ਪੰਜਾਬੀਆਂ ਦੇ ਪਰਦੇਸੀਂ ਵੱਸਣ ਦੇ ਕਿੱਸੇ ਅਮੁੱਕ ਹਨ। ਬਥੇਰੇ ਪੰਜਾਬੀ ਉਜਲੇ ਭਵਿਖ ਖਾਤਰ ਪੰਜਾਬ ਨੂੰ ਅਲਵਿਦਾ ਆਖ ਕੇ ਓਪਰੀ ਧਰਤੀ ਵੱਲ ਧਾਏ। ਕੈਨੇਡਾ ਵੱਸਦੇ ਸ਼ਾਇਰ ਇਕਬਾਲ ਰਾਮੂਵਾਲੀਆ ਨੇ ਪੰਜਾਬ ਨੂੰ ਅਲਵਿਦਾ ਆਖਣ ਵੇਲੇ ਦੇ ਚਾਅ ਅਤੇ ਦਰਦ ਨੂੰ ਇਕੱਠਿਆਂ ਹੀ ਆਪਣੇ ਇਸ ਲੇਖ ਵਿਚ ਪਰੋਇਆ ਹੈ। ਇਕਬਾਲ ਰਾਮੂਵਾਲੀਆ ਨੇ ਸਾਹਿਤ ਦੇ ਪਿੜ ਵਿਚ ਆਪਣੀ ਸ਼ੁਰੂਆਤ ਸ਼ਾਇਰੀ ਨਾਲ ਕੀਤੀ ਸੀ ਅਤੇ ਮਗਰੋਂ ਕਹਾਣੀ, ਨਾਵਲ, ਕਾਵਿ-ਨਾਟ ਤੇ ਦੋ ਭਾਗਾਂ ਵਿਚ ਸਵੈ-ਜੀਵਨੀ ਦੀ ਰਚਨਾ ਵੀ ਕੀਤੀ। ਉਂਜ ਉਸ ਦੀ ਹਰ ਲਿਖਤ ਵਿਚ ਸ਼ਾਇਰੀ ਵਾਲਾ ਰੰਗ ਸਾਫ ਮਹਿਸੂਸ ਕੀਤਾ ਜਾ ਸਕਦਾ ਹੈ।
ਹਥਲੇ ਲੇਖ ‘ਚੰਗਾ ਬਈ ਪੰਜਾਬ!’ ਦਾ ਰੰਗ-ਢੰਗ ਵੀ ਇਹਦੀ ਸ਼ਾਹਦੀ ਭਰਦਾ ਹੈ। -ਸੰਪਾਦਕ
ਇਕਬਾਲ ਰਾਮੂਵਾਲੀਆ
ਫੋਨ: 905-792-7357
ਸੰਨ 1974 ਦੀ ਜਨਵਰੀ ਦੀਆਂ ਠੁਰ ਠੁਰ ਕਰਦੀਆਂ ਤਰੀਕਾਂ। ਕੋਰਿਆਂ ਤੇ ਧੁੰਦਾਂ ਵਿਚ ਸਿਰਾਂ ਉਦਾਲੇ ਕੰਬਲਾਂ ਤੇ ਖੇਸਾਂ ਦੇ ਝੁੰਬ। ਇਹ ਤਰੀਕਾਂ ਬੱਸ ਅੱਡਿਆਂ, ਪਿੰਡਾਂ ਦੀਆਂ ਸੱਥਾਂ ਵਿਚ, ਪੁਲਾਂ ਦੀਆਂ ਵੱਖੀਆਂ ਦੇ ਲਾਗੇ ਅਤੇ ਖੂਹਾਂ-ਟਿਊਬਵੈਲਾਂ ਉਤੇ ਨਿਢਾਲ ਹੋਈਆਂ ਧੂਣੀਆਂ ਵਿਚੋਂ ਸੇਕ ਤਲਾਸ਼ਦੀਆਂ ਦਿਸਦੀਆਂ। ਪਠੀਰ ਉਮਰੀਆਂ ਕਣਕਾਂ ਦੇ ਪੱਤੇ, ਉਨ੍ਹਾਂ ਉਦਾਲੇ ਲਿਪਟੇ ਕੋਰੇ ਦੇ ਪੇਤਲੇ-ਪੇਤਲੇ ਲੇਪ ਤੋਂ ਮੁਕਤ ਹੋਣ ਲਈ ਧੁੱਪ ਦੀ ਉਡੀਕ ਕਰਦੇ। ਧਰਤੀ ਉਦਾਲੇ ਪਸਰੀ ਸੰਘਣੀ ਚਿੱਟੀ ਭਾਫ ਵਿਚ ਖਾਲਸਾ ਕਾਲਜ (ਗੁਰੂਸਰ ਸੁਧਾਰ) ਦੀ ਦੋ ਮੰਜ਼ਲੀ ਇਮਾਰਤ, ਧੁੰਦਲਾ ਜਿਹਾ ਅਕਸ ਬਣ ਕੇ ਕੁੰਗੜੀ ਹੁੰਦੀ।
ਭਰਾ ਰਛਪਾਲ ਦੀਆਂ ਚਿੱਠੀਆਂ ਵਿਚ ਵੀ ਠਰੇ-ਠਰੇ ਵਾਕ ਹੁੰਦੇ। ਕਿਸੇ ਵਿਚ ਗੈਰ ਕਾਨੂੰਨੀ ਇਮੀਗਰਾਂਟਾਂ ਨੂੰ ਦਬੋਚਣ ਲਈ ਪੁਲਿਸ ਵੱਲੋਂ ਫੈਕਟਰੀਆਂ ਵਿਚ ਮਾਰੇ ਛਾਪਿਆਂ ਦੇ ਵੇਰਵੇ ਤੇ ਕਿਸੇ ਵਿਚ ਇਮੀਗਰਾਂਟਾਂ ਦੀਆਂ ਰਿਹਾਇਸ਼ਾਂ ‘ਤੇ ਹੋਈਆਂ ਤਲਾਸ਼ੀਆਂ ਦੇ। ਹਰ ਚਿੱਠੀ ਪੜ੍ਹਨ ਮਗਰੋਂ ਮੇਰੇ ਮੱਥੇ ਵਿਚ ਪੱਤੇ ਡਿੱਗਣ ਲੱਗ ਪੈਂਦੇ।
ਅਪਰੈਲ ਵਿਚ ਆਈ ਇਕ ਚਿੱਠੀ ਖੋਲ੍ਹਦਿਆਂ ਮੇਰੀਆਂ ਉਂਗਲਾਂ ਵਿਚ ਝਰਨਾਹਟ ਛਿੜਨ ਲੱਗੀ। ਲਿਖਿਆ ਸੀ, “ਕਿੰਨੇ ਚਿਰ ਤੋਂ ਜਾਨ ਮੱਛੀ ਵਾਂਙਣ ਤੱਕਲੇ ਉਪਰ ਟੁੰਗੀ ਹੋਈ ਸੀ।”
ਮੇਰੀਆਂ ਉਂਗਲਾਂ ਸੁੰਨ ਹੋਣ ਲੱਗੀਆਂ। ਇਸ ਤੋਂ ਅਗਲੀ ਇਬਾਰਤ ਮੈਨੂੰ ਕੀੜਿਆਂ ਦਾ ਭੌਣ ਜਾਪਣ ਲੱਗੀ। ਦਿਲ ਕਰੇ ਕੀੜਿਆਂ ਦੇ ਇਸ ਭੌਣ ਨੂੰ ਦਿਮਾਗ ਵਿਚ ਚੜ੍ਹਨ ਤੋਂ ਪਹਿਲਾਂ ਹੀ ਕੂੜੇਦਾਨ ਵਿਚ ਝਾੜ ਦੇਵਾਂ, ਪਰ ਬਿੰਦ ਕੁ ਬਾਅਦ ਅੱਗੇ ਪੜ੍ਹਨ ਦੀ ਉਤਸੁਕਤਾ, ਅਗਲੇ ਸ਼ਬਦਾਂ ਨੂੰ ਉਲਟਾਉਣ ਪਲਟਾਉਣ ਲੱਗੀ, “ਵਿਜ਼ਟਰ ਬਣ ਕੇ ਕੈਨੇਡਾ ਆਏ ਅਣਗਿਣਤ ਲੋਕਾਂ ਨੂੰ ਮਜਬੂਰੀ ਅਧੀਨ ਵਰਕ ਪਰਮਿਟ ਤੋਂ ਬਿਨਾ ਹੀ ਚੋਰੀ ਕੰਮ ਕਰਨਾ ਪੈ ਰਿਹਾ ਹੈ, ਕਿਉਂਕਿ ਰਿਹਾਇਸ਼ ਦੇ ਕਿਰਾਏ ਅਤੇ ਖਾਣ ਪੀਣ ਦਾ ਸਮਾਨ ਖਰੀਦਣ ਲਈ ਪੈਸਿਆਂ ਦੀ ਜ਼ਰੂਰਤ ਹੈ। ਕਈਆਂ ਦੀਆਂ ਰਿਹਾਇਸ਼ਾਂ ਉਤੇ ਛਾਪੇ ਵਜੇ ਤੇ ਇੰਡੀਆ ਤੋਂ ਲਿਆਂਦੀਆਂ ਜਾਅਲੀ ਮੋਹਰਾਂ ਤੇ ਜਾਅਲੀ ਸਰਟੀਫਿਕੇਟ ਫੜੇ ਗਏ। ਉਨ੍ਹਾਂ ਨੂੰ ਵੀ ਡਿਪੋਰਟ ਕਰ ਦਿੱਤਾ ਗਿਆ ਹੈ। ਪਿਛਲੇ ਸਾਲ (1973 ਵਿਚ) ਸਾਡੇ ਉਤੇ ਵੀ ਛਾਪਾ ਪੈ ਗਿਆ ਸੀ ਅਤੇ ਤਲਾਸ਼ੀ ਵਿਚ ਪੁਲਿਸ ਮੇਰੇ ਸਾਰੇ ਸਰਟੀਫਿਕੇਟ ਤੇ ਡਿਗਰੀਆਂ ਤਫਤੀਸ਼ ਕਰਨ ਲਈ ਲੈ ਗਈ ਸੀ।”
ਮੇਰੇ ਸਾਹ ਲੰਮੇ ਹੋਣ ਲੱਗੇ ਤੇ ਦਿਲ ਵਿਚ ਉਠੀ ਧੱਕ-ਧੱਕ ਨਾਲ ਮੇਰੀ ਜੇਬ ਵਿਚ ਟੰਗਿਆ ਪੈਨ ਕੰਬਣ ਲੱਗਾ। ਜੱਕੋ-ਤੱਕੀ ਵਿਚ ਨਜ਼ਰਾਂ ਅਗਲੇ ਫਿਕਰੇ ਵੱਲ ਵਧਾਈਆਂ, “ਪਰ ਅੱਜ ਸਭ ਕੁਝ ਬਦਲ ਗਿਆ ਹੈ। ਜਿਉਂ ਹੀ ਆਹ ਚਿੱਠੀ ਮਿਲੇ ਤਾਂ ਤੂੰ ਤੁਰਤ ਹੀ ਪ੍ਰੋਫੈਸਰ ਸੁਰਿੰਦਰ ਵਾਲੇ ਇਨਫੀਲਡ ਉਤੇ ਮੁੱਲਾਂਪੁਰ ਵੱਲ ਚਾਲੇ ਪਾ ਦੇਣੇ ਹਨ। ਉਥੇ ਬਸ ਅੱਡੇ ਲਾਗਲੇ ਅੰਗਰੇਜ਼ੀ ਠੇਕੇ ਤੋਂ ਹਾਈਲੈਂਡ ਚੀਫ ਦੀ ਬੋਤਲ ਲਿਆ ਕੇ ਪ੍ਰੋਫੈਸਰ ਹਰਦਿਆਲ ਸਿੰਘ ਅਤੇ ਬਾਈ ਸੁਰਿੰਦਰ ਦੇ ਸਾਹਮਣੇ ਮੇਜ਼ ਉਤੇ ਗੱਡ ਦੇਣੀ, ਤੇ ਸੁਧਾਰ ਦੇ ਪੁਲ ਉਤੇ ਰੇੜ੍ਹੀ ਲਾਉਣ ਵਾਲੇ ਬਾਬੇ ਤੋਂ ਕਿੱਲੋ ਮੱਛੀ ਤਲ਼ਾ ਕੇ ਉਸ ਨੂੰ ਪੰਜ ਰੁਪਈਆਂ ਦੀ ਟਿੱਪ ਜ਼ਰੂਰ ਦੇ ਦੇਣੀ।”
ਮੇਰੀਆਂ ਅੱਖਾਂ ਬੰਦ ਹੋ ਗਈਆਂ ਤੇ ਲੰਮਾ ਸਾਹ ਮੇਰੇ ਫੇਫੜਿਆਂ ਵਿਚ ਲੰਮਾ ਸਮਾਂ ਬਾ-ਸਮਾਧੀ ਰੁਕਿਆ ਰਿਹਾ।
“ਹਾਈਲੈਂਡ ਚੀਫ ਦੀ ਬੋਤਲ? ਤੇ ਕਿੱਲੋ ਮੱਛੀ?” ਮੈਂ ਬੁੜਬੁੜਾਇਆ।
“ਬਾਕੀ ਮੈਂ ਚਾਹੁੰਦਾ ਹਾਂ ਕਿ ਤੁਸੀਂ ਦੋਵੇਂ (ਮੈਂ ਅਤੇ ਪਤਨੀ ਸੁਖਸਾਗਰ) ਵੀ ਇਥੇ ਆ ਜਾਵੋ। ਇਥੇ ਮਿਹਨਤ ਤਾਂ ਕਰਨੀ ਪੈਂਦੀ ਹੈ, ਪਰ ਯੂਨੀਵਰਸਿਟੀ ਵਿਚ ਪੜ੍ਹਾਈ ਕਰ ਕੇ ਚੰਗੀਆਂ ਨੌਕਰੀਆਂ ਕਰਨ ਦੇ ਯੋਗ ਹੋ ਜਾਵੋਗੇ। ਆਪਣੀ ਦੋਹਾਂ ਦੀ ਜਨਮ ਤਰੀਕ ਅਤੇ ਐਜੂਕੇਸ਼ਨ ਦਾ ਪੂਰਾ ਵੇਰਵਾ ਮੈਨੂੰ ਜਲਦੀ-ਜਲਦੀ ਭੇਜ ਦੇਵੋ ਅਤੇ ਪਾਸਪੋਰਟ ਅਪਲਾਈ ਕਰ ਦੇਵੋ।”
—
“ਵਧਾਈਆਂ ਜੀ ਵਧਾਈਆਂ!” ਘੁਡਾਣੀ ਵਾਲੇ ਘਰ ਦੇ ਦਰਵਾਜ਼ਿਓਂ ਅੰਦਰ ਹੋਣ ਸਾਰ ਮੈਂ ਆਪਣੀ ਮੁਸਕਾਨ ਸੁਖਸਾਗਰ ਵੱਲ ਵਧਾ ਦਿੱਤੀ।
“ਵਧਾਈਆਂ?” ਉਸ ਨੇ ਆਪਣੇ ਮੱਥੇ ਵਿਚ ਉਗ ਆਈ ਘੁਟਣ ਨੂੰ ਮੇਰੇ ਚਿਹਰੇ ਉਤੇ ਸੇਧ ਲਿਆ। “ਕਾਹਦੀਆਂ ਵਧਾਈਆਂ?”
“ਲਾ ਲਾ ਅੰਦਾਜ਼ਾ!”
ਕੁਝ ਕੁ ਸਕਿੰਟ ਅੱਖਾਂ ਮੀਟਣ ਤੋਂ ਬਾਅਦ ਸਾਗਰ ਨੇ ਆਪਣਾ ਸਿਰ ਸੱਜੇ-ਖੱਬੇ ਫੇਰ ਦਿੱਤਾ।
ਮੈਂ ਆਪਣੇ ਬਰੀਫਕੇਸ ਦੀ ਜ਼ਿਪਰ ਦਾ ਕੁੰਡਾ Ḕਸ਼ੁਰਕ’ ਕਰ ਕੇ ਇਕ ਪਾਸੇ ਨੂੰ ਖਿੱਚਿਆ ਤੇ ਨਿੱਕੀਆਂ-ਨਿੱਕੀਆਂ ਲਾਲ ਟਿੱਕੀਆਂ ਵਾਲੇ ਬਾਡਰ ਵਾਲਾ ਨੀਲਾ ਲਿਫਾਫਾ ਸੁਖਸਾਗਰ ਵੱਲ ਵਧਾ ਦਿੱਤਾ।
ਪਹਿਲੇ ਪੈਰਿਆਂ ਨੂੰ ਪੜ੍ਹਦਿਆਂ ਮੁਸਕਰਾ ਰਹੀ ਸੁਖਸਾਗਰ ਦੇ ਮੱਥੇ ਉਪਰ ਜਦੋਂ ਗੰਢ ਜਿਹੀ ਬੱਝਣ ਲੱਗੀ, ਮੈਂ ਸਮਝ ਗਿਆ ਕਿ ਉਹ ਰਛਪਾਲ ਵੱਲੋਂ ਕੀਤੀ ਗਈ ਜਨਮ ਤਰੀਕ ਅਤੇ ਹੋਰ ਕਾਗਜ਼ਾਤ ਭੇਜਣ ਦੀ ਤਾਕੀਦ ‘ਤੇ ਅੱਪੜ ਗਈ ਸੀ। ਆਪਣਾ ਚਿਹਰਾ ਕਦੇ ਬੀਜੀ ਵੱਲ ਤੇ ਕਦੇ ਬਾਪੂ ਜੀ ਵੱਲ ਮੋੜਦੀ ਹੋਈ ਉਹ ਆਪਣੇ ਬੁੱਲ੍ਹ ਦੰਦਾਂ ਵਿਚਕਾਰ ਟਿਕਾਉਣ-ਕੱਢਣ ਲੱਗੀ।
—
ਸਾਗਰ ਨੂੰ ਅਤੇ ਮੈਨੂੰ Ḕਏਕ ਜੋਤ, ਦੋਇ ਮੂਰਤੀ’ ਹੋਇਆਂ ਤਿੰਨ ਸਾਲ ਹੋਣ ਵਾਲੇ ਸਨ। ਇਨ੍ਹਾਂ ਤਿੰਨਾਂ ਸਾਲਾਂ ਦੌਰਾਨ ਉਸ ਦੀ ਕੁੱਖ ਵਿਚ ਦੀਵਾ ਜਗਾਉਣ ਲਈ ਅਸੀਂ ਕਈ ਡਾਕਟਰਾਂ ਦੇ ਕਲਿਨਿਕਾਂ ਵਿਚ ਆਪਣੇ ਬਟੂਏ Ḕਚ ਕਈ ਵਾਰ ਮੂੰਹ ਹਨੇਰਾ ਕਰ ਚੁਕੇ ਸਾਂ।
“ਚਲੋ, ਕਾਗਜ਼ ਤਾਂ ਆ ਲੈਣ ਦਿਓ।” ਸਾਗਰ ਦੇ ਚਿਹਰੇ ਉਤੇ ਉਤਰ ਆਈ ਸਿੱਲ੍ਹ ਨੂੰ ਭਾਪਦਿਆਂ ਬੀਜੀ ਦੀ ਬਜ਼ੁਰਗੀ ਬੋਲੀ।
“ਪਰ ਤੁਸੀਂ ‘ਕੱਲੇ ਐਥੇ, ਬੀਜੀ?” ਸੁਖਸਾਗਰ ਦਾ ਹੇਠਲਾ ਬੁੱਲ੍ਹ ਕੰਬਣ ਲੱਗਾ, “æææਤੇ ਅਸੀਂ ਦੋਵੇਂ ਸੱਤ ਸਮੁੰਦਰੋਂ ਪਾਰ?”
“ਹਾਲੇ ਹੱਡ ਪੈਰ ਚਲਦੇ ਆ ਸਾਡੇ ਸਾਗਰ!” ਬੀਜੀ ਦੇ ਬੁੱਲ੍ਹਾਂ ਉਪਰ ਮਨਜ਼ੂਰੀ ਜੁੜਨ ਲੱਗੀ, “ਨਾਲੇ ਕੈਨੇਡਾ ਵਿਚ ਤੇਰਾ ਇਲਾਜ ਵੀ ਬੇਟਾ, ਐਥੋਂ ਨਾਲੋਂ ਵਧੀਆ ਈ ਹੋਊਗਾ।”
ਉਸ ਰਾਤ ਪਲੰਘ ਦੀ ਬਾਹੀ ਵੱਲ ਚਿਹਰਾ ਕਰ ਕੇ ਲੇਟੀ ਸੁਖਸਾਗਰ ਅਰਧ ਨੀਂਦਰ ਵਿਚ ਵਾਰ-ਵਾਰ Ḕਹੂੰਅਅ, ਹੂੰਅਅ’ ਕਰਦੀ ਰਹੀ।
—
ਪੰਜ ਕੁ ਮਹੀਨਿਆਂ ਬਾਅਦ (ਸਤੰਬਰ 1974 ਦੇ ਅਖੀਰ ਵਿਚ) ਸੇਵਾਦਾਰ ਰੱਖਾ ਸਿੰਘ ਨੇ ਇਨਲੈਂਡ ਲਿਫਾਫਾ ਮੇਰੇ ਵੱਲ ਵਧਾਇਆ। ਪੰਜਾਬੀ ਵਿਚ ਲਿਖੇ ਸਿਰਨਾਵੇਂ ਵਿਚੋਂ ਬਾਪੂ ਪਾਰਸ ਦੀਆਂ ਉਂਗਲਾਂ ਵਿਚ ਫੜ੍ਹਿਆ ਪੈਨ ਉਭਰਨ ਲੱਗਾ।
Ḕਸੁੱਖ ਹੋਵੇ।’ ਮੈਂ ਸੋਚਣ ਲੱਗਾ। ਮੁਰਗਿਆਂ-ਬੋਤਲਾਂ ਤੇ ਲੋੜਵੰਦਾਂ ਉਪਰ ਨੋਟਾਂ ਨੂੰ ਕਬੂਤਰਾਂ ਵਾਂਗਣ ਉਡਾਉਣ ਵਾਲੇ ਬਾਪੂ ਪਾਰਸ ਨੇ ਚਿੱਠੀ ਲਿਖਣ ਵੇਲੇ ਸ਼ਬਦਾਂ ਦੀ ਡਾਢੀ ਕਿਰਸ ਕੀਤੀ ਹੋਈ ਸੀ: ਘਰ ਸੁੱਖ-ਸਾਂਦ ਹੈ। ਜ਼ਰੂਰੀ ਸੁਨੇਹਾ: ਤੇਰੇ ਨਾਮ ‘ਤੇ ਡਾਕ ਆਈ ਹੈ, ਕਾਫੀ ਭਾਰਾ ਲਿਫਾਫਾ ਹੈ। ਪਿੰਡ ਗੇੜਾ ਮਾਰ ਜਾਹ। -ਕਰਨੈਲ ਸਿੰਘ
—
ਜਦੋਂ ਨੂੰ ਮੋਗਿਓਂ ਟੈਂਪੂ ਫੜ੍ਹ ਕੇ ਮੈਂ ਪਿੰਡ ਅੱਪੜਿਆ, ਸੂਰਜ ਕੁੰਜੀਆਂ ਦੇ ਗੁੱਛੇ ਨੂੰ ਹਨੇਰੇ ਦੇ ਹੱਥਾਂ ਵਿਚ ਕਰਨ ਦੀ ਤਿਆਰੀ ਵਿਚ ਸੀ।
ਭਾਰੇ ਲਿਫਾਫੇ ਦੇ ਸੱਜੇ ਕੋਨੇ ਵਿਚ ਕੈਨੇਡੀਅਨ ਹਾਈ ਕਮਿਸ਼ਨ ਦਾ ਲੋਗੋ ਤੇ ਸਿਰਨਾਵਾਂ ਬੋਲਣ ਲੱਗੇ: ਖੋਲ੍ਹ ਛੇਤੀ, ਇਕਬਾਲ ਸਿਆਂ, ਖੋਲ੍ਹ!
ਅਗਲੇ ਦਿਨ ਮੋਗਿਓਂ ਬੱਸ ਫੜ੍ਹ ਕੇ ਕਾਲਜ ਜਾਣ ਦੀ ਥਾਂ ਮੈਂ ਸਿੱਧਾ ਲੁਧਿਆਣੇ ਦੇ ਬੱਸ ਅੱਡੇ ‘ਤੇ ਜਾ ਉਤਰਿਆ ਤੇ ਘੁਡਾਣੀ ਵਾਲੀ ਬੱਸ ਦਾ ਇੰਤਜ਼ਾਰ ਕਰਦਾ ਅੰਬੈਸੀ ਵੱਲੋਂ ਆਏ ਕਾਗਜ਼ਾਂ ਬਾਰੇ ਸੋਚਣ ਲੱਗਾ। ਬਾਅਦ ਦੁਪਹਿਰ ਚਾਰ ਕੁ ਵਜੇ ਸੁਖਸਾਗਰ ਨੇ ਆਪਣਾ ਪਰਸ ਪਲੰਘ ਉਤੇ ਆ ਟਿਕਾਇਆ।
ਅੰਬੈਸੀ ਵੱਲੋਂ ਆਏ ਪੁਲੰਦੇ ਦੇ ਨੌਂ ਦਸ ਕਾਗਜ਼ ਦੇਖ ਕੇ ਸਾਗਰ ਦਾ ਮੱਥਾ ਸੁੰਗੜਨ ਲੱਗਾ ਤੇ ਉਹ ਸਾਡੇ ਸੌਣ-ਕਮਰੇ ਦੀ ਟਾਂਡ ਉਪਰ ਟਿਕਾਏ ਬੀਜੀ ਤੇ ਬਾਪੂ ਜੀ ਦੇ ਪੋਰਟਰੇਟਾਂ ਦੇ ਫਰੇਮਾਂ ਅਤੇ ਸ਼ੀਸ਼ਿਆਂ ਉਤੋਂ ਗਰਦ ਪੂੰਝਣ ਲੱਗੀ।
ਅਗਲੇ ਹਫਤੇ ਜਦੋਂ ਮੈਂ ਕੈਨੇਡੀਅਨ ਅੰਬੈਸੀ ਵੱਲੋਂ ਆਏ ਐਪਲੀਕੇਸ਼ਨ ਫੋਰਮ ਦੇ ਅਮੁੱਕ ਸਫਿਆਂ ਦੀ ਹਲਕੀ-ਹਲਕੀ ਹਰਿਆਵਲ ਦੇ ਕਾਲਮਾਂ ਵਿਚ, ਸਾਡੇ ਦੋਹਾਂ ਬਾਰੇ ਮੰਗੀ ਹੋਈ ਜਾਣਕਾਰੀ ਚਿਣ ਰਿਹਾ ਸਾਂ ਤਾਂ ਸੁਖਸਾਗਰ ਬੀਜੀ ਹੋਰਾਂ ਦੇ ਸੌਣ ਕਮਰੇ ਵੱਲ ਖਿਸਕ ਗਈ।
—
ਦੋ ਮਹੀਨਿਆਂ ਬਾਅਦ (1974 ਦੇ ਨਵੰਬਰ ਵਿਚ) ਹਵਾ ਵਿਚ ਘੁਲ ਰਹੀ ਠੰਢ ਦੀ ਮੱਠੀ-ਮੱਠੀ ਪੈੜਚਾਲ ਨੇ ਰਜ਼ਾਈਆਂ-ਗੁਦੈਲਿਆਂ ਵਾਲੇ ਪੇਟੀਆਂ-ਸੰਦੂਕਾਂ ਵਿਚ ਉਥਲ ਪੁਥਲ ਛੇੜ ਦਿੱਤੀ।
1974 ਦਾ ਦਸੰਬਰ ਹਾਲੇ ਕੁਝ ਕੁ ਕਦਮ ਹੀ ਰੁੜ੍ਹਿਆ ਸੀ ਕਿ ਦਰਖਤਾਂ ਦੀਆਂ ਟਾਹਣੀਆਂ ਗੰਜੀਆਂ ਹੋਣ ਲੱਗੀਆਂ ਅਤੇ ਉਨ੍ਹਾਂ ਉਦਾਲੇ ਧੁੰਦਾਂ ਦੇ ਠੰਢੇ ਕਲਾਵੇ ਲਿਪਟਣ ਲੱਗੇ।
ਅੰਬੈਸੀ ਵੱਲ ਕਈ ਮਹੀਨੇ ਪਹਿਲਾਂ ਭੇਜੀ ਸਾਡੀ ਅਰਜ਼ੀ ਦੀ ਯਾਦ ਉਪਰ ਬਹੁਤ ਹਫਤੇ ਪਹਿਲਾਂ ਹੀ ਧੂੜ ਜੰਮਣ ਲੱਗ ਪਈ ਸੀ, ਕਿਉਂਕਿ ਮੇਰੇ ਇਕ ਟਰੈਵਲ ਏਜੰਟ ਮਿੱਤਰ ਨੇ ਮੈਨੂੰ ਕਹਿ ਦਿੱਤਾ ਸੀ ਕਿ ਕੈਨੇਡਾ ਹੁਣ ਬਹੁਤੇ ਇਮੀਗਰਾਂਟ ਗੋਰੇ ਮੁਲਕਾਂ ਵਿਚੋਂ ਹੀ ਲੈ ਰਿਹਾ ਹੈ। ਉਹਦੀਆਂ ਗੱਲਾਂ ਸੁਣ ਕੇ ਕੈਨੇਡੀਅਨ ਅੰਬੈਸੀ ਤੋਂ ਕਿਸੇ ਖਤ ਪੱਤਰ ਦੀ ਉਮੀਦ ਮੈਂ ਘੁਡਾਣੀ ਵਾਲੇ ਘਰ ਦੇ ਪਿਛਵਾੜੇ ਸੁੱਕ ਰਹੀ ਨਿੰਮ ਦੀਆਂ ਜੜ੍ਹਾਂ ਵਿਚ ਝਾੜ ਦਿੱਤੀ ਸੀ।
ਉਸ ਮਿੱਤਰ ਦੀਆਂ ਗੱਲਾਂ ਤੋਂ ਬਾਅਦ ਸੁਖਸਾਗਰ ਦੀ ਐਸਪਰੀਨ ਵਾਲੀ ਸ਼ੀਸ਼ੀ ਪੰਜ-ਛੇ ਦਿਨਾਂ ਵਿਚ ਖਾਲੀ ਹੋਣ ਦੀ ਥਾਂ ਦੋ-ਦੋ ਹਫਤਿਆਂ ਬਾਅਦ ਵੀ ਓਨੀ ਦੀ ਓਨੀ ਰਹਿਣ ਲੱਗ ਪਈ ਸੀ। ਉਹ ਹੁਣ ਲੁਧਿਆਣੇ ਦੇ ਬਸਾਤੀ ਬਾਜ਼ਾਰ ਵਿਚੋਂ ਉਨ ਦੇ ਗੋਲੇ ਖਰੀਦ ਲਿਆਈ ਅਤੇ ਮੇਰੀਆਂ ਬਾਹਾਂ ਤੇ ਮੌਰਾਂ ਦੀ ਮਿਣਤੀ ਕਰ ਕੇ ਬਹੁਤਾ ਸਮਾਂ ਸਲਾਈਆਂ ਨੂੰ ਇਕ ਦੂਜੀ ਨਾਲ ਚੁੰਝੋ-ਚੁੰਝੀ ਕਰਨ ਵਿਚ ਗੁਜ਼ਾਰਨ ਲੱਗੀ।
ਇਕ ਦਿਨ ਮੈਂ ਕਲਾਸ ਪੜ੍ਹਾ ਕੇ ਕੈਂਟੀਨ ਵੱਲ ਵਗਿਆ ਜਾ ਰਿਹਾ ਸਾਂ, ਮੇਰੇ ਪਿਛਲੇ ਪਾਸਿਓਂ ਆਈ ਰੱਖਾ ਸਿੰਘ ਦੀ ਆਵਾਜ਼ ਨੇ ਮੇਰੇ ਕਦਮ ਜਕੜ ਲਏ। ਕੈਂਟੀਨ ਦਾ ਰੂਟ ਕੈਂਸਲ ਕਰ ਕੇ ਮੈਂ ਆਪਣਾ ਸਟੀਅਰਿੰਗ ਸਟਾਫ ਰੂਮ ਵੱਲ ਘੁਮਾ ਦਿੱਤਾ। ਉਥੇ Ḕਨਵਾਂ ਜ਼ਮਾਨਾ’ ਅਖਬਾਰ ਵਿਚ ਖੁੱਭਿਆ ਬਾਪੂ ਪਾਰਸ ਖਬਰਾਂ ਉਧੇੜਨ ਦੇ ਨਾਲ-ਨਾਲ ਆਪਣੀ ਦਾੜ੍ਹੀ ਵੀ ਖੁਰਕ ਰਿਹਾ ਸੀ।
—
ਉਸ ਸ਼ਾਮ ਜਦੋਂ ਘੁਡਾਣੀ ਵਾਲੇ ਘਰ ਵਿਚ ਦਾਖਲ ਹੋਇਆ, ਸੁਖਸਾਗਰ ਆਪਣੇ ਮੋਢਿਆਂ ਉਦਾਲੇ ਸ਼ਾਲ ਲਪੇਟੀ ਬੈਠੀ ਸੀ। ਚਾਹ ਪੀਂਦਿਆਂ ਮੈਂ ਬਾਪੂ ਵੱਲੋਂ ਸੁਧਾਰ ਕਾਲਜ ਵਿਚ ਮੇਰੇ ਹਵਾਲੇ ਕੀਤੀ ਚਿੱਠੀ ਸਾਗਰ ਵੱਲ ਵਧਾ ਦਿੱਤੀ।
“ਇਹ ਕਾਹਦੀ ਆḔਗੀ?” ਚਾਹ ਦਾ ਕੱਪ ਮੇਜ਼ ਉਪਰ ਟਿਕਾ ਕੇ ਉਸ ਨੇ ਆਪਣੀਆਂ ਉਂਗਲਾਂ ਲਿਫਾਫੇ ਵਿਚ ਉਤਾਰ ਦਿੱਤੀਆਂ।
“ਇੰਟਰਵਿਊ?” ਚਿੱਠੀ ਦਾ ਪਹਿਲਾ ਪੈਰਾ ਪੜ੍ਹਦਿਆਂ ਸੁਖਸਾਗਰ ਆਪਣੇ ਸਿਰ ਨੂੰ ਧੀਮੀ ਚਾਲੇ ਸੱਜੇ-ਖੱਬੇ ਫੇਰਨ ਲੱਗੀ।
ਮਿੰਟ ਕੁ ਲਈ ਚਿੱਠੀ ਦੇ ਸ਼ਬਦਾਂ ਨੂੰ ਆਪਣੀਆਂ ਅਟਿਕਵੀਆਂ ਨਜ਼ਰਾਂ ਨਾਲ ਸਿੱਧੇ-ਪੁੱਠੇ ਕਰਨ ਤੋਂ ਬਾਅਦ ਉਸ ਨੇ ਆਪਣਾ ਹੇਠਲਾ ਬੁੱਲ੍ਹ ਆਪਣੇ ਦੰਦਾਂ ਵਿਚਕਾਰ ਕਰ ਲਿਆ ਤੇ ਉਹ ਸਿਰਹਾਣੇ ਹੇਠੋਂ ਸਕਾਰਫ ਖਿੱਚ ਕੇ ਆਪਣੇ ਸਿਰ ਉਦਾਲੇ ਲਪੇਟਣ ਲੱਗ ਪਈ। ਟਾਂਡ ਉਪਰ ਖਲੋਤੀ ਐਸਪਰੀਨ ਦੀ ਸ਼ੀਸ਼ੀ ਵੱਲ ਆਪਣਾ ਹੱਥ ਵਧਾ ਕੇ ਤਿਉੜੀਆਂ ਬਣ ਗਏ ਆਪਣੇ ਮੱਥੇ ਹੇਠ ਸੁੰਗੇੜੀਆਂ ਹੋਈਆਂ ਅੱਖਾਂ ਉਸ ਨੇ ਮੇਰੇ ਵੱਲ ਗੇੜ ਲਈਆਂ।
ਮੇਰੇ ਹੱਥ ਫੜ੍ਹੀ ਚਾਹ ਵਾਲੀ ਪਿਆਲੀ ਥਿਰਕਣ ਲੱਗੀ। ਚਾਬੀ ਵਾਲੇ ਟਾਈਮ ਪੀਸ ਦੀ ਟਿਕ-ਟਿਕ ਕਮਰੇ ਵਿਚ ਛਾਈ ਚੁੱਪ ਦੇ ਲਮਕਾ ਵਿਚ ਮੋਰੀਆਂ ਕਰਨ ਲੱਗੀ।
“ਇੰਟਰਵਿਊ ‘ਤੇ ਜਾਣ ਦਾ ਕੋਈ ਹਰਜ ਨ੍ਹੀਂ ਬੇਟਾ!” ਬੀਜੀ ਕਦੇ ਮੇਰੇ ਵੱਲ ਤੇ ਕਦੇ ਸਾਗਰ ਵੱਲ ਝਾਕਣ ਲੱਗੇ।
“ਅਵੱਲ ਤਾਂ ਇੰਟਰਵਿਊ ‘ਚ ਆਪਾਂ ਨੂੰ ਫੇਲ੍ਹ ਹੀ ਕਰ ਦੇਣੈ ਕੈਨੇਡੀਅਨ ਅੰਬੈਸੀ ਨੇ।” ਆਪਣੀ ਆਵਾਜ਼ ਦੀ ਤਿੜਕਣ ਸੰਭਾਲਦਿਆਂ ਮੈਂ ਆਪਣੀਆਂ ਅੱਖਾਂ ਸਾਗਰ ਦੇ ਚਿਹਰੇ ਵੱਲ ਮੋੜ ਲਈਆਂ।
“ਮੈਂ ਵੀ ਚਾਹੁੰਨੀ ਆਂ ਜਾਓ ਜ਼ਰੂਰ।” ਬੀਜੀ ਆਪਣੀਆਂ ਐਨਕਾਂ ਚੁੰਨੀ ਦੇ ਲੜ ਨਾਲ ਸਾਫ ਕਰਨ ਲੱਗੇ, “ਕੀ ਪਤਾ ਕੋਈ ਖਿਡਾਉਣਾ ਈ ਲੈ ਆਵੋ।”
—
ਇੰਟਰਵਿਊ ਤੋਂ ਅੱਠ ਕੁ ਹਫਤੇ ਬਾਅਦ ਇਕ ਐਤਵਾਰ ਦੀ ਸ਼ਾਮ ਬਾਪੂ ਪਾਰਸ ਨੇ ਸਾਡੇ ਘੁਡਾਣੀ ਕਲਾਂ ਵਾਲੇ ਘਰ ਦੀ ਡੋਰ ਬੈਲ ਆ ਖੜਕਾਈ।
ਚਾਹ ਦੀਆਂ ਪਿਆਲੀਆਂ ਕਿਚਨ ਵਿਚੋਂ ਡਰਾਇੰਗ ਰੂਮ ਦਾ ਦਰਵਾਜ਼ਾ ਖੋਲ੍ਹ ਕੇ ਅੰਦਰ ਵੜੀਆਂ ਹੀ ਸਨ ਕਿ ਬਾਪੂ ਪਾਰਸ ਚਮੜੇ ਦਾ ਬੈਗ ਫਰੋਲਣ ਲੱਗਾ, “ਮੈਂ ਤਾਂ ਆਹ ਚਿੱਠੀ ਫੜਾਉਣ ਆਇਆਂ ਢੋਲ ਸਾਹਿਬ।”
ਤਹਿ ਕੀਤੇ ਕਾਗਜ਼ ਵੱਡ-ਅਕਾਰੀ ਲਿਫਾਫੇ ਤੋਂ ਮੁਕਤ ਕਰਦਿਆਂ ਮੈਂ ਆਪਣੀਆਂ ਅੱਖਾਂ ਪਹਿਲੇ ਸਫੇ ਦੀ ਇਬਾਰਤ ਉਤੇ ਢੇਰੀ ਕਰ ਦਿੱਤੀਆਂ, “ਡੀਅਰ ਮਿਸਟਰ ਗਿੱਲ, ਵੀ ਆਰ ਪਲੀਜ਼ਡ ਟੂ ਇਨਫੋਰਮ ਯੂæææ।” ਮੇਰੀਆਂ ਅੱਖਾਂ ਵਿਚ ਜੁਗਨੂੰ ਖਿੜਨ ਲੱਗੇ। ਮੈਂ ਆਪਣੇ ਬੁੱਲ੍ਹ ਖਿੰਡਾਰ ਕੇ ਬਾਪੂ ਪਾਰਸ ਵੱਲੀ ਝਾਕਣ ਲੱਗਾ, “ਕੈਨੇਡੀਅਨ ਅੰਬੈਸੀ ਦੀ ਚਿੱਠੀ ਆ ਬਾਪੂ ਜੀ।”
“ਕੀ ਕਹਿੰਦੇ ਐ?”
“ਮੈਡੀਕਲ ਆ ਗਿਆ ਹੋਊ।” ਸਾਗਰ ਮੇਰੇ ਵੱਲ ਝਾਕਦਿਆਂ ਆਪਣੇ ਸਿਰ ਨੂੰ ਸੱਜੇ-ਖੱਬੇ ਫੇਰਨ ਲੱਗੀ, “ਸਿਆਪਾ!”
“ਸਿਆਪਾ?” ਬਾਪੂ ਦੀ ਦਾੜ੍ਹੀ ਦੇ ਚਿੱਟੇ ਵਾਲ ਕਾਲਿਆਂ ਨਾਲ ਖਹਿਣ ਲੱਗੇ। ਮੇਰੀ ਚੁੱਪ ਠਰ ਰਹੀ ਚਾਹ ਵਿਚ ਡੁੱਬਣ ਲੱਗੀ।
“ਪਰ ਇਕ ਗੱਲ ਸੁਣ ਲੋ ਬੇਟਾ ਜੀ”, ਬਾਪੂ ਪਾਰਸ ਬੋਲਿਆ, “ਏਹੋ ਜਿਹੇ ਮੌਕੇ ਵਾਰ-ਵਾਰ ਨੀ ਆਉਂਦੇ।”
“ਪਰ æææ ਬਾਪੂ ਜੀਅਅæææ!” ਤੇ ਸਾਗਰ ਨੇ ਆਪਣੀਆਂ ਨਜ਼ਰਾਂ ਬੀਜੀ ਅਤੇ ਬਾਪੂ ਜੀ ਦੀਆਂ ਤਸਵੀਰਾਂ ਵੱਲ ਫੇਰ ਲਈਆਂ।
—
ਅਗਲੇ ਕਈ ਦਿਨਾਂ ਦੌਰਾਨ ਬੀਜੀ ਤੇ ਬਾਪੂ ਜੀ ਸਾਗਰ ਦੇ ਮੱਥੇ ਦੀਆਂ ਤਿਊੜੀਆਂ ਸਾਵੀਆਂ ਕਰਨ ਵਿਚ ਲੱਗੇ ਰਹੇ, “ਦੋ ਢਾਈ ਸਾਲਾਂ ਵਿਚ ਜੇ ਕੋਈ ਖਿਡਾਉਣਾ ਤੇਰੀ ਝੋਲੀ ਪੈ ਗਿਆ ਤਾਂ ਵਾਪਸ ਆ ਜਾਇਓ।”
—
ਮਈ 1975 ਨੇ ਪਹਿਲਾ ਕਦਮ ਹੀ ਪੁੱਟਿਆ ਸੀ ਕਿ ਗਰਮੀਆਂ ਦੀਆਂ ਛੁੱਟੀਆਂ ਨੇ ਪੰਜਾਬ ਭਰ ਦੇ ਕਾਲਜਾਂ ਵਿਚੋਂ ਗਹਿਮਾ-ਗਹਿਮੀ ਹੂੰਝ ਕੇ ਪ੍ਰੋਫੈਸਰਾਂ ਤੇ ਵਿਦਿਆਰਥੀਆਂ ਦੇ ਘਰਾਂ ਵੱਲ ਤੋਰ ਦਿੱਤੀ। ਸੁਰਿੰਦਰ ਨੇ ਸੁਧਾਰ ਬਾਜ਼ਾਰ ਵਾਲੇ ਸਾਡੇ ਚੁਬਾਰੇ ਦੀਆਂ ਚਾਬੀਆਂ ਚੁਬਾਰੇ ਹੇਠ ਫੋਟੋਗਾ੍ਰਫੀ ਕਰਦੇ ਗੁਰਬਚਨ ਸਿੰਘ ਦੇ ਲੜਕੇ ਨੂੰ ਫੜਾ ਕੇ ਆਪਣੇ ਬੁਲਟ ਦਾ ਮੂਹਰਲਾ ਟਾਇਰ ਹਲਵਾਰੇ ਵੱਲ ਕਰ ਲਿਆ। ਮੈਂ ਲੁਧਿਆਣੇ ਵਾਲੀ ਬੱਸ ਉਡੀਕਦਿਆਂ Ḕਲਕੀਰ’ ਰਸਾਲੇ ਵਿਚੋਂ ਸ਼ਾਇਰ ਮਿੱਤਰ ਪਾਸ਼ ਦੀਆਂ ਕਵਿਤਾਵਾਂ ਦਾ ਹਾਲ ਚਾਲ ਪੁੱਛਣ ਲੱਗਾ।
ਮਈ-ਜੂਨ ‘ਚ ਹਰ ਸਵੇਰ ਰਾਤ ਦਾ ਹਨੇਰਾ ਜਿਉਂ ਹੀ ਵਿਦਾ ਹੁੰਦਾ, ਘੁਡਾਣੀ ਵਾਲੇ ਘਰ ਦੀਆਂ ਕੰਧਾਂ ਦੇ ਬਾਹਰਲੇ ਪਲਸਤਰ ਨੂੰ ਬੁਖਾਰ ਚੜ੍ਹਨਾ ਸ਼ੁਰੂ ਹੋ ਜਾਂਦਾ। ਸੂਰਜ ਸਾਹਿਬ ਜਿਉਂ-ਜਿਉਂ ਉਪਰ ਉਠਦੇ, ਪਲਸਤਰ ਦੇ ਬੁਖਾਰ ਵਿਚ ਤੇਜ਼ੀ ਆਉਣ ਲੱਗਦੀ। ਪਲਸਤਰ ਦਾ ਬੁਖਾਰ ਸਾਰੀ ਦਿਹਾੜੀ ਕਮਰਿਆਂ ਦੇ ਅੰਦਰ ਵੱਲ ਫੂਕਾਂ ਮਾਰਦਾ ਰਹਿੰਦਾ। ਛੱਤਾਂ ਤੋਂ ਲਟਕਦੇ ਪੱਖੇ ਇਨ੍ਹਾਂ ਫੂਕਾਂ ਨੂੰ ਦਿਨ-ਰਾਤ ਰਿੜਕਦੇ, ਤੇ ਸਾਡੇ ਮੱਥਿਆਂ ਉਪਰ ਉਭਰਦੇ ਪਸੀਨੇ ਨੂੰ ਸੁੱਕਣ ਦਾ ਭਰਮ ਦੇਈ ਜਾਂਦੇ।
—
ਜੁਲਾਈ ਦਾ ਪਹਿਲਾ ਹਫਤਾ ਖੁੱਲ੍ਹਣ ਸਾਰ ਹੀ ਅਸਮਾਨ ਵਿਚ ਗਰੜ-ਗਰੜ, ਦਗੜ-ਦਗੜ ਖੰਘਾਰਨ ਲੱਗੀ। ਇਕ ਸ਼ਾਮ ਮੈਂ ਦਰੀ ਅਤੇ ਚਾਦਰ ਛੱਤ ਉਤੇ ਡੱਠੇ ਮੰਜੇ ਦੇ ਹਵਾਲੇ ਕੀਤੀਆਂ ਹੀ ਸਨ ਕਿ ਅਸਮਾਨ ਵਿਚ ਤਲਵਾਰਾਂ ਭਿੜਨ ਲੱਗੀਆਂ: ਪਹਿਲਾਂ ਨਿੱਕੇ-ਨਿੱਕੇ ਲਿਸ਼ਕਾਰੇ, ਤੇ ਫਿਰ ਅੱਗ ਦੀ ਅਮੁੱਕ ਲਕੀਰ ਚੜ੍ਹਦਿਓਂ ਲਹਿੰਦੇ ਵੱਲ ਖਿਚੀ ਗਈ। ਸਾਰੇ ਪਿੰਡ ਦੇ ਵਿਹੜੇ ਇਕਦਮ ਅੰਨ੍ਹੇ ਹੋ ਗਏ, ਤੇ ਛਿਣ ਕੁ ਭਰ ਪਹਿਲਾਂ ਅੱਗ ਦੀ ਲਕੀਰ ਨਾਲ ਦੁਫਾੜ ਹੋਈਆਂ ਕਾਲੀਆਂ ਘਟਾਵਾਂ ਸ਼ੇਰਾਂ ਹਾਥੀਆਂ ਵਾਂਗ ਦਹਾੜਨ ਲੱਗੀਆਂ।
ਮੈਂ ਚਾਦਰ ਤੇ ਦਰੀ ਗੁੱਛਾ-ਮੁੱਛਾ ਕਰ ਕੇ ਹਾਲੇ ਪੌੜੀਆਂ ਦੇ ਅੱਧ ਤੀਕਰ ਹੀ ਉਤਰਿਆ ਸਾਂ ਕਿ ਬੱਦਲਾਂ ਵਿਚੋਂ ਪਾਣੀ ਦੇ ਮੋਟੇ-ਮੋਟੇ ਕਣੇ ਇਕਦਮ ਢੇਰੀ ਹੋਣ ਲੱਗੇ। ਪਲਾਂ ਵਿਚ ਹੀ ਸਾਰੇ ਪਿੰਡ ਦੇ ਪਰਨਾਲਿਆਂ ਵਿਚੋਂ ਭਾਖੜਾ ਡੈਮ ਦੀ ਸ਼ੁਰਰ-ਸ਼ੁਰਰ ਡਿੱਗਣ ਲੱਗੀ।
—
ਜੁਲਾਈ ਦੇ ਦੂਜੇ ਹਫਤੇ ਸੁਧਾਰ ਕਾਲਜ ਦੇ ਗੇਟ ‘ਤੇ ਗਹਿਮਾ-ਗਹਿਮੀ ਸੀ। ਕਲਾਸਾਂ ਸ਼ੁਰੂ ਹੋਈਆਂ ਨੂੰ ਅਜੇ ਪੰਜ ਕੁ ਦਿਨ ਹੋਏ ਸਨ ਕਿ ਇਕ ਦਿਨ ਆਪਣਾ ਬੈਗ ਸੰਭਾਲਦਾ ਬਾਪੂ ਪਾਰਸ ਸਟਾਫ ਰੂਮ ਦੇ ਦਰਵਾਜ਼ੇ ਵਿਚ ਪ੍ਰਗਟ ਹੋ ਗਿਆ। ਹੱਥ ਵਿਚ ਪੀਲੇ ਰੰਗ ਦਾ ਵੱਡ-ਆਕਾਰੀ ਲਿਫਾਫਾ।
ਇਸ ਲਿਫਾਫੇ ਵਿਚੋਂ ਇਸ ਦਾ ਮੋਹਰਬੰਦ ਬੱਚਾ ਨਿਕਲਿਆ, ਉਹਦੇ ਉਤੇ ਮੋਟੇ ਅੱਖਰਾਂ ਵਿਚ ਟਾਈਪ ਕੀਤੀ ਹਦਾਇਤ ਸੀ: ਇਸ ਲਿਫਾਫੇ ਨੂੰ ਖੋਲ੍ਹਣਾ ਨਹੀਂ, ਕੈਨੇਡਾ ਪਹੁੰਚ ਕੇ ਇਮੀਗਰੇਸ਼ਨ ਅਫਸਰ ਦੇ ਹਵਾਲੇ ਕਰਨਾ ਹੈ।
ਘੁਡਾਣੀ ਵਾਲੇ ਘਰ ਵਿਚ ਉਸ ਸ਼ਾਮ ਜਦੋਂ ਅਸੀਂ ਖਾਣਾ ਖਾ ਰਹੇ ਸਾਂ, ਤਾਂ ਸਿਰਫ ਪਲੇਟਾਂ ਕੌਲੀਆਂ ਨਾਲ ਘਿਸੜ ਰਹੇ ਚਮਚਿਆਂ ਦੀ ਕਲਿੱਕ ਕਲਿੱਕ ਹੀ ਸੀ, ਜਾਂ ਹਲਕੇ-ਹਲਕੇ ਪਚਾਕਿਆਂ ਦੀ ਪੱਚ-ਪੱਚ।
—
ਦੰਦਾਂ ਉਪਰ ਬੁਰਸ਼ ਘਸਾਉਣ ਤੋਂ ਬਾਅਦ ਸੁਖਸਾਗਰ ਦੀ ਚੁੱਪ ਬੀਜੀ-ਬਾਪੂ ਜੀ ਦੇ ਸੌਣ ਕਮਰੇ ਵਿਚਲੇ ਡਬਲ ਬੈਡ ਉਪਰ ਜਾ ਲੇਟੀ।
—
“ਤੁਸੀਂ ਇਕੱਲੇ ਈ ਚਲੇ ਜਾਓ।” ਅਗਲੀ ਸਵੇਰ ਚਾਹ ਵਾਲੀ ਗੜਵੀ ਮੇਰੀ ਪਿਆਲੀ ਉਪਰ ਟੇਢੀ ਕਰਦਿਆਂ ਸਾਗਰ ਬੁੜਬੁੜਾਈ।
ਬੀਜੀ ਦਾ ਲੰਮਾ ਸਾਹ ਉਨ੍ਹਾਂ ਦੇ ਫੇਫੜਿਆਂ ਵਿਚ ਲੰਮਾ ਸਮਾਂ ਰੁਕਿਆ ਰਿਹਾ।
“ਤੁਸੀਂ ਦੋਹਾਂ ਨੇ ਜਾਣੈਂ ਸਾਗਰ।” ਬੀਜੀ ਨੇ ਆਪਣਾ ਮੱਥਾ ਸੁੰਗੇੜਿਆ।
—
18 ਸਤੰਬਰ 1975 ਦੀ ਸਵੇਰ ਚਾਰ ਸੂਟਕੇਸ ਪਾਇਲ ਤੋਂ ਆਈ ਅੰਬੈਸਡਰ ਦੇ ਸਿਰ ਉਤੇ ਅਸਵਾਰ ਕਰ ਦਿੱਤੇ ਗਏ।
ਸੁਖਸਾਗਰ ਦੇ ਇਕਲੌਤੇ ਭਰਾ (ਜਿਸ ਨੂੰ ਅਸੀਂ ਕਾਕਾ ਕਹਿ ਕੇ ਸੱਦਦੇ ਸਾਂ/ਹਾਂ) ਨੇ ਜਨਮ ਤੋਂ ਬਾਅਦ ਸਿਰਫ ਦੋ ਕੁ ਬਹਾਰਾਂ ਹੀ ਮਾਣੀਆਂ ਸਨ ਜਦੋਂ ਕੁਦਰਤ ਨੇ ਉਸ ਦੀ ਬੌਧਿਕ ਸਮਰੱਥਾ ਉਦਾਲੇ ਸੰਘਣੀ ਵਾੜ ਵਗਲ ਦਿੱਤੀ। ਇਹ ਵਾੜ ਸਾਰੀ ਉਮਰ ਸੁਖਸਾਗਰ ਤੇ ਬੀਜੀ ਬਾਪੂ ਜੀ ਦੀਆਂ ਖੁਸ਼ੀਆਂ ਵਿਚ ਕੰਡੇ ਚੋਭਦੀ ਰਹੀ ਸੀ। ਮੈਥੋਂ ਸਿਰਫ ਦੋ ਕੁ ਸਾਲ ਛੋਟਾ ਹੋਣ ਦੇ ਬਾਵਜੂਦ ਉਹ ਨਿੱਕੇ ਨਿਆਣਿਆਂ ਵਾਂਗ ਵਿਚਰਦਾ ਸੀ/ਹੈ। ਉਸ ਦਿਨ ਘਰ ਵਿਚ ਹੋ ਰਹੀ ਸਰਗਰਮੀ ਬਾਰੇ ਕਾਕੇ ਨੂੰ ਰਤਾ ਵੀ ਸਮਝ ਨਹੀਂ ਸੀ। ਉਹ ਆਪਣੇ ਰੁਟੀਨ ਮੁਤਾਬਕ ਵਾਰ-ਵਾਰ ਚਾਹ ਦੀ ਮੰਗ ਕਰਦਾ ਰਿਹਾ ਤੇ ਆਪਣੇ ਕਮਰੇ ਦੀ ਛੱਤ ਤੋਂ ਲਟਕਦੇ ਪੱਖੇ ਦੇ ਖੰਭਾਂ ਨੂੰ ਦੇਖ-ਦੇਖ ਕੇ ਕਿਲਕਾਰੀਆਂ ਮਾਰਦਾ ਰਿਹਾ। ਸੁਖਸਾਗਰ ਮੁੜ-ਮੁੜ ਉਸ ਦੇ ਕਮਰੇ ਵਿਚ ਜਾਂਦੀ ਤੇ ਉਸ ਦੇ ਮੱਥੇ ਉਪਰ ਆਪਣੇ ਬੁੱਲ੍ਹਾਂ ਦੀ ਮੋਹਰ ਲਾ ਕੇ ਆਪਣੀਆਂ ਅੱਖਾਂ ਪੂੰਝਣ ਲੱਗਦੀ।
ਮੈਂ ਤੇ ਸਾਗਰ ਨੇ ਕਾਕੇ ਨੂੰ ਘੁੱਟ ਕੇ ਆਪਣੀਆਂ ਬਾਹਾਂ ਵਿਚ ਜਕੜਿਆ ਤੇ ਉਦਾਸ ਚਿਹਰੇ ਲੈ ਕੇ ਉਸ ਦੇ ਕਮਰੇ ਵਿਚੋਂ ਵਿਹੜੇ ‘ਚ ਸਾਨੂੰ ਉਡੀਕਦੇ ਸੂਟਕੇਸਾਂ ਵੱਲ ਵਧਣ ਲੱਗੇ। ਘੁਡਾਣੀ ਦੀਆਂ ਭੀੜੀਆਂ ਗਲੀਆਂ ਦੇ ਖੱਡਿਆਂ ਉਪਰ ਡਿੱਕ ਡੋਲੇ ਖਾਂਦਿਆਂ ਮੁੱਖ ਸੜਕ ‘ਤੇ ਚੜ੍ਹ ਕੇ ਸਾਡੀ ਕਾਰ ਜਿਉਂ-ਜਿਉਂ ਖੰਨੇ ਵੱਲ ਵਧੀ, ਸਾਗਰ ਦੇ ਮੱਥੇ ਦੀ ਘੁਟਣ ਸਖਤ ਹੋਣ ਲੱਗੀ।
ਰਾਜਪੁਰਾ ਲੰਘਣ ਤੋਂ ਬਾਅਦ ਜੀæਟੀæ ਰੋਡ ਨੇ ਆਪਣੀ ਬੂਥੀ ਹਰਿਆਣੇ ਦੀ ਹੱਦ ਵਿਚ ਘੁਸੋਈ ਤਾਂ ਮੇਰੇ ਅੰਦਰ ਪੰਜਾਬ ਦਾ ਨਕਸ਼ਾ ਭੁਰਨ ਲੱਗਾ। ਰਾਮੂਵਾਲੇ ਦੇ ਖੇਤ, ਸੁਧਾਰ ਕਾਲਜ ਦੀਆਂ ਰੌਣਕਾਂ, ਤੇ ਸੁਧਾਰ ਬਾਜ਼ਾਰ ਵਿਚਲੇ ਸਾਡੇ ਚੁਬਾਰੇ ਦੇ ਦਰਵਾਜ਼ੇ ਨੂੰ ਬਿਨਾ ਖੜਕਾਇਆਂ ਅੰਦਰ ਲੰਘ ਆਉਣ ਵਾਲੇ ਘੁਮੱਕੜ ਤੇ ਫੱਕਰ, ਇਹ ਸਭ ਕੁਝ ਦਿੱਲੀ ਦੇ ਹਵਾਈ ਅੱਡੇ ਤੀਕਰ ਮੇਰੇ ਜ਼ਿਹਨ ਵਿਚ ਜਗਦਾ-ਬੁਝਦਾ ਰਿਹਾ।
ਦਿੱਲੀ ਦਾ ਹਵਾਈ ਅੱਡਾ ਉਨ੍ਹਾਂ ਜ਼ਮਾਨਿਆਂ ਵਿਚ ਅੱਜ ਵਾਂਗ ਕਿਲਾਬੰਦ ਨਹੀਂ ਸੀ ਹੋਇਆ। ਸੈਂਕੜੇ ਮੀਲਾਂ ਤੋਂ ਜਹਾਜ਼ ਚੜ੍ਹਾਉਣ ਆਏ ਸਕੇ ਸਬੰਧੀਆਂ ਨੂੰ ਹੁਣ ਵਾਂਗ ਆਪਣੇ ਹਿਚਕੀਆਂ ਹਟਕੋਰਿਆਂ ਨੂੰ ਸ਼ੀਸ਼ੇ ਦੀ ਧੁੰਦਲੀ ਕੰਧ ਦੇ ਬਾਹਰੋਂ ਹੀ ਇਕ-ਦੂਜੇ ਦੀਆਂ ਧੌਣਾਂ ਉਦਾਲੇ ਲਪੇਟ ਕੇ ਵਿਛੜਨਾ ਨਹੀਂ ਸੀ ਪੈਂਦਾ। ਉਨ੍ਹੀਂ ਦਿਨੀਂ ਤਾਂ ਮੁਸਾਫਰ ਅਤੇ ਉਨ੍ਹਾਂ ਦੇ ਸਕੇ ਸਬੰਧੀ ਬੋਰਡਿੰਗ ਕਾਰਡ ਜਾਰੀ ਕਰਨ ਵਾਲੇ ਅੰਦਰਲੇ ਕਾਊਂਟਰਾਂ ਤੀਕ ਜਾ ਪਹੁੰਚਦੇ ਸਨ।
ਮੇਰੇ ਵਾਲੇ ਸੂਟਕੇਸ ਤਾਂ ਬ੍ਰਿਟਿਸ਼ ਏਅਰਵੇਜ਼ ਦੇ ਕਾਊਂਟਰ ਦੀ ਬੈਲਟ ‘ਤੇ ਟਿਕਦਿਆਂ ਹੀ ਅੰਦਰ ਵੱਲ ਦੌੜ ਗਏ, ਪਰ ਸਾਗਰ ਵਾਲੇ ਸੂਟਕੇਸ ਬੈਲਟ ਦੀ ਪਰਲੇ ਪਾਸੇ ਵਾਲੀ ਕੰਧ ਨਾਲ ਅੜ ਕੇ ਖਲੋ ਗਏ। ਸੂਟਕੇਸਾਂ ਦੀ ਅੜੀ ਦੇਖ ਕੇ ਸਾਗਰ ਨੇ ਆਪਣੇ ਮੱਥੇ ਦਾ ਸੁੰਗੜੇਵਾਂ ਮੇਰੇ ਵੱਲ ਗੇੜਿਆ।
—
ਸਾਗਰ ਦੀਆਂ ਬਾਹਾਂ ਬੀਜੀ ਦੇ ਗਲ ਦੁਆਲੇ ਲਿਪਟਣ ਲਈ ਉਠੀਆਂ ਤਾਂ ਬੀਜੀ ਦਾ ਹੇਠਲਾ ਬੁੱਲ੍ਹ ਕੰਬਣ ਲੱਗਾ। ਉਨ੍ਹਾਂ ਖੱਬਾਂ ਹੱਥ ਮੇਰੇ ਗਲ ਉਦਾਲੇ ਵਗਲ ਕੇ ਸਾਨੂੰ ਦੋਹਾਂ ਨੂੰ ਆਪਣੀ ਅਸਮਾਨ ਜੇਡੀ ਗਲਵੱਕੜੀ ਵਿਚ ਘੁੱਟ ਲਿਆ। ਬਾਪੂ ਜੀ ਆਪਣੀਆਂ ਅੱਖਾਂ ਪੂੰਝਣ ਲੱਗੇ ਤਾਂ ਸਾਗਰ ਦੀਆਂ ਬਾਹਾਂ ਉਨ੍ਹਾਂ ਦੀ ਗਰਦਨ ਉਦਾਲੇ ਲਿਪਟ ਗਈਆਂ। ਸਾਗਰ ਦੇ ਫੁਟ-ਫੁਟ ਡਿਗਦੇ ਹਟਕੋਰੇ, ਮੇਰੀਆਂ ਅੱਖਾਂ ਸਿੱਲ੍ਹੀਆਂ ਹੋ ਗਈਆਂ।
ਹੈਂਡਬੈਗ ਮੋਢਿਆਂ ਉਤੇ ਲਟਕਾ ਕੇ ਅੱਖਾਂ ਪੂੰਝਦਿਆਂ ਮੈਂ ਤੇ ਸਾਗਰ, ਇਮੀਗਰੇਸ਼ਨ ਦੇ ਕਾਊਂਟਰਾਂ ਵੱਲ ਵਧਣ ਲੱਗੇ। ਇਮੀਗਰੇਸ਼ਨ ‘ਤੇ ਪਾਸਪੋਰਟਾਂ ਦੀ ਚੈਕਿੰਗ ਕਰਾਉਣ ਬਾਅਦ ਜਦੋਂ ਅਸੀਂ ਪਿੱਛੇ ਵੱਲ ਝਾਕੇ ਤਾਂ ਬੀਜੀ ਦਾ ਹੇਠਲਾ ਬੁੱਲ੍ਹ ਉਨ੍ਹਾਂ ਦੇ ਦੰਦਾਂ ਵਿਚਕਾਰ ਸੀ ਅਤੇ ਘੁੱਟੇ ਹੋਏ ਮੱਥੇ ਹੇਠ ਉਨ੍ਹਾਂ ਦੀਆਂ ਅੱਖਾਂ ਵਾਰ-ਵਾਰ ਝਮਕ ਰਹੀਆਂ ਸਨ। ਬੀਜੀ ਬਾਪੂ ਜੀ ਦੇ ਅਤੇ ਮੇਰੇ ਤੇ ਸਾਗਰ ਦੇ ਹੱਥ ਸਾਡੇ ਸਿਰਾਂ ਤੋਂ ਉਪਰ ਉਭਰ ਕੇ ਲਹਿਰਾਉਣ ਲੱਗੇ। ਬੀਜੀ ਤੇ ਬਾਪੂ ਜੀ ਵੱਲ ਦੇਖਦਿਆਂ ਮੈਨੂੰ ਜਾਪਿਆ ਜਿਵੇਂ ਉਨ੍ਹਾਂ ਰਾਹੀਂ ਸਾਰਾ ਪੰਜਾਬ ਹੀ ਮੈਨੂੰ ਅਲਵਿਦਾ ਆਖ ਰਿਹਾ ਹੋਵੇ।
ਆਪਣੇ ਮਨ ਵਿਚ Ḕਚੰਗਾ ਬਈ ਪੰਜਾਬ’ ਆਖ ਕੇ ਮੈਂ ਸਾਗਰ ਨੂੰ ਹਵਾਈ ਜਹਾਜ਼ ਦੇ ਡਿਪਾਰਚਰ ਗੇਟ ਵੱਲ ਤੋਰ ਲਿਆ।