‘ਆਪ’ ਦੀ ਹਾਰ, ਇਹ ਕੀ ਹੋਇਆ ਯਾਰ!

ਪੰਜਾਬ ਵਿਧਾਨ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ ਦੀ ਹਾਰ ਨੇ ਬਹੁਤਿਆਂ ਨੂੰ ਹੈਰਾਨ-ਪ੍ਰੇਸ਼ਾਨ ਕੀਤਾ ਹੈ। ਇਹ ਤਾਂ ‘ਜੰਗ ਹਿੰਦ ਪੰਜਾਬ’ ਬਾਰੇ ਸ਼ਾਹ ਮੁਹੰਮਦ ਦੀ ਰਚਨਾ ‘ਜੰਗਨਾਮਾ’ ਵਿਚ ਵਾਪਰੀ ‘ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੀ’ ਵਾਲੀ ਗੱਲ ਹੋਈ ਹੈ, ਪਰ ਉਹ ਕਿਹੜੇ ਕਾਰਨ ਸਨ ਜੋ ਇਸ ਪਾਰਟੀ ਦੀਆਂ ਜੜ੍ਹਾਂ ਵਿਚ ਬੈਠ ਗਏ? ਇਹ ਚਰਚਾ ਕਾਫੀ ਦੇਰ ਚਲਦੀ ਰਹਿਣੀ ਹੈ ਅਤੇ ਗਾਹੇ-ਬ-ਗਾਹੇ ਤੱਥ ਸਾਹਮਣੇ ਆਈ ਜਾਣਗੇ।

‘ਪੰਜਾਬ ਟਾਈਮਜ਼’ ਦੇ ਸਹਿਯੋਗੀ ਅਤੇ ਕੈਨੇਡਾ ਵੱਸਦੇ ਸੀਨੀਅਰ ਪੱਤਰਕਾਰ ਗੁਰਦਿਆਲ ਸਿੰਘ ਬੱਲ ਨੇ ਇਸ ਲੇਖ ਵਿਚ ਕੁਝ ਕਾਰਨਾਂ ਦੀ ਨਿਸ਼ਾਨਦੇਹੀ ਕਰਨ ਦਾ ਹੀਲਾ ਕੀਤਾ ਹੈ। -ਸੰਪਾਦਕ

ਗੁਰਦਿਆਲ ਸਿੰਘ ਬੱਲ
ਫੋਨ: 647-982-6091

ਪੰਜਾਬ ਅਸੈਂਬਲੀ ਚੋਣਾਂ ਦੇ ਨਤੀਜੇ ਆਉਣ ਪਿਛੋਂ ਲੋਕਾਂ ਦੀ ਹੈਰਾਨੀ ਮੁੱਕ ਨਹੀਂ ਰਹੀ। ਲੋਕ ਇਕ ਦੂਜੇ ਤੋਂ ਪੁੱਛੀ ਜਾ ਰਹੇ ਹਨ ਕਿ ਇਹ ਹੋਇਆ ਕੀ! ਬਹੁਤੇ ਲੋਕਾਂ ਦਾ ਕਹਿਣਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਦਾ ਇਮੇਜ ਠੀਕ ਸੀ; ਕਾਂਗਰਸ ਬਹੁਗਿਣਤੀ ਲਿਜਾ ਸਕਦੀ ਸੀ, ਪਰ ਜਿੱਤ 75 ਸੀਟਾਂ ਦਾ ਅੰਕੜਾ ਪਾਰ ਕਰ ਜਾਵੇਗੀ, ਇਹ ਤਾਂ ਕਿਸੇ ਦੇ ਚਿਤ-ਚੇਤੇ ਵੀ ਨਹੀਂ ਸੀ। ਹੋਰ ਤਾਂ ਹੋਰ, ਕਾਂਗਰਸ ਦੇ ਕਿਸੇ ਕੱਟੜ ਸਮੱਰਥਕ ਨੂੰ ਵੀ ਇਹ ਆਸ ਨਹੀਂ ਸੀ। ਇਹ ਸਵਾਲ ਬੁਝਾਰਤ ਬਣਿਆ ਹੋਇਆ ਹੈ!
ਆਜ਼ਾਦ ਭਾਰਤ ਦੇ ਪਿਛਲੇ 70 ਵਰ੍ਹਿਆਂ ਦੇ ਇਤਿਹਾਸ ‘ਚ ਚੋਣਾਂ ਦੌਰਾਨ ਹੈਰਾਨੀਜਨਕ ਤਰੀਕੇ ਨਾਲ ਹੇਠਲੀ ਉਤਾਂਹ ਤਾਂ ਪਹਿਲਾਂ ਵੀ ਆਉਂਦੀ ਰਹੀ ਹੈ; ਮਸਲਨ ਐਮਰਜੈਂਸੀ ਪਿੱਛੋਂ 1977 ਦੀਆਂ ਚੋਣਾਂ ਸਮੇਂ ਕਸ਼ਮੀਰ ਤੋਂ ਸ਼ਿਲਾਂਗ ਤੱਕ ਸ੍ਰੀਮਤੀ ਇੰਦਰਾ ਗਾਂਧੀ ਦੀ ਅਗਵਾਈ ਹੇਠਾਂ ਕਾਂਗਰਸ ਪੂਰੀ ਤਰ੍ਹਾਂ ਸਾਫ ਹੀ ਹੋ ਗਈ ਸੀ। ਪੰਜਾਬ ਵਿਚ 1989 ਦੀਆਂ ਚੋਣਾਂ ਦੇ ਨਤੀਜੇ ਵੀ ਚਕ੍ਰਿਤ ਕਰਨ ਵਾਲੇ ਸਨ ਅਤੇ ਦਲਿਤ ਆਗੂ ਮਾਇਆਵਤੀ ਦੀ ਅਗਵਾਈ ਵਾਲੀ ਬਹੁਜਨ ਸਮਾਜ ਪਾਰਟੀ (ਬਸਪਾ) ਨੇ ਭਾਰਤ ਦੀ ਧੁੰਨੀ ਤੇ ਕਥਿਤ ਬ੍ਰਾਹਮਣੀ ਧੌਂਸ ਵਾਲੀ ਤਹਿਜ਼ੀਬ ਦੇ ਗੜ੍ਹ ਵਜੋਂ ਜਾਣੇ ਜਾਂਦੇ ਉਤਰ ਪ੍ਰਦੇਸ਼ ਵਿਚ ਜਦੋਂ ਫਤਿਹ ਦਾ ਪਰਚਮ ਲਹਿਰਾਇਆ, ਤਾਂ ਉਹ ਵੀ ਕੋਈ ਛੋਟੀ ਗੱਲ ਨਹੀਂ ਸੀ, ਪਰ ਸ਼ਾਇਦ ਇਕ ਅੰਤਰ ਸੀ, ਤੇ ਉਹ ਸੀ, ਚੋਣ ਨਤੀਜਿਆਂ ਦਾ ਰਹੱਸ ਪਲਾਂ ਵਿਚ ਹੀ ਪਾਟ ਜਾਂਦਾ ਰਿਹਾ ਸੀ, ਪਰ ਪੰਜਾਬ ਦੀਆਂ ਹਾਲੀਆ ਚੋਣਾਂ ਬਾਰੇ ਵੀ ਕਹਿਣ ਨੂੰ ਤਾਂ ਬਥੇਰੇ ਫਤਵੇਬਾਜ਼ਾਂ ਨੇ ਸਾਰਾ ਭਾਂਡਾ ਦੁਰਗੇਸ਼ ਪਾਠਕ ਅਤੇ ਅਰਵਿੰਦ ਕੇਜਰੀਵਾਲ ਦੇ ਪੰਜਾਬ ਵਿਚ ਆਏ ਹੋਰ ਅਹਿਲਕਾਰਾਂ ਦੇ ਸਿਰ ਭੰਨ ਕੇ ਚੰਦ ਲਫਜ਼ਾਂ ਵਿਚ ਸਾਰੀ ਗੱਲ ਪੈਂਦੀ ਸੱਟੇ ਹੀ ਮੁਕਾਈ ਹੋਈ ਹੈ, ਪਰ ਇਹ ਗੱਲ ਪੂਰੀ ਤਰ੍ਹਾਂ ਪਚਦੀ ਨਹੀਂ।
ਸਾਡਾ ਮਿੱਤਰ ਹਰਮੀਤ ਧਾਲੀਵਾਲ ਪਿਛਲੇ ਹਫਤੇ ਪਟਿਆਲੇ ਤੋਂ ਬਰੈਂਪਟਨ ਆਇਆ ਹੈ। ਆਉਂਦਿਆਂ ਹੀ ਉਹਨੇ ਮੈਨੂੰ ਅਤੇ ਬਲਦੇਵ ਦੂਹੜੇ ਨੂੰ ਸ਼ੁਕਰਵਾਰ ਵਾਲੀ ਸ਼ਾਮ ਰਾਖਵੀਂ ਰੱਖਣ ਲਈ ਆਖ ਦਿੱਤਾ। ਮੇਰੇ ਵਾਂਗ ਹਰਮੀਤ ਵੀ ਕੈਪਟਨ ਅਮਰਿੰਦਰ ਸਿੰਘ ਦਾ ਪੱਕਾ ਪ੍ਰਸ਼ੰਸਕ ਸੀ। ਉਸ ਦੇ ਤਾਂ ਦਾਦਿਆਂ ਦੇ ਵਕਤਾਂ ਤੋਂ ਮਹਾਰਾਜੇ ਨਾਲ ਨਿਕਟ ਪਰਿਵਾਰਕ ਸਬੰਧ ਵੀ ਸਨ, ਪਰ ਉਸ ਦਿਨ ਉਹਨੇ ਪਹਿਲਾ ਗੋਲਾ ਇਹ ਦਾਗਿਆ ਕਿ ਪੰਜਾਬ ਵਿਚ ਆਮ ਆਦਮੀ ਪਾਰਟੀ (ਆਪ) ਦੇ ਹੱਕ ‘ਚ ਹਨੇਰੀ ਆਈ ਹੋਈ ਸੀ ਅਤੇ ਬੜੀ ਗੱਲ ਨਹੀਂ ਕਿ ਪਟਿਆਲਾ ਸ਼ਹਿਰੀ ਹਲਕੇ ਤੋਂ ਕੈਪਟਨ ਦੀ ਸੀਟ ਵੀ ਜਾਂਦੀ ਰਹੇ। ਮਾਲਵੇ ਦੇ ਕਈ ਪਿੰਡਾਂ ਵਿਚੋਂ ਘੁੰਮ ਕੇ ਉਹ ਆਇਆ ਸੀ ਅਤੇ ਉਸ ਦਾ ਦਾਅਵਾ ਸੀ ਕਿ ਮਾਲਵੇ ਦੀਆਂ 69 ਸੀਟਾਂ ਵਿਚੋਂ ‘ਆਪ’ ਦੇ ਉਮੀਦਵਾਰਾਂ ਨੇ 50 ਦਾ ਅੰਕੜਾ ਹਰ ਹਾਲਤ ਪਾਰ ਕਰ ਜਾਣਾ ਸੀ। ਕੋਈ ਰੌਲਾ ਹੀ ਨਹੀਂ ਸੀ। ਹਰਮੀਤ ਦਾ ਕਹਿਣਾ ਸੀ ਕਿ ਚੋਣਾਂ ਤੋਂ ਦੋ ਕੁ ਦਿਨ ਪਹਿਲਾਂ ਡੇਰੇ ਵਾਲਿਆਂ ਨੇ ਧੂੜ ਵਿਚ ਟੱਟੂ ਜ਼ਰੂਰ ਭਜਾਇਆ ਸੀ, ਪਰ ਉਹਦੀ ਜਾਚੇ ‘ਆਪ’ ਦੀ ਹਨੇਰੀ ਵਿਚ ਉਹਨੇ ਕਿਧਰੇ ਨਜ਼ਰ ਨਹੀਂ ਆਉਣਾ।
ਆਪਣੇ ਇਸ ਉਤਸ਼ਾਹੀ ਮਿੱਤਰ ਨੂੰ ਮੈਂ ‘ਇੰਡੀਅਨ ਐਕਸਪ੍ਰੈਸ’ ਵਾਲੇ ਜਗਤਾਰ ਸਿੰਘ, ਗੁਰਦਰਸ਼ਨ ਸਿੰਘ ਬਾਹੀਆ, ਅਮਰਜੀਤ ਸਿੰਘ ਪਰਾਗ ਅਤੇ ਸਭ ਤੋਂ ਵੱਧ ਰਜਿੰਦਰ ਸਿੰਘ ਚੀਮਾ ਵਰਗੇ ਦਾਨਿਸ਼ਵਰ ਸੱਜਣਾਂ ਦੀ ਨਾਪੀ-ਤੁਲੀ ਰਾਏ ਦੱਸੀ ਕਿ ਠੀਕ ਹੈ, ‘ਆਪ’ ਦਾ ਬੜਾ ਜ਼ੋਰ ਹੈ, ਪਰ ਪਹਿਲੇ ਨੰਬਰ ‘ਤੇ ਕਾਂਗਰਸ ਨੇ ਹੀ ਆਉਣਾ ਸੀ। ਦਲੀਲਾਂ ਲਗਪਗ ਇਕੋ ਹੀ ਸਨ, ਪਹਿਲੀ ਗੱਲ ਤਾਂ ਮਝੈਲ, ਤੇ ਫਿਰ ਪੰਜਾਬ ਦੇ ਹਿੰਦੂ ਭਾਈਚਾਰੇ ਦੇ ਲੋਕ ‘ਆਪ’ ਨੂੰ ਵੋਟ ਪਾਉਂਦੇ ਕਿਧਰੇ ਵੀ ਨਹੀਂ ਦੀਂਹਦੇ ਸਨ, ਪਰ ਹਰਮੀਤ ਇਹ ਗੱਲ ਸੁਣਨ ਨੂੰ ਤਿਆਰ ਨਹੀਂ ਸੀ। ਉਹਨੇ ਉਚੀ ਅਵਾਜ਼ ਵਿਚ ਠਹਾਕਾ ਮਾਰਦਿਆਂ ਸ਼ਰਤ ਲਾਈ ਅਤੇ ਨਾਲ ਹੀ ਕਿਹਾ ਕਿ ਘੰਟੇ ਦੋ ਜ਼ਰਾ ਠਹਿਰੋ, ਸਭ ਕੁਝ ਸਾਹਮਣੇ ਆ ਜਾਣਾ ਹੈ।
æææਤੇ ਠੀਕ ਦੋ ਘੰਟਿਆਂ ਪਿੱਛੋਂ ਹੋਰੂੰ ਹੀ ਸੰਕੇਤ ਆਉਣੇ ਸ਼ੁਰੂ ਹੋ ਗਏ ਅਤੇ ਹੋਰ ਅਗਲੇ ਦੋ ਘੰਟਿਆਂ ਵਿਚ ਸਥਿਤੀ ਸਾਰੀ ਨਿੱਤਰ ਕੇ ਸਾਹਵੇਂ ਆ ਗਈ। ਹੈਰਾਨ ਤਾਂ ਚਾਚੇ ਚੀਮਾ ਸਮੇਤ ਅਸੀਂ ਸਾਰੇ ਹੀ ਸਾਂ, ਪਰ ਹਰਮੀਤ ਦੀ ‘ਬੇਚੈਨੀ’ ਦੀ ਇੰਤਹਾ ਤਾਂ ਇਹ ਸੀ ਕਿ ਰਾਤੀਂ ਸੁੱਤਾ ਪਿਆ ਵੀ ‘ਇਹ ਕੀ ਹੋਇਆ ਯਾਰ; ਇਹ ਕੀ ਹੋਇਆ ਯਾਰ!!’ ਕਹਿੰਦਾ ਬੁੜ-ਬੁੜਾਈ ਗਿਆ।
ਅਗਲਾ ਪੂਰਾ ਦਿਨ ਲੰਬੀ ਵਿਚ ਵੱਡੇ ਤੇ ਜਲਾਲਾਬਾਦ ਵਿਚ ਨਿੱਕੇ ਬਾਦਲ ਦੀ ਜਿੱਤ, ਮਜੀਠੇ ਬਿਕਰਮ ਸਿੰਘ ਮਜੀਠੀਏ ਦੀ ਜਿੱਤ, ਲਹਿਰਗਾਗਾ ਵਿਚ ਬੀਬੀ ਭੱਠਲ ਦੀ ਬਰਬਾਦੀ, ‘ਆਪ’ ਦੇ ਦਿਗੰਬਰ ਉਮੀਦਵਾਰ ਜਰਨੈਲ ਸਿੰਘ ਦੀ ਤਬਾਹੀ, ਬਟਾਲਾ ਦੇ ਏਰੀਏ ਵਿਚ ਘੁੱਗੀ ਦੇ ‘ਘਾਤ’ ਅਤੇ ਬਾਬੂ ਕੇਜਰੀਵਾਲ ਦੇ ਇਕ ਹੋਰ ਅਹਿਮ ਵਿਸ਼ਵਾਸਪਾਤਰ ਹਿੰਮਤ ਸਿੰਘ ਸ਼ੇਰਗਿੱਲ ਦੀ ਨਮੋਸ਼ੀ ਭਰੀ ਹਾਰ ਸਣੇ ਭਾਂਤ ਭਾਂਤ ਦੇ ਉਮੀਦਵਾਰਾਂ ਬਾਰੇ ਦਿਲਚਸਪ ਗੱਲਾਂ ਚਲਦੀਆਂ ਰਹੀਆਂ। ਸਵੇਰੇ ਚਾਹ ਪੀਂਦਿਆਂ ਚੋਣ ਨਤੀਜਿਆਂ ਬਾਰੇ ਪ੍ਰੋæ ਸੁੱਚਾ ਸਿੰਘ ਗਿੱਲ ਵਰਗੇ ਕੁਝ ਸੱਜਣਾਂ ਨਾਲ ਜਦੋਂ ਗੱਲ ਕੀਤੀ ਤਾਂ ਉਹ ਇਸ ਅਕੀਦਤ ਨਾਲ ਪਹਿਲਾਂ ਹੀ ਭਾਣਾ ਮੰਨ ਚੁਕੇ ਸਨ ਕਿ ਜੋ ਵੀ ਹੋਇਆ ਚੰਗਾ ਹੀ ਹੋਇਆ, ਪੰਜਾਬ ਦੀ ਜਿਸ ਕਿਸਮ ਦੀ ਹਾਲਤ ਹੈ, ਉਹ ‘ਆਪ’ ਵਾਲਿਆਂ ਦੇ ਗੇੜ ਵਿਚ ਆਉਣੀ ਵੀ ਨਹੀਂ ਸੀ! ਅਖੇ, ਪੰਜਾਬ ਨੂੰ ਦ੍ਰਿੜ ਆਗੂ ਦੀ ਲੋੜ ਸੀ, ਤੇ ਉਨ੍ਹਾਂ ਦੀ ਜਾਚੇ ਕੈਪਟਨ ਅਮਰਿੰਦਰ ਸਿੰਘ ਦੇ ਰੂਪ ਵਿਚ ਉਸ ਕਿਸਮ ਦਾ ਆਗੂ ਲੋਕਾਂ ਨੇ ਉਤਸ਼ਾਹ ਨਾਲ ਜਿਤਾ ਕੇ ਸਾਹਮਣੇ ਲੈ ਆਂਦਾ। ਇਸ ਜਵਾਬ ਨਾਲ ਸਾਡੀ ਆਪਣੀ ਤਾਂ ‘ਤਸੱਲੀ’ ਹੋ ਗਈ, ਪਰ ਇਰਦ ਗਿਰਦ ਦੇ ਹਿਤੈਸ਼ੀਆਂ ਵੱਲੋਂ ਪੁਛੋ-ੜਿਕੀ ਅਜੇ ਵੀ ਜਾਰੀ ਹੈ। ਆਉ, ਜਾਣਨ ਦੀ ਕੋਸ਼ਿਸ਼ ਕਰੀਏ ਕਿ ‘ਆਪ’ ਦੀ ਮੁਹਿੰਮ ਨੂੰ ਡੱਕਾ ਕਿਉਂ ਲੱਗਾ? ਉਸ ਦੇ ਰਹਿਨੁਮਾਵਾਂ ਅਤੇ ਲਾਕੜੀਆਂ ਦੀਆਂ ਉਮੀਦਾਂ ‘ਤੇ ਪਾਣੀ ਕਿੰਝ ਫਿਰਿਆ? ਜਾਂ ਕਹੋ ਕਿ ਲੋਕਾਂ ਦੀ ਹਮਾਇਤ ਦੇ ਬਾਵਜੂਦ ‘ਆਪ’ ਤੋਂ ਚੋਣ ਮੁਹਿੰਮ ਦੌਰਾਨ ਕੀ ਕੁਤਾਹੀਆਂ ਹੋਈਆਂ!
ਸਭ ਜਾਣਦੇ ਹਨ ਕਿ ਆਮ ਆਦਮੀ ਪਾਰਟੀ 2010-11 ਵਿਚ ਅੰਨਾ ਹਜ਼ਾਰੇ ਦੀ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਦੀ ਪੈਦਾਵਾਰ ਸੀ। ਅਰਵਿੰਦ ਕੇਜਰੀਵਾਲ, ਪ੍ਰਸ਼ਾਂਤ ਭੂਸ਼ਨ ਤੇ ਯੋਗੇਂਦਰ ਯਾਦਵ ਵਰਗੇ ਸੱਜਣਾਂ ਨਾਲ ਇਸ ਮੁਹਿੰਮ ਦਾ ਮੋਹਰੀ ਆਗੂ ਸੀ। ਉਸ ਦੀ ਸਮਾਜਕ ਪ੍ਰਤੀਬਧਤਾ ਦਾ ਸਬੂਤ ਇਹ ਵੀ ਹੈ ਕਿ ਅਜਿਹੇ ਉਦੇਸ਼ ਲਈ ‘ਪਰਿਵਰਤਨ’ ਨਾਂ ਦੀ ਐਨæਜੀæਓæ ਸੰਸਥਾ ਉਹਨੇ ਖੁਦ 10 ਵਰ੍ਹੇ ਪਹਿਲਾਂ, ਸਾਲ 2000 ਤੋਂ ਹੀ ਬਣਾਈ ਹੋਈ ਸੀ। ਸੂਚਨਾ ਅਧਿਕਾਰ ਕਾਨੂੰਨ ਲਈ ਮੁਹਿੰਮ ਦਾ ਉਹ ਮੋਹਰੀ ਸੀ ਅਤੇ ਉਸ ਵਰਗੇ ਲੋਕਾਂ ਦੀ ਮੁਸ਼ੱਕਤ ਸਦਕਾ ਹੀ ਸੀ ਕਿ 2007 ਵਿਚ ਇਹ ਕਾਨੂੰਨ ਹੋਂਦ ਵਿਚ ਆਇਆ। ਸਮਾਜਿਕ ਪਾਰਦਰਸ਼ਤਾ ਦੀ ਇਸੇ ਮੁਹਿੰਮ ਵਿਚ ਪ੍ਰਸ਼ਾਂਤ ਭੂਸ਼ਨ ਉਸ ਤੋਂ ਵੀ ਅੱਗੇ ਸੀ। ਸਿਰਲੱਥ ਅੰਦਾਜ਼ ਵਿਚ ਇਹ ਮੁਹਿੰਮ ਅਸਲ ਵਿਚ ਉਸ ਦੇ ਬਾਪੂ, ਉਘੇ ਵਕੀਲ ਸ਼ਾਂਤੀ ਭੂਸ਼ਨ ਨੇ ਐਮਰਜੈਂਸੀ ਦੌਰਾਨ ਸ੍ਰੀਮਤੀ ਇੰਦਰਾ ਗਾਂਧੀ ਖਿਲਾਫ ਬੇਕਿਰਕ ਲੜਾਈ ਤੋਂ ਹੀ ਅਰੰਭੀ ਹੋਈ ਸੀ। ਪ੍ਰਸ਼ਾਂਤ ਨੇ ਆਪਣੇ ਪਿਉ ਦੀ ਪ੍ਰੇਰਨਾ ਨਾਲ ਉਸੇ ਤਰ੍ਹਾਂ ਦੀ ਮੁਹਿੰਮ ਰਾਜੀਵ ਗਾਂਧੀ ਸਰਕਾਰ ਖਿਲਾਫ ਹੋਰ ਵੀ ਜ਼ੋਰ-ਸ਼ੋਰ ਨਾਲ ਵਿੱਢੀ। ਸਾਲ 1990 ਵਿਚ ਉਨ੍ਹਾਂ ਬੋਫੋਰਜ਼ ਤੋਪ ਘੁਟਾਲੇ ਨੂੰ ਬੇਪਰਦ ਕਰਨ ਲਈ ‘ਦਿ ਸੈਲਿੰਗ ਆਫ ਨੇਸ਼ਨ’ ਨਾਂ ਦੀ ਚਰਚਿਤ ਕਿਤਾਬ ਲਿਖੀ। 2010-11 ਵਿਚ ‘ਓਪਰੇਸ਼ਨ ਗਰੀਨ ਹੰਟ’ ਖਿਲਾਫ ਆਵਾਜ਼ ਤਾਂ ਉਠਾਈ ਹੀ, ਸਰਕਾਰ ਦੀ ਮਿਲੀਭੁਗਤ ਨਾਲ ਅਰਬਾਂ ਰੁਪਿਆਂ ਦੀ ਚੋਰੀ ਦੇ ਕੋਇਲਾ ਘੁਟਾਲੇ ਦਾ ਪਰਦਾ ਵੀ ਫਾਸ਼ ਕੀਤਾ। ਅਜਿਹੇ ਕੌਤਿਕ ਉਹਨੇ ਅਨੇਕ ਕੀਤੇ। ਉਸ ਦੀ ਬੇਖੌਫ ਪ੍ਰਤੀਬਧਤਾ ਦਾ ਕੋਈ ਲੇਖਾ ਨਹੀਂ ਹੈ। ਅੱਗੇ ਆ ਜਾਂਦਾ ਹੈ, ਯੋਗੇਂਦਰ ਯਾਦਵ। ਉਹ ਵੀ ਕਮਾਲ ਦਾ ਸਮਾਜ ਸੇਵੀ ਹੋਣ ਦੇ ਨਾਲ ਬਹੁਤ ਪ੍ਰਬੁਧ ਰਾਜਨੀਤਕ ਸ਼ਾਸਤਰੀ ਵੀ ਹੈ। ‘ਰਾਜਨੀਤਕ ਪ੍ਰਤੀਨਿਧਤਾ ਤੇ ਵਿਰੋਧਾਭਾਸ ਅਤੇ ਸਮਾਜਕ ਇਨਸਾਫ ਦੇ ਸਵਾਲ ਨੂੰ ਨਵੇਂ ਸਿਰਿਓਂ ਵਿਚਾਰਦਿਆਂ’ ਉਹਨੇ ਕਈ ਵਿਦਵਤਾ ਭਰਪੂਰ ਲੇਖ ਲਿਖੇ। ਦੋ ਜਿਲਦਾਂ ਵਿਚ ‘ਜਮੂਹਰੀ ਰਾਜਨੀਤੀ’ ਨਾਂ ਦੀ ਕਿਤਾਬ ਤੋਂ ਬਿਨਾ ਆਪਣੇ ਦੋ ਹੋਰ ਸਾਥੀਆਂ ਨਾਲ ਮਿਲ ਕੇ ‘ਬਹੁ ਕੌਮੀ ਰਾਜਾਂ ਵਿਚ ਜਮੂਹਰੀਅਤ ਦੇ ਮਸਲੇ’ ਸਿਰਲੇਖ ਹੇਠ ਉਹਨੇ ਜੋ ਪੁਸਤਕ ਤਿਆਰ ਕੀਤੀ, ਉਹ ਸਾਡੇ ਸਮਿਆਂ ਦੀ ਰਾਜਨੀਤੀ ਦੇ ਹਰ ਸੂਝਵਾਨ ਵਿਦਿਆਰਥੀ ਨੂੰ ਲਾਜ਼ਮੀ ਪੜ੍ਹਨੀ ਬਣਦੀ ਹੈ। ਪੰਜਾਬ ਦੇ ਮਸਲਿਆਂ ਦੀ ਯਾਦਵ ਨੂੰ ਨਿਸਚੇ ਹੀ ਕਾਫੀ ਸੂਝ ਹੈ। ਆਖ਼ਰ ਸਾਲ 1985 ਤੋਂ ਲਗਾਤਾਰ 8-10 ਸਾਲ ਉਹਨੇ ਪੰਜਾਬ ਯੂਨੀਵਰਸਿਟੀ ਦੇ ਰਾਜਨੀਤੀ ਸ਼ਾਸਤਰ ਵਿਭਾਗ ਵਿਚ ਅਧਿਆਪਕ ਵਜੋਂ ਸੇਵਾ ਨਿਭਾਈ ਹੋਈ ਹੈ।
ਸੋ, ਇਨ੍ਹਾਂ ਵਰਗੇ ਹੀ ਕੁਝ ਹੋਰ ਲੋਕਾਂ ਦੇ ਸਹਿਯੋਗ ਨਾਲ ਬਾਬੂ ਕੇਜਰੀਵਾਲ ਨੇ 2013 ਵਿਚ ਆਮ ਆਦਮੀ ਪਾਰਟੀ ਬਣਾਈ ਅਤੇ ਦਿੱਲੀ ਅਸੈਂਬਲੀ ਦੀਆਂ ਚੋਣਾਂ ਲੜੀਆਂ। ਇਨ੍ਹਾਂ ਦੇ ਸਹਿਯੋਗ ਨਾਲ ਹੀ ਉਹਨੇ 2014 ਦੀਆਂ ਲੋਕ ਸਭਾ ਚੋਣਾਂ ਵਿਚ ਵੀ ਸਜ-ਧਜ ਨਾਲ ਸੁਮੇਲ ਸਿੰਘ ਸਿੱਧੂ ਜਹੇ ਕੋਹਿਨੂਰ ਹੀਰੇ ਵਰਗੇ ਲੋਕਾਂ ਦੇ ਸੱਚੇ ਸੁੱਚੇ ਸਪੂਤ ਨੂੰ ਪਾਰਟੀ ਦਾ ਕਨਵੀਨਰ ਬਣਾ ਕੇ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਆਮਦ ਦਾ ਪਰਚਮ ਲਹਿਰਾਇਆ। ਪਾਰਟੀ ਦੀ ਇਹ ਸੁਨਹਿਰੀ ਸ਼ੁਰੂਆਤ ਸੀ ਅਤੇ ਇਸੇ ਦੌਰ ਦਾ ਹਾਸਲ ਸੀ, ਪਾਰਟੀ ਅੰਦਰ ਡਾæ ਧਰਮਵੀਰ ਗਾਂਧੀ ਅਤੇ ਪਦਮਸ੍ਰੀ ਡਾæ ਦਲਜੀਤ ਸਿੰਘ ਵਰਗੇ ਸਿੱਕੇਬੰਦ ਸਮਾਜ ਸੇਵੀ ਸੱਜਣਾਂ ਦੀ ਆਮਦ।
ਸੋਚਣ ਵਾਲੀ ਗੱਲ ਹੈ ਕਿ ਕੇਜਰੀਵਾਲ ਜੇ ਸੱਚ ਮੁੱਚ ਹੀ ਦੇਸ਼ ‘ਚ ਯੁੱਗ ਪਲਟਾਊ ਇਤਿਹਾਸਕ ਭੂਮਿਕਾ ਲਈ ਦ੍ਰਿੜ ਸੀ, ਤਾਂ ਉਸ ਨੂੰ ਨਿਜੀ ਹਉਮੈ ਤੋਂ ਉਪਰ ਉਠ ਕੇ ਅਜਿਹੇ ਸੱਜਣਾਂ ਨਾਲ ਮਿਲ ਕੇ ਕੰਮ ਕਰਨ ਵਿਚ ਭਲਾ ਕੀ ਦਿੱਕਤ ਸੀ? ਪਰ ਉਸ ਦੀ ਕਿਸਮਤ ਵਿਚ ਸ਼ਾਇਦ ਇਹ ਮਾਣ ਨਹੀਂ ਸੀ! 2014 ਦੀਆਂ ਚੋਣਾਂ ਦੌਰਾਨ ਹੀ ਉਹਨੇ ਸਭ ਤੋਂ ਪਹਿਲਾਂ ਸ਼ਾਇਦ ਯੋਗੇਂਦਰ ਯਾਦਵ ਨੂੰ ਜਿੱਚ ਕਰਨ ਲਈ ਸੁਮੇਲ ਸਿੰਘ ਸਿੱਧੂ ਨੂੰ ਬਿਲਾ ਵਜ੍ਹਾ ਪਾਸੇ ਹਟਾਇਆ। ਗੜਬੜ ਇਥੋਂ ਹੀ ਸ਼ੁਰੂ ਹੋ ਗਈ, ਫਿਰ ਵੀ 2015 ਦੀਆਂ ਦਿੱਲੀ ਅਸੈਂਬਲੀ ਚੋਣਾਂ ਦੌਰਾਨ ਪ੍ਰਸ਼ਾਂਤ ਭੂਸ਼ਨ ਅਤੇ ਯੋਗੇਂਦਰ ਯਾਦਵ ਅਜੇ ਉਸ ਦੇ ਨਾਲ ਹੀ ਸਨ। ਅਸੈਂਬਲੀ ਦੀਆਂ 70 ਸੀਟਾਂ ਵਿਚੋਂ 67 ਸੀਟਾਂ ਉਸ ਦੇ ਉਮੀਦਵਾਰਾਂ ਨੇ ਜਿੱਤੀਆਂ ਅਤੇ ਹਾਕਮ ਧਿਰਾਂ ਨੂੰ ਕਾਂਬੇ ਛੇੜ ਦਿਤੇ। ਇਹ ਜਿੱਤ ਨਰੇਂਦਰ ਮੋਦੀ ਤੇ ਉਸ ਦੀ ਭਾਜਪਾ ਸਰਕਾਰ ਲਈ ‘ਕਹਿਰ ਸੀ, ਕਹਿਰ’; ਪਰ ਬਾਬੂ ਕੇਜਰੀਵਾਲ ਕੋਲੋਂ ਸੰਭਲਿਆ ਨਾ ਜਾ ਸਕਿਆ। ਪ੍ਰਸ਼ਾਂਤ ਭੂਸ਼ਨ ਨੇ ਉਮੀਦਵਾਰਾਂ ਦੀ ਚੋਣ ‘ਤੇ ਕੁਝ ਕਿੰਤੂ-ਪ੍ਰੰਤੂ ਕੀਤੇ ਹੀ ਸਨ ਕਿ ਬਾਬੂ ਦੇ ਖੁਸ਼ਾਮਦੀਆਂ ਨੇ 2015 ਮਾਰਚ ਮਹੀਨੇ ਦੇ ਅਖ਼ੀਰ ਵਿਚ ਕੌਮੀ ਅਗਜ਼ੈਕਟਿਵ ਦੀ ਹੰਗਾਮੀ ਮੀਟਿੰਗ ਵਿਚ ਪ੍ਰਸ਼ਾਂਤ ਭੂਸ਼ਨ ਅਤੇ ਯੋਗੇਂਦਰ ਯਾਦਵ ਨੂੰ ਧੌਲ-ਧੱਫਾ ਕੀਤਾ। ਧਰਮਵੀਰ ਗਾਂਧੀ ਨੇ ਇਸ ਜ਼ਾਰਿਹਾਨਾ ਧੱਕੇ ਖਿਲਾਫ ਆਵਾਜ਼ ਉਠਾਈ ਤਾਂ ਬਾਬੂ ਨੇ ਉਸ ਦਾ ਵੀ ਵਰਕਾ ਪਾੜ ਦਿੱਤਾ। ਪ੍ਰਸ਼ਾਂਤ ਅਤੇ ਯਾਦਵ ਨੂੰ ਪਾਰਟੀ ਵਿਚੋਂ ਬਹੁਤ ਹੀ ਕੋਝੇ ਅੰਦਾਜ਼ ਵਿਚ ਬਾਹਰ ਧੱਕ ਦਿਤਾ ਗਿਆ।
ਇਹ ਸੀ ਉਹ ਪਿਛੋਕੜ, ਜਦੋਂ ਅਗਲੇ ਕੁਝ ਮਹੀਨਿਆਂ ਦੌਰਾਨ ਪੰਜਾਬ ਵਿਚ ਸੁੱਚਾ ਸਿੰਘ ਛੋਟੇਪੁਰ ਦੀ ਚੜ੍ਹਾਈ ਹੋਈ। ਇਸ ਅਰਸੇ ਦੌਰਾਨ ਪਾਰਟੀ ਜ਼ਾਬਤਾ ਕਮੇਟੀ ਦੇ ਚੇਅਰਮੈਨ ਡਾæ ਦਲਜੀਤ ਸਿੰਘ ਸਨ। ਪਾਰਟੀ ਦਾ ਜਥੇਬੰਦਕ ਢਾਂਚਾ ਬਣ ਰਿਹਾ ਸੀ। ਅਹੁਦੇਦਾਰਾਂ ਦੀ ਨਿਯੁਕਤੀਆਂ ਹੋ ਰਹੀਆਂ ਸਨ। ਅਸਲ ਵਿਚ ਇਹੋ ਦੌਰ ਸੀ ਜਿਸ ਵਿਚ ਪਾਰਟੀ ਦੇ ਭਵਿਖ ਦੀ ਹੋਣੀ ਤੈਅ ਹੋਣੀ ਸੀ। ਡਾæ ਦਲਜੀਤ ਸਿੰਘ ਨੂੰ ਇਹੋ ਫਿਕਰ ਸੀ, ਤੇ ਉਹੋ ਗੁਸਤਾਖੀ ਉਨ੍ਹਾਂ ਕੋਲੋਂ ਵੀ ਹੋ ਗਈ ਜਿਸ ਬਦਲੇ ਪ੍ਰਸ਼ਾਂਤ ਭੂਸ਼ਨ ਵਰਗਾ ਦਿਓ ਕੱਦ ਦਾਨਿਸ਼ਵਰ ਛਾਂਗਿਆ ਜਾ ਚੁੱਕਾ ਸੀ। ਸੋ, ਜ਼ਾਬਤਾ ਕਮੇਟੀ ਚੇਅਰਮੈਨ ਨੇ ਪੰਜਾਬ ਵਿਚ ਜ਼ਾਬਤੇ ਦੀ ਜਦੋਂ ਗੱਲ ਕੀਤੀ ਤਾਂ ਕੇਂਦਰੀ ਜ਼ਾਬਤਾ ਕਮੇਟੀ ਦੇ ਮੁਖੀ ਪੰਕਜ ਗੁਪਤਾ ਨੇ ਚੇਅਰਮੈਨ ਉਤੇ ਹੀ ‘ਜ਼ਾਬਤਾ ਸ਼ਿਕਨੀ’ ਦਾ ਫਤਵਾ ਚਾੜ੍ਹ ਦਿਤਾ।
ਚੋਣ ਨਤੀਜਿਆਂ ਵਾਲੀ ਰਾਤ ਸਾਡਾ ਸਾਥੀ ਹਰਮੀਤ ਧਾਲੀਵਾਲ ਜਦੋਂ ‘ਇਹ ਕੀ ਹੋਇਆ! ਇਹ ਕੀ ਹੋਇਆ!’ ਕਹਿੰਦਾ ਬੁੜ-ਬੁੜਾ ਰਿਹਾ ਸੀ ਤਾਂ ਮੈਨੂੰ ਲਗਦਾ ਸੀ, ਜੋ ਹੋਣਾ ਸੀ, ਉਹ ਤਾਂ ਉਸ ਦਿਨ ਹੀ ਹੋ ਗਿਆ ਸੀ ਜਦੋਂ ਕੇਜਰੀਵਾਲ ਨੇ ਪ੍ਰਸ਼ਾਂਤ ਭੂਸ਼ਨ, ਯੋਗੇਂਦਰ ਯਾਦਵ, ਡਾæ ਧਰਮਵੀਰ ਗਾਂਧੀ ਅਤੇ ਸੁਮੇਲ ਸਿੰਘ ਸਿਧੂ ਨੂੰ ਪਾਰਟੀ ਵਿਚੋਂ ਛਾਂਗਣ ਪਿੱਛੋਂ ਡਾæ ਦਲਜੀਤ ਸਿੰਘ ਜਿਹੇ ਨਿਸ਼ਕਾਮ ਬਜ਼ੁਰਗ ਦੀ ਗੱਲ ਸੁਣਨੀ ਛੱਡ ਦਿਤੀ ਸੀ!
ਖੈਰ! ਪਾਰਟੀ ਨੇ ਆਪਣਾ ਇਕ ਹੋਰ ਨੁਕਸਾਨ ਗੁਰਲਾਲ ਸਿੰਘ ਨਾਂ ਦੇ ਅਨਾੜੀ ਵਕੀਲ ਵੱਲੋਂ ਆਪਣੇ ‘ਬਦਨਸੀਬ’ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਵਾਲਾ ਗਲਤ ਉਪਰੇਸ਼ਨ ਕਰ ਕੇ ਕਰ ਲਿਆ। ਇਸ ਦੀ ਕੋਈ ਲੋੜ ਨਹੀਂ ਸੀ, ਖਾਸ ਕਰ ਉਸ ਹਾਲਤ ਵਿਚ ਜਦੋਂ ਚੋਣਾਂ ਮੌਕੇ ਉਮੀਦਵਾਰਾਂ ਦੀ ਚੋਣ ਐਕਸਪੀਡੈਂਸੀ ਦੇ ਸੌੜੇ ਤਕਾਜ਼ਿਆਂ ਤਹਿਤ ਉਸੇ ਹੀ ਬੇਅਸੂਲੇ ਅੰਦਾਜ਼ ਵਿਚ ਕਰਨੀ ਸੀ ਜਿਸ ਵਿਚ ‘ਆਪ’ ਦੀ ਹਾਈ ਕਮਾਂਡ ਨੇ ਕੀਤੀ।
ਪਿਛੇ ਨਜ਼ਰ ਮਾਰਦਿਆਂ ਸਹਿਜੇ ਹੀ ਕਿਹਾ ਜਾ ਸਕਦਾ ਹੈ ਕਿ ਪੰਜਾਬ ਵਿਚ ‘ਆਪ’ ਦੀ ਚੜ੍ਹਤ ਦੀ ਸਿਖਰ ਇਸ ਦੇ ਸ਼ੁਰੂਆਤੀ ਦੌਰ ਵਿਚ ਸੀ। ਮਸਲਨ 2014 ਦੀਆਂ ਲੋਕ ਸਭਾ ਚੋਣਾਂ ਸਮੇਂ ਪਾਰਟੀ ਦੇ ਚਾਰ ਉਮੀਦਵਾਰ ਜੇ ਜਿੱਤੇ ਤਾਂ ਨਾਲ ਤਿੰਨ ਹੋਰਨਾਂ ਨੇ 2-2 ਲੱਖ ਤੋਂ ਵੀ ਵੱਧ ਵੋਟਾਂ ਲਈਆਂ। ਉਦੋਂ 39 ਅਸੈਂਬਲੀ ਹਲਕਿਆਂ ਵਿਚ ਪਾਰਟੀ ਉਮੀਦਵਾਰ ਆਪਣੇ ਵਿਰੋਧੀਆਂ ਤੋਂ ਸਪਸ਼ਟ ਜੇਤੂ ਪੁਜੀਸ਼ਨ ਵਿਚ ਸਨ। ਜ਼ਾਹਰ ਹੈ ਕਿ ਇਨ੍ਹਾਂ ਫੈਸਲਾਕੁਨ ਚੋਣਾਂ ਸਮੇਂ ਪਾਰਟੀ ਅੱਗੇ ਵਧਣ ਦੀ ਥਾਂ ਤਕੜੇ ਕਸਾਰੇ ਵਿਚ ਗਈ ਹੈ। ਪੰਜਾਬ ਦੇ ਲੋਕ ‘ਉਤਰ ਕਾਟੋ, ਮੈਂ ਚੜ੍ਹਾਂ’ ਦੀ ਕਵਾਇਦ ਕਰਦੀਆਂ ਆਉਂਦੀਆਂ ਰਵਾਇਤੀ ਪਾਰਟੀਆਂ ਤੋਂ ਬਦਜ਼ਨ ਸਨ। ਆਮ ਆਦਮੀ ਪਾਰਟੀ ਦੇ ਹੱਕ ਵਿਚ ਜ਼ਬਰਦਸਤ ਹਵਾ ਸੀ; ਆਮ ਪੇਂਡੂ ਲੋਕਾਂ ‘ਚ ਪਾਰਟੀ ਦੀ ਬੜੀ ਹੀ ਤਕੜੀ ‘ਗੁੱਡਵਿੱਲ’ ਵੀ ਸੀ!
ਪਾਰਟੀ ਨੇ ਭਾਰਤੀ ਸਿਆਸਤ ਵਿਚ ਸਚਿਆਰ ਹੋਣ ਦਾ ਝੰਡਾ ਚੁੱਕਿਆ ਸੀ, ਪਰ ਉਮੀਦਵਾਰਾਂ ਦੀ ਚੋਣ ਕਰਦਿਆਂ ਭਲਾ ਲੀਡਰਸ਼ਿਪ ਨੇ ਕਿੰਨੇ ਕੁ ਸਚਿਆਰ ਪ੍ਰਤੀਮਾਨ ਅਪਨਾਏ? ਇਸ ਵਿਚ ਕੋਈ ਸੰਦੇਹ ਨਹੀਂ ਕਿ ਕੇਜਰੀਵਾਲ ਨੂੰ ਉਸੇ ਤਰ੍ਹਾਂ ਦੀ ਇਤਿਹਾਸਕ ਭੂਮਿਕਾ ਨਿਭਾਉਣ ਦਾ ਮੌਕਾ ਮਿਲਿਆ ਸੀ ਜਿਸ ਤਰ੍ਹਾਂ ਦੀ ਜੈ ਪ੍ਰਕਾਸ਼ ਨਰਾਇਣ ਨੇ 40 ਸਾਲ ਪਹਿਲਾਂ ਨਿਭਾਈ ਸੀ। ਉਸ ਦਾ ਕਮਾਲ ਇਹ ਸੀ ਕਿ ਉਹਨੇ ਸਭ ਵਿਚਾਰਧਾਰਕ ਵਖਰੇਵਿਆਂ ਨੂੰ ਇਕ ਪਲੇਟਫਾਰਮ ‘ਤੇ ਲੈ ਆਂਦਾ। ਵੱਖਰੀ ਗੱਲ ਹੈ ਕਿ ਉਹ ਤਜਰਬਾ ਬੁਰੀ ਤਰ੍ਹਾਂ ਅਸਫਲ ਰਿਹਾ। ਲੋੜ ਤਾਂ ਉਸ ਤਜਰਬੇ ਤੋਂ ਸਬਕ ਸਿੱਖਣ ਦੀ ਸੀ, ਪਰ ਸਬਕ ਸਿੱਖਣ ਦੀ ਥਾਂ ਜੈ ਪ੍ਰਕਾਸ਼ ਨਰਾਇਣ ਦੇ ਉਲਟ ਕੇਜਰੀਵਾਲ ਆਪਣੇ ਵਿਚਾਰਧਾਰਕ ਸਾਥੀਆਂ ਨੂੰ ਵੀ ਖਾਹ-ਮਖਾਹ ਪਾਰਟੀ ਵਿਚੋਂ ਬਾਹਰ ਧੱਕੀ ਚਲੇ ਗਏ। ਪਾਰਟੀ ਉਮੀਦਵਾਰਾਂ ਨੂੰ ਟਿਕਟ ਦੇਣ ਸਮੇਂ ਕੋਈ ਵੱਖਰਾ ਪ੍ਰਤੀਮਾਨ ਨਹੀਂ ਸੀ; ਕੇਜਰੀਵਾਲ ਤੇ ਉਸ ਦੇ ਸਾਥੀਆਂ ਨੇ ਵੱਖ ਵੱਖ ਥਾਂਈਂ ਡੇਰਿਆਂ ਦੇ ਸਮਰਥਨ ਲਈ ਜਾਣ ਤੋਂ ਵੀ ਸੰਕੋਚ ਨਾ ਕੀਤਾ। ਵਿਰੋਧੀਆਂ ਨੇ ਉਸ ‘ਤੇ ਤੱਤੀਆਂ ਧਿਰਾਂ ਨਾਲ ਨੇੜਤਾ ਰੱਖਣ ਦੇ ਦੋਸ਼ ਜਦੋਂ ਲਾਏ ਤਾਂ ਇਨ੍ਹਾਂ ਦੋਸ਼ਾਂ ਦੇ ਖੰਡਨ ਦਾ ਉਨ੍ਹਾਂ ਕੋਲ ਕੋਈ ਢੁਕਵਾਂ ਤੋੜ ਹੀ ਨਹੀਂ ਸੀ। ਫਿਰ ਮੌੜ ਵਿਚ ਹੋਏ ਬੰਬ ਧਮਾਕੇ ਪਿੱਛੇ ਉਦੇਸ਼ ਰੱਬ ਜਾਣੇ ਕਿਸੇ ਦਾ ਵੀ ਹੋਵੇ, ਰਹਿੰਦੀ ਕਸਰ ਉਸ ਧਮਾਕੇ ਨੇ ਪੂਰੀ ਕੀਤੀ, ਉਹ ‘ਆਪ’ ਦੀ ਜੇਤੂ ਮੁਹਿੰਮ ਨੂੰ ਲੱਕੋਂ ਲੈ ਬੈਠਾ।
ਭਗਵੰਤ ਮਾਨ ਨਿਸਚੇ ਹੀ ਭਗਤ ਆਦਮੀ ਹੈ। ਉਹਨੇ ਪਾਰਟੀ ਦਾ ਬੇੜਾ ਬੰਨੇ ਲਗਾਉਣ ਲਈ ਜਾਨ ਹੂਲਵੀਂ ਮੁਸ਼ੱਕਤ ਕੀਤੀ, ਪਰ ਆਪਣੇ ਆਗੂ ਦੀਆਂ ਵੱਡੀਆਂ ਖਾਮੀਆਂ ‘ਤੇ ਉਹ ਭਲਾ ਕਿੰਨਾ ਕੁ ਪਾਰ ਪਾ ਸਕਦਾ ਸੀ! ਟਿਕਟਾਂ ਲਈ ਹਾਬੜੇ ਫਿਰਦੇ ਲੋਕਾਂ ਦੀ ਆਪਾ ਧਾਪੀ ਵਿਚ ਇਕੱਲਾ ਦਰਵੇਸ਼ ਪਾਠਕ ਵੀ ਕੀ ਕਰ ਸਕਦਾ ਸੀ!!
ਹਾਂ, ਇਸ ਵਿਚ ਸੰਦੇਹ ਨਹੀਂ ਕਿ ਭਗਵੰਤ ਨੂੰ ਆਪਣੇ ਲੋਕਾਂ ਦੇ ਦੁੱਖਾਂ ਦਾ ਦੁੱਖ ਹੈ ਅਤੇ ਉਹ ਇਸ ਤੋਂ ਨਿਜਾਤ ਹਾਸਲ ਕਰਨ ਲਈ ਉਨ੍ਹਾਂ ਦੇ ਕੰਮ ਆਉਣਾ ਚਾਹੁੰਦਾ ਹੋਵੇਗਾ ਜ਼ਰੂਰ; ਉਹ ਆਪਣੀ ਇਸ ਕੋਸ਼ਿਸ਼ ਨੂੰ ਜੰਗਲ ਦੀ ਅੱਗ ਨੂੰ ਆਪਣੀ ਚੁੰਝ ਰਾਹੀਂ ਪਾਣੀ ਲਿਆ ਕੇ ਅੱਗ ‘ਤੇ ਸੁੱਟ ਰਹੀ ਚਿੜੀ ਨਾਲ ਤੁਲਨਾਉਂਦਾ ਹੈ ਤੇ ਚਿੜੀ ਆਪਣੇ ਨੁਕਤਾਚੀਨਾਂ ਨੂੰ ਕਹਿੰਦੀ ਹੈ ਕਿ ਜੰਗਲ ਦਾ ਇਤਿਹਾਸ ਜਦੋਂ ਕਦੀ ਲਿਖਿਆ ਜਾਵੇਗਾ ਤਾਂ ਉਸ ਦਾ ਨਾਂ ਜੰਗਲ ਨੂੰ ਬਚਾਉਣ ਲਈ ਕੋਸ਼ਿਸ਼ ਕਰ ਰਹੀਆਂ ਧਿਰਾਂ ਵਿਚ ਆਵੇਗਾ! ਉਹ ਸਾਦਾ ਦਿਲ ਇਨਸਾਨ ਹੈ, ਦਿਆਨਤਦਾਰ ਹੈ, ਮੁਹਿੰਮਬਾਜ਼ ਵੀ ਹੈ, ਪਰ ਇਨ੍ਹਾਂ ਯੋਗਤਾਵਾਂ ਦਾ ਲਾਹਾ ਚੁਕਣ ਲਈ ਹੇਠਾਂ ਸੰਗਠਨ ਕਿਥੋਂ ਆਉਂਦਾæææ!
ਹਾਂ, ਸੁੱਚਾ ਸਿੰਘ ਛੋਟੇਪੁਰ ਦੇ ਦੌਰ ਪਿਛੋਂ ਦੁਰਗੇਸ਼ ਪਾਠਕ ਨੇ ਚੋਣਾਂ ਤੋਂ ਪਹਿਲਾਂ ਪਹਿਲਾਂ ਪਾਰਟੀ ਢਾਂਚਾ ਖੜ੍ਹਾ ਕਰਨ ਲਈ ਭਗਵੰਤ ਮਾਨ ਦੇ ਹਾਰ ਹੀ ਸਿਰ ਤੋੜ ਕੋਸ਼ਿਸ਼ ਕੀਤੀ। ਦੁਰਗੇਸ਼ ਪਾਠਕ ਦੀ ਸਮਰੱਥਾ ਜਾਂ ਨੀਅਤ ‘ਤੇ ਸੰਦੇਹ ਕਰਨਾ ਮੈਨੂੰ ਜ਼ਰਾ ਕੁ ਬਦਜ਼ੌਕ ਕਹਾਣੀ ਲਗਦੀ ਹੈ। ਪਾਰਟੀ ਦੀ ਚੋਣ ਮੁਹਿੰਮ ਦੌਰਾਨ ਆਪਣੇ ਕਈ ਮਨਚਲੇ ਦੋਖੀਆਂ ਵੱਲੋਂ ਜਦੋਂ ਦੁਰਗੇਸ਼ ਉਪਰ ਬਾਹਰਲਾ ਆਦਮੀ ਹੋਣ ਦਾ ਹਵਾੜਾ ਉਡਾਇਆ ਗਿਆ, ਤਾਂ ਉਹ ਸਹੀ ਨਹੀਂ ਸੀ। ਦੁਰਗੇਸ਼ ਨੇ ਵਾਰ ਵਾਰ ਕਿਹਾ ਕਿ ਉਮੀਦਵਾਰ ਉਹਨੇ ਆਪਣੇ ਜ਼ਿਲ੍ਹੇ ਗੋਰਖਪੁਰ ਤੋਂ ਤਾਂ ਲਿਆਉਣੇ ਨਹੀਂ, ਪੰਜਾਬ ਦੇ ਉਮੀਦਵਾਰਾਂ ਨੇ ਹੀ ਆਪੋ ਆਪਣੇ ਹਲਕਿਆਂ ਤੋਂ ਚੋਣ ਲੜਨੀ ਹੈ, ਪਰ ਕੀ ਕਰੀਏ, ਸੁਣਿਆ ਕਿ ਲੋਕ ਉਸ ਦੇ ਵੀ ਸਟਿੰਗ ਉਪਰੇਸ਼ਨ ਚੁਕੀ ਫਿਰਦੇ ਹਨ। ਖੈਰ! ਦੁਰਗੇਸ਼ ਪਾਠਕ ਜਾਂ ਭਗਵੰਤ ਮਾਨ ਦੀ ਸਾਰੀ ਜਦੋਜਹਿਦ ਅਤੇ ਸੁਹਿਰਦਤਾ ਉਨ੍ਹਾਂ ਖਾਮੀਆਂ ਤੇ ਕੁਤਾਹੀਆਂ ਉਤੇ ਪਾਰ ਪਾਉਣ ਲਈ ਕਤਈ ਕਾਫੀ ਨਹੀਂ ਸੀ, ਜੋ ਜਾਣੇ-ਅਣਜਾਣੇ ਕੇਜਰੀਵਾਲ ਕੋਲੋਂ ‘ਆਪ’ ਖੜ੍ਹੀ ਕਰਨ ਦੇ ਮੁਢਲੇ ਦਿਨਾਂ ਤੋਂ ਹੀ ਨਿਰੰਤਰ ਹੁੰਦੀਆਂ ਚਲੀਆਂ ਗਈਆਂ।
ਪੰਜਾਬ ਅੰਦਰ ਕਾਂਗਰਸ ਅਤੇ ਅਕਾਲੀ ਦਲ-ਦੋਹਾਂ ਰਵਾਇਤੀ ਪਾਰਟੀਆਂ ਦੇ ਰਾਜਨੀਤਕ ਕਲਚਰ ਵਿਚ ਕੋਈ ਬੁਨਿਆਦੀ ਅੰਤਰ ਹੈ ਨਹੀਂ। ਕਾਦੀਆਂ, ਪੱਟੀ, ਬਾਦਲ, ਸੁਨਾਮ, ਸਰਦੂਲਗੜ੍ਹ, ਦੁਆਬਾ ਕੋਈ ਵੀ ਖੇਤਰ ਹੋਵੇ, ਲੋਕਾਂ ਸਾਹਵੇਂ ਉਂਗਲਾਂ ‘ਤੇ ਗਿਣਨ ਜੋਗੇ ਕੁਝ ਪਰਿਵਾਰਾਂ ਦੇ ਮੈਂਬਰ ਹੀ ਪੀੜ੍ਹੀ ਦਰ ਪੀੜ੍ਹੀ ‘ਗੱਦੀ ਨਸ਼ੀਂ’ ਹੋ ਰਹੇ ਸਨ। ਆਮ ਲੋਕਾਂ ਅੰਦਰ ਤਾਕਤ ਦੀ ਇਸ ਰਾਜਨੀਤੀ ਖਿਲਾਫ ਅੰਤਾਂ ਦਾ ਰੋਹ ਸੀ। ਉਹ ਕਿਸੇ ਵੀ ਕੀਮਤ ‘ਤੇ ਇਹ ਚੱਕਰ ਤੋੜਨ ਲਈ ਤਹੂ ਸਨ। ਕੇਜਰੀਵਾਲ ਅਤੇ ਉਸ ਦੇ ਹੋਣਹਾਰ ਨੌਜਵਾਨ ਸ਼ਾਗਿਰਦ ਦੁਰਗੇਸ਼ ਨੇ ਆਪਣੀ ਸਮਝ ਅਤੇ ਸਮਰੱਥਾ ਅਨੁਸਾਰ ਇਸ ‘ਨਾਮੁਰਾਦ ਚੱਕਰਵਿਊ’ ਤੋਂ ਬਾਹਰ ਕੱਢਣ ਲਈ ਪੰਜਾਬ ਦੇ ਆਮ ਲੋਕਾਂ ਦਾ ਹੱਥ ਫੜਨ ਦੀ ਕੋਸ਼ਿਸ਼ ਕੀਤੀ, ਉਹ ਅਸਫਲ ਰਹੇ, ਕੋਈ ਮਿਹਣਾ ਨਹੀਂ; ਮਿਹਣਾ ਇਹੀ ਹੈ ਕਿ ਪਹਿਲਾਂ ਪਾਰਟੀ ‘ਚ ਕਿਸੇ ਵੀ ਕਿਸਮ ਦੇ ਵਖਰੇਵੇਂ ਨੂੰ ਸਤਿਕਾਰ ਦੇਣ ਅਤੇ ਫਿਰ ਉਮੀਦਵਾਰਾਂ ਦੀ ਚੋਣ ਦੇ ਮਾਮਲੇ ਵਿਚ ਉਨ੍ਹਾਂ ਕੋਲੋਂ ਉਕਾਈਆਂ ਹੋਈਆਂ; ਆਪਣੇ ਹੀ ਅਸੂਲਾਂ ‘ਤੇ ਉਨ੍ਹਾਂ ਤੋਂ ਪੂਰਨ ਕਰੜਾਈ ਨਾਲ ਪਹਿਰਾ ਦਿਤਾ ਨਾ ਜਾ ਸਕਿਆ!
ਨਿਰਸੰਦੇਹ ਕੰਮ ਔਖਾ ਵੀ ਬੜਾ ਸੀ। ਪਿਛਲੇ ਕਈ ਵਰ੍ਹਿਆਂ ਤੋਂ ਭਾਰਤ ਹੋਵੇ ਜਾਂ ਪਾਕਿਸਤਾਨ; ਪੰਜਾਬ ਹੋਵੇ ਜਾਂ ਤਾਮਿਲ ਦੇਸ਼, ਰਾਜਨੀਤੀ ਦਾ ਮਿਆਰ ਨਿਰੰਤਰ ਨਿਘਰਦਾ ਗਿਆ ਹੈ। ਨਸ਼ਿਆਂ ਦਾ ਦਖਲ ਹੈ, ਪੈਸੇ ਦਾ ਦਖਲ ਹੈ; ਹਰ ਮਾੜੀ ਗੱਲ ਦਾ ਦਖਲ ਤੇਜ਼ੀ ਨਾਲ ਵਧ ਗਿਆ ਹੈ। ਵੋਟਾਂ ਪੈਣ ਤੋਂ ਮਹਿਜ਼ ਇਕ ਦਿਨ ਪਹਿਲਾਂ ਮਾਲਵੇ ਦਾ ਗੇੜਾ ਲਾ ਕੇ ਆਏ ਮੇਰੇ ਅਜ਼ੀਜ਼ ਹਰਵੀਰ ਢਿੱਲੋਂ ਨੇ ਦੱਸਿਆ ਕਿ ਹਾਲਤ ਮਾੜੀ ਹੈ, ‘ਆਪ’ ਦੀ ਗੱਲ ਬਣਨੀ ਨਹੀਂ। ਮੇਰੇ ਇਕ ਹੋਰ ਅਜ਼ੀਜ਼ ਪ੍ਰੋæ ਧਰਮਜੀਤ ਸਿੰਘ ਲਵਲੀ ਨਾਲ ਗੱਲ ਹੋਈ। ਉਹ ਤਲਵੰਡੀ ਸਾਬੋ ਹਲਕੇ ਵਿਚ ਆਪਣੀ ਭੈਣ ਦੇ ਸਹੁਰੇ ਘਰ ਪਿੰਡ ਤਿਓਣਾ ਪੁਜਾਰੀਆਂ ਪਹੁੰਚਾ। ਉਸ ਦਾ ਭਣੋਈਆ ਸਰਪੰਚ ਹੈ। ਉਤੇ ਮੁਖ ਰਵਾਇਤੀ ਪਾਰਟੀਆਂ ਵਿਚੋਂ ਇਕ ਦਾ ਲਾਕੜੀ 10 ਲੱਖ ਰੁਪਏ ਦੇ ਨੋਟਾਂ ਦੀਆਂ ਗੁੱਥੀਆਂ ਬੋਰੇ ਵਿਚ ਪਾਈ ਸਰਪੰਚ ਦੇ ਘਰੇ ਚਲਾ ਆਇਆ। ਸਰਪੰਚ ਨੇ ਪਵਿਤਰ ਬਾਣੀ ਦਾ ਗੁਟਕਾ ਲੈ ਆਂਦਾ। ਵਿੰਹਦਿਆਂ ਵਿੰਹਦਿਆਂ ਬਕੌਲ ਮਰਹੂਮ ਪੰਜਾਬੀ ਸ਼ਾਇਰ, ਐਸ਼ ਐਸ਼ ਮੀਸ਼ਾ ‘ਫੇਰ ਗਰੀਬਾਂ ਦੀ ਬਸਤੀ ਦੇ ਬੇਬਸ ਬਾਲਗ’ ਹੁੰਮ-ਹੁੰਮਾਂਦੇ ਭੈਣ ਦੇ ਘਰੇ ਚਲੇ ਆਏ। ਸਰਪੰਚ ਸਾਹਿਬ ਲੋੜਵੰਦ ਵੋਟਰਾਂ ਦੇ ਹੱਥ ਗੁਟਕੇ ਨਾਲ ਛੁਹਾ ਕੇ 12-12 ਸੌ ਰੁਪਏ ਦੀਆਂ ਗੁਥੀਆਂ ਤੇਜ਼ੀ ਨਾਲ ਉਨ੍ਹਾਂ ਨੂੰ ਪਕੜਾਈ ਚਲੇ ਗਏ। ਦੁਪਹਿਰੋਂ ਬਾਅਦ ਵੋਟਰਾਂ ਦਾ ਰੇਟ 2-2 ਹਜ਼ਾਰ ਹੋ ਗਿਆ। ਇਸੇ ਤਰ੍ਹਾਂ ਦੇ ‘ਕੌਤਕਾਂ’ ਦੇ ਮਾਨਸਾ ਹਲਕੇ ਵਿਚ, ਭੀਖੀ ਵਿਚ, ਮੌੜ ਹਲਕੇ ਵਿਚ, ਕਮਾਲੂ ਵਿਚ ਅਤੇ ਇਕ ਦੋ ਹੋਰ ਥਾਂਵਾਂ ‘ਤੇ ਵੀ ਖੁਦ ਉਨ੍ਹਾਂ ਦਰਸ਼ਨ ਦੀਦਾਰੇ ਕਰੇ।
ਪ੍ਰੋæ ਧਰਮਜੀਤ ਲਵਲੀ ਅਤੇ ਹਰਵੀਰ ਢਿੱਲੋਂ ਦੀਆਂ ਗਵਾਹੀਆਂ ਪੁਆ ਕੇ ਮੇਰਾ ਪਾਠਕਾਂ ਦੇ ਹੱਥ ‘ਆਪ’ ਦੀ ਹਾਰ ਜਾਂ ਕਾਂਗਰਸ ਦੀ ਚੁੰਧਿਆ ਦੇਣ ਵਾਲੀ ਇਤਿਹਾਸਕ ਜਿੱਤ ਪਿਛੇ ਕੰਮ ਕਰਦੇ ‘ਰਹੱਸ’ ਜਾਂ ਪਹੇਲੀ ਦੇ ਹੱਲ ਦੀ ਕੁੰਜੀ ਫੜਾ ਦੇਣ ਦਾ ਕੋਈ ਦਾਅਵਾ ਨਹੀਂ, ਸਗੋਂ ਹਕੀਕਤ ਇਹ ਹੈ ਕਿ ਤਲਵੰਡੀ ਸਾਬੋ ਤੋਂ ਅਕਾਲੀ ਦਲ ਦੇ ਜੀਤ ਮੁਹਿੰਦਰ ਸਿੰਘ ਵਰਗੇ ਦਿਗੰਬਰ ਉਮੀਦਵਾਰ ਨੂੰ ਆਮ ਆਦਮੀ ਦੀ ਉਮੀਦਵਾਰ ਪ੍ਰੋæ ਬਲਜਿੰਦਰ ਕੌਰ ਨੇ ਕਰੀਬ 20,000 ਵੋਟਾਂ ਦੇ ਠੋਸ ਫਰਕ ਨਾਲ ਹਰਾਇਆ। ਜੀਤ ਮੁਹਿੰਦਰ ਸਿੰਘ ਚੋਣ ਅਖਾੜੇ ਦਾ ‘ਗੁਰਜਧਾਰੀ ਪਹਿਲਵਾਨ’ ਸੀ। ਉਸ ਨੇ ਇਹ ਸੀਟ ਪਹਿਲਾਂ ਆਜ਼ਾਦ ਉਮੀਦਵਾਰ ਵਜੋਂ ਅਤੇ ਕਾਂਗਰਸੀ ਟਿਕਟ ‘ਤੇ ਵੀ ਜਿੱਤੀ ਹੋਈ ਸੀ। ਮਾਨਸਾ ਹਲਕੇ ਵਿਚ ‘ਆਪ’ ਦਾ ਦਰਵੇਸ਼ ਉਮੀਦਵਾਰ ਨਾਜ਼ਰ ਸਿੰਘ ਮਾਨਸ਼ਾਹੀਆ ਜੇਤੂ ਰਿਹਾ। ਫਿਰ ਇਸੇ ਤਰ੍ਹਾਂ ਮੌੜ ਹਲਕੇ ਵਿਚ ‘ਆਪ’ ਦੇ ਜਗਦੇਵ ਸਿੰਘ ਨੇ ਅਕਾਲੀ ਉਮੀਦਵਾਰ ਜਨਮੇਜਾ ਸਿੰਘ ਸੇਖੋਂ ਅਤੇ ਕਾਂਗਰਸ ਦੇ ਜੱਸੀ ਨੂੰ ਹਰਾਇਆ ਜਦੋਂ ਕਿ ਬਰਨਾਲਾ ਦੇ ਵੱਕਾਰੀ ਹਲਕੇ ਵਿਚ ‘ਆਪ’ ਦਾ ਗੁਰਮੀਤ ਸਿੰਘ ਉਰਫ ਮੀਤ ਹੇਅਰ ਕਾਂਗਰਸ ਦੇ ਕੇਵਲ ਢਿੱਲੋਂ ਵਰਗੇ ਧਨੰਤਰ ਉਮੀਦਵਾਰ ਨੂੰ ਹਰਾਉਣ ਵਿਚ ਸਫਲ ਰਿਹਾ। ਵੋਟਾਂ ਦੀ ਖਰੀਦੋ-ਫਰੋਖਤ ਜੇ ਇਕੋ ਇਕ ਫੈਸਲਾਕੁਨ ਫੈਕਟਰ ਹੁੰਦਾ ਤਾਂ ‘ਆਪ’ ਉਮੀਦਵਾਰ ਕਦੰਤ ਅਜਿਹੇ ਸਖਤ ਚੋਣ ਮੈਦਾਨਾਂ ਵਿਚ ਜਿੱਤ ਸਕਦੇ ਸਨ ਨਹੀਂ। ਬੁਢਲਾਡਾ ਵਿਚ ਮਾਸਟਰ ਬੁੱਧ ਰਾਮ ਵਰਗੇ ਦਰਵੇਸ਼ਾਂ ਨੂੰ ਫਿਰ ਕਿਹਨੇ ਪੁੱਛਣਾ ਸੀ!æææਤੇ ਜੇ ਇਹ ਉਮੀਦਵਾਰ ਜਿੱਤੇ ਤਾਂ ਯਕੀਨਨ ਹੋਰ ਥਾਂਵਾਂ ‘ਤੇ ਵੀ ਇਹ ਸੰਭਵ ਸੀ ਬਸ਼ਰਤੇ ਟਿਕਟਾਂ ਪ੍ਰੋæ ਬਲਜਿੰਦਰ ਕੌਰ ਅਤੇ ਨਾਜ਼ਰ ਸਿੰਘ ਮਾਨਸ਼ਾਹੀਆ ਜਿਹੇ ਉਮੀਦਵਾਰਾਂ ਨੂੰ ਦਿਤੀਆਂ ਜਾਂਦੀਆਂ। ਪਾਰਟੀ ਦੇ ਸਿਰ ਪ੍ਰਸ਼ਾਂਤ ਭੂਸ਼ਨ ਅਤੇ ਡਾæ ਦਲਜੀਤ ਸਿੰਘ ਜਿਹੇ ਲੋਕਾਂ ਦਾ ਸਾਇਆ ਹੁੰਦਾ। ਦੁਰਗੇਸ਼ ਪਾਠਕ ਦੇ ਨਾਲ ਜੇ ਸੁਮੇਲ ਸਿੰਘ ਸਿੱਧੂ ਅਤੇ ਡਾæ ਧਰਮਵੀਰ ਗਾਂਧੀ ਵਰਗੇ ਸੱਜਣ ਹੁੰਦੇ ਤਾਂ ਸੰਭਵ ਸੀ ਕਿ ਪੰਜਾਬ ਵਿਚ ਅੱਜ ਗੱਲਾਂ ਹੋਰ ਹੀ ਲਹਿਜ਼ੇ ਵਿਚ ਹੁੰਦੀਆਂ ਅਤੇ ਹਰਮੀਤ ਧਾਲੀਵਾਲ ਵਰਗੇ ਇਕ ਨਹੀਂ, ਬਲਕਿ ਸਾਡੇ ਅਨੇਕਾਂ ਹੀ ਮਿੱਤਰਾਂ ਨੂੰ ਸੁੱਤੇ ਪਿਆਂ ਸੁਪਨੇ ਵਿਚ ਲਗਾਤਾਰ ਆਪ ਮੁਹਾਰੇ ‘ਇਹ ਕੀ ਹੋਇਆ ਯਾਰ! ਇਹ ਕੀ ਹੋਇਆ ਯਾਰ!’ ਕਹਿੰਦਿਆਂ ਨਾ ਬੁੜ-ਬੁੜਾਉਣਾ ਪੈਂਦਾ। ਅਫਸੋਸ ਕੇਜਰੀਵਾਲ ਦੀ ਹਾਰ ਦਾ ਨਹੀਂ, ਅਫਸੋਸ ਤਾਂ ਆਪਣੇ ਹੀ ਅਸੂਲਾਂ ਦੀ ਕੀਮਤ ‘ਤੇ ਉਸ ਦੀਆਂ ਕੁਤਾਹੀਆਂ ਉਤੇ ਹੈ। ਉਹ ਕੁਤਾਹੀਆਂ ਨਾ ਹੁੰਦੀਆਂ ਤਾਂ ਇਸ ਹਾਰ ਦੀ ਵੀ ਬੜੀ ਵੱਡੀ ਸ਼ਾਨ ਹੋਣੀ ਸੀ!