ਚੰਡੀਗੜ੍ਹ: ਪੰਜਾਬ ਦੇ ਵੋਟਰਾਂ ਦਾ ਫਤਵਾ ਸੱਤਾ ਵਿਰੋਧੀ ਭਾਵਨਾਵਾਂ ਦਾ ਖੁੱਲ੍ਹ ਕੇ ਪ੍ਰਗਟਾਵਾ ਕਰਨ ਵਾਲਾ ਹੈ। ਕਾਂਗਰਸ ਨੂੰ ਖੁਦ ਵੀ ਇੰਨੇ ਵੱਡੇ ਫਤਵੇ ਦੀ ਉਮੀਦ ਨਹੀਂ ਸੀ। ਪੰਜਾਬੀ ਸੂਬਾ ਬਣਨ ਤੋਂ ਬਾਅਦ ਅਕਾਲੀ-ਭਾਜਪਾ ਗੱਠਜੋੜ ਲਈ ਇਹ ਸਭ ਤੋਂ ਨਮੋਸ਼ੀ ਭਰੀ ਹਾਰ ਹੈ। ਡੇਰਾ ਸਿਰਸਾ ਦੀ ਸ਼ਰਨ ਵਿਚ ਜਾਣ ਦੇ ਬਾਵਜੂਦ ਗੱਠਜੋੜ ਮੁੱਖ ਵਿਰੋਧੀ ਧਿਰ ਦੀ ਭੂਮਿਕਾ ਤੋਂ ਖਿਸਕ ਕੇ ਤੀਜੇ ਨੰਬਰ ਉਤੇ ਚਲਾ ਗਿਆ ਹੈ।
ਦੇਸ਼ ਦੇ ਦੂਜੇ ਸੂਬਿਆਂ ਖਾਸ ਤੌਰ ਉਤੇ ਉਤਰ ਪ੍ਰਦੇਸ਼ ਅਤੇ ਉਤਰਾਖੰਡ ਵਿਚ ਚੱਲਿਆ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਜਾਦੂ ਪੰਜਾਬ ਵਿਚ ਜਲਵਾ ਨਹੀਂ ਵਿਖਾ ਸਕਿਆ। ਸੱਤਾ ਦੀ ਮੁੱਖ ਦਾਅਵੇਦਾਰ ਵਜੋਂ ਉਭਰੀ ਆਮ ਆਦਮੀ ਪਾਰਟੀ (ਆਪ) ਅਤੇ ਲੋਕ ਇਨਸਾਫ਼ ਪਾਰਟੀ ਦਾ ਗੱਠਜੋੜ ਬੇਸ਼ੱਕ 22 ਸੀਟਾਂ ਜਿੱਤ ਕੇ ਦੂਜੇ ਨੰਬਰ ਉਤੇ ਤਾਂ ਆ ਗਿਆ, ਪਰ ਸਥਾਨਕ ਆਗੂਆਂ ਦੀ ਅਣਦੇਖੀ ਅਤੇ ਆਪਣੀ ਅਲੱਗ ਪਾਰਟੀ ਦਾ ਅਕਸ ਕਾਇਮ ਨਾ ਰੱਖ ਸਕਣ ਕਾਰਨ ‘ਆਪ’ ਸੱਤਾ ਚਲਾਉਣ ਦੇ ਕਾਬਲ ਹੋਣ ਵਜੋਂ ਲੋਕਾਂ ਦਾ ਭਰੋਸਾ ਜਿੱਤਣ ਵਿਚ ਸਫਲ ਨਹੀਂ ਹੋ ਸਕੀ।
ਪੰਜਾਬੀ ਸੂਬਾ ਬਣਨ ਤੋਂ ਬਾਅਦ ਪੰਜਾਬ ਦੇ ਇਤਿਹਾਸ ਵਿਚ ਪਹਿਲੀ ਵਾਰ ਗਹਿਗੱਚ ਤਿਕੋਣੀ ਟੱਕਰ ਦੀਆਂ ਸੰਭਾਵਨਾਵਾਂ ਨੇ ਚੋਣ ਦ੍ਰਿਸ਼ ਦਿਲਚਸਪ ਬਣਾਈ ਰੱਖਿਆ। ਇਕ ਸਾਲ ਤੋਂ ਵੀ ਵੱਧ ਲੰਬੀ ਚੱਲੀ ਚੋਣ ਮੁਹਿੰਮ ਕੁਝ ਵਿਅਕਤੀਆਂ ਦੁਆਲੇ ਕੇਂਦਰਿਤ ਰਹੀ। 2007 ਅਤੇ 2012 ਦੀਆਂ ਵਿਧਾਨ ਸਭਾ ਚੋਣਾਂ ਕੈਪਟਨ ਦੀ ਅਗਵਾਈ ਵਿਚ ਹਾਰਨ ਦੇ ਬਾਵਜੂਦ ਪੰਜਾਬ ਕਾਂਗਰਸ ਕੋਲ ਉਨ੍ਹਾਂ ਤੋਂ ਬਿਹਤਰ ਕੋਈ ਚਿਹਰਾ ਨਹੀਂ ਸੀ।
ਰਾਹੁਲ ਗਾਂਧੀ ਵੱਲੋਂ ਪਸੰਦ ਨਾ ਕਰਨ ਦੇ ਬਾਵਜੂਦ ਕੈਪਟਨ ਨੂੰ ਪੰਜਾਬ ਕਾਂਗਰਸ ਦੀ ਵਾਗਡੋਰ ਸੌਂਪਣੀ ਪਈ। ਇਕ ਪਰਿਵਾਰ ਵਿਚੋਂ ਇਕ ਨੂੰ ਹੀ ਟਿਕਟ ਦੇਣ ਦੇ ਕੈਪਟਨ ਦੇ ਫੈਸਲੇ ਨੇ ਅਕਾਲੀ ਦਲ ਦੇ ਪਰਿਵਾਰਵਾਦ ਉਤੇ ਚੰਗੀ ਖਾਸੀ ਚੋਟ ਕੀਤੀ। ਗੈਰ ਸੰਵਿਧਾਨਕ ਸੱਤਾ ਦਾ ਕੇਂਦਰ ਬਣੇ ਹਲਕਾ ਇੰਚਾਰਜ, ਕਿਸਾਨ ਖ਼ੁਦਕੁਸ਼ੀਆਂ, ਰੇਤ, ਟਰਾਂਸਪੋਰਟ ਵਰਗੇ ਮਾਫੀਆ, ਬੇਰੁਜ਼ਗਾਰੀ ਅਤੇ ਨਸ਼ਿਆਂ ਵਰਗੇ ਗੰਭੀਰ ਮੁੱਦਿਆਂ ਬਾਰੇ ਚਰਚਾ ਦੀ ਬਜਾਇ ਇਨ੍ਹਾਂ ਦੀ ਹੋਂਦ ਤੋਂ ਹੀ ਇਨਕਾਰ ਕਰਨ ਦੇ ਸੁਖਬੀਰ ਬਾਦਲ ਦੇ ਵਿਹਾਰ ਨੇ ਸੱਤਾਧਾਰੀ ਧਿਰ ਤੋਂ ਲੋਕਾਂ ਦਾ ਮੋਹ ਭੰਗ ਕਰ ਦਿੱਤਾ ਸੀ।
ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਦੇ ਦੋਸ਼ੀਆਂ ਦਾ ਕੋਈ ਥਹੁ-ਪਤਾ ਨਾ ਲਾ ਸਕਣ ਤੋਂ ਨਾਰਾਜ਼ ਸਿੱਖ ਵੋਟਰਾਂ ਦਾ ਬਦਲ ਅਕਾਲੀ ਆਗੂਆਂ ਨੇ ਡੇਰਾ ਸਿਰਸਾ ਦੀ ਸ਼ਰਨ ਦੇ ਰੂਪ ਵਿਚ ਲੱਭਿਆ। ਇਸ ਨੇ ਅਕਾਲੀ ਦਲ ਦੀ ਸਿਆਸਤ ਨੂੰ ਰਣਨੀਤਕ ਤੌਰ ਉਤੇ ਪ੍ਰਭਾਵਿਤ ਕੀਤਾ। ਅਕਾਲੀ ਦਲ 15 ਸੀਟਾਂ ਤੱਕ ਸੁੰਗੜ ਗਿਆ ਹੈ। ਇਸ ਦਾ ਵੋਟ ਬੈਂਕ 2012 ਦੇ 34æ73 ਫੀਸਦੀ ਦੇ ਮੁਕਾਬਲੇ ਘਟ ਕੇ 25æ4 ਫੀਸਦੀ ਰਹਿ ਗਿਆ ਹੈ। ਭਾਜਪਾ ਦਾ ਵੋਟ ਹਿੱਸਾ ਵੀ 7æ18 ਤੋਂ ਘਟ ਕੇ 5æ2 ਫੀਸਦ ਰਹਿ ਗਿਆ। ਆਪਣੇ ਗੜ੍ਹ ਮਾਲਵੇ ਵਿਚ ਅਕਾਲੀ ਦਲ 9 ਸੀਟਾਂ ਤੱਕ ਸੀਮਤ ਹੋ ਗਿਆ।
_________________________________________________
ਬਾਦਲ ਪਰਿਵਾਰ ਦੀ ਕਾਰਗੁਜ਼ਾਰੀ ਉਤੇ ਉਠੀ ਉਂਗਲ
ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੀ ਨਮੋਸ਼ੀ ਭਰੀ ਹਾਰ ਕਾਰਨ ਮੰਤਰੀਆਂ ਤੇ ਸੀਨੀਅਰ ਆਗੂਆਂ ਵੱਲੋਂ ਜਿਥੇ ਬਾਦਲ ਪਰਿਵਾਰ ਅਤੇ ਸਰਕਾਰ ਦੀ ਕਾਰਗੁਜ਼ਾਰੀ ਉਤੇ ਸਵਾਲੀਆ ਨਿਸ਼ਾਨ ਲਾਇਆ ਜਾ ਰਿਹਾ ਹੈ, ਉਥੇ ਪ੍ਰਕਾਸ਼ ਸਿੰਘ ਬਾਦਲ ਆਪਣੇ ਪੁੱਤਰ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਬਚਾਅ ਕਰਦੇ ਦਿਖਾਈ ਦੇ ਰਹੇ ਹਨ। ਵਿਧਾਨ ਸਭਾ ਭੰਗ ਕਰਨ ਅਤੇ ਸਰਕਾਰ ਦਾ ਅਸਤੀਫਾ ਦੇਣ ਲਈ ਪ੍ਰਕਾਸ਼ ਸਿੰਘ ਬਾਦਲ ਨੇ ਮੰਤਰੀ ਮੰਡਲ ਦੀ ਮੀਟਿੰਗ ਬੁਲਾਈ। ਮੀਟਿੰਗ ਤੋਂ ਬਾਅਦ ਮਾਲਵੇ ਨਾਲ ਸਬੰਧਤ ਇਕ ਸੀਨੀਅਰ ਮੰਤਰੀ ਨੇ ਕਿਹਾ ਕਿ ਬੇਅਦਬੀ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਨਾ ਕਰਨਾ ਹੀ ਪਾਰਟੀ ਲਈ ਮਹਿੰਗਾ ਸਾਬਤ ਹੋਇਆ। ਕਈ ਆਗੂਆਂ ਨੇ ਦਬਵੀਂ ਸੁਰ ਵਿਚ ਹਾਰ ਦਾ ਗੁੱਸਾ ਬਾਦਲ ਪਰਿਵਾਰ, ਖਾਸ ਕਰ ਸੁਖਬੀਰ ਸਿੰਘ ਬਾਦਲ ਅਤੇ ਮਾਫੀਆ ਗਰੋਹਾਂ ਦੀਆਂ ਗਤੀਵਿਧੀਆਂ ਸਿਰ ਕੱਢਿਆ। ਪ੍ਰਕਾਸ਼ ਸਿੰਘ ਬਾਦਲ ਪਹਿਲਾਂ ਵਾਂਗ ਹੀ ਹੁਣ ਵੀ ਆਪਣੇ ਪੁੱਤਰ ਲਈ ਸੰਕਟ ਮੋਚਕ ਬਣਦਿਆਂ ਕਿਹਾ ਕਿ ਇਹ ਪਾਰਟੀ ਦੀ ਹਾਰ ਹੈ। ਇਸ ਦੀ ਪੜਚੋਲ ਕੀਤੀ ਜਾਵੇਗੀ। ਪਾਰਟੀ ਦੀ ਕੋਰ ਕਮੇਟੀ ਦੀ ਮੀਟਿੰਗ ਬੁਲਾਈ ਜਾਵੇਗੀ, ਜਿਸ ਦੌਰਾਨ ਸਾਰੇ ਤੱਥਾਂ ਬਾਰੇ ਵਿਚਾਰ ਕੀਤਾ ਜਾਵੇਗਾ।
_________________________________________________
ਡੇਰਾ ਸਿਰਸਾ ਨੇ ਠੀਕਰਾ ਅਕਾਲੀ ਦਲ ਸਿਰ ਭੰਨਿਆ
ਬਠਿੰਡਾ: ਡੇਰਾ ਸੱਚਾ ਸੌਦਾ ਸਿਰਸਾ ਨੇ ਚੋਣ ਨਤੀਜਿਆਂ ਮਗਰੋਂ ਠੀਕਰਾ ਸ਼੍ਰੋਮਣੀ ਅਕਾਲੀ ਦਲ ਸਿਰ ਭੰਨ ਦਿੱਤਾ ਹੈ। ਡੇਰਾ ਸਿਰਸਾ ਦੇ ਸਿਆਸੀ ਵਿੰਗ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਖੁੱਲ੍ਹੀ ਹਮਾਇਤ ਦੇਣ ਦਾ ਐਲਾਨ ਕੀਤਾ ਸੀ, ਪਰ ਇਸ ਦੇ ਬਾਵਜੂਦ ਸ਼੍ਰੋਮਣੀ ਅਕਾਲੀ ਦਲ ਨੂੰ ਮਾਲਵੇ ਵਿਚ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਕਾਂਗਰਸ ਦੀ ਵੱਡੀ ਜਿੱਤ ਮਗਰੋਂ ਡੇਰਾ ਪੈਰੋਕਾਰਾਂ ਨੇ ਡੇਰਾ ਸਿਰਸਾ ਦੇ ਸਿਆਸੀ ਵਿੰਗ ‘ਤੇ ਵੀ ਉਂਗਲ ਉਠਾਉਣੀ ਸ਼ੁਰੂ ਕਰ ਦਿੱਤੀ ਹੈ। ਬਠਿੰਡਾ-ਮਾਨਸਾ ਵਿਚ ਅਕਾਲੀ ਦਲ ਸਿਰਫ ਸਰਦੂਲਗੜ੍ਹ ਸੀਟ ਹੀ ਜਿੱਤ ਸਕਿਆ ਹੈ। ਇਥੋਂ ਤੱਕ ਕਿ ਡੇਰਾ ਸਿਰਸਾ ਦੇ ਮੁਖੀ ਦੇ ਨੇੜਲੇ ਰਿਸ਼ਤੇਦਾਰ ਹਰਮਿੰਦਰ ਸਿੰਘ ਜੱਸੀ ਜੋ ਮੌੜ ਹਲਕੇ ਤੋਂ ਕਾਂਗਰਸੀ ਉਮੀਦਵਾਰ ਸਨ, ਨੂੰ ਵੀ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਹਲਕਾ ਤਲਵੰਡੀ ਸਾਬੋ ਵਿਚ ਡੇਰਾ ਸਿਰਸਾ ਦਾ ਵੱਡਾ ਵੋਟ ਬੈਂਕ ਹੈ, ਜਿਥੇ ਅਕਾਲੀ ਉਮੀਦਵਾਰ ਜੀਤਮਹਿੰਦਰ ਸਿੰਘ ਸਿੱਧੂ ਤੀਜੇ ਨੰਬਰ ‘ਤੇ ਆਏ ਹਨ।