ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਇਆ ਇਤਫਾਕ

ਤਰਲੋਚਨ ਸਿੰਘ ਦੁਪਾਲਪੁਰ
ਪਾਵਨ ਗੁਰਬਾਣੀ ਰਹਿਬਰਾਂ, ਮਹਾਂ ਪੁਰਖਾਂ ਦੇ ਉਚਾਰੇ ਬੋਲ ‘ਸਾਂਝੀ ਸਗਲ ਜਹਾਨੈ’ ਮੰਨੇ ਜਾਂਦੇ ਹਨ। ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਹੁੰਦਾ ਇਲਾਹੀ ਬਾਣੀ ਦਾ ਕੀਰਤਨ ਵੀ ਇਸੇ ਭਾਵਨਾ ਤਹਿਤ ਸਤਿਕਾਰਿਆ ਜਾਂਦਾ ਹੈ। ਅਰਥਾਤ ਗੁਰਬਾਣੀ ਸੰਦੇਸ਼ ਸਰਬ-ਕਾਲੀ, ਸਦਾ-ਵਰਤ ਅਤੇ ਸਰਬ-ਸਾਂਝਾ ਹੈ, ਪਰ ਸ੍ਰੀ ਦਰਬਾਰ ਸਾਹਿਬ ਵਿਖੇ ਕੀਰਤਨ ਦੀ ਇਹ ਵੀ ਪਰੰਪਰਾ ਹੈ ਕਿ

ਗੁਰਪੁਰਬਾਂ ਜਾਂ ਹੋਰ ਇਤਿਹਾਸਕ ਦਿਹਾੜਿਆਂ ਮੌਕੇ ਰਾਗੀ ਸਿੰਘ ਗਾਇਨ ਸਮੇਂ ਉਨ੍ਹਾਂ ਸ਼ਬਦਾਂ ਦੀ ਚੋਣ ਕਰਦੇ ਹਨ ਜੋ ਸਬੰਧਤ ਦਿਵਸ ਨਾਲ ਢੁਕਵੇਂ ਹੋਣ। ਜਿਸ ਤਰ੍ਹਾਂ ਕਿਸੇ ਗੁਰੂ ਸਾਹਿਬ ਦੇ ਆਗਮਨ ਪੁਰਬ ਮੌਕੇ ‘ਧੰਨ ਧੰਨ ਧੰਨ ਜਨ ਆਇਆ’, ਕਿਸੇ ਜੋਤੀ ਜੋਤ ਸਮਾਉਣ ਦਿਵਸ ਮੌਕੇ ‘ਜੋਤੀ ਮਹਿ ਜੋਤਿ ਰਲਿ ਜਾਇਆ’ ਅਤੇ ਕਿਸੇ ਸ਼ਹੀਦੀ ਪੁਰਬ ਸਮੇਂ ਬੀਰ ਰਸੀ ਸ਼ਬਦਾਂ ਦਾ ਕੀਰਤਨ ਕੀਤਾ ਜਾਂਦਾ ਹੈ।
ਇਸੇ ਤਰ੍ਹਾਂ ਸਮਕਾਲੀ ਪੰਥਕ ਹਾਲਾਤ ਦੇ ਪ੍ਰਸੰਗ ਵਿਚ ਵੀ ਸ੍ਰੀ ਦਰਬਾਰ ਸਾਹਿਬ ਵਿਖੇ ਖਾਸ ਖਾਸ ਚੋਣਵੇਂ ਸ਼ਬਦਾਂ ਦੇ ਗਾਇਨ ਦੀ ਰਵਾਇਤ ਹੈ। ਜਿਵੇਂ ਅਸੀਂ ਜੂਨ ਚੁਰਾਸੀ ਦੇ ਘੱਲੂਘਾਰੇ ਮੌਕੇ ‘ਕੁੱਤਾ ਰਾਜ ਬਠਾਲੀਐ’, ‘ਸੰਤਾਂ ਨਾਲ ਵੈਰ ਕਮਾਂਵਦੇ’ ਅਤੇ ‘ਆਪਣੀ ਖੇਤੀ ਰੱਖ ਲੈ ਕੂੰਜ ਪੜੇਗੀ ਖੇਤ’ ਆਦਿ ਸ਼ਬਦ ਸੁਣਦੇ ਰਹੇ ਹਾਂ।
ਉਨ੍ਹਾਂ ਭੀਹਾਵਲੇ ਦਿਨਾਂ ਵਿਚ ਹੁੰਦੇ ਕੀਰਤਨ ਦਰਬਾਰਾਂ ਵਿਚ ਭਾਈ ਸੁਰਿੰਦਰ ਸਿੰਘ ਪਟਨਾ ਸਾਹਿਬ ਵਾਲੇ (ਜਿਨ੍ਹਾਂ ਨੇ ‘ਕੁੱਤਾ ਰਾਜ ਬਠਾਲੀਐ’ ਪਉੜੀ ਦੇ ਗਾਇਨ ਦੀ ਪਹਿਲ ਕੀਤੀ ਸੀ) ਸਟੇਜਾਂ ‘ਤੇ ਦੱਸਿਆ ਕਰਦੇ ਸਨ ਕਿ ਪ੍ਰਸ਼ਾਸਨ ਵੱਲੋਂ ਉਨ੍ਹਾਂ ‘ਤੇ ਬਹੁਤ ਦਬਾਅ ਪਾਇਆ ਜਾਂਦਾ ਸੀ ਕਿ ਫਲਾਣੇ ਫਲਾਣੇ ਸ਼ਬਦਾਂ ਦਾ ਗਾਇਨ ਨਾ ਕੀਤਾ ਜਾਵੇ। ਕਹਿੰਦੇ, ਇਕ ਫੌਜੀ ਅਫਸਰ ਨੇ ਉਨ੍ਹਾਂ ਨੂੰ ਕਿਹਾ ਕਿ ‘ਤੁਮ ਗੁਰੂ ਨਾਨਕ ਕੀ ਬਾਨੀ ਕੇ ਸ਼ਬਦ ਹੀ ਗਾਇਨ ਕਰੋ।’ ਭਾਈ ਸੁਰਿੰਦਰ ਸਿੰਘ ਨੇ ਗੁਰੂ ਨਾਨਕ ਸਾਹਿਬ ਦੇ ਇਸ ਸਲੋਕ ਨੂੰ ਸਵੇਰੇ ਸ਼ਾਮ ਗਾਉਣਾ ਸ਼ੁਰੂ ਕਰ ਦਿੱਤਾ ਸੀ:
ਜਉ ਤਉ ਪ੍ਰੇਮ ਖੇਲਣ ਕਾ ਚਾਉ॥
ਸਿਰ ਧਰਿ ਤਲੀ ਗਲੀ ਮੇਰੀ ਆਉ॥
ਉਸੇ ਅਫਸਰ ਨੇ ਫਿਰ ਭਾਈ ਸਾਹਿਬ ਨੂੰ ਦਫਤਰ ਬੁਲਾ ਕੇ ਕਿਹਾ ਕਿ ‘ਯਿਹ ਛੋੜੋæææ ਅਬ ਤੁਮ ਕਿਸੀ ਭਗਤ ਕੀ ਬਾਨੀ ਬੋਲਾ ਕਰੋ।’ ‘ਅੱਛਾ ਜੀ’ ਕਹਿ ਕੇ ਆਏ ਉਸ ਰਾਗੀ ਨੇ ਭਗਤ ਕਬੀਰ ਜੀ ਦਾ ਇਹ ਸ਼ਬਦ ਗਾਉਣਾ ਸ਼ੁਰੂ ਕਰ ਦਿੱਤਾ:
ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ॥
ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ॥
ਇਸ ਤੋਂ ਇਲਾਵਾ ਕਈ ਵਾਰ ਅਜਿਹੇ ਮੌਕਾ-ਮੇਲ ਵੀ ਬਣਦੇ ਰਹੇ ਨੇ, ਜਦ ਸ੍ਰੀ ਦਰਬਾਰ ਸਾਹਿਬ ਤੋਂ ਗਾਇਨ ਕੀਤੇ ਜਾ ਰਹੇ ਸ਼ਬਦ ਦਾ ਸੁਤੇ ਹੀ ਕਿਸੇ ਖਾਸ ਸਮਕਾਲੀ ਘਟਨਾ ਦਾ ਦ੍ਰਿਸ਼ ਨਾਲ ਤਾਲਮੇਲ ਜੁੜ ਜਾਂਦਾ ਹੈ, ਪਰ ਅਜਿਹਾ ਬੋਧ ਕਿਸੇ ਵਿਰਲੇ ਗੁਰਬਾਣੀ ਪਾਰਖੂ ਦੀ ਪਕੜ ਵਿਚ ਹੀ ਆ ਸਕਦਾ ਹੈ। ਅਜਿਹਾ ਹੀ ਇਕ ਦ੍ਰਿਸ਼ਟਾਂਤ ਲੰਘੀ ਛੇ ਮਾਰਚ ਨੂੰ ਸ੍ਰੀ ਦਰਬਾਰ ਸਾਹਿਬ ਵਿਖੇ ਵਾਪਰਿਆ। ਤੜਕਸਾਰ ਆਸਾ ਦੀ ਵਾਰ ਦਾ ਕੀਰਤਨ ਚੱਲ ਰਿਹਾ ਸੀ। ਸਾਖੀ-ਪ੍ਰਮਾਣ ਗਾਇਨ ਸ਼ੈਲੀ ਤਹਿਤ ਕੀਰਤਨ ਕਰਦਿਆਂ ਰਾਗੀ ਸਿੰਘ ਨੇ ਇਕ ਪਉੜੀ ਗਾਉਣੀ ਸ਼ੁਰੂ ਕੀਤੀ। ਭਾਈ ਗੁਰਦਾਸ ਜੀ ਰਚਿਤ 35ਵੀਂ ਵਾਰ ਦੀ ਦਸਵੀਂ ਪਉੜੀ ਹੈ- ਚੋਰ ਗਇਆ ਘਰਿ ਸ਼ਾਹ ਦੈ ਘਰ ਅੰਦਰ ਵੜਿਆ॥ ਕੀਰਤਨੀਆ ਸਿੰਘ ਜਦੋਂ ਪੂਰੇ ਰਉਂ ਵਿਚ ਇਸ ਪਉੜੀ ਦੀ ਚੌਥੀ ਤੁਕ ਬੋਲ ਰਿਹਾ ਸੀ:
ਲੋਭ ਲਹਿਰ ਹਲਕਾਇਆ
ਲੂਣ ਹਾਂਡਾ ਫੜਿਆ॥
ਐਨ ਉਸੇ ਮੌਕੇ ਸੁਖਬੀਰ ਸਿੰਘ ਬਾਦਲ ਤੇ ਮਨਜਿੰਦਰ ਸਿੰਘ ਸਿਰਸਾ ਆਪਣੇ ਦਿੱਲੀ ਵਾਲੇ ਨਵੇਂ ਜੇਤੂ ਜਰਨੈਲਾਂ ਦਾ ਲਾਮ ਲਸ਼ਕਰ ਲੈ ਕੇ ਸ੍ਰੀ ਦਰਬਾਰ ਸਾਹਿਬ ਅੰਦਰ ਆ ਗਏ। ਜਿੱਤ ਦੇ ਜਾਹੋ-ਜਲਾਲ ਵਿਚ ਮਖਮੂਰ ਇਹ ਗਰੁਪ ਗੁਰੂ ਮਹਾਰਾਜ ਅੱਗੇ ਨਤਮਸਤਕ ਹੋ ਰਿਹਾ ਸੀ, ਜਦੋਂ ਕੀਰਤਨੀ ਜਥਾ ਪਉੜੀ ਦੀ ਅਖੀਰਲੀ ਪੰਕਤੀ ਗੱਜ-ਵੱਜ ਕੇ ਗਾ ਰਿਹਾ ਸੀ:
ਲੂਣ ਹਰਾਮੀ ਗੁਨਹਗਾਰ
ਧੜ ਧੰਮੜ ਧੜਿਆ॥
ਟੀæਵੀæ ਤੋਂ ਕੀਰਤਨ ਸਰਵਣ ਕਰ ਰਹੇ ਪੰਜਾਬ ਦੇ ਮੇਰੇ ਇਕ ਮਿੱਤਰ ਨੇ ਇਸ ਮੌਕੇ ਦੀ ਕਾਹਲੀ ਕਾਹਲੀ ਵੀਡੀਓ ਬਣਾਈ ਅਤੇ ਮੈਨੂੰ ਭੇਜ ਦਿੱਤੀ। ਇਸੇ ‘ਵੀਡੀਓ ਕਲਿਪ’ ਦੇ ਆਧਾਰ ‘ਤੇ ਹੀ ਮੈਂ ਇਹ ਕੁਝ ਸਤਰਾਂ ਲਿਖੀਆਂ ਨੇ।
ਕੋਉ ਹਰਿ ਸਮਾਨਿ ਨਹੀ ਰਾਜਾ
ਏ ਭੂਪਤਿ ਸਭ ਦਿਵਸ ਚਾਰਿ ਕੇ
ਝੂਠੇ ਕਰਤ ਦਿਵਾਜਾ॥