ਸੰਪਾਦਕ ਜੀ,
ਗੁਰਮਿਹਰ ਕੌਰ ਨੇ ਇੱਕ ਸਾਲ ਪਹਿਲਾਂ ਇੰਟਰਨੈਟ ‘ਤੇ ਲਿਖ ਕੇ ਜ਼ਾਹਰ ਕੀਤਾ ਸੀ ਕਿ ਉਹਦੇ ਬਾਪ ਨੂੰ Ḕਜੰਗ ਨੇ ਮਾਰਿਆ, ਨਾ ਕਿ ਪਾਕਿਸਤਾਨ ਨੇ।Ḕ ਉਸ ਵਕਤ ਕਿਸੇ ਨੇ ਵੀ ਕੋਈ ਇਤਰਾਜ਼ ਨਹੀਂ ਸੀ ਕੀਤਾ। ਅੱਜ ਇੱਕ ਸਾਲ ਬਾਅਦ ਜਦੋਂ ਦਿੱਲੀ ਵਿਚ, ਜਿਥੇ ਉਹ ਰਾਮ ਜੱਸ ਕਾਲਜ ਵਿਚ ਪੜ੍ਹ ਰਹੀ ਹੈ, ਭਾਰਤ ਦੀ ਭਗਵਾਂ ਬ੍ਰਿਗੇਡ ਦੇ ਸਟੂਡੈਂਟ ਵਿੰਗ ਏæ ਬੀæ ਵੀæ ਪੀæ ਨੇ ਵਿਦਿਆਰਥੀਆਂ ਜਿਨ੍ਹਾਂ ਵਿਚ ਲੜਕੀਆਂ ਵੀ ਸ਼ਾਮਿਲ ਸਨ,
ਦੀ ਬੇਹੂਦਾ ਮਾਰ-ਕੁਟਾਈ ਕੀਤੀ ਤਾਂ ਗੁਰਮਿਹਰ ਕੌਰ ਨੇ ਬੜੇ ਸ਼ਾਂਤ ਢੰਗ ਨਾਲ ਬਿਨਾ ਕੁਝ ਬੋਲਿਆਂ ਬੈਨਰ ਲਿਖ ਕੇ ਇੰਟਰਨੈਟ ‘ਤੇ ਇਸ ਦਾ ਵਿਰੋਧ ਕੀਤਾ।
ਬੱਸ ਇਹ ਨਹੀਂ ਜਰ ਹੋਇਆ ਭਗਵਾਂ ਬ੍ਰਿਗੇਡ ਤੋਂ। ਕਿੱਸਾ ਕੱਢ ਲਿਆ ਇੱਕ ਸਾਲ ਪਹਿਲਾਂ ਵਾਲਾ ਤੇ ਦੇਣ ਲੱਗ ਪਏ ਵੱਡੇ ਦੇਸ਼ ਭਗਤ ਰਾਸ਼ਟਰਵਾਦੀ, ਜੋ ਬੜੇ ਹੁੱਬ ਹੁੱਬ ਕੇ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਉਣ ਦੀਆਂ ਟਾਹਰਾਂ ਮਾਰਦੇ ਆ, ਇੱਕ ਦੇਸ਼ ਦੇ ਸ਼ਹੀਦ ਫੌਜੀ ਅਫਸਰ ਦੀ ਧੀ ਨੂੰ ਬਲਾਤਕਾਰ ਦੀਆਂ ਧਮਕੀਆਂ! ਦੇਸ਼ ਭਗਤੀ ਤੋਂ ਦੇਸ਼ ਧ੍ਰੋਹੀ ਕਹਿ ਗਏ। ਲਾਹਨਤ ਹੈ ਇਹੋ ਜਿਹੀ ਰਾਸ਼ਟਰਵਾਦੀ ਸੋਚ ‘ਤੇ, ਨਫਰਤ ਹੈ ਇਸ ਨੀਚ ਕਿਸਮ ਦੀ ਦੇਸ਼ ਭਗਤੀ ਤੋਂ। ਹੱਦਾਂ ਤਾਂ ਉਦੋਂ ਪਾਰ ਹੋ ਗਈਆਂ ਜਦੋਂ ਰਾਜ ਕਰਦੀ ਪਾਰਟੀ ਦੇ ਐਮæਪੀæ ਤੇ ਮੰਤਰੀ ਅਤੇ ਕਹਿੰਦੇ-ਕਹਾਉਂਦੇ ਖਿਡਾਰੀ ਤੇ ਫਿਲਮੀ ਲੋਕ ਵੀ ਸ਼ਾਮਿਲ ਹੋ ਗਏ, ਇਸ ਬੇਹੂਦਾਪਨ ਵਿਚ।
ਨੱਕੋ ਨੱਕ ਭਰੇ ਨਫਰਤ ਦੇ ਇਨ੍ਹਾਂ ਭਗਵਾਂ ਪੁਜਾਰੀਆਂ ਨੂੰ, ਜਿਹੜੀ ਗੱਲ ਸਾਲਾਂ ਬੱਧੀ ਸਿਆਸਤ ਵਿਚ ਰਹਿਣ ‘ਤੇ ਸੱਠਾਂ ਤੋਂ ਉਤੇ ਉਮਰ ਦੇ ਹੋ ਕੇ ਵੀ ਸਮਝ ਨਹੀਂ ਲੱਗੀ, ਉਹ ਗੁਰਮਿਹਰ ਕੌਰ ਨੂੰ ਆਪਣੀ ਹੋਸ਼ ਸੰਭਾਲਣ ਤੋਂ ਪਹਿਲਾਂ ਆਪਣੇ ਬਾਪ ਦੀ ਸ਼ਹੀਦੀ ਪਿਛੋਂ ਸਮਝ ਆ ਗਈ ਕਿ ḔਜੰਗḔ ਸਭ ਪੁਆੜੇ ਦੀ ਜੜ੍ਹ ਹੈ। ਸਾਰਾ ਜਹਾਨ ਇਹੋ ਕਹਿੰਦਾ ਕਿ ਸਾਡੇ ਐਨੇ ਲੋਕ ਪਹਿਲੀ ਸੰਸਾਰ ਜੰਗ ਤੇ ਦੂਜੀ ਸੰਸਾਰ ਜੰਗ ਨੇ ਮਾਰੇ, ਕੋਈ ਨਹੀਂ ਕਹਿੰਦਾ ਕਿ ਫਲਾਣੇ ਦੇਸ਼ ਨੇ ਮਾਰੇ।
ਗੁਰਮਿਹਰ ਕੌਰ ਦੀ ਮਾਂ ਕਿੰਨੀ ਸਿਆਣੀ ਤੇ ਅਕਲਮੰਦ ਹੈ ਕਿ ਉਹਨੇ ਆਪਣੀ ਪੰਜ ਸਾਲ ਦੀ ਬੇਟੀ ਦੇ ਮਨ ਵਿਚੋਂ ਨਸਲੀ ਨਫਰਤ ਉਦੋਂ ਖਤਮ ਕਰ ਦਿੱਤੀ ਜਦੋਂ ਉਹ ਇੱਕ ਬੁਰਕੇ ਵਾਲੀ ਮੁਸਲਮਾਨ ਔਰਤ ਨੂੰ ਮਾਰਨ ਲੱਗੀ ਸੀ।
ਵੱਡੇ ਰਾਸ਼ਟਰਵਾਦੀ ਕਹਾਉਂਦੇ ਤਾਂ ਉਸ ਪਰਿਵਾਰ ਦੀ ਜੁੱਤੀ ਬਰਾਬਰ ਵੀ ਨਹੀਂ ਜਿਹਨੂੰ ਉਹ ਦੇਸ਼ ਧ੍ਰੋਹੀ ਕਹਿ ਗਏ। ਨਫਰਤ ‘ਚ ਜੰਮੇ ਅਖੌਤੀ ਰਾਸ਼ਟਰਵਾਦੀਆਂ ਨੂੰ ਜਦੋਂ ਗੁੜਤੀ ਹੀ ਨਫਰਤ ਦੀ ਮਿਲੀ ਹੋਵੇ ਤੇ ਪਾਲਣ-ਪੋਸ਼ਣ ਵੀ ਨਫਰਤ ਨੇ ਕੀਤਾ ਹੋਵੇ, ਤਾਂ ਇਨ੍ਹਾਂ ਨਫਰਤ ਹੀ ਫੈਲਾਉਣੀ ਹੋਈ! ਪਾਕਿਸਤਾਨ ਦੇ ਨਾਂ ‘ਤੇ ਇਨ੍ਹਾਂ Ḕਰਾਸ਼ਟਰਵਾਦੀਆਂḔ ਦਾ ਫਨ ਬੜੀ ਛੇਤੀ ਫੁੰਕਾਰੇ ਮਾਰਦਾ, ਇਹ ਪਾਕਿਸਤਾਨ ਵੀ ਇਨ੍ਹਾਂ ਦੀ ਨਫਰਤੀ ਸੋਚ ਦੀ ਹੀ ਦੇਣ ਹੈ। ਸੱਚੀ ਗੱਲ ਹੈ ਕਿ ਬੇਸ਼ਰਮ ਹੋਏ ਇਹ ਵੱਡੇ ਰਾਸ਼ਟਰਵਾਦੀ Ḕਜੰਗ ਜੰਗḔ ਦੀ ਨਫਰਤੀ ਸਿਆਸਤ ਕਰਕੇ ਧੀਆਂ ਨੂੰ ਵਿਧਵਾ ਕਰਵਾ ਰਹੇ ਨੇ ਤੇ ਬੱਚਿਆਂ ਨੂੰ ਪਿਓ ਬਾਹਰੇ। ਗੁਰਬਾਣੀ ਅਜਿਹੇ ਲੋਕਾਂ ਨੂੰ ਅਕ੍ਰਿਤਘਣ ਦਾ ਦਰਜਾ ਦਿੰਦੀ ਹੈ।
-ਮਝੈਲ ਸਿੰਘ ਸਰਾਂ