ਪ੍ਰਿੰਸੀਪਲ ਬ੍ਰਿਜਿੰਦਰ ਸਿੰਘ ਸਿੱਧੂ ਦੀ ਪਲੇਠੀ ਪੁਸਤਕ Ḕਬਾਬੇ ਦਾਦੇ ਰੱਬ ਰਜਾਦੇḔ ਭਾਵੇਂ ਬਹੁਤ ਸਰਲ ਪੁਸਤਕ ਹੈ ਪਰ ਜ਼ਿੰਦਗੀ ਦੀਆਂ ਜਟਿਲਤਾਵਾਂ ਨੂੰ ਪੂਰੀ ਤਰ੍ਹਾਂ ਪੇਸ਼ ਕਰਦੀ ਹੈ। ਇਸ ਪੁਸਤਕ ਰਾਹੀਂ ਸਿੱਧੇ ਸਾਦੇ ਸ਼ਬਦਾਂ ਵਿਚ ਪੰਜਾਬੀ ਲੋਕਾਂ ਦੇ ਜੀਵਨ ਦੀਆਂ ਉਨ੍ਹਾਂ ਪਰਤਾਂ ਨੂੰ ਖੋਲ੍ਹਿਆ ਗਿਆ ਹੈ ਜਿਸ ਵਿਚ ਹਰ ਮਨੁੱਖ ਲਪੇਟਿਆ ਪਿਆ ਹੈ। ਸਮਾਜਿਕ ਸਰੋਕਾਰਾਂ ਨੂੰ ਛੂੰਹਦਿਆਂ ਲੇਖਕ ਨੇ ਦੱਸਿਆ ਹੈ ਕਿ ਹਰ ਮਨੁੱਖ ਵਿਚ ਜਿਥੇ ਖੂਬੀਆਂ ਹਨ, ਉਥੇ ਉਸ ਦੇ ਅੰਦਰ ਵਸੀ ਕੜਵਾਹਟ, ਉਦਾਸੀ, ਹੀਣਭਾਵਨਾ, ਕੁਰਖਤਾ ਅਤੇ ਖੁਦਗਰਜ਼ੀ ਵਰਗੀਆਂ ਅਲਾਮਤਾਂ ਰਿਸ਼ਤਿਆਂ ਦਾ ਘਾਣ ਵੀ ਕਰਦੀਆਂ ਹਨ। ਇਹ ਇਕ ਚਿੰਤਾ ਦੀ ਗੱਲ ਹੈ।
ਪੰਜਾਬ ਦੇ ਵੱਖ ਵੱਖ ਕਾਲਜਾਂ ਵਿਚ ਫਿਜ਼ਿਕਸ ਦੇ ਅਧਿਆਪਨ ਤੋਂ ਸੇਵਾਮੁਕਤੀ ਉਪਰੰਤ ਅਮਰੀਕਾ ਜਾ ਕੇ ਪੱਛਮੀ ਸੰਸਕ੍ਰਿਤੀ ਵਿਚ ਪੰਜਾਬੀਆਂ ਦੀ ਉਪਰਾਮਤਾ ਅਤੇ ਉਦਾਸੀ ਨੂੰ ਬਹੁਤ ਨੇੜਿਓਂ ਮਹਿਸੂਸ ਕਰਨ ਵਾਲੇ ਲੇਖਕ ਦਾ ਕਥਨ ਹੈ ਕਿ ਕਈ ਚੀਜ਼ਾਂ ਵਿਗਿਆਨ ਦੀ ਪਹੁੰਚ ਤੋਂ ਬਾਹਰ ਹਨ ਜੋ ਸਾਧਾਰਨ ਬੁੱਧੀ ਦੇ ਵੱਸ ਵਿਚ ਨਹੀਂ ਹਨ ਅਤੇ ਕੇਵਲ Ḕਸਾਹਿਬ ਹੱਥ ਵਡਿਆਈਆਂḔ ਹਨ। ਪ੍ਰਿੰæ ਸਿੱਧੂ ਦੀ ਇਹ ਪੁਸਤਕ ਸਾਧਾਰਨ ਅਤੇ ਦਿਲਚਸਪ ਗੱਲਾਂ ਦਾ ਜ਼ਖੀਰਾ ਹੈ। ਇਸ ਸਾਧਾਰਨ ਜਾਪਦੀ ਪੁਸਤਕ ਵਿਚਲੇ ਸਾਰੇ ਲੇਖ ਪਾਠਕ ਦੇ ਜਿਹਨ ਨੂੰ ਟੁੰਬਦੇ ਹਨ ਅਤੇ ਸਵਾਦ ਵੀ ਦਿੰਦੇ ਹਨ। ਲੇਖਕ ਦੀ ਖੂਬੀ ਹੈ ਕਿ ਇਸ ਵਿਚ ਸਿਆਣੀਆਂ ਤੇ ਸੰਜੀਦਾ ਗੱਲਾਂ ਨਾਲ ਜ਼ਿੰਦਗੀ ਦੀ ਹਕੀਕਤ ਦੀਆਂ ਸਾਧਾਰਨ ਘਟਨਾਵਾਂ ਦੀ ਬਾਤ ਪਾ ਕੇ ਪਾਠਕ ਲਈ ਰਸ ਬਰਕਰਾਰ ਰੱਖਿਆ ਗਿਆ ਹੈ। ਲੇਖਕ ਨੂੰ ਇਸ ਗੱਲ ਦੀ ਚਿੰਤਾ ਹੈ ਕਿ ਪਦਾਰਥਕ ਦੌੜ ਵਿਚ ਲੱਗੇ ਲੋਕਾਂ ਦੀਆਂ ਆਸ਼ਾਵਾਂ ਆਸਮਾਨ ਛੂਹ ਰਹੀਆਂ ਹਨ ਪਰ ਜਿਊਣਾ ਤੇ ਮੁਸਕਰਾਉਣਾ ਦੂਰ ਹੁੰਦਾ ਜਾ ਰਿਹਾ ਹੈ। ਇਹੋ ਅੱਜ ਦੇ ਸਮਾਜ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਦਾ ਕਾਰਨ ਹੈ। ਸਾਡੇ ਵਿਚ ਮੋਹ-ਪਿਆਰ ਘਟਦਾ ਜਾ ਰਿਹਾ ਹੈ ਜੋ ਫਿਕਰ ਵਾਲੀ ਗੱਲ ਹੈ।
ਪ੍ਰਿੰæ ਸਿੱਧੂ ਨੇ ਸਮਾਜ ਦੇ ਕਈ ਪਹਿਲੂ ਛੂਹੇ ਹਨ ਜਿਨ੍ਹਾਂ ਵਿਚ ਇਕ ਕਿਸਾਨ ਦੀ ਤ੍ਰਾਸਦੀ ਨੂੰ ਖੂਬਸੂਰਤੀ ਨਾਲ ਪੇਸ਼ ਕਰਕੇ ਇਹ ਕਹਿਣ ਦਾ ਯਤਨ ਕੀਤਾ ਹੈ ਕਿ ਪੰਜਾਬ ਦੀ ਸਰਕਾਰ ਕਿਸਾਨ ਨੂੰ ਮੁਫਤਖੋਰੀ ਵਿਚ ਪਾ ਕੇ ਉਸ ਦੀ ਸਮੱਸਿਆ ਜਟਿਲ ਕਰ ਰਹੀ ਹੈ ਤੇ ਅਜਿਹੀਆਂ ਪ੍ਰਸਥਿਤੀਆਂ ਨਾਲ ਜੂਝਦਾ ਹੋਇਆ Ḕਜੱਟ ਗੰਨਾ ਨਹੀਂ, ਭੇਲੀ ਦੇ ਬਹਿੰਦਾ ਹੈ।Ḕ ਇਸ ਤਰ੍ਹਾਂ ਕਿਸਾਨ ਪੀੜਿਆ ਜਾ ਰਿਹਾ ਹੈ। ਪੰਜਾਬ ਵਿਚ ਕਿਸਾਨਾਂ ਦੇ ਕਰਜ਼ਿਆਂ ਦੀ ਗੱਲ ਕਰਦਿਆਂ ਲੇਖਕ ਨੇ ਕਿਸਾਨਾਂ ਨੂੰ ਵੀ ਇਸ ਦਾ ਜ਼ਿੰਮੇਵਾਰ ਠਹਿਰਾਇਆ ਹੈ ਤੇ ਸੰਦੇਸ਼ ਦਿੱਤਾ ਹੈ ਕਿ ਕਿਸਾਨ ਨੂੰ ਫਾਲਤੂ ਖਰਚਿਆਂ ਤੋਂ ਬਚਣ ਦੀ ਲੋੜ ਹੈ। ਕਿਸਾਨੀ ਨਾਲ ਜੁੜੀ ਦੂਜੀ ਵੱਡੀ ਸਮੱਸਿਆ ਉਤੇ ਉਂਗਲ ਧਰਦਿਆਂ ਲੇਖਕ ਸਿੱਧੇ ਤੌਰ ‘ਤੇ ਇਹ ਵੀ ਸਪਸ਼ਟ ਕਰ ਗਿਆ ਹੈ ਕਿ ਕਿਸਾਨ ਆਪਣੇ ਅਸਲ ਕਿੱਤੇ ਤੋਂ ਦੂਰ ਹੋ ਰਿਹਾ ਹੈ, ਨੌਜਵਾਨ ਨਸ਼ਿਆਂ ਦਾ ਸ਼ਿਕਾਰ ਹੋ ਗਿਆ ਹੈ। ਵਿਦੇਸ਼ ਜਾ ਕੇ ਕੰਮ ਕਰਨ ਦੀਆਂ ਜ਼ਮੀਨੀ ਹਕੀਕਤਾਂ ਦੀ ਸਮਝ ਉਸ ਤੋਂ ਦੂਰ ਹੈ ਅਤੇ ਏਜੰਟਾਂ ਦੇ ਹੱਥੀਂ ਲੁੱਟ ਹੋ ਰਿਹਾ ਹੈ। ਵਿਦੇਸ਼ਾਂ ਵਿਚ ਜਿਸ ਵਧੀਆ ਜ਼ਿੰਦਗੀ ਦਾ ਸੁਪਨਾ ਨੌਜਵਾਨ ਲੈ ਕੇ ਠੀਕ-ਗਲਤ ਰਾਸਤੇ ਵਿਦੇਸ਼ ਪਹੁੰਚਦੇ ਹਨ ਤਾਂ ਉਨ੍ਹਾਂ ਨੂੰ ਪਤਾ ਲੱਗਦਾ ਹੈ ਕਿ ਉਥੇ ਡਾਲਰ-ਪੌਂਡ ਰੁੱਖਾਂ ਨੂੰ ਨਹੀਂ ਲੱਗਦੇ।
ਅੱਜ ਦੇ ਯੁਗ ਵਿਚ ਜਦੋਂ ਲੋਕ ਸਾਂਝ ਤੋਂ ਦੂਰ ਹੋ ਰਹੇ ਹਨ ਤਾਂ ਲੋਕਾਂ ਨੂੰ ਸਾਂਝੇ ਸੰਦਾਂ ਨਾਲ ਖੇਤੀ ਕਰਨ ਦਾ ਸੰਦੇਸ਼ ਸਪਸ਼ਟ ਹੋ ਰਿਹਾ ਹੈ ਕਿ ਕਿਸਾਨ ਲਈ ਚੰਗੇ ਤੇ ਸੁਖਾਲੇ ਜੀਵਨ ਲਈ ਇਹ ਰਾਹ ਅਪਨਾਉਣਾ ਜ਼ਰੂਰੀ ਹੋ ਗਿਆ ਹੈ। ਲੇਖਕ ਦਾ ਕਥਨ ਹੈ ਕਿ ਇਹ ਸੁਣੀਆਂ ਸੁਣਾਈਆਂ ਗੱਲਾਂ ਹੀ ਨਹੀਂ ਹਨ, ਸਗੋਂ ਨੇੜਿਓਂ ਤੱਕਿਆ ਸੱਚ ਹੈ। ਜੀਵਨ ਦੇ ਡੂੰਘੇ ਤਜਰਬੇ ਤੇ ਹੱਡੀਂ ਹੰਢਾਈ ਪੀੜ ਉਸ ਦੀਆਂ ਲਿਖਤਾਂ ਵਿਚੋਂ ਸਾਫ ਝਲਕਾਂ ਮਾਰਦੀ ਹੈ। ਕੱਚੇ ਕੋਠਿਆਂ, ਫਲਿਆਂ ਦੇ ਗਾਹ ਅਤੇ ਰੁੱਖਾਂ ਦੀ ਛਾਂ ਆਦਿ ਗੱਲਾਂ ਅਤੀਤ ਦੇ ਰੰਗ ਪ੍ਰਗਟ ਕਰਦੀਆਂ ਹਨ। ਪੁਸਤਕ ਵਿਚਲੇ ਹਰ ਨਿਬੰਧ ਵਿਚ ਕੋਈ ਨਾ ਕੋਈ ਸੰਦੇਸ਼ ਜ਼ਰੂਰ ਮਿਲਦਾ ਹੈ। Ḕਪੈਰਾਂ ਦੀ ਪੁਕਾਰḔ ਲੇਖ ਕੇਵਲ ਸਾਡੀ ਸਮੁਚੇ ਸਰੀਰ ਦੀ ਤੰਦਰੁਸਤੀ ਤੇ ਸਫਾਈ ਤਕ ਹੀ ਸੀਮਤ ਨਹੀਂ ਬਲਕਿ ਇਸ ਗੱਲ ਦਾ ਵੀ ਸੰਕੇਤ ਹੈ ਕਿ ਸਾਡੇ ਪੈਰ ਮਜਬੂਤ ਹੋਣੇ ਚਾਹੀਦੇ ਹਨ ਤੇ ਇਕ ਇਕ ਕਦਮ ਸਾਨੂੰ ਬਹੁਤ ਅਹਿਮ ਪੜਾਅ ਵਿਚ ਲੈ ਜਾਂਦਾ ਹੈ।
Ḕਪਸ਼ੂ ਬਿਰਤੀ ਅਤੇ ਭੇਡਚਾਲḔ ਲੇਖ ਵਿਚ ਮਨੁੱਖ ਅਤੇ ਪਸ਼ੂ ਬਿਰਤੀ ਦਾ ਨਿਖੇੜ ਕਰਦਿਆਂ ਮਨੁਖ ਅੰਦਰਲੀ ਲਾਲਸਾ, ਭੁੱਖ ਅਤੇ ਬੇਸਬਰੀ ਪ੍ਰਗਟਾ ਕੇ ਉਨ੍ਹਾਂ ਸੰਦੇਸ਼ ਦਿੱਤਾ ਹੈ ਕਿ ਸਾਰੇ ਮਾੜੇ ਕੰਮ ਬੰਦਾ ਕਰਦਾ ਹੈ ਪਰ ਤੁਲਨਾ ਉਨ੍ਹਾਂ ਪਸ਼ੂਆਂ ਨਾਲ ਕੀਤੀ ਜਾਂਦੀ ਹੈ ਜੋ ਹਰ ਥਾਂ ਬੰਦੇ ਦੇ ਕੰਮ ਆਉਂਦੇ ਹਨ। ਕਾਮ ਅਤੇ ਹਉਮੈ ਗ੍ਰਸੀ ਮਨੁੱਖੀ ਫਿਤਰਤ ਆਪਣੇ ਮਾੜੇ ਕਰਮ ਆਪਣੇ ਸਿਰ ਲੈਣ ਲਈ ਰਾਜੀ ਨਹੀਂ। Ḕਬੇਜ਼ੁਬਾਨ ਗਰੀਬਾਂ ਦਾ ਸਰੀਰਕ ਅਤੇ ਸਮਾਜਕ ਸੋਸ਼ਣ ਕਰਨ ਵਿਚ ਖਚਰਾ ਆਦਮੀ ਕੋਈ ਕਸਰ ਨਹੀਂ ਛੱਡਦਾḔ ਵਰਗੀ ਸੱਚਾਈ ਨੂੰ ਪੇਸ਼ ਕਰਕੇ ਲੇਖਕ ਨੇ ਦਰਸਾਇਆ ਹੈ ਕਿ ਮਨੁੱਖ ਪਸ਼ੂਆਂ ਦੇ ਹੱਕਾਂ Ḕਤੇ ਡਾਕਾ ਮਾਰ ਰਿਹਾ ਹੈ ਤੇ ਇਸ ਨੂੰ ਰੋਕੇ ਜਾਣ ਦੀ ਲੋੜ ਹੈ।
ਲੇਖ Ḕਬਾਬਲ ਤੇਰੇ ਮਹਿਲਾਂ ਵਿਚੋਂ, ਅਸੀਂ ਨਹੀਂਓਂ ਦੂਰ ਜਾਣਾḔ ਵਿਚ ਲੇਖਕ ਦੀ ਦੂਰਅੰਦੇਸ਼ੀ ਵਿਚ ਤਿੜਕ ਰਹੇ ਰਿਸ਼ਤਿਆਂ ਵਿਚ ਕੇਵਲ ਭੈਣਾਂ ਦਾ ਰਿਸ਼ਤਾ ਹੈ ਜਿਸ ਵਿਚ ਕਦੇ ਭਰਾ ਭਾਵੇਂ ਦੂਰ ਹੋ ਜਾਵੇ ਪਰ ਭੈਣਾਂ ਦਾ ਮੋਹ ਦੂਰ ਨਹੀਂ ਹੁੰਦਾ। ਹਰ ਲੇਖ ਵਿਚ ਲੇਖਕ ਸਹਿਜ ਭਾਅ ਗੱਲ ਕਰਦਾ ਕਰਦਾ ਅਗਲੀ ਗੱਲ ਤੋਰ ਲੈਂਦਾ ਹੈ, ਆਪਣੀ ਲਿਖਤ ਨੂੰ ਰਵਾਨੀ ਦੇਣ ਲਈ ਲੇਖਕ ਦਾ ਇਹ ਨਵਾਂ ਪ੍ਰਯੋਗ ਕਿਹਾ ਜਾ ਸਕਦਾ ਹੈ। Ḕਗੁਸਤਾਖੀ ਮਾਫḔ ਲੇਖ ਵਿਚ ਉਦੋਂ ਇਸ ਦੀ ਮਿਸਾਲ ਸਪਸ਼ਟ ਹੋ ਜਾਂਦੀ ਹੈ ਜਦੋਂ ਲੇਖਕ ਲਿਖਦਾ ਹੈ, Ḕਚਲੋ ਪਿਛਲੀਆਂ ਗੱਲਾਂ ਨੂੰ ਪਿੱਛੇ ਛੱਡੀਏ, ਅਗਾਂਹਵਧੂ ਖਿਆਲਾਂ ਦੀ ਗੱਲ ਨੂੰ ਅੱਗੇ ਤੋਰੀਏ।Ḕ ਉਸ ਨੇ ਖੱਬੀਆਂ ਧਿਰਾਂ ਦੀ ਕਰਨੀ ਤੇ ਕਥਨੀ ਦੇ ਅੰਤਰ ਨੂੰ ਪਛਾਣ ਕੇ ਇਸ ਜਮਾਤ ਨੂੰ ਵੀ ਹਲੂਣਿਆ ਹੈ। ਆਪਣੇ ਇਸ ਲੇਖ ਵਿਚ ਸਿਆਸੀ ਤੇ ਸਮਾਜਿਕ ਸਰੋਕਾਰਾਂ ਦੀ ਗੱਲ ਕਰਦਿਆਂ ਵਿਅੰਗ ਕੱਸੇ ਹਨ।
Ḕਸਾਧ ਕੀ ਸੋਭਾ ਕਾ ਨਹੀਂ ਅੰਤæææḔ ਲੇਖ ਵਿਚ ਡੇਰਿਆਂ ਦੇ ਵਿਹਲੜ ਸਾਧਾਂ ਬਾਰੇ ਲੇਖਕ ਕਮਾਲ ਦੀ ਗੱਲ ਕਰਕੇ ਸੋਚਣ ਲਈ ਮਜਬੂਰ ਕਰ ਦਿੰਦਾ ਹੈ, Ḕਸੰਤ ਕਹਿਣਗੇ, ਭਲਿਆ ਲੋਕਾ ਤੇਰੇ ਖੰਗਰ ਵਰਗੇ ਹੱਥਾਂ ਨੇ ਸਾਡੇ ਪੈਰ ਛਿੱਲ ਦਿੱਤੇ।Ḕ ਨਿਸਚਿਤ ਤੌਰ Ḕਤੇ ਅੱਜ ਦੀ ਹਫੜਾ-ਦਫੜੀ ਦੀ ਜ਼ਿੰਦਗੀ ਵਿਚ ਮਨੁੱਖ ਕਿਤੋਂ ਨਾ ਕਿਤੋਂ ਸਕੂਨ ਦੀ ਭਾਲ ਵਿਚ ਹੈ ਅਤੇ ਇਸੇ ਕਾਰਨ ਡੇਰਿਆਂ ਵਿਚ ਸਾਧਾਂ ਦੇ ਹੱਥੋਂ ਲੁੱਟਿਆ ਜਾ ਰਿਹਾ ਹੈ।
Ḕਬੇਕਿਰਕ ਦਿਲਾਂ ਨੂੰ ਕੌਣ ਜਾਣੇḔ ਲੇਖ ਵਿਚ ਬੇਦਰਦ, ਬੇਕਿਰਕ ਅਤੇ ਜਾਲਮ ਲੋਕਾਂ ਦੀ ਦਰਿੰਦਗੀ ਨੂੰ ਛੋਟੇ ਛੋਟੇ ਹਵਾਲਿਆਂ ਨਾਲ ਬਾਖੂਬੀ ਪੇਸ਼ ਕੀਤਾ ਹੈ। Ḕਭਰੂਣ ਹਤਿਆ ਨਾ ਕਰੋḔ ਲੇਖ ਵਿਚ ਰਿਸ਼ਤਿਆਂ ਦੀ ਮਹੱਤਤਾ ਨੂੰ ਪ੍ਰਗਟਾ ਕੇ ਬੇਟੀ ਤੇ ਬੇਟੇ ਦਾ ਅੰਤਰ ਨਿਖੇੜਿਆ ਹੈ। ਉਸ ਦੀਆਂ ਸਹਿਜ ਸੁਭਾਅ ਗੱਲਾਂ ਸਾਡੀਆਂ ਇਖਲਾਕੀ ਕਦਰਾਂ ਕੀਮਤਾਂ ਨੂੰ ਟੁੰਬਦੀਆਂ ਹਨ।
Ḕਬੜੇ ਭਲੇ ਸਨ ਪ੍ਰਾਹੁਣਚਾਰੀਆਂ ਦੇ ਉਹ ਦਿਨḔ ਲੇਖਕ ਦੀ ਯਕਲਖਤ ਗੱਲ ਨਹੀਂ, ਇਹ ਸਮੇਂ ਦੇ ਵਹਾਅ ਦੇ ਨਾਲ ਬਦਲ ਗਈਆਂ ਕਦਰਾਂ ਕੀਮਤਾਂ ਦੀ ਬਾਤ ਹੈ। ਇਸੇ ਤਰ੍ਹਾਂ Ḕਭੁਰਦੇ ਖੁਰਦੇ ਰਿਸ਼ਤੇ ਨਾਤੇḔ ਵਿਚ ਲੇਖਕ ਨੇ ਰਿਸ਼ਤਿਆਂ ਦੇ ਟੁੱਟਣ ਪ੍ਰਤੀ ਚਿੰਤਾ ਇਹ ਆਖ ਕੇ ਪ੍ਰਗਟਾਈ ਹੈ ਕਿ ਵਿਦੇਸ਼ਾਂ ਦੇ ਲਾਲਚ ਵਿਚ ਪੰਜਾਬੀਆਂ ਨੇ ਰਿਸ਼ਤਿਆਂ ਨੂੰ ਗੰਧਲਾ ਕਰ ਲਿਆ ਹੈ। ਲੇਖਕ ਨੂੰ ਵਿਦੇਸ਼ਾਂ ਵਿਚ ਪੰਜਾਬੀਆਂ ਦਾ ਰੁਲਦਾ ਬੁਢਾਪਾ ਪ੍ਰੇਸ਼ਾਨ ਕਰਦਾ ਹੈ।
ਅਸੀਂ ਕਹਿ ਸਕਦੇ ਹਾਂ ਕਿ ਪਿੰ੍ਰæ ਬ੍ਰਿਜਿੰਦਰ ਸਿੰਘ ਸਿੱਧੂ ਦੀ ਇਸ ਪੁਸਤਕ ਵਿਚਲੇ ਨਿਬੰਧ ਦਿਲਚਸਪ ਵਿਸ਼ਿਆਂ ਵਿਚ ਪੀੜਿਆ ਤੇ ਨਪੀੜਿਆ ਜ਼ਿੰਦਗੀ ਦਾ ਉਹ ਨਿਚੋੜ ਹੈ ਜੋ ਲੇਖਕ ਨੇ ਹੱਡੀਂ ਹੰਢਾਇਆ ਤੇ ਬਹੁਤ ਨੇੜਿਓਂ ਤੱਕਿਆ ਹੈ।
ਪੁਸਤਕ ਗੋਰਕੀ ਪਬਲਿਸ਼ਰਜ, ਲੁਧਿਆਣਾ ਨੇ ਪ੍ਰਕਾਸ਼ਿਤ ਕੀਤੀ ਹੈ ਅਤੇ ਇਸ ਦੀ ਕੀਮਤ 150 ਰੁਪਏ ਹੈ।
-ਬਲਵਿੰਦਰ ਜੰਮੂ ਜ਼ੀਰਕਪੁਰ
ਫੋਨ: 91-97799-21999