ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ (ਆਪ) ਦੀ ਹਾਰ ਸਿਆਸੀ ਮਾਹਿਰਾਂ ਨੂੰ ਵੀ ਹਜ਼ਮ ਨਹੀਂ ਹੋ ਰਹੀ। ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਆਪ ਦੀ ਕਾਰਗੁਜ਼ਾਰੀ ਕਿਆਸ ਤੋਂ ਕਿਤੇ ਘੱਟ ਹੈ। ਹੈਰਾਨੀ ਦੀ ਗੱਲ ਹੈ ਕਿ ਅਕਾਲੀ ਦਲ ਅਤਿ ਦੀ ਵਿਰੋਧੀ ਲਹਿਰ ਹੋਣ ਦੇ ਬਾਵਜੂਦ ਆਮ ਆਦਮੀ ਪਾਰਟੀ ਜਿੰਨੀ ਹੀ ਵੋਟ ਲੈ ਗਿਆ।
ਸਿਆਸੀ ਮਾਹਿਰਾਂ ਮੁਤਾਬਕ ਇਸ ਦਾ ਸਭ ਤੋਂ ਵੱਡਾ ਕਾਰਨ ਪਾਰਟੀ ਕੋਲ ਕੈਪਟਨ ਦੇ ਕੱਦ ਦਾ ਲੀਡਰ ਨਾ ਹੋਣਾ ਮੰਨਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਪਾਰਟੀ ਕੋਲ ਪੰਜਾਬ ਲੀਡਰਸ਼ਿਪ ਦੀ ਘਾਟ ਵੀ ਲੋਕਾਂ ਦਾ ਦਿਲ ਨਹੀਂ ਖਿੱਚ ਸਕੀ। ਪਾਰਟੀ ਵੱਲੋਂ ਦੂਜੀਆਂ ਪਾਰਟੀਆਂ ਦੇ ਸਾਫ ਅਕਸ ਵਾਲੇ ਲੀਡਰਾਂ ਲਈ ਦਰਵਾਜ਼ੇ ਬੰਦ ਕਰਨੇ ਵੀ ਘਾਟੇਵੰਦ ਸੌਦਾ ਰਿਹਾ ਹੈ। ਮਨਪ੍ਰੀਤ ਸਿੰਘ ਬਾਦਲ, ਨਵਜੋਤ ਸਿੰਘ ਸਿੱਧੂ, ਜਗਮੀਤ ਬਰਾੜ ਅਤੇ ਓਲੰਪੀਅਨ ਪਰਗਟ ਸਿੰਘ ਅਜਿਹੇ ਲੀਡਰ ਹਨ। ਸੂਤਰਾਂ ਮੁਤਾਬਕ ਪਾਰਟੀ ਦੇ ਕੁਝ ਲੀਡਰ ਆਪਣੀ ਸਰਦਾਰੀ ਖੁੱਸਣ ਦੇ ਡਰੋਂ ਕਿਸੇ ਵੀ ਸੀਨੀਅਰ ਤੇ ਤਜਰਬੇਕਾਰ ਲੀਡਰ ਨੂੰ ਪਾਰਟੀ ਵਿਚ ਸ਼ਾਮਲ ਕਰਨ ਦੇ ਖਿਲਾਫ ਸਨ। ਇਸ ਤੋਂ ਇਲਾਵਾ ਪਾਰਟੀ ਨੇ ਬਿਲਕੁੱਲ ਚੋਣਾਂ ਦੇ ਨੇੜੇ ਸੁੱਚਾ ਸਿੰਘ ਛੋਟੇਪੁਰ ਨੂੰ ਬਰਖਾਸਤ ਕਰ ਕੇ ਆਪਣੇ ਪੈਰ ‘ਤੇ ਆਪ ਕੁਹਾੜਾ ਮਾਰ ਲਿਆ। ਇਸ ਕਾਰਨ ਪਾਰਟੀ ਦੇ 13 ਵਿਚੋਂ 6 ਜ਼ੋਨਲ ਇੰਚਾਰਜ ਬਾਗੀ ਹੋ ਗਏ ਅਤੇ ਵਾਲੰਟੀਅਰ ਵੀ ਵਿਆਪਕ ਪੱਧਰ ‘ਤੇ ਨਾਰਾਜ਼ ਹੋ ਗਏ। ਪਾਰਟੀ ਵੱਲੋਂ ਆਪਣੇ ਦੋ ਸੰਸਦ ਮੈਂਬਰਾਂ ਡਾæ ਧਰਮਵੀਰ ਗਾਂਧੀ ਅਤੇ ਹਰਿੰਦਰ ਸਿੰਘ ਖਾਲਸਾ ਸਮੇਤ ਡਾæ ਦਲਜੀਤ ਸਿੰਘ ਅੰਮ੍ਰਿਤਸਰ ਨੂੰ ਪਾਰਟੀ ਵਿਚੋਂ ਪਾਸੇ ਕਰਨ ਕਰ ਕੇ ਲੋਕ ਦੁਬਿਧਾ ਵਿਚ ਪੈ ਗਏ। ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਚੋਣ ਪ੍ਰਕਿਰਿਆ ਦੇ ਅਖੀਰਲੇ ਦਿਨ ਇਕ ਸਾਬਕਾ ਖਾਲਿਸਤਾਨੀ ਦੇ ਘਰ ਵਿਚ ਠਹਿਰਨ ਅਤੇ ਸ਼੍ਰੋਮਣੀ ਗੁਰਦੁਆਰਾ ਕਮੇਟੀ ਵੱਲੋਂ ਕੱਢੇ ਪੰਜ ਪਿਆਰਿਆਂ ਨਾਲ ਮੁਲਾਕਾਤ ਕਰਨ ਨੂੰ ਵੀ ਹਾਰ ਦਾ ਇਕ ਕਾਰਨ ਮੰਨਿਆ ਜਾ ਰਿਹਾ ਹੈ ਜਿਸ ਕਾਰਨ ਸ਼ਹਿਰੀ ਵੋਟਰਾਂ ਨੇ ਪਾਰਟੀ ਤੋਂ ਦੂਰੀ ਬਣਾ ਲਈ। ਇਸੇ ਕਾਰਨ ਪਾਰਟੀ ਨੇ 20 ਸੀਟਾਂ ਹੀ ਜਿੱਤੀਆਂ, ਜਦੋਂਕਿ ਸਿਰਫ 25 ਹੋਰ ਉਮੀਦਵਾਰ ਦੂਜੇ ਸਥਾਨ ‘ਤੇ ਰਹੇ ਹਨ। ‘ਆਪ’ ਦੇ ਮੁੱਖ ਮੰਤਰੀ ਅਹੁਦੇ ਦੇ ਦਾਅਵੇਦਾਰ ਤੇ ਸੰਸਦ ਮੈਂਬਰ ਭਗਵੰਤ ਮਾਨ ਜਲਾਲਾਬਾਦ ਹਲਕੇ ਤੋਂ ਉਪ ਮੁੱਖ ਮੰਤਰੀ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੋਂ ਵੱਡੇ ਫਰਕ ਨਾਲ ਹਾਰ ਗਏ ਹਨ। ਦਿੱਲੀ ਤੋਂ ਵਿਧਾਇਕ ਦਾ ਅਹੁਦਾ ਛੱਡ ਕੇ ਲੰਬੀ ਤੋਂ ਪ੍ਰਕਾਸ਼ ਸਿੰਘ ਬਾਦਲ ਵਿਰੁੱਧ ਚੋਣ ਲੜੇ ਜਰਨੈਲ ਸਿੰਘ ਵੀ ਵੱਡੇ ਫਰਕ ਨਾਲ ਹਾਰੇ ਹਨ। ਪਾਰਟੀ ਦੇ ਪੰਜਾਬ ਕਨਵੀਨਰ ਗੁਰਪ੍ਰੀਤ ਸਿੰਘ ਘੁੱਗੀ ਵੀ ਬਟਾਲਾ ਹਲਕੇ ਤੋਂ ਹਾਰ ਗਏ ਹਨ।