ਉਤਰ ਪ੍ਰਦੇਸ਼ ਵਿਚ ਡੇਢ ਦਹਾਕੇ ਪਿੱਛੋਂ ਭਾਜਪਾ ਦਾ ਬਨਵਾਸ ਖਤਮ

ਨਵੀਂ ਦਿੱਲੀ: ਉਤਰ ਪ੍ਰਦੇਸ਼ ਤੇ ਉਤਰਾਖੰਡ ਵਿਚ ਭਾਜਪਾ ਸ਼ਾਨਦਾਰ ਬਹੁਮਤ ਨਾਲ ਸੱਤਾ ਵਿਚ ਪਰਤ ਆਈ। ਦੂਜੇ ਪਾਸੇ ਕਾਂਗਰਸ ਵੀ ਜਿੱਥੇ ਪੰਜਾਬ ਵਿਚ ਭਾਰੀ ਬਹੁਮਤ ਹਾਸਲ ਕਰਨ ਵਿਚ ਸਫਲ ਰਹੀ, ਉਥੇ ਇਹ ਗੋਆ ਤੇ ਮਨੀਪੁਰ ਵਿਚ ਸਭ ਤੋਂ ਵੱਡੀ ਪਾਰਟੀ ਵਜੋਂ ਉਭਰਨ ਵਿਚ ਸਫਲ ਰਹੀ, ਜਿਥੇ ਕਿਸੇ ਇਕ ਪਾਰਟੀ ਜਾਂ ਗੱਠਜੋੜ ਨੂੰ ਬਹੁਮਤ ਨਹੀਂ ਮਿਲਿਆ।

ਉਤਰਾਖੰਡ ਵਿਚ ਤਾਂ ਭਾਜਪਾ ਤਿੰਨ-ਚੌਥਾਈ ਬਹੁਮਤ ਹਾਸਲ ਕਰਨ ਵਿਚ ਸਫਲ ਰਹੀ। ਉਥੇ ਕਾਂਗਰਸ ਖਿਲਾਫ਼ ਚੱਲੀ ਸੱਤਾ ਵਿਰੋਧੀ ਲਹਿਰ ਵਿਚ ਮੁੱਖ ਮੰਤਰੀ ਹਰੀਸ਼ ਰਾਵਤ ਤੱਕ ਉਡ ਗਏ, ਜਿਨ੍ਹਾਂ ਨੂੰ ਦੋਵੇਂ ਹਲਕਿਆਂ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ। ਸਿਆਸੀ ਪੱਖੋਂ ਦੇਸ਼ ਦੇ ਸਭ ਤੋਂ ਅਹਿਮ ਸੂਬੇ ਯੂæਪੀæ ਵਿਚ ਭਾਜਪਾ ਦੀ 15 ਸਾਲਾਂ ਬਾਅਦ ਸੱਤਾ ਵਿਚ ਵਾਪਸੀ ਹੋਈ ਹੈ। ਜਦੋਂਕਿ ਸੂਬੇ ਦੀ ਹਾਕਮ ਸਪਾ ਤੇ ਕਾਂਗਰਸ ਦੇ ਗੱਠਜੋੜ ਅਤੇ ਮੁੱਖ ਵਿਰੋਧੀ ਬਸਪਾ ਨੂੰ ਵੋਟਰਾਂ ਨੇ ਬੁਰੀ ਤਰ੍ਹਾਂ ਨਕਾਰ ਦਿੱਤਾ।
ਭਾਜਪਾ ਨੇ ਇਸ ਨੂੰ ਸ੍ਰੀ ਮੋਦੀ ਦੀ ਮਕਬੂਲੀਅਤ ਤੇ ਨੋਟਬੰਦੀ ਦੇ ਹੱਕ ਵਿਚ ਫਤਵਾ ਕਰਾਰ ਦਿੱਤਾ ਹੈ। ਦੂਜੇ ਪਾਸੇ ਗੋਆ ਤੇ ਮਨੀਪੁਰ ਵਿਚ ਕਿਸੇ ਪਾਰਟੀ ਨੂੰ ਬਹੁਮਤ ਨਹੀਂ ਮਿਲਿਆ। ਇਨ੍ਹਾਂ ਦੋਵਾਂ ਸੂਬਿਆਂ ਵਿਚ ਕਾਂਗਰਸ ਸਭ ਤੋਂ ਵੱਡੀ ਪਾਰਟੀ ਵਜੋਂ ਉਭਰੀ ਹੈ ਤੇ ਭਾਜਪਾ ਦੂਜੇ ਸਥਾਨ ਉਤੇ ਰਹੀ। ਉਂਜ ਮਨੀਪੁਰ ਵਿਚ ਭਾਜਪਾ ਨੇ ਚੰਗੀ ਕਾਰਗੁਜ਼ਾਰੀ ਦਿਖਾਈ ਹੈ, ਪਰ ਗੋਆ ਵਿਚ ਇਸ ਨੂੰ ਸੱਤਾ ਵਿਰੋਧੀ ਮਾਰ ਝੱਲਣੀ ਪਈ। ਦੂਜੇ ਪਾਸੇ ਗੋਆ ਵਿਚ ਸਰਕਾਰ ਬਣਾਉਣ ਦੇ ਦਾਅਵੇ ਕਰ ਰਹੀ ਆਮ ਆਦਮੀ ਪਾਰਟੀ ਬੁਰੀ ਤਰ੍ਹਾਂ ਨਾਕਾਮ ਰਹੀ।
____________________________________
ਸਮਾਜਵਾਦੀ ਪਾਰਟੀ ਵਿਚ ਉਠੀਆਂ ਬਗਾਵਤੀ ਸੁਰਾਂ
ਲਖਨਊ: ਅਖਿਲੇਸ਼ ਯਾਦਵ ਵੱਲੋਂ ਚੋਣਾਂ ਤੋਂ ਪਹਿਲਾਂ ਕੀਤੇ ਤਜਰਬੇ ਪੁੱਠੇ ਪੈਣ ਤੋਂ ਬਾਅਦ ਸਮਾਜਵਾਦੀ ਪਾਰਟੀ ਵਿਚ ਬਗਾਵਤੀ ਸੁਰਾਂ ਉਠਣੀਆਂ ਸ਼ੁਰੂ ਹੋ ਗਈਆਂ ਹਨ। ਕੁਝ ਆਗੂਆਂ ਨੇ ਮੰਗ ਕੀਤੀ ਕਿ ਪਾਰਟੀ ਸਰਪ੍ਰਸਤ ਮੁਲਾਇਮ ਸਿੰਘ ਯਾਦਵ ਅਧੀਨ ਪੁਰਾਣੀ ਸਫਬੰਦੀ ਬਹਾਲ ਹੋਵੇ। ਸਮਾਜਵਾਦੀ ਪਾਰਟੀ ਨੂੰ ਇਸ ਦਫ਼ਾ ਸਿਰਫ 47 ਸੀਟਾਂ ਮਿਲੀਆਂ, ਜਦੋਂ ਕਿ 2012 ਦੀਆਂ ਚੋਣਾਂ ਵਿੱਚ ਪਾਰਟੀ 224 ਸੀਟਾਂ ਜਿੱਤੀ ਸੀ। ਮੁਲਾਇਮ ਸਿੰਘ ਤੇ ਸ਼ਿਵਪਾਲ ਸਿੰਘ ਦੇ ਨੇੜਲਿਆਂ ਵਿਚੋਂ ਮੰਨੇ ਜਾਂਦੇ ਪਾਰਟੀ ਆਗੂ ਚਾਹੁੰਦੇ ਹਨ ਕਿ ਅਖਿਲੇਸ਼ ਯਾਦਵ ਪਾਰਟੀ ਦੀ ਕਮਾਂਡ ਆਪਣੇ ਪਿਤਾ ਹੱਥ ਦੇਵੇ। ਪਾਰਟੀ ਦੇ ਇਕ ਸੀਨੀਅਰ ਆਗੂ ਨੇ ਨਾਮ ਗੁਪਤ ਰੱਖਣ ਦੀ ਸ਼ਰਤ ਉਤੇ ਕਿਹਾ ਕਿ ਅਖਿਲੇਸ਼ ਨੂੰ ਸਿਰਫ ਚੋਣਾਂ ਤੱਕ ਪਾਰਟੀ ਦੀ ਕਮਾਂਡ ਦਿੱਤੀ ਗਈ ਸੀ। ਹੁਣ ਉਹ ਇਸ ਵਿਚ ਨਾਕਾਮ ਰਹੇ, ਜਿਸ ਕਾਰਨ ਉਨ੍ਹਾਂ ਨੂੰ ਨੇਤਾਜੀ ਨੂੰ ਅਗਵਾਈ ਸੌਂਪ ਦੇਣੀ ਚਾਹੀਦੀ ਹੈ। ਪਾਰਟੀ ਦੇ ਮੋਢੀ ਮੈਂਬਰਾਂ ਵਿਚੋਂ ਇਕ ਅਤੇ ਤਰਜਮਾਨ ਸੀਪੀ ਰਾਏ ਨੇ ਕਿਹਾ ਕਿ ਪਾਰਟੀ ਲਈ ਚੋਣਾਂ ਜਿੱਤਣ ਵਾਲਿਆਂ ਵਿਚੋਂ ਜ਼ਿਆਦਾਤਰ ਉਹ ਆਗੂ ਹਨ, ਜਿਨ੍ਹਾਂ ਨੂੰ ਮੁਲਾਇਮ ਸਿੰਘ ਤੇ ਸ਼ਿਵਪਾਲ ਯਾਦਵ ਨੇ ਟਿਕਟਾਂ ਦਿੱਤੀਆਂ ਸਨ। ਪਾਰਟੀ ਦੇ ਪਾਸੇ ਕੀਤੇ ਆਗੂ ਸ਼ਿਵਪਾਲ ਯਾਦਵ ਨੇ ਰਾਜ ਵਿਚ ਵਾਪਸੀ ਲਈ ਲੜਨ ਦਾ ਅਹਿਦ ਲਿਆ।
__________________________________________
ਮੁਸਲਿਮ ਬਹੁ-ਗਿਣਤੀ ਵਿਚ ਭਾਜਪਾ ਦੀ ਜਿੱਤ ‘ਤੇ ਸਵਾਲ
ਨਵੀਂ ਦਿੱਲੀ: ਬਹੁਜਨ ਸਮਾਜ ਪਾਰਟੀ ਦੀ ਮੁਖੀ ਮਾਇਆਵਤੀ ਨੇ ਉਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ‘ਚ ਗੜਬੜੀ ਦੀ ਗੱਲ ਕਰਦਿਆਂ ਭਾਜਪਾ ਉਤੇ ਵੋਟਿੰਗ ਮਸ਼ੀਨਾਂ ਨਾਲ ਛੇੜਛਾੜ ਕਰਨ ਦਾ ਦੋਸ਼ ਲਾਇਆ ਹੈ। ਉਨ੍ਹਾਂ ਕਿਹਾ ਕਿ ਮੁਸਲਿਮ ਬਹੁ-ਗਿਣਤੀ ਵਾਲੇ ਇਲਾਕਿਆਂ ‘ਚ ਵੀ ਭਾਜਪਾ ਨੂੰ ਵੱਧ ਤੋਂ ਵੱਧ ਵੋਟਾਂ ਮਿਲਣੀਆਂ, ਇਸ ਗੱਲ ਦਾ ਸਿੱਧਾ ਸਬੂਤ ਹੈ ਕਿ ਈæਵੀæਐਮæ ਮਸ਼ੀਨਾਂ ਨਾਲ ਛੇੜਛਾੜ ਕੀਤੀ ਗਈ ਹੈ। ਮਾਇਆਵਤੀ ਨੇ ਕਿਹਾ ਕਿ 403 ਵਿਧਾਨ ਸਭਾ ਹਲਕਿਆਂ ‘ਚ ਉਨ੍ਹਾਂ ਇਕ ਵੀ ਮੁਸਲਿਮ ਉਮੀਦਵਾਰ ਨਹੀਂ ਉਤਾਰਿਆ, ਫਿਰ ਵੀ ਮੁਸਲਿਮ ਇਲਾਕਿਆਂ ਵਿਚ ਭਾਜਪਾ ਦੇ ਉਮੀਦਵਾਰ ਜੇਤੂ ਰਹੇ, ਇਹ ਗੱਲ ਹਜ਼ਮ ਨਹੀਂ ਹੁੰਦੀ।