ਸੁਰਿੰਦਰ ਸਿੰਘ ਭਾਟੀਆ
ਫੋਨ: 224-829-1437
“ਮੈਂ ਸਾਫ ਸੁਥਰੀ ਗਾਇਕੀ ਦਾ ਹਾਮੀ ਹਾਂ। ਲਚਰਤਾ ਤੋਂ ਦੂਰ, ਨਵੀਂ ਸੇਧ ਦੇਣ ਵਾਲੇ ਮਿਆਰੀ ਗੀਤ ਗਾਉਣੇ ਹੀ ਚੰਗੇ ਲਗਦੇ ਹਨ।” ਇਹ ਵਿਚਾਰ ਸ਼ਿਕਾਗੋ ਵਸਦੇ ਲੋਕ ਗਾਇਕ ਤਾਰਾ ਮੁਲਤਾਨੀ ਨੇ ਇਕ ਮੁਲਾਕਾਤ ਦੌਰਾਨ ਸਾਂਝੇ ਕੀਤੇ। ਇਥੇ ਦੱਸਣਯੋਗ ਹੈ ਕਿ ਤਾਰਾ ਮੁਲਤਾਨੀ ਨੇ ਮਿਡਵੈਸਟ (ਅਮਰੀਕਾ) ਦੇ ਕਰੀਬ ਸਾਰੇ ਸੱਭਿਆਚਾਰਕ ਮੇਲਿਆਂ ਵਿਚ ਹਾਜ਼ਰੀ ਭਰ ਕੇ ਆਪਣੀ ਗਾਇਕੀ ਦਾ ਲੋਹਾ ਮੰਨਵਾਇਆ ਹੈ।
ਪ੍ਰਤਿਭਾਸ਼ਾਲੀ ਗਾਇਕ ਤਾਰਾ ਆਪਣੀ ਸੁਰੀਲੀ ਤੇ ਬੁਲੰਦ ਆਵਾਜ਼ ਨਾਲ ਦਰਸ਼ਕਾਂ ਦੇ ਦਿਲਾਂ ‘ਤੇ ਗਹਿਰੀ ਛਾਪ ਛੱਡ ਜਾਂਦਾ ਹੈ। ਉਹ ਵਧੀਆ ਗਾਇਕ ਦੇ ਨਾਲ ਨਾਲ ਇਕ ਵਧੀਆ ਇਨਸਾਨ ਵੀ ਹੈ ਤੇ ਆਪਣੇ ਮਿਲਾਪੜੇ ਸੁਭਾਅ ਨਾਲ ਸਾਰਿਆਂ ਦਾ ਮਨ ਮੋਹ ਲੈਂਦਾ ਹੈ।
ਤਾਰੇ ਮੁਲਤਾਨੀ ਦਾ ਜਨਮ ਜਿਲਾ ਕਪੂਰਥਲਾ ਦੇ ਪਿੰਡ ਹਬੀਬਵਾਲ ਵਿਚ ਪਿਤਾ ਮੁਖਤਿਆਰ ਸਿੰਘ ਦੇ ਘਰ ਮਾਤਾ ਨਰਿੰਦਰ ਕੌਰ ਦੀ ਕੁੱਖੋਂ 1982 ਵਿਚ ਹੋਇਆ। ਉਸ ਨੇ ਆਪਣੀ ਪੜ੍ਹਾਈ ਗੌਰਮਿੰਟ ਇੰਸਟੀਚਿਊਟ ਇਬਰਾਮਵਲ ਤੋਂ ਕੀਤੀ। ਗਾਉਣ ਦੀ ਚੇਟਕ ਉਸ ਨੂੰ ਸਕੂਲ ਸਮੇਂ ਤੋਂ ਹੀ ਲੱਗ ਗਈ ਸੀ ਅਤੇ ਪੜ੍ਹਾਈ ਦੌਰਾਨ ਛੋਟੀ ਉਮਰੇ ਹੀ ਸੱਭਿਆਚਾਰਕ ਤੇ ਸਮਾਜਕ ਸਮਾਗਮਾਂ ਵਿਚ ਗਾਇਕੀ ਰਾਹੀਂ ਚੰਗਾ ਜਸ ਖਟਿਆ। ਸਕੂਲ-ਕਾਲਜ ਦੇ ਸਮਾਗਮਾਂ ਤੇ ਹੋਰ ਜਿਲਾ ਪੱਧਰੀ ਸਮਾਗਮਾਂ ਵਿਚ ਆਪਣੀ ਸੁਰੀਲੀ ਗਾਇਕੀ ਸਦਕਾ ਕਈ ਇਨਾਮ ਹਾਸਿਲ ਕੀਤੇ।
ਕੀ ਗਾਇਕੀ ਵਿਚ ਤੁਹਾਡਾ ਸ਼ੁਰੂ ਤੋਂ ਹੀ ਰੁਝਾਨ ਸੀ? ਇਹ ਪੁਛੇ ਜਾਣ ‘ਤੇ ਤਾਰਾ ਮੁਲਤਾਨੀ ਨੇ ਗਾਇਕੀ ਦੇ ਆਪਣੇ ਸਫਰ ਬਾਰੇ ਦਸਿਆ ਕਿ ਸਕੂਲ ਵਿਚ ਨੌਂਵੀਂ ਜਮਾਤ ਵਿਚ ਪੜ੍ਹਦਿਆਂ ਵਿਹਲੇ ਸਮੇਂ ਦੋਸਤ-ਮਿੱਤਰ ਇੱਕਠੇ ਹੁੰਦੇ ਤਾਂ ਮੈਂ ਲਾਲ ਚੰਦ ਯਮਲਾ ਜੱਟ ਦਾ ਗੀਤ ‘ਤੇਰੇ ਨੀ ਕਰਾਰਾਂ ਮੈਨੂੰ ਪੱਟਿਆ’ ਗਾਉਂਦਾ ਤੇ ਭਰਵੀਂ ਦਾਦ ਮਿਲਦੀ। ਸਕੂਲ ਦੇ ਸਮਾਗਮਾਂ ਵਿਚ ਜ਼ਿਆਦਾਤਰ ਯਮਲਾ ਜੱਟ ਤੇ ਗੁਰਦਾਸ ਮਾਨ ਦੇ ਗੀਤ ਗਾਉਂਦਾ। ਮੈਂ ਗੁਰਦਾਸ ਮਾਨ ਦੇ ਗੀਤਾਂ ਤੋਂ ਬਹੁਤ ਪ੍ਰਭਾਵਿਤ ਸੀ ਤੇ ਅਜੇ ਵੀ ਹਾਂ। ਪੜ੍ਹਾਈ ਦੇ ਨਾਲ ਨਾਲ ਗਾਇਕੀ ਵੀ ਚਲਦੀ ਰਹੀ।
ਤਾਰੇ ਨੇ ਦੱਸਿਆ ਕਿ ਇਕ ਵਾਰੀ ਸਕੂਲ ਦੇ 26 ਜਨਵਰੀ ਦੇ ਪ੍ਰੋਗਰਾਮ ਵਿਚ ਉਸ ਨੇ ਯਮਲੇ ਜੱਟ ਦੇ ਕਈ ਗੀਤ ਪੇਸ਼ ਕੀਤੇ। ਆਵਾਜ਼ ਸੁਣ ਕੇ ਸਕੂਲ ਦੇ ਪ੍ਰਿੰਸੀਪਲ ਮਲਕੀਅਤ ਸਿੰਘ ਬਹੁਤ ਪ੍ਰਭਾਵਿਤ ਹੋਏ। ਉਨ੍ਹਾਂ ਦੀ ਹੌਸਲਾ ਅਫਜ਼ਾਈ ਨਾਲ ਸਕੂਲਾਂ-ਕਾਲਜਾਂ ਤੇ ਹੋਰ ਜਿਲਾ ਪੱਧਰੀ ਸਮਾਗਮਾਂ ਵਿਚ ਹਿੱਸਾ ਲਿਆ ਤੇ ਤਰਕੀਬਨ ਸਾਰੇ ਹੀ ਪ੍ਰੋਗਰਾਮਾਂ ਵਿਚ ਪਹਿਲੇ ਨੰਬਰ ‘ਤੇ ਰਿਹਾ। ਉਦੋਂ ਬਹੁਤਾ ਯਮਲੇ ਜੱਟ ਤੇ ਗੁਰਦਾਸ ਮਾਨ ਦੇ ਗੀਤ ਹੀ ਗਾਉਂਦਾ।
ਗਾਇਕੀ ਦੇ ਸਫਰ ਦੀ ਗੱਲ ਨੂੰ ਅਗੇ ਤੋਰਦਿਆਂ ਤਾਰੇ ਨੇ ਦੱਸਿਆ ਕਿ ਉਨ੍ਹਾਂ ਦੇ ਗੁਆਂਢ ਇਕ ਢੋਲਕ ਮਾਸਟਰ ਵਜਿੰਦਰ ਸਿੰਘ ਮੱਟੀ ਤੇ ਕੀ-ਬੋਰਡ ਮਾਸਟਰ ਮਦਨ ਕੰਡਿਆਲੀ ਅਕਸਰ ਸਥਾਨਕ ਗਾਇਕਾਂ ਨਾਲ ਅਭਿਆਸ ਕਰਦੇ। ਜਦੋਂ ਉਨ੍ਹਾਂ ਦੇ ਰਿਆਜ਼ ਦੀ ਆਵਾਜ਼ ਕੰਨੀ ਪੈਂਦੀ ਤਾਂ ਮਨ ਵਿਚ ਸੰਗੀਤਕ ਤਰੰਗਾਂ ਉਠਣ ਲਗਦੀਆਂ, ਗੀਤ ਦੇ ਬੋਲ ਬੁੱਲਾਂ ‘ਤੇ ਥਿਰਕਣ ਲੱਗਦੇ, ਕਦਮ ਆਪ ਮੁਹਾਰੇ ਉਸ ਚੁਬਾਰੇ ਵਲ ਵੱਧ ਜਾਂਦੇ ਤੇ ਸ਼ੁਰੂ ਹੋ ਜਾਂਦੀ ਮੈਰਾਥਨ ਦੌੜ ਵਰਗੀ ਲੰਬੀ ਸੰਗੀਤਕ ਮਹਿਫਿਲ। ਸਮਾਂ ਕਦੋਂ ਸਵੇਰ ਤੋਂ ਸ਼ਾਮ ਵਿਚ ਬਦਲ ਜਾਂਦਾ, ਪਤਾ ਹੀ ਨਾ ਲਗਦਾ। ਉਦੋਂ ਸੰਗੀਤ ਦਾ ਸਿਰ ‘ਤੇ ਇੰਨਾ ਜਨੂੰਨ ਸਵਾਰ ਸੀ ਕਿ ਇਨ੍ਹਾਂ ਸਾਥੀਆਂ ਨਾਲ ਮਿਲ ਕੇ ਇਕ ਮਿਊਜ਼ਿਕ ਗਰੁਪ ਬਣਾ ਲਿਆ ਤੇ ਸੱਭਿਆਚਾਰਕ ਪ੍ਰੋਗਰਾਮ ਦੇਣੇ ਅਰੰਭ ਦਿਤੇ। ਇਥੇ ਹੀ ਅਧਿਆਪਕ ਰਾਜਿੰਦਰ ਜੀ ਕੋਲੋਂ ਸੰਗੀਤ ਦੀਆਂ ਬਾਰੀਕੀਆਂ ਸਿੱਖੀਆਂ।
ਗਾਇਕੀ ਦੇ ਅਗਲੇ ਮੁਕਾਮæææ! ਦੇ ਜਵਾਬ ਵਿਚ ਤਾਰੇ ਨੇ ਭਾਵੁਕ ਹੁੰਦਿਆਂ ਦੱਸਿਆ, “ਜ਼ਿੰਦਗੀ ਵਿਚ ਸਾਰਾ ਸਮਾਂ ਇਕੋ ਜਿਹਾ ਨਹੀਂ ਹੁੰਦਾ। 2005-2006 ਵਿਚ ਪਿਤਾ ਜੀ ਬਿਮਾਰ ਹੋ ਗਏ। ਉਨ੍ਹਾਂ ਨੂੰ ਅਧਰੰਗ ਹੋ ਗਿਆ ਤੇ ਕੁਝ ਸਮੇਂ ਬਾਅਦ ਮਾਤਾ ਜੀ ਵੀ ਗੰਭੀਰ ਬਿਮਾਰ ਹੋ ਗਏ। ਮਾਤਾ-ਪਿਤਾ ਪ੍ਰਤੀ ਆਪਣਾ ਫਰਜ਼ ਸਮਝਦਿਆਂ ਉਨ੍ਹਾਂ ਦੀ ਸੇਵਾ ਵਿਚ ਜੁਟ ਗਿਆ। ਸੰਗੀਤ ਪਿਛੇ ਰਹਿ ਗਿਆ।” ਮਾਂ-ਪਿਓ ਨੂੰ ਯਾਦ ਕਰਦਿਆਂ ਅੱਖਾਂ ਵਿਚ ਆਏ ਹੰਝੂ ਪੂੰਝਦਿਆਂ ਤਾਰੇ ਨੇ ਦਸਿਆ, “ਬਿਮਾਰ ਮਾਤਾ-ਪਿਤਾ ਦੋਵੇਂ ਚਲਾਣਾ ਕਰ ਗਏ। ਘਰ ਦੇ ਹਾਲਾਤ ਠੀਕ ਨਾ ਹੋਣ ਕਰਕੇ ਗਾਇਕੀ ਨੂੰ ਇਕ ਪੇਸ਼ੇ ਵਜੋਂ ਨਾ ਅਪਨਾ ਸਕਿਆ। ਭਰੇ ਮਨ ਨਾਲ ਕੁਝ ਸਮੇਂ ਲਈ ਗਾਇਕੀ ਨੂੰ ਅਲਵਿਦਾ ਕਹਿਣਾ ਪਿਆ।”
ਆਪਣੀ ਗੱਲ ਜਾਰੀ ਰਖਦਿਆਂ ਤਾਰੇ ਨੇ ਦੱਸਿਆ ਕਿ 2009 ਵਿਚ ਉਹ ਅਮਰੀਕਾ ਆ ਗਿਆ ਅਤੇ ਸ਼ਿਕਾਗੋ ਸੈਟ ਹੋ ਗਿਆ। ਕੁਝ ਸਮਾਂ ਤਾਂ ਪੈਰ ਜਮਾਉਣ ਵਿਚ ਲੰਘ ਗਿਆ। ਅਸਲ ਵਿਚ ਵਿਦੇਸ਼ ਆ ਕੇ ਵੀ ਗਾਇਕੀ ਪ੍ਰਤੀ ਉਸ ਦੀ ਰੁਚੀ ਘਟੀ ਨਹੀਂ। ਸੰਗੀਤ ਪ੍ਰਤੀ ਜਨੂੰਨ ਨੇ ਫਿਰ ਸਿਰ ਚੁਕ ਲਿਆ। ਜਦ ਕਦੇ ਵੀ ਸੰਗੀਤ ਦੀਆਂ ਧੁਨਾਂ, ਗੀਤਾਂ ਦੀ ਲੈਅ ਸੁਣਦਾ ਤਾਂ ਮਨ ਮਚਲਣ ਲਗਦਾ, ਦਿਲ ‘ਚ ਤਰੰਗਾਂ ਉਠਦੀਆਂ ਤੇ ਅੰਦਰ ਦਾ ਗਾਇਕ ਹੁਨਰ ਅੰਗੜਾਈ ਲੈਣ ਲਗਦਾ।
ਉਸ ਦੱਸਿਆ ਕਿ ਸ਼ਿਕਾਗੋ ਦੇ ਨਜ਼ਦੀਕ ਇੰਡੀਅਨਐਪੋਲਿਸ ਵਿਚ ਹੋਏ ਇਕ ਕਬੱਡੀ ਮੇਲੇ ‘ਤੇ ਕੁਝ ਗੀਤ ਪੇਸ਼ ਕੀਤੇ। ਦਰਸ਼ਕਾਂ ਤੋਂ ਚੰਗੀ ਵਾਹ ਵਾਹ ਮਿਲੀ। ਯਾਰਾਂ-ਬੇਲੀਆਂ ਨੇ ਹੱਲਾਸ਼ੇਰੀ ਦਿੱਤੀ। ਇਸ ਹੌਸਲਾ ਅਫਜ਼ਾਈ ਨਾਲ ਆਤਮ ਵਿਸ਼ਵਾਸ਼ ਵਧਿਆ। ਮਿਡਵੈਸਟ ਦੇ ਕਬੱਡੀ ਮੇਲਿਆਂ-ਪੰਜਾਬੀ ਕਲਰਲ ਸੁਸਾਇਟੀ ਸ਼ਿਕਾਗੋ ਦੇ ‘ਰੰਗਲਾ ਪੰਜਾਬ’ ਤੇ ਪੰਜਾਬੀ ਹੈਰੀਟੇਜ ਆਰਗੇਨਾਈਜੇਸ਼ਨ (ਪੀ ਐਚ ਓ) ਦੇ ਪ੍ਰੋਗਰਾਮਾਂ ਤੋਂ ਇਲਾਵਾ ‘ਐਫ ਆਈ ਏ’ ਦੇ ਸਮਾਗਮਾਂ ਵਿਚ ਗਾਉਣ ਦਾ ਮੌਕਾ ਮਿਲਿਆ। ਤਾਰੇ ਨੇ ਦੱਸਿਆ ਕਿ ਹੁਣ ਗਾਇਕੀ ਨੂੰ ਹੋਰ ਨਿਖਾਰਨ ਲਈ ਉਹ ਸ਼ਿੱਦਤ ਨਾਲ ਰਿਆਜ਼ ਵਲ ਧਿਆਨ ਦੇ ਰਿਹਾ ਹੈ।
ਢੁਕਵੀਂ ਕੁਮੈਂਟਰੀ ਤੇ ਸ਼ੇਅਰੋ-ਸ਼ਾਇਰੀ ਨਾਲ ਦਰਸ਼ਕਾਂ ਦਾ ਮਨੋਰੰਜਨ ਤਾਂ ਕਰਦੇ ਹੀ ਹੋ, ਲਿਖਣ ਦਾ ਵੀ ਸ਼ੌਕ ਹੈ? ਇਸ ਸਵਾਲ ਦੇ ਜਵਾਬ ਵਿਚ ਤਾਰੇ ਨੇ ਕਿਹਾ, “ਮੈਂ ਖੁਦ ਵੀ ਲਿਖ ਲੈਂਦਾ ਹਾਂ ਤੇ ਕੁਝ ਸ਼ੇਅਰ ਮੇਰਾ ਜਰਮਨੀ ਰਹਿੰਦਾ ਦੋਸਤ ‘ਸ਼ਾਇਰ ਨਿਉਮਤੀ’ ਮੈਨੂੰ ਭੇਜ ਦਿੰਦਾ ਹੈ। ਮੈਂ ਮੌਕੇ ਮੁਤਾਬਕ ਵਰਤ ਲੈਂਦਾ ਹਾਂ। ਇਸ ਨਾਲ ਸਰੋਤਿਆਂ ਅਤੇ ਮੇਰੇ ਦਰਮਿਆਨ ਰਾਬਤਾ ਤੇ ਸਾਂਝ ਹੋਰ ਸ਼ਿੱਦਤ ਭਰੇ ਹੋ ਜਾਂਦੇ ਹਨ, ਤੇ ਦਰਸ਼ਕਾਂ ਦਾ ਮਨੋਰੰਜਨ ਵੀ ਹੋ ਜਾਂਦਾ ਹੈ।”
ਤਾਰੇ ਨੇ ਹੋਰ ਦੱਸਿਆ, “ਅਕਸਰ ਮੇਰੇ ਪ੍ਰਸੰæਸਕ ਕਹਿੰਦੇ ਹਨ ਕਿ ਉਸ ਦੀ ਆਵਾਜ਼ ਕਮਲ ਹੀਰ ਨਾਲ ਮਿਲਦੀ ਹੈ ਤੇ ਸਟੇਜ ‘ਤੇ ਪੇਸ਼ਕਾਰੀ ਨਛੱਤਰ ਗਿੱਲ ਵਰਗੀ ਹੈ। ਇਹ ਕੁਮੈਂਟ ਸੁਣ ਕੇ ਚੰਗਾ ਤਾਂ ਲਗਦਾ ਹੈ ਪਰ ਮੈਂ ਆਪਣੀ ਵੱਖਰੀ ਪਛਾਣ ਬਣਾਉਣੀ ਚਾਹੁੰਦਾ ਹਾਂ, ਜੋ ਸਿਰਫ ਤਾਰਾ ਮੁਲਤਾਨੀ ਦੇ ਨਾਂ ਨਾਲ ਜਾਣੀ ਜਾਏ। ਇਸ ਲਈ ਵੀ ਮੈਂ ਸ਼ੇਅਰੋ-ਸ਼ਾਇਰੀ ਦਾ ਆਪਣਾ ਇਕ ਵੱਖਰਾ ਅੰਦਾਜ਼ ਅਪਨਾਇਆ ਹੈ।”
ਐਲਬਮ ਤੇ ਕੈਸੇਟ ਰਿਕਾਡਿੰਗ ਬਾਰੇ ਪੁਛੇ ਜਾਣ ‘ਤੇ ਤਾਰੇ ਨੇ ਕਿਹਾ ਕਿ ਮੇਰੀ ਨਵੀਂ ਐਲਬਮ ਤਿਆਰ ਹੋ ਰਹੀ ਹੈ। ਸੰਗੀਤਕਾਰ ਰਾਜ ਅਜਨਾਲਵੀ ਦੇ ਸੰਗੀਤ ਨਾਲ ਚਾਰ ਗਾਣੇ ਰਿਕਾਰਡ ਹੋ ਚੁਕੇ ਹਨ। ਮਾਰਕੀਟ ਵਿਚ ਜਲਦ ਆ ਰਹੀ ਇਸ ਕੈਸੇਟ ਤੋਂ ਮੈਨੂੰ ਬਹੁਤ ਉਮੀਦਾਂ ਹਨ। ਇਸ ਤੋਂ ਇਲਾਵਾ ‘ਜਲਵੇ ਜੱਗੀ ਦੇ’ ਵਾਲਾ ਜਗਤਾਰ ਜੱਗੀ ਵੀ ਮੇਰੀ ਗਾਇਕੀ ਤੋਂ ਪ੍ਰਭਾਵਿਤ ਹੈ। ਉਸ ਨਾਲ ਗੱਲਬਾਤ ਚਲ ਰਹੀ ਹੈ। ਹੋ ਸਕਦਾ ਹੈ, ਭਵਿਖ ਵਿਚ ਉਨ੍ਹਾਂ ਨਾਲ ਮਿਲ ਕੇ ਵਡੇ ਪੱਧਰ ‘ਤੇ ਕੋਈ ਪ੍ਰੋਗਰਾਮ ਉਲੀਕਿਆ ਜਾਵੇ।
ਗੀਤਾਂ ਦੀ ਚੋਣ ਕਿਵੇਂ ਕਰਦੇ ਹੋ? ਦੇ ਜੁਆਬ ਵਿਚ ਤਾਰੇ ਨੇ ਦੱਸਿਆ ਕਿ ਉਸ ਦੇ ਸੰਪਰਕ ਵਿਚ 10-12 ਗੀਤਕਾਰ ਹਨ, ਜੋ ਸਮੇਂ ਸਮੇਂ ਗੀਤ ਭੇਜਦੇ ਰਹਿੰਦੇ ਹਨ ਪਰ ਮੈਂ ਸਿਰਫ ਸਾਫ ਸੁਥਰੀ ਗਾਇਕੀ ਦਾ ਧਾਰਨੀ ਹਾਂ। ਉਹ ਗੀਤ ਹੀ ਚੁਣਦਾ ਹਾਂ, ਜੋ ਸਰੋਤੇ ਪਰਿਵਾਰ ਵਿਚ ਬੈਠ ਕੇ ਸੁਣ ਸਕਣ। ਫੋਹਸ਼ ਗਾਇਕੀ ਤੇ ਗੀਤਕਾਰੀ ਨਾਲ ਕੋਈ ਸਮਝੌਤਾ ਨਹੀਂ ਕਰਨਾ।
ਯਾਦਗਾਰੀ ਪਲਾਂ ਬਾਰੇ ਪੁਛੇ ਜਾਣ ‘ਤੇ ਉਸ ਦੱਸਿਆ, ਮਿਨੀਸੋਟਾ ਵਿਚ ਹੋਏ ਕਬੱਡੀ ਮੇਲੇ ਵਿਚ ਸਰਬਜੀਤ ਚੀਮਾ ਤੇ ਸ਼ਿਕਾਗੋ ਵਿਚ ਬਲਜੀਤ ਮਾਲਵਾ ਨਾਲ ਮੰਚ ਸਾਂਝਾ ਕਰਨਾ, ਬਹੁਤ ਵਧੀਆ ਲੱਗਾ। ਇਨ੍ਹਾਂ ਗਾਇਕਾਂ ਦੇ ਮੂੰਹੋਂ ਤਾਰੀਫ ਦੇ ਸ਼ਬਦ ਸੁਣ ਕੇ ਬੜਾ ਹੌਸਲਾ ਵਧਿਆ। ਇਸ ਤੋਂ ਇਲਾਵਾ ‘ਪੰਜਾਬ ਟਾਈਮਜ਼’ ਅਖਬਾਰ ਦਾ ਬਹੁਤ ਬਹੁਤ ਧੰਨਵਾਦ ਜਿਸ ਨੇ ਪਿਛਲੇ ਸਾਲ ‘ਪੰਜਾਬ ਟਾਈਮਜ਼ ਨਾਈਟ’ ਵਰਗੇ ਅਹਿਮ ਮੰਚ ‘ਤੇ ਗਾਉਣ ਦਾ ਮੌਕਾ ਦਿੱਤਾ। ਇਸ ਨਾਲ ਕੈਲੀਫੋਰਨੀਆ, ਨਿਊ ਯਾਰਕ ਤੇ ਹੋਰਨਾਂ ਸਟੇਟਾਂ ਤੋਂ ਆਏ ਦਰਸ਼ਕਾਂ ਨੇ ਮੈਨੂੰ ਸੁਣਿਆ ਤੇ ਸਲਾਹਿਆ। ਇਸ ਅਖਬਾਰ ਰਾਹੀਂ ਅਮਰੀਕਾ ਹੀ ਨਹੀਂ, ਦੁਨੀਆਂ ਵਿਚ ਦੂਰ-ਦੂਰ ਤਕ ਮੇਰੀ ਪਛਾਣ ਬਣ ਗਈ। ਖੁਸ਼ਕਿਸਮਤ ਹਾਂ ਕਿ ਇਸ ਸਾਲ ਵੀ 25 ਮਾਰਚ 2017 ਨੂੰ ਹੋ ਰਹੀ ‘ਪੰਜਾਬ ਟਾਈਮਜ਼ ਨਾਈਟ’ ਵਿਚ ਮੈਨੂੰ ਗਾਉਣ ਦਾ ਮੌਕਾ ਮਿਲ ਰਿਹਾ ਹੈ।
ਹੁਣ ਤਕ ਕਿਹੜੇ ਕਿਹੜੇ ਮਾਣ-ਸਨਮਾਨ ਮਿਲੇ ਹਨ? ਤਾਰੇ ਨੇ ਦੱਸਿਆ ਕਿ ਮਿਡਵੈਸਟ ਦੀਆਂ ਲਗਭਗ ਸਾਰੀਆਂ ਸਮਾਜਕ ਤੇ ਸੱਭਿਆਚਾਰਕ ਸੰਸਥਾਵਾਂ ਤੋਂ ਮਾਣ-ਸਨਮਾਨ ਮਿਲ ਚੁਕਾ ਹੈ। ਇਹ ਸਨਮਾਨ ਬਹੁਤ ਕੀਮਤੀ ਹਨ। ਇਸ ਨਾਲ ਹੌਸਲਾ ਵਧਦਾ ਹੈ। ਪਰ ਮੈਂ ਇਹ ਵੀ ਮੰਨਦਾ ਹਾਂ ਅਸਲੀ ਅਵਾਰਡ ਤਾਂ ਸਰੋਤਿਆਂ ਦੀਆਂ ਤਾੜੀਆਂ ਹਨ। ਉਨ੍ਹਾਂ ਨੂੰ ਗੀਤ ਪਸੰਦ ਆ ਜਾਏ, ਇਹੋ ਵੱਡਾ ਇਨਾਮ ਹੈ।
ਹੋਰ ਕੀ ਸੌæਕ ਹਨ? ਜਵਾਬ ਵਿਚ ਉਸ ਦੱਸਿਆ, ਮੈਨੂੰ ਕਬੱਡੀ ਦੀ ਖੇਡ ਬਹੁਤ ਪਸੰਦ ਹੈ। ਇਹ ਖੇਡ ਪੰਜਾਬੀਆਂ ਦੇ ਸੁਭਾਅ ਦੇ ਬਹੁਤ ਅਨੁਕੂਲ ਹੈ। ਹੋਰ ਗਾਇਕਾਂ ਪ੍ਰਤੀ ਆਪਣੀ ਪਸੰਦ ਬਾਰੇ ਤਾਰੇ ਨੇ ਦੱਸਿਆ ਕਿ ਜਨਾਬ ਨੁਸਰਤ ਅਲੀ ਸਾਹਿਬ ਤੇ ਰਾਹਤ ਫਤਿਹ ਅਲੀ ਖਾਂ ਦੇ ਸੂਫੀਆਨਾ ਤੇ ਪੰਜਾਬੀ ਫੋਕ ਗਾਇਕੀ ਦੇ ਰੰਗ ਵਿਚ ਰੰਗੇ ਗੀਤ ਬਹੁਤ ਸੁਣਦਾ ਹਾਂ।
ਅਖੀਰ ਵਿਚ ਇਕ ਵਾਰ ਫਿਰ ਉਸ ਜ਼ੋਰ ਦੇ ਕੇ ਕਿਹਾ ਕਿ ਮੈਨੂੰ ਸਿਰਫ ਸਾਫ ਸੁਥਰੇ ਸਾਹਿਤਕ, ਸੱਭਿਆਚਾਰਕ ਤੇ ਆਪਣੇ ਵਿਰਸੇ ਨਾਲ ਜੁੜੇ ਲੋਕ-ਗੀਤ ਹੀ ਗਾਉਣੇ ਚੰਗੇ ਲਗਦੇ ਹਨ। ਗਾਇਕੀ ਮੇਰੇ ਲਈ ਸਿਰਫ ਪੈਸਾ ਕਮਾਉਣ ਦਾ ਜ਼ਰੀਆ ਨਾ ਬਣੇ, ਗਾਇਕੀ ਲਈ ਸਿਰਫ ਵਪਾਰਕ ਨਜ਼ਰੀਆ ਨਾ ਹੋਵੇ। ਮੇਰੀ ਤਾਂ ਇਹੋ ਤਵੱਕੋ ਹੈ। ਮੇਰਾ ਤਾਂ ਵੈਸੇ ਵੀ ਉਪਰ ਵਾਲੇ ਦੀ ਕਿਰਪਾ ਨਾਲ ਆਪਣਾ ਚੰਗਾ ਬਿਜਨਸ ਹੈ। ਮੇਰੇ ਧੰਨਭਾਗ ਜੇ ਕਿਤੇ ਮੈਂ ਆਪਣੇ ਵਿਰਸੇ ਤੇ ਆਪਣੀ ਪੰਜਾਬੀ ਮਾਂ ਬੋਲੀ ਦੀ ਸੇਵਾ ਕਰ ਸਕਾਂ। ਤਾਰਾ ਮੁਲਤਾਨੀ ਨਾਲ ਸੰਪਰਕ ਫੋਨ: 347-923-1124 ਰਾਹੀਂ ਕੀਤਾ ਜਾ ਸਕਦਾ ਹੈ।