ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਚੋਣਾਂ ਵਿਚ ਸ਼ਾਨਦਾਰ ਜਿੱਤ ਨਾਲ ਕਾਂਗਰਸ ਨੇ ਇਕ ਦਹਾਕੇ ਬਾਅਦ ਸੱਤਾ ਵਿਚ ਵਾਪਸੀ ਕੀਤੀ ਹੈ। ਕਾਂਗਰਸ ਨੂੰ 117 ਮੈਂਬਰੀ ਵਿਧਾਨ ਸਭਾ ਵਿਚੋਂ 77 ਸੀਟਾਂ ਪ੍ਰਾਪਤ ਹੋਈਆਂ ਹਨ। ਸੂਬੇ ਦੀ 15ਵੀਂ ਵਿਧਾਨ ਸਭਾ ‘ਚ ਕਾਂਗਰਸ ਨੂੰ ਦੋ-ਤਿਹਾਈ ਬਹੁਮੱਤ ਮਿਲਿਆ ਹੈ। ਸੱਤਾ ‘ਚ ਆਉਣ ਦਾ ਸੁਪਨਾ ਸੰਜੋਈ ਬੈਠੀ ਆਮ ਆਦਮੀ ਪਾਰਟੀ ਮਹਿਜ਼ 20 ਸੀਟਾਂ ਉਤੇ ਸਿਮਟ ਗਈ, ਪਰ ਉਹ ਮੁੱਖ ਵਿਰੋਧੀ ਧਿਰ ਵਜੋਂ ਜ਼ਰੂਰ ਉਭਰੀ ਹੈ।
ਪਿਛਲੇ ਦਸ ਸਾਲਾਂ ਤੋਂ ਸੂਬੇ ਦੀ ਸੱਤਾ ‘ਤੇ ਕਾਬਜ਼ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗੱਠਜੋੜ ਨੂੰ ਨਮੋਸ਼ੀਜਨਕ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਇਸ ਗੱਠਜੋੜ ਦੇ ਕਿਸੇ ਆਗੂ ਨੂੰ ਵਿਰੋਧੀ ਧਿਰ ਦੇ ਨੇਤਾ ਵਾਲੀ ਸਹੂਲਤ ਵੀ ਨਹੀਂ ਮਿਲੇਗੀ।
ਅਕਾਲੀ ਦਲ ਦੇ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਬਿਕਰਮ ਸਿੰਘ ਮਜੀਠੀਆ, ਪਰਮਿੰਦਰ ਸਿੰਘ ਢੀਂਡਸਾ ਸਮੇਤ ਪਾਰਟੀ ਦੇ 15 ਉਮੀਦਵਾਰ ਭਾਵੇਂ ਜਿੱਤ ਗਏ ਹਨ, ਪਰ ਬਹੁਗਿਣਤੀ ਮੰਤਰੀਆਂ ਤੇ ਕੋਰ ਕਮੇਟੀ ਦੇ ਸਾਰੇ ਮੈਂਬਰਾਂ ਸਮੇਤ ਸੀਨੀਅਰ ਲੀਡਰਸ਼ਿਪ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਹੈ। ਭਾਜਪਾ ਦੇ ਆਗੂ ਕੇਂਦਰ ਵਿਚ ਮਜ਼ਬੂਤ ਸਰਕਾਰ ਦਾ ਕੋਈ ਲਾਭ ਨਹੀਂ ਲੈ ਸਕੇ ਅਤੇ 23 ਸੀਟਾਂ ਉਤੇ ਚੋਣ ਲੜਨ ਵਾਲੀ ਇਸ ਪਾਰਟੀ ਨੂੰ 3 ਸੀਟਾਂ ਨਾਲ ਹੀ ਸਬਰ ਕਰਨਾ ਪਿਆ।
ਲੁਧਿਆਣਾ ਤੋਂ ਬੈਂਸ ਭਰਾਵਾਂ ਬਲਵਿੰਦਰ ਸਿੰਘ ਤੇ ਸਿਮਰਜੀਤ ਸਿੰਘ ਨੇ ਲਗਾਤਾਰ ਦੂਜੀ ਵਾਰ ਜਿੱਤ ਦਰਜ ਕਰ ਕੇ ਇਤਿਹਾਸ ਸਿਰਜ ਦਿੱਤਾ ਹੈ, ਪਰ ਹੋਰ ਕਿਸੇ ਆਜ਼ਾਦ ਉਮੀਦਵਾਰ ਨੂੰ ਕਾਮਯਾਬੀ ਨਹੀਂ ਮਿਲੀ। ਕੈਪਟਨ ਅਮਰਿੰਦਰ ਸਿੰਘ ਇਨ੍ਹਾਂ ਚੋਣਾਂ ਦੌਰਾਨ ਸਭ ਤੋਂ ਵੱਡੇ ਫਰਕ 52407 ਵੋਟਾਂ ਦੇ ਅੰਤਰ ਨਾਲ ਜਿੱਤੇ ਹਨ। ਕ੍ਰਿਕਟ ਤੋਂ ਸਿਆਸਤ ‘ਚ ਆਏ ਨਵਜੋਤ ਸਿੰਘ ਸਿੱਧੂ 42809 ਵੋਟਾਂ ਦੇ ਫਰਕ ਨਾਲ ਜੇਤੂ ਰਹੇ।
ਵੋਟਾਂ ਦੀ ਗਿਣਤੀ ਸ਼ੁਰੂ ਹੋਣ ਬਾਅਦ ਪਹਿਲੇ ਗੇੜ ਦੇ ਨਤੀਜੇ ਆਉਣ ਨਾਲ ਹੀ ਰੁਝਾਨ ਕਾਂਗਰਸ ਦੇ ਪੱਖ ‘ਚ ਆਉਣੇ ਸ਼ੁਰੂ ਹੋ ਗਏ ਸਨ ਅਤੇ 11 ਕੁ ਵਜੇ ਤੱਕ ਤਸਵੀਰ ਸਾਫ ਹੋ ਗਈ ਸੀ। ਮਾਝੇ ਦੀਆਂ 25 ਸੀਟਾਂ ਵਿਚੋਂ ਕਾਂਗਰਸ ਨੇ 23 ਜਿੱਤੀਆਂ ਹਨ, ਮਾਲਵੇ ‘ਤੇ ਪੂਰੀ ਤਰ੍ਹਾਂ ਟੇਕ ਰੱਖੀ ਬੈਠੀ ‘ਆਪ’ ਨੂੰ ਇਸ ਖਿੱਤੇ ਦੇ ਲੋਕਾਂ ਨੇ ਵੀ ਹੁੰਗਾਰਾ ਨਹੀਂ ਦਿੱਤਾ ਤੇ ਦੋਆਬੇ ਵਿਚ ਵੀ ਕਾਂਗਰਸ ਮੋਹਰੀ ਰਹੀ। ਨਵਜੋਤ ਸਿੰਘ ਸਿੱਧੂ, ਪਰਗਟ ਸਿੰਘ, ਇੰਦਰਬੀਰ ਸਿੰਘ ਬੁਲਾਰੀਆ ਅਤੇ ਕੁੱਝ ਹੋਰਾਂ ਨੂੰ ਕਾਂਗਰਸ ‘ਚ ਸ਼ਾਮਲ ਹੋਣਾ ਲਾਹੇਵੰਦ ਰਿਹਾ। ਮਨਪ੍ਰੀਤ ਬਾਦਲ ਦੀ ਸੱਤ ਸਾਲਾਂ ਬਾਅਦ ਸਰਗਰਮ ਸਿਆਸਤ ਵਿਚ ਬਹਾਲੀ ਹੋ ਗਈ ਹੈ।
‘ਆਪ’ ਦੇ ਸੰਸਦ ਮੈਂਬਰ ਭਗਵੰਤ ਸਿੰਘ ਮਾਨ, ਜਿਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਜਲਾਲਾਬਾਦ ਵਿਧਾਨ ਸਭਾ ਹਲਕੇ ਤੋਂ ਮਾਤ ਦੇਣ ਦਾ ਐਲਾਨ ਕੀਤਾ ਸੀ, ਬੁਰੀ ਤਰ੍ਹਾਂ ਹਾਰ ਗਏ।
ਇਸ ਪਾਰਟੀ ਦੇ ਹੋਰ ਵੱਡੇ ਆਗੂਆਂ ਸੂਬਾਈ ਕਨਵੀਨਰ ਗੁਰਪ੍ਰੀਤ ਸਿੰਘ ਘੁੱਗੀ, ਜਰਨੈਲ ਸਿੰਘ, ਹਿੰਮਤ ਸਿੰਘ ਸ਼ੇਰਗਿੱਲ ਨੂੰ ਵੀ ਨਮੋਸ਼ੀ ਭਰੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਕਾਂਗਰਸ ਦੀ ਸੀਨੀਅਰ ਆਗੂ ਰਾਜਿੰਦਰ ਕੌਰ ਭੱਠਲ ਆਪਣੇ ਰਵਾਇਤੀ ਵਿਧਾਨ ਸਭਾ ਹਲਕੇ ਲਹਿਰਾ ਤੋਂ 26 ਹਜ਼ਾਰ ਤੋਂ ਵੱਧ ਵੋਟਾਂ ਨਾਲ ਹਾਰ ਗਏ। ਸ਼੍ਰੋਮਣੀ ਅਕਾਲੀ ਦਲ ਨੇ ਦੋਆਬੇ ਦੇ ਮਸ਼ਹੂਰ ਡੇਰਾ ਬੱਲਾਂ ਦੀ ਹਮਾਇਤ ਲੈਣ ਲਈ ਇਸ ਡੇਰੇ ਦੇ ਸ਼ਰਧਾਲੂ ਸੇਠ ਸੱਤਪਾਲ ਮੱਲ ਨੂੰ ਕਰਤਾਰਪੁਰ ਤੇ ਕਬੀਰ ਦਾਸ ਨੂੰ ਨਾਭਾ ਤੋਂ ਟਿਕਟ ਦਿੱਤੀ ਅਤੇ ਦੋਵੇਂ ਹੀ ਹਾਰ ਗਏ। ਇਸੇ ਤਰ੍ਹਾਂ ਡੇਰਾ ਸਿਰਸਾ ਦੀ ਹਮਾਇਤ ਲੈਣ ਗਏ ਬਠਿੰਡਾ ਜ਼ਿਲ੍ਹੇ ਨਾਲ ਸਬੰਧਤ ਅਕਾਲੀਆਂ ਵਿਚੋਂ ਵੀ ਕੋਈ ਜਿੱਤ ਨਹੀਂ ਸਕਿਆ।
______________________________________
ਬਾਦਲ ਨੇ ਲੋਕ ਫਤਵਾ ਕਬੂਲਿਆ
ਲੰਬੀ: ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬ ਵਾਸੀਆਂ ਵੱਲੋਂ ਕਾਂਗਰਸ ਪਾਰਟੀ ਨੂੰ ਚੋਣਾਂ ‘ਚ ਦਿੱਤੇ ਫਤਵੇ ਨੂੰ ਕਬੂਲਦੇ ਹੋਏ ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੂੰ ਵਧਾਈ ਦਿੱਤੀ ਹੈ। ਸ਼ ਬਾਦਲ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਨੇ ਦਸ ਸਾਲਾਂ ‘ਚ ਕਿਸਾਨਾਂ, ਦਲਿਤ ਵਰਗ ਤੇ ਵਪਾਰੀ ਵਰਗ ਨੂੰ ਕਈ ਸਹੂਲਤਾਂ ਦਿੱਤੀਆਂ ਹਨ, ਪਰ ਫਿਰ ਵੀ ਜੇ ਉਨ੍ਹਾਂ ਕੋਲ ਕੋਈ ਗਲਤੀ ਹੋਈ ਹੈ ਤਾਂ ਉਹ ਪੰਜਾਬ ਵਾਸੀਆਂ ਤੋਂ ਨਿਮਰਤਾ ਨਾਲ ਮੁਆਫੀ ਮੰਗਦੇ ਹਨ।
________________________________________
ਨਰੇਂਦਰ ਮੋਦੀ ਵੱਲੋਂ ਕੈਪਟਨ ਨੂੰ ਵਧਾਈ
ਚੰਡੀਗੜ੍ਹ: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੂੰ ਫੋਨ ਕਰ ਕੇ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਦੀ ਜਿੱਤ ਉਪਰ ਵਧਾਈ ਦਿੱਤੀ। ਪ੍ਰਧਾਨ ਮੰਤਰੀ ਨੇ ਪੰਜਾਬ ਦੇ ਵਿਕਾਸ ਵਾਸਤੇ ਉਨ੍ਹਾਂ ਦੀ ਸਰਕਾਰ ਨੂੰ ਪੂਰਾ ਸਮਰਥਨ ਦੇਣ ਦਾ ਭਰੋਸਾ ਦਿੱਤਾ।
______________________________________
ਅਕਾਲੀ-ਭਾਜਪਾ ਨੂੰ ਹੰਕਾਰ ਨੇ ਮਾਰਿਆ: ਸਿੱਧੂ
ਅੰਮ੍ਰਿਤਸਰ: ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਤੋਂ ਸ਼ਾਨਦਾਰ ਜਿੱਤ ਪ੍ਰਾਪਤ ਕਰਨ ਵਾਲੇ ਕਾਂਗਰਸ ਪਾਰਟੀ ਦੇ ਉਮੀਦਵਾਰ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ਵਾਸੀਆਂ ਵੱਲੋਂ ਕਾਂਗਰਸ ਦੀ ਝੋਲੀ ਵਿਚ ਜਿੱਤ ਪਾਉਣਾ ਅਕਾਲੀ-ਭਾਜਪਾ ਗਠਜੋੜ ਦੇ ਹੰਕਾਰ ਦੀ ਹਾਰ ਹੈ।
_______________________________________
ਪੰਜਾਬ ਵਿਚ 834 ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ
ਲੁਧਿਆਣਾ: ਚੋਣ ਨਤੀਜਿਆਂ ‘ਚ ਕੁੱਲ 834 ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ ਹੋ ਗਈਆਂ ਹਨ, ਇਨ੍ਹਾਂ ਚੋਣਾਂ ਦੌਰਾਨ ਕੁੱਲ 1145 ਉਮੀਦਵਾਰ ਮੈਦਾਨ ਵਿਚ ਸਨ। ਜ਼ਮਾਨਤਾਂ ਜ਼ਬਤ ਹੋਣ ਵਾਲੇ ਉਮੀਦਵਾਰਾਂ ਵਿਚੋਂ ਸਭ ਤੋਂ ਵੱਧ ਗਿਣਤੀ ਭਾਵੇਂ ਆਜ਼ਾਦ ਉਮੀਦਵਾਰਾਂ ਦੀ ਹੈ, ਪਰ ਰਾਜਸੀ ਪਾਰਟੀਆਂ ‘ਚੋਂ ਸਭ ਤੋਂ ਵੱਧ 108 ਉਮੀਦਵਾਰ ਬਹੁਜਨ ਸਮਾਜ ਪਾਰਟੀ ਦੇ ਹਨ। ਦੁਆਬਾ ਦੇ ਬਹੁਤੇ ਹਲਕਿਆਂ ‘ਚ ਐਤਕੀਂ ਲੋਕਾਂ ਨੇ ਬਸਪਾ ਦੀ ਥਾਂ ਆਮ ਆਦਮੀ ਪਾਰਟੀ ਨੂੰ ਤੀਜੀ ਧਿਰ ਵਜੋਂ ਅਪਣਾਉਂਦਿਆਂ ਵੱਡੀ ਗਿਣਤੀ ਵਿਚ ਵੋਟਾਂ ਪਾਈਆਂ ਹਨ। ਆਮ ਆਦਮੀ ਪਾਰਟੀ ਦੇ 28 ਉਮੀਦਵਾਰਾਂ ਦੀ ਜ਼ਮਾਨਤ ਜ਼ਬਤ ਹੋਈ ਹੈ। ਬਾਦਲ ਵਿਰੁੱਧ ਲੰਬੀ ਤੋਂ ਚੋਣ ਲੜੇ ਜਰਨੈਲ ਸਿੰਘ ਨੂੰ ਜ਼ਮਾਨਤ ਬਚਾਉਣ ਲਈ 22,331 ਵੋਟਾਂ ਲੈਣ ਦੀ ਲੋੜ ਸੀ, ਪਰ ਉਸ ਨੂੰ 21,254 ਵੋਟਾਂ ਹੀ ਮਿਲੀਆਂ ਹਨ।