ਗੁਲਜ਼ਾਰ ਸਿੰਘ ਸੰਧੂ
ਦਮਨ ਤੇ ਦਿਯੂ ਭਾਰਤ ਦੀ ਪੱਛਮੀ ਘਾਟ ਵਿਚ ਪੈਂਦੇ ਹਨ। ਦਮਨ ਤੋਂ ਦਿਯੂ 786 ਕਿਲੋਮੀਟਰ ਹੈ। ਦਿਯੂ ਦਾ ਇੱਕ ਹਿੱਸਾ ਧਰਤੀ ਨਾਲ ਲੱਗਦਾ ਹੈ ਤੇ ਤਿੰਨ ਹਿੱਸਿਆਂ ਨੂੰ ਅਰਬ ਮਹਾਂਸਾਗਰ ਨੇ ਘੇਰਿਆ ਹੋਇਆ ਹੈ। ਦਮਨ ਦੇ ਉਤਰ ਵਿਚ ਭਗਵਾਨ ਨਦੀ ਹੈ, ਪੂਰਬ ਵਿਚ ਗੁਜਰਾਤ ਦਾ ਵਲਸਾਦ ਜ਼ਿਲ੍ਹਾ, ਦੱਖਣ ਵਿਚ ਕੇਲਮ ਨਦੀ ਤੇ ਪੱਛਮ ਵਿਚ ਅਰਬ ਮਹਾਂਸਾਗਰ। ਦਮਨਗੰਗਾ ਨਦੀ ਇਸ ਦੇ ਦੋ ਟੁਕੜੇ ਕਰਦੀ ਹੈ।
ਇਥੇ ਪੁਰਤਗਾਲੀ ਸਾਢੇ ਚਾਰ ਸੌ ਸਾਲ ਰਾਜ ਕਰਦੇ ਰਹੇ ਹਨ। ਮੁਗਲ ਰਾਜਾ ਹਮਾਯੂੰ ਦੇ ਰਾਜ ਸਮੇਂ ਸੋਲ੍ਹਵੀਂ ਸਦੀ ਦੇ ਤੀਹਵਿਆਂ ਵਿਚ ਗੁਜਰਾਤੀ ਰਾਜਿਆਂ ਦੇ ਬਾਦਸ਼ਾਹ ਹਮਾਯੂੰ ਨਾਲ ਚੱਲ ਰਹੇ ਇੱਟ-ਖੜਿੱਕੇ ਦਾ ਲਾਭ ਉਠਾ ਕੇ ਇਨ੍ਹਾਂ ਉਤੇ ਪੁਰਤਗਾਲੀਆਂ ਨੇ ਕਬਜ਼ਾ ਕਰ ਲਿਆ ਸੀ। ਭਾਵੇਂ 1961 ਵਿਚ ਸੈਨਿਕ ਕਾਰਵਾਈ ਕਰਕੇ ਭਾਰਤੀ ਗਣਤੰਤਰ ਨੇ ਇਨ੍ਹਾਂ ਤੋਂ ਈਨ ਮੰਨਵਾ ਲਈ ਪਰ 1974 ਤੱਕ ਇਨ੍ਹਾਂ ਦੀਪਾਂ ਦਾ ਸਾਰਾ ਕੰਮ ਕਾਜ ਪੁਰਤਗਾਲ ਕੋਲ ਹੀ ਰਿਹਾ।
ਇਸ ਦੀ ਹਜ਼ਾਰਾਂ ਏਕੜ ਭੂਮੀ ਵਿਚ ਧਾਨ, ਰਾਗੀ, ਮੂੰਗਫਲੀ, ਦਾਲਾਂ, ਫਲੀਆਂ ਤੇ ਕਣਕ ਦੀਆਂ ਅਨਾਜੀ ਫਸਲਾਂ ਅਤੇ ਅੰਬ ਤੇ ਕੇਲੇ ਦੇ ਫਲ ਹੁੰਦੇ ਹਨ। ਇਥੋਂ ਦੀ 67% ਭੂਮੀ ਖੇਤੀ ਵਾਲੀ ਹੈ ਪਰ ਸੋਮਨਾਥ, ਦਾਭੇਲ, ਭੀਮਪੁਰ ਤੇ ਕੜਾਈਆ ਵਿਚ ਛੋਟੇ ਉਦਯੋਗ ਕਾਫੀ ਮਾਤਰਾ ਵਿਚ ਹਨ।
ਦੋਵਾਂ ਥਾਂਵਾਂ ਵਿਚ ਅੱਧੀ ਦਰਜਨ ਅਹਿਮ ਗਿਰਜਾਘਰ ਹਨ। ਮੋਟੀ ਦਮਨ (ਦਮਨ ਕਲਾਂ) ਵਿਖੇ ਕੈਥੀਡਰਲ ਲੇਡੀ ਆਫ ਰੋਜ਼ਰੀ ਚਰਚ ਅਤੇ ਨਾਨੀ ਦਮਨ (ਦਮਨ ਖੁਰਦ) ਵਿਖੇ ਸੇਂਟ ਜਾਰੋਮ ਚਰਚ ਪ੍ਰਸਿੱਧ ਹਨ। ਦਿਯੂ ਦਾ ਸੇਂਟ ਪਾਲ ਚਰਚ ਤੇ ਸੇਂਟ ਥਾਮਸ ਚਰਚ ਇਨ੍ਹਾਂ ਤੋਂ ਵੱਧ ਅਹਿਮ ਹਨ। ਸਥਾਨਕ ਪ੍ਰਸ਼ਾਸਨ ਨੇ ਸੇਂਟ ਪਾਲ ਚਰਚ ਨੂੰ ਦਿਯੂ ਅਜਾਇਬ ਘਰ ਬਣਾ ਲਿਆ ਹੈ। ਇਸੇ ਤਰ੍ਹਾਂ ਦਿਯੂ ਦਾ ਸੇਂਟ ਫਰਾਂਸਿਸ ਆਫ ਆਸਿੱਸੀ ਚਰਚ ਅੱਜ ਹਸਪਤਾਲ ਬਣ ਚੁਕਾ ਹੈ। ਹਿੰਦੂ ਜਾਤੀ ਦੇ ਗੰਗੇਸ਼ਵਰ ਮੰਦਿਰ ਅਤੇ ਮੁਸਲਮਾਨਾਂ ਦੀ ਜਾਮਾ ਮਸਜਿਦ ਵੀ ਕਾਇਮ ਹਨ। ਪੁਰਤਗਾਲੀਆਂ ਵੱਲੋਂ 1541 ਵਿਚ ਉਸਾਰਿਆ ਕਿਲ੍ਹਾ ਤਾਂ ਹੁਣ ਹੰਢ-ਹੰਢਾ ਚੁਕਾ ਹੈ।
ਰਹਿਣੀ-ਬਹਿਣੀ ਪੱਖੋਂ ਸਾਰੇ ਵਸਨੀਕ ਗੁਜਰਾਤੀਆਂ ਵਰਗੇ ਹਨ। ਉਹ ਗੁਜਰਾਤੀ ਭਾਸ਼ਾ ਬੋਲਦੇ ਹਨ। ਇਨ੍ਹਾਂ ਵਿਚ ਭੀਲ ਤੇ ਕੂਕਨਾ ਆਦਿਵਾਸੀ ਵੀ ਰਲ ਗਏ ਹਨ। ਉਹ ਆਪੋ ਵਿਚ ਤਾਂ ਵਿਆਹ ਨਹੀਂ ਕਰਦੇ ਪਰ ਉਨ੍ਹਾਂ ਵਿਚੋਂ ਟਾਵੇਂ-ਟਾਵੇਂ ਮੁੰਡੇ-ਕੁੜੀਆਂ ਦੂਜੇ ਵਸਨੀਕਾਂ ਨਾਲ ਵਿਆਹ ਕਰਵਾਉਣ ਲੱਗ ਪਏ ਹਨ। ਨੱਚਣ-ਗਾਉਣ ਇਕੋ ਜਿਹਾ ਹੋਣ ਸਦਕਾ ਇਥੋਂ ਦੀ ਭਾਰਤੀ, ਪੱਛਮੀ, ਪੇਂਡੂ ਤੇ ਸ਼ਹਿਰੀ ਵਸੋਂ ਇਕ ਸਮਾਨ ਜਾਪਦੀ ਹੈ। ਇਨ੍ਹਾਂ ਵਿਚ ਪੁਰਤਗਾਲੀ ਨਾਚ ਗਾਣੇ ਹੀ ਰਲਗੱਡ ਨਹੀਂ ਹੋਏ, ਆਦਿਵਾਸੀਆਂ ਦੀਆਂ ਵਿਅੰਗਮਈ ਸਮਾਜਕ ਸਿੱਠਣੀਆਂ ਵੀ ਰਲ-ਮਿਲ ਗਈਆਂ ਹਨ।
ਦਮਨ ਤੇ ਦਿਯੂ ਵਿਚਕਾਰ ਏਨੀ ਲੰਮੀ ਦੂਰੀ ਦੇ ਬਾਵਜੂਦ ਇਨ੍ਹਾਂ ਦੀ ਦੁਨੀਆਂ ਇਕ ਹੀ ਹੈ। ਰੁੱਖਾਂ ਦੇ ਪੱਤਿਆਂ ਦੀ ਸਾਂ-ਸਾਂ, ਉਡਦੀਆਂ ਮੱਛੀਆਂ ਦੀਆਂ ਚੀਕਾਂ ਅਤੇ ਗਰਜਦਾ ਸਾਗਰ ਇਨ੍ਹਾਂ ਦੀ ਸਾਂਝ ਦਾ ਸੋਮਾ ਹੈ। ਸਮੇਂ ਤੇ ਕਾਲ ਨੂੰ ਪਾਵੇ ਨਾਲ ਬੰਨ੍ਹਣ ਵਾਲਾ ਸੱਚ ਅਸਲੀ ਰੂਪ ਵਿਚ ਇਥੇ ਹੀ ਪ੍ਰਧਾਨ ਹੈ। ਪ੍ਰਦੂਸ਼ਣ ਮੁਕਤ ਸੰਸਾਰ। ਅਰਬ ਮਹਾਂਸਾਗਰ ਦੇ 17 ਕਿਲੋਮੀਟਰ ਕਿਨਾਰੇ ਉਤੇ ਜਲੰਧਰ, ਚਕਰਾਤੀਰਥ, ਗੋਘਲਾ, ਨਾਗੋਆ ਤੇ ਗੋਮਤੀ ਮਾਤਾ ਨਾਂ ਦੇ ਮਾਣਨਯੋਗ ਸਮੁੰਦਰੀ ਕਿਨਾਰੇ ਹਨ। ਗੋਘਲਾ ਬੀਚ ਉਤੇ ਫਿਲਮੀ ਹਸਤੀ ਅਜੇ ਦੇਵਗਨ ਨੇ ਆਪਣਾ ਬੰਗਲਾ ਬਣਾਇਆ ਹੋਇਆ ਹੈ ਤੇ ਉਸ ਦੇ ਐਨ ਸਾਹਮਣੇ ਇਕ ਮੀਲ ਲੰਮਾ ਨਾਰੀਅਲ ਦਾ ਬਾਗ ਹੈ ਜਿਸ ਦਾ ਮਾਲਕ ਹਾਲੀ ਤੱਕ ਪੁਰਤਗਾਲੀ ਅਰਬਪਤੀ ਹੈ। ਉਸ ਦੇ ਬਾਲ ਬੱਚੇ ਇੰਗਲੈਂਡ ਤੇ ਅਮਰੀਕਾ ਰਹਿੰਦੇ ਹਨ ਪਰ ਉਹ ਆਪਣੀ ਪਤਨੀ ਸਮੇਤ ਇਥੇ ਹੀ ਟਿਕਿਆ ਹੋਇਆ ਹੈ।
ਫਰੰਗੀ ਸਰਕਾਰ ਨੇ ਮੁੱਖ ਧਰਤੀ ਤੋਂ ਥੋੜ੍ਹੀ ਵਿੱਥ ਉਤੇ ਅਰਬ ਸਾਗਰ ਦੇ ਅੱਧ ਵਿਚਕਾਰ ਪਾਣੀ ਕੋਠਾ ਨਾਂ ਦੀ ਜੇਲ੍ਹ ਉਸਾਰ ਰੱਖੀ ਹੈ ਜਿਸ ਨੂੰ ਅਸੀਂ ਕਾਲੇ ਪਾਣੀਆਂ ਵਰਗੀ ਜੇਲ੍ਹ ਕਹਿ ਸਕਦੇ ਹਾਂ। ਇਥੋਂ ਦੇ ਵਸਨੀਕ ਅੰਤਾਂ ਦੇ ਮਿਲਣਸਾਰ ਤੇ ਮਹਿਮਾਨ ਨਿਵਾਜ ਹਨ। ਮੇਰੇ ਮਿੱਤਰ ਤੇ ਚੰਡੀਗੜ੍ਹ ਪ੍ਰਸ਼ਾਸਨ ਦੇ ਸਾਬਕਾ ਮੁੱਖ ਪ੍ਰਸ਼ਾਸਕ ਜਿਵੇ ਦੇਵ ਦੀ ਪਤਨੀ ਦਿਯੂ ਤੋਂ ਹੈ। ਆਪਣੀ ਫੇਰੀ ਸਮੇਂ ਉਨ੍ਹਾਂ ਦਾ ਚੇਤੇ ਆਉਣਾ ਵੀ ਕੁਦਰਤੀ ਸੀ।
ਟੁੱਟ ਗਏ ਪੰਜਾਬੀ ਜਗਤ ਦੇ ਤਿੰਨ ਤਾਰੇ: ਹਾਲ ਹੀ ਵਿਚ ‘ਵਰਿਆਮ’ ਸਾਹਿਤਕ ਰਸਾਲੇ ਦੇ ਸੰਪਾਦਕ ਜਗਦੀਸ਼ ਸਿੰਘ ਵਰਿਆਮ ਅਤੇ ਭਾਪਾ ਪ੍ਰੀਤਮ ਸਿੰਘ ਦੇ ਪਰਮ ਸਨੇਹੀ ਗਿਆਨੀ ਜਸਵੰਤ ਸਿੰਘ ਦੇ ਬੇਟੇ ਚਰਨਜੀਤ ਸਿੰਘ (ਚੰਨ) ਦਾ ਤੁਰ ਜਾਣਾ, ਦੋ ਤਾਰਿਆਂ ਦੇ ਡੁੱਬਣ ਵਾਂਗ ਹੈ। ਨਾਮਧਾਰੀ ਸੰਪਰਦਾ ਨੂੰ ਪ੍ਰਣਾਏ ਜਗਦੀਸ਼ ਸਿੰਘ ਨੇ ਆਪਣੇ ਸਾਹਿਤਕ ਰਸਾਲੇ ‘ਵਰਿਆਮ’ ਦੁਆਰਾ ਨਾਮਧਾਰੀ ਵਿਚਾਰਧਾਰਾ ਨੂੰ ਜ਼ੁਬਾਨ ਦੇ ਰੱਖੀ ਸੀ।
ਚੰਨ ਪੰਜਾਬੀ ਜਗਤ ਦੀ ਤੁਰਦੀ-ਫਿਰਦੀ ਡਾਇਰੈਕਟਰੀ ਸੀ। ਕੋਈ ਉਘਾ ਪੰਜਾਬੀ ਕਿੱਥੇ ਰਹਿੰਦਾ ਸੀ ਤੇ ਕਿਸ ਨੇ ਕਿਹੜਾ ਕੰਮ ਤਿਆਗ ਕੇ ਕਿਹੜਾ ਨਵਾਂ ਕੰਮ ਸ਼ੁਰੂ ਕਰ ਲਿਆ ਹੈ, ਇਨ੍ਹਾਂ ਪ੍ਰਸ਼ਨਾਂ ਦਾ ਉਤਰ ਚੰਨ ਦੀਆਂ ਉਂਗਲਾਂ ਦੇ ਪੋਟਿਆਂ ਉਤੇ ਸੀ। ਕੁਦਰਤ ਦੀ ਕਰਨੀ ਵੇਖੋ ਇਨ੍ਹਾਂ ਵਿਚ ਉਘੇ ਪੱਤਰਕਾਰ ਤੇ ਆਮ ਆਦਮੀ ਪਾਰਟੀ ਦੇ ਆਗੂ ਕੰਵਰ ਸੰਧੂ ਦਾ ਨੌਜਵਾਨ ਬੇਟਾ ਕਰਨ ਸਿੰਘ ਵੀ ਜਾ ਰਲਿਆ ਹੈ। ਇਨ੍ਹਾਂ ਤਾਰਿਆਂ ਦਾ ਇੱਕ ਦੂਜੇ ਦੇ ਅੱਗੇ ਪਿੱਛੇ ਟੁੱਟਣਾ, ਸੱਚ ਮੁੱਚ ਹੀ ਬੜਾ ਦੁਖਦਾਈ ਹੈ।
ਅੰਤਿਕਾ: ਆਦਮ
ਜਾਨੇ ਵਾਲੇ ਕਭੀ ਨਹੀਂ ਆਤੇ
ਜਾਨੇ ਵਾਲੋਂ ਕੀ ਯਾਦ ਆਤੀ ਹੈ।