ਸਿੱਖ ਧਰਮ ਵਿਚ ਹੋ ਰਹੀਆਂ ਤਬਦੀਲੀਆਂ

ਬੀਬੀ ਸੁਰਜੀਤ ਕੌਰ ਸੈਕਰਾਮੈਂਟੋ ਨੇ ਸਿੱਖ ਧਰਮ ਵਿਚ ਹੋ ਰਹੀਆਂ ਤਬਦੀਲੀਆਂ ਬਾਰੇ ਅੰਤਾਂ ਦਾ ਫਿਕਰ ਪ੍ਰਗਟ ਕੀਤਾ ਹੈ ਅਤੇ ਸਾਨੂੰ ਸਭ ਨੂੰ ਹੀ ਫਿਕਰਮੰਦ ਹੋਣਾ ਵੀ ਚਾਹੀਦਾ ਹੈ, ਪਰ ਉਨ੍ਹਾਂ ਦੀ ਇਸ ਗੱਲ ਨਾਲ ਮੈਂ ਆਪਣੇ-ਆਪ ਨੂੰ ਪੂਰੀ ਤਰ੍ਹਾਂ ਸਹਿਮਤ ਨਹੀਂ ਕਰ ਸਕਿਆ ਕਿ ਇਨ੍ਹਾਂ ਤਬਦੀਲੀਆਂ ਲਈ ਸਿੱਖ ਧਰਮ ਤੋਂ ਬਾਹਰਲੀਆਂ ਤਾਕਤਾਂ ਜਾਂ ਆਰæਐਸ਼ਐਸ਼ ਦਾ ਦਿਮਾਗ ਕੰਮ ਕਰ ਰਿਹਾ ਹੈ। ਖਤਰਾ ਬਾਹਰੋਂ ਨਹੀਂ, ਸਗੋਂ ਸਾਨੂੰ ਆਪਣੇ ਉਨ੍ਹਾਂ ਤੋਂ ਹੈ ਜੋ ਆਪਣੇ-ਆਪ ਨੂੰ ਧਰਮ ਦੇ ਰਖਵਾਲੇ ਹੋਣ ਦਾ ਦਮ ਭਰਦੇ ਹਨ। ਉਹ ਕਈ ਵਾਰ ਅਜਿਹੀਆਂ ਮਨਮਤਾਂ ਧਰਮ ਵਿਚ ਜੋੜੀ ਜਾਂਦੇ ਹਨ ਜਿਨ੍ਹਾਂ ਨੂੰ ਅਸੀਂ ਦੇਖਦੇ ਤੇ ਸਮਝਦੇ ਹੋਏ ਵੀ ਵਿਰੋਧ ਕਰਨ ਦੀ ਜੁਰਅਤ ਨਹੀਂ ਕਰਦੇ।
ਪਿਛਲੇ ਕੁਝ ਸਮੇਂ ਤੋਂ ਕੁਝ ਗੁਰਦੁਆਰਿਆਂ ਵਿਚ ਰਵਾਇਤ ਹੈ ਕਿ ਸ਼ਰਧਾਲੂ ਮੱਥਾ ਟੇਕਣ ਤੋਂ ਬਾਅਦ ਸ੍ਰੀ ਗੁਰੂ ਗ੍ਰੰਥ ਸਾਹਿਬ ਦੁਆਲੇ ਪਰਿਕਰਮਾ ਕਰਦੇ ਹਨ। ਕੁਝ ਸ਼ਰਧਾਲੂ ਜਦੋਂ ਪਿਛਲੇ ਪਾਸੇ ਪਹੁੰਚਦੇ ਹਨ, ਤਾਂ ਮੱਥਾ ਟੇਕਦੇ ਹਨ। ਕੁਝ ਜ਼ਿਆਦਾ ਸ਼ਰਧਾਵਾਨ ਸਿੱਖ ਤਾਂ ਚਾਰੇ ਪਾਸੇ ਮੱਥਾ ਟੇਕਦੇ ਹਨ। ਪਹਿਲਾਂ ਸਾਹਮਣੇ ਫਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸੱਜੇ ਪਾਸੇ, ਫਿਰ ਪਿਛਲੇ ਪਾਸੇ ਅਤੇ ਅਖੀਰ ਵਿਚ ਖੱਬੇ ਪਾਸੇ ਮੱਥਾ ਟੇਕ ਕੇ ਦੇਗ ਲੈਂਦੇ ਹਨ।
ਆਪਣੇ ਰੋਜ਼ਾਨਾ ਜੀਵਨ ਵਿਚੋਂ ਮਿਸਾਲ ਲਈਏ। ਮੰਨ ਲਉ, ਘਰ ਵਿਚ ਸਮਝਦਾਰ ਬਜ਼ੁਰਗ ਹੈ ਜਿਸ ਦੀ ਸਾਰੇ ਦਿਲੋਂ ਕਦਰ ਕਰਦੇ ਹਨ। ਜਦੋਂ ਅਸੀਂ ਉਨ੍ਹਾਂ ਨੂੰ ਮਿਲਣ ਜਾਵਾਂਗੇ ਤਾਂ ਸਤਿਕਾਰ ਨਾਲ ਫਤਿਹ ਬੁਲਾਂਵਾਂਗੇ, ਜਾਂ ਕਈ ਵਾਰੀ ਪੈਰੀਂ ਹੱਥ ਵੀ ਲਾਂਵਾਂਗੇ। ਇਸ ਉਪਰੰਤ ਉਸ ਦੇ ਸਾਹਮਣੇ ਖੜ੍ਹੋ ਕੇ ਜਾਂ ਉਸ ਦੀ ਪੁਆਂਦੀ ਬੈਠ ਕੇ ਗੱਲਬਾਤ ਕਰਾਂਗੇ। ਅਸੀਂ ਕਦੇ ਵੀ ਉਸ ਨੂੰ ਸ਼ਰਧਾ ਦਿਖਾਉਣ ਲਈ ਉਸ ਦੇ ਦੁਆਲੇ ਗੇੜਾ ਨਹੀਂ ਕੱਢਾਂਗੇ। ਅਜਿਹਾ ਕਰਨਾ ਉਸ ਬਜ਼ੁਰਗ ਨੂੰ ਵੀ ਚੰਗਾ ਨਹੀਂ ਲੱਗੇਗਾ।
ਅਸੀਂ ਅੱਜਕੱਲ੍ਹ ਦੇ ਦੇਹਧਾਰੀ ਗੁਰੂਆਂ ਜਾਂ ਡੇਰੇਦਾਰਾਂ ਜੋ ਆਪਣੇ-ਆਪ ਨੂੰ ਕਿਸੇ ਗੁਰੂ ਤੋਂ ਘੱਟ ਨਹੀਂ ਸਮਝਦੇ, ਦੀ ਮਿਸਾਲ ਵੀ ਲੈ ਸਕਦੇ ਹਾਂ। ਅਸੀਂ ਕਦੇ ਵੀ ਉਨ੍ਹਾਂ ਦੇ ਸ਼ਰਧਾਲੂਆਂ ਨੂੰ ਮੱਥਾ ਟੇਕ ਕੇ ਜਾਂ ਪੈਰੀਂ ਹੱਥ ਲਾ ਕੇ ਉਨ੍ਹਾਂ ਦੁਆਲੇ ਪਰਿਕਰਮਾ ਕਰਦੇ ਨਹੀਂ ਵੇਖਾਂਗੇ। ਇਸੇ ਤਰ੍ਹਾਂ ਜੇ ਅਸੀਂ ਕੁਝ ਸੌ ਸਾਲ ਪਿੱਛੇ ਜਾਈਏ ਤੇ ਗੁਰੂਕਾਲ ਬਾਰੇ ਕਲਪਨਾ ਕਰੀਏ ਤਾਂ ਵੀ ਇੰਜ ਹੀ ਮਹਿਸੂਸ ਹੋਵੇਗਾ ਕਿ ਉਸ ਵੇਲੇ ਵੀ ਸਿੱਖ, ਗੁਰੂ ਜੀ ਨੂੰ ਨਤਮਸਤਕ ਹੋਣ ਤੋਂ ਬਾਅਦ ਪਿਛੇ ਹਟ ਕੇ ਉਨ੍ਹਾਂ ਦੇ ਸਾਹਮਣੇ ਹੀ ਬੈਠਦੇ ਹੋਣਗੇ, ਪਰਿਕਰਮਾ ਨਹੀਂ ਕਰਦੇ ਹੋਣੇ।
ਸ੍ਰੀ ਗੁਰੂ ਗ੍ਰੰਥ ਸਾਹਿਬ ਦੁਆਲੇ ਪਰਿਕਰਮਾ ਦੀ ਇਕ ਮਿਸਾਲ ਮੈਂ ਹੋਰ ਦੇਣੀ ਚਾਹਾਂਗਾ। ਮੇਰਾ ਵਿਆਹ 1973 ਵਿਚ ਹੋਇਆ ਸੀ। ਉਸ ਤੋਂ ਪਹਿਲਾਂ ਅਤੇ 8-9 ਸਾਲ ਪਿਛੋਂ ਵੀ ਅਨੰਦ ਕਾਰਜ ਦੀ ਮਰਯਾਦਾ ਬੜੀ ਸਾਦੀ, ਪਰ ਪ੍ਰਭਾਵਸ਼ਾਲੀ ਹੁੰਦੀ ਸੀ। ਉਸ ਵੇਲੇ ਵਿਆਹੁੰਦੜ ਜੋੜੀ ਲਾਂਵਾਂ ਵੇਲੇ ਪਰਿਕਰਮਾ ਨਹੀਂ ਸੀ ਕਰਦੀ ਹੁੰਦੀ, ਸਗੋਂ ਸਾਰਾ ਸਮਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਹੀ ਬੈਠੀ ਹੁੰਦੀ ਸੀ। ਸਿਰਫ਼ ਅਰਦਾਸ ਵੇਲੇ ਹੀ ਖੜ੍ਹੀ ਹੁੰਦੀ ਸੀ। ਅਨੰਦ ਕਾਰਜ ਸਪਾਪਤੀ ਤੋਂ ਪਿੱਛੋਂ ਗ੍ਰੰਥੀ ਸਿੰਘ ਚਾਰੇ ਲਾਂਵਾਂ ਦੀ ਵਿਆਖਿਆ ਕਰਦੇ ਹੋਏ ਸੁਭਾਗੀ ਜੋੜੀ ਨੂੰ ਸਿੱਖਿਆ ਦਿੰਦੇ ਹੋਏ ‘ਏਕ ਜੋਤ ਦੁਇ ਮੂਰਤੀ’ ਅਨੁਸਾਰ ਵਿਚਰਨ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚੋਂ ਹਵਾਲੇ ਦੇ ਕੇ ਮਾਰਗ ਦਰਸ਼ਨ ਕਰਦੇ ਸਨ। ਸਰਦੇ-ਪੁੱਜਦੇ ਪਰਿਵਾਰਾਂ ਵੱਲੋਂ ਕੀਰਤਨ ਦਾ ਪ੍ਰਬੰਧ ਵੀ ਕਰ ਲਿਆ ਜਾਂਦਾ ਸੀ। ਕੀਰਤਨ ਰਾਹੀਂ ਵੀ ਸੁਭਾਗੀ ਜੋੜੀ ਨੂੰ ਗੁਰਮਤਿ ਅਨੁਸਾਰ ਚੱਲਣ ਦੀ ਪ੍ਰੇਰਨਾ ਦਿੱਤੀ ਜਾਂਦੀ ਸੀ।
ਅੱਜ ਤੋਂ 29-30 ਸਾਲ ਪਹਿਲਾਂ ਮੈਨੂੰ ਇਕ ਧਾਰਮਿਕ ਸਮਾਗਮ ਵਿਚ ਜਾਣ ਦਾ ਮੌਕਾ ਮਿਲਿਆ। ਉਥੇ ਇਕ ਧਾਰਮਿਕ ਆਗੂ ਬੜਾ ਪ੍ਰਭਾਵਸ਼ਾਲੀ ਵਿਖਿਆਨ ਕਰ ਰਹੇ ਸਨ। ਉਹ ਦੱਸ ਰਹੇ ਸਨ ਕਿ ਗੁਰਮਤਿ ਅਨੁਸਾਰ ਅਕਾਲ ਪੁਰਖ ਹੀ ਸਰਵਉਚ ਹੈ ਅਤੇ ਉਸੇ ਨੂੰ ਮੰਨਣਾ ਹੈ। ਬਾਕੀ ਕਿਸੇ ਦੇਵੀ-ਦੇਵਤੇ ਦੇ ਵਹਿਮ ਵਿਚ ਨਹੀਂ ਪੈਣਾ। ਉਨ੍ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਉਸ ਵੇਲੇ ਵਿਆਹ, ਅਗਨੀ ਦੁਆਲੇ ਫੇਰੇ ਲੈ ਕੇ ਹੁੰਦੇ ਸਨ ਜੋ ਹਿੰਦੂਆਂ ਵਿਚ ਅਜੇ ਵੀ ਪ੍ਰਚਲਿਤ ਹੈ, ਪਰ ਗੁਰੂ ਜੀ ਨੇ ਆਪਣੇ ਵਿਆਹ ਵੇਲੇ ਅਗਨੀ (ਅਗਨ ਦੇਵਤਾ) ਨੂੰ ਸਾਖ਼ਸ਼ੀ ਮੰਨਣ ਤੋਂ ਇਨਕਾਰ ਕਰ ਦਿੱਤਾ। ਉਸ ਸਮੇਂ ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਗਟ ਨਹੀਂ ਸਨ ਹੋਏ। ਸੋ, ਉਨ੍ਹਾਂ ਜ਼ਮੀਨ ਉਪਰ ੴ ਲਿਖ ਕੇ ਉਸ ਦੁਆਲੇ ਪਰਿਕਰਮਾ ਕਰ ਕੇ ਵਿਆਹ ਕਰਵਾਇਆ। ਉਸ ਧਾਰਮਿਕ ਆਗੂ ਦੀ ਦੇਵੀ-ਦੇਵਤਿਆਂ ਨੂੰ ਅਹਿਮੀਅਤ ਨਾ ਦੇਣ ਅਤੇ ਸਿਰਫ ਸ੍ਰੀ ਅਕਾਲ ਪੁਰਖ ਨੂੰ ਸਰਬਉਚ ਮੰਨਣ ਦੀ ਸਿੱਖਿਆ ਦਾ ਅਸਰ ਤਾਂ ਪਤਾ ਨਹੀਂ ਕਿੰਨਾ ਕੁ ਹੋਇਆ, ਪਰ ਕੁਝ ਸਮੇਂ ਵਿਚ ਹੀ ਅਨੰਦ ਕਾਰਜ ਕਰਨ ਸਮੇਂ ਪਰਿਕਰਮਾ ਕਰਨ ਦੀ ਰਸਮ ਜ਼ਰੂਰ ਸ਼ੁਰੂ ਹੋ ਗਈ। ਹੁਣ ਤਾਂ ਇਸ ਤਰ੍ਹਾਂ ਲੱਗਦਾ ਹੈ ਕਿ ਲਾਂਵਾਂ ਦੌਰਾਨ ਪਰਿਕਰਮਾ ਦੀ ਰਸਮ ਤੋਂ ਬਿਨਾਂ ਤਾਂ ਸ਼ਾਇਦ ਅਨੰਦ ਕਾਰਜ ਹੀ ਅਧੂਰਾ ਹੋਵੇ।
ਅਨੰਦ ਕਾਰਜ ਵੇਲੇ ਲਾਂਵਾਂ ਦੇ ਪਾਠ ਤੋਂ ਪਹਿਲਾਂ ਰਾਗੀ ਸਿੰਘ ਵਿਆਹੀ ਜਾਣ ਵਾਲੀ ਜੋੜੀ ਨੂੰ ਸਮਝਾਉਂਦੇ ਹਨ ਕਿ ਲਾਂਵਾਂ ਦੀ ‘ਰਸਮ’ ਪੂਰੀ ਸ਼ਰਧਾ ਨਾਲ ਪੂਰੀ ਕਰਨੀ ਹੈ। ਹਰ ਲਾਂਵ ਦਾ ਪਾਠ ਪਹਿਲਾਂ ਗ੍ਰੰਥੀ ਸਿੰਘ ਜੀ ਕਰਨਗੇ, ਜਦੋਂ ਲਾਂਵਾਂ ਵਿਚ ਨਾਨਕ ਨਾਮ ਆਵੇ ਤਾਂ ਸਿਰ ਝੁਕਾ ਕੇ ਮੱਥਾ ਟੇਕਣਾ ਹੈ। ਲਾਂਵ ਪੂਰੀ ਹੋਣ ਸਾਰ ਦੋਵਾਂ ਨੇ ਖੜ੍ਹੇ ਹੋਣਾ ਹੈ, ਲਾਂਵ ਦਾ ਕੀਰਤਨ ਅਰੰਭ ਹੁੰਦੇ ਹੀ ਲੜਕਾ ਅੱਗੇ ਅਤੇ ਲੜਕੀ ਪਿੱਛੇ ਚਲਦੇ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੱਜੇ ਹੱਥ ਰੱਖ ਕੇ ਪਰਿਕਰਮਾ ਪੂਰੀ ਕਰਨੀ ਹੈ। ਪਰਿਕਰਮਾ ਅਤੇ ਲਾਂਵਾਂ ਦਾ ਕੀਰਤਨ ਇਕੋ ਸਮੇਂ ਪੂਰੇ ਹੋਣ। ਫਿਰ ਮੱਥਾ ਟੇਕ ਕੇ ਅਤੇ ਬੈਠ ਕੇ ਅਗਲੀ ਲਾਂਵਾਂ ਦਾ ਪਾਠ ਸਰਵਣ ਕਰਨਾ ਹੈ। ਇਸੇ ਤਰ੍ਹਾਂ ਚਾਰੇ ਲਾਂਵਾਂ ਦੀ ਰਸਮ ਸੰਪੂਰਨ ਕਰਨੀ ਹੈ। ਇਹ ਸਾਰਾ ਕੁਝ ਇਉਂ ਲੱਗਦਾ ਹੁੰਦਾ ਹੈ ਜਿਵੇਂ ਲਾਂਵਾਂ ਦੇ ਪਾਠ ਨਾਲੋਂ ਜ਼ਿਆਦਾ ਧਿਆਨ, ਰਸਮ ਠੀਕ ਢੰਗ ਨਾਲ ਪੂਰੀ ਕਰਨ ਵੱਲ ਲੱਗਿਆ ਹੋਇਆ ਹੈ।
ਇਨ੍ਹਾਂ ਰਸਮਾਂ-ਰੀਤਾਂ ਤੋਂ ਅੱਗੇ ਸਭ ਤੋਂ ਫਿਕਰ ਵਾਲੀ ਗੱਲ ਇਹ ਹੈ ਕਿ ਕਦੇ ਸ਼ਰਧਾ ਦੇ ਨਾਂ ‘ਤੇ, ਕਦੇ ਪਵਿੱਤਰਤਾ ਦੇ ਨਾਂ ‘ਤੇ, ਕਦੇ ਸਹੀ ਸੇਵਾ-ਸੰਭਾਲ ਦੇ ਨਾਂ ‘ਤੇ ਅਜਿਹਾ ਮਾਹੌਲ ਪੈਦਾ ਕੀਤਾ ਜਾ ਰਿਹਾ ਹੈ ਕਿ ਆਮ ਸਿੱਖ ਸ੍ਰੀ ਗੁਰੂ ਗੰਥ ਸਾਹਿਬ ਜੀ ਦੀ ਤਾਬਿਆ ਬੈਠਣ ਤੋਂ ਵੀ ਝਿਜਕਦਾ ਹੈ ਕਿ ਕਿਤੇ ਉਸ ਤੋਂ ਕੋਈ ਕਮੀ ਨਾ ਰਹਿ ਜਾਵੇ। ਸ਼ਬਦ ਪੜ੍ਹਨਾ ਅਤੇ ਵਿਚਾਰਨਾ ਤਾਂ ਦੂਰ ਦੀ ਗੱਲ ਬਣ ਰਹੀ ਹੈ। ਕਦੇ-ਕਦੇ ਖਦਸ਼ਾ ਮਹਿਸੂਸ ਹੁੰਦਾ ਹੈ ਕਿ ਕਿਤੇ ਅਸੀਂ ਉਸ ਯੁੱਗ ਵੱਲ ਤਾਂ ਨਹੀਂ ਜਾ ਰਹੇ, ਜਦੋਂ ਬ੍ਰਾਹਮਣ ਕਹਿੰਦਾ ਹੁੰਦਾ ਸੀ ਕਿ ਸਿਰਫ਼ ਉਹ ਹੀ ਸਭ ਤੋਂ ਪਵਿੱਤਰ ਇਨਸਾਨ ਹੈ ਅਤੇ ਇਸੇ ਕਰ ਕੇ ਕੇਵਲ ਉਹ ਹੀ ਪੂਜਾ ਕਰਨ ਦਾ ਅਧਿਕਾਰੀ ਹੈ। ਅਕਾਲ ਪੁਰਖ ਸਾਨੂੰ ਸੁਮੱਤ ਬਖ਼ਸ਼ੇ ਅਤੇ ਮੇਰਾ ਇਹ ਖਦਸ਼ਾ ਕਦੇ ਸੱਚ ਨਾ ਹੋਵੇਗਾ।
-ਨੰਦ ਸਿੰਘ ਬਰਾੜ
ਫੋਨ: 916-674-2201

Be the first to comment

Leave a Reply

Your email address will not be published.