ਧੀਆਂ ਧਨ ਬੇਗਾਨੜਾ ਕਹਿਣ ਲੋਕੀਂ

ਡਾæ ਗੁਰਬਖਸ਼ ਸਿੰਘ ਭੰਡਾਲ ਆਪਣੀ ਨਿਵੇਕਲੀ ਸ਼ੈਲੀ ਵਿਚ ਜੀਵਨ ਦੀਆਂ ਪਰਤਾਂ ਫਰੋਲਦੇ ਹਨ, ਜ਼ਿੰਦਗੀ ਦੇ ਨਾਦ ਦੀ ਤਲਾਸ਼ ਵਿਚ ਰਹਿੰਦੇ ਹਨ। ਪਿਛਲੇ ਇਕ ਅਰਸੇ ਤੋਂ ਪੰਜਾਬ ਟਾਈਮਜ਼ ਦੇ ਪਾਠਕ ਉਨ੍ਹਾਂ ਦੀਆਂ ਲਿਖਤਾਂ ਪੜ੍ਹਦੇ ਆ ਰਹੇ ਹਨ ਅਤੇ ਉਨ੍ਹਾਂ ਦੀ ਨਿਵੇਕਲੀ ਸ਼ੈਲੀ ਤੋਂ ਪ੍ਰਭਾਵਿਤ ਵੀ ਹੋਏ ਹਨ। ਡਾæ ਭੰਡਾਲ ਇਸ ਕਾਲਮ ਹੇਠ ਘਰ ਦੀਆਂ ਨਿਆਮਤਾਂ ਦੀ ਵਾਰਤਾ ਸੁਣਾ ਚੁਕੇ ਹਨ। ਘਰ ਦਾ ਕੇਂਦਰ ਮਾਂ ਹੁੰਦੀ ਹੈ

ਜਿਸ ਬਾਰੇ ਡਾæ ਭੰਡਾਲ ਦਾ ਕਹਿਣਾ ਹੈ ਕਿ ਮਾਂ, ਸਿਰਫ ਮਾਂ ਹੁੰਦੀ ਏ ਜੋ ਸਭ ਤੋਂ ਵੱਡੀ ਦਾਤੀ ਹੁੰਦਿਆਂ ਵੀ ਨਿਮਾਣੀ ਬਣੀ ਰਹਿੰਦੀ ਏ। ਬਜ਼ੁਰਗਾਂ ਦਾ ਸਤਿਕਾਰ ਕਰਨ ਦੀ ਨਸੀਹਤ ਕਰਦਿਆਂ ਕਿਹਾ ਸੀ ਕਿ ਬੁਢਾਪਾ ਉਹ ਅਵਸਥਾ ਏ ਜਦੋਂ ਜ਼ਿੰਦਗੀ, ਸਰੀਰਕ ਸਮਰੱਥਾ ਤੋਂ ਆਤਮਿਕ ਸੰਤੁਸ਼ਟੀ ਅਤੇ ਸਕੂਨ ਦੇ ਸਫਰ ਦੀ ਹਮਰਾਜ਼ ਬਣਦੀ ਏ। ਪਿਛਲੇ ਲੇਖ ਵਿਚ ਉਨ੍ਹਾਂ ਦੱਸਿਆ ਸੀ ਕਿ ਜਦੋਂ ਬੱਚੇ ਵੱਡੇ ਹੋ ਕੇ ਪੰਛੀਆਂ ਵਾਂਗ ਉਡਾਰੀ ਮਾਰ ਜਾਂਦੇ ਹਨ ਤਾਂ ਮਾਪੇ ਖੁਸ਼ ਹੁੰਦੇ ਹਨ ਪਰ ਅੰਦਰੋਂ ਬੱਚਿਆਂ ਦਾ ਹੇਰਵਾ ਸਦਾ ਬਣਿਆ ਰਹਿੰਦਾ ਹੈ। ਹਥਲੇ ਲੇਖ ਵਿਚ ਉਨ੍ਹਾਂ ਧੀਆਂ ਦੀ ਵਾਰਤਾ ਸੁਣਾਈ ਹੈ ਤੇ ਧੀਆਂ ਨੂੰ ਬੋਝ ਸਮਝਣ ਵਾਲਿਆਂ ਨੂੰ ਸਵਾਲ ਕੀਤਾ ਹੈ ਕਿ ਜੇ ਧੀਆਂ ਨਾ ਹੁੰਦੀਆਂ ਤਾਂ ਕੀ ਮਨੁੱਖ ਦੀ ਹੋਂਦ ਸੰਭਵ ਹੁੰਦੀ? ਇਹ ਦਮਗਜ਼ੇ ਮਾਰਨ ਵਾਲਾ ਸ਼ਖਸ, ਕਿਸ ਕੁੱਖ ‘ਚੋਂ ਜਨਮਿਆ ਏ? ਕੀ ਕਦੇ ਸੋਚਣ ਦੀ ਕੋਸ਼ਿਸ਼ ਕੀਤੀ ਏ? ਕੀ ਔਰਤ ਤੋਂ ਬਗੈਰ ਮਨੁੱਖ ਪੂਰਨ ਏ? ਜੀਵਨ ਦੀ ਬੈਲ-ਗੱਡੀ ਇਕ ਪਹੀਏ ਨਾਲ ਕਿਵੇਂ ਚੱਲ ਸਕਦੀ ਏ? ਉਨ੍ਹਾਂ ਚੇਤੇ ਕਰਵਾਇਆ ਹੈ ਕਿ Ḕਪੁੱਤਾਂ ਤੇਰਾ ਘਰ ਵੰਡਣਾ, ਧੀਆਂ ਵੰਡਣਾ ਬਾਪੂ ਵੇ ਦੁੱਖ ਤੇਰਾḔ ਦਾ ਸੱਚ ਬੂਹੇ ‘ਤੇ ਉਕਰਿਆ, ਸਦੀਵੀ ਰਹਿਣ ਵਾਲਾ ਸੱਚ ਏ। -ਸੰਪਾਦਕ

ਡਾæ ਗੁਰਬਖਸ਼ ਸਿੰਘ ਭੰਡਾਲ
ਧੀਆਂ, ਸਾਡੇ ਸਮਾਜ ਦੀ ਉਹ ਨੀਂਹ ਹਨ, ਜਿਸ ਤੋਂ ਬਿਨਾ ਮਨੁੱਖੀ ਸਮਾਜ ਦੇ ਮਹਿਲ ਦੀ ਤੁਸੀਂ ਕਲਪਨਾ ਵੀ ਨਹੀਂ ਕਰ ਸਕਦੇ। ਨਸਲ ਨੂੰ ਅੱਗੇ ਤੋਰਨ ਵਾਲੇ ਪੁੱਤਰ ਨਹੀਂ ਹੁੰਦੇ, ਧੀ ਹੁੰਦੀ ਏ, ਜੋ ਹਰ ਵੰਸ਼ ਦੀ ਨਕੜ-ਦਾਦੀ ਦੀ ਭੂਮਿਕਾ ਨਿਭਾਉਂਦੀ ਹੋਈ, ਕਿਸੇ ਕਿਸਮ ਦੇ ਮਾਣ-ਅਭਿਮਾਨ ਤੋਂ ਕੋਰੀ ਏ।
ਧੀਆਂ, ਜਦੋਂ ਗੁੱਡੀਆਂ ਪਟੋਲੇ ਖੇਡਦੀਆਂ ਨੇ ਤਾਂ ਉਹ ਭੋਲੇ-ਭਾਲੇ ਮਨਾਂ ਨਾਲ, ਸਮਾਜ ਦੀ ਇਕ ਕੜੀ, ਘਰ ਉਸਾਰਦੀਆਂ ਨੇ। ਘਰ, ਜਿਸ ਵਿਚ ਗੁੱਡੇ-ਗੁੱਡੀ ਦਾ ਵਿਆਹ ਰਚਾਇਆ ਜਾਂਦਾ ਹੈ, ਚਾਅ ਮਨਾਇਆ ਜਾਂਦਾ ਏ। ਘਰੋਗੀ ਲੋੜਾਂ ਦਾ ਸਾਮਾਨ ਜਿਵੇਂ ਨਿੱਕੇ-ਨਿੱਕੇ ਭਾਂਡੇ, ਕੱਪੜੇ ਆਦਿ ਕਮਰੇ ਦੀ ਇਕ ਨੁੱਕਰੇ ਟਿਕਾਉਂਦੀਆਂ, ਘਰ ਵਿਚ ਇਕ ਹੋਰ ਘਰ ਸਿਰਜਦੀਆਂ ਨੇ।
ਧੀਆਂ, ਸਮਾਜ ਦਾ ਮੁਹਾਂਦਰਾ ਹੁੰਦੀਆਂ ਨੇ, ਜੋ ਸਿਰੜ, ਸਿਦਕ, ਸਾਹਸ ਤੇ ਸਿਆਣਪ ਦੀ ਮੂਰਤ ਬਣੀਆਂ ਘਰ ਦੇ ਭਾਗ ਹੁੰਦੀਆਂ ਨੇ, ਜਿਨ੍ਹਾਂ ਦੀਆਂ ਰਗਾਂ ‘ਚ ਘਰ ਨੂੰ ਸਵਰਗ ਬਣਾਉਣ ਦਾ ਤਸੱਵਰ, ਤੜਪ ਬਣਦਾ ਏ। ਪਰ ਕਦੇ-ਕਦੇ ਸੁਪਨਿਆਂ ਦੇ ਤਿੜਕ ਜਾਣ ‘ਤੇ ਨਿਰਾਸ਼ਾ ਦੀ ਖੱਡ ‘ਚ ਡਿੱਗ ਕੇ ਵੀ ਉਡਣ ਦਾ ਸਾਹਸ ਮਨ ‘ਚ ਪਾਲਦੀਆਂ ਨੇ।
ਧੀਆਂ ਧਿਆਣੀਆਂ, ‘ਸੋ ਕਿਉ ਮੰਦਾ ਆਖੀਐ, ਜਿਤੁ ਜੰਮਹਿ ਰਾਜਾਨੁ’ ਦਾ ਰੁਤਬਾ ਪਾ ਕੇ ਵੀ, ਸੌੜੀ ਸੋਚ ਦੇ ਪੈਰੋਕਾਰਾਂ ਵਲੋਂ ‘ਦਾਸੀ’, ‘ਪੈਰ ਦੀ ਜੁੱਤੀ’ ਜਾਂ ‘ਗੁੱਤ ਪਿੱਛੇ ਮੱਤ’ ਵਰਗੇ ਤਖੱਲਸਾਂ ਨਾਲ ਨਿਵਾਜੀ ਜਾਂਦੀ ਏ। ‘ਧੀਆਂ, ਧੁਰੋਂ ਲਿਖਾਏ ਲੇਖ ਨੇ’ ਇਕ ਜ਼ਰਜ਼ਰੀ ਸੋਚ ਏ, ਜੋ ਭੁਰਭੁਰੀ ਹੋ ਕੇ ਆਪਣੀ ਹੋਂਦ ਗਵਾ ਰਹੀ ਏ। ਭਾਵੇਂ ਕੁਝ ਪਿਛਾਂਹ-ਖਿੱਚੂ ਲੋਕ ਅਜੇ ਵੀ ਪੁਰਾਤਨ ਖਿਆਲਾਂ ਨਾਲ ਚੰਬੜੇ, ਇਹ ਦਕੀਆਨੂਸੀ ਵਿਚਾਰ ਫੈਲਾਉਣ ਲਈ ਯਤਨਸ਼ੀਲ ਨੇ। ਇਕੀਵੀਂ ਸਦੀ ਦੀ ਸਰਦਲ ‘ਤੇ ਜਦੋਂ ਇਕ ਪੜ੍ਹਿਆ-ਲਿਖਿਆ, ਉਚ ਅਹੁਦੇ ਦਾ ਮਾਣ, ਹਰ ਗੱਲ ‘ਚ ਇਹ ਚਿਤਾਰਦਾ ਹੋਵੇ ਕਿ ਉਹ ਬਹੁਤ ਹੀ ਕਿਸਮਤ ਵਾਲਾ ਹੈ ਕਿਉਂਕਿ ਉਸ ਦੀ ਕੋਈ ਕੁੜੀ ਨਹੀਂ ਅਤੇ ਨਾ ਹੀ ਉਸ ਦੇ ਪੁੱਤਰਾਂ ਦੇ ਕੋਈ ਲੜਕੀ ਹੈ, ਤਾਂ ਇਹ ਅੰਦਾਜ਼ਾ ਲਾਉਣਾ ਕੋਈ ਔਖਾ ਨਹੀਂ ਕਿ ਅਸੀਂ ਪੜ੍ਹ-ਲਿਖ ਕੇ ਵੀ, ਕਿੰਨੀ ਘਟੀਆ ਅਤੇ ਤੰਗ ਸੋਚ ਦੇ ਮਾਲਕ ਹਾਂ।
ਸਾਡੇ ਮਨਾਂ ‘ਚ ਪਲ ਰਹੇ ਜਗੀਰਦਾਰੂ ਸੰਸਕਾਰਾਂ ਦੀ ਬਦਬੂ ਆਉਂਦੀ ਸੀ, ਜਦੋਂ ਬੁੱਢੀਆਂ ਦਾਈਆਂ ਜਾਂ ਘਰ ਦੇ ਚੌਧਰੀ ਨਵ-ਜਨਮੀਆਂ ਬੱਚੀਆਂ ਨੂੰ ਗਲਾ ਘੁੱਟ ਕੇ ਜਾਂ ਅਫੀਮ ਦੇ ਕੇ ਮਾਰ ਦਿੰਦੇ ਸਨ। ਵੈਸੇ ਹੁਣ ਤਾਂ ਸਾਇੰਸ ਦੀ ਤਰੱਕੀ ਨੇ ਧੀਆਂ ਦੇ ਜਨਮ ਦੀ ਨੌਬਤ ਹੀ ਖਤਮ ਕਰ ਦਿਤੀ ਏ ਕਿਉਂਕਿ ਅਜੋਕਾ ਮਰਦ ਤਾਂ ਗਰਭ ਟੈਸਟ ‘ਚੋਂ ਪਤਾ ਕਰਕੇ, ਕੁੱਖ ‘ਚ ਪਲਰਦੀ ਕਲੀ ਨੂੰ ਅੰਕੁਰ ਬਣਨ ਤੋਂ ਪਹਿਲਾਂ ਹੀ ਖਤਮ ਕਰ ਦਿੰਦਾ ਏ। ਉਹ ਇਸ ਕਤਲ ਦੇ ਪਾਪ ਨੂੰ ਧੋਣ ਲਈ ਧਾਰਮਿਕ ਅਸਥਾਨਾਂ ਦੀਆਂ ਸਰਦਲਾਂ ਘਸਾਉਂਦਾ, ਧਾਰਮਿਕਤਾ ਦਾ ਢੋਂਗੀ ਬਣਿਆ ਹੋਇਆ ਏ। ਤਾਹੀਂਏ ਤਾਂ ਨਿੱਤ ਉਸਰਦੇ ਧਾਰਮਿਕ ਅਸਥਾਨ, ਬਾਬਿਆਂ ਦੇ ਡੇਰੇ, ਸਾਧਾਂ-ਸੰਤਾਂ ਦੀਆਂ ਵਹੀਰਾਂ, ਅਜੋਕੇ ਮਨੁੱਖ ਦੇ ਮਾਨਸਿਕ ਤਣਾਉ ‘ਤੇ ਪਲਰਦੀਆਂ, ਤਣਾਉ ਨੂੰ ਘਟਾਉਣ ਦੇ ਅਸਮਰਥ ਨੇ।
ਜੇ ਧੀਆਂ ਨਾ ਹੁੰਦੀਆਂ ਤਾਂ ਕੀ ਮਨੁੱਖ ਦੀ ਹੋਂਦ ਸੰਭਵ ਹੁੰਦੀ? ਇਹ ਦਮਗਜ਼ੇ ਮਾਰਨ ਵਾਲਾ ਸ਼ਖਸ, ਕਿਸ ਕੁੱਖ ‘ਚੋਂ ਜਨਮਿਆ ਏ? ਕੀ ਕਦੇ ਸੋਚਣ ਦੀ ਕੋਸ਼ਿਸ਼ ਕੀਤੀ ਏ? ਕੀ ਔਰਤ ਤੋਂ ਬਗੈਰ ਮਨੁੱਖ ਪੂਰਨ ਏ? ਜੀਵਨ ਦੀ ਬੈਲ-ਗੱਡੀ ਇਕ ਪਹੀਏ ਨਾਲ ਕਿਵੇਂ ਚੱਲ ਸਕਦੀ ਏ? ਕੀ ਔਰਤ ਵੱਲੋਂ ਪ੍ਰਦਾਨ ਕੀਤੇ ਸਕੂਨ, ਸ਼ਾਂਤੀ, ਸਹਿਜ ਅਤੇ ਸਹਿਯੋਗ ਤੋਂ ਬਿਨਾ ਇਹ ਜੀਵਨ ਕੋਈ ਅਰਥ ਰੱਖੇਗਾ? ਬੜਾ ਦੁੱਖ ਹੁੰਦਾ ਏ ਮੁਖੌਟਾਧਾਰੀਆਂ ਦੇ ਵਿਹਾਰ ‘ਤੇ, ਜੋ ਜ਼ਿੰਦਗੀ ਨੂੰ ਨਰੋਈਆਂ ਕਦਰਾਂ-ਕੀਮਤਾਂ ਨਾਲ ਜੋੜਨ ਦਾ ਦਿਖਾਵਾ ਕਰਦੇ, ਮਨ ‘ਚ ਪਲਰਦੇ ਵਿਚਾਰਾਂ ਦੀ ਕਾਲਖ ਹੇਠ ਜਿਊਂਦੇ ਨੇ।
ਇਕ ਸਵੈ-ਸੇਵੀ ਸੰਸਥਾ ਨਾਲ ਜੁੜੇ, ਸੁਲਝੇ ਹੋਣ ਦਾ ਭਰਮ ਪਾਲੀ ਬੈਠੇ ਇਕ ਸ਼ਖਸ ਨੂੰ ਜਦ ਮੈਂ ਉਸ ਦੇ ਦੂਸਰਾ ਪੁੱਤਰ ਹੋਣ ‘ਤੇ ਵਧਾਈ ਦਿਤੀ ਤਾਂ ਕਹਿਣ ਲੱਗਾ, “ਚਲੋ, ਮਨ ਤੋਂ ਭਾਰ ਲਹਿ ਗਿਆ, ਮੁੰਡਿਆਂ ਦੀ ਕਾਹਦੀ ਜ਼ਿੰਮੇਵਾਰੀ ਏ? ਸਾਰੀ ਉਮਰ ਮੌਜਾਂ ਹੀ ਮੌਜਾਂ। ਹੁਣ ਮੈਂ ਇਕ ਕੇਅਰਲੈਸ ਫਾਦਰ ਬਣ ਗਿਆ ਹਾਂ।” ਤੇ ਮੈਂ ਮੱਥੇ ‘ਤੇ ਹੱਥ ਮਾਰ ਕੇ ਸੋਚਣ ਲੱਗ ਪਿਆ ਕਿ ਅਜਿਹੀ ਸੋਚ ਦਾ ਹੀ ਸਿੱਟਾ ਹੈ, ਸਾਡੇ ਨੌਜਵਾਨ ਮੁੰਡਿਆਂ ‘ਚ ਆਇਆ ਵਿਗਾੜ। ਜਦੋਂ ਚਾਕੂ ਦੀ ਨੋਕ ‘ਤੇ ਘਰਦਿਆਂ ਕੋਲੋਂ ਪੈਸੇ ਲਏ ਜਾਂਦੇ ਨੇ, ਪਿਸਤੌਲ ਦਿਖਾ ਕੇ ਸਕੂਟਰ ਜਾਂ ਕਾਰ ਖੋਹੀ ਜਾਂਦੀ ਏ, ਸਕੂਲਾਂ ਤੇ ਕਾਲਜਾਂ ‘ਚ ਨਸ਼ਿਆਂ ਦੇ ਸ਼ੌਕੀਨ ਵਿਦਿਆਰਥੀਆਂ ਵੱਲੋਂ ਔਰਤਾਂ ਦੀਆਂ ਚੇਨੀਆਂ ਤੇ ਵਾਲੀਆਂ ਲਾਹੀਆਂ ਜਾਂਦੀਆਂ ਨੇ। ਲੜਕੀਆਂ ਕਿਸੇ ਵੀ ਅਸਥਾਨ ‘ਤੇ ਮਹਿਫੂਜ਼ ਨਹੀਂ। ਉਨ੍ਹਾਂ ਦੀ ਪੱਤ ਸ਼ੱਰੇਆਮ ਰੋਲੀ ਜਾਂਦੀ ਏ ਅਤੇ ਨਾਂਹ-ਨੁੱਕਰ ਕਰਨ ‘ਤੇ ਪਿਸਤੌਲ ਦੀ ਗੋਲੀ ਜਾਂ ਤੰਦੂਰ, ਉਸ ਦਾ ਨਸੀਬ ਬਣਦਾ ਏ। ਬੋਰਡ ਜਾਂ ਯੂਨੀਵਰਸਿਟੀ ਦੇ ਇਮਤਿਹਾਨਾਂ ‘ਚ ਕੁੜੀਆਂ ਦੀ ਸਰਦਾਰੀ, ਇਸ ਗੱਲ ਦੀ ਗਵਾਹ ਹੈ ਕਿ ਬਹੁਤੇ ਮੁੰਡਿਆਂ ਦੇ ਮਾਪਿਆਂ ਦੇ ਮਨਾਂ ‘ਚ ਇੰਨਾ ਫਤੂਰ ਭਰ ਗਿਆ ਹੈ ਕਿ ਉਹ ਉਨ੍ਹਾਂ ਦੇ ਭਵਿੱਖ ਤੋਂ ਲਾ-ਪ੍ਰਵਾਹ, ਆਪਣੇ ਰੰਗ-ਤਮਾਸ਼ਿਆਂ ‘ਚ ਉਲਝ ਕੇ, ਭਵਿੱਖ ਦੀ ਸਰਘੀ ਨੂੰ ਸਰਾਪ ਰਹੇ ਨੇ।
ਜਦੋਂ ਧੀਆਂ ਦੇ ਹੱਕਾਂ ‘ਤੇ ਡਾਕੇ ਮਾਰੇ ਜਾਂਦੇ ਨੇ, ਉਨ੍ਹਾਂ ਦੇ ਸੁਪਨਿਆਂ ਨੂੰ ਚੁਰਾਇਆ ਜਾਂਦਾ ਏ, ਉਨ੍ਹਾਂ ਦੀ ਸਵੱਛ ਸੋਚ ਨੂੰ ਧੁੰਧਲਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਏ, ਉਨ੍ਹਾਂ ਦੇ ਚਿਤਵੇ ਖਿਆਲਾਂ ਦੀ ਉਡਾਣ ਦੇ ਖੰਭ ਕੁਤਰੇ ਜਾਂਦੇ ਨੇ ਤਾਂ ਆਮ ਤੌਰ ‘ਤੇ ਕਦੇ ਵੀ ਕੋਈ ਅੱਖ ਨਹੀਂ ਭਰਦੀ। ਬਹੁਤੇ ਧਾਰਮਿਕ ਰਹਿਨੁਮਾ ਜਾਂ ਸਿਆਸਤਦਾਨਾਂ ਦੇ ਮੂੰਹੋਂ ਹਾਅ ਜਾਂ ਹਉਕਾ ਨਹੀਂ ਨਿਕਲਦਾ।
ਧੀਆਂ ਦੀ ਤ੍ਰਾਸਦੀ ਦਾ ਕੋਈ ਅੰਤ ਨਹੀਂ। ਧੀਆਂ ਹਰ ਸਮੇਂ ਹੀ ਮਨੁੱਖ ਦੀਆਂ ਅਮਾਨਵੀ ਰੁਚੀਆਂ ਦਾ ਸ਼ਿਕਾਰ ਹੁੰਦੀਆਂ ਆਈਆਂ ਨੇ, ਭਾਵੇਂ ਪੁਲਿਸ ਦਾ ਸਰਬਉਚ ਅਧਿਕਾਰੀ ਹੋਵੇ, ਵੱਡੇ ਕੱਦ ਵਾਲਾ ਨੇਤਾ ਹੋਵੇ, ਉਹ ਮਨੁੱਖ ਦੇ ਭੇਸ ‘ਚ ਇਕ ਜੰਗਲੀ ਦਰਿੰਦੇ ਦੇ ਰੂਪ ‘ਚ ਵਿਚਰਦਾ ਏ। ਸਾਡੀ ਸੋਚ ਦਾ ਦੋਗਲਾਪਣ, ਧੀਆਂ ਵਰਗੇ ਪਵਿੱਤਰ ਨਾਮ ‘ਤੇ ਚਿੱਕੜ ਉਛਾਲਣ ਤੋਂ ਬਾਜ ਨਹੀਂ ਆਉਂਦਾ। ਜਦੋਂ ਇਕ ਵਿਗੜਿਆ ਨੌਜਵਾਨ, ਕਿਸੇ ਰਾਜਨੀਤਕ ਨੇਤਾ ਦੀ ਬੇਟੀ ਨੂੰ ਵਰਗਲਾ ਕੇ, ਅਖੌਤੀ ਪਤੀ ਹੋਣ ਦਾ ਦੰਭ ਕਰਦਾ ਏ ਅਤੇ ਬੇਟੀ ਦੀ ਬੇਵਕਤ ਮੌਤ ‘ਤੇ ਮਾਂ ਦੇ ਦੁੱਖ ‘ਚ ਸ਼ਰੀਕ ਹੋਣ ਦੀ ਥਾਂ, ਉਸ ਦੇ ਰਾਜਨੀਤਕ ਵਿਰੋਧੀਆਂ ਨੂੰ ਇਕ ਮੌਕਾ ਮਿਲ ਜਾਂਦਾ ਏ, ਆਪਣੀ ਚੌਧਰ ਚਮਕਾਉਣ ਦਾ ਤੇ ਕਿਸੇ ਦੀ ਸਾਖ ਨੂੰ ਵਿਗਾੜਨ ਦਾ ਅਤੇ ਰਾਤੋ-ਰਾਤ, ਇਕ ਸੜਕਛਾਪ ਮਜਨੂੰ, ਪੀਲੀ ਪੱਤਰਕਾਰੀ ਦੀ ਬਦੌਲਤ ਅਖਬਾਰਾਂ ਅਤੇ ਟੀæਵੀæ ਵਾਲਿਆਂ ਲਈ ਵਧੀਆ ਮਸਾਲਾ ਬਣਾ ਜਾਂਦਾ ਏ। ਕੀ ਸਾਡਾ ਸਮਾਜ ਇਹ ਇਜਾਜ਼ਤ ਦਿੰਦਾ ਏ ਕਿ ਕਿਸੇ ਦੀ ਧੀ-ਭੈਣ ਨਾਲ ਅਣ-ਉਚਿਤ ਸਬੰਧ ਸਥਾਪਤ ਕਰਨ ਵਾਲਾ, ਹੀਰੋ ਦੀ ਉਪਾਧੀ ਪ੍ਰਾਪਤ ਕਰ ਲਵੇ? ਕੀ ਕੱਲ ਨੂੰ ਮਜਨੂੰਆਂ ਦਾ ਟੋਲਾ, ਫੋਕੀ ਸ਼ੋਹਰਤ ਦੀ ਆਸ ‘ਚ ਹਰ ਉਚ ਅਧਿਕਾਰੀ ਜਾਂ ਵੱਡੇ ਸਿਆਸਤਦਾਨ ਦੀ ਲੜਕੀ ਨੂੰ ਆਪਣੇ ਚੁੰਗਲ ‘ਚ ਫਸਾਉਣ ਦੀ ਤਾਕ ‘ਚ ਨਹੀਂ ਰਹੇਗਾ ਤਾਂ ਕਿ ਉਹ ਵੀ ਅਖਬਾਰਾਂ ਦੀਆਂ ਸੁਰਖੀਆਂ ‘ਚ ਛਾ ਸਕੇ। ਗਰਕ ਗਈ ਰਾਜਨੀਤਕ ਸੋਚ ਨੇ, ਇਕ ਸੌਖਾ ਤਰੀਕਾ ਖੋਜ ਲਿਆ ਏ, ਫੋਕੀ ਸ਼ੋਹਰਤ ਲਈ। ਕੀ ਇਹ ਦਮਗਜ਼ੇ ਮਾਰਨ ਵਾਲੇ ਨੇਤਾਵਾਂ ਦੀਆਂ ਆਪਣੀਆਂ ਧੀਆਂ/ਭੈਣਾਂ ਮਹਿਫੂਜ਼ ਰਹਿਣਗੀਆਂ? ਕੀ ਅਜੋਕੇ ਮਜਨੂੰਆਂ ਦੀਆਂ ਕੋਝੀਆਂ ਹਰਕਤਾਂ, ਸਾਡੇ ਸੰਸਕਾਰਾਂ ਦੇ ਚੌਖਟੇ ‘ਚ ਕਿਧਰੇ ਫਿਟ ਹੁੰਦੀਆਂ ਨੇ? ਕੀ ਧੀ ਦਾ ਹੋਣਾ ਇਕ ਸੰਤਾਪ ਏ ਜਾਂ ਧੀਆਂ ਨੂੰ ਸਭ ਦੀਆਂ ਸਾਂਝੀਆਂ ਧੀਆਂ ਸਮਝਣ ਵਾਲਿਆਂ ਦੀ ਨਸਲਕੁਸ਼ੀ ਹੋ ਗਈ ਏ?
‘ਧੀਆਂ ਧਨ ਬਿਗਾਨਾ’ ਆਖ ਕੇ, ਉਨ੍ਹਾਂ ਦੀ ਵਿੱਦਿਆ ਜਾਂ ਪੜ੍ਹਾਈ ਵੱਲੋਂ ਲਾਪ੍ਰਵਾਹੀ ਅਤੇ ਉਨ੍ਹਾਂ ਨੂੰ ਵਿਆਹ ਕੇ, ਸਿਰੋਂ ਭਾਰ ਲਾਹੁਣ ਦੀ ਬਿਰਤੀ ਸਾਡੇ ਸਮਾਜ ਦਾ ਇੱਕ ਅੰਗ ਰਹੀ ਏ, ਜੋ ਥੋੜ੍ਹੀ ਬਹੁਤੀ ਸਮਾਜ ਦੇ ਕੁਝ ਹਿੱਸੇ ‘ਚ ਅਜੇ ਵੀ ਪ੍ਰਚੱਲਿਤ ਏ। ਅਜੋਕਾ ਮਰਦ ਪ੍ਰਧਾਨ ਸਮਾਜ ਧੀਆਂ ਦੀਆਂ ਪ੍ਰਾਪਤੀਆਂ ਨੂੰ ਅਣਗੌਲਿਆਂ ਕਰਨ ਦੀ ਬਿਰਤੀ ਪਾਲਦਾ ਏ। ਭਾਵੇਂ ਉਹ ਸਿਆਸੀ ਹਸਤੀਆਂ-ਇੰਦਰਾ ਗਾਂਧੀ, ਮਾਰਗਰੇਟ ਥੈਚਰ, ਭੰਡਾਰਨਾਇਕੇ, ਹਸੀਨਾ, ਬੇਨਜ਼ੀਰ ਭੁੱਟੋ ਹੋਣ, ਸਮਾਜ ਸੇਵਾ ਨੂੰ ਸਮਰਪਿਤ ਮਦਰ ਟੈਰੇਸਾ ਹੋਵੇ, ਪੁਲਿਸ ਵਰਗੇ ਮਹਿਕਮੇ ਦੀ ਧੜੱਲੇਦਾਰ ਅਫਸਰ ਕਿਰਨ ਬੇਦੀ ਹੋਵੇ ਜਾਂ ਪੁਲਾੜ ‘ਚ ਪਹੁੰਚਣ ਵਾਲੀ ਪਹਿਲੀ ਭਾਰਤੀ ਮਹਿਲਾ ਕਲਪਨਾ ਚਾਵਲਾ ਹੋਵੇ। ਕੀ ਔਰਤ ਦੇ ਮਨ ‘ਚ ਉਪਜੀ ਨਵੇਂ ਦਿਸਹੱਦਿਆਂ ਦੀ ਤਲਾਸ਼ ਇਕ ਗੁਨਾਹ ਏ?
ਧੀਆਂ, ਗਊਆਂ ਨਹੀਂ, ਜੋ ਕਿੱਲੇ ‘ਤੇ ਬੱਝੀਆਂ, ਭੁੱਖ ਤੇ ਪਿਆਸ ਨਾਲ ਵਿਲਕਦੀਆਂ, ਮਾਲਕ ਦੇ ਹੱਥੋਂ ਸੁੱਟੇ ਹੋਏ ਸੁੱਕੇ ਘਾਹ ਦੀ ਉਡੀਕ ‘ਚ ਦਮ ਤੋੜ ਦੇਣ। ਉਹ ਇੰਨੀਆਂ ਸਮਰੱਥ ਨੇ ਕਿ ਆਦਮੀ ਤੋਂ ਉਚੇਰੀਆਂ ਪਦਵੀਆਂ ਦੇ ਸ਼ਿਲਾਲੇਖ ਬਣ ਕੇ ਸਮੇਂ ਦੇ ਮਸਤਕ ‘ਤੇ ਆਪਣਾ ਸਿਰਨਾਵਾਂ ਸਿਰਜ ਰਹੀਆਂ ਨੇ।
ਧੀਆਂ ਦੀ ਬੇਬਸੀ ‘ਤੇ ਮਗਰਮੱਛ ਦੇ ਅੱਥਰੂ ਕੇਰਨ ਵਾਲੇ ਦਰਅਸਲ ਧੀਆਂ ਦੇ ਪੈਰਾਂ ਦੀਆਂ ਉਹ ਬੇੜੀਆਂ ਹੁੰਦੇ ਨੇ, ਜੋ ਸਮੇਂ ਨਾਲ ਆਪਣਾ ਰੂਪ ਬਦਲ, ਭੁਲੇਖਿਆਂ ‘ਚ ਉਲਝਾਈ ਰੱਖਣ ਦੀ ਲਾਲਸਾ ਮਨ ‘ਚ ਪਾਲਦੇ ਨੇ।
ਧੀ ਦੀ ਪੱਥਰ ਨਾਲ ਤੁਲਨਾ ਨਾ ਕਰੋ। ਧੀ ਤਾਂ ਮਹਿਕਦਾ ਫੁੱਲ ਹੁੰਦੀ ਏ, ਜੋ ਘਰ ਦੀ ਸਮੁੱਚੀ ਫਿਜ਼ਾ ਨੂੰ ਮਹਿਕਾਉਂਦਾ ਏ। ਸੁੰਦਰਤਾ ਤੇ ਸੀਰਤ ਦਾ ਮੁਜੱਸਮਾ, ਵਿਹੜਿਆਂ ਦਾ ਨਸੀਬ ਬਣਦੀ ਏ। ਮਾਂ ਦੇ ਗਲੇ ਲੱਗ ਕੇ ਗੁੱਡੀਆਂ ਪਟੋਲਿਆਂ ਦੇ ਦੁੱਖੜੇ ਰੋਂਦੀ ਏ, ਸਖੀਆਂ ਨਾਲ ਕਿੱਕਲੀ ਪਾਉਂਦੀ, ਵਿਹੜੇ ਨੂੰ ਨੱਚਣਾ ਸਿਖਾਉਂਦੀ ਹੈ। ਪਿੱਪਲ ‘ਤੇ ਪਾਈ ਪੀਂਘ ਨਾਲ ਅੰਬਰਾਂ ਨੂੰ ਹੱਥ ਲਾਉਂਦੀ ਹੈ। ਉਸ ਦੇ ਸਮੁੱਚੇ ਪਰਿਵਾਰਕ ਅਤੇ ਸਮਾਜਿਕ ਵਿਚਰਣ ‘ਚੋਂ ਇਕ ਅਜਿਹੀ ਸ਼ਖਸੀਅਤ ਦੇ ਦਰਸ-ਦੀਦਾਰੇ ਹੁੰਦੇ ਨੇ, ਜੋ ਇਕ ਸੂਖਮਭਾਵੀ, ਕਲਾਤਮਕ ਰੁਚੀਆਂ ਦੀ ਮਾਲਕ, ਆਗਿਆਕਾਰ ਤੇ ਪਿਆਰਾ ਜਿਹਾ ਰਬੜ ਦਾ ਖਿਡੌਣਾ ਏ, ਜੋ ਭਵਿੱਖ ਨੂੰ ਆਪਣੇ ਮੋਢਿਆਂ ‘ਤੇ ਚੁੱਕਣ ਦੇ ਸਮਰੱਥ ਹੁੰਦਾ ਏ।
ਧੀ ਦੇ ਮਾਸੂਮ ਮੁਖੜੇ ਤੋਂ ਨਿਕਲੀ ਆਰਜ਼ੂ, ਪਿਤਾ ਲਈ ਹੁਕਮ ਹੁੰਦਾ ਏ ਅਤੇ ਕਈ ਵਾਰੀ ਲਾਡਲੀ ਧੀ ਦਾ ਹੁਕਮਰਾਨੀ ਅੰਦਾਜ਼, ਘਰ ਦੇ ਸਮੁੱਚੇ ਵਰਤਾਰੇ ਦਾ ਧੁਰਾ ਹੁੰਦਾ ਏ। ਤਾਹੀਂਏ ਤਾਂ ਔਰੰਗਜ਼ੇਬ ਵਰਗਾ ਜ਼ਾਲਮ ਅਤੇ ਹੈਂਕੜਬਾਜ਼ ਹਾਕਮ, ਆਪਣੀ ਧੀ ਦਾ ਆਖਾ ਜ਼ਰੂਰ ਮੰਨਦਾ ਸੀ।
ਮਾਂ-ਧੀ ਦੀ ਬੁੱਕਲ ਸਾਂਝੀ ਹੁੰਦੀ ਏ। ਇਸੇ ਲਈ ਧੀ, ਆਪਣਾ ਹਰ ਰਾਜ਼ ਮਾਂ ਨਾਲ ਸਾਂਝਾ ਕਰਦੀ, ਜੀਵਨ ‘ਚ ਆਉਂਦੀਆਂ ਦੁਸ਼ਵਾਰੀਆਂ ਦੌਰਾਨ, ਸੇਧ ਪ੍ਰਾਪਤ ਕਰਦੀ, ਨਵੀਂਆਂ ਚੁਣੌਤੀਆਂ ਦਾ ਹੌਸਲੇ ਨਾਲ ਮੁਕਾਬਲਾ ਕਰਦੀ ਏ।
ਧੀਆਂ ਨੂੰ ਤੀਆਂ ਵਰਗੇ ਮਾਹੌਲ ‘ਚ ਵਿਚਰਨ ਦਿਉ। ਉਨ੍ਹਾਂ ਨੂੰ ਖੁਦ ਬੁਲੰਦੀਆਂ ਦੀ ਤਾਮੀਰਦਾਰੀ ਕਰਨ ਦਿਓ ਅਤੇ ਸਮਾਜ ‘ਚ ਪਸਰਿਆ ਕਾਲਖਾਂ ਦਾ ਪਹਿਰਾ ਹਰਨ ਦਿਉ।
ਧੀਆਂ ਨੂੰ ਗੁਟਕਣ ਵੇਲੇ ਤਾਂ ਗੁਟਕਣ ਦਿਉ ਕਿਉਂਕਿ ਜਦੋਂ ਆਪਣਾ ਘਰ ਪਰਾਇਆ ਅਤੇ ਪਰਾਇਆ ਘਰ ਆਪਣਾ ਬਣਦਾ ਏ ਤਾਂ ਨਵੀਂ ਥਾਂ, ਨਵੇਂ ਰਿਸ਼ਤਿਆਂ ਤੇ ਨਵੀਂਆਂ ਸਥਿਤੀਆਂ ‘ਚ ਆਪਣੇ ਆਪ ਨੂੰ ਢਾਲਦੀਆਂ, ਦਿਲ ਦੀ ਕਿਸੇ ਨੁੱਕਰੇ ‘ਆਪਣੇ ਘਰ’ ਦੀ ਯਾਦ ਸੁਰੱਖਿਅਤ ਰੱਖਦੀਆਂ ਨੇ ਤਾਂ ਕਿ ਉਨ੍ਹਾਂ ਮਿੱਠੜੀਆਂ ਯਾਦਾਂ ਦੇ ਲੰਮੇ-ਲੰਮੇ ਤੰਦ ਕੱਤੇ ਜਾ ਸਕਣ।
ਧੀਆਂ ਘਰ ਦੇ ਭਾਗ ਹੁੰਦੀਆਂ ਨੇ। ਉਹ ਘਰੋਂ ਵਿਦਾ ਹੋਣ ਲੱਗਿਆਂ ਵੀ ਘਰ ਦੀਆਂ ਸੁੱਖਾਂ ਮੰਗਦੀਆਂ, ਮਾਂ ਨੂੰ ਚਾਬੀਆਂ ਸੰਭਾਲ ਵੀਰੇ, ਭਾਬੋ ਤੇ ਪਰਿਵਾਰ ਦੀਆਂ ਖੈਰਾਂ ਮੰਗਦੀਆਂ ਨੇ। ਉਹ ਸਮਾਜ ਦਾ ਸਨਮਾਨਤ ਹਿੱਸਾ ਏ, ਜਿਸ ਤੋਂ ਸੱਖਣਾ ਵਿਹੜਾ, ਰੱਖੜੀ ਦਾ ਰੁਦਨ ਬਣਦਾ ਏ, ਵੀਰੇ ਦੀ ਵਾਗ ਸਿਸਕੀਆਂ ਭਰਦੀ ਏ ਅਤੇ ਫਿਜ਼ਾ ‘ਚ ਮਾਯੂਸੀ ਦਾ ਆਲਮ ਬਿਖੇਰਦਾ ਏ।
ਮਾਪਿਆਂ ਲਈ ਸਭ ਤੋਂ ਵੱਡਾ ਦੁੱਖ ਧੀ ਦੇ ਦੀਦਿਆਂ ‘ਚ ਅੱਥਰੂ ਅਤੇ ਸਿਰ ‘ਤੇ ਚਿੱਟੀ ਚੁੰਨੀ ਹੁੰਦਾ ਏ। ਧੀ ਦੀਆਂ ਬਾਹਾਂ ‘ਚ ਭੱਜੀਆਂ ਚੂੜੀਆਂ ਦੇ ਟੋਟੇ, ਮਾਪਿਆਂ ਦੇ ਦਿਲ ‘ਚ ਧਸਦੇ, ਦੁੱਖਾਂ ਦੇ ਅਸੀਮ ਸਮੁੰਦਰਾਂ ‘ਚ ਧਕੇਲਦੇ ਨੇ, ਜਿਥੋਂ ਰੋਸ਼ਨ ਕਿਰਨ ਦੀ ਆਸ ਰੱਖਣਾ ਵੀ ਬੇਥਵਾ ਹੁੰਦਾ ਏ। ਧੀਆਂ ਦੇ ਦਰਦ ਦੀ ਥਾਹ ਪਾਉਂਦੇ-ਪਾਉਂਦੇ, ਕਈ ਵਾਰ ਤਾਂ ਮਾਪੇ ਵੀ ਇਸ ਦਰਦ ਨੂੰ ਦਿਲ ‘ਚ ਦਬਾਈ, ਦੁਨੀਆਂ ਤੋਂ ਤੁਰ ਜਾਂਦੇ ਨੇ। ਇਸੇ ਲਈ ਤਾਂ ਸਿਆਣੇ ਕਹਿੰਦੇ ਨੇ, ‘ਜਿਸ ਦੀ ਧੀ ਸੁਖੀ, ਉਸ ਦੀ ਕੁਲ ਸੁਖੀ।’
ਜਦੋਂ ਪੁੱਤਰ ਆਪੋ-ਆਪਣੇ ਆਲ੍ਹਣਿਆਂ ਵੱਲ ਉਡਾਰੀ ਮਾਰ ਜਾਂਦੇ ਨੇ ਤਾਂ ਘਰ ਦੀ ਕਿਸੇ ਨੁੱਕਰੇ, ਅਗਿਆਤ ਜੀਵਨ ਬਸਰ ਕਰਦੇ ਮਾਪਿਆਂ ਦੀ ਸਾਰ ਲੈਣਾ, ਧੀਆਂ ਦਾ ਧਰਮ ਬਣ ਜਾਂਦਾ ਏ ਅਤੇ ਉਹ ਬੁਢਾਪੇ ਦੀ ਡੰਗੋਰੀ ਬਣਦੀਆਂ, ਅਰਥੀ ਨੂੰ ਮੋਢਾ ਦੇਣ ਤੀਕ ਦਾ ਸਫਰ, ਤਕੜੇ ਪਰ ਭਰੇ ਮਨ ਨਾਲ ਤੈਅ ਕਰਦੀਆਂ ਨੇ।
ਸੁਲਝੇ ਵਿਅਕਤੀਆਂ ਵਲੋਂ ਲੜਕੀ ਦੀ ਆਮਦ ਨੂੰ ਖੁਸ਼-ਆਮਦੀਦ ਕਹੇ ਜਾਣ ਦੀ ਬਿਰਤੀ, ਲੜਕੀਆਂ ਦੇ ਜਨਮ ਦਿਨ ਮਨਾਉਣ ਦਾ ਰਿਵਾਜ ਅਤੇ ਧੀਆਂ ਦੀ ਪੜ੍ਹਾਈ ਤੇ ਸ਼ਖਸੀਅਤ ਉਸਾਰੀ ਵੱਲ ਉਚੇਚਾ ਧਿਆਨ, ਇਸ ਗੱਲ ਦਾ ਸੂਚਕ ਹੈ ਕਿ ਭਵਿੱਖ ਧੀਆਂ ਲਈ ਸੁਰਖ ਸਵੇਰਾ ਬਣ, ਸਮਾਜ ‘ਚ ਪ੍ਰਚੱਲਿਤ ਦਕੀਆਨੂਸੀ ਵਿਚਾਰ ਦੀ ਅਲਖ ਮਿਟਾਏਗਾ ਅਤੇ ਮਨੁੱਖਤਾ ਦਾ ਵਿਹੜਾ, ਮਾਨਵਵਾਦੀ ਕਦਰਾਂ-ਕੀਮਤਾਂ ਨਾਲ ਮਹਿਕਾਵੇਗਾ।
ਲੋਕ ਗੀਤ, Ḕਪੁੱਤਾਂ ਤੇਰਾ ਘਰ ਵੰਡਣਾ, ਧੀਆਂ ਵੰਡਣਾ ਬਾਪੂ ਵੇ ਦੁੱਖ ਤੇਰਾḔ ਦਾ ਸੱਚ ਬੂਹੇ ‘ਤੇ ਉਕਰਿਆ, ਸਦੀਵੀ ਰਹਿਣ ਵਾਲਾ ਸੱਚ ਏ।