ਮੁੱਖ ਮੰਤਰੀ ਦੀ ਕੁਰਸੀ ਮੁੜ ਮਲਵਈਆਂ ਕੋਲ

ਬਠਿੰਡਾ: ਪੰਜਾਬ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਪਾਰਟੀ ਨੇ 117 ਵਿਧਾਨ ਸਭਾ ਹਲਕਿਆਂ ਵਿਚੋਂ 77 ਸੀਟਾਂ ਉਤੇ ਜਿੱਤ ਪ੍ਰਾਪਤ ਕਰ ਕੇ ਸਰਕਾਰ ਬਣਾਈ ਹੈ। ਭਾਵੇਂ ਇਸ ਵਾਰ ਦੀ ਰਵਾਇਤ ਮੁਤਾਬਕ ਸੂਬੇ ਵਿਚ ਸਰਕਾਰ ਗਠਿਤ ਕਰਨ ਵਿਚ ਮਾਝਾ ਤੇ ਦੁਆਬਾ ਮੁੱਖ ਭੂਮਿਕਾ ਨਿਭਾ ਰਿਹਾ ਹੈ, ਪਰ ਐਤਕੀਂ ਵੀ ਮੁੱਖ ਮੰਤਰੀ ਦੀ ਕੁਰਸੀ ਉਤੇ ਮਲਵਈ ਹੀ ਕਾਬਜ਼ ਹੋਵੇਗਾ।

ਦੱਸਣਾ ਬਣਦਾ ਹੈ ਕਿ ਦੇਸ਼ ਦੀ ਆਜ਼ਾਦੀ ਤੋਂ ਬਾਅਦ ਹੁਣ ਤੱਕ ਪੰਜਾਬ ‘ਚ ਮੁੱਖ ਮੰਤਰੀ ਦੀ ਕੁਰਸੀ ਉਤੇ ਬਹੁਤਾ ਸਮਾਂ ਮਲਵਈਆਂ ਦਾ ਕਬਜ਼ਾ ਰਿਹਾ ਹੈ। ਸੂਬੇ ਦੇ ਅੱਜ ਤੋਂ ਪਹਿਲਾਂ ਬਣੇ 15 ਮੁੱਖ ਮੰਤਰੀਆਂ ‘ਚੋਂ 12 ਮੁੱਖ ਮੰਤਰੀ ਮਾਲਵਾ ਖੇਤਰ ਨਾਲ ਸਬੰਧਤ ਰਹੇ ਹਨ ਜਦਕਿ ਮਾਝੇ ਦੇ ਹਿੱਸੇ ਇਹ ਕੁਰਸੀ ਇਕ ਵਾਰ ਅਤੇ ਦੁਆਬੇ ਕੋਲ 2 ਵਾਰ ਆਈ ਹੈ। ਇਸ ਵਾਰ 16ਵਾਂ ਮੁੱਖ ਮੰਤਰੀ ਮਾਲਵੇ ਵਿਚੋਂ ਬਣਿਆ ਹੈ। ਹਾਸਲ ਅੰਕੜਿਆਂ ਅਨੁਸਾਰ ਨਤੀਜਿਆਂ ‘ਚ ਕਾਂਗਰਸ ਪਾਰਟੀ ਨੇ 117 ਹਲਕਿਆਂ ‘ਚੋਂ 77 ਉਤੇ ਜਿੱਤ ਹਾਸਲ ਕੀਤੀ ਹੈ, ਵਿਚੋਂ 37 ਹਲਕੇ ਮਾਝੇ-ਦੁਆਬੇ ਨਾਲ ਸਬੰਧਤ ਹਨ। ਮਾਝੇ-ਦੁਆਬੇ ‘ਚ ਕੁੱਲ 48 ਹਲਕੇ ਪੈਂਦੇ ਹਨ ਜਦਕਿ ਮਾਲਵੇ ‘ਚ 69। ਮਾਲਵੇ ਦੇ 69 ਹਲਕਿਆਂ ਵਿਚੋਂ ਕਾਂਗਰਸ ਨੇ 40 ਹਲਕਿਆਂ ‘ਤੇ ਜਿੱਤ ਪ੍ਰਾਪਤ ਕੀਤੀ ਹੈ।
ਲਾਲ ਬੱਤੀ ਕਲਚਰ ਖਤਮ ਕਰੇਗੀ ਕਾਂਗਰਸ : ਜੇਤੂ ਕਾਂਗਰਸ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ ਨੇ ਆਖਿਆ ਕਿ ਕਾਂਗਰਸ ਹਕੂਮਤ ਵੀæਆਈæਪੀæ ਕਲਚਰ ਨੂੰ ਖਤਮ ਕਰਨ ਲਈ ਪਹਿਲ ਕਰੇਗੀ ਅਤੇ ਪਹਿਲੀ ਕੈਬਨਿਟ ਮੀਟਿੰਗ ਵਿਚ ਹੀ ਇਨ੍ਹਾਂ ਮੁੱਦਿਆਂ ‘ਤੇ ਚਰਚਾ ਹੋਵੇਗੀ। ਉਨ੍ਹਾਂ ਆਖਿਆ ਕਿ ਕਾਂਗਰਸ ਨੇ ਆਪਣੇ ਚੋਣ ਮਨੋਰਥ ਪੱਤਰ ਵਿਚ ਵੀæਆਈæਪੀæ ਕਲਚਰ ਨੂੰ ਖਤਮ ਕਰਨ ਸਬੰਧੀ ਵਾਅਦਾ ਕੀਤਾ ਸੀ, ਜਿਸ ‘ਤੇ ਪੂਰਨ ਅਮਲ ਕੀਤਾ ਜਾਵੇਗਾ। ਉਨ੍ਹਾਂ ਆਖਿਆ ਕਿ ਲਾਲ ਬੱਤੀ ਅਤੇ ਗੰਨਮੈਨਾਂ ਤੋਂ ਇਲਾਵਾ ਉਦਘਾਟਨੀ ਪੱਥਰਾਂ ਤੋਂ ਪਰਦੇ ਹਟਾਉਣ ਆਦਿ ਸਬੰਧੀ ਬਾਕਾਇਦਾ ਫੈਸਲੇ ਲਏ ਜਾਣਗੇ। ਉਨ੍ਹਾਂ ਆਖਿਆ ਕਿ ਚੋਣ ਮਨੋਰਥ ਪੱਤਰ ਨੂੰ ਅਮਲ ਵਿਚ ਲਿਆਉਣ ਲਈ ਕੰਮ ਸ਼ੁਰੂ ਹੋ ਜਾਵੇਗਾ।
________________________________________
ਕੈਪਟਨ ਦੀ ਚੌਂਕੀ ਭਰਨ ਲੱਗੀ ਅਫਸਰਸ਼ਾਹੀ
ਚੰਡੀਗੜ੍ਹ: ਪਿਛਲੇ 10 ਸਾਲਾਂ ਤੋਂ ਸੂਬੇ ਵਿਚ ਅਕਾਲੀ-ਭਾਜਪਾ ਸੱਤਾ ਵਿਚ ਰਹੀ ਅਤੇ ਉਸ ਦੌਰਾਨ ਜਿਹੜੇ ਆਈæਏæਐਸ਼ ਅਤੇ ਆਈæਪੀ ਐਸ਼ ਅਧਿਕਾਰੀ ਸੱਤਾਧਾਰੀਆਂ ਦੇ ਹੁਕਮਾਂ ਦੀ ਤਾਮੀਲ ਕਰਦੇ ਰਹੇ, ਉਨ੍ਹਾਂ ‘ਚੋਂ ਬਹੁਤੇ ਕਾਂਗਰਸ ਦੀ ਜਿੱਤ ਦੇ ਐਲਾਨ ਮਗਰੋਂ ਕੈਪਟਨ ਅਮਰਿੰਦਰ ਸਿੰਘ ਨੂੰ ਮਿਲਣ ਲਈ ਕਤਾਰਾਂ ‘ਚ ਲੱਗੇ ਵੇਖੇ ਗਏ। ਕੈਪਟਨ ਦੇ ਚੰਡੀਗੜ੍ਹ ਸੈਕਟਰ 10 ਸਥਿਤ ਗ੍ਰਹਿ ਵਿਖੇ ਪਾਰਟੀ ਦੀ ਜਿੱਤ ਮਗਰੋਂ ਜਸ਼ਨ ਦਾ ਮਾਹੌਲ ਦੇਖਿਆ ਗਿਆ ਤੇ ਕੈਪਟਨ ਨੂੰ ਵਧਾਈ ਦੇਣ ਲਈ ਸੂਬੇ ਭਰ ਵਿਚੋਂ ਕਾਂਗਰਸੀ ਨੇਤਾ ਅਤੇ ਸੀਨੀਅਰ ਪੁਲਿਸ ਤੇ ਸਿਵਲ ਅਧਿਕਾਰੀ ਗੁਲਦਸਤੇ ਲੈ ਕੇ ਇਥੇ ਪੁੱਜੇ ਹੋਏ ਸਨ। ਸੂਤਰ ਦੱਸਦੇ ਹਨ ਕਿ ਕੁਝ ਦਿਨ ਪਹਿਲਾਂ ਤੱਕ ਸੂਬੇ ‘ਚ ਆਮ ਆਦਮੀ ਪਾਰਟੀ ਦੇ ਬਣਨ ਦੀ ਚਰਚਾਵਾਂ ‘ਚ ਕਈ ਅਧਿਕਾਰੀ ‘ਆਪ’ ਨੇਤਾਵਾਂ ਦੇ ਸੰਪਰਕ ‘ਚ ਵੀ ਰਹੇ।
________________________________________
ਇਕ ਲੱਖ ਵੋਟਰਾਂ ਨੂੰ ਪਸੰਦ ਨਾ ਆਇਆ ਕੋਈ ਵੀ ਉਮੀਦਵਾਰ
ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਚੋਣਾਂ ਵਿਚ ‘ਨੋਟਾ’ ਕਈ ਛੋਟੀਆਂ ਪਾਰਟੀਆਂ ਨੂੰ ਪਛਾੜ ਗਿਆ ਹੈ। ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਉਤੇ ਸਭ ਤੋਂ ਅਖੀਰ ਵਿਚ ਲੱਗਿਆ ਸਾਰੀਆਂ ਪਾਰਟੀਆਂ ਨੂੰ ਨਕਾਰਨ ਕਰਨ ਵਾਲਾ ਬਟਨ 1,08,471 ਵੋਟਾਂ ਲਿਜਾਣ ਵਿਚ ਕਾਮਯਾਬ ਰਿਹਾ।
ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਹਲਕੇ ਲੰਬੀ ਵਿਚ 1101, ਸੁਖਬੀਰ ਸਿੰਘ ਬਾਦਲ ਅਤੇ ਭਗਵੰਤ ਮਾਨ ਦੇ ਹਲਕੇ ਜਲਾਲਾਬਾਦ ਵਿਚ 1112 ਤੇ ਕੈਪਟਨ ਅਮਰਿੰਦਰ ਸਿੰਘ ਦੇ ਪਟਿਆਲਾ (ਸ਼ਹਿਰੀ) ਹਲਕੇ ਵਿਚ 1090 ਵੋਟਰਾਂ ਨੇ ਨੋਟਾ ਦੇ ਹੱਕ ਦੀ ਵਰਤੋਂ ਕੀਤੀ।
_____________________________________________
ਸਿਆਸਤ ਦੇ ਮਹਾਂਰਥੀਆਂ ਨਾਲ ਬੁਰੀ ਹੋਈ
ਚੰਡੀਗੜ੍ਹ: ਸੱਤਾਧਾਰੀ ਅਕਾਲੀ ਦਲ ਤੇ ਭਾਜਪਾ ਗਠਜੋੜ ਜਿਥੇ ਵਿਧਾਨ ਸਭਾ ਚੋਣਾਂ ‘ਚ ਕਰਾਰੀ ਹਾਰ ਮਿਲਣ ਕਾਰਨ ਤੀਜੀ ਸਥਾਨ ਉਤੇ ਖਿਸਕ ਗਿਆ ਹੈ, ਉਥੇ ਉਸ ਦੇ ਕਈ ਮੰਤਰੀ ਤੇ ਨਾਮਵਰ ਨੇਤਾਵਾਂ ਨੂੰ ਵੀ ਹਾਰ ਦਾ ਮੂੰਹ ਵੇਖਣਾ ਪਿਆ। ਅਕਾਲੀ ਦਲ ਦੇ ਮੰਤਰੀ ਤੋਤਾ ਸਿੰਘ ਧਰਮਕੋਟ ਤੋਂ, ਗੁਲਜ਼ਾਰ ਸਿੰਘ ਰਣੀਕੇ ਅਟਾਰੀ ਤੋਂ, ਜਨਮੇਜ਼ਾ ਸਿੰਘ ਸੇਖੋਂ ਮੌੜ ਤੋਂ, ਆਦੇਸ਼ ਪ੍ਰਤਾਪ ਸਿੰਘ ਕੈਰੋਂ ਪੱਟੀ ਤੋਂ, ਸਿਕੰਦਰ ਸਿੰਘ ਮਲੂਕਾ ਰਾਮਪੁਰਾ ਫੂਲ ਤੋਂ, ਸੁਰਜੀਤ ਸਿੰਘ ਰੱਖੜਾ ਸਮਾਣਾ ਤੋਂ, ਸੋਹਣ ਸਿੰਘ ਠੰਡਲ ਚੱਬੇਵਾਲ ਤੋਂ ਚੋਣ ਹਾਰ ਗਏ ਹਨ ਤੇ ਭਾਜਪਾ ਦੇ ਚੋਣ ਹਾਰਨ ਵਾਲੇ ਮੰਤਰੀਆਂ ‘ਚ ਸੁਰਜੀਤ ਕੁਮਾਰ ਜਿਆਣੀ ਤੇ ਅਨਿਲ ਕੁਮਾਰ ਜੋਸ਼ੀ ਸ਼ਾਮਲ ਹਨ।
ਇਸ ਦੇ ਨਾਲ ਹੀ ਭਾਜਪਾ ਦੇ ਉਘੇ ਨੇਤਾ ਤੀਕਸ਼ਣ ਸੂਦ, ਤਰੁਨ ਚੁਘ, ਅਰੁਨੇਸ਼ ਕੁਮਾਰ, ਅਸ਼ਵਨੀ ਕੁਮਾਰ, ਮਨੋਰੰਜਨ ਕਾਲੀਆ ਵੀ ਚੋਣ ਹਾਰ ਗਏ ਹਨ ਜਦੋਂ ਕਿ ਅਕਾਲੀ ਦਲ ਦੇ ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾਹ ਡੇਰਾ ਬਾਬਾ ਨਾਨਕ ਤੋਂ, ਸੇਵਾ ਸਿੰਘ ਸੇਖਵਾਂ ਕਾਦੀਆਂ ਤੋਂ, ਬੀਬੀ ਉਪਿੰਦਰਜੀਤ ਕੌਰ ਸੁਲਤਾਨਪੁਰ ਲੋਧੀ ਤੋਂ, ਰਣਜੀਤ ਸਿੰਘ ਬ੍ਰਹਮਪੁਰਾ ਖਡੂਰ ਸਾਹਿਬ, ਸਾਬਕਾ ਮੰਤਰੀ ਬੀਬੀ ਜਗੀਰ ਕੌਰ ਦੇ ਜਵਾਈ ਯੁਵਰਾਜ ਭੁਪਿੰਦਰ ਸਿੰਘ ਭੁਲੱਥ ਤੋਂ, ਵਿਰਸਾ ਸਿੰਘ ਵਲਟੋਹਾ ਖੇਮਕਰਨ ਨੂੰ ਜਿੱਤ ਨਸੀਬ ਨਹੀਂ ਹੋਈ। ਕਾਂਗਰਸ ਦੇ ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ ਦੀ ਲਹਿਰਾਗਾਗਾ ਤੋਂ, ਸੁਨੀਲ ਜਾਖੜ ਦੇ ਅਬੋਹਰ, ਜਗਮੋਹਨ ਸਿੰਘ ਕੰਗ ਦੇ ਖਰੜ ਤੇ ਕੇਵਲ ਢਿੱਲੋਂ ਦੀ ਬਰਨਾਲਾ ਸੀਟ ਤੋਂ ਹਾਰ ਸ਼ਾਮਲ ਹੈ। ਇਸ ਦੇ ਨਾਲ ਹੀ ਰਵਿੰਦਰ ਬਿੱਟੂ ਜਲਾਲਾਬਾਦ ਤੋਂ, ਮਹਿੰਦਰ ਸਿੰਘ ਕੇæਪੀæ ਆਦਮਪੁਰ ਤੋਂ, ਮੁਹੰਮਦ ਸਦੀਕ ਜੈਤੋਂ ਤੋਂ, ਅਜੀਤ ਇੰਦਰ ਸਿੰਘ ਮੋਫਰ ਸਰਦੂਲਗੜ੍ਹ ਤੋਂ, ਕਰਨ ਕੌਰ ਬਰਾੜ ਵੀ ਚੋਣ ਹਾਰਨ ਵਾਲੇ ਵੱਡੇ ਕਾਂਗਰਸ ਆਗੂ ਹਾਰ ਗਏ।