ਡਾæ ਗੁਰਨਾਮ ਕੌਰ, ਕੈਨੇਡਾ
ਇਹ ਪੰਕਤੀ ਭਾਈ ਗੁਰਦਾਸ ਦੀ ਚੌਥੀ ਵਾਰ ਦੀ ਪਹਿਲੀ ਪਉੜੀ ਦੀ ਆਖਰੀ ਪੰਕਤੀ ਹੈ, ਜਿਸ ਵਿਚ ਭਾਈ ਗੁਰਦਾਸ ਇਸ ਪਉੜੀ ਦੇ ਵਿਚਾਰ ਦਾ ਸਿੱਟਾ ਇਹ ਦੱਸ ਰਹੇ ਹਨ ਕਿ ਪਰਉਪਕਾਰ ਰਾਹੀਂ ਵਿਅਕਤੀ/ਸਿੱਖ ਗੁਰੂ ਦੇ ਪ੍ਰੇਮ ਦਾ ਭਾਗੀ ਬਣਦਾ ਹੈ। ਸਿੱਖ ਧਰਮ-ਚਿੰਤਨ ਵਿਚ ਪਰਉਪਕਾਰ ਨੈਤਿਕ ਫਰਜ਼ ਦੇ ਰੂਪ ਵਿਚ ਅਤੇ ਅਧਿਆਤਮਕ ਪ੍ਰਾਪਤੀ ਦੇ ਅਮਲੀ ਪ੍ਰਕਾਸ਼ਨ ਦਾ ਬਹੁਤ ਜ਼ਰੂਰੀ ਲੱਛਣ ਹੈ ਜਿਸ ਬਾਰੇ ਗੁਰੂ ਅਰਜਨ ਦੇਵ ਨੇ ਫੁਰਮਾਇਆ ਹੈ, “ਬ੍ਰਹਮ ਗਿਆਨੀ ਪਰਉਪਕਾਰ ਉਮਾਹਾ॥”
ਭਾਈ ਗੁਰਦਾਸ ਇਸ ਵਾਰ ਦਾ ਅਰੰਭ ਅਕਾਲ ਪੁਰਖ ਵੱਲੋਂ ਇਸ ਸ੍ਰਿਸ਼ਟੀ ਦੀ ਰਚਨਾ ਦੇ ਹਵਾਲੇ ਨਾਲ ਕਰਦੇ ਹਨ। ਉਹ ਦੱਸਦੇ ਹਨ ਕਿ ਅਕਾਲ ਪੁਰਖ ਨੇ ਇਸ ਬ੍ਰਹਿਮੰਡ ਨੂੰ ਪਰਗਟ ਰੂਪ ਦੇ ਕੇ ਹਵਾ, ਪਾਣੀ ਅਤੇ ਅੱਗ ਪੈਦਾ ਕੀਤੇ। ਉਸ ਨੇ ਧਰਤੀ ਅਤੇ ਅਕਾਸ਼ ਨੂੰ ਅਲੱਗ ਅਲੱਗ ਕਰਕੇ ਉਸ ਵਿਚ ਰੌਸ਼ਨੀ ਕਰਨ ਲਈ ਚੰਦ ਅਤੇ ਸੂਰਜ ਜਗਾ ਕੇ ਰੱਖ ਦਿੱਤੇ। ਫਿਰ ਉਸ ਨੇ ਜੀਵਾਂ ਦੀਆਂ ਚਾਰ ਖਾਣੀਆਂ-ਅੰਡਜ਼, ਜੇਰਜ, ਸੇਤਜ ਤੇ ਉਤਭਜ ਤੋਂ ਜੀਵਾਂ ਦੀਆਂ ਅਨੇਕ ਕਿਸਮਾਂ ਪੈਦਾ ਕੀਤੀਆਂ ਅਤੇ ਉਨ੍ਹਾਂ ਦੇ ਨਿਯਮ ਬਣਾ ਕੇ ਚੁਰਾਸੀ ਲੱਖ ਜੂਨਾਂ ਪੈਦਾ ਕੀਤੀਆਂ। ਇਸ ਤਰ੍ਹਾਂ ਇੱਕ ਇੱਕ ਜੂਨ ਵਿਚ ਅਣਗਿਣਤ ਜੀਵ ਜੰਤੂ ਪੈਦਾ ਕੀਤੇ। ਇਨ੍ਹਾਂ ਚੁਰਾਸੀ ਲੱਖ ਜੂਨਾਂ ਵਿਚ ਮਨੁੱਖਾ ਜੂਨ ਨੂੰ ਦੁਰਲੱਭ ਮੰਨਿਆ ਗਿਆ ਹੈ ਜੋ ਭਾਗਾਂ ਨਾਲ ਪ੍ਰਾਪਤ ਹੁੰਦੀ ਹੈ। ਮਨੁੱਖ ਦੇ ਜਨਮ ਵਿਚ ਆਉਣਾ ਤਾਂ ਹੀ ਸਫਲ ਹੁੰਦਾ ਹੈ ਜੇ ਮਨੁੱਖ ਆਪਣੇ ਆਪ ਨੂੰ ਗੁਰੂ ਦੇ ਸਮਰਪਣ ਕਰਕੇ ਆਪਣਾ ਉਧਾਰ ਕਰਦਾ ਹੈ ਅਰਥਾਤ ਸੰਸਾਰ ਸਾਗਰ ਤੋਂ ਪਾਰ ਲੱਗ ਜਾਂਦਾ ਹੈ।
ਗੁਰੂ ਅਰਜਨ ਦੇਵ ਇਸੇ ਸਬੰਧ ਵਿਚ ਦੱਸਦੇ ਹਨ, ਹੇ ਮਨੁੱਖ ਤੈਨੂੰ ਇਹ ਮਨੁੱਖ ਦਾ ਜਨਮ ਮਿਲਿਆ ਹੈ, ਇਹ ਉਸ ਅਕਾਲ ਪੁਰਖ ਨਾਲ ਮੇਲ ਕਰਨ ਦਾ ਇੱਕੋ ਇੱਕ ਮੌਕਾ ਹੈ। ਇਸ ਲਈ ਸਾਧਸੰਗਤਿ ਵਿਚ ਜਾ ਕੇ ਅਕਾਲ ਪੁਰਖ ਦਾ ਨਾਮ ਸਿਮਰਨ ਕਰ ਤਾਂ ਕਿ ਇਸ ਸੰਸਾਰ ‘ਤੇ ਆਉਣਾ ਸਫਲ ਹੋ ਜਾਵੇ, “ਭਈ ਪਰਾਪਤਿ ਮਾਨੁਖ ਦੇਹੁਰੀਆ॥ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ॥ ਅਵਰਿ ਕਾਜ ਤੇਰੈ ਕਿਤੈ ਨ ਕਾਮ॥ ਮਿਲੁ ਸਾਧਸੰਗਤਿ ਭਜੁ ਕੇਵਲ ਨਾਮ॥”
ਭਾਈ ਗੁਰਦਾਸ ਸਮਝਾਉਂਦੇ ਹਨ ਕਿ ਇਸ ਮਨੁੱਖਾ ਜਨਮ ਨੂੰ ਸਫਲ ਕਰਨ ਲਈ ਸਤਿਸੰਗਤਿ ਵਿਚ ਜਾ ਕੇ ਆਪਣੀ ਸੁਰਤਿ ਗੁਰੂ ਦੇ ਸ਼ਬਦ ਨਾਲ ਇਕਸੁਰ ਕਰਨੀ ਚਾਹੀਦੀ ਹੈ। ਗੁਰੂ ਦੇ ਸ਼ਬਦ ਵਿਚ ਸੁਰਤਿ ਜੋੜਨੀ ਚਾਹੀਦੀ ਹੈ ਜਿਸ ਨਾਲ ਮਨ ਵਿਚ ਉਸ ਅਕਾਲ ਪੁਰਖ ਦੀ ਪ੍ਰੇਮਾ ਭਗਤੀ ਪੈਦਾ ਹੁੰਦੀ ਹੈ ਅਤੇ ਗੁਰੂ ਤੋਂ ਗਿਆਨ ਪ੍ਰਾਪਤ ਕਰਕੇ ਗੁਰੂ ਦੇ ਦੱਸੇ ਰਸਤੇ ‘ਤੇ ਚੱਲਣਾ ਚਾਹੀਦਾ ਹੈ। ਗੁਰੂ ਦੇ ਰਸਤੇ ‘ਤੇ ਚੱਲਦਿਆਂ ਮਨੁੱਖ ਪਰਉਪਕਾਰੀ ਬਣਨ ਦੀ ਜਾਚ ਸਿੱਖਦਾ ਹੈ ਅਤੇ ਪਰਉਪਕਾਰੀ ਮਨੁੱਖ ਗੁਰੂ ਦਾ ਪਿਆਰਾ ਹੁੰਦਾ ਹੈ:
ਓਅੰਕਾਰਿ ਅਕਾਰੁ ਕਰਿ
ਪਉਣ ਪਾਣੀ ਬੈਸੰਤਰੁ ਧਾਰੇ।
ਧਰਤਿ ਅਕਾਸ ਵਿਛੋੜਿਅਨੁ
ਚੰਦੁ ਸੂਰੁ ਦੇ ਜੋਤਿ ਸਵਾਰੇ।
ਖਾਣੀ ਚਾਰਿ ਬੰਧਾਨ ਕਰਿ
ਲਖ ਚਉਰਾਸੀਹ ਜੂਨਿ ਦੁਆਰੇ।
ਇਕਸ ਇਕਸ ਜੂਨਿ ਵਿਚਿ
ਜੀਅ ਜੰਤੁ ਅਣਗਣਤ ਅਪਾਰੇ।
ਮਾਣਸ ਜਨਮੁ ਦੁਲੰਭੁ ਹੈ
ਸਫਲ ਜਨਮੁ ਗੁਰ ਸਰਣਿ ਉਧਾਰੇ।
ਸਾਧਸੰਗਤਿ ਗੁਰ ਸਬਦਿ ਲਿਵ ਭਾਇ
ਭਗਤਿ ਗੁਰ ਗਿਆਨ ਵੀਚਾਰੇ।
ਪਰਉਪਕਾਰੀ ਗੁਰੂ ਪਿਆਰੇ॥੧॥
ਭਾਈ ਗੁਰਦਾਸ ਦੀਆਂ ਵਾਰਾਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਕੂੰਜੀ ਕਿਹਾ ਗਿਆ ਹੈ ਕਿਉਂਕਿ ਭਾਈ ਗੁਰਦਾਸ ਗੁਰੂ ਸਾਹਿਬਾਨ ਵੱਲੋਂ ਪਰਗਟ ਕੀਤੇ ਫਲਸਫੇ ਨੂੰ ਦ੍ਰਿਸ਼ਟਾਂਤਾਂ ਰਾਹੀਂ ਸੌਖਿਆਂ ਕਰਕੇ ਅਤੇ ਵਿਸਥਾਰ ਵਿਚ ਸਮਝਾਉਂਦੇ ਹਨ। ਗੁਰੂ ਨਾਨਕ ਸਾਹਿਬ ਨੇ ਰਾਗ ਬਿਲਾਵਲੁ ਵਿਚ ਅਕਾਲ ਪੁਰਖ ਵੱਲੋਂ ਕੀਤੀ ਰਚਨਾ ਦਾ ਵਰਣਨ ਕੀਤਾ ਹੈ ਕਿ ਉਸ ਸੱਚੀ ਪਰਮ ਹਸਤੀ ਨੇ ਆਪ ਹੀ ਆਪਣੇ ਹੱਥ ਲਾ ਕੇ ਇਸ ਬ੍ਰਹਿਮੰਡ ਦੀ ਰਚਨਾ ਰਚੀ। ਅੰਡੇ ਵਰਗੇ ਸ੍ਰਿਸ਼ਟੀ ਦੇ ਇਸ ਗੋਲਾਕਾਰ ਨੂੰ ਉਸ ਪਰਵਦਗਾਰ ਨੇ ਤੋੜ ਕੇ ਵਿਛੋੜ ਦਿੱਤਾ ਅਤੇ ਵਿਚਕਾਰ ਫਿਰ ਪੁਲਾੜ ਦੀ ਰਚਨਾ ਕਰ ਦਿੱਤੀ ਅਰਥਾਤ ਧਰਤੀ ਅਤੇ ਅਕਾਸ਼ ਬਣਾ ਕੇ ਅਲੱਗ ਅਲੱਗ ਟਿਕਾ ਦਿੱਤੇ। ਇਸ ਤਰ੍ਹਾਂ ਧਰਤੀ ਤੇ ਅਸਮਾਨ ਜੀਵਾਂ ਦੇ ਰਹਿਣ ਦੀ ਥਾਂ ਬਣਾਏ; ਰਾਤ ਤੇ ਦਿਨ, ਭੈ ਤੇ ਭਾਉ ਅਰਥਾਤ ਡਰ ਤੇ ਪ੍ਰੇਮ ਦੀ ਰਚਨਾ ਕੀਤੀ। ਉਹ ਅਕਾਲ ਪੁਰਖ ਜਿਸ ਨੇ ਇਸ ਬ੍ਰਹਿਮੰਡ ਦੀ ਰਚਨਾ ਕੀਤੀ ਹੈ, ਉਹ ਹੀ ਇਸ ਨੂੰ ਦੇਖਣ ਵਾਲਾ ਅਤੇ ਇਸ ਦੀ ਸੰਭਾਲ ਕਰਨ ਵਾਲਾ ਹੈ। ਉਸ ਤੋਂ ਬਿਨਾ ਹੋਰ ਕੋਈ ਵੀ ਸਿਰਜਣਹਾਰ ਨਹੀਂ ਹੈ:
ਆਪੇ ਸਚੁ ਕੀਆ ਕਰ ਜੋੜਿ॥
ਅੰਡਜ ਫੋੜਿ ਜੋੜਿ ਵਿਛੋੜਿ॥
ਧਰਤਿ ਅਕਾਸੁ ਕੀਏ ਬੈਸਣ ਕਉ ਥਾਉ॥
ਰਾਤਿ ਦਿਨੰਤੁ ਕੀਏ ਭਉ ਭਾਉ॥
ਜਿਨਿ ਕੀਏ ਕਰਿ ਵੇਖਣਹਾਰਾ॥
ਅਵਰੁ ਨ ਦੂਜਾ ਸਿਰਜਣਹਾਰਾ॥੩॥ (ਪੰਨਾ ੮੩੯)
ਪਰਉਪਕਾਰ ਦੀ ਤਰ੍ਹਾਂ ਹੀ ਹਲੀਮੀ ਜਾਂ ਨਿਮਰਤਾ ਨੂੰ ਵੀ ਸਿੱਖ ਨੈਤਿਕ ਸ਼ਾਸਤਰ ਵਿਚ ਬਹੁਤ ਲਾਜ਼ਮ ਅਤੇ ਵੱਡਾ ਸਦਾਚਾਰਕ ਗੁਣ ਮੰਨਿਆ ਗਿਆ ਹੈ ਜਿਸ ਨੇ ਮਨੁੱਖ ਦੇ ਅਮਲਾਂ ਵਿਚੋਂ ਪਰਗਟ ਹੋਣਾ ਹੈ। ਹਲੀਮ ਹੋਣਾ ਅਧਿਆਤਮਕ ਵਿਅਕਤੀ ਦੀ ਨਿਸ਼ਾਨੀ ਹੈ। ਅਗਲੀ ਪਉੜੀ ਵਿਚ ਭਾਈ ਗੁਰਦਾਸ ਧਰਤੀ ਦੇ ਦ੍ਰਿਸ਼ਟਾਂਤ ਰਾਹੀਂ ਇਸ ਗੁਣ ਦੀ ਵਿਆਖਿਆ ਕਰਦਿਆਂ ਕਹਿੰਦੇ ਹਨ ਕਿ ਧਰਤੀ ਨੇ ਨੀਵੀਂ ਹੋ ਕੇ ਆਪਣੇ ਆਪ ਵਿਚੋਂ ‘ਮੈਂḔ ਜਾਂ ਹਉਮੈ ਦੀ ਭਾਵਨਾ ਨੂੰ ਖਤਮ ਕਰ ਦਿੱਤਾ ਹੈ, ਆਪਣੇ ਥਾਂ ਪੱਕੀ ਤੇ ਸਥਿਰ ਹੈ ਅਤੇ ਆਪ ਨਿਮਾਣੀ ਹੋ ਕੇ ਪਰਉਪਕਾਰ/ਸੇਵਾ ਕਰ ਰਹੀ ਹੈ। ਅੱਗੇ ਧਰਤੀ ਦੀ ਨਿਮਰਤਾ ਦੇ ਗੁਣ ਅਤੇ ਉਸ ਦੇ ਪਰਉਪਕਾਰ ਦੱਸਦੇ ਹਨ ਕਿ ਧਰਤੀ ਦੇ ਅੰਦਰ ਧੀਰਜ, ਸਹਿਣਸ਼ੀਲਤਾ, ਧਰਮ, ਸੰਤੋਖ, ਸਬਰ ਹੈ। ਉਹ ਸਭ ਦੇ ਪੈਰਾਂ ਹੇਠ ਆ ਕੇ, ਲਿਤਾੜੀ ਜਾ ਕੇ ਵੀ ਦ੍ਰਿੜ ਹੈ ਅਤੇ ਉਸ ਦੇ ਅੰਦਰ ਪ੍ਰੀਤ ਦੀ ਲਗਨ ਲੱਗੀ ਰਹਿੰਦੀ ਹੈ, ਉਹ ਲਿਵਲੀਨ ਰਹਿੰਦੀ ਹੈ। ਸੰਤ ਪੁਰਸ਼ਾਂ, ਗੁਰੂਆਂ ਦੀ ਚਰਨ ਛੁਹ ਪ੍ਰਾਪਤ ਕਰਕੇ ਉਹ ਕੌਡੀ ਦੀ ਹੋ ਕੇ ਵੀ ਬੇਸ਼ਕੀਮਤੀ ਹੋ ਜਾਂਦੀ ਹੈ। ਪ੍ਰੇਮ ਅੰਮ੍ਰਿਤ ਵਰਸਣ ਨਾਲ ਉਹ ਸਰਸ਼ਾਰ ਹੋ ਜਾਂਦੀ ਹੈ। ਇਸ ਤਰ੍ਹਾਂ ਉਸ ਨੂੰ ਨਿਮਾਣੀ ਹੋਣ ‘ਤੇ ਵੀ ਅਕਾਲ ਪੁਰਖ ਦਾ ਪ੍ਰੇਮ ਪਾ ਕੇ ਮਾਣ-ਸਤਿਕਾਰ ਮਿਲਦਾ ਹੈ ਜਿਸ ਨਾਲ ਉਹ ਪਤੀਜ ਜਾਂਦੀ ਹੈ, ਭਰਪੂਰ ਹੋ ਜਾਂਦੀ ਹੈ। ਧਰਤੀ ਵਿਚ ਜੋ ਵੀ ਬੀਜਿਆ ਜਾਂਦਾ ਹੈ, ਬੂਟੇ, ਫੁੱਲ, ਮਿੱਠਾ, ਕੌੜਾ, ਵਿਭਿੰਨ ਰੰਗਾਂ ਦਾ, ਸਭ ਦਾ ਫਲ ਉਹੋ ਜਿਹਾ ਹੀ ਪ੍ਰਾਪਤ ਹੋ ਜਾਂਦਾ ਹੈ ਅਰਥਾਤ ਜਿਹੋ ਜਿਹਾ ਬੀਜ ਬੀਜਦੇ ਹਾਂ, ਉਸ ਦਾ ਉਹੋ ਜਿਹਾ ਹੀ ਫਲ ਪ੍ਰਾਪਤ ਹੁੰਦਾ ਹੈ। ਇਸੇ ਤਰ੍ਹਾਂ ਗੁਰਮੁਖ ਵੀ ਧਰਤੀ ਦੀ ਨਿਆਈਂ ਆਪਣੀ ਹਲੀਮੀ ਅਤੇ ਨਿਮਰਤਾ ਕਾਰਨ ਸੁਖ-ਫਲ, ਖੁਸ਼ੀ ਪ੍ਰਾਪਤ ਕਰਦੇ ਹਨ:
ਸਭ ਦੂੰ ਨੀਵੀ ਧਰਤਿ ਹੈ
ਆਪੁ ਗਵਾਇ ਹੋਈ ਓਡੀਣੀ।
ਧੀਰਜੁ ਧਰਮੁ ਸੰਤੋਖੁ ਦ੍ਰਿੜੁ
ਪੈਰਾ ਹੇਠਿ ਰਹੈ ਲਿਵ ਲੀਣੀ।
ਸਾਧ ਜਨਾਂ ਦੇ ਚਰਣ ਛੁਹਿ
ਆਢੀਣੀ ਹੋਈ ਲਾਖੀਣੀ।
ਅੰਮ੍ਰਿਤ ਬੂੰਦ ਸੁਹਾਵਣੀ
ਛਹਬਰ ਛਲਕ ਰੇਣੁ ਹੋਇ ਰੀਣੀ।
ਮਿਲਿਆ ਮਾਣੁ ਨਿਮਾਣੀਐ
ਪਿਰਮ ਪਿਆਲਾ ਪੀਇ ਪਤੀਣੀ।
ਜੋ ਬੀਜੈ ਸੋਈ ਲੁਣੈ
ਸਭ ਰਸ ਕਸ ਬਹੁ ਰੰਗ ਰੰਗੀਣੀ।
ਗੁਰਮੁਖਿ ਸੁਖ ਫਲੁ ਹੈ ਮਸਕੀਣੀ॥੨॥
ਹਲੀਮੀ ਅਤੇ ਨਿਮਰਤਾ ਦੇ ਇਸੇ ਗੁਣ ਨੂੰ ਦੱਸਣ ਲਈ ਭਾਈ ਗੁਰਦਾਸ ਅਗਲਾ ਦ੍ਰਿਸ਼ਟਾਂਤ ਚਰਨ ਅਰਥਾਤ ਪੈਰਾਂ ਦਾ ਲੈਂਦੇ ਹਨ। ਉਹ ਦੱਸਦੇ ਹਨ ਕਿ ਮਨੁੱਖ ਦਾ ਸਰੀਰ ਮਿੱਟੀ ਵਾਂਗ ਹੈ ਪ੍ਰੰਤੂ ਇਸ ਵਿਚ ਮਨੁੱਖ ਦੀ ਜੀਭ ਵਡਿਆਈ ਯੋਗ ਹੈ (ਜੀਭ ਦੀ ਵਡਿਆਈ ਆਪਣੇ ਚੰਗੇ ਗੁਣਾਂ ਕਰਕੇ ਹੈ ਅਰਥਾਤ ਇਸ ਨਾਲ ਅਕਾਲ ਪੁਰਖ ਦੇ ਨਾਮ ਦਾ ਸਿਮਰਨ ਕੀਤਾ ਜਾਂਦਾ ਹੈ, ਮਿੱਠੇ ਬੋਲ ਬੋਲ ਸਕੀਦੇ ਹਨ)। ਮਨੁੱਖ ਦੇ ਸਰੀਰ ਵਿਚ ਦੋ ਅੱਖਾਂ ਵੀ ਵਡਿਆਈ ਯੋਗ ਹਨ ਕਿਉਂਕਿ ਉਨ੍ਹਾਂ ਸਦਕਾ ਇਸ ਸੰਸਾਰ ਦੀ ਵਿਭਿੰਨਤਾ ਨੂੰ ਨਿਹਾਰ ਸਕੀਦਾ ਹੈ। ਇਸੇ ਤਰ੍ਹਾਂ ਕੰਨ ਰਾਗ, ਨਾਦ ਅਰਥਾਤ ਆਵਾਜ਼ਾਂ ਸੁਣਨ ਦਾ ਕੰਮ ਦਿੰਦੇ ਹਨ, ਸਪਰਸ਼ ਨਾਲ ਪਹਿਚਾਣ ਕਰ ਸਕੀਦੀ ਹੈ। ਨੱਕ ਮਨੁੱਖ ਦੇ ਸਾਹ ਲੈਣ ਦੇ ਕੰਮ ਆਉਂਦਾ ਹੈ, ਉਸ ਵਿਚ ਵੱਖ ਵੱਖ ਤਰ੍ਹਾਂ ਦੀ ਖੁਸ਼ਬੋ ਜਾਂ ਬੋਅ ਨੂੰ ਸੁੰਘਣ ਦੀ ਸ਼ਕਤੀ ਹੈ। ਇਹ ਪੰਜੇ ਗਿਆਨ ਇੰਦ੍ਰੇ ਆਪੋ ਆਪਣੇ ਢੰਗ ਨਾਲ ਬੁਰੇ ਤਰੀਕੇ ਨਾਲ ਦੁਨਿਆਵੀ ਐਸ਼ ਵਿਚ ਮਸਤ ਰਹਿੰਦੇ ਹਨ।
ਸਭ ਤੋਂ ਨੀਵੇਂ ਸਥਾਨ ਤੇ ਮਨੁੱਖ ਦੇ ਚਰਨ ਹਨ ਜੋ ਆਪਣਾ ਆਪ ਗੁਆ ਕੇ ਭਾਵ ਹਉਮੈ ਤਿਆਗ ਕੇ ਚੰਗੇ ਭਾਗਾਂ ਵਾਲੇ, ਚੰਗੇ ਨਸੀਬਾਂ ਵਾਲੇ ਬਣ ਜਾਂਦੇ ਹਨ। ਸੱਚਾ ਗੁਰੂ ਆਪਣੀ ਹਿਕਮਤ ਰਾਹੀਂ ਮਨੁੱਖ ਅੰਦਰੋਂ ਹਉਮੈ ਦਾ ਰੋਗ ਦੂਰ ਕਰ ਦਿੰਦਾ ਹੈ (ਪੂਰੇ ਸਤਿਗੁਰੂ ਦੀ ਇਹੋ ਨਿਸ਼ਾਨੀ ਹੈ ਕਿ ਉਹ ਮਨੁੱਖ ਦੇ ਅੰਦਰੋਂ ਹਉਮੈ ਰੋਗ ਨੂੰ ਨਸ਼ਟ ਕਰ ਦਿੰਦਾ ਹੈ)। ਪੂਰੇ ਗੁਰੂ ਵਾਂਗ ਪੂਰਾ ਸਿੱਖ ਵੀ ਉਹ ਹੈ ਜੋ ਗੁਰੂ ਦੇ ਚਰਨਾਂ ਅੱਗੇ ਨਿਵਦਾ ਹੈ, ਉਸ ਦੇ ਚਰਨ ਛੂੰਹਦਾ ਹੈ, ਸਤਿਕਾਰ ਕਰਦਾ ਹੈ ਅਤੇ ਫਿਰ ਗੁਰੂ ਦੀ ਸਿੱਖਿਆ ਨੂੰ ਪੂਰੀ ਤਰ੍ਹਾਂ ਅਪਨਾ ਕੇ ਉਸ ‘ਤੇ ਅਮਲ ਕਰਦਾ ਹੈ। ਆਖਰੀ ਪੰਕਤੀ ਵਿਚ ਭਾਈ ਗੁਰਦਾਸ ਨਤੀਜਾ ਇਹ ਕੱਢਦੇ ਹਨ ਕਿ ਜੋ ਮਨੁੱਖ ਆਪਣੀਆਂ ਲਾਲਸਾਵਾਂ ਨੂੰ ਮਾਰ ਕੇ, ਹਉਮੈ ਖਤਮ ਕਰਕੇ ਗੁਰੂ ਦੇ ਲੜ ਲੱਗਦਾ ਹੈ, ਹਲੀਮੀ ਨੂੰ ਧਾਰਨ ਕਰਕੇ ਗੁਰੂ ਦੀ ਸਿੱਖਿਆ ‘ਤੇ ਚੱਲਦਾ ਹੈ, ਉਹ ਅਸਲੀ ਸਿੱਖ ਹੈ:
ਮਾਣਸ ਦੇਹ ਸੁ ਖੇਹ ਹੈ
ਤਿਸੁ ਵਿਚਿ ਜੀਭੈ ਲਈ ਨਕੀਬੀ।
ਅਖੀ ਦੇਖਨਿ ਰੂਪ ਰੰਗ
ਰਾਗ ਨਾਦ ਕੰਨ ਕਰਨਿ ਰਕੀਬੀ।
ਨਕਿ ਸੁਵਾਸੁ ਨਿਵਾਸੁ ਹੈ
ਪੰਜੇ ਦੂਤ ਬੁਰੀ ਤਰਤੀਬੀ।
ਸਭ ਦੂੰ ਨੀਵੇ ਚਰਣ ਹੋਇ
ਆਪੁ ਗਵਾਇ ਨਸੀਬੁ ਨਸੀਬੀ।
ਹਉਮੈ ਰੋਗੁ ਮਿਟਾਇਦਾ
ਸਤਿਗੁਰ ਪੂਰਾ ਕਰੈ ਤਬੀਬੀ।
ਪੈਰੀ ਪੈ ਰਹਰਾਸਿ ਕਰਿ
ਗੁਰ ਸਿਖ ਸੁਣਿ ਗੁਰ ਸਿਖ ਮਨੀਬੀ।
ਮੁਰਦਾ ਹੋਇ ਮਰੀਦੁ ਗਰੀਬੀ॥੩॥
ਇਸ ਤੋਂ ਅਗਲੀ ਪਉੜੀ ਵਿਚ ਹੱਥ ਦੀ ਚੀਚੀ ਉਂਗਲ ਦਾ ਦ੍ਰਿਸ਼ਟਾਂਤ ਦਿੱਤਾ ਹੈ ਕਿ ਛੋਟੀ ਹੋਣ ‘ਤੇ ਵੀ ਉਸ ਨੂੰ ਵਡਿਆਈ ਮਿਲਦੀ ਹੈ (ਛੋਟੇ ਹੋਣਾ ਕੋਈ ਗੁਨਾਹ ਨਹੀਂ ਹੈ, ਛੋਟੇ ਹੋ ਕੇ ਵੀ ਆਪਣੇ ਗੁਣਾਂ ਰਾਹੀਂ ਵਡਿਆਈ ਪ੍ਰਾਪਤ ਕੀਤੀ ਜਾ ਸਕੀਦੀ ਹੈ)। ਭਾਈ ਗੁਰਦਾਸ ਕਹਿੰਦੇ ਹਨ ਕਿ ਚੀਚੀ ਉਂਗਲ ਵਿਚ ਛਾਪ ਪਾ ਕੇ ਇਸ ਨੂੰ ਮਾਣ ਬਖਸ਼ਿਆ ਜਾਂਦਾ ਹੈ। ਇਸੇ ਤਰ੍ਹਾਂ ਬੱਦਲ ਦੀ ਨਿੱਕੀ ਜਿਹੀ ਬੂੰਦ ਸਮੁੰਦਰ ਵਿਚ ਜਦੋਂ ਸਿੱਪ ਦੇ ਮੂੰਹ ਵਿਚ ਪੈਂਦੀ ਹੈ ਤਾਂ ਮੋਤੀ ਦੇ ਰੂਪ ਵਿਚ ਪਰਗਟ ਹੁੰਦੀ ਹੈ ਅਰਥਾਤ ਨਿੱਕੀ ਜਿਹੀ ਬੂੰਦ ਜਦੋਂ ਚੰਗੀ ਕਿਸਮਤ ਨਾਲ ਸਿੱਪ ਦੇ ਮੂੰਹ ਵਿਚ ਚਲੀ ਜਾਂਦੀ ਹੈ ਤਾਂ ਉਹ ਮੋਤੀ ਬਣ ਜਾਂਦੀ ਹੈ ਅਤੇ ਕੀਮਤੀ ਹੋ ਜਾਂਦੀ ਹੈ, ਉਸ ਨੂੰ ਮਾਣ ਪ੍ਰਾਪਤ ਹੁੰਦਾ ਹੈ। ਕੇਸਰ ਦਾ ਪੌਦਾ ਛੋਟਾ ਜਿਹਾ ਹੁੰਦਾ ਹੈ ਪਰ ਨਿੱਕਾ ਹੋਣ ‘ਤੇ ਵੀ ਉਸ ਨੂੰ ਮਾਣ ਮਿਲਦਾ ਹੈ ਕਿਉਂਕਿ ਸ਼ੁਭ ਕਾਰਜ ਕਰਨ ਵੇਲੇ ਜਿਵੇਂ ਸ਼ਾਦੀ ਆਦਿ ਦੇ ਮੌਕੇ ਕੇਸਰ ਦਾ ਟਿੱਕਾ ਮੱਥੇ ‘ਤੇ ਲਾਇਆ ਜਾਂਦਾ ਹੈ।
ਅਗਲਾ ਦ੍ਰਿਸ਼ਟਾਂਤ ਪਾਰਸ ਦੀ ਨਿੱਕੀ ਜਿਹੀ ਪੱਥਰੀ ਦਾ ਦਿੱਤਾ ਗਿਆ ਹੈ ਜਿਸ ਵਿਚ ਕਿੱਡਾ ਵੱਡਾ ਗੁਣ ਹੈ ਕਿ ਉਹ ਅੱਠ ਧਾਤੂਆਂ ਵਿਚੋਂ ਜਿਸ ਨਾਲ ਵੀ ਛੁਹ ਲਵੇ ਉਸ ਨੂੰ ਸੋਨੇ ਦਾ ਰੂਪ ਦੇ ਦਿੰਦੀ ਹੈ ਭਾਵ ਨਿਗੂਣੇ ਧਾਤੂ ਤੋਂ ਉਹ ਕੀਮਤੀ ਧਾਤ ਦਾ ਰੂਪ ਧਾਰ ਲੈਂਦਾ ਹੈ। ਇਸੇ ਤਰ੍ਹਾਂ ਛੋਟੇ ਸੱਪ ਦੇ ਮੱਥੇ ਵਿਚ ਮਣੀ ਵਰਗੀ ਕੀਮਤੀ ਚੀਜ਼ ਹੁੰਦੀ ਹੈ ਜਿਸ ਨੂੰ ਲੋਕੀਂ ਛੁਪ ਛੁਪ ਕੇ ਹੈਰਾਨ ਹੋ ਕੇ ਦੇਖਦੇ ਹਨ (ਪੁਰਾਣੇ ਮਿੱਥ ਅਨੁਸਾਰ ਸੱਪਾਂ ਦੀ ਕੋਈ ਕਿਸਮ ਮੰਨੀ ਜਾਂਦੀ ਹੈ ਜਿਸ ਦੇ ਸਿਰ ‘ਤੇ ਮਣੀ ਹੁੰਦੀ ਹੈ, ਜੋ ਚਮਕਦੀ ਹੈ)। ਪਾਰੇ ਤੋਂ ਜੋ ਰੱਤੀ ਬਣਦੀ ਹੈ, ਉਸ ਦਾ ਕੋਈ ਮੁੱਲ ਨਹੀਂ ਅਰਥਾਤ ਪਾਰੇ ਨੂੰ ਭਸਮ ਕਰਕੇ ਉਸ ਤੋਂ ਮਨੁੱਖ ਨੂੰ ਜੀਵਨ ਦੇਣ ਵਾਲੀ ਕੀਮਤੀ ਦਵਾਈ ਤਿਆਰ ਕੀਤੀ ਜਾਂਦੀ ਹੈ। ਭਾਈ ਸਾਹਿਬ ਨਤੀਜਾ ਇਹ ਕੱਢਦੇ ਹਨ ਕਿ ਜੋ ਮਨੁੱਖ ਆਪਣੇ ਅੰਦਰੋਂ ਹਉਮੈ ਨੂੰ ਦੂਰ ਕਰ ਦਿੰਦੇ ਹਨ ਉਹ ਆਪਣੇ ਆਪ ਨੂੰ ਜਣਾਉਂਦੇ ਨਹੀਂ ਕਿ ਅਸੀਂ ਹਉਮੈ ਦੂਰ ਕਰ ਲਈ ਹੈ, ਇਸ ਲਈ ਮਹਾਨ ਹੋ ਗਏ ਹਾਂ:
ਲਹੁੜੀ ਹੋਇ ਚੀਚੁੰਗਲੀ
ਪੈਧੀ ਛਾਪ ਮਿਲੀ ਵਡਿਆਈ।
ਲਹੁੜੀ ਘਨਹਰ ਬੂੰਦ ਹੁਇ
ਪਰਗਟੁ ਮੋਤੀ ਸਿਪ ਸਮਾਈ।
ਲਹੁੜੀ ਬੂਟੀ ਕੇਸਰੈ
ਮਥੈ ਟਿਕਾ ਸੋਭਾ ਪਾਈ।
ਲਹੁੜੀ ਪਾਰਸ ਪਥਰੀ
ਅਸਟ ਧਾਤੁ ਕੰਚਨੁ ਕਰਵਾਈ।
ਜਿਉ ਮਣਿ ਲਹੁੜੇ ਸਪ ਸਿਰਿ
ਦੇਖੈ ਲੁਕਿ ਲੁਕਿ ਲੋਕ ਲੁਕਾਈ।
ਜਾਣਿ ਰਸਾਇਣੁ ਪਾਰਿਅਹੁ
ਰਤੀ ਮੁਲਿ ਨ ਜਾਇ ਮੁਲਾਈ।
ਆਪੁ ਗਵਾਇ ਨ ਆਪੁ ਗਣਾਈ॥੪॥
ਗੁਰਮਤਿ ਚਿੰਤਨ ਵਿਚ ਹਲੀਮੀ/ਨਿਮਰਤਾ ਨੂੰ ਬਹੁਤ ਵੱਡਾ ਅਤੇ ਜ਼ਰੂਰੀ ਗੁਣ ਮੰਨਿਆ ਗਿਆ ਹੈ। ਹਉਮੈ ਨੂੰ ਸਚਿਆਰ ਹੋਣ ਦੇ ਰਸਤੇ ਦੀ ਸਭ ਤੋਂ ਵੱਡੀ ਅੜਿਚਣ ਮੰਨਿਆ ਗਿਆ ਹੈ, ਇਹ ਅਧਿਆਤਮਕ ਪ੍ਰਾਪਤੀ ਦੇ ਰਸਤੇ ਦਾ ਸਭ ਤੋਂ ਵੱਡਾ ਰੋੜਾ ਹੈ। ਜਦੋਂ ਮਨੁੱਖ ਆਪਣੇ ਅੰਦਰੋਂ ਹਉਮੈ ਨੂੰ ਪੂਰੀ ਤਰ੍ਹਾਂ ਕੱਢ ਦਿੰਦਾ ਹੈ ਤਾਂ ਉਸ ਦੀ ਥਾਂ ਹਲੀਮੀ, ਨਿਮਰਤਾ ਮਨੁੱਖ ਦੇ ਅੰਦਰ ਆਪਣੇ ਆਪ ਆ ਜਾਂਦੀ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚ ਵਾਰ ਵਾਰ ਇਸ ਤੱਥ ਦਾ ਜ਼ਿਕਰ ਹੈ।
ਗੁਰੂ ਅਰਜਨ ਦੇਵ ਇਸੇ ਸਬੰਧ ਵਿਚ ਮਨੁੱਖ ਨੂੰ ਅਕਾਲ ਪੁਰਖ ਦੇ ਨਾਮ ਦਾ ਸਿਮਰਨ ਕਰਨ ਦਾ ਉਪਦੇਸ਼ ਦਿੰਦੇ ਹਨ ਜਿਸ ਨਾਲ ਮਨ ਅੰਦਰੋਂ ਦੁੱਖ, ਕਲੇਸ਼, ਲੋਭ, ਮੋਹ ਅਤੇ ਅਹੰਕਾਰ ਦਾ ਤਾਪ ਦੂਰ ਹੋ ਜਾਂਦਾ ਹੈ, ਸਾਰੇ ਵਿਕਾਰ ਨਸ਼ਟ ਹੋ ਜਾਂਦੇ ਹਨ। ਉਹ ਮਨੁੱਖ ਨੂੰ ਹਉਮੈ ਦਾ ਤਿਆਗ ਕਰਕੇ ਸੰਤ ਜਨਾ ਅਰਥਾਤ ਗੁਰੂ ਦੇ ਚਰਨਾਂ ਵਿਚ ਟਿਕੇ ਰਹਿਣ ਦਾ ਉਪਦੇਸ਼ ਕਰਦੇ ਹਨ। ਇਸ ਨਾਲ ਮਨ ਪਵਿੱਤਰ ਹੋ ਜਾਂਦਾ ਹੈ ਅਤੇ ਸਾਰੇ ਪਾਪ ਦੂਰ ਹੋ ਜਾਂਦੇ ਹਨ:
ਰਮ ਰਾਮ ਰਾਮ ਰਾਮ ਜਾਪ॥
ਕਲਿ ਕਲੇਸ ਲੋਭ ਮੋਹ
ਬਿਨਸਿ ਜਾਇ ਅਹੰ ਤਾਪ॥੧॥ਰਹਾਉ॥
ਆਪੁ ਤਿਆਗੁ ਸੰਤ ਚਰਨ ਲਾਗਿ
ਮਨੁ ਪਵਿਤੁ ਜਾਹਿ ਪਾਪ॥੧॥ (ਪੰਨਾ ੧੩੪੧)