ਚੰਡੀਗੜ੍ਹ: ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਨੇ ਜੇਤੂ ਧਿਰ ਕਾਂਗਰਸ ਨੂੰ ਵੀ ਹੈਰਾਨ ਕਰ ਦਿੱਤਾ ਹੈ। ਚਾਰ ਫਰਵਰੀ ਨੂੰ ਪਈਆਂ ਵੋਟਾਂ ਤੇ 11 ਮਾਰਚ ਨੂੰ ਆਏ ਨਤੀਜਿਆਂ ਵਿਚਾਲੇ ਇਕ ਮਹੀਨੇ ਦੇ ਵਕਫੇ ਵਿਚ ਕਾਂਗਰਸ ਦੇ ਸੀਨੀਅਰ ਆਗੂ ਇਹੀ ਦਾਅਵਾ ਕਰਦੇ ਰਹੇ ਕਿ ਉਨ੍ਹਾਂ ਦੀ ਪਾਰਟੀ 65 ਤੋਂ 70 ਸੀਟਾਂ ਹਾਸਲ ਕਰੇਗੀ।
ਖੁਦ ਕੈਪਟਨ ਅਮਰਿੰਦਰ ਸਿੰਘ ਕਦੇ 60, ਕਦੇ 67 ਤੇ ਕਦੇ 70 ਸੀਟਾਂ ਆਉਣ ਦੀ ਗੱਲ ਕਰਦੇ ਸਨ, ਪਰ ਕਾਂਗਰਸ ਨੂੰ ਹੁਣ 117 ਵਿਚੋਂ 77 ਸੀਟਾਂ ਮਿਲੀਆਂ ਹਨ। ਪਾਰਟੀ ਦੇ ਆਪਣੇ ਅਨੁਮਾਨਾਂ ਨਾਲੋਂ ਡੇਢ ਗੁਣਾਂ ਵੱਧ। ਪਾਰਟੀ ਦੇ ਕੁਝ ਸੀਨੀਅਰ ਨੇਤਾ ਅਕਸਰ ‘ਆਫ ਦੀ ਰਿਕਾਰਡ’ ਗੱਲਬਾਤ ਦੌਰਾਨ ਆਖ ਦਿੰਦੇ ਸਨ ਕਿ ‘ਆਪ’ ਵਾਲਿਆਂ ਦਾ ਜ਼ੋਰ ਬਹੁਤ ਜ਼ਿਆਦਾ ਹੈ, ਇਸ ਲਈ ਅਸਲੀਅਤ ਤਾਂ ਇਹ ਹੈ ਕਿ ਸਾਨੂੰ ਇਸ ਗੱਲ ਦੀ ਆਸ ਘੱਟ ਹੀ ਹੈ ਕਿ ਸਰਕਾਰ ਸਾਡੀ ਹੀ ਬਣੇਗੀ ਅਤੇ ਜੇ ਬਣੀ ਵੀ ਤਾਂ ਬਹੁਤ ਮੁਸ਼ਕਿਲ ਨਾਲ।
ਦੂਜੇ ਪਾਸੇ ਵੋਟਾਂ ਤੋਂ ਪਹਿਲਾਂ ਅਤੇ ਬਾਅਦ ਵਿਚ ਆਪ ਪਾਰਟੀ ਦੇ ਵਰਕਰਾਂ ਦੇ ਹੌਂਸਲੇ ਤਾਂ ਬਹੁਤ ਬੁਲੰਦ ਸਨ, ਪਰ ਆਪ ਪਾਰਟੀ ਦੇ ਉਪਰਲੀ ਕਤਾਰ ਦੇ ਨੇਤਾ ਪਿਛਲੇ ਕੁਝ ਦਿਨਾਂ ਤੋਂ ਦੱਬਵੀਆਂ ਸੁਰਾਂ ‘ਚ ਕਦੇ-ਕਦੇ ਇਹ ਕਹਿੰਦੇ ਸੁਣੇ ਸਨ ਕਿ ਸਰਕਾਰ ਬਣਾਉਣ ਲਈ ਜਿੰਨੀਆਂ ਸੀਟਾਂ ਚਾਹੀਦੀਆਂ ਹਨ, ਜੇ ਉਸ ਤੋਂ 5-7 ਸੀਟਾਂ ਘੱਟ ਗਈਆਂ ਤਾਂ ਕੀ ਹੋਵੇਗਾ? ਇਨ੍ਹਾਂ ਨਤੀਜਿਆਂ ਨੇ ਆਪ ਦੇ ਹਮਾਇਤੀਆਂ ਨੂੰ ਹੈਰਾਨ ਕਰ ਦਿੱਤਾ ਹੈ।
ਉਨ੍ਹਾਂ ਲਈ ਇਹ ਹਾਰ ਐਨੀ ਅਸਹਿ ਅਤੇ ਮਾਯੂਸ ਕਰ ਦੇਣ ਵਾਲੀ ਹੈ ਕਿ ਉਨ੍ਹਾਂ ਨੇ ਤਾਂ ਇਨ੍ਹਾਂ ਨਤੀਜਿਆਂ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ‘ਪੰਜਾਬੀਆਂ’ ਨੂੰ ‘ਬੇ-ਜ਼ਮੀਰੇ ਅਤੇ ਬੇਗੈਰਤ’ ਆਖਣਾ ਸ਼ੁਰੂ ਕਰ ਦਿੱਤਾ ਹੈ। ਉਧਰ, ਸ਼੍ਰੋਮਣੀ ਅਕਾਲੀ ਦਲ ਦੇ ਕੁਝ ਨੇਤਾ ਭਾਵੇਂ ਇਹ ਮੰਨ ਕੇ ਚੱਲ ਰਹੇ ਸਨ ਕਿ ਇਸ ਵਾਰ ਸਾਡੀ ਸਰਕਾਰ ਨਹੀਂ ਆਉਣੀ, ਪਰ ਹਾਰ ਐਨੀ ਜ਼ਬਰਦਸਤ ਹੋਵੇਗੀ, ਅਜਿਹਾ ਉਨ੍ਹਾਂ ਨੇ ਨਹੀਂ ਸੋਚਿਆ ਸੀ। ਪਾਰਟੀ ਦੇ ਕੁਝ ਸੀਨੀਅਰ ਨੇਤਾ ਇਹ ਸੋਚ ਰਹੇ ਸਨ ਕਿ ਇਸ ਵਾਰ ਬਹੁਮਤ ਕਿਸੇ ਨੂੰ ਵੀ ਨਹੀਂ ਮਿਲੇਗਾ। ਦਿੱਲੀ ਗੁਰਦੁਆਰਾ ਚੋਣਾਂ ਮਗਰੋਂ ਪਾਰਟੀ ਦੇ ਹੇਠਲੇ ਪੱਧਰ ਦੇ ਵਰਕਰ ਆਤਮ-ਵਿਸ਼ਵਾਸ ਨਾਲ ਭਰ ਗਏ ਸਨ ਕਿ ਇਹ ਨਤੀਜੇ ਵੀ ਉਨ੍ਹਾਂ ਦੇ ਹੱਕ ਵਿਚ ਹੋਣਗੇ। ਇਨ੍ਹਾਂ ਨਤੀਜਿਆਂ ਨੇ ਪੰਜਾਬ ਭਾਜਪਾ ਨੂੰ ਵੀ ਹੈਰਾਨ ਕੀਤਾ ਹੈ।
_______________________________________
ਆਮ ਆਦਮੀ ਪਾਰਟੀ ਨੇ ਬਣਾਇਆ ਰਿਕਾਰਡ
ਲੁਧਿਆਣਾ: ਪੰਜਾਬ ਵਿਧਾਨ ਸਭਾ ਦੇ ਇਤਿਹਾਸ ਵਿਚ ਪਹਿਲੀ ਵਾਰ ਵਿਧਾਨ ਸਭਾ ਦੀ ਚੋਣ ਲੜਨ ਵਾਲੀ ਆਮ ਆਦਮੀ ਪਾਰਟੀ ਨੇ 20 ਸੀਟਾਂ ਜਿੱਤ ਕੇ ਵਿਰੋਧੀ ਧਿਰ ਬਣ ਗਈ ਹੈ, ਭਾਵੇਂ ਕਿ 1992 ਵਿਚ ਬਹੁਜਨ ਸਮਾਜ ਪਾਰਟੀ ਵਿਰੋਧੀ ਧਿਰ ਵਜੋਂ ਵਿਧਾਨ ਸਭਾ ਵਿਚ ਕਾਬਜ਼ ਹੋਈ ਸੀ, ਪਰ ਬਹੁਜਨ ਸਮਾਜ ਪਾਰਟੀ ਹਰ ਚੋਣ ਲੜਦੀ ਰਹੀ ਹੈ, ਪਰ ਆਪ ਦੀ ਪਹਿਲੀ ਚੋਣ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਪਹਿਲੀ ਵਾਰ 1951 ਵਿਚ ਪੰਜਾਬ ਵਿਧਾਨ ਸਭਾ ਦੀ ਚੋਣ ਹੋਈ, ਉਸ ਤੋਂ ਬਾਅਦ 1957, 1962, 1967, 1969, 1972, 1977, 1980, 1985, 1992, 1997, 2002, 2007, 2012 ਤੇ 2017 ਵਿਚ ਵਿਧਾਨ ਸਭਾ ਦੀ ਚੋਣ ਹੋਈ ਹੈ। 1992 ਨੂੰ ਸ਼੍ਰੋਮਣੀ ਅਕਾਲੀ ਦਲ ਵੱਲੋਂ ਵਿਧਾਨ ਸਭਾ ਚੋਣਾਂ ਦਾ ਬਾਈਕਾਟ ਕਰਨ ਸਮੇਂ ਕਾਂਗਰਸ ਪਾਰਟੀ ਦੀ ਬੇਅੰਤ ਸਿੰਘ ਦੀ ਅਗਵਾਈ ਵਿਚ ਸਰਕਾਰ ਬਣੀ ਸੀ ਅਤੇ ਬਹੁਜਨ ਸਮਾਜ ਪਾਰਟੀ ਨੂੰ ਵਿਰੋਧੀ ਧਿਰ ਵਿਚ ਬੈਠਣ ਦਾ ਮੌਕਾ ਮਿਲਿਆ ਸੀ। 1997 ਵਿਚ ਕਾਂਗਰਸ, 2002 ਵਿਚ ਸ਼੍ਰੋਮਣੀ ਅਕਾਲੀ ਦਲ, 2007 ਵਿਚ ਕਾਂਗਰਸ ਅਤੇ 2012 ਵਿਚ ਕਾਂਗਰਸ ਪਾਰਟੀ ਨੂੰ ਵਿਰੋਧੀ ਧਿਰ ਵਜੋਂ ਵਿਧਾਨ ਸਭਾ ਵਿਚ ਬੈਠਣ ਦਾ ਮੌਕਾ ਮਿਲਿਆ ਸੀ। ਆਮ ਆਦਮੀ ਪਾਰਟੀ ਪੰਜਾਬ ਦੇ ਰਾਜਨੀਤਕ ਇਤਿਹਾਸ ਦੀ ਪਹਿਲੀ ਅਜਿਹੀ ਪਾਰਟੀ ਬਣ ਗਈ ਹੈ, ਜਿਸ ਨੇ ਪੰਜਾਬ ਵਿਧਾਨ ਸਭਾ ਦੀ ਚੋਣ ਲੜ ਕੇ ਸੂਬੇ ਦੇ 23æ2 ਫੀਸਦੀ ਵੋਟਰਾਂ ਦੀਆਂ ਵੋਟਾਂ ਪ੍ਰਾਪਤ ਕਰ ਕੇ 20 ਸੀਟਾਂ ‘ਤੇ ਜਿੱਤ ਪ੍ਰਾਪਤ ਕੀਤੀ।
____________________________________
ਬਸਪਾ ਦਾ 25 ਸਾਲਾਂ ਦੇ ਇਤਿਹਾਸ ‘ਚ ਮਾੜਾ ਪ੍ਰਦਰਸ਼ਨ
ਚੰਡੀਗੜ੍ਹ: ਪੰਜਾਬ ਦੀ ਸਿਆਸਤ ਅੰਦਰ ਕਦੇ ਆਪਣਾ ਦਮਖਮ ਰੱਖਣ ਵਾਲੀ ਕੌਮੀ ਪਾਰਟੀ ਬਸਪਾ ਦਾ ਪਿਛਲੇ 25 ਸਾਲਾਂ ਵਿਚ ਆਧਾਰ ਨਾ ਮਾਤਰ ਹੀ ਰਹਿ ਗਿਆ ਹੈ, ਜਿਸ ਦਾ ਕਾਰਨ ਸੂਬੇ ਅੰਦਰ ਪਾਰਟੀ ਦਾ ਕੋਈ ਸਥਾਪਤ ਨੇਤਾ ਨਾ ਹੋਣਾ ਅਤੇ ਕੌਮੀ ਆਗੂਆਂ ਵੱਲੋਂ ਪਾਰਟੀ ਦੀ ਮਜ਼ਬੂਤੀ ਲਈ ਕੋਈ ਖਾਸ ਰਣਨੀਤੀ ਨਾ ਬਣਾਉਣਾ ਹੈ। ਇਸ ਦੇ ਚਲਦਿਆਂ ਅੱਜ ਬਸਪਾ ਦੇ ਵਰਕਰਾਂ ‘ਚ ਨਿਰਾਸ਼ਤਾ ਹੀ ਝਲਕ ਰਹੀ ਹੈ, ਲਿਹਾਜਾ ਹੋਰ ਸਿਆਸੀ ਪਾਰਟੀਆਂ ਦਲਿਤ ਵੋਟਰਾਂ ਨੂੰ ਆਪਣੇ ਵੋਟ ਬੈਂਕ ਵਜੋਂ ਵਰਤ ਰਹੀਆਂ ਹਨ। ਜੇ ਪਿਛਲੇ ਸਮਿਆਂ ‘ਤੇ ਝਾਤ ਮਾਰੀ ਜਾਵੇ ਤਾਂ ਪਤਾ ਚਲਦਾ ਹੈ ਕਿ ਵਿਧਾਨ ਸਭਾ ਚੋਣਾਂ ਅੰਦਰ ਸਾਲ 1992 ਦੌਰਾਨ ਬਸਪਾ ਨੇ 105 ਸੀਟਾਂ ‘ਤੇ ਚੋਣ ਲੜੀ ਸੀ, ਜਿਸ ਵਿਚੋਂ 9 ਸੀਟਾਂ ‘ਤੇ ਜਿੱਤ ਪ੍ਰਾਪਤ ਕਰਦਿਆਂ ਕੁੱਲ ਪੋਲ ਹੋਈਆਂ ਵੋਟਾਂ ਵਿਚੋਂ 17æ59 ਫੀਸਦੀ ਵੋਟਾਂ ਹਾਸਲ ਕੀਤੀਆਂ ਸਨ। ਇਸ ਤੋਂ ਬਾਅਦ ਸਾਲ 1997 ਅੰਦਰ ਪਾਰਟੀ ਨੇ 67 ਸੀਟਾਂ ‘ਤੇ ਵਿਧਾਨ ਸਭਾ ਚੋਣਾਂ ਲੜਦਿਆਂ ਮਹਿਜ਼ ਇਕ ਸੀਟ ਉਤੇ ਹੀ ਜਿੱਤ ਹਾਸਲ ਕੀਤੀ ਸੀ ਅਤੇ ਸੂਬੇ ਅੰਦਰ ਪੋਲ ਹੋਈਆਂ ਕੁੱਲ ਵੋਟਾਂ ‘ਚੋਂ ਸਿਰਫ 13æ28 ਫੀਸਦੀ ਵੋਟਾਂ ਹੀ ਹਾਸਲ ਕੀਤੀਆਂ ਸਨ। ਸਾਲ 1997 ਤੋਂ ਬਾਅਦ ਪਾਰਟੀ ਦੇ ਵੋਟ ਬੈਂਕ ਨੂੰ ਲਗਾਤਾਰ ਖੋਰਾ ਹੀ ਲੱਗਦਾ ਰਿਹਾ ਹੈ ਅਤੇ 1997 ਤੋਂ ਬਾਅਦ ਹੁਣ ਤੱਕ ਪਾਰਟੀ ਨੇ ਇਕ ਵੀ ਸੀਟ ਹਾਸਲ ਨਹੀਂ ਕੀਤੀ। ਸਾਲ 2002 ਵਿਚ ਪਾਰਟੀ ਨੇ 100 ਸੀਟਾਂ ਉਤੇ ਚੋਣ ਲੜੀ ਸੀ ਅਤੇ ਬਿਨਾਂ ਖਾਤਾ ਖੋਲ੍ਹੇ ਸੂਬੇ ਅੰਦਰ ਕੁੱਲ ਪੋਲ ਹੋਈਆਂ ਵੋਟਾਂ ਵਿਚੋਂ ਸਿਰਫ 6æ61 ਫੀਸਦੀ ਵੋਟਾਂ ਹੀ ਹਾਸਲ ਹੋਈਆਂ ਸਨ। ਇਸ ਤੋਂ ਬਾਅਦ ਸਾਲ 2007 ‘ਚ ਬਸਪਾ ਨੇ 115 ਸੀਟਾਂ ਉਤੇ ਚੋਣ ਲੜੀ ਸੀ ਅਤੇ ਬਿਨਾਂ ਕੋਈ ਸੀਟ ਜਿੱਤੇ ਸਿਰਫ 4æ17 ਫੀਸਦੀ ਵੋਟਾਂ ਹੀ ਹਾਸਲ ਕੀਤੀਆਂ ਸਨ। ਇਸੇ ਤਰ੍ਹਾਂ ਬਸਪਾ ਨੇ ਸਾਲ 2012 ਅੰਦਰ 117 ਸੀਟਾਂ ‘ਤੇ ਚੋਣ ਲੜੀ ਸੀ, ਪਰ ਕੋਈ ਸੀਟ ਨਹੀਂ ਸੀ ਜਿੱਤੀ ਅਤੇ ਸੂਬੇ ਅੰਦਰ ਕੁੱਲ ਪਈਆਂ ਵੋਟਾਂ ਵਿਚੋਂ ਸਿਰਫ 4æ30 ਫੀਸਦੀ ਵੋਟਾਂ ਹੀ ਪਾਰਟੀ ਦੇ ਹਿੱਸੇ ਆਈਆਂ ਸਨ। ਭਾਵੇਂ ਸਾਲ 2012 ‘ਚ ਪਿਛਲੀ ਵਾਰ ਨਾਲੋਂ ਪਾਰਟੀ ਦੀ ਵੋਟ ਪ੍ਰਤੀਸ਼ਤਤਾ ‘ਚ ਥੋੜ੍ਹਾ ਸੁਧਾਰ ਹੋਇਆ ਸੀ, ਪਰ ਇਹ ਵੀ ਨਾ ਦੇ ਬਰਾਬਰ ਹੀ ਮੰਨਿਆ ਜਾ ਸਕਦਾ ਹੈ। ਹੁਣੇ ਹੋਈਆਂ ਵਿਧਾਨ ਸਭਾ ਚੋਣਾਂ ‘ਚ ਪਾਰਟੀ ਨੇ 64 ਸੀਟਾਂ ਉਤੇ ਚੋਣ ਲੜੀ ਅਤੇ ਸਿਰਫ ਫਿਲੌਰ ਹਲਕੇ ਤੋਂ ਪਾਰਟੀ ਦੇ ਸੂਬਾ ਪ੍ਰਧਾਨ ਅਵਤਾਰ ਸਿੰਘ ਕਰੀਮਪੁਰੀ ਹੀ ਆਪਣੀ ਜ਼ਮਾਨਤ ਬਚਾ ਸਕੇ, ਜਦਕਿ ਬਾਕੀ ਸਾਰੇ ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ ਹੋ ਗਈਆਂ। ਇਸ ਵਾਰ ਪਾਰਟੀ ਨੂੰ ਕੁੱਲ ਪਈਆਂ ਵੋਟਾਂ ‘ਚੋਂ ਮਹਿਜ਼ 1æ5 ਫੀਸਦੀ ਵੋਟਾਂ ਹੀ ਹਾਸਲ ਹੋਈਆਂ।