਿਰੁਧ ਕਿਵੇਂ ਲੜਿਆ ਜਾਵੇ ਅਤੇ ਇੰਜ ਕਰਨ ਲਈ ਸਾਨੂੰ ਪਦਾਰਥਵਾਦੀ ਢੰਗ ਨਾਲ ਧਰਮ ਅਤੇ ਵਿਸ਼ਵਾਸ ਦੇ ਸੋਮਿਆਂ ਦੀ ਜਨਤਾ ਵਿਚ ਵਿਆਖਿਆ ਕਰਨੀ ਚਾਹੀਦੀ ਹੈ।” (ਲੈਨਿਨ, ਕਿਰਤੀਆਂ ਦੀ ਪਾਰਟੀ ਦਾ ਧਰਮ ਵੱਲ ਵਤੀਰਾ, ਜਿਲਦ 9 ਸਫਾ)
ਇਹੀ ਉਹ ਵਖਰੇਵਾਂ ਹੈ ਜਿਸ ਨੇ ਸਿੱਖੀ ਅਤੇ ਕਮਿਊਨਿਜ਼ਮ ਵਿਚ ਨਿਖੇੜਾ ਪੈਦਾ ਕੀਤਾ ਅਤੇ ਕਮਿਊਨਿਸਟ, ਧਰਮ ਬਾਰੇ ਮਾਰਕਸੀ ਧਾਰਨਾਵਾਂ ਛੱਡਦੇ-ਛੱਡਦੇ ਹੌਲੀ-ਹੌਲੀ ਧਰਮ ਦੇ ਕੱਟੜ ਵਿਰੋਧੀ ਬਣ ਗਏ।
ਜਦੋਂ ਸ਼ ਕਪੂਰ ਸਿੰਘ ਆਪਣੀ ਉਪਰਲੀ ਅਹਿਮ ਲਿਖਤ ਵਿਚ ਇਹ ਕਹਿੰਦੇ ਹਨ, “ਇਸ ਵਿਸ਼ੇ ਤੋਂ ਚੰਗੀ ਤਰ੍ਹਾਂ ਜਾਣੂ ਸੱਜਣ ਇਹ ਜਾਣਦੇ ਹਨ ਕਿ ਸਿੱਖੀ ਵਿਚ ਸਭ ਤੋਂ ਉਚਤਮ ਤੇ ਬੁਲੰਦ ਕਦਰ ਧਰਮ ਹੈ, ਜਦੋਂ ਕਿ ਕਮਿਊਨਿਜ਼ਮ ਲਈ ਤਰਜੀਹ ਸਾਰੇ ਧਰਮਾਂ ਅਤੇ ਧਾਰਮਿਕ ਵਿਹਾਰਾਂ ਨੂੰ ਦਬਾਉਣਾ ਅਤੇ ਖਤਮ ਕਰਨਾ ਹੈ, ਜਿਵੇਂ ਲੈਨਿਨ ਨੇ ਆਪਣੇ ਲੇਖ ‘ਜੁਝਾਰੂ ਪਦਾਰਥਵਾਦ ਦੀ ਮਹੱਤਤਾ ਬਾਰੇ’ ਵਿਚ ਜ਼ਿਕਰ ਕੀਤਾ ਹੈ ਜਿੱਥੇ ਲੈਨਿਨ ਨੇ ਬੜੀ ਦ੍ਰਿੜ੍ਹਤਾ ਨਾਲ ‘ਧਾਰਮਿਕ ਵਿਚਾਰਧਾਰਾ ਵੱਲ ਕਿਸੇ ਵੀ ਵਿਹਾਰੀ ਝੁਕਾਅ’ ਦੀ ਨਿਖੇਧੀ ਕੀਤੀ ਹੈ।”
ਹੁਣ ਇਹੀ ਉਹ ਨੁਕਤਾ ਹੈ ਜਿਸ ਦੀ ਸ਼ ਕਪੂਰ ਸਿੰਘ ਸਹੀ ਨਿਸ਼ਾਨਦੇਹੀ ਕਰ ਰਹੇ ਹਨ। ਅਸਲ ਵਿਚ ਕਾਮਰੇਡ ਲੈਨਿਨ ਅਤੇ ਉਨ੍ਹਾਂ ਤੋਂ ਬਾਅਦ ਦੇ ਕਮਿਊਨਿਸਟ ਆਗੂਆਂ ਦੀ ਧਰਮ ਬਾਰੇ ਇਹੀ ਗਲਤ ਧਾਰਨਾ ਉਨ੍ਹਾਂ ਨੂੰ ਗਦਰ ਪਾਰਟੀ ਵਰਗੀਆਂ ਇਨਕਲਾਬੀ ਜਥੇਬੰਦੀਆਂ ਤੋਂ ਦੂਰ ਲੈ ਗਈ। ਉਨ੍ਹਾਂ ਨੇ ਰੂਹਾਨੀਅਤ ਵਿਹੂਣੇ ਕਮਿਊਨਿਸਟ ਸਮਾਜ ਦੀ ਸਿਰਜਣਾ ਕਰਨ ਦਾ ਬੀੜਾ ਚੁੱਕਿਆ ਜਿਹੜਾ ਕੁਦਰਤ ਤੋਂ ਦੂਰ ਹੁੰਦਾ-ਹੁੰਦਾ ਅੰਤਿਮ ਤੌਰ ‘ਤੇ ਸਾਮਰਾਜੀ ਖਪਤਕਾਰੀ ਸੱਭਿਆਚਾਰ ਦੇ ਖਬਤ ਦਾ ਸ਼ਿਕਾਰ ਹੋ ਗਿਆ ਤੇ ਅਸਲੀ ਕਮਿਊਨਿਸਟ ਸਮਾਜ ਦੀ ਸਿਰਜਣਾ ਦਾ ਸੁਪਨਾ ਧੁੰਦਲਾ ਹੁੰਦਾ-ਹੁੰਦਾ ਲੋਪ ਹੋ ਗਿਆ। ਇਹ ਵੱਖਰੇ ਲੇਖ ਦਾ ਮਸਲਾ ਹੈ ਕਿ ਮਾਰਕਸ-ਏਂਗਲਜ ਦੇ ਕਮਿਊਨਿਸਟ ਮਨੁੱਖ ਅਤੇ ਗੁਰਮਤਿ ਤੇ ਪਰਉਪਕਾਰੀ ਮਨੁੱਖ ਦੀ ਸਿਰਜਣਾ ਇਕੋ ਹੀ ਸਿੱਕੇ ਦੇ ਦੋ ਪਾਸੇ ਹਨ।

Be the first to comment

Leave a Reply

Your email address will not be published.