ਦਰਬਾਰ ਸਾਹਿਬ ਲਈ ਪੌਡ ਪ੍ਰਣਾਲੀ ਅਗਲੇ ਸਾਲ ਤੋਂ

ਅੰਮ੍ਰਿਤਸਰ (ਪੰਜਾਬ ਟਾਈਮਜ਼ ਬਿਊਰੋ): ਦੇਸ਼-ਵਿਦੇਸ਼ ਤੋਂ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਲਈ ਆਉਂਦੇ ਸ਼ਰਧਾਲੂਆਂ ਦੀ ਸਹੂਲਤ ਲਈ ਤੇ ਆਵਾਜਾਈ ਨੂੰ ਸੁਖਾਲਾ ਬਣਾਉਣ ਲਈ ਪੰਜਾਬ ਸਰਕਾਰ ਦੀ ਪ੍ਰਸਤਾਵਿਤ ਯੋਜਨਾ ਪੀਆਰਟੀਐਸ ਪੌਡ ਪ੍ਰਣਾਲੀ (ਪਸੈਂਜਰ ਰੈਪਿਡ ਟਰਾਂਸਪੋਰਟ ਸਿਸਟਮ) ਲਈ ਉਸਾਰੀ ਕਾਰਜ ਇਸ ਵਰ੍ਹੇ ਜੂਨ ਮਹੀਨੇ ਵਿਚ ਸ਼ੁਰੂ ਹੋਣ ਦੀ ਉਮੀਦ ਹੈ। 
ਇਸ ਯੋਜਨਾ ਦਾ ਨੀਂਹ ਪੱਥਰ 2011 ਦੇ ਅਖੀਰ ਵਿਚ ਰੱਖਿਆ ਗਿਆ ਸੀ ਪਰ ਹਾਲ ਬਾਜ਼ਾਰ ਦੇ ਵਪਾਰੀਆਂ ਤੇ ਲੋਕਾਂ ਦੇ ਇਤਰਾਜ਼ਾਂ ਕਾਰਨ ਇਹ ਯੋਜਨਾ ਸਿਰੇ ਨਹੀਂ ਚੜ੍ਹੀ। ਹੁਣ ਸਰਕਾਰ ਵੱਲੋਂ ਇਸ ਦਾ ਰਾਹ ਹਾਲ ਬਾਜ਼ਾਰ ਦੀ ਥਾਂ ਰਾਮ ਬਾਗ ਰਸਤੇ ਬਦਲ ਦਿੱਤਾ ਗਿਆ ਹੈ। ਇਸ ਬਾਰੇ ਗੱਲ ਕਰਦਿਆਂ ਪੰਜਾਬ ਮੁੱਢਲਾ ਢਾਂਚਾ ਰੈਗੂਲੇਟਰੀ ਅਥਾਰਟੀ ਦੀ ਚੇਅਰਪਰਸਨ ਤਲਵਿੰਦਰ ਕੌਰ ਨੇ ਦੱਸਿਆ ਕਿ ਦੋਵਾਂ ਬਾਜ਼ਾਰਾਂ ਦੇ ਕੁਝ ਦੁਕਾਨਦਾਰਾਂ ਨੇ ਇਸ ਮਾਮਲੇ ਵਿਚ ਆਪਣੇ ਇਤਰਾਜ਼ ਦੱਸੇ ਹਨ। ਲੋਕਾਂ ਨੂੰ ਡਰ ਹੈ ਕਿ ਪੋਡ ਪ੍ਰਣਾਲੀ ਲਈ ਬਣਾਏ ਜਾਣ ਵਾਲੇ ਥੰਮ੍ਹਾਂ ਦੇ ਕਾਰਨ ਉਨ੍ਹਾਂ ਦਾ ਵਪਾਰ ਪ੍ਰਭਾਵਿਤ ਹੋਵੇਗਾ, 30 ਤੋਂ 40 ਫੁੱਟ ਦੀ ਉਚਾਈ ‘ਤੇ ਚੱਲਣ ਵਾਲੇ ਪੋਡਾਂ ਦੇ ਕਾਰਨ ਲੋਕਾਂ ਦੇ ਘਰਾਂ ਦੀ ਨਿੱਜਤਾ ਪ੍ਰਭਾਵਿਤ ਹੋਵੇਗੀ ਤੇ ਇਸ ਲਈ ਵਰਤੀਆਂ ਜਾਣ ਵਾਲੀਆਂ ਹਾਈ ਵੋਲਟੇਜ਼ ਤਾਰਾਂ ਦੇ ਕਾਰਨ ਖਾਸ ਕਰਕੇ ਬੱਚਿਆਂ ਦੀ ਸੁਰੱਖਿਆ ਨੂੰ ਖ਼ਤਰਾ ਹੈ।
ਉਨ੍ਹਾਂ ਦੱਸਿਆ ਕਿ ਇਤਰਾਜ਼ ਪ੍ਰਗਟਾਉਣ ਵਾਲਿਆਂ ਨੂੰ ਦੱਸਿਆ ਗਿਆ ਹੈ ਕਿ ਪੋਡ ਪ੍ਰਣਾਲੀ ਲਈ ਬਣਾਏ ਜਾਣ ਵਾਲੇ ਥੰਮ੍ਹ ਸਟੀਲ ਦੇ ਹੋਣਗੇ। ਇਸ ਲਈ ਵਧੇਰੇ ਪੁੱਟ ਪੁਟਾਈ ਦੀ ਲੋੜ ਨਹੀਂ ਹੋਵੇਗੀ। ਇਸ ਲਈ ਦੁਕਾਨਦਾਰਾਂ ਦਾ ਵਪਾਰ ਪ੍ਰਭਾਵਿਤ ਨਹੀਂ ਹੋਵੇਗਾ।
ਇਸੇ ਤਰ੍ਹਾਂ ਦੁਕਾਨਾਂ ਦੇ ਉਪਰ ਬਣੇ ਘਰਾਂ ਵਿਚ ਰਹਿੰਦੇ ਲੋਕਾਂ ਦੀ ਨਿੱਜਤਾ ‘ਤੇ ਵੀ ਕੋਈ ਅਸਰ ਨਹੀਂ ਹੋਵੇਗਾ। ਇਸ ਵਾਸਤੇ ਹਾਈ ਵੋਲਟੇਜ ਤਾਰਾਂ ਦੀ ਵਰਤੋਂ ਨਹੀਂ ਕੀਤੀ ਜਾ ਰਹੀ, ਇਸ ਲਈ ਬੱਚਿਆਂ ਦੀ ਸੁਰੱਖਿਆ ਨੂੰ ਵੀ ਕੋਈ ਖ਼ਤਰਾ ਨਹੀਂ ਹੈ।
ਉਨ੍ਹਾਂ ਦੱਸਿਆ ਕਿ ਲੋਕਾਂ ਦੇ ਇਤਰਾਜ਼ਾਂ ਦੀ ਬਾਬਤ ਇੱਕ ਮੁਕੰਮਲ ਰਿਪੋਰਟ ਅਗਲੇ 30 ਦਿਨਾਂ ਵਿਚ ਸਰਕਾਰ ਨੂੰ ਸੌਂਪ ਦਿੱਤੀ ਜਾਵੇਗੀ ਜਿਸ ਤੋਂ ਬਾਅਦ ਸਰਕਾਰ ਵੱਲੋਂ ਇਸ ਯੋਜਨਾ ਦੀ ਸ਼ੁਰੂਆਤ ਲਈ ਅਗਲਾ ਫੈਸਲਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੇ ਸਭ ਕੁਝ ਠੀਕ ਰਹਿੰਦਾ ਹੈ ਤਾਂ ਪੀਆਰਟੀਐਸ ਪੋਡ ਪ੍ਰਣਾਲੀ ਲਈ ਲੋੜੀਂਦਾ ਉਸਾਰੀ ਕਾਰਜ ਇਸ ਵਰ੍ਹੇ ਜੂਨ ਮਹੀਨੇ ਵਿਚ ਸ਼ੁਰੂ ਹੋ ਜਾਵੇਗਾ ਤੇ ਅਗਲੇ 30 ਮਹੀਨਿਆਂ ਵਿਚ ਉਸਾਰੀ ਦਾ ਕਾਰਜ ਮੁਕੰਮਲ ਹੋ ਜਾਵੇਗਾ।ਅਨੁਮਾਨ ਅਨੁਸਾਰ ਇਹ ਯੋਜਨਾ ਦਸੰਬਰ 2015 ਜਾਂ 2016 ਦੇ ਸ਼ੁਰੂ ਵਿਚ ਸ਼ੁਰੂ ਹੋ ਜਾਵੇਗੀ।

Be the first to comment

Leave a Reply

Your email address will not be published.