ਪੰਜਾਬ ਸਫਲਤਾ ਕਾਂਗਰਸ ਲਈ ਸਾਬਤ ਹੋ ਸਕਦੀ ਹੈ ਪੁਨਰ ਜਨਮ?

-ਜਸਵੀਰ ਸਿੰਘ ਸ਼ੀਰੀ
ਪੰਜ ਰਾਜਾਂ ਦੀਆਂ ਹਾਲੀਆ ਵਿਧਾਨ ਸਭਾ ਚੋਣਾਂ ਨੇ ਕੁਝ ਖਤਰਨਾਕ ਅਤੇ ਕੁਝ ਪੁਰ ਸਕੂਨ ਤੱਥ ਉਭਾਰ ਕੇ ਲਿਆਂਦੇ ਹਨ। ਜਿਸ ਨੇ ਵੀ ਹਿੰਦੋਸਤਾਨ/ਪੰਜਾਬ ਦੀ ਸਿਆਸਤ ਵਿਚ ਕੋਈ ਸਾਰਥਕ ਦਖਲਅੰਦਾਜ਼ੀ ਕਰਨੀ ਹੈ, ਉਸ ਲਈ ਇਨ੍ਹਾਂ ਤੱਥਾਂ ਤੇ ਇਨ੍ਹਾਂ ਨੂੰ ਪੈਦਾ ਕਰਨ ਵਾਲੇ ਸਮਾਜਕ, ਰਜਨੀਤਕ, ਧਾਰਮਿਕ ਵਰਤਾਰਿਆਂ ਨੂੰ ਸਮਝਣਾ ਬੇਹੱਦ ਜ਼ਰੂਰੀ ਹੈ।

ਚੋਣਾਂ ਵਾਲੇ ਇਨ੍ਹਾਂ ਪੰਜ ਰਾਜਾਂ-ਪੰਜਾਬ, ਮਨੀਪੁਰ, ਉਤਰ ਪ੍ਰਦੇਸ਼, ਉਤਰਾਖੰਡ ਅਤੇ ਗੋਆ ਵਿਚੋਂ ਸਿਰਫ ਪੰਜਾਬ ਹੀ ਹੈ ਜਿੱਥੇ ਭਾਰਤੀ ਜਨਤਾ ਪਾਰਟੀ (ਭਾਜਪਾ) ਨੂੰ ਸਭ ਤੋਂ ਘੱਟ ਸਫਲਤਾ ਮਿਲੀ ਹੈ। ਸਭ ਤੋਂ ਵੱਡੀ ਜਿੱਤ ਇਸ ਨੇ ਉਤਰ ਪ੍ਰਦੇਸ਼ ਵਿਚ ਦਰਜ ਕੀਤੀ ਹੈ ਜਿਥੇ ਇਹ 403 ਸੀਟਾਂ ਵਿਚੋਂ 325 ਸੀਟਾਂ ਜਿੱਤਣ ਵਿਚ ਕਾਮਯਾਬ ਰਹੀ। ਉਥੇ ਸਮਾਜਵਾਦੀ ਪਾਰਟੀ ਅਤੇ ਕਾਂਗਰਸ ਪਾਰਟੀ ਦੇ ਗੱਠਜੋੜ ਨੂੰ 54 ਸੀਟਾਂ ‘ਤੇ ਸਬਰ ਕਰਨਾ ਪਿਆ। ਬਹੁਜਨ ਸਮਾਜ ਪਾਰਟੀ ਜਿਹੜੀ ਦਲਿਤ-ਮੁਸਲਿਮ ਗਠਜੋੜ ਬਿਠਾਉਣ ਦਾ ਯਤਨ ਕਰ ਰਹੀ ਸੀ, ਸਿਰਫ 19 ਸੀਟਾਂ ਤੱਕ ਸਿਮਟ ਗਈ। ਪੰਜ ਕੁ ਸੀਟਾਂ ਹੋਰਨਾਂ ਪਾਰਟੀਆਂ ਅਤੇ ਆਜ਼ਾਦ ਉਮੀਦਵਾਰਾਂ ਨੂੰ ਮਿਲੀਆਂ।
ਉਤਰਾਖੰਡ ਦੀਆਂ 70 ਸੀਟਾਂ ਵਿਚੋਂ ਭਾਜਪਾ 57 ਸੀਟਾਂ ਜਿੱਤਣ ਵਿਚ ਕਾਮਯਾਬ ਰਹੀ, ਕਾਂਗਰਸ ਨੂੰ 11 ਸੀਟਾਂ ਅਤੇ ਆਜ਼ਾਦ ਉਮੀਦਵਾਰਾਂ ਤੇ ਹੋਰਨਾਂ ਨੂੰ 2 ਸੀਟਾਂ ਹੀ ਨਸੀਬ ਹੋਈਆਂ। 40 ਵਿਧਾਨ ਸਭਾ ਸੀਟਾਂ ਵਾਲੇ ਗੋਆ ਵਿਚ ਭਾਜਪਾ ਨੂੰ 13, ਕਾਂਗਰਸ ਨੂੰ 17 ਅਤੇ ਕਈ ਹੋਰਨਾਂ ਪਾਰਟੀਆਂ ਤੇ ਆਜ਼ਾਦ ਉਮੀਦਵਾਰਾਂ ਨੂੰ 10 ਸੀਟਾਂ ਮਿਲੀਆਂ। ਕੁੱਲ 60 ਸੀਟਾਂ ਵਾਲੇ ਰਾਜ ਮਨੀਪੁਰ ਵਿਚ ਕਾਂਗਰਸ ਨੂੰ 28, ਭਾਜਪਾ ਨੂੰ 21, ਤ੍ਰਿਣਮੂਲ ਕਾਂਗਰਸ ਸਮੇਤ ਦੂਜੀਆਂ ਪਾਰਟੀਆਂ ਤੇ ਆਜ਼ਾਦ ਉਮੀਦਵਾਰਾਂ ਨੂੰ 10 ਸੀਟਾਂ ਹਾਸਲ ਹੋਈਆਂ।
ਗੋਆ ਅਤੇ ਮਨੀਪੁਰ ਵਿਚ ਪ੍ਰਮੁੱਖ ਪਾਰਟੀਆਂ ਵਜੋਂ ਉਭਰਨ ਤੋਂ ਇਲਾਵਾ ਕਾਂਗਰਸ ਪਾਰਟੀ ਨੂੰ ਸਭ ਤੋਂ ਵੱਡੀ ਸਫਲਤਾ ਪੰਜਾਬ ਵਿਚ ਮਿਲੀ। ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਕਾਂਗਰਸ ਪਾਰਟੀ ਨੇ 77 ਸੀਟਾਂ ਜਿੱਤ ਕੇ ਇਤਿਹਾਸ ਰਚਿਆ। ਇਸ ਤਰ੍ਹਾਂ ਭਾਜਪਾ ਨੂੰ ਜਿੱਥੇ ਉਤਰ ਪ੍ਰਦੇਸ਼ ਅਤੇ ਉਤਰਾਖੰਡ ਵਿਚ ਲਾਮਿਸਾਲ ਸਫਲਤਾ ਮਿਲੀ, ਉਥੇ ਗੋਆ ਅਤੇ ਮਨੀਪੁਰ ਵਿਚ ਵੀ ਇਹ ਪਾਰਟੀ ਵੱਡੀ ਹਾਜ਼ਰੀ ਲਵਾਉਣ ਵਿਚ ਕਾਮਯਾਬ ਰਹੀ, ਹਾਲਾਂਕਿ ਇਨ੍ਹਾਂ ਰਾਜਾਂ ਵਿਚ ਸਭ ਤੋਂ ਵੱਡੀ ਪਾਰਟੀ ਵਜੋਂ ਕਾਂਗਰਸ ਹੀ ਉਭਰੀ। ਪਰ ਪੰਜਾਬ ਵਿਚ ਭਾਜਪਾ ਸਿਰਫ 3 ਸੀਟਾਂ ਤੱਕ ਸਿਮਟ ਗਈ। ਅਕਾਲੀ ਦਲ ਨੂੰ 15 ਸੀਟਾਂ ਮਿਲੀਆਂ। ਜਦਕਿ ਆਮ ਆਦਮੀ ਪਾਰਟੀ ਨੇ 20 ਅਤੇ 2 ਸੀਟਾਂ ਲੁਧਿਆਣੇ ਵਾਲੇ ਬੈਂਸ ਭਰਾਵਾਂ ਨੇ ਜਿੱਤੀਆਂ।
ਪੰਜਾਬ ਵਿਚ ਕਾਂਗਰਸ ਪਾਰਟੀ ਦੀ ਇਸ ਸਫਲਤਾ ਨੂੰ ਵੇਖ ਕੇ ਕੁਝ ਸਿਆਸੀ ਵਿਸ਼ਲੇਸ਼ਕਾਂ ਨੇ ਆਖਣਾ ਸ਼ੁਰੂ ਕਰ ਦਿੱਤਾ ਹੈ ਕਿ ਪਿਛਲੇ ਕੁਝ ਸਾਲਾਂ ਵਿਚ ਦੇਸ਼ ਪੱਧਰੀ ਸਿਆਸਤ ਵਿਚੋਂ ਗਾਇਬ ਹੋ ਰਹੀ ਕਾਂਗਰਸ ਪਾਰਟੀ ਲਈ ਇਹ ਜਿੱਤ ਪੁਨਰ ਜਨਮ ਸਾਬਤ ਹੋ ਸਕਦੀ ਹੈ। ਉਨ੍ਹਾਂ ਦਾ ਇਹ ਸਵਾਲ ਅਤੇ ਅਨੁਮਾਨ ਕਿ ਕੀ ਕਾਂਗਰਸ ਪਾਰਟੀ ਦੀ ਇਹ ਜਿੱਤ, ਇਸ ਪਾਰਟੀ ਲਈ ਦੇਸ਼ ਪੱਧਰ ‘ਤੇ ਪੁਨਰ ਸਥਾਪਤੀ ਦਾ ਅਰੰਭ ਬਿੰਦੂ ਸਾਬਤ ਹੋ ਸਕਦੀ ਹੈ? ਬੇਹੱਦ ਅਹਿਮ ਅਤੇ ਵਿਚਾਰਨਯੋਗ ਹੈ। ਇਸ ਸਵਾਲ ਦਾ ਜਵਾਬ ਲੱਭਣ ਲਈ ਸਾਨੂੰ ਕਾਂਗਰਸ ਪਾਰਟੀ ਦੇ ਇਤਿਹਾਸ ‘ਤੇ ਇਕ ਪੰਛੀ ਝਾਤ ਮਾਰਨੀ ਪਵੇਗੀ।
ਕਾਂਗਰਸ ਪਾਰਟੀ ਦੀ ਨੀਂਹ 28 ਦਸੰਬਰ 1885 ਨੂੰ ਇਕ ਰਿਟਾਇਰਡ ਅੰਗਰੇਜ਼ ਅਧਿਕਾਰੀ ਐਲਨ ਐਕਟੇਵੀਅਨ ਹਿਊਮ (ਏ ਓ ਹਿਊਮ) ਨੇ 65 ਭਾਰਤੀਆਂ ਨਾਲ ਮਿਲ ਕੇ ਰੱਖੀ ਸੀ। ਉਹ ਕਾਂਗਰਸ ਪਾਰਟੀ ਦਾ ਪਹਿਲਾ ਜਨਰਲ ਸਕੱਤਰ ਸੀ। ਵੋਮੇਸ਼ ਚੰਦਰ ਬੈਨਰਜੀ ਨੂੰ ਕਾਂਗਰਸ ਪਾਰਟੀ ਦਾ ਪਲੇਠਾ ਪ੍ਰਧਾਨ ਬਣਾਇਆ ਗਿਆ ਸੀ। ਹਿਊਮ ਵਲੋਂ ਇਸ ਪਾਰਟੀ ਨੂੰ ਸਾਜਣ ਦਾ ਮਤਲਬ ਅੰਗਰੇਜ਼ੀ ਤਰਜ਼ ‘ਤੇ ਪੜ੍ਹੇ-ਲਿਖੇ ਭਾਰਤੀਆਂ ਦਾ ਅੰਗਰੇਜ਼ ਰਾਜ ਨਾਲ ਇਕ ਸਾਂਝ ਭਿਆਲੀ ਵਾਲਾ ਮਾਹੌਲ ਅਤੇ ਆਧਾਰ ਸਿਰਜਣਾ ਸੀ। ਆਪਣੇ ਮੁਢਲੇ ਦੌਰ ਵਿਚ ਇਹ ਪਾਰਟੀ ਅੰਗਰੇਜ਼ਾਂ ਨਾਲ ਸਾਂਝ ਭਿਆਲੀ ਪਾ ਕੇ ਹੀ ਚਲਦੀ ਰਹੀ। ਪਰ 1929 ਵਿਚ ਰਾਵੀ ਦਰਿਆ ਦੇ ਕੰਢੇ ਕਾਂਗਰਸ ਪਾਰਟੀ ਚਲੋਂ ਆਪਣਾ ਨਿਸ਼ਨਾ ‘ਪੂਰਨ ਆਜ਼ਾਦੀ’ ਤੈਅ ਕੀਤੇ ਜਾਣ ਨਾਲ ਇਹ ਪਾਰਟੀ ਅੰਗਰੇਜ਼ਾਂ ਨਾਲ ਟਕਰਾ ਵਿਚ ਆਉਣ ਲੱਗੀ। ਦੂਜੇ ਪਾਸੇ ਹਿੰਦੂ ਬਹੁਲ ਅਬਾਦੀ ਵਾਲੇ ਭਾਰਤ ਵਿਚ ਸਰਬ ਪ੍ਰਵਾਨਤ ਨੁਮਾਇੰਦਾ ਪਾਰਟੀ ਵਜੋਂ ਉਭਰ ਆਈ। ਇਸ ਤੋਂ ਬਾਅਦ ਦੇ ਜਨਤਕ ਉਭਾਰਾਂ ਵਿਚ ਇਹ ਪਾਰਟੀ ਇੰਨੀ ਕੁ ਮਜ਼ਬੂਤ ਹੋ ਗਈ ਕਿ ਉਹ ਵੰਡ ਤੋਂ ਬਾਅਦ ਬਚੇ ਭਾਰਤ ਦੀ ਹਾਕਮ ਜਮਾਤ ਬਣਨ ਵਿਚ ਕਾਮਯਾਬ ਰਹੀ। ਆਜ਼ਾਦੀ ਪਿਛੋਂ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਦੇ ਸਮੇਂ ਨੂੰ ਛੱਡ ਕੇ ਕਾਂਗਰਸ ਪਾਰਟੀ ਉਪਰ ਸਿੱਧੇ ਜਾਂ ਅਸਿਧੇ ਢੰਗ ਨਾਲ ਨਹਿਰੂ ਪਰਿਵਾਰ ਦਾ ਹੀ ਕਬਜਾ ਰਿਹਾ।
ਪੰਜਾਬ ਦੇ ਸੰਦਰਭ ਵਿਚ ਕਾਂਗਰਸ ਪਾਰਟੀ ਦੇ ਸਿੱਖਾਂ ਨਾਲ ਰਿਸ਼ਤੇ ਦਾ ਜ਼ਿਕਰ ਕਰਨਾ ਵੀ ਕੁਥਾਂ ਨਹੀਂ ਹੋਵੇਗਾ। 1929 ਵਿਚ ਰਾਵੀ ਦਰਿਆ ਦੇ ਕੰਢੇ ‘ਤੇ ਪੂਰਨ ਆਜ਼ਾਦੀ ਦਾ ਮਤਾ ਪਾਸ ਕਰਨ ਤੋਂ ਪਹਿਲਾਂ ਮਹਾਤਮਾ ਗਾਂਧੀ, ਪੰਡਿਤ ਜਵਾਹਰ ਲਾਲ ਨਹਿਰੂ ਅਤੇ ਉਨ੍ਹਾਂ ਦੇ ਪਿਤਾ ਮੋਤੀ ਲਾਲ ਨਹਿਰੂ ਸਿੱਖ ਆਗੂ ਬਾਬਾ ਖੜਕ ਸਿੰਘ ਨੂੰ ਮਿਲੇ ਸਨ ਅਤੇ ਵਿਸ਼ਵਾਸ਼ ਦਿਵਾਇਆ ਸੀ ਕਿ ਭਾਰਤ ਦਾ ਕੋਈ ਵੀ ਸੰਵਿਧਾਨ ਸਿੱਖਾਂ ਦੀ ਸਹਿਮਤੀ ਤੋਂ ਬਿਨਾ ਨਹੀਂ ਬਣਾਇਆ ਜਾਵੇਗਾ। ਇਸ ਤੋਂ ਇਲਾਵਾ ਕਾਂਗਰਸ ਪਾਰਟੀ ਦੇ ਲਾਹੌਰ ਸੈਸ਼ਨ ਵਿਚ ਵੀ ਮਹਾਤਮਾ ਗਾਂਧੀ ਨੇ ਸਿੱਖਾਂ ਨੂੰ ਇਸ ਕਿਸਮ ਦੇ ਹੀ ਵਿਸ਼ਵਾਸ਼ ਦਿਵਾਏ ਸਨ।
ਜੁਲਾਈ 1946 ਵਿਚ ਆਲ ਇੰਡੀਆ ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ਕਲਕੱਤਾ ਵਿਚ ਹੋਈ। ਇਸ ਮੀਟਿੰਗ ਤੋਂ ਬਾਅਦ 6 ਜੁਲਾਈ ਨੂੰ ਹੋਈ ਪ੍ਰੈਸ ਕਾਨਫਰੰਸ ਵਿਚ ਪੰਡਿਤ ਜਵਾਹਰ ਲਾਲ ਨਹਿਰੂ ਨੇ ਕਿਹਾ ਸੀ, “ਪੰਜਾਬ ਦੇ ਬਹਾਦਰ ਸਿੱਖ ਵਿਸ਼ੇਸ਼ ਰੁਤਬੇ ਦੇ ਹੱਕਦਾਰ ਹਨ। ਮੈਂ ਇਸ ਵਿਚ ਕੁਝ ਵੀ ਗਲਤ ਨਹੀਂ ਸਮਝਦਾ ਕਿ ਸਿੱਖਾਂ ਲਈ ਉਤਰ ਵਿਚ ਇਕ ਅਜਿਹੇ ਖਿੱਤੇ ਦੀ ਸਥਾਪਨਾ ਕੀਤੀ ਜਾਵੇ ਜਿੱਥੇ ਉਹ ਵੀ ਆਜ਼ਾਦੀ ਦਾ ਨਿੱਘ ਮਾਣ ਸਕਣ।”
ਆਜ਼ਾਦੀ ਪਿੱਛੋਂ ਜਦੋਂ ਪੰਡਿਤ ਨਹਿਰੂ, ਇਹ ਕਹਿ ਕੇ ਕਿ ‘ਸਮਾਂ ਬਦਲ ਗਿਆ ਹੈ’, ਕੋਈ ਖੁਦਮੁਖਤਾਰ ਖਿੱਤਾ ਦੇਣ ਤੋਂ ਮੁੱਕਰ ਗਏ, ਤਦ ਸਿੱਖ ਲੀਡਰਸ਼ਿਪ ਨੂੰ ਜ਼ੁਬਾਨੀ ਕਲਾਮੀ ਵਾਅਦਿਆਂ ਦੀ ਨਾਕਾਮੀ ਦਾ ਅਹਿਸਾਸ ਹੋਇਆ। ਇਸ ਤੋਂ ਪਿਛੋਂ ਹੀ ਸਿੱਖਾਂ ਨੇ ਮਾਸਟਰ ਤਾਰਾ ਸਿੰਘ ਦੀ ਅਗਵਾਈ ਵਿਚ ਖੁਦਮੁਖਤਾਰ ਪੰਜਾਬੀ ਸੂਬੇ ਲਈ ਸੰਘਰਸ਼ ਵਿੱਢਿਆ। ਆਜ਼ਾਦੀ ਪਿਛੋਂ ਮਹਾਤਮਾ ਗਾਂਧੀ ਦੇ ਸਿਆਸੀ ਵਾਰਸ ਬਣੇ ਨਹਿਰੂ ਪਰਿਵਾਰ ਨਾਲ ਸਿੱਖਾਂ ਦੀ ਇਹ ਅੜ-ਭਿੜ 1966 ਵਿਚ ਅਪਾਹਜ ਜਿਹਾ ਪੰਜਾਬੀ ਸੂਬਾ ਬਣਨ ਤੋਂ ਬਾਅਦ ਵੀ ਚਲਦੀ ਰਹੀ। ਭਾਰਤੀ ਕੌਮੀ ਸਿਆਸਤ ਦੀ ਅਗਵਾਈ ਕਰਦੇ ਨਹਿਰੂ ਪਰਿਵਾਰ ਅਤੇ ਸਿੱਖਾਂ ਦੀ ਇਹ ਖਹਿਬਾਜ਼ੀ ਜੂਨ 1984 ਵਿਚ ਬਲਿਊ ਸਟਾਰ ਉਪਰੇਸ਼ਨ ਮੌਕੇ ਸਿਖਰ ‘ਤੇ ਜਾ ਪੁੱਜੀ ਜਦੋਂ ਸੰਤ ਭਿੰਡਰਾਂਵਾਲਿਆਂ ਦੀ ਅਗਵਾਈ ਵਿਚ ਸਿੱਖਾਂ ਦੀ ਗਰਮ ਖਿਆਲੀ ਸਿਆਸਤ ਅਤੇ ਨਹਿਰੂ ਪਰਿਵਾਰ ਦੀ ਜਾਂਨਸ਼ੀਨ ਇੰਦਰਾ ਗਾਂਧੀ ਦੀ ਅਗਵਾਈ ਵਿਚ ਭਾਰਤੀ ਸਿਆਸਤ ਫੌਜੀ ਰੂਪ ਵਿਚ ਇਕ ਦੂਜੇ ਦੇ ਆਹਮੋ ਸਾਹਮਣੇ ਖਲੋ ਗਏ। ਬਲਿਊ ਸਟਾਰ ਉਪਰੇਸ਼ਨ ਪਿਛੋਂ ਤਕਰੀਬਨ ਇਕ ਦਹਾਕਾ ਪੰਜਾਬ ਵਿਚ ਜੰਗ ਵਾਲਾ ਮਾਹੌਲ ਬਣਿਆ ਰਿਹਾ। ਪੰਜਾਬ ਦੇ ਸਾਬਕਾ ਕਾਂਗਰਸੀ ਮੁੱਖ ਮੰਤਰੀ ਬੇਅੰਤ ਸਿੰਘ ਦੇ ਇਕ ਆਤਮਘਾਤੀ ਹਮਲੇ ਵਿਚ ਕਤਲ ਤੋਂ ਬਾਅਦ ਖੁਦ ਸਿੱਖ ਖਾੜਕੂ ਲਹਿਰ ਵੀ ਧੀਮੀ ਪੈ ਗਈ। ਇਸ ਦਰਮਿਆਨ ਐਸ਼ਵਾਈæਐਲ਼ ਨਹਿਰ ਦਾ ਮੁੱਦਾ ਇਕ ਅਹਿਮ ਮੁੱਦੇ ਵਜੋਂ ਉਭਰਿਆ। 8 ਅਪਰੈਲ 1982 ਨੂੰ ਇੰਦਰਾ ਗਾਂਧੀ ਵਲੋਂ ਐਸ਼ਵਾਈæਐਲ਼ ਦਾ ਨੀਂਹ ਪੱਥਰ ਰੱਖੇ ਜਾਣ ਤੋਂ ਬਾਅਦ ਇਸ ਦੇ ਵਿਰੋਧ ਵਿਚ ਅਕਾਲੀਆਂ ਨੇ ਮਾਰਕਸਵਾਦੀ ਕਮਿਊਨਿਸਟ ਪਾਰਟੀ ਦੇ ਸਹਿਯੋਗ ਨਾਲ ਇਸ ਨਹਿਰ ਨੂੰ ਰੋਕਣ ਲਈ ਕਪੂਰੀ ਮੋਰਚਾ ਲਾਇਆ। ਬਾਅਦ ਵਿਚ ਨਹਿਰ ਨੂੰ ਰੋਕਣ ਲਈ ਖਾੜਕੂਆਂ ਨੇ ਇੰਜੀਨੀਅਰਾਂ ਅਤੇ ਮਜ਼ਦੂਰਾਂ ਦੇ ਕਤਲ ਵੀ ਕੀਤੇ। ਅਸਲ ਵਿਚ ਐਸ਼ਵਾਈæਐਲ਼ ਦੇ ਮੁੱਦੇ ਨੇ ਅਮਨਮਈ ਸਿੱਖ ਸੰਘਰਸ਼ ਨੂੰ ਤੇਜ਼ੀ ਨਾਲ ਹਥਿਆਰਬੰਦ ਹੋਣ ਵੱਲ ਧੱਕਿਆ। ਇਸ ਤੋਂ ਬਾਅਦ ਸਾਕਾ ਨੀਲਾ ਤਾਰਾ, ਬਲੈਕ ਥੰਡਰ, ਪਿੰਡਾਂ ਵਿਚੋਂ ਸਿੱਖ ਨੌਜਵਾਨਾਂ ਦੀ ਫੜੋ ਫੜੀ, ਕਤਲ ਅਤੇ ਮੋੜਵੀਂ ਸਿੱਖ ਹਿੰਸਾ ਚਲਦੀ ਰਹੀ।
ਇਸ ਸਾਰੇ ਅਰਸੇ ਦੌਰਾਨ ਕਾਂਗਰਸ ਪਾਰਟੀ ਅੰਦਰ ਹੋਣ ਦੇ ਬਾਵਜੂਦ ਕੈਪਟਨ ਅਮਰਿੰਦਰ ਸਿੰਘ ਦਾ ਵਤੀਰਾ ਸਿੱਖਾਂ ਅਤੇ ਸਿੱਖ ਮਸਲਿਆਂ ਪ੍ਰਤੀ ਹਮਦਰਦਾਂ ਵਾਲਾ ਰਿਹਾ। ਇਸ ਨੂੰ ਡਾਵਾਂਡੋਲ ਵੀ ਕਹਿ ਸਕਦੇ ਹਾਂ। ਕਈ ਵਾਰ ਉਹ ਖੁਲ੍ਹੇ ਡੁੱਲ੍ਹੇ ਫੈਡਰਲ ਭਾਰਤ ਦੀ ਥਾਂ ਫੌਜੀ ਕਿਸਮ ਦੇ ਭਾਰਤ ਦੀ ਵਕਾਲਤ ਕਰਦਾ ਵੀ ਨਜ਼ਰ ਆਇਆ। ਫਿਰ ਵੀ ਕੈਪਟਨ ਅਮਰਿੰਦਰ ਸਿੰਘ ਵਲੋਂ ਉਪਰੇਸ਼ਨ ਬਲਿਊ ਸਟਾਰ ਵੇਲੇ ਆਪਣੀ ਪਾਰਲੀਮੈਂਟ ਮੈਂਬਰੀ ਤੋਂ ਅਸਤੀਫਾ ਦੇਣਾ, ਉਪਰੇਸ਼ਨ ਬਲੈਕ ਥੰਡਰ ਵੇਲੇ ਅਕਾਲੀ ਸਰਕਾਰ ਦੇ ਬਰਨਾਲਾ ਮੰਤਰੀ ਮੰਡਲ ਤੋਂ ਅਸਤੀਫਾ ਦੇਣਾ ਅਤੇ 2004 ਵਿਚ ਆਪਣੀ ਸਰਕਾਰ ਵੇਲੇ ਐਸ਼ਵਾਈæਐਲ਼ ਨਹਿਰ ਨੂੰ ਬਣਨ ਤੋਂ ਰੋਕਣ ਲਈ ਇਸ ਸਬੰਧੀ ਪੁਰਾਣੇ ਫੈਸਲਿਆਂ ਨੂੰ ਰੱਦ ਕਰਨ ਨੇ ਇਕ ਪਾਸੇ ਤਾਂ ਕੈਪਟਨ ਅਮਰਿੰਦਰ ਸਿੰਘ ਬਾਰੇ ਸਿੱਖਾਂ ਦੇ ਮਨਾਂ ਵਿਚ ਹਮਦਰਦੀ ਵਾਲਾ ਅਕਸ ਬਣਾ ਦਿੱਤਾ, ਦੂਜੇ ਪਾਸੇ ਪੰਜਾਬ ਦੇ ਗੈਰ ਸਿੱਖ ਤਬਕਿਆਂ ਦੇ ਮਨਾਂ ਵਿਚ ਕੈਪਟਨ ਪ੍ਰਤੀ ਤੌਖਲੇ ਵੀ ਪੱਕੇ ਹੋਏ। ਪਿਛਲੀਆਂ ਦੋ ਚੋਣਾਂ ਵਿਚ ਪੰਜਾਬ ਦਾ ਗੈਰ ਸਿੱਖ ਤਬਕਾ ਇਨ੍ਹਾਂ ਤੌਖਲਿਆਂ ਕਾਰਨ ਹੀ ਕੈਪਟਨ ਨਾਲੋਂ ਕਿਤੇ ਨਰਮ, ਝੁਕਣਸ਼ੀਲ ਅਤੇ ਕੱਟੜ ਹਿੰਦੂ ਜਮਾਤ ਦੇ ਭਾਈਵਾਲ ਪ੍ਰਕਾਸ਼ ਸਿੰਘ ਬਾਦਲ ਨੂੰ ਤਰਜੀਹ ਦਿੰਦਾ ਰਿਹਾ।
ਹਾਲੀਆ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅਮਰਿੰਦਰ ਸਿੰਘ ਨੇ ਪੰਜਾਬ ਦੇ ਸਿੱਖਾਂ ਅਤੇ ਕਿਸਾਨਾਂ ਨੂੰ ਆਪਣੇ ਨਾਲ ਜੋੜੀ ਰੱਖਣ ਲਈ ਐਸ਼ਵਾਈæਐਲ਼ ਨਹਿਰ ‘ਤੇ ਸਖਤ ਸਟੈਂਡ ਲਈ ਰੱਖਿਆ ਅਤੇ ਸੁਪਰੀਮ ਕੋਰਟ ਵਲੋਂ ਪੰਜਾਬ ਵਿਰੁਧ ਫੈਸਲਾ ਆਉਣ ‘ਤੇ ਆਪਣੀ ਪਾਰਲੀਮੈਂਟ ਮੈਂਬਰੀ ਤੋਂ ਅਸਤੀਫਾ ਦੇ ਦਿੱਤਾ। ਦੂਜੇ ਪਾਸੇ ਉਸ ਵਲੋਂ ਪੰਜਾਬ ਦੀ ਗੈਰ ਸਿੱਖ ਆਬਾਦੀ ਦੇ ਤੌਖਲਿਆਂ ਨੂੰ ਖਾਰਜ ਕਰਨ ਲਈ ਕਸ਼ਮੀਰ ਅਤੇ ਕਈ ਹੋਰ ਥਾਂਵਾਂ ‘ਤੇ ਮੁਸਲਿਮ ਕੱਟੜਪੰਥੀਆਂ ਨਾਲ ਲੜਦਿਆਂ ਮਾਰੇ ਜਾ ਰਹੇ ਫੌਜੀ ਜਵਾਨਾਂ ਨਾਲ ਹਮਦਰਦੀ ਪ੍ਰਗਟ ਕੀਤੀ ਜਾਂਦੀ ਰਹੀ ਅਤੇ ਫੌਜੀ ਬੰਦੋਬਸਤ ਨੂੰ ਪੁਖਤਾ ਕਰਨ ਦੇ ਬਿਆਨ ਦਿੱਤੇ ਜਾਂਦੇ ਰਹੇ। ਇਨ੍ਹਾਂ ਬਿਆਨਾਂ ਦਾ ਉਸ ਨੂੰ ਪੰਜਾਬ ਚੋਣਾਂ ਵਿਚ ਲਾਭ ਮਿਲਿਆ। ਵੋਟਾਂ ਤੋਂ ਐਨ ਪਹਿਲਾਂ 31 ਜਨਵਰੀ ਦੀ ਰਾਤ ਨੂੰ ਮੌੜ ਮੰਡੀ ਵਿਚ ਹੋਏ ਬੰਬ ਧਮਾਕੇ ਨੇ ਦੁਬਿਧਾ ਵਿਚ ਪਈ ਪੰਜਾਬ ਦੀ ਗੈਰ ਸਿੱਖ ਆਬਾਦੀ ਦਾ ਮੁਹਾਣ ਕਾਂਗਰਸ ਪਾਰਟੀ ਵਲ ਮੋੜ ਦਿੱਤਾ। ਸਿੱਖ ਗਰਮ ਖਿਆਲੀਆਂ ਦੇ ਆਮ ਆਦਮੀ ਪਾਰਟੀ ਵੱਲ ਝੁਕ ਜਾਣ ਨੇ ਇਸ ਮੁਹਾਣ ਨੂੰ ਹੋਰ ਤੇਜ਼ ਕੀਤਾ।
ਉਂਜ ਕਾਂਗਰਸ ਨੇ ਇਸ ਵਾਰ ਪੰਜਾਬ ਦੀਆਂ ਚੋਣਾਂ ਜਿੱਤਣ ਲਈ ਦੁਵੱਲੀ ਨੀਤੀ ਅਪਨਾਈ। ਪੰਜਾਬ ਦੀ ਗੈਰ ਸਿੱਖ ਵਸੋਂ ਨੂੰ ਆਪਣੇ ਪੱਖ ਵਿਚ ਜਿਤਣ ਲਈ ਰਾਹੁਲ ਗਾਂਧੀ ਰਾਧਾ ਸੁਆਮੀਆਂ, ਨਿਰੰਕਾਰੀਆਂ ਅਤੇ ਦਲਿਤ ਆਬਾਦੀ ਨਾਲ ਸਬੰਧਤ ਡੇਰਿਆਂ ਦੇ ਗੇੜੇ ਮਾਰਦੇ ਰਹੇ। ਜਦਕਿ ਸਿੱਖ ਬਹੁਗਿਣਤੀ ਨੂੰ ਆਪਣੇ ਪੱਖ ਵਿਚ ਜਿੱਤਣ ਲਈ ਕੈਪਟਨ ਅਮਰਿੰਦਰ ਸਿੰਘ ਦਾ ਆਸਰਾ ਲਿਆ। ਕੈਪਟਨ ਦੀ ਫੌਜੀ ਮਾਨਸਿਕਤਾ ਕਾਰਨ ਉਪਜੇ ਸ਼ੰਕਿਆਂ ਦੇ ਬਾਵਜੂਦ ਉਸ ਦਾ ਸਿੱਖ/ਪੰਜਾਬ ਪੱਖੀ ਹੋਣ ਦਾ ਅਕਸ ਸਿੱਖ ਆਬਾਦੀ ਦੇ ਮਨ ਵਿਚ ਬਣਿਆ ਰਿਹਾ। ‘ਆਪ’ ਦੇ ਉਖੜੇ ਵਿਹਾਰ ਅਤੇ ਅਕਾਲੀਆਂ ਦੀ ਪ੍ਰਸ਼ਾਸਨਿਕ ਅਸਫਲਤਾ ਕਾਰਨ ਦਲਿਤ ਅਤੇ ਹਿੰਦੂ ਆਬਾਦੀ ਵੀ ਕੈਪਟਨ/ਕਾਂਗਰਸ ਦੇ ਹੱਕ ਵਿਚ ਭੁਗਤ ਗਈ। ਇੰਜ ਕੈਪਟਨ ਦੀ ਅਗਵਾਈ ਵਿਚ ਪੰਜਾਬ ਕਾਂਗਰਸ ਪੰਜਾਬ ਦੇ ਤਿੰਨ ਪ੍ਰਮੁੱਖ ਤਬਕਿਆਂ ਸਿੱਖਾਂ, ਹਿੰਦੂਆਂ ਅਤੇ ਦਲਿਤਾਂ ਦੀ ਬਹੁਗਿਣਤੀ ਨੂੰ ਆਪਣੇ ਪੱਖ ਵਿਚ ਭੁਗਤਾਉਣ ਵਿਚ ਕਾਮਯਾਬ ਰਹੀ।
ਪੰਜਾਬ ਵਿਚ ਇਸ ਕਿਸਮ ਦੀ ਸਿਆਸਤ ਦੀ ਸਫਲਤਾ ਸ਼ਮੂਲੀਅਤ ਵਾਲੀ ਜਮਹੂਰੀਅਤ (ਪਾਰਟੀਸਿਪੇਟਰੀ ਡੈਮੋਕਰੇਸੀ) ਦਾ ਆਗਾਜ਼ ਕਿਹਾ ਜਾ ਸਕਦਾ ਹੈ। ਭਾਵੇਂ ਅਜਿਹਾ ਕਾਂਗਰਸ ਪਾਰਟੀ ਅਚੇਤ ਰੂਪ ਵਿਚ ਹੀ ਕਰ ਗਈ ਹੋਵੇ, ਪਰ ਬਹੁਗਿਣਤੀ ਆਧਾਰਤ ਜਮਹੂਰੀ ਪ੍ਰਬੰਧ ਨੂੰ ਪਾਰਟੀਸਿਪੇਟਰੀ ਡੈਮੋਕਰੇਸੀ ਤੱਕ ਉਚਿਆਉਣ ਦਾ ਇਹ ਉਤਮ ਨਮੂਨਾ ਹੈ, ਜਿਸ ਵਿਚ ਇਕ ਖਿੱਤੇ ਵਿਚ ਰਹਿ ਰਹੇ ਲੋਕ, ਆਪਸੀ ਵਿਰੋਧਾਂ ਦੇ ਬਾਵਜੂਦ ਆਪਣੀ ਸਿਆਸੀ ਹੋਣੀ ਤੈਅ ਕਰਨ ਲਈ ਸ਼ਾਮਲ ਹੁੰਦੇ ਹਨ।
ਪੰਜਾਬ ਵਿਚ ਆਮ ਤੌਰ ‘ਤੇ ਸੱਤਾ ਉਸ ਦੀ ਬਣਦੀ ਹੈ, ਜਿੱਧਰ ਪੰਜਾਬ ਦੇ ਉਪਰੋਕਤ ਤਿੰਨ ਪ੍ਰਮੁੱਖ ਤਬਕਿਆਂ ਵਿਚੋਂ ਦੋ ਬਹੁਗਿਣਤੀ ਵਿਚ ਭੁਗਤ ਜਾਣ। ਅਕਸਰ ਹੀ ਪੰਜਾਬ ਵਿਚ ਜਦੋਂ ਹਿੰਦੂ-ਸਿੱਖ ਗੱਠਜੋੜ ਬਣਦਾ ਹੈ ਤਾਂ ਅਕਾਲੀ ਸਰਕਾਰ ਹੋਂਦ ਵਿਚ ਆਉਂਦੀ ਹੈ। ਜਦੋਂ ਹਿੰਦੂ-ਦਲਿਤ ਗੱਠਜੋੜ ਬਣਦਾ ਹੈ ਤਾਂ ਕਾਂਗਰਸ ਸਰਕਾਰ। ਪਰ ਇਸ ਵਾਰ ਪੰਜਾਬ ਦੇ ਤਿੰਨੋ ਤਬਕੇ ਬਹੁਗਿਣਤੀ ਵਿਚ ਕਾਂਗਰਸ ਪਾਰਟੀ ਦੇ ਹੱਕ ਵਿਚ ਭੁਗਤੇ। ਇਹੋ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਕਾਂਗਰਸ ਦਾ ਕ੍ਰਿਸ਼ਮਾ ਹੈ। ਪੰਜਾਬ ਵਿਚ ਹੋਈ ਇਸ ਸਿਆਸੀ-ਸਮਾਜਕ ਇੰਜੀਨੀਅਰਿੰਗ ਪ੍ਰਸ਼ਾਸਨਿਕ ਸਫਲਤਾ ਵਿਚ ਕਿਵੇਂ ਵਿਕਸਿਤ ਹੁੰਦੀ ਹੈ, ਹੁੰਦੀ ਵੀ ਹੈ ਜਾਂ ਨਹੀਂ, ਇਸ ਦਾ ਪਤਾ ਆਉਣ ਵਾਲੇ ਸਮੇਂ ਵਿਚ ਲੱਗੇਗਾ, ਕਿਉਂਕਿ ਕੈਪਟਨ ਸਰਕਾਰ ਨੂੰ ਐਸ਼ਵਾਈæਐਲ਼, ਨਸ਼ੇ ਦੇ ਪਸਾਰੇ ਨੂੰ ਰੋਕਣ, ਕਿਸਾਨ ਖੁਦਕੁਸ਼ੀਆਂ, ਬੇਰੁਜ਼ਗਾਰੀ ਅਤੇ ਪੰਜਾਬ ਦੀ ਧਾਰਮਿਕ ਖਿਚੋਤਾਣ ਜਿਹੇ ਮੁੱਦਿਆਂ ਨਾਲ ਦੋ-ਚਾਰ ਹੋਣਾ ਪੈਣਾ ਹੈ।
ਇਨ੍ਹਾਂ ਮੁਦਿਆਂ ‘ਤੇ ਕੈਪਟਨ ਪ੍ਰਸ਼ਾਸਨ ਦੀ ਸਫਲਤਾ ਹੀ ਇਸ ਪਾਰਟੀ ਦੀ ਦੇਸ਼ ਪੱਧਰ ‘ਤੇ ਪੁਨਰ-ਸੁਰਜੀਤੀ ਦਾ ਆਧਾਰ ਬਣ ਸਕਦੀ ਹੈ। ਕਾਂਗਰਸ ਜੇ ਪੰਜਾਬ ਵਿਚ ਸਮਾਜਕ/ਸਿਆਸੀ ਇੰਜੀਨੀਅਰਿੰਗ ਨੂੰ ਪ੍ਰਸ਼ਾਸਨਿਕ ਸਫਲਤਾ ਵਿਚ ਪਲਟ ਲੈਂਦੀ ਹੈ ਤਾਂ ਉਹ ਇਸ ਪਾਰਟੀਸਿਪੇਟਰੀ ਜਮਹੂਰੀਅਤ ਦੇ ਤਜ਼ਰਬੇ ਨੂੰ ਮੁਲਕ ਪੱਧਰ ‘ਤੇ ਲਾਗੂ ਕਰ ਸਕਦੀ ਹੈ। ਅਜਿਹਾ ਕਰਦਿਆਂ ਇਹ ਸਿੱਖਾਂ ਨੂੰ ਦੁਸ਼ਮਣ ਮਿਥ ਕੇ ਆਪਣੀ ਸਿਆਸੀ ਉਸਾਰੀ ਕਰਨ ਵਾਲੀ ਰਵਾਇਤੀ ਕਾਂਗਰਸ ਨਹੀਂ ਰਹੇਗੀ। ਕਾਂਗਰਸ ਸਿੱਖਾਂ ਲਈ ਪੰਜਾਬ ਵਿਚ ਇਕ ਸਨਮਾਨਯੋਗ ਸਿਆਸੀ ਸਪੇਸ ਮੁਹਈਆ ਕਰਦਿਆਂ ਪਾਰਟੀਸਿਪੇਟਰੀ ਜਮਹੂਰੀਅਤ ਦਾ ਮਾਡਲ ਉਸਾਰੇਗੀ ਤਾਂ ਉਸ ਦੀ ਪੁਨਰ-ਸੁਰਜੀਤੀ ਦੇ ਆਸਾਰ ਬੇਹੱਦ ਸਾਜਗਾਰ ਹੋਣਗੇ। (ਇਹੋ ਜਿਹੀ ਆਸ ਆਮ ਆਦਮੀ ਪਾਰਟੀ ਤੋਂ ਸੀ, ਜਿਹੜੀ ਮੁੱਢ ਵਿਚ ਹੀ ਆਪਣੇ ਅਸੂਲਾਂ ਤੋਂ ਥਿੜਕ ਗਈ) ਭਾਵ ਇਸ ਮਾਡਲ ਦੀ ਸਫਲਤਾ ਵਿਚ ਹੀ ਕਾਂਗਰਸ ਪਾਰਟੀ ਦਾ ਪੁਨਰ ਜਨਮ ਪਿਆ ਹੈ। ਇਸ ਦੀ ਅਸਫਲਤਾ ਵਿਚ ਕਾਂਗਰਸ ਦੇ ਪੁਨਰ ਜਨਮ ਦੇ ਸੁਪਨੇ ਦੀ ਮੌਤ ਲੁਕੀ ਹੋਈ ਹੈ।