ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੀ…

ਚੰਡੀਗੜ੍ਹ: ਆਮ ਆਦਮੀ ਪਾਰਟੀ ਦੀ ਪੰਜਾਬ ਵਿਚ ਹੋਈ ਹਾਰ ਨਾਲ ਸਭ ਤੋਂ ਵੱਧ ਨਿਰਾਸ਼ਾ ਪਰਵਾਸੀ ਪੰਜਾਬੀਆਂ ਨੂੰ ਹੋਈ ਹੈ। ਇਹ ਪਹਿਲੀ ਵਾਰ ਸੀ ਜਦੋਂ ਪਰਵਾਸੀ ਪੰਜਾਬੀਆਂ ਨੇ ਕਿਸੇ ਸਿਆਸੀ ਪਾਰਟੀ ਲਈ ਚੋਣ ਪ੍ਰਚਾਰ ਹੀ ਨਹੀਂ ਕੀਤਾ, ਸਗੋਂ ਪਾਰਟੀ ਦੇ ਹੱਕ ਵਿਚ ਪੈਸੇ ਵੀ ਖਰਚੇ। ਪਰਵਾਸੀ ਪੰਜਾਬੀਆਂ ਦੇ ਗੜ੍ਹ ਮੰਨੇ ਜਾਂਦੇ ਦੁਆਬੇ ਵਿਚ ਆਮ ਆਦਮੀ ਪਾਰਟੀ ਨੂੰ ਸਿਰਫ ਦੋ ਸੀਟਾਂ ਹੀ ਨਸੀਬ ਹੋਈਆਂ ਹਨ। ਇਕ ਦਹਾਕੇ ਬਾਅਦ ਕਾਂਗਰਸ ਦੀ ਵਾਪਸੀ, ਅਕਾਲੀ-ਭਾਜਪਾ ਗੱਠਜੋੜ ਦੀ ਨਮੋਸ਼ੀ ਵਾਲੀ ਹਾਰ ਅਤੇ ਆਮ ਆਦਮੀ ਪਾਰਟੀ ਦੇ ਅਣਕਿਆਸੇ ਮਾੜੇ ਪ੍ਰਦਰਸ਼ਨ ਉਤੇ ਇਨ੍ਹੀਂ ਦਿਨੀਂ ਖੂਬ ਚਰਚਾ ਚੱਲ ਰਹੀ ਹੈ।

ਕਾਂਗਰਸ ਦੀ ਆਸ ਤੋਂ ਵੱਡੀ ਜਿੱਤ ਦਾ ਸਿਹਰਾ ਕੈਪਟਨ ਅਮਰਿੰਦਰ ਸਿੰਘ ਦੇ ਕੱਦ-ਬੁੱਤ ਨੂੰ ਸਮਝਿਆ ਜਾ ਰਿਹਾ ਹੈ। ਕੈਪਟਨ ਅਮਰਿੰਦਰ ਸਿੰਘ ਨੇ 52407 ਵੋਟਾਂ ਨਾਲ ਪਟਿਆਲਾ ਸ਼ਹਿਰੀ ਦੀ ਸੀਟ ਜਿੱਤ ਕੇ ਸੂਬੇ ਵਿਚ ਰਿਕਾਰਡ ਕਾਇਮ ਕੀਤਾ ਹੈ। ਕਾਂਗਰਸ ਨੂੰ ਮਿਲਿਆ ਹੁੰਗਾਰਾ ਉਸ ਦੀਆਂ ਉਮੀਦਾਂ ਤੋਂ ਕਿਤੇ ਵੱਧ ਹੈ। ਕੈਪਟਨ ਅਮਰਿੰਦਰ ਸਿੰਘ ਕਦੇ 60, ਕਦੇ 67 ਅਤੇ ਕਦੇ 70 ਸੀਟਾਂ ਆਉਣ ਦੀ ਗੱਲ ਕਰਦੇ ਸਨ, ਪਰ ਕਾਂਗਰਸ ਨੂੰ 117 ਵਿਚੋਂ 77 ਸੀਟਾਂ ਮਿਲੀਆਂ ਹਨ। ਅਕਾਲੀਆਂ ਨੂੰ ਹੂੰਝਾ ਫਿਰਨਾ ਭਾਵੇਂ ਤੈਅ ਸੀ, ਪਰ ਆਮ ਆਦਮੀ ਪਾਰਟੀ (ਆਪ) ਦੀ ਇੰਨੀ ਮਾੜੀ ਹਾਲਤ ਦਾ ਕਿਸੇ ਨੂੰ ਚਿੱਤ-ਚੇਤਾ ਵੀ ਨਹੀਂ ਸੀ। ‘ਆਪ’ ਲੋਕ ਸਭਾ ਚੋਣਾਂ ਦੌਰਾਨ ਮਿਲੀ 24æ5 ਫੀਸਦੀ ਵੋਟਾਂ ਤੋਂ ਵੀ ਘੱਟ, ਭਾਵ 23æ8 ਫੀਸਦੀ ਵੋਟ ਲੈਣ ਵਿਚ ਹੀ ਕਾਮਯਾਬ ਹੋ ਸਕੀ। ਅਜੇ ਵੀ ਅਕਾਲੀ ਦਲ ਦਾ ਵੋਟ ਹਿੱਸਾ ਆਮ ਆਦਮੀ ਪਾਰਟੀ ਮੁਕਾਬਲੇ ਜ਼ਿਆਦਾ ਹੈ ਜੋ ਲੋਕ ਸਭਾ ਚੋਣਾਂ ਵਿਚ ਮਿਲੀਆਂ 26æ37 ਫੀਸਦੀ ਵੋਟਾਂ ਤੋਂ ਇਕ ਫੀਸਦੀ ਦੇ ਕਰੀਬ ਹੀ ਘੱਟ ਹੈ। ਕਾਂਗਰਸ ਦਾ ਵੋਟ ਲੋਕ ਸਭਾ ਚੋਣਾਂ ਦੇ 33æ19 ਦੇ ਮੁਕਾਬਲੇ ਵਧ ਕੇ 38æ5 ਫੀਸਦੀ ਹੋ ਗਿਆ।
ਇਨ੍ਹਾਂ ਚੋਣਾਂ ਦੌਰਾਨ ਨਸ਼ਿਆਂ ਤੇ ਮਾਫੀਆ ਕਾਰੋਬਾਰਾਂ, ਦੁਰ-ਸ਼ਾਸਨ, ਭ੍ਰਿਸ਼ਟਾਚਾਰ ਅਤੇ ਕਿਸਾਨੀ ਦੀ ਮੰਦਹਾਲੀ ਜਿਹੇ ਉਭਰੇ ਮੁੱਦਿਆਂ ਨੇ ਇਹ ਸਪਸ਼ਟ ਕਰ ਦਿੱਤਾ ਹੈ ਕਿ ਅੱਖਾਂ ਮੀਚ ਕੇ ਪੰਥ ਨੂੰ ਵੋਟ ਪਾਉਣ ਦਾ ਜ਼ਮਾਨਾ ਲੱਦ ਗਿਆ ਹੈ। ਪੰਜਾਬ ਦੀ ਸੱਤਾ ਉਤੇ ਪਿਛਲੇ ਇਕ ਦਹਾਕੇ ਤੋਂ ਕਾਬਜ਼ ਸ਼੍ਰੋਮਣੀ ਅਕਾਲੀ ਦਲ ਦੀ ਹਾਲਤ ਇਥੋਂ ਤੱਕ ਮਾੜੀ ਹੋ ਗਈ ਕਿ ਮੁੱਖ ਵਿਰੋਧੀ ਧਿਰ ਦਾ ਰੁਤਬਾ ਵੀ ਨਸੀਬ ਨਹੀਂ ਹੋਇਆ। ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸਮੇਤ ਕੁਝ ਅਕਾਲੀ ਆਗੂਆਂ ਨੇ ਆਪਣੀਆਂ ਸੀਟਾਂ ਤਾਂ ਬਚਾ ਲਈਆਂ, ਪਰ ਨਮੋਸ਼ੀ ਭਰੀ ਹਾਰ ਤੋਂ ਨਹੀਂ ਬਚ ਸਕੇ।
ਅਕਾਲੀ ਦਲ ਨੇ ਇਨ੍ਹਾਂ ਚੋਣਾਂ ਦੌਰਾਨ ਧਨ ਤੇ ਸ਼ਕਤੀ ਦੀ ਰੱਜ ਕੇ ਵਰਤੋਂ ਕੀਤੀ ਅਤੇ ਡੇਰਿਆਂ ਦੀਆਂ ਵੋਟਾਂ ਲੈਣ ਲਈ ਵੀ ਹਰ ਹਰਬਾ ਵਰਤਿਆ, ਪਰ ਪਾਰਟੀ ਨੂੰ 15 ਸੀਟਾਂ ਨਾਲ ਹੀ ਸਬਰ ਕਰਨਾ ਪਿਆ। ਅਕਾਲੀ ਦਲ ਨੂੰ ਕਈ ਮੁੱਦਿਆਂ ਕਰ ਕੇ ਲੋਕ ਰੋਹ ਦਾ ਸਾਹਮਣਾ ਕਰਨਾ ਪਿਆ ਹੈ। ਗੱਠਜੋੜ ਸਰਕਾਰ ਸਮੇਂ ਕਈ ਤਰ੍ਹਾਂ ਦੇ ਮਾਫੀਆ, ਖਾਸ ਕਰ ਰੇਤ-ਬਜਰੀ, ਟਰਾਂਸਪੋਰਟ, ਕੇਬਲ, ਸ਼ਰਾਬ ਆਦਿ ਨੂੰ ਸਰਕਾਰ ਦੀ ਸਿੱਧੀ ਪੁਸ਼ਤਪਨਾਹੀ ਹੋਣ ਦਾ ਰੌਲਾ ਪੈਂਦਾ ਰਿਹਾ। ਬਾਦਲ ਪਰਿਵਾਰ ਦੀਆਂ ਕੰਪਨੀਆਂ ਅਤੇ ਸਰਮਾਏ ਵਿਚ ਹੋਏ ਬੇਅੰਤ ਵਾਧੇ ਨੂੰ ਵੀ ਵਿਰੋਧੀਆਂ ਨੇ ਮੁੱਖ ਮੁੱਦੇ ਵਜੋਂ ਉਭਾਰਿਆ ਸੀ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂਆਂ ਦਾ ਕਹਿਣਾ ਹੈ ਕਿ ਮਾਫੀਆ ਦੀ ਸਰਪ੍ਰਸਤੀ ਅਤੇ ਦੂਜੇ ਦਰਜੇ ਦੇ ਆਗੂਆਂ ਦੀ ਪੁੱਛਗਿੱਛ ਨਾ ਹੋਣ ਦਾ ਅਮਲ ਸੁਖਬੀਰ ਸਿੰਘ ਬਾਦਲ ਵੱਲੋਂ ਪਾਰਟੀ ਦੀ ਕਮਾਨ ਸੰਭਾਲੇ ਜਾਣ ਤੋਂ ਬਾਅਦ ਸ਼ੁਰੂ ਹੋਇਆ। ਸ਼੍ਰੋਮਣੀ ਅਕਾਲੀ ਦਲ ਦੇ 55 ਵਰ੍ਹਿਆਂ ਦੇ ਸਿਆਸੀ ਸਫਰ ਦੌਰਾਨ ਪਹਿਲੀ ਦਫਾ ਇੰਨੀ ਵੱਡੀ ਹਾਰ ਅਕਾਲੀ ਦਲ ਦੀ ਝੋਲੀ ਪਈ ਹੈ। ਅਕਾਲੀ ਦਲ ਦੀ ਆਖਰੀ ਦਫਾ ਸਾਲ 1972 ਵਿਚ ਸਭ ਤੋਂ ਭੈੜੀ ਹਾਰ ਹੋਈ ਸੀ। ਉਦੋਂ 72 ਉਮੀਦਵਾਰਾਂ ਵਿਚੋਂ ਸਿਰਫ 24 ਉਮੀਦਵਾਰ ਜਿੱਤੇ ਸਨ ਜਿਨ੍ਹਾਂ ਦੀ ਜੇਤੂ ਫੀਸਦੀ 33æ33 ਫੀਸਦੀ ਬਣਦੀ ਹੈ। ਹੁਣ ਪੰਜਾਬ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਦੇ 94 ਵਿਚੋਂ ਸਿਰਫ 15 ਉਮੀਦਵਾਰ ਜਿੱਤੇ ਹਨ ਜਿਨ੍ਹਾਂ ਦੀ ਜੇਤੂ ਦਰ 14æ10 ਫੀਸਦੀ ਬਣਦੀ ਹੈ। ਦਲ ਨੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਇਹ ਚੋਣਾਂ ਲੜੀਆਂ ਹਨ ਅਤੇ ਇਸ ਵਾਰ ਅਕਾਲੀ ਦਲ ਹੱਥੋਂ ਮਾਲਵਾ ਖਿੱਤਾ ਖੁਸ ਗਿਆ।
ਭਾਰਤੀ ਜਨਤਾ ਪਾਰਟੀ ਨੂੰ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਸਭ ਤੋਂ ਜ਼ਿਆਦਾ ਮਾਯੂਸੀ ਦਾ ਸਾਹਮਣਾ ਕਰਨਾ ਪਿਆ ਹੈ। ਇਸ ਪਾਰਟੀ ਦੇ ਚਾਰੇ ਮੰਤਰੀ ਚੋਣ ਹਾਰ ਗਏ ਅਤੇ 23 ਸੀਟਾਂ ਵਿਚੋਂ ਮਹਿਜ਼ 3 ਸੀਟਾਂ ‘ਤੇ ਹੀ ਜਿੱਤ ਨਸੀਬ ਹੋਈ ਹੈ। ਉਧਰ, ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਗੱਠਜੋੜ ਨੂੰ ਪਛਾੜ ਕੇ ਆਮ ਆਦਮੀ ਪਾਰਟੀ ਦਾ ਮੁੱਖ ਵਿਰੋਧੀ ਧਿਰ ਵਜੋਂ ਉਭਰਨਾ ਇਸ ਗੱਲ ਦੀ ਪੁਸ਼ਟੀ ਕਰਦਾ ਹੈ ਕਿ ਸੂਬੇ ਵਿਚ ਕਿਸੇ ਵੀ ਲੋਕ ਪੱਖੀ ਨਵੀਂ ਤੀਜੀ ਸਿਆਸੀ ਧਿਰ ਲਈ ਜਰਖੇਜ ਜ਼ਮੀਨ ਮੌਜੂਦ ਹੈ।