ਚੋਣ ਨਤੀਜੇ ਦੇ ਗਏ ਸਬਕ

ਤਰਲੋਚਨ ਸਿੰਘ ਦੁਪਾਲਪੁਰ
ਫੋਨ: 408-915-1268
ਇਸਲਾਮੀ ਦਾਰਸ਼ਨਿਕ ਸ਼ੇਖ ਸਾਅਦੀ ਨੇ ਇਕ ਹਕਾਇਤ ਵਿਚ ਲਿਖਿਆ ਹੈ ਕਿ ਲੁਕਮਾਨ ਨੂੰ ਕਿਸੇ ਨੇ ਸਵਾਲ ਕੀਤਾ, ‘ਤੁਸੀਂ ਏਨੀ ਸਿਆਣਪ ਕਿਥੋਂ ਸਿੱਖੀ ਹੈ?’ ਲੁਕਮਾਨ ਦਾ ਜਵਾਬ ਸੀ, ‘ਅੰਨ੍ਹਿਆਂ ਤੋਂ।’ ਕਿਉਂਕਿ ਬਗੈਰ ਅੱਗਾ ਟੋਹਿਆਂ ਉਹ ਇਕ ਪੈਰ ਵੀ ਨਹੀਂ ਪੁੱਟਦੇ। ਜੇ ਲੁਕਮਾਨ ਜਿਹਾ ਵਿਦਿਆ-ਪ੍ਰਬੀਨ ਮਨੁੱਖ, ਅੱਖਾਂ ਦੀ ਜੋਤ ਵਿਹੂਣਿਆਂ ਤੋਂ ਵੀ ਗੁਣ ਸਿੱਖ ਸਕਦਾ ਹੈ, ਤਾਂ ਸੁਜਾਖਿਆਂ ਦੀ ਦੁਨੀਆਂ ਵਿਚ ਤਾਂ ਅਕਲ ਪੈਰ ਪੈਰ ‘ਤੇ ਮਿਲਦੀ ਹੈ, ਪਰ

ਜੇ ਕੋਈ ਲੈਣਾ ਚਾਹੇ ਤਾਂ। ਕਹਿੰਦੇ ਨੇ, ਹਰ ਚੜ੍ਹਦਾ ਸੂਰਜ ਮਨੁੱਖਤਾ ਲਈ ਨਵਾਂ ਪੈਗਾਮ ਲੈ ਕੇ ਆਉਂਦਾ ਹੈ, ਇਵੇਂ ਹੀ ਆਲੇ ਦੁਆਲੇ ਵਾਪਰਦੀ ਹਰ ਘਟਨਾ ਤੋਂ ਕੋਈ ਨਾ ਕੋਈ ਨਸੀਹਤ ਜ਼ਰੂਰ ਮਿਲ ਜਾਂਦੀ ਹੈ।
ਪੰਜਾਬ ਵਿਚ ਹੁਣੇ ਹੁਣੇ ਹੋਈਆਂ ਚੋਣਾਂ ਦੌਰਾਨ ਧੂੰਆਂ-ਧਾਰ ਚੋਣ ਪ੍ਰਚਾਰ ਹੋਇਆ। ਮੁੱਖ ਤੌਰ ‘ਤੇ ਜ਼ੋਰ ਬੇਸ਼ੱਕ ਤਿੰਨਾਂ ਪਾਰਟੀਆਂ ਦਾ ਹੀ ਲੱਗਾ ਹੋਇਆ ਸੀ, ਪਰ ਦੇਸ਼-ਵਿਦੇਸ਼ ਵਿਚ ਚਾਰੇ ਪਾਸੇ ‘ਆਪ ਆਪ’ ਜਾਂ ਇਸ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦਾ ਨਾਂ ਬਹੁਤਾ ਹੀ ਗੂੰਜਦਾ ਰਿਹਾ। ਇਸ ‘ਗੂੰਜ’ ਤੋਂ ਵੀ ਅਗਾਂਹ ਲੰਘ ਕੇ ‘ਆਪ’ ਦੀ ਜਿੱਤ ਨੂੰ ਇਕ ਤਰ੍ਹਾਂ ਨਾਲ ਵੱਟ ‘ਤੇ ਪਈ ਜਿੱਤ ਹੀ ਮੰਨ ਲਿਆ ਗਿਆ। ਇਥੋਂ ਤੱਕ ਕਿ ਵਿਰੋਧੀ ਪਾਰਟੀਆਂ ਦੇ ਹਮਾਇਤੀ ਵੀ ਦੱਬਵੀਂ ਜੀਭੇ ਇਸੇ ਪਾਰਟੀ ਦੀ ਜਿੱਤ ਸਵੀਕਾਰ ਕਰਨ ਲੱਗ ਪਏ ਸਨ। ਪਰਵਾਸੀ ਪੰਜਾਬੀਆਂ ਦੇ ਵਿਸ਼ਵਾਸ ਦੀ ਤਾਂ ਗੱਲ ਹੀ ਕਿਆ ਕਰਨੀ ਹੈ! ਪਰ ਗਿਆਰਾਂ ਮਾਰਚ ਨੂੰ ਸਾਹਮਣੇ ਆਏ ਨਤੀਜਿਆਂ ਨੇ ਸਭ ਨੂੰ ਹੈਰਾਨ (ਬਹੁਤਿਆਂ ਨੂੰ ਪ੍ਰੇਸ਼ਾਨ ਵੀ) ਕਰ ਕੇ ਰੱਖ ਦਿੱਤਾ। ਕਈ ਤਾਂ ਕਈ ਕਈ ਦਿਨ ਉਦਾਸੀ ਦੇ ਦੌਰ ਵਿਚ ਹੀ ਫਸੇ ਰਹੇ।
ਤਬਦੀਲੀ ਦੇ ਤਲਬਗਾਰ ਹੋਰ ਲੋਕਾਂ ਵਾਂਗ ਇਨ੍ਹਾਂ ਸਤਰਾਂ ਦਾ ਲੇਖਕ ਵੀ ਨਤੀਜੇ ਸੁਣ ਕੇ ਸੁੰਨ ਰਹਿ ਗਿਆ। ਗਿਆਰਾਂ ਮਾਰਚ ਦੀ ਰਾਤ ਨੂੰ ਹੀ ਮੈਨੂੰ ਪਏ ਪਏ ਨੂੰ ਬਚਪਨ ਵਿਚ ਆਪਣੇ ਪਿੰਡ ਦੇ ਬਜ਼ੁਰਗਾਂ ਪਾਸੋਂ ਸੁਣੀ ਗੱਲ ਯਾਦ ਆ ਗਈ। ਉਦੋਂ ਸਾਡੇ ਪਿੰਡ ਵਿਚ ਇਕ ਟੱਬਰ ਨਾਲ ਅਣਹੋਣੀ ਜਿਹੀ ਹੋ ਗਈ ਸੀ ਤੇ ਬੋਹੜ ਥੱਲੇ ਬੈਠੇ ਬਾਬੇ ਗੱਲਾਂ ਕਰ ਰਹੇ ਸਨ ਕਿ ‘ਖੜ੍ਹੀ ਖੇਤੀ ਖਾਣੀ’ ਸਿਆਣਪ ਨਹੀਂ ਹੁੰਦੀ। ਇਕ ਬਜ਼ੁਰਗ ਨੇ ‘ਕਣਕ ਖੇਤ ਕੁੜੀ ਪੇਟ, ਆ ਜਵਾਈਆ ਮੰਡੇ ਖਾਹ’ ਵਾਲੀ ਕਹਾਵਤ ਬੋਲ ਕੇ ਇਹ ਕਹਾਣੀ ਛੋਹ ਲਈ:
ਸੰਨ ਸੰਤਾਲੀ ਤੋਂ ਪਹਿਲਾਂ ਦੇ ਸਮਿਆਂ ਦੀ ਗੱਲ ਹੈ, ਜਦੋਂ ਪਿੰਡਾਂ ਵਿਚੋਂ ਪਾਲਤੂ ਪਸ਼ੂ ਚਰਾਉਣ ਲਈ ਵੱਗ ਛੁੱਟਦੇ ਹੁੰਦੇ ਸਨ। ਪਿੰਡ ਦੇ ਬਾਹਰਵਾਰ ਸਾਰੇ ਪਸ਼ੂ ਇਕ ਥਾਂ ਇਕੱਠੇ ਕਰ ਕੇ ਵਾਗੀ ਉਨ੍ਹਾਂ ਨੂੰ ਹੱਕਦਿਆਂ ਦੂਰ ਨੇੜੇ ਦੀਆਂ ਖੁੱਲ੍ਹੀਆਂ ਚਰਾਂਦਾਂ ਵਿਚ ਲੈ ਜਾਇਆ ਕਰਦੇ। ਲੋੜ ਮੁਤਾਬਕ ਵੱਗ ਵਿਚ ਸਾਨ੍ਹ ਜਾਂ ਮਾਲੀ (ਝੋਟਾ) ਵੀ ਜ਼ਰੂਰ ਸ਼ਾਮਲ ਹੁੰਦਾ ਸੀ। ਇੰਜ ਸਾਡੇ ਪਿੰਡ ਦਾ ਵੱਗ ਵੀ ਰੋਜ਼ਾਨਾ ਦਰਿਆ ਸਤਲੁਜ ਵੱਲ ਬੇਟ ਦੀਆਂ ਚਰਾਂਦਾਂ ਵਿਚ ਚੁਗਣ ਜਾਂਦਾ ਹੁੰਦਾ ਸੀ।
ਉਦੋਂ ਸਾਡੇ ਪਿੰਡ ਵਿਚ ਹਿੰਦੂਆਂ-ਸਿੱਖਾਂ ਤੋਂ ਇਲਾਵਾ ਮੁਸਲਮਾਨ ਭਰਾਵਾਂ ਦੇ ਵੀ ਕਾਫੀ ਘਰ ਹੁੰਦੇ ਸਨ। ਖੁਸ਼ੀਆ ਨਾਂ ਦੇ ਮੀਰਜ਼ਾਦੇ ਦੇ ਕੁਝ ਪਸ਼ੂ ਵੀ ਵੱਗ ਵਿਚ ਚਰਨ ਜਾਂਦੇ ਸਨ। ਇਕ ਦਿਨ ਕਿਤੇ ਵਾਗੀ ਨੇ ਖੁਸ਼ੀਏ ਨੂੰ ਆ ਕੇ ਦੱਸਿਆ, ਮੈਨੂੰ ਜਾਪਦੈ, ਤੇਰੀ ਝੋਟੀ ਅੱਜ ਨਵੇਂ ਦੁੱਧ ਹੋ ਗਈ। ਪਸ਼ੂ ਧਨ ਦੀ ਸਾਂਭ-ਸੰਭਾਲ ਕਰਨ ਵਾਲੇ ਸੱਜਣ ਜਾਣਦੇ ਹਨ ਕਿ ਪੁਰਾਣੇ ਪੇਂਡੂ ਸਭਿਆਚਾਰ ਵਿਚ ਗੱਭਣ ਮੱਝ-ਗਾਂ ਦੀ ਦੇਖ-ਰੇਖ ਕੁਝ ਵੱਖਰੇ ਤਰੀਕੇ ਨਾਲ ਕੀਤੀ ਜਾਂਦੀ। ਇੰਜ ਖੁਸ਼ੀਆ ਵੀ ਉਸ ਝੋਟੀ ਦੀ ਸੇਵਾ ਸੰਭਾਲ ਬੜੀ ਰੀਝ ਨਾਲ ਕਰਨ ਲੱਗ ਪਿਆ। ਸਮੇਂ ਸਮੇਂ ਹੁੰਦੀ ਨਲ੍ਹਾਈ-ਧੁਲਾਈ ਤੋਂ ਝੋਟੀ ਵੀ ਦੇਖਦਿਆਂ ਦੇਖਦਿਆਂ ਦੇਹੀ-ਪਿੰਡੇ ਵੱਲੋਂ ਲਿਸ਼ਕਣ ਲੱਗ ਪਈ। ਪੱਠੇ-ਦੱਥੇ ਪੱਖੋਂ ਦੂਜੇ ਪਸ਼ੂਆਂ ਨਾਲੋਂ ਉਸ ਦਾ ਵੱਧ ਖਿਆਲ ਰੱਖਿਆ ਜਾਣ ਲੱਗਾ। ਖੁਸ਼ੀਏ ਦਾ ਸਾਰਾ ਟੱਬਰ ਚਾਅ ਨਾਲ ਗੱਭਣ ਝੋਟੀ ਦੇ ਸੂਣ ਦੀ ਤਰੀਕ ਉਡੀਕਣ ਲੱਗ ਪਿਆ। ਉਂਗਲਾਂ ‘ਤੇ ਮਹੀਨੇ ਗਿਣਦਿਆਂ ਟੱਬਰ ਦਾ ਜੀਆ-ਜੰਤ ਪਸ਼ੂਆਂ ਨਾਲ ਪਸ਼ੂ ਹੋਇਆ ਰਹਿੰਦਾ। ਖੁਸ਼ੀ ਵਿਚ ਖੀਵੇ ਹੋਏ ਖੁਸ਼ੀਏ ਨੇ ਇਹ ਵੀ ਅੰਦਾਜ਼ਾ ਲਾ ਲਿਆ ਕਿ ਕਿਸ ਮਹੀਨੇ ਸੂਣ ਤੋਂ ਬਾਅਦ ਝੋਟੀ ਕਿੰਨੇ ਕੁ ਮੁੱਲ ਦੀ ਵਿਕ ਜਾਵੇਗੀ। ਕਹਿੰਦੇ ਨੇ, ਉਸ ਨੇ ਇਹ ਗਿਣਤੀ-ਮਿਣਤੀ ਕਰ ਕੇ ਆਪਣੀ ਮੰਗੀ ਹੋਈ ਇਕ ਕੁੜੀ ਦੇ ਵਿਚੋਲੇ ਨੂੰ ਵੀ ਸੁਨੇਹਾ ਭੇਜ ਦਿੱਤਾ ਕਿ ਉਹ ਕੁੜਮਾਂ ਨੂੰ ਵਿਆਹ ਦੀ ਤਿਆਰੀ ਬਾਰੇ ਦੱਸ ਆਵੇ।
ਸੂਣ ਵਾਲੀਆਂ ਮੱਝਾਂ ਵਾਂਗ ਸੱਤਵੇਂ-ਅੱਠਵੇਂ ਮਹੀਨੇ ਵਿਚ ਜਾ ਕੇ ਝੋਟੀ, ਦੇਹੀ-ਪਿੰਡੇ ਪੂਰੀ ਘੁਲ-ਮਿਲ ਗਈ ਤੇ ਉਸ ਦਾ ਪਿੰਡਾ ਲਿਸ਼ਕਣ ਲੱਗ ਪਿਆ। ਗਲੀ-ਗੁਆਂਢ ਦੇ ਲੋਕ ਖੁਸ਼ੀਏ ਨੂੰ ਸਲਾਹਾਂ ਦੇਣ ਲੱਗੇ ਕਿ ਭਾਈ, ਤੇਰੀ ਝੋਟੀ ਦੇਹੀ-ਪਿੰਡੇ ਪੱਖੋਂ ਸਭ ਦਾ ਧਿਆਨ ਖਿੱਚਦੀ ਹੈ, ਇਸ ਕਰ ਕੇ ਨਜ਼ਰ-ਟਪਾਰ ਤੋਂ ਬਚਾਉਣ ਲਈ ਤੂੰ ਇਹਦੇ ਗਲ ਨਜ਼ਰ-ਵੱਟੂ ਜ਼ਰੂਰ ਪਾ ਦੇ। ਅੰਦਰੋ-ਅੰਦਰ ਖੁਸ਼ ਹੁੰਦਿਆਂ ਖੁਸ਼ੀਏ ਨੇ ਵੀ ਹੁੱਤ ਨਾ ਕੀਤੀæææ ਫਟਾ-ਫਟ ਟੁੱਟਾ ਛਿੱਤਰ ਰੱਸੀ ਨਾਲ ਬੰਨ੍ਹ ਕੇ ਝੋਟੀ ਦੇ ਗਲ ਲਟਕਾ ਦਿੱਤਾ।
ਇਕ ਦਿਨ ਕਿਤੇ ਆਂਢ-ਗੁਆਂਢ ਵਿਚ ਕਿਸੇ ਘਰੇ ਬਿਮਾਰ-ਸ਼ਮਾਰ ਪਸ਼ੂ ਦੇ ਇਲਾਜ ਲਈ ਆਏ ਸਲੋਤਰੀ ਨੇ ਖੁਸ਼ੀਏ ਦੀ ਝੋਟੀ ਨੂੰ ਗਹੁ ਨਾਲ ਦੇਖਦਿਆਂ ਕਹਿ ਦਿੱਤਾ, ਇਹ ਗੱਭਣ ਨਹੀਂ, ਖਾਲੀ ਹੈ! ਕਹਿੰਦੇ ਨੇ, ਉਦੋਂ ਉਸ ਝੋਟੀ ਨੂੰ ਅੱਠਵਾਂ ਮਹੀਨਾ ਲੱਗਾ ਹੋਇਆ ਸੀ। ਆਪਣੇ ਘਰ ਦੀ ਪਾਲੀ ਹੋਈ ਝੋਟੀ ਦਾ ਚੁਗਾਠਾ ਦੇਖਦਿਆਂ, ਖੁਸ਼ੀਏ ਨੇ ਸਲੋਤਰੀ ਦਾ ਯਕੀਨ ਨਾ ਕੀਤਾ, ਪਰ ਜਦੋਂ ਹਫਤੇ ਦੋ ਹਫਤੇ ਬਾਅਦ ਉਨ੍ਹਾਂ ਦੇ ਆਪਣੇ ਘਰੇ ਹੀ ਪਸ਼ੂਆਂ ਦੇ ਓਹੜ-ਪੋਹੜ ਜਾਣਨ ਵਾਲਾ ਕੋਈ ਸਿਆਣਾ ਆਇਆ, ਤਾਂ ਉਸ ਨੇ ਗਾਰੰਟੀ ਨਾਲ ਦੱਸ ਦਿੱਤਾ ਕਿ ਝੋਟੀ ਸੱਚ-ਮੁੱਚ ਹੀ ਫੰਡਰ ਹੈ! ਤਦ ਬਾਕੀ ਦਾ ਸਾਰਾ ਟੱਬਰ ਤਾਂ ਨਿਰਾਸ਼ ਮਾਯੂਸ ਜਿਹਾ ਹੋ ਗਿਆ, ਪਰ ਸਿਰੇ ਦਾ ਮਜ਼ਾਕੀਆ ਖੁਸ਼ੀਆ ਸਾਰੇ ਪਿੰਡ ਵਿਚ ਕਹਿੰਦਾ ਫਿਰੇ, “ਓ ਬਈ ਭਰਾਵੋ! ਮੈਂ ਤਾਂ ਖੁੰਡਰਾਈ ਹੋਈ (ਭਾਵ ਸੂਣ ਵੇਲੇ ਪਸ਼ੂ ਦੀ ਖਾਸ ਹਾਲਤ) ਮੱਝ-ਗਾਂ ਨੂੰ ਵੀ ‘ਸੂਣ ਵਾਲੀ’ ਨਹੀਂ ਮੰਨਾਂਗਾ!æææ ਜਦ ਕਟੜੂ-ਵਛੜੂ ਉਠ ਕੇ ਚੁੰਘਣ ਲੱਗ ਪਏ, ਤਦ ਕਹੂੰਗਾ ਕਿ ਹਾਂ! ਸੂਅ ਪਈ ਐ।”
ਕਬੀਰ ਦਾਵੈ ਦਾਝਨੁ ਹੋਤ ਹੈ
ਨਿਰਦਾਵੈ ਰਹੈ ਨਿਸੰਕ॥