ਡਾæ ਗੁਰਨਾਮ ਕੌਰ, ਕੈਨੇਡਾ
ਭਾਈ ਗੁਰਦਾਸ ਦੀ ਚੌਥੀ ਵਾਰ ਦੀ ਗੱਲ ਕਰਦਿਆਂ ਪਿਛਲੇ ਲੇਖ ਵਿਚ ਦੱਸਿਆ ਗਿਆ ਸੀ ਕਿ ਭਾਈ ਗੁਰਦਾਸ ਹਲੀਮੀ-ਨਿਮਰਤਾ ਦੀ ਗੱਲ ਕਰਦੇ ਹਨ ਜੋ ਕਿ ਸਿੱਖ ਨੈਤਿਕਤਾ ਅਤੇ ਅਧਿਆਤਮਕ ਪ੍ਰਾਪਤੀ ਦਾ ਲਾਜ਼ਮੀ ਗੁਣ ਮੰਨਿਆ ਗਿਆ ਹੈ। ਇਸੇ ਦੀ ਵਿਆਖਿਆ ਭਾਈ ਗੁਰਦਾਸ ਆਮ ਜੀਵਨ ਵਿਚੋਂ ਵੱਖ ਵੱਖ ਦ੍ਰਿਸ਼ਟਾਂਤ ਦੇ ਕੇ ਕਰ ਰਹੇ ਹਨ। ਉਹ ਅਗਲੀ ਪਉੜੀ ਵਿਚ ਵੀ ਅੱਗ ਅਤੇ ਪਾਣੀ ਦਾ ਦ੍ਰਿਸ਼ਟਾਂਤ ਦਿੰਦਿਆਂ ਦੱਸਦੇ ਹਨ ਕਿ
ਤਾਸੀਰ ਜਾਂ ਸੁਭਾਅ ਪੱਖੋਂ ਅੱਗ ਗਰਮ ਹੈ ਤੇ ਪਾਣੀ ਠੰਡਾ ਹੈ ਅਤੇ ਵਿਚਾਰ ਕਰਨ ਵਾਲੀ ਗੱਲ ਇਹ ਹੈ ਕਿ ਕਿਸ ਔਗੁਣ ਕਰਕੇ ਅੱਗ ਗਰਮ ਹੈ ਅਤੇ ਕਿਸ ਗੁਣ ਕਰਕੇ ਪਾਣੀ ਠੰਡਾ ਹੈ। ਅੱਗ ਵਿਚੋਂ ਧੂੰਆਂ ਨਿਕਲਦਾ ਹੈ ਅਤੇ ਉਹ ਆਪਣੇ ਧੂੰਏਂ ਨਾਲ ਮੰਦਿਰ ਜਾਂ ਮਹਿਲ ਨੂੰ ਮੈਲਾ ਕਰ ਦਿੰਦੀ ਹੈ ਪਰ ਪਾਣੀ ਧੋ ਕੇ ਉਸ ਨੂੰ ਨਿਰਮਲ, ਸਾਫ ਕਰ ਦਿੰਦਾ ਹੈ; ਇਸ ਤਰ੍ਹਾਂ ਕਿਉਂ ਹੈ? ਇਸ ‘ਤੇ ਗੁਰੂ ਦੇ ਦਿੱਤੇ ਗਿਆਨ ਰਾਹੀਂ ਵਿਚਾਰ ਕਰੋ। ਅੱਗ ਦਾ ਪਰਿਵਾਰ ਅਤੇ ਕੁਲ ਦੀਪਕ ਹੈ ਜੋ ਉਸ ਨਾਲ ਜਲਾਇਆ ਜਾਂਦਾ ਹੈ (ਭਾਵ ਅੱਗ ਦਾ ਪਰਿਵਾਰ ਛੋਟਾ ਹੈ) ਅਤੇ ਪਾਣੀ ਦਾ ਪਰਿਵਾਰ ਵੱਡਾ ਅਤੇ ਕੁਲ ਕੰਵਲ ਦੇ ਫੁੱਲ ਹਨ। ਦੀਪਕ ਨਾਲ ਪਤੰਗੇ ਨੂੰ ਪ੍ਰੇਮ ਹੁੰਦਾ ਹੈ ਜਿਸ ਕਰਕੇ ਉਹ ਸੜ ਕੇ ਮਰ ਜਾਂਦਾ ਹੈ ਅਤੇ ਕੰਵਲ ਦੇ ਫੁੱਲ ਨਾਲ ਭੰਵਰੇ ਨੂੰ ਪ੍ਰੇਮ ਹੁੰਦਾ ਹੈ ਜੋ ਕੰਵਲ ਦੇ ਫੁੱਲ ਵਿਚ ਅਰਾਮ ਕਰਦਾ ਹੈ। ਅੱਗ ਦੀ ਲਾਟ ਸਿਰ ਉਚਾ ਕਰਕੇ ਉਚੀ ਉਠਦੀ ਹੈ (ਇੱਕ ਅਹੰਕਾਰੀ ਦੀ ਤਰ੍ਹਾਂ) ਅਤੇ ਬੁਰਾ ਵਰਤਾਉ ਕਰਦੀ ਹੈ ਅਰਥਾਤ ਚੀਜ਼ਾਂ ਨੂੰ ਸਾੜ ਦਿੰਦੀ ਹੈ। ਪਾਣੀ ਸਿਰ ਨੀਵਾਂ ਕਰਕੇ ਚੱਲਦਾ ਹੈ ਭਾਵ ਨੀਵਾਣ ਵੱਲ ਵਗਦਾ ਹੈ ਅਤੇ ਜੀਵਾਂ ਉਤੇ ਪਰਉਪਕਾਰ ਕਰਦਾ ਹੈ।
ਇਸੇ ਤਰ੍ਹਾਂ ਜਿਹੜਾ ਮਨੁੱਖ ਨਿਵ ਕੇ ਚੱਲਦਾ ਹੈ ਅਤੇ ਦੂਜਿਆਂ ‘ਤੇ ਪਰਉਪਕਾਰ ਕਰਦਾ ਹੈ, ਉਹ ਮਨੁੱਖ ਗੁਰੂ ਨੂੰ ਪਿਆਰਾ ਲਗਦਾ ਹੈ, ਗੁਰੂ ਦੇ ਪ੍ਰੇਮ ਦਾ ਪਾਤਰ ਬਣਦਾ ਹੈ, ਭਾਵ ਇੱਕ ਗੁਰਸਿੱਖ ਵਿਚ ਨਿਰਮਲ ਜਲ ਵਰਗੀ ਨਿਮਰਤਾ ਹੋਣੀ ਚਾਹੀਦੀ ਹੈ ਜੋ ਦੂਸਰਿਆਂ ਦੇ ਕੰਮ ਆਵੇ ਅਤੇ ਦੂਸਰਿਆਂ ਨੂੰ ਠੰਡਕ ਪਹੁੰਚਾਵੇ। ਜਲ ਵਾਂਗ ਗੁਰਸਿੱਖ ਦਾ ਸੁਭਾਅ ਦੂਜਿਆਂ ‘ਤੇ ਪਰਉਪਕਾਰ ਕਰਨ ਵਾਲਾ ਹੋਣਾ ਚਾਹੀਦਾ ਹੈ ਅਤੇ ਉਹ ਵੱਧ ਤੋਂ ਵੱਧ ਦੂਜਿਆਂ ਨਾਲ ਜੁੜੇ ਜਿਵੇਂ ਜਲ ਕੰਵਲ ਫੁੱਲ ਦੇ ਵੱਡੇ ਪਰਿਵਾਰ ਨਾਲ ਜੁੜਦਾ ਹੈ:
ਅਗਿ ਤਤੀ ਜਲੁ ਸੀਅਰਾ ਕਿਤੁ ਅਵਗੁਣਿ ਕਿਤੁ ਗੁਣ ਵੀਚਾਰਾ।
ਅਗੀ ਧੂਆ ਧਉਲਹਰੁ ਜਲੁ ਨਿਰਮਲ ਗੁਰ ਗਿਆਨ ਸੁਚਾਰਾ।
ਕੁਲ ਦੀਪਕੁ ਬੈਸੰਤਰਹੁ ਜਲ ਕੁਲ ਕਵਲੁ ਵਡੇ ਪਰਵਾਰਾ।
ਦੀਪਕੁ ਹੇਤੁ ਪਤੰਗ ਦਾ ਕਵਲ ਭਵਰ ਪਰਗਟੁ ਪਾਹਾਰਾ।
ਅਗੀ ਲਾਟ ਉਚਾਟ ਹੈ ਸਿਰੁ ਉਚਾ ਕਰਿ ਕਰੈ ਕੁਚਾਰਾ।
ਸਿਰੁ ਨੀਵਾ ਨੀਵਾਣਿ ਵਾਸੁ ਪਾਣੀ ਅੰਦਰਿ ਪਰਉਪਕਾਰਾ।
ਨਿਵ ਚਲੈ ਸੋ ਗੁਰੂ ਪਿਆਰਾ॥੫॥
ਗੁਰੂ ਨਾਨਕ ਸਾਹਿਬ ਆਸਾ ਦੀ ਵਾਰ ਵਿਚ ਨਿਮਰਤਾ ਦੇ ਗੁਣ ਦੱਸਣ ਲਈ ਸਿੰਮਲ ਦੇ ਰੁੱਖ ਦਾ ਦ੍ਰਿਸ਼ਟਾਂਤ ਦਿੰਦੇ ਹਨ ਜੋ ਬਿਲਕੁਲ ਤੀਰ ਵਰਗਾ ਸਿੱਧਾ, ਬਹੁਤ ਉਚਾ ਅਤੇ ਗੁਦੇਦਾਰ ਹੁੰਦਾ ਹੈ ਅਰਥਾਤ ਉਚਾ, ਲੰਮਾ ਅਤੇ ਤਕੜਾ ਹੁੰਦਾ ਹੈ। ਗੁਰੂ ਸਾਹਿਬ ਕਹਿੰਦੇ ਹਨ ਕਿ ਜੇ ਏਡੇ ਉਚੇ ਲੰਮੇ ਤਕੜੇ ਰੁੱਖ ‘ਤੇ ਵਿਚਾਰੇ ਪੰਛੀ ਮਨ ਵਿਚ ਕੁਝ ਖਾਣ ਦੀ ਆਸ ਲੈ ਕੇ ਆ ਜਾਣ ਕਿ ਸਾਨੂੰ ਕੋਈ ਫੁੱਲ/ਫਲ ਮਿਲੇਗਾ ਪੇਟ ਭਰਨ ਲਈ ਤਾਂ ਉਨ੍ਹਾਂ ਦੇ ਪੱਲੇ ਨਿਰਾਸ਼ਾ ਹੀ ਪਵੇਗੀ; ਕਿਉਂਕਿ ਸਿੰਮਲ ਦੇ ਰੁੱਖ ਦੇ ਫਲ ਫਿੱਕੇ ਹੁੰਦੇ ਹਨ ਅਤੇ ਫੁੱਲਾਂ ਦਾ ਸੁਆਦ ਵੀ ਬਕਬਕਾ ਅਰਥਾਤ ਕੁਸੈਲਾ ਅਤੇ ਬੇਸੁਆਦਾ ਹੁੰਦਾ ਹੈ, ਉਸ ਦੇ ਪੱਤੇ ਵੀ ਕਿਸੇ ਕੰਮ ਨਹੀਂ ਆਉਂਦੇ।
ਗੁਰੂ ਨਾਨਕ ਦੱਸਦੇ ਹਨ ਕਿ ਮਿੱਠਤ, ਨਿਮਰਤਾ ਇਹ ਦੋਵੇਂ ਬਹੁਤ ਉਤਮ ਗੁਣ ਹਨ, ਸਾਰੇ ਗੁਣਾਂ ਦਾ ਸਾਰ ਤੱਤ ਹਨ। ਪਰ ਇਸ ਦੇ ਨਾਲ ਹੀ ਅੱਗੇ ਇੱਕ ਹੋਰ ਗੱਲ ਤੋਂ ਗੁਰੂ ਜਗਿਆਸੂ ਨੂੰ ਸੁਚੇਤ ਕਰਦੇ ਹਨ ਕਿ ਮਹਿਜ ਨਿਮਰਤਾ ਦਾ ਦਿਖਾਵਾ ਕਰਨ ਨਾਲ ਕੁਝ ਨਹੀਂ ਸੌਰਦਾ ਜੇ ਇਹ ਨਿਮਰਤਾ ਮਨੁੱਖ ਦੇ ਹਿਰਦੇ ਵਿਚ, ਉਸ ਦੇ ਮਨ ਵਿਚ ਨਾ ਹੋਵੇ। ਗੁਰੂ ਨਾਨਕ ਦੱਸਦੇ ਹਨ ਕਿ ਇਸ ਸੰਸਾਰ ਵਿਚ ਆਪਣੇ ਸੁਆਰਥ ਲਈ ਤਾਂ ਹਰ ਕੋਈ ਝੁਕ ਜਾਂਦਾ ਹੈ ਭਾਵ ਨਿਮਰਤਾ ਦਿਖਾਉਂਦਾ ਹੈ ਪਰ ਦੂਜਿਆਂ ਵਾਸਤੇ ਕੋਈ ਨਹੀਂ ਝੁਕਦਾ, ਨਿਮਰਤਾ ਨਹੀਂ ਦਿਖਾਉਂਦਾ। ਕਹਿੰਦੇ ਜੇ ਤੱਕੜੀ ‘ਤੇ ਧਰ ਕੇ ਤੋਲਿਆ ਜਾਵੇ ਤਾਂ ਅਸੀਂ ਦੇਖ ਸਕਦੇ ਹਾਂ ਕਿ ਉਹ ਹੀ ਪਲੜਾ ਝੁਕਦਾ ਜਾਂ ਨੀਵਾਂ ਹੁੰਦਾ ਹੈ ਜੋ ਭਾਰਾ ਹੁੰਦਾ ਹੈ, ਜਿਸ ਵਿਚ ਜ਼ਿਆਦਾ ਬੋਝ ਹੁੰਦਾ ਹੈ ਪਰ ਨਿਵਣ ਦਾ ਮਤਲਬ ਮਨ ਵੱਲੋਂ ਨਿਵਣਾ ਹੁੰਦਾ ਹੈ ਮਹਿਜ ਸਰੀਰ ਨੂੰ ਝੁਕਾਉਣ ਨਾਲ ਕੁਝ ਨਹੀਂ ਹੁੰਦਾ। ਮਿਰਗਾਂ ਦਾ ਸ਼ਿਕਾਰ ਕਰਨ ਵਾਲਾ ਸ਼ਿਕਾਰੀ ਮਿਰਗ ਨੂੰ ਮਾਰਨ ਲਈ ਸਾਰੇ ਸਰੀਰ ਨੂੰ ਝੁਕਾ ਲੈਂਦਾ ਹੈ। ਇਸ ਤਰ੍ਹਾਂ ਕਈ ਵਾਰ ਅਪਰਾਧੀ ਮਨੁੱਖ ਜ਼ਿਆਦਾ ਝੁਕ ਜਾਂਦਾ ਹੈ ਅਰਥਾਤ ਨਿਮਰਤਾ ਦਾ ਦਿਖਾਵਾ ਕਰਦਾ ਹੈ। ਜੇ ਹਿਰਦੇ ਨੇ ਪੁੱਠੇ ਪਾਸੇ ਜਾਣਾ ਹੈ, ਫਿਰ ਸਰੀਰ ਨੂੰ ਝੁਕਾਉਣ ਦਾ ਕੋਈ ਫਾਇਦਾ ਨਹੀਂ ਹੈ:
ਸਿੰਮਲ ਰੁਖੁ ਸਰਾਇਰਾ ਅਤਿ ਦੀਰਘ ਅਤਿ ਮੁਚੁ॥
ਓਇ ਜਿ ਆਵਹਿ ਆਸ ਕਰਿ ਜਾਹਿ ਨਿਰਾਸੇ ਕਿਤੁ॥
ਫਲ ਫਿਕੇ ਫੁਲ ਬਕਬਕੇ ਕੰਮਿ ਨ ਆਵਹਿ ਪਤ॥
ਮਿਠਤੁ ਨੀਵੀ ਨਾਨਕਾ ਗੁਣ ਚੰਗਿਆਈਆ ਤਤੁ॥
ਸਭੁ ਕੋ ਨਿਵੈ ਆਪ ਕਉ ਪਰ ਕਉ ਨਿਵੈ ਨ ਕੋਇ॥
ਧਰਿ ਤਾਰਾਜੂ ਤੋਲੀਐ ਨਿਵੈ ਸੁ ਗਉਰਾ ਹੋਇ॥
ਅਪਰਾਧੀ ਦੂਣਾ ਨਿਵੈ ਜੋ ਹੰਤਾ ਮਿਰਗਾਹਿ॥
ਸੀਸਿ ਨਿਵਾਇਐ ਕਿਆ ਥੀਐ ਜਾ ਰਿਦੈ ਕੁਸੁਧੇ ਜਾਹਿ॥੧॥ (ਪੰਨਾ ੪੭੦)
ਅਗਲੀ ਪਉੜੀ ਵਿਚ ਭਾਈ ਗੁਰਦਾਸ ਮਜੀਠ ਅਤੇ ਕਸੁੰਭੇ ਦੇ ਰੰਗ ਦਾ ਦ੍ਰਿਸ਼ਟਾਂਤ ਲੈਂਦੇ ਹਨ। ਮਜੀਠ ਦਾ ਰੰਗ ਪੱਕਾ ਹੁੰਦਾ ਹੈ ਅਤੇ ਕਸੁੰਭੇ ਦਾ ਕੱਚਾ, ਜੋ ਪਾਣੀ ਲਾਇਆਂ ਜਾਂ ਧੋਤਿਆਂ ਉਤਰ ਜਾਂਦਾ ਹੈ; ਭਾਈ ਗੁਰਦਾਸ ਕਹਿੰਦੇ ਹਨ ਕਿ ਇਹ ਵਿਚਾਰ ਕਰਨ ਵਾਲੀ ਗੱਲ ਹੈ ਕਿ ਇਹ ਇਸ ਤਰ੍ਹਾਂ ਕਿਉਂ ਹੁੰਦਾ ਹੈ? ਉਹ ਅੱਗੇ ਕਹਿੰਦੇ ਹਨ ਕਿ ਮਜੀਠ ਦਾ ਪੌਦਾ ਪਹਿਲਾਂ ਆਪਣੀਆਂ ਜੜ੍ਹਾਂ ਨੂੰ ਜ਼ਮੀਨ ਵਿਚ ਫੈਲਾਉਂਦਾ ਹੈ, ਪੱਕੀਆਂ ਕਰਦਾ ਹੈ, ਫਿਰ ਇਨ੍ਹਾਂ ਜੜ੍ਹਾਂ ਨੂੰ ਧਰਤੀ ਨੂੰ ਪੁੱਟ ਕੇ ਬਾਹਰ ਕੱਢਿਆ ਜਾਂਦਾ ਹੈ ਅਤੇ ਉਖਲੀ ਵਿਚ ਪਾ ਕੇ ਲੱਕੜੀ ਦੇ ਮੁਹਲੇ ਨਾਲ ਕੁੱਟਿਆ ਜਾਂਦਾ ਹੈ; ਕੁੱਟਣ ਉਪਰੰਤ ਇਨ੍ਹਾਂ ਨੂੰ ਚੱਕੀ ਵਿਚ ਪੀਸਿਆ ਜਾਂਦਾ ਹੈ। ਚੱਕੀ ਵਿਚ ਚੰਗੀ ਤਰ੍ਹਾਂ ਪੀਸ-ਪਾਸ ਕੇ ਫਿਰ ਇਸ ਨੂੰ ਪਾਣੀ ਵਿਚ ਪਾ ਕੇ ਅੱਗ ਉਤੇ ਖੂਬ ਉਬਾਲਿਆ ਜਾਂਦਾ ਹੈ ਅਤੇ ਮਜੀਠ ਉਬਲਣ ਦੀ ਪੀੜ ਆਪਣੇ ਉਪਰ ਸਹਿੰਦਾ ਹੈ। ਇਹ ਪੀੜ ਜਰਨ ਪਿਛੋਂ ਤਾਂ ਕਿਧਰੇ ਜਾ ਕੇ ਇਸ ਦਾ ਰੰਗ ਬਣਦਾ ਹੈ; ਇਹ ਆਪਣੇ ਪਿਆਰੇ ਦੇ ਕੱਪੜੇ ਰੰਗਣ ਦੇ ਯੋਗ ਹੁੰਦਾ ਹੈ।
ਇਸ ਦੇ ਉਲਟ ਕਸੁੰਭ ਦਾ ਫੁੱਲ ਕੰਡਿਆਂ ਵਾਲੀ ਪੋਹਲੀ ਦੇ ਸਿਰ ‘ਤੇ ਉਗਦਾ ਹੈ ਅਤੇ ਆਪਣਾ ਸੁਰਖ ਗੂੜ੍ਹਾ ਰੰਗ ਕੱਢਦਾ ਹੈ। ਇਸ ਵਿਚ ਖੱਟੇ ਦੀ ਖਟਿਆਈ ਪਾ ਕੇ ਤਾਂ ਉਸ ਵਿਚ ਕੱਪੜਾ ਰੰਗ ਦਿੱਤਾ ਜਾਂਦਾ ਹੈ ਜਿਸ ‘ਤੇ ਰੰਗ ਕੁਝ ਦਿਨ ਹੀ ਚਲਦਾ ਹੈ। ਇਸ ਤਰ੍ਹਾਂ ਨੀਵਾਂ ਉਗਣ ਵਾਲਾ ਅੰਤ ਵਿਚ ਜਿੱਤ ਜਾਂਦਾ ਹੈ ਅਤੇ ਉਚਾ ਕਿਹਾ ਜਾਣ ਵਾਲਾ ਹਾਰ ਜਾਂਦਾ ਹੈ। ਭਾਈ ਗੁਰਦਾਸ ਇਸ ਦਾ ਸਿੱਟਾ ਇਹ ਕੱਢਦੇ ਹਨ ਕਿ ਹਲੀਮੀ, ਨਿਮਰਤਾ ਸਦਾ ਨਿਭਣ ਵਾਲਾ ਗੁਣ ਹੈ ਅਤੇ ਹਉਮੈ ਆਖਰਕਾਰ ਹਾਰ ਜਾਂਦੀ ਹੈ:
ਰੰਗੁ ਮਜੀਠ ਕਸੁੰਭ ਦਾ ਕਚਾ ਪਕਾ ਕਿਤੁ ਵੀਚਾਰੇ।
ਧਰਤੀ ਉਖਣਿ ਕਢੀਐ ਮੂਲ ਮਜੀਠ ਜੜੀ ਜੜਤਾਰੇ।
ਉਖਲ ਮੁਹਲੇ ਕੁਟੀਐ ਪੀਹਣਿ ਪੀਸੈ ਚਕੀ ਭਾਰੇ।
ਸਹੈ ਅਵੱਟਣੁ ਅੱਗਿ ਦਾ ਹੋਇ ਪਿਆਰੀ ਮਿਲੈ ਪਿਆਰੇ।
ਪੋਹਲੀਅਹੁ ਸਿਰੁ ਕਢਿ ਕੈ ਫੁਲੁ ਕਸੁੰਭ ਚਲੁੰਭ ਖਿਲਾਰੇ।
ਖਟ ਤੁਰਸੀ ਦੇ ਰੰਗੀਐ ਕਪਟ ਸਨੇਹੁ ਰਹੈ ਦਿਹ ਚਾਰੇ।
ਨੀਵਾ ਜਿਣੈ ਉਚੇਰਾ ਹਾਰੇ॥੬॥
ਮਜੀਠ ਦੇ ਪੱਕੇ ਰੰਗ ਦੀ ਉਦਾਹਰਣ ਗੁਰੂ ਅਮਰਦਾਸ ਇੱਕ ਹੋਰ ਸੰਦਰਭ ਵਿਚ ਦਿੰਦੇ ਹਨ, ਜਿਸ ਵਿਚ ਮਨੁੱਖ ਦੇ ਅਕਾਲ ਪੁਰਖ ਨਾਲ ਗੂੜ੍ਹੇ ਅਤੇ ਪੱਕੇ ਪ੍ਰੇਮ ਲਈ ਮਜੀਠ ਦਾ ਦ੍ਰਿਸ਼ਟਾਂਤ ਦਿੱਤਾ ਗਿਆ ਹੈ ਪਰ ਉਥੇ ਵੀ ਉਹ ਮਜੀਠ ਦੇ ਰੰਗ ਦਾ ਕਸ਼ਟ ਸਹਾਰ ਕੇ ਹੀ ਪੱਕਾ ਹੋਣ ਦੀ ਗੱਲ ਕਰਦੇ ਹਨ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚ ਅਕਾਲ ਪੁਰਖ ਨਾਲ ਮਨੁੱਖ ਦਾ ਪ੍ਰੇਮ ਦੱਸਣ ਲਈ ਪਤੀ ਤੇ ਪਤਨੀ ਦਾ ਅਲੰਕਾਰ ਆਮ ਵਰਤਿਆ ਗਿਆ ਹੈ। ਇੱਥੇ ਵੀ ਗੁਰੂ ਅਮਰਦਾਸ ਜੀਵ ਇਸਤਰੀ ਦੀ ਉਦਾਹਰਣ ਲੈ ਕੇ ਦੱਸਦੇ ਹਨ ਕਿ ਅਕਾਲ ਪੁਰਖ ਨਾਲ ਆਪਣਾ ਪ੍ਰੇਮ ਪੱਕਾ ਕਰਨ ਲਈ ਆਪਣੇ ਆਪ ਨੂੰ ਸਮੁੱਚੇ ਰੂਪ ਵਿਚ ਅਕਾਲ ਪੁਰਖ ਦੇ ਸਮਰਪਣ ਕਰਨਾ ਪੈਂਦਾ ਹੈ। ਇਹ ਸਮਰਪਣ ਉਸੇ ਕਿਸਮ ਦਾ ਹੈ ਜਿਵੇਂ ਮਜੀਠ ਪਾਣੀ ਦੇ ਵਿਚ ਰਿੰਨ੍ਹੀ ਜਾ ਕੇ ਉਬਾਲਾ ਸਹਾਰਦੀ ਹੈ ਅਤੇ ਉਸ ਦਾ ਰੰਗ ਗੂੜ੍ਹਾ ਹੁੰਦਾ ਜਾਂਦਾ ਹੈ। ਇਸੇ ਤਰ੍ਹਾਂ ਪੂਰਨ ਸਮਰਪਣ ਨਾਲ ਜੀਵ ਉਤੇ ਨਾਮ ਦਾ ਰੰਗ ਗੂੜ੍ਹਾ ਹੁੰਦਾ ਜਾਂਦਾ ਹੈ, ਜਿਸ ਨਾਲ ਪ੍ਰਭੂ ਨਾਲ ਪ੍ਰੇਮ ਵੀ ਗੂੜ੍ਹਾ ਤੇ ਪੱਕਾ ਹੁੰਦਾ ਜਾਂਦਾ ਹੈ:
ਜਿਉ ਉਬਲੀ ਮਜੀਠੈ ਰੰਗੁ ਗਹਗਹਾ ਤਿਉ ਸਚੇ ਨੋ ਜੀਉ ਦੇਇ॥
ਰੰਗਿ ਚਲੂਲੈ ਅਤਿ ਰਤੀ ਸਚੇ ਸਿਉ ਲਗਾ ਨੇਹੁ॥ (ਪੰਨਾ ੩੧੧)
ਸੱਤਵੀਂ ਪਉੜੀ ਵਿਚ ਭਾਈ ਗੁਰਦਾਸ ਨਿੱਕੀ ਕੀੜੀ ਅਤੇ ਮੱਕੜੀ ਦਾ ਦ੍ਰਿਸ਼ਟਾਂਤ ਦਿੰਦੇ ਹਨ ਕਿ ਨਿੱਕੀ ਕੀੜੀ ਭ੍ਰਿੰਗੀ ਕੀੜੀ ਨੂੰ ਮਿਲ ਕੇ ਉਸੇ ਦਾ ਰੂਪ ਹੋ ਜਾਂਦੀ ਹੈ। ਇਸੇ ਤਰ੍ਹਾਂ ਨਿੱਕੀ ਦਿਸਣ ਵਾਲੀ ਮੱਕੜੀ ਆਪਣੇ ਮੂੰਹ ਵਿਚੋਂ ਸੂਤ ਦੀਆਂ ਤਾਰਾਂ ਕੱਢ ਕੱਢ ਕੇ ਅਤੇ ਸੈਂਕੜੇ ਗਜ਼ ਸੂਤ ਨੂੰ ਫਿਰ ਨਿਗਲ ਕੇ ਆਪਣੇ ਅੰਦਰ ਹੀ ਸਮੋ ਲੈਂਦੀ ਹੈ। ਇਸੇ ਤਰ੍ਹਾਂ ਦੇਖਣ ਵਿਚ ਛੋਟੀ ਜਿਹੀ ਨਜ਼ਰ ਆਉਂਦੀ ਸ਼ਹਿਦ ਦੀ ਮੱਖੀ ਦਾ ਪੈਦਾ ਕੀਤਾ ਹੋਇਆ ਸ਼ਹਿਦ ਵਪਾਰੀਆਂ ਵੱਲੋਂ ਪੈਸੇ ਖਾਤਰ ਵੇਚਿਆ ਜਾਂਦਾ ਹੈ। ਰੇਸ਼ਮ ਦਾ ਕੀੜਾ ਵੀ ਨਿੱਕਾ ਜਿਹਾ ਕਿਹਾ ਜਾਂਦਾ ਹੈ ਪ੍ਰੰਤੂ ਇਸ ਤੋਂ ਜੋ ਰੇਸ਼ਮ ਪੈਦਾ ਹੁੰਦਾ ਹੈ ਅਤੇ ਉਸ ਤੋਂ ਰੇਸ਼ਮ ਦਾ ਬਣਿਆ ਕਪੜਾ ਕੀਮਤੀ ਮੰਨਿਆ ਜਾਣ ਕਰਕੇ ਹੀ ਵਿਆਹ-ਸ਼ਾਦੀ ਮੌਕੇ ਢੋਇਆ ਜਾਂਦਾ ਹੈ। ਯੋਗੀ ਮੂੰਹ ਵਿਚ ਛੋਟਾ ਜਾਦੂ ਦਾ ਗੁਟਕਾ (ਗੇਂਦ) ਪਾ ਕੇ ਅਲੋਪ ਹੋ ਜਾਂਦੇ ਹਨ ਅਤੇ ਦੇਸ਼ ਦਿਸ਼ਾਂਤਰਾਂ ਵਿਚ ਘੁੰਮ ਆਉਂਦੇ ਹਨ। ਛੋਟੇ ਮੋਤੀਆਂ ਅਤੇ ਮਾਣਕਾਂ ਦੀ ਮਾਲਾ ਬਣਾ ਕੇ ਬਾਦਸ਼ਾਹ ਗਲ ਵਿਚ ਪਾਉਂਦੇ ਹਨ। ਦੁੱਧ ਵਿਚ ਜਾਗ ਦਾ ਥੋੜਾ ਜਿਹਾ ਹਿੱਸਾ ਮਿਲਾ ਕੇ ਦਹੀਂ ਬਣਾਇਆ ਜਾਂਦਾ ਹੈ ਅਤੇ ਦਹੀਂ ਨੂੰ ਰਿੜਕ ਕੇ ਉਸ ਵਿਚੋਂ ਮੱਖਣ ਕੱਢਿਆ ਜਾਂਦਾ ਹੈ। ਭਾਈ ਸਾਹਿਬ ਇਥੇ ਨਿੱਕੀਆਂ ਚੀਜ਼ਾਂ ਦੇ ਦ੍ਰਿਸ਼ਟਾਂਤ ਦੇ ਕੇ ਹਲੀਮੀ, ਨਿਮਰਤਾ ਧਾਰਨ ਕਰਨ ਦਾ ਉਪਦੇਸ਼ ਕਰਦੇ ਹਨ:
ਕੀੜੀ ਹੋਵੈ ਨਿਕੜੀ ਚਲਤਿ ਕਰਿ ਭ੍ਰਿੰਗੀ ਨੋ ਮਿਲਿ ਭ੍ਰਿੰਗੀ ਹੋਵੈ।
ਨਿਕੜੀ ਦਿਸੈ ਮਕੜੀ ਸੂਤੁ ਮੁਹਹੁ ਕਢਿ ਫਿਰਿ ਸੰਗੋਵੈ।
ਨਿਕੜੀ ਮਖਿ ਵਖਾਣੀਐ ਮਾਖਿਓ ਮਿਠਾ ਭਾਗਠੁ ਹੋਵੈ।
ਨਿਕੜਾ ਕੀੜਾ ਆਖੀਐ ਪਟ ਪਟੋਲੇ ਕਰਿ ਢੰਗ ਢੋਵੈ।
ਗੁਟਕਾ ਮੁਹ ਵਿਚਿ ਪਾਇ ਕੈ ਦੇਸ ਦਿਸੰਤਰਿ ਜਾਇ ਖੜੋਵੈ।
ਮੋਤੀ ਮਾਣਕ ਹੀਰਿਆ ਪਾਤਿਸਾਹੁ ਲੈ ਹਾਰੁ ਪਰੋਵੈ।
ਪਾਇ ਸਮਾਇਣੁਦਹੀ ਬਿਲੋਵੈ॥੭॥
ਇਸ ਤੋਂ ਅੱਗੇ ਘਾਹ ਦਾ ਦ੍ਰਿਸ਼ਟਾਂਤ ਦਿੱਤਾ ਹੈ ਕਿ ਕਿਸ ਤਰ੍ਹਾਂ ਘਾਹ ਹਰ ਇੱਕ ਦੇ ਪੈਰਾਂ ਹੇਠ ਮਿੱਧਿਆ ਜਾਂਦਾ ਹੈ ਪਰ ਫਿਰ ਵੀ ਉਹ ਸਾਹ ਨਹੀਂ ਕੱਢਦਾ ਭਾਵ ਕਿਸੇ ਕਿਸਮ ਦੀ ਸ਼ਿਕਾਇਤ ਨਹੀਂ ਕਰਦਾ। ਗਊ ਵਿਚਾਰੀ ਘਾਹ ਖਾ ਕੇ ਦੁੱਧ ਦਿੰਦੀ ਹੈ ਅਤੇ ਦੂਜਿਆਂ ‘ਤੇ ਪਰਉਪਕਾਰ ਕਰਦੀ ਹੈ। ਉਸ ਦੇ ਦਿੱਤੇ ਦੁੱਧ ਤੋਂ ਦਹੀਂ, ਮੱਖਣ ਘਿਓ ਬਣਦਾ ਹੈ (ਇਹ ਸਭ ਕੀਮਤੀ ਨਿਆਮਤਾਂ ਹਨ ਜੋ ਮਨੁੱਖ ਦੇ ਕਈ ਤਰ੍ਹਾਂ ਨਾਲ ਵਰਤੋਂ ਵਿਚ ਆਉਂਦੀਆਂ ਹਨ)। ਮੱਖਣ ਨੂੰ ਅੱਗ ‘ਤੇ ਤਾਅ ਕੇ ਉਸ ਤੋਂ ਘਿਉ ਬਣਾਇਆ ਜਾਂਦਾ ਹੈ ਜੋ ਹੋਮ ਯੱਗ ਵਰਗੀਆਂ ਧਾਰਮਕ ਰਸਮਾਂ ਵੇਲੇ ਕੰਮ ਆਉਂਦਾ ਹੈ ਅਤੇ ਘਿਉ ਦੀ ਵਰਤੋਂ ਹੋਰ ਬਹੁਤ ਸਾਰੀਆਂ ਸਮਾਜਕ ਅਤੇ ਧਾਰਮਕ ਰਸਮਾਂ ਵਿਚ ਕੀਤੀ ਜਾਂਦੀ ਹੈ। ਗਾਂ ਤੋਂ ਬਲਦ ਪੈਦਾ ਹੁੰਦਾ ਹੈ ਜੋ ਧੀਰਜ ਧਾਰ ਕੇ ਹਲਾਂ ਤੇ ਗੱਡਾਂ ਹੇਠ ਵਗਦਾ ਹੈ ਅਤੇ ਸਿਰ ‘ਤੇ ਭਾਰ ਚੁੱਕਦਾ ਹੈ, ਇਹ ਹੀ ਉਸ ਦਾ ਧਰਮ ਬਣ ਚੁਕਾ ਹੈ। (ਹਿੰਦੂ ਮਿਥਿਹਾਸ ਅਨੁਸਾਰ ਧਰਤੀ ਦਾ ਭਾਰ ਚਿੱਟੇ ਬਲਦ ਨੇ ਸਿੰਗਾਂ ਉਤੇ ਚੁੱਕਿਆ ਹੋਇਆ ਹੈ ਪਰ ਗੁਰੂ ਨਾਨਕ ਸਾਹਿਬ ਨੇ ਧਰਮ ਨੂੰ ਅਜਿਹਾ ਬਲਦ ਕਿਹਾ ਹੈ ਜਿਸ ਨੇ ਧਰਤੀ ਦਾ ਭਾਰ ਥੰਮਿਆ ਹੋਇਆ ਹੈ। ਭਾਈ ਗੁਰਦਾਸ ਨੇ ਵੀ ਇਸ ਦ੍ਰਿਸ਼ਟਾਂਤ ਨੂੰ ਆਪਣੀਆਂ ਵਾਰਾਂ ਵਿਚ ਵਰਤਦਿਆਂ ਧਰਮ ਨੂੰ ਉਹ ਧੌਲ ਕਿਹਾ ਹੈ ਜਿਸ ਨੇ ਬਹੁਤ ਧੀਰਜ ਨਾਲ ਆਪਣੇ ਸਿਰ ‘ਤੇ ਧਰਤੀ ਦਾ ਭਾਰ ਚੁੱਕਿਆ ਹੋਇਆ ਹੈ)। ਇਸ ਤਰ੍ਹਾਂ ਇੱਕ ਇੱਕ ਗਊ ਤੋਂ ਅਨੇਕ ਵੱਛੇ ਪੈਦਾ ਹੋ ਕੇ ਸਾਰੀਆਂ ਥਾਂਵਾਂ (ਚਹੁੰ ਚੱਕਾਂ ਅਰਥਾਤ ਸਾਰੀ ਦੁਨੀਆਂ) ‘ਤੇ ਵੱਛਿਆਂ ਦੇ ਅਨੇਕਾਂ ਵੱਗ ਹੋ ਗਏ ਹਨ। ਦੱਸਿਆ ਹੈ ਕਿ ਘਾਹ ਦੇ ਇੱਕ ਨਿੱਕੇ ਜਿਹੇ ਤੀਲੇ ਵਿਚ ਕਿੰਨੀ ਬਰਕਤ ਹੈ ਅਤੇ ਨਿਆਮਤਾਂ ਛੁਪੀਆਂ ਹੋਈਆਂ ਹਨ ਜਿਸ ਤੋਂ ਕਿੱਡਾ ਵੱਡਾ ਫੈਲਾਅ ਹੁੰਦਾ ਹੈ। ਸਿੱਟਾ ਕੱਢਿਆ ਹੈ ਕਿ ਘਾਹ ਦਾ ਇੱਕ ਨਿਮਾਣਾ ਜਿਹਾ ਤੀਲਾ ਕਿੰਨਾ ਪਰਉਪਕਾਰ ਕਰਦਾ ਹੈ ਅਤੇ ਧਰਤੀ ਦੇ ਭਾਰ ਨੂੰ ਚੁੱਕਣ ਦੀ ਵਜ੍ਹਾ ਬਣਦਾ ਹੈ:
ਲਤਾਂ ਹੇਠਿ ਲਤਾੜੀਐ ਘਾਹੁ ਨ ਕਢੈ ਸਾਹੁ ਵਿਚਾਰਾ।
ਗੋਰਸੁ ਦੇ ਖੜੁ ਖਾਇ ਕੈ ਗਾਇ ਗਰੀਬੀ ਪਰਉਪਕਾਰਾ।
ਦੁਧਹੁ ਦਹੀ ਜਮਾਈਐ ਦਈਅਹੁ ਮਖਣੁ ਛਾਹਿ ਪਿਆਰਾ।
ਘਿਅ ਤੇ ਹੋਵਨਿ ਹੋਮ ਜਗ ਢੰਗ ਸੁਆਰਥ ਚਜ ਅਚਾਰਾ।
ਧਰਮ ਧਉਲੁ ਪਰਗਟੁ ਹੋਇ ਧੀਰਜਿ ਵਹੈ ਸਹੈ ਸਿਰਿ ਭਾਰਾ।
ਇਕੁ ਇਕੁ ਜਾਉ ਜਣੇਦਿਆਂ ਚਹੁ ਚਕਾਂ ਵਿਚਿ ਵਗ ਹਜਾਰਾ।
ਤ੍ਰਿਣ ਅੰਦਰਿ ਵਡਾ ਪਾਸਾਰਾ॥੮॥
ਇਸ ਤੋਂ ਅੱਗੇ ਤਿਲ ਦੇ ਛੋਟੇ ਜਿਹੇ ਬੀਜ ਦਾ ਦ੍ਰਿਸ਼ਟਾਂਤ ਦਿੱਤਾ ਹੈ ਕਿ ਤਿਲ ਛੋਟਾ ਹੋ ਕੇ ਜਦੋਂ ਜੰਮਦਾ ਹੈ ਤਾਂ ਨੀਵਾਂ ਰਹਿ ਕੇ ਆਪਣੇ ਆਪ ਨੂੰ ਗਣਾਉਂਦਾ ਨਹੀਂ। ਫਿਰ ਜਦੋਂ ਫੁੱਲਾਂ ਦੀ ਸੰਗਤ ਵਿਚ ਆਉਂਦਾ ਹੈ ਤਾਂ ਖੁਸ਼ਬੋ-ਰਹਿਤ ਹੋਣ ਦੇ ਬਾਵਜੂਦ ਫੁੱਲਾਂ ਦੀ ਸੁਗੰਧ ਇਸ ਵਿਚ ਆ ਜਾਂਦੀ ਹੈ ਅਤੇ ਇਹ ਖੁਸ਼ਬੂਦਾਰ ਹੋ ਜਾਂਦਾ ਹੈ। ਫਿਰ ਇਸ ਨੂੰ ਫੁੱਲਾਂ ਦੇ ਨਾਲ ਜਦੋਂ ਕੋਹਲੂ ਵਿਚ ਪੀੜਿਆ ਜਾਂਦਾ ਹੈ ਤਾਂ ਇਹ ਫੁਲੇਲ ਅਰਥਾਤ ਖੁਸ਼ਬੂਦਾਰ ਤੇਲ ਬਣ ਜਾਂਦਾ ਹੈ। ਪਤਿਤਾਂ ਨੂੰ ਪਵਿੱਤਰ ਕਰਨ ਵਾਲਾ ਉਹ ਅਕਾਲ ਪੁਰਖ ਐਸਾ ਕੌਤਕ ਰਚਦਾ ਹੈ ਕਿ ਉਹ ਖੁਸ਼ਬੂਦਾਰ ਤੇਲ ਬਾਦਸ਼ਾਹ ਦੇ ਸਿਰ ‘ਤੇ ਝੱਸਿਆ ਜਾਂਦਾ ਹੈ ਜਿਸ ਨਾਲ ਉਸ ਨੂੰ ਸੁੱਖ ਮਿਲਦਾ ਹੈ। ਫਿਰ ਇਸ ਨੂੰ ਦੀਵੇ ਵਿਚ ਪਾ ਕੇ ਜਦੋਂ ਜਲਾਇਆ ਜਾਂਦਾ ਹੈ ਤਾਂ ਇਸ ਦਾ ਨਾਮ ਕੁਲ ਦੀਪਕ ਪੈ ਜਾਂਦਾ ਹੈ। ਕੁਲ ਦਾ ਦੀਪਕ ਆਮ ਤੌਰ ‘ਤੇ ਮਨੁੱਖ ਦੀਆਂ ਆਖਰੀ ਰਸਮਾਂ ਕਰਨ ਵੇਲੇ ਬਾਲਿਆ ਜਾਂਦਾ ਹੈ। ਦੀਵੇ ਦੀ ਲੋਅ ਤੋਂ ਫਿਰ ਕੱਜਲ ਤਿਆਰ ਕੀਤਾ ਜਾਂਦਾ ਹੈ ਜੋ ਅੱਖਾਂ ਦੇ ਅੰਦਰ ਜਾ ਕੇ ਉਨ੍ਹਾਂ ਵਿਚ ਹੀ ਸਮਾ ਜਾਂਦਾ ਹੈ। ਤਿਲ ਦਾ ਇੱਕ ਛੋਟਾ ਜਿਹਾ ਬੀਜ ਏਨਾ ਮਹਾਨ ਹੋ ਕੇ ਵੀ ਆਪਣੇ ਆਪ ਨੂੰ ਵੱਡਾ ਨਹੀਂ ਕਹਾਉਂਦਾ। ਇੰਨੇ ਪਰਉਪਕਾਰ ਕਰਕੇ ਵੀ ਆਪਣੀ ਹੋਂਦ ਨੂੰ ਨਾ ਜਤਾਉਣਾ ਹੀ ਹਲੀਮੀ ਜਾਂ ਨਿਮਰਤਾ ਹੈ:
ਲਹੁੜਾ ਤਿਲੁ ਹੋਇ ਜੰਮਿਆ ਨੀਚਹੁ ਨੀਚੁ ਨ ਆਪੁ ਗਣਾਇਆ।
ਫੁਲਾ ਸੰਗਤਿ ਵਸਿਆ ਹੋਇ ਨਿਰਗੰਧੁ ਸੁਗੰਧੁ ਸੁਹਾਇਆ।
ਕੋਲੂ ਪਾਇ ਪੀੜਾਇਆ ਹੋਇ ਫੁਲੇਲੁ ਖੇਲੁ ਵਰਤਾਇਆ।
ਪਤਿਤੁ ਪਵਿਤ੍ਰ ਚਲਿਤ੍ਰੁ ਕਰਿ ਪਤਿਸਾਹ ਸਿਰਿ ਧਰਿ ਸੁਖੁ ਪਾਇਆ।
ਦੀਵੈ ਪਾਇ ਜਲਾਇਆ ਕੁਲ ਦੀਪਕੁ ਜਗਿ ਬਿਰਦੁ ਸਦਾਇਆ।
ਕਜਲੁ ਹੋਆ ਦੀਵਿਅਹੁ ਅਖੀ ਅੰਦਰਿ ਜਾਇ ਸਮਾਇਆ।
ਬਾਲਾ ਹੋਇ ਨ ਵਡਾ ਕਹਾਇਆ॥੯॥