ਛੱਡੀਏ ਪੰਜਾਬ ਦੀ ਸਿਆਸਤ ਤੇ ਬਣੀਏ ਓਥੋਂ ਦੇ, ਜਿਥੇ ਵਸਦੇ ਹਾਂ

ਚਰਨਜੀਤ ਸਿੰਘ ਸਾਹੀ
ਫੋਨ: 317-430-6545
ਭਾਰਤ ਵਿਚ ਕਿਸੇ ਵਕਤ ਰਾਜਨੀਤੀ ਕਰਨ ਵਾਲੇ ਜਨਤਾ ਦੇ ਸੇਵਾਦਾਰ ਜਾਣੇ ਜਾਂਦੇ ਸਨ। ਉਦੋਂ ਰਾਜਨੀਤੀ ਦਾ ਵਪਾਰੀਕਰਨ ਪੂਰੀ ਤਰ੍ਹਾਂ ਨਹੀਂ ਸੀ ਹੋਇਆ। ਹੁਣ ਤਾਂ ਆਲਮ ਇਹ ਹੈ ਕਿ ਪੰਚਾਇਤੀ ਚੋਣਾਂ ਤੋਂ ਲੈ ਕੇ ਪਾਰਲੀਮੈਂਟ ਚੋਣਾਂ ਤੱਕ ਲੜਨ ਲਈ ਕਰੋੜਾਂ ਰੁਪਏ ਲੱਗਦੇ ਹਨ। ਪਹਿਲਾਂ ਲੀਡਰ ਪਾਵਰ ‘ਚ ਆਉਣ ਵਾਸਤੇ ਕਰੋੜਾਂ ਖਰਚ ਕਰਦੇ ਹਨ ਤੇ ਬਾਅਦ ‘ਚ ਕਈ ਗੁਣਾ ਵੱਧ ਹੇਰਾਫੇਰੀ ਨਾਲ ਇਕੱਠਾ ਕਰਦੇ ਹਨ।

ਹਾਲਾਤ ਇਹ ਹਨ ਕਿ ਭਾਰਤ ‘ਚ ਇਮਾਨਦਾਰੀ ਦਾ ਬੀਜ ਨਾਸ ਹੋਣ ਕਿਨਾਰੇ ਹੈ।
ਗੱਲ ਪੰਜਾਬ ਦੀ ਕਰਦੇ ਹਾਂ। ਆਜ਼ਾਦੀ ਪਿਛੋਂ ਰਾਜ ਦੋ ਪਾਰਟੀਆਂ ਨੇ ਹੀ ਕੀਤਾ ਹੈ-ਕਾਂਗਰਸ ਤੇ ਅਕਾਲੀਆਂ ਨੇ। ਸੈਂਟਰ ‘ਚ ਕਾਂਗਰਸ ਨੇ। ਹਾਂ, ਪਿਛਲੇ ਦੋ ਸਾਲ ਤੋਂ ਸੈਂਟਰ ‘ਚ ਭਾਜਪਾ ਕਾਬਜ ਹੈ ਜੋ ਘੱਟ ਗਿਣਤੀਆਂ ਵਾਸਤੇ ਸਭ ਤੋਂ ਖਤਰਨਾਕ ਸਿੱਧ ਹੋ ਰਹੀ ਹੈ ਜਿਸ ਦਾ ਮੁੱਖ ਏਜੰਡਾ ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣਾ ਹੈ। ਪੰਜਾਬ ਦਾ ਭਲਾ ਸੈਂਟਰ ਵਾਲੀ ਕਿਸੇ ਪਾਰਟੀ ਨੇ ਨਹੀਂ ਕੀਤਾ, ਪੰਜਾਬ ਨਾਲ ਸੈਂਟਰ ਦੀਆਂ ਸਰਕਾਰਾਂ ਨੇ ਮਤਰੇਈ ਮਾਂ ਵਾਲਾ ਸਲੂਕ ਹੀ ਕੀਤਾ ਹੈ ਜਾਂ ਸਾਡੇ ਚੁਣੇ ਨੁਮਾਇੰਦੇ ਕਰਵਾ ਨਹੀਂ ਸਕੇ। ਆਉਣ ਵਾਲੇ ਸਮੇਂ ‘ਚ ਪੰਜਾਬੀ ਭੁੱਲ ਜਾਣ ਸੈਂਟਰ ਗੌਰਮਿੰਟ ਤੋਂ ਪੰਜਾਬ ਨੂੰ ਕੋਈ ਰਾਹਤ ਮਿਲੂ।
ਪਿਛਲੇ ਦਸ ਸਾਲਾਂ ‘ਚ ਪੰਜਾਬ ਦਾ ਜੋ ਹਾਲ ਅਕਾਲੀ-ਭਾਜਪਾ ਸਰਕਾਰ ਨੇ ਕੀਤਾ, ਸਭ ਦੇ ਸਾਹਮਣੇ ਹੈ। ਬੇਰੁਜ਼ਗਾਰੀ, ਡਰੱਗ ਮਾਫੀਆ, ਲੈਂਡ ਮਾਫੀਆ, ਬਜਰੀ-ਰੇਤਾ ਮਾਫੀਆ, ਟਰਾਂਸਪੋਰਟ ਮਾਫੀਆ, ਕੇਬਲ ਮਾਫੀਆ, ਫਾਹੇ ਲੱਗ ਰਹੀ ਕਿਰਸਾਨੀ-ਇਹ ਸਮੱਸਿਆਵਾਂ ਪੰਜਾਬ ਦੇ ਲੋਕਾਂ ਦਾ ਲਹੂ ਪੀ ਰਹੀਆਂ ਹਨ। ਇਹਦਾ ਸਿੱਧਾ ਜਾਂ ਅਸਿੱਧਾ ਅਸਰ ਭਾਰਤ ਤੋਂ ਬਾਹਰ ਵੱਸਦੇ ਪਰਵਾਸੀ ਪੰਜਾਬੀਆਂ ‘ਤੇ ਵੀ ਪੈਂਦਾ ਹੈ। ਪਹਿਲਾਂ ਪਹਿਲ ਜਿਹੜੇ ਪਰਵਾਸੀ ਬਾਹਰ ਆਏ, ਬਹੁਤਿਆਂ ਦੇ ਮਨਾਂ ‘ਚ ਇਹੀ ਸੀ ਕਿ ਕਮਾਈ ਕਰਕੇ ਵਾਪਸ ਪੰਜਾਬ ਚਲੇ ਜਾਣਾ ਹੈ। ਦਿਨ ਰਾਤ ਸਖਤ ਮਿਹਨਤ ਕਰਕੇ ਪਹਿਲਾਂ ਪਿਛੇ ਪੰਜਾਬ ਵੱਸਦੇ ਆਪਣੇ ਪਰਿਵਾਰਾਂ ਨੂੰ ਸੁਖੀ ਕੀਤਾ ਤੇ ਫਿਰ ਜ਼ਮੀਨ-ਜਾਇਦਾਦ ਖਰੀਦੀ। ਸਮਾਂ ਪਾ ਕੇ ਉਨ੍ਹਾਂ ਦੀ ਅਗਲੀ ਪੀੜ੍ਹੀ ਪੰਜਾਬ ਮੁੜਨ ਨੂੰ ਤਿਆਰ ਨਾ ਹੋਈ ਤੇ ਕੁਝ ਇਥੋਂ ਦੀਆਂ ਸੁੱਖ-ਸਹੂਲਤਾਂ ਨੇ ਪਰਦੇਸੀਆਂ ਨੂੰ ਪੱਕੇ ਰਹਿਣ ਲਈ ਮਜਬੂਰ ਕਰ ਦਿੱਤਾ। ਹੌਲੀ ਹੌਲੀ ਹਾਲਾਤ ਇਹ ਹੋ ਗਏ ਕਿ ਪਰਦੇਸੀਆਂ ਦੇ ਆਪਣੇ ਭੈਣ-ਭਰਾਵਾਂ, ਰਿਸ਼ਤੇਦਾਰਾਂ, ਦੋਸਤਾਂ-ਮਿੱਤਰਾਂ ਤੇ ਭੂ ਮਾਫੀਏ ਨੇ ਇਨ੍ਹਾਂ ਦੀਆਂ ਜਾਇਦਾਦਾਂ ‘ਤੇ ਕਬਜੇ ਕਰਨੇ ਸ਼ੁਰੂ ਕਰ ਦਿੱਤੇ। ਇਥੋਂ ਸ਼ੁਰੂ ਹੋ ਗਈ ਪਰਦੇਸੀਆਂ ਦੀ ਖੱਜਲ ਖੁਆਰੀ।
ਸਮੇਂ ਦੀਆਂ ਸਰਕਾਰਾਂ ਨੇ ਐਨæਆਰæਆਈæ ਸਭਾਵਾਂ ਬਣਾਈਆਂ ਪਰ ਉਹ ਕੋਈ ਕਾਰਗਰ ਸਿੱਧ ਨਾ ਹੋਈਆਂ ਜਾਂ ਇਉਂ ਕਹਿ ਲਓ ਕਿ ਜਿਹੜੇ ਉਨ੍ਹਾਂ ਸਭਾਵਾਂ ਦੇ ਚੌਧਰੀ ਬਣੇ, ਉਨ੍ਹਾਂ ਆਪਣੇ ਨਿਜੀ ਫਾਇਦੇ ਉਠਾਏ ਜਾਂ ਸਰਕਾਰਾਂ ਕੋਲੋਂ ਆਉਭਗਤ ਕਰਵਾਈ। ਪਰ ਪਿਛਲੇ ਦਸ ਸਾਲਾਂ ‘ਚ ਪੰਜਾਬ ਦੇ ਹਾਲਾਤ ਅਕਾਲੀ ਸਰਕਾਰ ਨੇ ਏਡੇ ਮਾੜੇ ਕਰ ਦਿਤੇ ਹਨ ਕਿ ਪਰਦੇਸੀ ਵੀ ਤ੍ਰਾਹ ਤ੍ਰਾਹ ਕਰ ਉਠੇ ਹਨ।
ਵਿਧਾਨ ਸਭਾ ਚੋਣਾਂ ਵਿਚ ਦੋਵੇਂ ਰਵਾਇਤੀ ਪਾਰਟੀਆਂ-ਕਾਂਗਰਸ ਤੇ ਅਕਾਲੀ ਦਲ ਨੂੰ ਛੱਡ ਕੇ ਪਰਵਾਸੀਆਂ ਨੇ ਨਵੀਂ ਉਠੀ ਆਮ ਆਦਮੀ ਪਾਰਟੀ ਦਾ ਤਨੋਂ ਮਨੋਂ ਤੇ ਧਨੋਂ ਪੂਰਾ ਸਾਥ ਦਿੱਤਾ, ਤਾਂਕਿ ਹਰ ਪਾਸੇ ਤੋਂ ਤਬਾਹ ਹੋ ਰਿਹਾ ਪੰਜਾਬ ਮੁੜ ਖੁਸ਼ਹਾਲ ਹੋ ਸਕੇ। ਇਸ ਪਾਰਟੀ ਨੂੰ ਦੋਹਾਂ ਰਵਾਇਤੀ ਪਾਰਟੀਆਂ ਨੇ ਇਹ ਕਹਿ ਕੇ ਭੰਡਿਆ ਕਿ ਇਸ ਪਾਰਟੀ ਦੇ ਲੀਡਰ ਦਿੱਲੀ ਤੋਂ ਜਾਂ ਉਤਰ ਪ੍ਰਦੇਸ਼ ਤੋਂ ਹਨ। ਕੋਈ ਪੁੱਛੇ, ਸੋਨੀਆ ਗਾਂਧੀ ਲੁਧਿਆਣੇ ਜੰਮੀ ਸੀ? ਰਾਜੀਵ ਗਾਂਧੀ ਤੇ ਆਸ਼ਾ ਕੁਮਾਰੀ ਕਿਥੋਂ ਦੀਆਂ ਹਨ? ਪਰ ਪੰਜਾਬ ਦੇ ਲੋਕ ਆਦੀ ਹੋ ਚੁਕੇ ਹਨ, ਇਸ ਸਿਸਟਮ ਵਿਚ ਵਿਚਰਨ ਦੇ।
ਕਾਂਗਰਸ ਅਤੇ ਅਕਾਲੀ ਫਰੈਂਡਲੀ ਮੈਚ ਖੇਡਦੀਆਂ ਆ ਰਹੀਆਂ ਹਨ। ਦਸ ਸਾਲ ਅਕਾਲੀਆਂ ਨੇ ਪੰਜਾਬ ਦੀ ਜਨਤਾ ਨੂੰ ਲੁੱਟਿਆ ਤੇ ਕੁੱਟਿਆ। ਅਕਾਲੀਆਂ ਨੇ ਆਪਣੇ ਰਾਜ ਵਿਚ ਕਾਂਗਰਸ ਦੇ ਗੁਨਾਹਾਂ ਤੋਂ ਪਰਦਾ ਨਹੀਂ ਚੁਕਿਆ ਅਤੇ ਸ਼ਾਇਦ ਹੁਣ ਕਾਂਗਰਸੀ ਵੀ ਅਕਾਲੀਆਂ ਨਾਲ ਇਹੋ ਲਿਹਾਜ ਪਾਲਣਗੇ। ਲੋਕੋ, ਦੱਸ ਸਾਲ ਇੰਤਜਾਰ ਕਰਨਾ ਕਿਤੇ ਸੌਖਾ ਸੀ, ਹੁਣ ਛਕਣਗੇ ਦੋਹੀਂ ਹੱਥੀਂ ਤੇ ਮੁਆਫ ਹੋਣਗੇ ਅਕਾਲੀਆਂ ਦੇ ਕੀਤੇ ਬੱਜਰ ਗੁਨਾਹ। ਪਰਦੇਸੀ ਬਹੁਤ ਮਾਯੂਸ ਹੋਏ ਹਨ, ਪੰਜਾਬੀਆਂ ਦੇ ਚੋਣਾਂ ‘ਚ ਨਿਭਾਏ ਕਿਰਦਾਰ ਤੋਂ। ਹੋ ਸਕਦੈ ḔਆਪḔ ਵਾਲਿਆਂ ਵਿਚ ਵੀ ਕਿਤੇ ਖਾਮੀਆਂ ਰਹਿ ਗਈਆਂ ਹੋਣ। ਇਸ ਤੋਂ ਵੱਧ ਪਰਦੇਸੀ ਆਪਣੇ ਪੰਜਾਬ ਤੇ ਆਪਣੇ ਲੋਕਾਂ ਵਾਸਤੇ ਹੋਰ ਕੀ ਕਰ ਸਕਦੇ ਹਨ।
ਮੇਰਾ ਆਪਣਾ ਯਕੀਨ ਹੈ ਕਿ ਸਾਨੂੰ ਇਸ ਤੋਂ ਸਬਕ ਸਿੱਖ ਲੈਣਾ ਚਾਹੀਦਾ ਹੈ ਕਿ ਸਾਡਾ ਦੇਸ਼ ਇਹੀ ਹੈ, ਜਿਥੇ ਅਸੀਂ ਤੇ ਸਾਡੇ ਬੱਚੇ ਵੱਸ ਰਹੇ ਹਨ। ਜਿਸ ਦੇਸ਼ ਨੇ ਸਾਨੂੰ ਜਿਊਣ ਦੀਆਂ ਉਹ ਸਭ ਸੁੱਖ-ਸਹੂਲਤਾਂ ਦਿੱਤੀਆਂ, ਜੋ ਸਾਨੂੰ ਨਾਂ ਦੇ ਆਪਣੇ ਦੇਸ਼ ਨੇ ਨਹੀਂ ਸੀ ਦਿੱਤੀਆਂ। ਇਥੇ ਸਾਡੀਆਂ ਆਉਣ ਵਾਲੀਆਂ ਨਸਲਾਂ ਨੇ ਰਹਿਣਾ ਹੈ। ਅਸੀਂ ਇਥੋਂ ਦੀ ਸਿਆਸਤ ਵਿਚ ਦਿਲਚਸਪੀ ਲਈਏ। ਪੰਜਾਬ ਦਾ ਮੋਹ ਤਿਆਗ ਕੇ ਜਿਥੇ ਵੱਸਦੇ ਹਾਂ, ਉਥੋਂ ਦੇ ਹੋ ਕੇ ਰਹੀਏ।