ਕਿਸਾਨਾਂ ਨੂੰ ਮਹਿੰਗਾ ਪਿਆ ਫਸਲੀ ਵੰਨ-ਸੁਵੰਨਤਾ ਦਾ ਨਾਅਰਾ

ਚੰਡੀਗੜ੍ਹ: ਪੰਜਾਬ ਦੇ ਕਿਸਾਨਾਂ ਦਾ ਕਣਕ-ਝੋਨਾ ਫਸਲੀ ਚੱਕਰ ਤੋੜਨ ਲਈ ਕੇਂਦਰ ਸਰਕਾਰ ਵੱਲੋਂ ਸੂਬਾ ਸਰਕਾਰ ਨਾਲ ਮਿਲ ਕੇ ਫਸਲੀ ਵਿਭਿੰਨਤਾ ਸਕੀਮ ਲਿਆਂਦੀ ਸੀ, ਜਿਸ ਵਿਚ ਲੋੜੀਂਦੇ ਆਰਥਿਕ ਫੰਡਾਂ ਲਈ 60æ40 ਦਾ ਹਿੱਸਾ ਕ੍ਰਮਵਾਰ ਕੇਂਦਰ ਤੇ ਪੰਜਾਬ ਨੇ ਪਾਉਣਾ ਸੀ।

ਕਿਸਾਨਾਂ ਨੇ ਖੇਤੀ ਮਾਹਰਾਂ ਦੀ ਸਲਾਹ ਨਾਲ 8 ਲੱਖ ਹੈਕਟੇਅਰ ਦੇ ਕਰੀਬ ਰਕਬਾ ਸਮੇਤ ਸਬਜ਼ੀਆਂ ਤੇ ਬਾਗਬਾਨੀ ਫਸਲੀ ਵਿਭਿੰਨਤਾ ਹੇਠ ਕਣਕ-ਝੋਨੇ ਨੂੰ ਤੋੜ ਕੇ ਲਿਆਂਦਾ, ਪਰ ਕਿਸਾਨਾਂ ਨੂੰ ਇਹ ਪ੍ਰੋਗਰਾਮ ਕੋਈ ਬਹੁਤਾ ਰਾਸ ਨਹੀਂ ਆਇਆ।
ਖੇਤੀਬਾੜੀ ਵਿਭਾਗ ਸਿਰਫ ਕਾਗਜ਼ਾਂ ਵਿਚ ਹੀ ਹਰ ਸਾਲ ਰਕਬਾ ਵਧਣ ਘਟਣ ਦੇ ਅੰਕੜਿਆਂ ਦਾ ਖੇਡ ਬਣ ਕੇ ਰਹਿ ਗਿਆ ਜਦਕਿ ਕਿਸਾਨਾਂ ਨੂੰ ਇਸ ਸਾਲ ਕਰੋੜਾਂ ਰੁਪਏ ਦਾ ਘਾਟਾ ਪੈਣ ਦਾ ਅਨੁਮਾਨ ਹੈ। ਕਿਸਾਨਾਂ ਨੇ ਫਸਲੀ ਵਿਭਿੰਨਤਾ ਅਪਣਾਉਂਦਿਆਂ ਨਰਮਾ, ਗੰਨਾ, ਸਬਜ਼ੀਆਂ (ਆਲੂ, ਗੋਭੀ, ਮਟਰ, ਖੀਰਾ ਆਦਿ), ਮੱਕੀ ਆਦਿ ਫਸਲਾਂ ਦੀ ਕਾਸ਼ਤ ਕੀਤੀ, ਪਰ ਉਕਤ ਫਸਲਾਂ ਬੀਜਣ ਵਾਲੇ ਕਿਸਾਨਾਂ ਨੇ ਇਸ ਸਾਲ ਵੱਡਾ ਆਰਥਿਕ ਘਾਟਾ ਝੱਲਿਆ। ਫਸਲੀ ਵਿਭਿੰਨਤਾ ਅਪਣਾਉਣ ਵਾਲੇ ਕਿਸਾਨਾਂ ਦਾ ਕਹਿਣਾ ਹੈ ਕਿ ਇਸ ਸਾਲ ਸਬਜ਼ੀਆਂ ‘ਤੇ ਵੱਡੀ ਮਾਰ ਪਈ ਹੈ। ਮੰਡੀਆਂ ਵਿਚ ਆਲੂ, ਮਟਰ, ਗੋਭੀ ਆਦਿ ਦੀ ਵੱਟਤ ਨਾਲ ਲਾਗਤ ਖਰਚਾ ਵੀ ਨਹੀਂ ਮੁੜਿਆ, ਉਪਰੋਂ ਮਹਿੰਗੀ ਲੇਬਰ ਦੇ ਖਰਚੇ ਕੇ ਸਬਜ਼ੀ ਕਾਸ਼ਤਕਾਰਾਂ ਦਾ ਲੱਕ ਤੋੜਿਆ। ਸਰਕਾਰ ਵੱਲੋਂ ਘੱਟੋ-ਘੱਟ ਸਮਰਥਨ ਮੁੱਲ ਨਾ ਤੈਅ ਹੋਣ ਕਾਰਨ ਕਿਸਾਨਾਂ ਦੀ ਮੰਡੀਆਂ ਵਿਚ ਲੁੱਟ ਹੋ ਰਹੀ ਹੈ। ਨਰਮਾ ਉਪਰ ਰਹੱਸਮਈ ਬਿਮਾਰੀਆਂ ਦਾ ਹਮਲਾ ਤੇ ਗੰਨੇ ਦੀ ਸੁਚਾਰੂ ਅਦਾਇਗੀ ਨਾ ਮਿਲਣ ਕਾਰਨ ਕਿਸਾਨਾਂ ਦੇ ਪੱਲੇ ਵੀ ਹਰ ਸਾਲ ਘਾਟਾ ਹੀ ਪੈ ਰਿਹਾ ਹੈ।
ਬਾਸਮਤੀ ਦੀ ਕਾਸ਼ਤ ਵਾਲੇ ਕਿਸਾਨ ਵੀ ਆਪਣੇ ਆਪ ਨੂੰ ਲੁੱਟਿਆ ਮਹਿਸੂਸ ਕਰ ਰਹੇ ਹਨ, ਕਿਉਂਕਿ ਜਿਹੜੀ ਬਾਸਮਤੀ ਕਿਸਾਨਾਂ ਤੋਂ ਔਨੇ ਬੌਨੇ ਭਾਅ ‘ਤੇ ਖ਼ਰੀਦੀ ਸੀ, ਹੁਣ ਉਹ ਬਾਸਮਤੀ ਮਹਿੰਗੇ ਮੁੱਲ ਵੇਚੀ ਜਾ ਰਹੀ ਹੈ। ਇਸ ਆਰਥਿਕ ਮੰਦਵਾੜੇ ਦੇ ਚੱਲਦਿਆਂ ਆਉਣ ਵਾਲੇ ਸਮੇਂ ਵਿਚ ਕਿਸਾਨ ਕਣਕ-ਝੋਨੇ ਥੱਲੇ ਰਕਬਾ ਵਧਾ ਸਕਦੇ ਹਨ। ਪੰਜਾਬ ਦੇ 42 ਲੱਖ ਹੈਕਟੇਅਰ ਦੇ ਕਰੀਬ ਰਕਬੇ ਉਪਰ ਖੇਤੀ ਕੀਤੀ ਜਾਂਦੀ ਹੈ। ਪੰਜਾਬ ਵਿਚ 35 ਲੱਖ ਹੈਕਟੇਅਰ ਕਣਕ ਤੇ 29 ਲੱਖ ਹੈਕਟੇਅਰ ਦੇ ਕਰੀਬ ਝੋਨੇ ਦੀ ਕਾਸ਼ਤ ਹੁੰਦੀ ਹੈ, ਜਿਸ ਕਾਰਨ ਪੰਜਾਬ ਦੇ ਜ਼ਿਆਦਾਤਰ ਜ਼ਿਲ੍ਹਿਆਂ ਦਾ ਧਰਤੀ ਹੇਠਲਾ ਪਾਣੀ ਖਤਰਨਾਕ ਪੱਧਰ (ਜ਼ਿਆਦਾ ਨੀਵਾਂ) ਜਾ ਚੁੱਕਾ ਹੈ, ਕਿਉਂਕਿ ਝੋਨੇ ਵਿਚ ਪਾਣੀ ਦੀ ਖਪਤ ਬੇਸ਼ੁਮਾਰ ਹੁੰਦੀ ਹੈ ਤੇ ਮਿੱਟੀ ਦੀ ਸਿਹਤ ਵੀ ਲਗਾਤਾਰ ਖਰਾਬ ਹੋ ਰਹੀ ਹੈ।
___________________________________________
ਮੀਂਹ ਦੀ ਮਾਰ: ਅੱਠ ਫੀਸਦੀ ਤੱਕ ਫਸਲ ਨੁਕਸਾਨੀ
ਚੰਡੀਗੜ੍ਹ: ਬੇਮੌਸਮਾ ਮੀਂਹ ਕਿਸਾਨਾਂ ਲਈ ਘਾਟੇ ਦਾ ਸੌਦਾ ਬਣ ਗਿਆ ਹੈ। ਤੇਜ਼ ਹਵਾ ਨਾਲ ਹਜ਼ਾਰਾਂ ਏਕੜ ਫਸਲ ਵਿਛ ਗਈ ਹੈ ਅਤੇ ਪਾਣੀ ਭਰਨ ਕਾਰਨ ਫਸਲ ਪੀਲੀ ਪੈਣ ਲੱਗੀ ਹੈ। ਖੇਤਾਂ ਵਿਚ ਖੜ੍ਹੀ ਫਸਲ ਨੂੰ ਚਾਰ ਤੋਂ ਅੱਠ ਫੀਸਦੀ ਨੁਕਸਾਨ ਪੁੱਜਾ ਹੈ। ਹੋਰ ਮੀਂਹ ਪੈਣ ਨਾਲ ਨੁਕਸਾਨ ਵਧਣ ਦਾ ਖਦਸ਼ਾ ਹੈ। ਖੇਤੀਬਾੜੀ ਵਿਭਾਗ ਕੋਲ ਵੱਖ-ਵੱਖ ਜ਼ਿਲ੍ਹਿਆਂ ਤੋਂ ਪੁੱਜੀਆਂ ਰਿਪੋਰਟਾਂ ਅਨੁਸਾਰ ਲੁਧਿਆਣਾ, ਬਰਨਾਲਾ, ਰੋਪੜ, ਨਵਾਂ ਸ਼ਹਿਰ ਤੇ ਜਲੰਧਰ ਵਿਚ ਗੜ੍ਹਿਆਂ ਨਾਲ ਵਧੇਰੇ ਨੁਕਸਾਨ ਹੋਇਆ ਹੈ। ਬਰਨਾਲਾ ਜ਼ਿਲ੍ਹੇ ਦੇ ਬਲਾਕ ਸ਼ਹਿਣਾ ਦੇ ਪਿੰਡ ਭੋਤਨਾ ਅਤੇ ਬਲਾਕ ਮਹਿਲ ਕਲਾਂ ਦੇ ਪੰਜ ਪਿੰਡਾਂ ਦੀ ਤਿੰਨ ਹਜ਼ਾਰ ਏਕੜ ਫਸਲ ਗੜ੍ਹਿਆਂ ਨੇ ਕੁੱਟ ਦਿੱਤੀ ਹੈ। ਦੂਜੇ ਜ਼ਿਲ੍ਹਿਆਂ ਵਿਚ ਹਜ਼ਾਰਾਂ ਏਕੜ ਨੀਵੇਂ ਖੇਤਾਂ ਵਿਚ ਪਾਣੀ ਭਰ ਗਿਆ ਹੈ।