ਹਿੰਦੀ ਲਿਖਾਰੀ ਅਸਗਰ ਵਜਾਹਤ ਦਾ ਸਾਹਿਤ ਜਗਤ ਵਿਚ ਆਪਣਾ ਮੁਕਾਮ ਹੈ। ਉਹਦਾ ਨਾਟਕ ‘ਜਿਸ ਲਾਹੌਰ ਨਹੀਂ ਦੇਖਿਆ, ਜੰਮਿਆ ਨਹੀਂ’ ਹੁਣ ਮੁਹਾਵਰਾ ਬਣ ਚੁੱਕਾ ਹੈ। ਹਿੰਦੂ-ਮੁਸਲਮਾਨ ਤਫਰਕਿਆਂ ਅਤੇ ਇਨ੍ਹਾਂ ਦੁਆਲੇ ਘੁੰਮਦੀ ਸਿਆਸਤ ਨੂੰ ਉਹਨੇ ਆਪਣੀਆਂ ਕਈ ਰਚਨਾਵਾਂ ਦਾ ਹਿੱਸਾ ਬਣਾਇਆ ਹੈ। ‘ਮੈਂ ਹਿੰਦੂ ਹਾਂ’ ਕਹਾਣੀ ਵਿਚ ਵੀ ਲਿਖਾਰੀ ਨੇ ਇਸ ਪਾੜੇ ਅਤੇ ਇਸੇ ਪਾੜੇ ਦੇ ਆਧਾਰ ਉਤੇ ਉਪਜਦੀ ਸਿਆਸਤ ‘ਤੇ ਤਿੱਖੀ ਚੋਟ ਲਾਈ ਹੈ।
ਇਸ ਵਿਚ ਨਪੀੜੇ ਦਾ ਰਹੇ ਬੰਦੇ ਦਾ ਦਰਦ ਅੱਖਾਂ ਸਿੱਲ੍ਹੀਆਂ ਕਰ ਦਿੰਦਾ ਹੈ। ਇਸ ਕਹਾਣੀ ਦਾ ਤਰਜਮਾ ਜਰਮਨੀ ਵਸਦੇ ਲਿਖਾਰੀ ਕੇਹਰ ਸ਼ਰੀਫ਼ ਨੇ ਕੀਤਾ ਹੈ। -ਸੰਪਾਦਕ
ਅਸਗਰ ਵਜਾਹਤ
ਤਰਜਮਾ: ਕੇਹਰ ਸ਼ਰੀਫ਼
ਅਜਿਹੀ ਚੀਕ ਕਿ ਮੁਰਦੇ ਵੀ ਕਬਰ ਵਿਚੋਂ ਉਠ ਕੇ ਖੜ੍ਹੇ ਹੋ ਜਾਣ। ਇਵੇਂ ਲੱਗਾ ਕਿ ਆਵਾਜ਼ ਜਿਵੇਂ ਕੰਨਾਂ ਦੇ ਬਿਲਕੁਲ ਨੇੜਿਉਂ ਆਈ ਹੋਵੇ। ਉਸ ਹਾਲਤ ‘ਚæææ ਮੈਂ ਉਛਲ ਕੇ ਮੰਜੇ ‘ਤੇ ਉਠ ਬੈਠਾ। ਅਸਮਾਨ ਵਿਚ ਅਜੇ ਵੀ ਤਾਰੇ ਸਨæææ ਸ਼ਾਇਦ ਰਾਤ ਦੇ ਤਿੰਨ ਵੱਜੇ ਹੋਣਗੇ। ਅੱਬਾਜਾਨ ਵੀ ਉਠ ਬੈਠੇ। ਚੀਕ ਫੇਰ ਸੁਣਾਈ ਦਿਤੀ। ਸੈਫੂ ਆਪਣੇ ਢਿੱਲੇ ਮੰਜੇ ‘ਤੇ ਪਿਆ ਚੀਕ ਰਿਹਾ ਸੀ। ਵਿਹੜੇ ਵਿਚ ਇਕ ਸਿਰਿਉਂ ਸਭ ਦੇ ਮੰਜੇ ਡੱਠੇ ਸਨ।
“ਲਾਹੌਲ ਵਿਲਾ ਕੁਵਅਤæææ।” ਅੱਬਾਜਾਨ ਨੇ ਲਾਹੌਲ ਪੜ੍ਹੀ।
“ਖ਼ੁਦਾ ਜਾਣੇ ਇਹ ਸੁੱਤਾ ਪਿਆ ਰੌਲ਼ਾ ਕਿਉਂ ਪਾਉਣ ਲੱਗ ਪੈਂਦੈ।” ਅੰਮਾ ਬੋਲੀ।
“ਅੰਮਾ, ਇਹਨੂੰ ਰਾਤ ਭਰ ਮੁੰਡੇ ਡਰਾਉਂਦੇ ਹਨæææ।” ਮੈਂ ਦੱਸਿਆ।
“ਉਨ੍ਹਾਂ ਮਰ ਜਾਣਿਆਂ ਨੂੰ ਵੀ ਚੈਨ ਨਹੀਂ ਆਉਂਦਾæææ ਲੋਕਾਂ ਦੀ ਜਾਨ ਨੂੰ ਬਣੀ ਐਂ ਤੇ ਉਨ੍ਹਾਂ ਨੂੰ ਸ਼ਰਾਰਤਾਂ ਸੁਝਦੀਆਂ ਹਨ।” ਅੰਮਾ ਕਹਿਣ ਲੱਗੀ।
ਸਫੀਆ ਨੇ ਚਾਦਰ ਵਿਚੋਂ ਮੂੰਹ ਬਾਹਰ ਕੱਢਦਿਆਂ ਕਿਹਾ, “ਇਹਨੂੰ ਕਹੋ ਕਿ ਛੱਤ ਉਤੇ ਸੌਂਇਆ ਕਰੇ।”
ਸੈਫੂ ਅਜੇ ਤੱਕ ਨਹੀਂ ਸੀ ਜਾਗਿਆ। ਮੈਂ ਉਸ ਦੇ ਮੰਜੇ ਕੋਲ ਗਿਆ, ਝੁਕ ਕੇ ਦੇਖਿਆ ਤਾਂ ਉਸ ਦੇ ਚਿਹਰੇ ‘ਤੇ ਪਸੀਨਾ ਸੀ। ਵਾਲ਼ ਪਸੀਨੇ ਨਾਲ ਤਰ ਹੋਏ ਪਏ ਸਨ ਅਤੇ ਕੁਝ ਲਟਾਂ ਮੱਥੇ ਉਤੇ ਚਿਪਕ ਗਈਆਂ ਸਨ। ਮੈਂ ਸੈਫੂ ਨੂੰ ਦੇਖਦਾ ਰਿਹਾ ਅਤੇ ਉਨ੍ਹਾਂ ਮੁੰਡਿਆਂ ਪ੍ਰਤੀ ਮਨ ਵਿਚ ਗੁੱਸਾ ਆਉਂਦਾ ਰਿਹਾ ਜਿਹੜੇ ਉਸ ਨੂੰ ਡਰਾਉਂਦੇ ਹਨ।
ਉਦੋਂ ਦੰਗੇ ਇੰਜ ਨਹੀਂ ਹੁੰਦੇ ਸਨ ਜਿਵੇਂ ਅੱਜ ਕੱਲ੍ਹ ਹੁੰਦੇ ਹਨ। ਦੰਗਿਆਂ ਪਿੱਛੇ ਲੁਕੀ ਰਾਜਨੀਤੀ, ਰਣਨੀਤੀ, ਕਾਰਜ ਵਿਧੀ ਅਤੇ ਰਫਤਾਰ ਵਿਚ ਬਹੁਤ ਤਬਦੀਲੀ ਆਈ ਹੈ। ਅੱਜ ਤੋਂ ਪੰਝੀ ਤੀਹ ਸਾਲ ਪਹਿਲਾਂ ਨਾ ਤਾਂ ਲੋਕਾਂ ਨੂੰ ਜਿਉਂਦਿਆਂ ਸਾੜਿਆ ਜਾਂਦਾ ਸੀ, ਤੇ ਨਾ ਹੀ ਸਮੁੱਚੀਆਂ ਬਸਤੀਆਂ ਉਜਾੜ ਦਿੱਤੀਆਂ ਜਾਂਦੀਆਂ ਸਨ। ਉਸ ਜ਼ਮਾਨੇ ਵਿਚ ਪ੍ਰਧਾਨ ਮੰਤਰੀਆਂ, ਗ੍ਰਹਿ ਮੰਤਰੀਆਂ ਅਤੇ ਮੁੱਖ ਮੰਤਰੀਆਂ ਦਾ ਅਸ਼ੀਰਵਾਦ ਵੀ ਦੰਗਾਕਾਰੀਆਂ ਨੂੰ ਨਹੀਂ ਸੀ ਮਿਲਦਾ। ਇਹ ਕੰਮ ਛੋਟੇ-ਮੋਟੇ ਸਥਾਨਕ ਨੇਤਾ ਆਪਣਾ ਲੋਕਲ ਤੇ ਘਟੀਆ ਕਿਸਮ ਦਾ ਸਵਾਰਥ ਪੂਰਾ ਕਰਨ ਵਾਸਤੇ ਕਰਦੇ ਸਨ। ਵਪਾਰਕ ਸ਼ਰੀਕੇਬਾਜ਼ੀ, ਜ਼ਮੀਨ ‘ਤੇ ਕਬਜ਼ਾ ਕਰਨਾ, ਮਿਉਂਸਪੈਲਟੀਆਂ ਦੀਆਂ ਚੋਣਾਂ ਵਿਚ ਹਿੰਦੂ ਜਾਂ ਮੁਸਲਿਮ ਵੋਟ ਠਗਣ ਵਰਗੇ ਉਦੇਸ਼ ਹੁੰਦੇ ਸਨ। ਹੁਣ ਤਾਂ ਦਿੱਲੀ ਦਰਬਾਰ ‘ਤੇ ਕਬਜ਼ਾ ਕਰਨ ਵਾਸਤੇ ਸਾਧਨ ਬਣ ਗਏ ਹਨ ਫਿਰਕੂ ਦੰਗੇ। ਦੁਨੀਆ ਦੇ ਵਿਸ਼ਾਲ ਲੋਕਤੰਤਰ ਦੇ ਨੱਕ ਵਿਚ ਉਹੀ ਨੱਥ ਪਾ ਸਕਦਾ ਹੈ ਜੋ ਫਿਰਕੂ ਹਿੰਸਾ ਅਤੇ ਨਫਰਤ ਦੇ ਆਸਰੇ ਖੂਨ ਦੀਆਂ ਨਦੀਆਂ ਬਹਾ ਸਕਦਾ ਹੋਵੇ।
ਸੈਫੂ ਨੂੰ ਜਗਾਇਆ ਗਿਆ। ਉਹ ਬੱਕਰੀ ਦੇ ਮਾਸੂਮ ਛਲਾਰੂ ਵਾਂਗ ਚਾਰੇ ਪਾਸੇ ਇੰਜ ਦੇਖ ਰਿਹਾ ਸੀ ਜਿਵੇਂ ਮਾਂ ਨੂੰ ਲੱਭ ਰਿਹਾ ਹੋਵੇ। ਅੱਬਾਜਾਨ ਨੂੰ ਮਤ੍ਰੇਏ ਭਰਾ ਦੀ ਸਭ ਤੋਂ ਛੋਟੀ ਔਲਾਦ ਸੈਫੂ ਦੀਨ ਉਰਫ ਸੈਫੂ ਨੇ ਜਦੋਂ ਆਪਣੇ ਆਪ ਨੂੰ ਘਰ ਦੇ ਸਭ ਜੀਆਂ ਵਿਚ ਘਿਰਿਆ ਦੇਖਿਆ ਤਾਂ ਹੱਕਾ ਬੱਕਾ ਜਿਹਾ ਹੋ ਕੇ ਖੜ੍ਹਾ ਹੋ ਗਿਆ।
ਸੈਫੂ ਦੇ ਅੱਬਾ ਕੌਸਰ ਚਾਚਾ ਦੇ ਮਰਨ ਦਾ ਆਇਆ ਇਕ ਖੂੰਜੇ ਤੋਂ ਪਾੜਿਆ ਹੋਇਆ ਕਾਰਡ ਮੈਨੂੰ ਚੰਗੀ ਤਰ੍ਹਾਂ ਯਾਦ ਹੈ। ਪਿੰਡ ਵਾਲਿਆਂ ਨੇ ਕਾਰਡ ਵਿਚ ਕੌਸਰ ਚਾਚਾ ਦੇ ਮਰਨ ਦੀ ਖ਼ਬਰ ਹੀ ਨਹੀਂ ਦਿੱਤੀ ਸੀ, ਸਗੋਂ ਇਹ ਵੀ ਲਿਖਿਆ ਸੀ ਕਿ ਉਨ੍ਹਾਂ ਦਾ ਸਭ ਤੋਂ ਛੋਟਾ ਪੁੱਤਰ ਸੈਫੂ ਹੁਣ ਇਸ ਦੁਨੀਆ ਵਿਚ ਬਿਲਕੁਲ ਇਕੱਲਾ ਰਹਿ ਗਿਆ ਹੈ। ਸੈਫੂ ਦੇ ਵੱਡੇ ਭਰਾ ਉਸ ਨੂੰ ਆਪਣੇ ਨਾਲ ਬੰਬਈ ਨਹੀਂ ਲੈ ਕੇ ਗਏ। ਉਨ੍ਹਾਂ ਨੇ ਸਾਫ ਆਖ ਦਿੱਤਾ ਹੈ ਕਿ ਸੈਫੂ ਵਾਸਤੇ ਉਹ ਕੁਝ ਨਹੀਂ ਕਰ ਸਕਦੇ। ਹੁਣ ਅੱਬਾਜਾਨ ਤੋਂ ਬਿਨਾ ਦੁਨੀਆ ਵਿਚ ਉਸ ਦਾ ਕੋਈ ਨਹੀਂ ਹੈ। ਇਕ ਖੂੰਜੇ ਤੋਂ ਪਾਟਿਆ ਪੋਸਟ ਕਾਰਡ ਫੜੀ ਅੱਬਾਜਾਨ ਬਹੁਤ ਦੇਰ ਤੱਕ ਚੁੱਪ ਬੈਠੇ ਰਹੇ ਸਨ। ਅੰਮਾ ਨਾਲ ਕਈ ਵਾਰ ਲੜਾਈ ਹੋਣ ਤੋਂ ਬਾਅਦ ਅੱਬਾਜਾਨ ਜੱਦੀ ਪਿੰਡ ਧਨਵਾ ਖੇੜਾ ਗਏ ਸਨ ਅਤੇ ਬਚੀ-ਖੁਚੀ ਜ਼ਮੀਨ ਵੇਚ ਸੈਫੂ ਨੂੰ ਨਾਲ ਲੈ ਕੇ ਵਾਪਸ ਆਏ ਸਨ। ਸੈਫੂ ਨੂੰ ਦੇਖ ਕੇ ਸਾਨੂੰ ਸਭ ਨੂੰ ਹਾਸਾ ਆਇਆ ਸੀ। ਕਿਸੇ ਗੰਵਾਰ ਲੜਕੇ ਨੂੰ ਦੇਖ ਕੇ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੇ ਸਕੂਲ ਵਿਚ ਪੜ੍ਹਨ ਵਾਲਾ ਨੌਜਵਾਨ ਅਤੇ ਅਬਦੁੱਲਾ ਗਰਲਜ਼ ਕਾਲਜ ਦੇ ਸਕੂਲ ਵਿਚ ਪੜ੍ਹਨ ਵਾਲੀ ਸਫੀਆ ਦੀ ਹੋਰ ਕੀ ਪ੍ਰਤੀਕਿਰਿਆ ਹੋ ਸਕਦੀ ਸੀ। ਪਹਿਲੇ ਦਿਨ ਹੀ ਅਜਿਹਾ ਲੱਗਾ ਕਿ ਸੈਫੂ ਸਿਰਫ ਗੰਵਾਰ ਹੀ ਨਹੀਂ, ਨੀਮ ਪਾਗਲ ਹੋਣ ਦੀ ਹੱਦ ਤੱਕ ਸਿੱਧਾ ਜਾਂ ਬੇਵਕੂਫ ਹੈ। ਅਸੀਂ ਉਸ ਨੂੰ ਵੱਖ ਵੱਖ ਤਰ੍ਹਾਂ ਚਿੜਾਇਆ ਜਾਂ ਬੇਵਕੂਫ ਬਣਾਉਂਦੇ ਸਾਂ। ਇਸ ਦਾ ਇਕ ਫਾਇਦਾ ਸੈਫੂ ਨੂੰ ਇਹ ਹੋਇਆ ਕਿ ਅੱਬਾਜਾਨ ਤੇ ਅੰਮਾਜਾਨ ਦਾ ਉਸ ਨੇ ਦਿਲ ਜਿੱਤ ਲਿਆ। ਸੈਫੂ ਮਿਹਨਤ ਦਾ ਪੁਤਲਾ ਸੀ। ਕੰਮ ਕਰਦਿਆਂ ਕਦੀ ਨਹੀਂ ਸੀ ਥਕਦਾ। ਅੰਮਾ ਨੂੰ ਉਸ ਦੀ ਇਹ ‘ਅਦਾ’ ਬਹੁਤ ਪਸੰਦ ਸੀ। ਜੇ ਉਹ ਦੋ ਰੋਟੀਆਂ ਵੱਧ ਖਾਂਦਾ ਹੈ ਤਾਂ ਕੀ? ਕੰਮ ਵੀ ਤਾਂ ਜਾਨ ਤੋੜ ਕੇ ਕਰਦਾ ਹੈ। ਸਾਲਾਂ ਦੇ ਸਾਲ ਲੰਘਦੇ ਗਏ ਤੇ ਸੈਫੂ ਸਾਡੀ ਜ਼ਿੰਦਗੀ ਦਾ ਹਿੱਸਾ ਬਣਦਾ ਗਿਆ। ਅਸੀਂ ਸਾਰੇ ਉਸ ਨਾਲ ਸਹਿਜ ਹੁੰਦੇ ਗਏ। ਮੁਹੱਲੇ ਦਾ ਕੋਈ ਮੁੰਡਾ ਉਸ ਨੂੰ ਪਾਗਲ ਕਹਿ ਦਿੰਦਾ ਤਾਂ ਮੈਂ ਉਸ ਦਾ ਮੂੰਹ ਭੰਨ ਦਿੰਦਾ। ਸਾਡਾ ਭਰਾ ਹੈ, ਤੂੰ ਪਾਗਲ ਕਿਹਾ ਕਿਵੇਂ? ਪਰ ਘਰ ਦੇ ਅੰਦਰ ਸੈਫੂ ਦੀ ਹੈਸੀਅਤ ਕੀ ਸੀ, ਇਹ ਅਸੀਂ ਹੀ ਜਾਣਦੇ ਸਾਂ।
ਸ਼ਹਿਰ ਵਿਚ ਦੰਗਾ ਉਵੇਂ ਹੀ ਸ਼ੁਰੂ ਹੋਇਆ, ਜਿਵੇਂ ਹੁੰਦਾ ਹੀ ਸੀ; ਭਾਵ ਮਸਜਿਦ ਵਿਚ ਕਿਸੇ ਨੂੰ ਪੋਟਲੀ ਮਿਲੀ ਸੀ ਜਿਸ ਵਿਚ ਕਿਸੇ ਕਿਸਮ ਦਾ ਗੋਸ਼ਤ (ਮਾਸ) ਸੀ, ਤੇ ਗੋਸ਼ਤ ਨੂੰ ਦੇਖੇ ਬਗੈਰ ਹੀ ਇਹ ਤੈਅ ਕਰ ਲਿਆ ਗਿਆ, ਕਿਉਂਕਿ ਉਹ ਮਸਜਿਦ ਵਿਚ ਸੁੱਟਿਆ ਗਿਆ ਹੈ, ਇਸ ਕਰ ਕੇ ਇਹ ਸੂਰ ਦੇ ਗੋਸ਼ਤ ਤੋਂ ਬਿਨਾ ਹੋਰ ਕਿਸੇ ਜਾਨਵਰ ਦਾ ਹੋ ਹੀ ਨਹੀਂ ਸਕਦਾ। ਇਸ ਦੇ ਬਦਲੇ ਮੁਗਲਪੁਰਾ ਮੁਹੱਲੇ ਵਿਚ ਗਾਂ ਵੱਢ ਦਿੱਤੀ ਗਈ ਸੀ ਤੇ ਦੰਗਾ ਭੜਕ ਪਿਆ ਸੀ। ਕੁਝ ਦੁਕਾਨਾਂ ਸੜੀਆਂ ਸਨ ਅਤੇ ਬਹੁਤੀਆਂ ਲੁੱਟੀਆਂ ਗਈਆਂ ਸਨ। ਚਾਕੂ, ਛੁਰੀ ਦੀਆਂ ਵਾਰਦਾਤਾਂ ਵਿਚ ਤਕਰੀਬਨ ਸੱਤ ਅੱਠ ਲੋਕ ਮਰੇ ਸਨ, ਪਰ ਪ੍ਰਸ਼ਾਸਨ ਇੰਨਾ ਸੰਵੇਦਨਸ਼ੀਲ ਸੀ ਕਿ ਕਰਫਿਊ ਲਾ ਦਿੱਤਾ ਗਿਆ ਸੀ। ਅੱਜ ਕੱਲ੍ਹ ਵਾਲੀ ਗੱਲ ਨਹੀਂ ਸੀ ਕਿ ਹਜ਼ਾਰਾਂ ਲੋਕਾਂ ਦੇ ਮਾਰੇ ਜਾਣ ਤੋਂ ਬਾਅਦ ਵੀ ਮੁੱਖ ਮੰਤਰੀ ਮੁੱਛਾਂ ਨੂੰ ਤਾਅ ਦੇ ਕੇ ਘੁੰਮਦਾ ਹੈ ਅਤੇ ਕਹਿੰਦਾ ਹੈ, ਜੋ ਕੁਝ ਹੋਇਆ, ਠੀਕ ਹੀ ਹੋਇਆ।
ਦੰਗਾ ਕਿਉਂਕਿ ਆਸ ਪਾਸ ਦੇ ਪਿੰਡਾਂ ਵਿਚ ਵੀ ਫੈਲ ਗਿਆ ਸੀ, ਇਸ ਕਰ ਕੇ ਕਰਫਿਊ ਵਧਾ ਦਿਤਾ ਗਿਆ ਸੀ। ਮੁਗਲਪੁਰਾ ਮੁਸਲਮਾਨਾਂ ਦਾ ਸਭ ਤੋਂ ਵੱਡਾ ਮੁਹੱਲਾ ਸੀ, ਇਸ ਕਰ ਕੇ ਉਥੇ ਕਰਫਿਊ ਦਾ ਅਸਰ ਵੀ ਸੀ ਅਤੇ ‘ਜਹਾਦ’ ਵਰਗਾ ਮਹੌਲ ਵੀ ਬਣ ਗਿਆ ਸੀ। ਮੁਹੱਲੇ ਦੀਆਂ ਗਲੀਆਂ ਤਾਂ ਸਨ ਹੀ, ਪਰ ਕਈ ਦੰਗਿਆਂ ਦੇ ਤਜਰਬਿਆਂ ਨੇ ਇਹ ਵੀ ਸਿਖਾ ਦਿੱਤਾ ਸੀ ਕਿ ਘਰਾਂ ਦੇ ਵਿਚੋ-ਵਿਚੀਂ ਵੀ ਰਸਤੇ ਬਣੇ ਹੋਣੇ ਚਾਹੀਦੇ ਹਨ, ਭਾਵ ਐਮਰਜੈਂਸੀ ਪੈਕੇਜ। ਘਰਾਂ ਦੇ ਅੰਦਰੋਂ ਤੇ ਛੱਤਾਂ ਦੇ ਉਪਰੋਂ ਕੰਧਾਂ ਟੱਪਦੇ ਹੋਏ ਕੁਝ ਅਜਿਹੇ ਰਸਤੇ ਵੀ ਬਣ ਗਏ ਸਨ ਕਿ ਜੇ ਕਿਸੇ ਨੂੰ ਇਨ੍ਹਾਂ ਦਾ ਪਤਾ ਹੋਵੇ ਤਾਂ ਮੁਹੱਲੇ ਦੇ ਇਕ ਸਿਰੇ ਤੋਂ ਦੂਜੇ ਸਿਰੇ ਤੱਕ ਜਾ ਸਕਦਾ ਸੀ। ਮੁਹੱਲੇ ਵਿਚਲੀ ਤਿਆਰੀ ਜੰਗੀ ਕਿਸਮ ਦੀ ਸੀ। ਸੋਚਿਆ ਗਿਆ ਸੀ ਕਿ ਜੇ ਕਰਫਿਊ ਮਹੀਨਾ ਭਰ ਵੀ ਲੱਗਾ ਰਹੇ ਤਾਂ ਲੋੜ ਦੀਆਂ ਸਭ ਚੀਜ਼ਾਂ ਮੁਹੱਲੇ ਵਿਚੋਂ ਹੀ ਮਿਲ ਜਾਣ।
ਦੰਗਾ ਮੁਹੱਲੇ ਦੇ ਮੁੰਡਿਆਂ ਵਾਸਤੇ ਅਜੀਬ ਕਿਸਮ ਦਾ ਉਤਸ਼ਾਹ ਦਿਖਾਉਣ ਦਾ ਮੌਸਮ ਹੁੰਦਾ ਸੀ। ‘ਵੇਖਦਾ ਰਵ੍ਹੀਂ ਅਸੀਂ ਤਾਂ ਹਿੰਦੂਆਂ ਨੂੰ ਜ਼ਮੀਨ ਚਟਾ ਦਿਆਂਗੇ। ਸਮਝ ਕੀ ਰੱਖਿਆ ਇਨ੍ਹਾਂ ਧੋਤੀ ਬੰਨ੍ਹਾਂ ਨੇæææ ਇਹ ਤਾਂ ਬੁਜ਼ਦਿਲ ਹੁੰਦੇ ਹਨæææ ਇਕ ਮੁਸਲਮਾਨ ਤਾਂ ਦਸ ਹਿੰਦੂਆਂ ਤੋਂ ਵੀ ਤਕੜਾ ਹੁੰਦਾ ਹੈæææ ‘ਹੱਸ ਕੇ ਲਿਆ ਹੈ ਪਾਕਿਸਤਾਨ, ਲੜ ਕੇ ਲਵਾਂਗੇ ਹਿੰਦੁਸਤਾਨ’ ਵਰਗਾ ਮਹੌਲ ਬਣ ਜਾਂਦਾ ਸੀ, ਪਰ ਮੁਹੱਲੇ ਤੋਂ ਬਾਹਰ ਨਿਕਲਦਿਆਂ ਸਭ ਦੀ ਨਾਨੀ ਮਰਦੀ ਸੀ। ਪੀæਏæਸੀæ ਦੀ ਚੌਕੀ ਦੋਹਾਂ ਸਿਰਿਆਂ ‘ਤੇ ਸੀ। ਪੀæਏæਸੀæ ਦੇ ਬੂਟਾਂ ਅਤੇ ਉਨ੍ਹਾਂ ਦੀਆਂ ਰਾਈਫਲਾਂ ਦੇ ਬੱਟਾਂ ਦੀ ਮਾਰ ਕਈਆਂ ਨੂੰ ਯਾਦ ਸੀ। ਇਸ ਕਰ ਕੇ ਜ਼ੁਬਾਨੀ ਜਮਾਂ-ਖਰਚ ਤਾਂ ਸਭ ਠੀਕ ਸੀ, ਪਰ ਉਸ ਤੋਂ ਅਗਾਂਹæææ।
ਸੰਕਟ ਏਕਾ ਸਿਖਾ ਦਿੰਦਾ ਹੈ। ਏਕਾ ਅਨੁਸ਼ਾਸਨ ਅਤੇ ਅਨੁਸ਼ਾਸਨ ਵਿਹਾਰ। ਹਰ ਘਰ ਤੋਂ ਇਕ ਲੜਕਾ ਪਹਿਰੇ ‘ਤੇ ਰਹੇਗਾ। ਸਾਡੇ ਘਰ ਵਿਚ ਮੈਥੋਂ ਬਿਨਾ, ਉਸ ਜ਼ਮਾਨੇ ਵਿਚ ਮੈਨੂੰ ਮੁੰਡਾ ਨਹੀਂ ਕਿਹਾ ਜਾ ਸਕਦਾ ਸੀ ਕਿਉਂਕਿ ਮੈਂ ਤਾਂ ਪੰਝੀਆਂ ਨੂੰ ਟੱਪ ਚੁੱਕਾ ਸੀ। ਮੁੰਡਾ ਸੈਫੂ ਹੀ ਸੀ, ਇਸ ਕਰ ਕੇ ਉਹਨੂੰ ਰਾਤ ਦੇ ਪਹਿਰੇ ‘ਤੇ ਰਹਿਣਾ ਪੈਂਦਾ ਸੀ। ਰਾਤ ਦਾ ਪਹਿਰਾ ਛੱਤਾਂ ‘ਤੇ ਹੁੰਦਾ ਸੀ। ਮੁਗਲਪੁਰਾ ਕਿਉਂਕਿ ਸ਼ਹਿਰ ਦੇ ਸਭ ਤੋਂ ਉਚੇ ਹਿੱਸੇ ਵਿਚ ਪੈਂਦਾ ਸੀ, ਇਉਂ ਛੱਤਾਂ ਉਪਰੋਂ ਸਾਰਾ ਸ਼ਹਿਰ ਦਿਖਾਈ ਦਿੰਦਾ ਸੀ। ਮੁਹੱਲੇ ਦੇ ਮੁੰਡਿਆਂ ਨਾਲ ਸੈਫੂ ਪਹਿਰੇ ‘ਤੇ ਜਾਂਦਾ ਸੀ। ਇਹ ਮੇਰੇ ਅੱਬਾਜਾਨ, ਅੰਮਾ ਤੇ ਸਫੀਆ, ਸਾਰਿਆਂ ਲਈ ਬਹੁਤ ਅੱਛਾ ਸੀ। ਜੇ ਸਾਡੇ ਘਰ ਵਿਚ ਸੈਫੂ ਨਾ ਹੁੰਦਾ ਤਾਂ ਸ਼ਾਇਦ ਮੈਨੂੰ ਰਾਤ ਦੇ ਧੱਕੇ ਖਾਣੇ ਪੈਂਦੇ। ਸੈਫੂ ਦੇ ਪਹਿਰੇ ‘ਤੇ ਜਾਣ ਕਰ ਕੇ ਉਹਨੂੰ ਕੁਝ ਸਹੂਲਤਾਂ ਵੀ ਦੇ ਦਿੱਤੀਆਂ ਗਈਆਂ ਸਨ, ਜਿਵੇਂ ਉਹਨੂੰ ਅੱਠ ਵਜੇ ਤੱਕ ਸੌਣ ਦਿੱਤਾ ਜਾਂਦਾ ਸੀ। ਉਹਨੂੰ ਝਾੜੂ ਵੀ ਨਹੀਂ ਸੀ ਦੇਣਾ ਪੈਂਦਾ। ਇਹ ਕੰਮ ਸਫੀਆ ਦੇ ਹਵਾਲੇ ਹੋ ਗਿਆ ਸੀ ਜਿਹੜੀ ਇਹਨੂੰ ਬੇਹੱਦ ਨਾ-ਪਸੰਦ ਕਰਦੀ ਸੀ।
ਕਦੀ ਕਦੀ ਰਾਤ ਵੇਲੇ ਮੈਂ ਵੀ ਛੱਤਾਂ ਉਪਰ ਪਹੁੰਚ ਜਾਂਦਾ। ਛੱਤਾਂ ਦੀ ਦੁਨੀਆ ਉਤੇ ਮੁਹੱਲੇ ਦੇ ਮੁੰਡਿਆਂ ਦਾ ਰਾਜ ਹੁੰਦਾ ਸੀ। ਲਾਠੀਆਂ, ਡੰਡੇ, ਗੰਡਾਸੇ ਅਤੇ ਇੱਟਾਂ ਦੇ ਢੇਰ ਇਧਰ ਉਧਰ ਲਾਏ ਹੋਏ ਸਨ। ਦੋ ਚਾਰ ਮੁੰਡਿਆਂ ਕੋਲ ਦੇਸੀ ਪਸਤੌਲ ਅਤੇ ਬਹੁਤਿਆਂ ਕੋਲ ਚਾਕੂ ਸਨ। ਉਹ ਸਾਰੇ ਹੀ ਛੋਟਾ ਮੋਟਾ ਕੰਮ ਕਰਨ ਵਾਲੇ ਕਾਰੀਗਰ ਸਨ। ਬਹੁਤੇ ਜਿੰਦਰਿਆਂ ਦੇ ਕਾਰਖਾਨੇ ਵਿਚ ਕੰਮ ਕਰਦੇ ਸਨ। ਇਧਰ ਬਾਜ਼ਾਰ ਕਿਉਂਕਿ ਬੰਦ ਸੀ, ਇਸ ਕਰ ਕੇ ਉਨ੍ਹਾਂ ਦੇ ਧੰਦੇ ਠੱਪ ਸਨ। ਉਨ੍ਹਾਂ ਵਿਚੋਂ ਬਹੁਤਿਆਂ ਦੇ ਘਰਾਂ ਵਿਚ ਕਰਜ਼ੇ ਨਾਲ ਹੀ ਚੁੱਲ੍ਹਾ ਜਲ਼ ਰਿਹਾ ਸੀ, ਪਰ ਉਹ ਖੁਸ਼ ਸਨ। ਛੱਤਾਂ ਉਤੇ ਬੈਠ ਕੇ ਉਹ ਦੰਗਿਆਂ ਦੀਆਂ ਤਾਜ਼ਾ ਖਬਰਾਂ ‘ਤੇ ਤਬਸਰਾ ਕਰਦੇ ਜਾਂ ਹਿੰਦੂਆਂ ਨੂੰ ਗਾਲ੍ਹਾਂ ਕੱਢਦੇ। ਹਿੰਦੂਆਂ ਨਾਲੋਂ ਵੀ ਬਹੁਤੀਆਂ ਗਾਲ਼੍ਹਾਂ ਉਹ ਪੀæਏæਸੀæ ਨੂੰ ਦਿੰਦੇ ਸਨ। ਪਾਕਿਸਤਾਨੀ ਰੇਡੀਉ ਦਾ ਪੂਰਾ ਪ੍ਰੋਗਰਾਮ ਉਨ੍ਹਾਂ ਨੂੰ ਜ਼ੁਬਾਨੀ ਯਾਦ ਸੀ ਅਤੇ ਹੌਲੀ ਆਵਾਜ਼ ਵਿਚ ਉਹ ਰੇਡੀਉ ਲਹੌਰ ਸੁਣਦੇ ਸਨ। ਇਨ੍ਹਾਂ ਮੁੰਡਿਆਂ ਵਿਚੋਂ ਦੋ ਚਾਰ ਜਿਹੜੇ ਪਾਕਿਸਤਾਨ ਜਾ ਚੁੱਕੇ ਸਨ, ਉਨ੍ਹਾਂ ਦੀ ਇਜ਼ਤ ਹਾਜੀਆਂ ਵਾਂਗ ਹੁੰਦੀ ਸੀ। ਉਹ ਪਾਕਿਸਤਾਨ ਦੀ ਰੇਲ ਗੱਡੀ ‘ਤੇਜਗਾਮ’ ਅਤੇ ‘ਗੁਲਸ਼ਨ-ਏ-ਇਕਬਾਲ ਕਲੋਨੀ’ ਦੇ ਅਜਿਹੇ ਕਿੱਸੇ ਸੁਣਾਉਂਦੇ ਸਨ ਤਾਂ ਲਗਦਾ ਕਿ ਸਵਰਗ ਜੇ ਧਰਤੀ ‘ਤੇ ਕਿਧਰੇ ਹੈ ਤਾਂ ਪਾਕਿਸਤਾਨ ਵਿਚ ਹੈ। ਪਾਕਿਸਤਾਨ ਦੀਆਂ ਸਿਫਤਾਂ ਤੋਂ ਜਦੋਂ ਉਨ੍ਹਾਂ ਦਾ ਦਿਲ ਭਰ ਜਾਂਦਾ ਤਾਂ ਸੈਫੂ ਨਾਲ ਛੇੜ-ਛਾੜ ਕਰਦੇ ਸਨ। ਸੈਫੂ ਨੇ ਪਾਕਿਸਤਾਨ, ਤੇ ਪਾਕਿਸਤਾਨ ਦਾ ਹਾਲ ਹਵਾਲ ਸੁਣਨ ਤੋਂ ਬਾਅਦ ਇਕ ਦਿਨ ਪੁੱਛਿਆ ਸੀ ਕਿ ਪਾਕਿਸਤਾਨ ਹੈ ਕਿਥੇ? ਇਸ ਗੱਲ ‘ਤੇ ਮੁੰਡਿਆਂ ਨੇ ਉਸ ਦੀ ਖੂਬ ਗਤ ਬਣਾਈ ਸੀ। ਉਹ ਕੁਝ ਸਮਝਿਆ ਤੇ ਕੁਝ ਨਹੀਂ ਸਮਝਿਆ, ਪਰ ਉਸ ਨੂੰ ਇਹ ਪਤਾ ਨਹੀਂ ਸੀ ਲੱਗਿਆ ਕਿ ਪਾਕਿਸਤਾਨ ਕਿਥੇ ਹੈ।
ਗਸ਼ਤੀ ਮੁੰਡੇ ਸੈਫੂ ਨੂੰ ਮਖੌਲ ਜਿਹੇ ਵਿਚ ਹੀ ਸੰਜੀਦਗੀ ਨਾਲ ਡਰਾਉਂਦੇ ਸਨ- “ਦੇਖ ਸੈਫੂ, ਜੇ ਤੈਨੂੰ ਹਿੰਦੂਆਂ ਨੇ ਫੜ ਲਿਆ ਨਾ, ਤਾਂ ਪਤਾ ਕੀ ਕਰਨਗੇ? ਪਹਿਲਾਂ ਤਾਂ ਤੈਨੂੰ ਨੰਗਾ ਕਰ ਦੇਣਗੇ।” ਮੁੰਡੇ ਜਾਣਦੇ ਸਨ ਕਿ ਸੈਫੂ ਨੀਮ ਪਾਗਲ ਹੋਣ ਦੇ ਬਾਵਜੂਦ ਨੰਗਾ ਹੋਣ ਨੂੰ ਬਹੁਤ ਬੁਰਾ ਤੇ ਖਰਾਬ ਚੀਜ਼ ਸਮਝਦਾ ਹੈ- “ਉਸ ਤੋਂ ਬਾਅਦ ਹਿੰਦੂ ਤੇਰੇ ਤੇਲ ਮਲਣਗੇ।”
“ਕਿਉਂ, ਤੇਲ ਕਿਉਂ ਮਲਣਗੇ?”
“ਇਸ ਕਰ ਕੇ ਕਿ ਜਦੋਂ ਉਹ ਤੈਨੂੰ ਬੈਂਤ ਨਾਲ ਕੁੱਟਣ ਤਾਂ ਤੇਰੀ ਚਮੜੀ ਉਧੜ ਜਾਵੇ। ਉਸ ਤੋਂ ਬਾਅਦ ਗਰਮ ਸਲਾਖਾਂ ਨਾਲ ਤੈਨੂੰ ਦਾਗਣਗੇæææ।”
“ਨਹੀਂ!” ਉਹਨੂੰ ਵਿਸ਼ਵਾਸ ਨਹੀਂ ਹੋਇਆ।
ਰਾਤ ਨੂੰ ਮੁੰਡੇ ਜਿਹੜੇ ਡਰਾਉਣੇ ਤੇ ਹਿੰਸਕ ਕਿੱਸੇ ਸੁਣਾਉਂਦੇ ਸਨ, ਉਨ੍ਹਾਂ ਕਰ ਕੇ ਉਹ ਬਹੁਤ ਡਰ ਗਿਆ ਸੀ। ਕਦੀ ਕਦੀ ਮੇਰੇ ਨਾਲ ਪੁੱਠੀਆਂ ਸਿੱਧੀਆਂ ਗੱਲਾਂ ਕਰਦਾ। ਮੈਂ ਬੁਰਾ ਮਹਿਸੂਸ ਕਰਦਾ ਤੇ ਉਹਨੂੰ ਚੁੱਪ ਕਰਾ ਦਿੰਦਾ, ਪਰ ਉਹਦੇ ਅੰਦਰਲੀ ਜਗਿਆਸਾ ਸ਼ਾਂਤ ਨਹੀਂ ਸੀ ਹੁੰਦੀ। ਇਕ ਦਿਨ ਪੁੱਛਣ ਲੱਗਾ, “ਬੜੇ ਭਾਈ ਕੀ ਪਾਕਿਸਤਾਨ ਵਿਚ ਵੀ ਮਿੱਟੀ ਹੁੰਦੀ ਏ?”
“ਕਿਉਂ, ਉਥੇ ਮਿੱਟੀ ਕਿਉਂ ਨਹੀਂ ਹੋਵੇਗੀ।”
“ਸੜਕਾਂ ਹੀ ਸੜਕਾਂ ਨਹੀਂæææ ਉਥੇ ਟੈਰਾਲੀਨ ਵੀ ਮਿਲਦੀ ਹੈæææ ਉਥੇ ਸਸਤੀ ਹੈæææ।”
“ਦੇਖ ਇਹ ਸਾਰੀਆਂ ਗੱਲਾਂ ਮਨਘੜਤ ਹਨæææ ਤੂੰ ਅਲਤਾਫ ਬਗੈਰਾ ਦੀਆਂ ਗੱਲਾਂ ‘ਤੇ ਬਹੁਤਾ ਕੰਨ ਨਾ ਧਰਿਆ ਕਰ।” ਮੈਂ ਉਹਨੂੰ ਸਮਝਾਇਆ।
“ਬੜੇ ਭਾਈ, ਕੀ ਹਿੰਦੂ ਅੱਖਾਂ ਕੱਢ ਲੈਂਦੇæææ।”
“ਬਕਵਾਸ ਹੈ, æææ ਇਹ ਤੈਨੂੰ ਕੀਹਨੇ ਕਿਹਾ?”
“ਵੱਛਣ ਨੇ।”
“ਗਲਤ ਐ।”
“ਫਿਰ ਚਮੜੀ ਵੀ ਨਹੀਂ ਉਧੇੜਦੇ?”
“ਉਹæææ ਹੋ, ਇਹ ਤੂੰ ਕੀ ਬਕਵਾਸ ਕਰ ਰਿਹੈਂæææ।”
ਉਹ ਚੁੱਪ ਹੋ ਗਿਆ, ਪਰ ਉਸ ਦੀਆਂ ਅੱਖਾਂ ਵਿਚ ਸੈਂਕੜੇ ਸਵਾਲ ਸਨ। ਮੈਂ ਬਾਹਰ ਚਲਾ ਗਿਆ। ਉਹ ਸਫੀਆ ਨਾਲ ਇਸੇ ਤਰ੍ਹਾਂ ਦੀਆਂ ਗੱਲਾਂ ਕਰਨ ਲੱਗ ਪਿਆ।
ਕਰਫਿਊ ਲੰਮਾ ਹੁੰਦਾ ਗਿਆ। ਰਾਤ ਦੀ ਗਸ਼ਤ ਜਾਰੀ ਰਹੀ। ਸਾਡੇ ਘਰ ਵਲੋਂ ਸੈਫੂ ਹੀ ਜਾਂਦਾ ਰਿਹਾ। ਕੁਝ ਦਿਨਾਂ ਬਾਅਦ ਇਕ ਦਿਨ ਸੁੱਤਾ ਪਿਆ ਸੈਫੂ ਚੀਕਣ ਲੱਗ ਪਿਆ। ਅਸੀਂ ਸਭ ਘਬਰਾ ਗਏ, ਪਰ ਇਹ ਸਮਝਣ ਵਿਚ ਦੇਰ ਨਾ ਲੱਗੀ ਕਿ ਇਹ ਸਭ ਉਹਨੂੰ ਡਰਾਉਣ ਕਰ ਕੇ ਹੈ। ਅੱਬਾਜਾਨ ਨੂੰ ਮੁੰਡਿਆਂ ‘ਤੇ ਬਹੁਤ ਗੁੱਸਾ ਆਇਆ ਅਤੇ ਉਨ੍ਹਾਂ ਮੁਹੱਲੇ ਦੇ ਕੁਝ ਬਜ਼ੁਰਗਾਂ ਨੂੰ ਕਿਹਾ ਵੀ, ਪਰ ਕੋਈ ਅਸਰ ਨਾ ਹੋਇਆ। ਮੁੰਡੇ, ਉਹ ਵੀ ਮੁਹੱਲੇ ਦੇ ਮੁੰਡੇ, ਉਹ ਕਿਸੇ ਮਨੋਰੰਜਨ ਤੋਂ ਕਿਉਂ ਵਾਂਝੇ ਹੋ ਜਾਂਦੇ?
ਗੱਲ ਕਿਥੋਂ ਕਿਥੇ ਪਹੁੰਚ ਗਈ ਹੈ, ਇਸ ਦਾ ਅੰਦਾਜ਼ਾ ਮੈਨੂੰ ਉਸ ਵਕਤ ਨਹੀਂ ਸੀ ਜਦੋਂ ਇਕ ਦਿਨ ਸੈਫੂ ਨੇ ਬੜੀ ਗੰਭੀਰਤਾ ਨਾਲ ਮੈਨੂੰ ਪੁੱਛਿਆ, “ਬੜੇ ਭਾਈ, ਮੈਂ ਹਿੰਦੂ ਹੋ ਜਾਵਾਂ?”
ਸਵਾਲ ਸੁਣ ਕੇ ਮੈਂ ਸੁੰਨ ਹੋ ਗਿਆ, ਪਰ ਜਲਦੀ ਹੀ ਸਮਝ ਗਿਆ ਕਿ ਇਹ ਰਾਤ ਨੂੰ ਡਰਾਉਣੇ ਕਿੱਸੇ ਸੁਣਾਉਣ ਦਾ ਨਤੀਜਾ ਹੈ। ਮੈਨੂੰ ਗੁੱਸਾ ਆਇਆ; ਫਿਰ ਸੋਚਿਆ, ਪਾਗਲ ਉਤੇ ਗੁੱਸਾ ਕਰਨ ਦੀ ਥਾਂ ਗੁੱਸਾ ਪੀ ਜਾਵਾਂ ਅਤੇ ਉਹਨੂੰ ਸਮਝਾਉਣ ਦੀ ਕੋਸ਼ਿਸ਼ ਕਰਾਂ।
ਮੈਂ ਪੁੱਛਿਆ- “ਕਿਉਂ, ਤੂੰ ਹਿੰਦੂ ਕਿਉਂ ਹੋਣਾ ਚਾਹੁੰਦਾ ਏਂ?”
“ਬਚ ਜਾਵਾਂਗਾ।” ਸੈਫੂ ਬੋਲਿਆ।
“ਇਸ ਦਾ ਮਤਲਬ ਕਿ ਮੈਂ ਨਹੀਂ ਬਚ ਸਕਾਂਗਾ।” ਮੈਂ ਉਹਨੂੰ ਪੁੱਛਿਆ।
“ਤਾਂ ਤੁਸੀਂ ਵੀ ਹੋ ਜਾਉ।” ਉਹਨੇ ਫਿਰ ਕਿਹਾ।
“ਤੇ ਤੇਰੇ ਤਾਇਆæææ ਅੱਬਾ?” ਮੈਂ ਆਪਣੇ ਪਿਉ ਤੇ ਉਹਦੇ ਤਾਏ ਦੀ ਗੱਲ ਕੀਤੀ।
“ਨਹੀਂæææ ਉਨ੍ਹਾਂ ਨੂੰæææ।” ਉਹ ਕੁਝ ਸੋਚਣ ਲੱਗਾ। ਅੱਬਾਜਾਨ ਦੀ ਸਫੈਦ ਤੇ ਲੰਮੀ ਦਾੜ੍ਹੀ ਵਿਚ ਉਹ ਕਿਧਰੇ ਉਲ਼ਝ ਗਿਆ ਹੋਵੇਗਾ।
“ਦੇਖ ਇਹ ਸਭ ਮੁੰਡਿਆਂ ਦੀ ਸ਼ਰਾਰਤ ਹੈ ਜੋ ਤੈਨੂੰ ਬਹਿਕਾਂਦੇ ਹਨ। ਇਹ ਜੋ ਕੁਝ ਵੀ ਤੈਨੂੰ ਦੱਸਦੇ ਹਨ, ਸਭ ਝੂਠ ਹੈ। ਹਾਂਅ! ਤੂੰ ਮਹੇਸ਼ ਨੂੰ ਨਹੀਂ ਜਾਣਦਾ?”
“ਉਹੀ ਜੋ ਸਕੂਟਰ ‘ਤੇ ਆਉਂਦੇ ਨੇæææ।” ਉਹ ਖੁਸ਼ ਹੋ ਗਿਆ।
“ਹਾਂæææ ਹਾਂ ਉਹੀ।”
“ਉਹ ਹਿੰਦੂ ਐ?”
“ਹਾਂ ਹਿੰਦੂ ਐ।” ਮੈਂ ਕਿਹਾ। ਪਹਿਲਾਂ ਤਾਂ ਉਹਦੇ ਚਿਹਰੇ ‘ਤੇ ਨਿਰਾਸ਼ਾ ਭਰੀ ਹਲਕੀ ਜਿਹੀ ਉਦਾਸੀ ਉਭਰੀ, ਫਿਰ ਉਹ ਚੁੱਪ ਹੋ ਗਿਆ।
“ਇਹ ਤਾਂ ਸਭ ਗੁੰਡੇ, ਬਦਮਾਸ਼ਾਂ ਦੇ ਕੰਮ ਨੇæææ ਨਾ ਹਿੰਦੂ ਲੜਦੇ ਨੇ, ਨਾ ਹੀ ਮੁਸਲਮਾਨæææ ਗੁੰਡੇ ਲੜਦੇ ਨੇ। ਸਮਝਿਆ?”
ਦੰਗਾ ਸ਼ੈਤਾਨ ਦੀ ਆਂਦਰ ਵਾਂਗ ਖਿੱਚ ਹੁੰਦਾ ਗਿਆ ਅਤੇ ਮੁਹੱਲੇ ਵਿਚ ਲੋਕ ਤੰਗ ਆਉਣ ਲੱਗ ਪਏ। ਯਾਰ, ਸ਼ਹਿਰ ਵਿਚ ਦੰਗਾ ਕਰਨ ਵਾਲੇ ਬਦਮਾਸ਼ਾਂ ਨੂੰ ਮਿਲਾ ਵੀ ਲਿਆ ਜਾਵੇ ਤਾਂ ਕਿੰਨੇ ਕੁ ਹੋਣਗੇ। ਵੱਧ ਤੋਂ ਵੱਧ ਇਕ ਹਜ਼ਾਰ। ਚਲੋ, ਦੋ ਹਜ਼ਾਰ ਮੰਨ ਲਉ। ਫਿਰ ਭਾਈ ਦੋ ਹਜ਼ਾਰ ਆਦਮੀਆਂ ਨੇ ਲੱਖਾਂ ਲੋਕਾਂ ਦੀ ਜ਼ਿੰਦਗੀ ਨੂੰ ਨਰਕ ਬਣਾਇਆ ਹੋਇਐ, ਤੇ ਅਸੀਂ ਲੋਕ ਘਰਾਂ ਵਿਚ ਲੁਕ ਕੇ ਬੈਠੇ ਹੋਏ ਹਾਂ। ਇਹ ਤਾਂ ਉਹੀ ਹੋਇਆ ਜਿਵੇਂ ਦਸ ਹਜ਼ਾਰ ਅੰਗਰੇਜ਼ ਕਰੋੜਾਂ ਹਿੰਦੁਸਤਾਨੀਆਂ ਉਪਰ ਰਾਜ ਕਰਦੇ ਸਨ ਅਤੇ ਸਾਰਾ ਨਿਜ਼ਾਮ ਉਨ੍ਹਾਂ ਅਧੀਨ ਚਲਦਾ ਰਹਿੰਦਾ ਸੀ। ਫਿਰ ਇਨ੍ਹਾਂ ਦੰਗਿਆਂ ਤੋਂ ਫਾਇਦਾ ਕਿਸ ਨੂੰ ਹੈ? ਫਾਇਦਾ? ਹੋਰ ਕੀæææ ਹਾਜੀ ਅਬਦੁਲ ਕਰੀਮ ਨੂੰ ਫਾਇਦਾ ਹੈ ਜੋ ਮਿਉਂਸਪੈਲਟੀ ਦੀ ਚੋਣ ਲੜੇਗਾ ਅਤੇ ਉਹਨੂੰ ਮੁਸਲਮਾਨ ਵੋਟ ਮਿਲਣਗੇ; ਫਾਇਦਾ ਪੰਡਿਤ ਜੋਗੇਸ਼ਵਰ ਨੂੰ ਹੈ ਜਿਹਨੂੰ ਹਿੰਦੂਆਂ ਦੇ ਵੋਟ ਮਿਲਣਗੇ। ਤਾਂ ਫਿਰ ਅਸੀਂ ਕੀ ਹਾਂ? ਤੁਸੀਂ ਵੋਟਰ ਹੋæææ ਹਿੰਦੂ ਵੋਟਰ, ਮੁਸਲਮਾਨ ਵੋਟਰ, ਪਛੜੇ ਵੋਟਰ, ਸੁੰਨੀ ਵੋਟਰ, ਸ਼ੀਆ ਵੋਟਰ। ਇਹੀ ਕੁਝ ਹੁੰਦਾ ਰਹੇਗਾ ਇਸ ਮੁਲਕ ਵਿਚ? ਹਾਂ ਕਿਉਂ ਨਹੀਂ? ਇਥੇ ਲੋਕ ਜ਼ਾਹਿਲ ਹਨ। ਇਥੇ ਕਿਰਾਏ ਦੇ ਹਤਿਆਰੇ ਮਿਲ ਜਾਂਦੇ ਹਨ। ਜਿਥੇ ਰਾਜਸੀ ਨੇਤਾ ਆਪਣੀਆਂ ਗੱਦੀਆਂ ਖਾਤਰ ਦੰਗੇ ਕਰਵਾਉਂਦੇ ਹਨ, ਉਥੇ ਹੋਰ ਕੀ ਹੋ ਸਕਦਾ? ਯਾਰ, ਕੀ ਅਸੀਂ ਲੋਕਾਂ ਨੂੰ ਪੜ੍ਹਾ ਨਹੀਂ ਸਕਦੇ? ਸਮਝਾ ਨਹੀਂ ਸਕਦੇ? ਹਾæææ ਹਾæææ ਹਾæææ ਤੁਸੀਂ ਕੌਣ ਹੁੰਦੇ ਹੋ ਪੜ੍ਹਾਉਣ ਵਾਲੇ, ਸਰਕਾਰ ਪੜ੍ਹਾਵੇਗੀ ਜੇ ਚਾਹੇਗੀ। ਜੇ ਸਰਕਾਰ ਨਾ ਚਾਹੇ ਤਾਂ ਇਸ ਮੁਲਕ ਵਿਚ ਕੁਝ ਨਹੀਂ ਹੋ ਸਕਦਾ? ਹਾਂæææ ਅੰਗਰੇਜ਼ਾਂ ਨੇ ਸਾਨੂੰ ਇਹੀ ਸਿਖਾਇਆ ਹੈ æææ ਅਸੀਂ ਇਸ ਦੇ ਆਦੀ ਹਾਂæææ ਚਲੋ ਛੱਡੋ। ਤਾਂ ਫਿਰ ਦੰਗੇ ਹੁੰਦੇ ਰਹਿਣਗੇ? ਹਾਂ, ਹੁੰਦੇ ਰਹਿਣਗੇ। ਮੰਨ ਲਉ ਕਿ ਇਸ ਮੁਲਕ ਦੇ ਸਾਰੇ ਮੁਸਲਮਾਨ ਹਿੰਦੂ ਹੋ ਜਾਣ? ਲਾਹੌਲ ਵਿਲਾ ਕੁਵਅਤ, ਇਹ ਕੀ ਕਹਿ ਰਹੇ ਹੋ ਤੁਸੀਂ? ਅੱਛਾ ਫ਼ਰਜ਼ ਕਰੋ ਕਿ ਇਸ ਮੁਲਕ ਦੇ ਸਾਰੇ ਹਿੰਦੂ ਮੁਸਲਮਾਨ ਹੋ ਜਾਣ? ਸੁਭ੍ਹਾਨ ਅੱਲ੍ਹਾæææ ਵਾਹ ਵਾਹ ਕੀ ਗੱਲ ਕਹੀ ਹੈæææ ਤਾਂ ਕੀ ਦੰਗੇ ਰੁਕ ਜਾਣਗੇ?
ਇਹ ਤਾਂ ਸੋਚਣ ਵਾਲੀ ਗੱਲ ਹੈæææ ਪਾਕਿਸਤਾਨ ਵਿਚ ਸ਼ੀਆ ਸੁੰਨੀ ਇਕ ਦੂਜੇ ਦੀ ਜਾਨ ਦੇ ਦੁਸ਼ਮਣ ਹਨæææ ਬਿਹਾਰ ਵਿਚ ਬ੍ਰਾਹਮਣ ਹਰੀਜਨ ਦੇ ਪ੍ਰਛਾਵੇਂ ਤੋਂ ਵੀ ਬਚਦੇ ਹਨæææ ਤਾਂ ਕੀ ਯਾਰ ਆਦਮੀ ਜਾਂ ਕਹੋ ਇਨਸਾਨ ਸਾਲਾ ਹੈ ਹੀ ਅਜਿਹਾ ਜੋ ਲੜਦਾ ਹੀ ਰਹਿਣਾ ਚਾਹੁੰਦਾ ਹੈ? ਉਂਜ ਦੇਖੋ ਤਾਂ ਜੁੰਮਨ ਤੇ ਮੈਕੂ ਦੀ ਬੜੀ ਦੋਸਤੀ ਹੈ, ਤਾਂ ਫਿਰ ਕਿਉਂ ਨਾ ਅਸੀਂ ਮੈਕੂ ਤੇ ਜੁੰਮਨ ਬਣ ਜਾਈਏæææ ਵਾਹ! ਕਿੰਨੇ ਪਤੇ ਦੀ ਗੱਲ ਕੀਤੀ, ਮਤਲਬæææ ਮਤਲਬæææ ਮਤਲਬæææ
ਮੈਂ ਸਵੇਰੇ ਸੁਵਖਤੇ ਹੀ ਰੇਡੀਉ ਦੇ ਕੰਨ ਮਰੋੜ ਰਿਹਾ ਸੀ। ਸਫੀਆ ਝਾੜੂ ਦੇ ਰਹੀ ਸੀ ਕਿ ਰਾਜਾ ਦਾ ਛੋਟਾ ਭਰਾ ਅਕਰਮ ਦੌੜਾ ਆਇਆ ਅਤੇ ਤੇਜ਼ ਚਲਦੇ ਸਾਹ ਰੋਕਣ ਦੀ ਨਾਕਾਮ ਕੋਸ਼ਿਸ਼ ਕਰਦਾ ਕਹਿਣ ਲੱਗਾ, ਸੈਫੂ ਨੂੰ ਪੀæਏæਸੀæ ਵਾਲੇ ਕੁੱਟ ਰਹੇ ਹਨ।
“ਕੀ? ਕੀ ਕਹਿ ਰਿਹੈਂ?”
“ਸੈਫੂ ਨੂੰ ਪੀæਏæਸੀæ ਵਾਲੇ ਕੁੱਟ ਰਹੇ ਹਨ।” ਉਹ ਅਟਕ ਕੇ ਬੋਲਿਆ।
“ਕਿਉਂ ਕੁੱਟ ਰਹੇ ਹਨ? ਕੀ ਗੱਲ ਹੈ?”
“ਪਤਾ ਨਹੀਂæææ ਨੁੱਕਰ ‘ਤੇæææ।”
“ਉਥੇ, ਜਿਥੇ ਪੀæਏæਸੀæ ਦੀ ਚੌਕੀ ਹੈ?”
“ਹਾਂ, ਉਥੇ ਹੀ।”
“ਪਰ ਕਿਉਂæææ।” ਮੈਨੂੰ ਪਤਾ ਸੀ ਕਿ ਅੱਠ ਤੋਂ ਦਸ ਵਜੇ ਤੱਕ ਕਰਫਿਊ ਖੁੱਲ੍ਹਣ ਲੱਗ ਪਿਆ ਹੈ, ਤੇ ਸੈਫੂ ਨੂੰ ਅੱਠ ਵਜੇ ਦੇ ਕਰੀਬ ਅੰਮਾ ਨੇ ਦੁੱਧ ਲੈਣ ਭੇਜਿਆ ਸੀ। ਸੈਫੂ ਵਰਗੇ ਪਾਗਲ ਨੂੰ ਵੀ ਪਤਾ ਸੀ ਕਿ ਉਹਨੇ ਜਲਦੀ ਤੋਂ ਜਲਦੀ ਵਾਪਸ ਆਉਣਾ ਹੈ, ਪਰ ਹੁਣ ਤਾਂ ਦਸ ਬੱਜ ਗਏ ਹਨ।
“ਚੱਲ, ਮੈਂ ਚਲਦਾਂ।” ਰੇਡੀਉ ਵਿਚੋਂ ਆਉਂਦੀ ਬੇਢੰਗੀ ਆਵਾਜ਼ ਦਾ ਫਿਕਰ ਕੀਤੇ ਬਗੈਰ ਮੈਂ ਤੇਜ਼ ਕਦਮੀਂ ਬਾਹਰ ਨਿਕਲ ਗਿਆ। ਪਾਗਲ ਨੂੰ ਕਿਉਂ ਮਾਰ ਰਹੇ ਨੇ ਪੀæਏæਸੀæ ਵਾਲੇ, ਉਹਨੇ ਕਿਹੜਾ ਅਜਿਹਾ ਜੁਰਮ ਕੀਤਾ ਹੈ? ਉਹ ਕਰ ਹੀ ਕੀ ਸਕਦਾ ਹੈ? ਉਹ ਖੁਦ ਹੀ ਇੰਨਾ ਡਰਿਆ ਹੋਇਆ ਰਹਿੰਦਾ ਕਿ ਉਹਨੂੰ ਕੁੱਟਣ ਦੀ ਕੀ ਜ਼ਰੂਰਤ ਹੈæææ ਫਿਰ ਕੀ ਕਾਰਨ ਹੋ ਸਕਦਾ ਹੈ? ਪੈਸੇ? ਉਹਨੂੰ ਤਾਂ ਅੰਮਾ ਨੇ ਦੋ ਰੁਪਏ ਦਿੱਤੇ ਸਨ। ਦੋ ਰੁਪਏ ਵਾਸਤੇ ਪੀæਏæਸੀæ ਵਾਲੇ ਉਹਨੂੰ ਕਿਉਂ ਕੁੱਟਣਗੇ?
ਨੁੱਕਰ ‘ਤੇ ਮੁੱਖ ਸੜਕ ਦੇ ਬਰਾਬਰ ਮਕਾਨਾਂ ਉਤੇ ਮੁਹੱਲੇ ਦੇ ਕੁਝ ਲੋਕ ਜਮ੍ਹਾਂ ਸਨ। ਸਾਹਮਣੇ ਸੈਫੂ ਪੀæਏæਸੀæ ਵਾਲਿਆਂ ਅੱਗੇ ਖੜ੍ਹਾ ਸੀ। ਉਹਦੇ ਸਾਹਮਣੇ ਪੀæਏæਸੀæ ਦੇ ਜਵਾਨ ਸਨ। ਸੈਫੂ ਜ਼ੋਰ ਸ਼ੋਰ ਨਾਲ ਆਕੜ ਰਿਹਾ ਸੀ- “ਮੈਨੂੰ ਤੁਸੀਂ ਕਿਉਂ ਮਾਰਿਆæææ ਮੈਂ ਹਿੰਦੂ ਹਾਂæææ ਹਿੰਦੂ ਹਾਂæææ।”
ਮੈਂ ਅੱਗੇ ਵਧਿਆ। ਮੈਨੂੰ ਦੇਖਣ ਤੋਂ ਬਾਅਦ ਵੀ ਸੈਫੂ ਚੁੱਪ ਨਹੀਂ ਹੋਇਆ, ਉਹ ਕਹਿੰਦਾ ਰਿਹਾ ‘ਹਾਂæææ ਹਾਂ ਮੈਂ ਹਿੰਦੂ ਹਾਂ’, ਉਹ ਲੜਖੜਾ ਰਿਹਾ ਸੀ। ਉਹਦੇ ਬੁੱਲ੍ਹਾਂ ਦੇ ਕੋਨਿਆਂ ਤੋਂ ਖੂਨ ਦੀ ਬੂੰਦ ਨਿਕਲ ਕੇ ਠੋਡੀ ‘ਤੇ ਜੰਮ ਗਈ ਸੀ।
“ਤੁਸੀਂ ਮੈਨੂੰ ਕੁੱਟਿਆ ਕਿਵੇਂæææ ਮੈਂ ਹਿੰਦੂæææ।”
“ਸੈਫੂæææ ਇਹ ਕੀ ਹੋ ਰਿਹੈæææ ਘਰ ਚੱਲ।”
“ਮੈਂæææ ਮੈਂ ਹਿੰਦੂ ਹਾਂ।”
ਮੈਨੂੰ ਬਹੁਤ ਹੈਰਾਨੀ ਹੋਈæææ ਕੀ ਇਹ ਉਹੀ ਸੈਫੂ ਹੈ ਜੋ ਸੀæææ ਇਹਦੀ ਤਾਂ ਕਾਇਆ ਹੀ ਪਲਟ ਗਈ ਹੈ। ਇਹਨੂੰ ਹੋ ਕੀ ਗਿਆ?
“ਸੈਫੂ ਹੋਸ਼ ਵਿਚ ਆ।” ਮੈਂ ਉਹਨੂੰ ਝਿੜਕਿਆ।
ਮੁਹੱਲੇ ਦੇ ਦੂਸਰੇ ਲੋਕ ਪਤਾ ਨਹੀਂ ਕੀਹਦੇ ਉਤੇ ਅੰਦਰ ਹੀ ਅੰਦਰ ਦੂਰ ਤੋਂ ਹੱਸ ਰਹੇ ਸਨ। ਮੈਨੂੰ ਗੁੱਸਾ ਆਇਆ। ਸਾਲੇ ਇਹ ਨਹੀਂ ਸਮਝਦੇ ਕਿ ਇਹ ਪਾਗਲ ਹੈ।
“ਇਹ ਤੁਹਾਡਾ ਕੀ ਲਗਦਾ।” ਇਕ ਪੀæਏæਸੀæ ਵਾਲੇ ਨੇ ਮੈਨੂੰ ਪੁੱਛਿਆ।
“ਮੇਰਾ ਭਰਾ ਹੈæææ ਥੋੜੀ ਮੈਂਟਲ ਪ੍ਰਾਬਲਮ ਹੈ ਇਹਨੂੰ।”
“ਫਿਰ ਇਹਨੂੰ ਘਰ ਲੈ ਜਾ।” ਇਕ ਸਿਪਾਹੀ ਬੋਲਿਆ।
“ਸਾਨੂੰ ਤਾਂ ਪਾਗਲ ਕਰ ਦਿੱਤਾ ਇਹਨੇ।” ਦੂਸਰੇ ਨੇ ਕਿਹਾ।
“ਚੱਲ æææ ਸੈਫੂ ਘਰ ਚੱਲ। ਕਰਫਿਊ ਲੱਗ ਗਿਐæææ ਕਰਫਿਊæææ।”
“ਨਹੀਂæææ ਨਹੀਂ ਜਾਊਂਗਾæææ ਮੈਂ ਹਿੰਦੂ ਹਾਂæææ ਹਿੰਦੂæææ ਮੈਨੂੰæææਮੈਨੂੰæææ!”
ਉਹ ਧਾਹਾਂ ਮਾਰ ਕੇ ਰੋਣ ਲੱਗ ਪਿਆ- “ਕੁੱਟਿਆæææ ਮੈਨੂੰ ਮਾਰਿਆæææ ਮੈਨੂੰ ਮਾਰਿਆæææ ਮੈਂ ਹਿੰਦੂ ਹਾਂæææ ਮੈਂæææ।”
ਸੈਫੂ ਘੜੰਮ ਕਰ ਕੇ ਜ਼ਮੀਨ ‘ਤੇ ਡਿਗ ਪਿਆæææ ਸ਼ਾਇਦ ਬੇਹੋਸ਼ ਹੋ ਗਿਆ ਸੀæææ।
ਹੁਣ ਉਹਨੂੰ ਚੁੱਕ ਕੇ ਲਿਜਾਣਾ ਸੌਖਾ ਸੀ।