ਗਰਮਖਿਆਲੀਆਂ ਦੀ ਸਰਗਰਮੀ ਬਣੀ ਵੰਗਾਰ

ਚੰਡੀਗੜ੍ਹ: ਸਿੱਖ ਸਟੂਡੈਂਟਸ ਫੈਡਰੇਸ਼ਨ ਵੱਲੋਂ ਖੰਨਾ ਨੇੜਲੇ ਪਿੰਡ ਜਗੇੜਾ ਵਿਚ ਨਾਮ ਚਰਚਾ ਘਰ ਦੀ ਕੰਟੀਨ ਵਿਚ ਡੇਰਾ ਸਿਰਸਾ ਦੇ ਦੋ ਪ੍ਰੇਮੀਆਂ ਦੀ ਹੱਤਿਆ ਦੀ ਜ਼ਿੰਮੇਵਾਰੀ ਲੈਣ ਤੋਂ ਬਾਅਦ ਪੁਲਿਸ ਅਤੇ ਖੁਫ਼ੀਆ ਏਜੰਸੀਆਂ ਦੀ ਨੀਂਦ ਉਡ ਗਈ ਹੈ। ਫੈਡਰੇਸ਼ਨ ਦੇ ਲੈਟਰਪੈਡ ਉਤੇ ਕੁਝ ਅਖਬਾਰਾਂ ਨੂੰ ਜ਼ਿੰਮੇਵਾਰੀ ਲੈਣ ਵਾਲਾ ਇਹ ਪੱਤਰ ਈਮੇਲ ਕੀਤਾ ਗਿਆ ਹੈ ਜਿਸ ਉਤੇ ਫੈਡਰੇਸ਼ਨ ਦੇ ਕਨਵੀਨਰ ਜਸਮੀਤ ਸਿੰਘ ਦੇ ਦਸਤਖਤ ਹਨ।

ਪੱਤਰ ਵਿਚ ਲਿਖਿਆ ਗਿਆ ਹੈ ਕਿ ਗੁਰੂ ਪੰਥ ਦੇ ਦੋਖੀ ਡੇਰਾ ਸੰਚਾਲਕਾਂ ਨੂੰ ਪੰਥਕ ਰਵਾਇਤਾਂ ਅਨੁਸਾਰ ਸੋਧਾ ਲਾਉਣ ਦੀ ਸੇਵਾ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਜੁਝਾਰੂ ਵਿੰਗ ਨੇ ਕੀਤੀ ਅਤੇ ਉਨ੍ਹਾਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਬਚਨ ‘ਤੇ ਪਹਿਰਾ ਦਿੱਤਾ ਹੈ। ਜ਼ਿਕਰਯੋਗ ਹੈ ਕਿ ਆਰæਐਸ਼ਐਸ਼ ਦੇ ਸੀਨੀਅਰ ਆਗੂ ਜਗਦੀਸ਼ ਗਗਨੇਜਾ ਦੇ ਕਤਲ ਤੋਂ ਕਈ ਦਿਨ ਬਾਅਦ ਦਸਮੇਸ਼ ਸਿੱਖ ਰੈਜਮੈਂਟ ਨੇ ਵੀ ਇਸੇ ਤਰਜ਼ ‘ਤੇ ਜ਼ਿੰਮੇਵਾਰੀ ਲਈ ਸੀ ਅਤੇ ਇਹ ਪੱਤਰ ਵੀ ਸਿਰਫ ਅਖਬਾਰਾਂ ਨੂੰ ਜਾਰੀ ਕੀਤਾ ਗਿਆ ਸੀ।
ਖੁਫੀਆ ਵਿਭਾਗ ਵੱਲੋਂ ਮਿਲੀ ਰਿਪੋਰਟ ਤੋਂ ਬਾਅਦ ਪੁਲਿਸ ਨੇ ਧਾਰਮਿਕ ਸਥਾਨਾਂ ਦੀ ਸੁਰੱਖਿਆ ਵਧਾ ਦਿੱਤੀ ਹੈ। ਪੁਲਿਸ ਨੇ ਸਾਰੇ ਮੰਦਿਰ, ਗੁਰਦੁਆਰੇ, ਮਸਜਿਦ ਤੇ ਗਿਰਜਾਘਰਾਂ ਦੇ ਬਾਹਰ ਸੀæਸੀæਟੀæਵੀæ ਕੈਮਰੇ ਲਗਾਉਣ ਲਈ ਧਾਰਮਿਕ ਸਥਾਨਾਂ ਦੀਆਂ ਪ੍ਰਬੰਧਕ ਕਮੇਟੀਆਂ ਨੂੰ ਆਖਿਆ ਹੈ। ਪੁਲਿਸ ਨੇ ਸ਼ਹਿਰ ਵਿਚ ਲੱਗਣ ਵਾਲੀਆਂ ਆਰæਐਸ਼ਐਸ਼ ਸ਼ਾਖਾਵਾਂ ਦੀ ਸੂਚੀ ਤਿਆਰ ਕਰ ਕੇ ਉਥੇ ਵੀ ਸ਼ਾਖਾ ਲੱਗਣ ਸਮੇਂ ਪੁਲਿਸ ਦੀ ਸੁਰੱਖਿਆ ਯਕੀਨੀ ਬਣਾ ਦਿੱਤੀ ਹੈ।
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਨਾਮਧਾਰੀ ਆਗੂ ਮਾਤਾ ਚੰਦ ਕੌਰ ਦੀ ਹੱਤਿਆ ਅਤੇ ਸ਼ਿਵ ਸੈਨਾ ਵਰਕਰਾਂ ‘ਤੇ ਹੋਏ ਹਮਲਿਆਂ ਵਿਚ ਵਰਤੇ ਗਏ ਇਕੋ ਜਿਹੇ ਢੰਗ ਤਰੀਕਿਆਂ ਨੇ ਪੁਲਿਸ ਨੂੰ ਭੰਬਲਭੂਸੇ ਵਿਚ ਪਾਇਆ ਹੋਇਆ ਸੀ। ਮਾਤਾ ਚੰਦ ਕੌਰ ਦੀ ਹੱਤਿਆ, ਸਿੱਖ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂ ਵਾਲਾ ਉਤੇ ਹਮਲੇ, ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਕੁਰਾਨ ਸ਼ਰੀਫ ਦੀ ਬੇਅਦਬੀ ਦੀਆਂ ਦਰਜਨਾਂ ਘਟਨਾਵਾਂ ਅਤੇ ਸ਼ਿਵ ਸੈਨਾ ਵਰਕਰਾਂ ‘ਤੇ ਹੋਏ ਹਮਲਿਆਂ ਦੇ ਦੋਸ਼ੀਆਂ ਦੀ ਉਘ-ਸੁਘ ਲਾਉਣ ਵਿਚ ਪੁਲਿਸ ਨੂੰ ਅਜੇ ਤੱਕ ਕੋਈ ਸਫਲਤਾ ਨਹੀਂ ਮਿਲ ਸਕੀ। ਚੇਤੇ ਰਹੇ ਕਿ ਵਿਧਾਨ ਸਭਾ ਚੋਣਾਂ ਵਿਚ ਅਤਿਵਾਦ ਦਾ ਮੁੱਦਾ ਵੀ ਖੂਬ ਛਾਇਆ ਰਿਹਾ ਸੀ। ਸਿਆਸੀ ਧਿਰਾਂ ਨੇ ਇਕ-ਦੂਜੇ ਉਤੇ ਅਤਿਵਾਦ ਨੂੰ ਸ਼ਹਿ ਦੇਣ ਦੇ ਦੋਸ਼ ਲਾਏ ਸਨ।
ਪੰਜਾਬ ਵਿਚ ਕਾਨੂੰਨ ਵਿਵਸਥਾ ਉਤੇ ਪਹਿਲਾਂ ਹੀ ਸਵਾਲ ਉਠ ਰਹੇ ਸਨ। ਹੁਣ ਗਰਮਖਿਆਲੀ ਜਥੇਬੰਦੀਆਂ ਵੱਲੋਂ ਹਮਲਿਆਂ ਦੀਆਂ ਧੜਾ-ਧੜ ਲਈਆਂ ਜਾ ਰਹੀਆਂ ਜ਼ਿੰਮੇਵਾਰੀਆਂ ਆਉਣ ਵਾਲੇ ਸਮੇਂ ਵਿਚ ਸੂਬੇ ਦੇ ਅਸ਼ਾਂਤ ਮਾਹੌਲ ਵੱਲ ਇਸ਼ਾਰਾ ਕਰਦੀਆਂ ਹਨ। ਪੰਜਾਬ ਵਿਚ ਵਾਪਰ ਰਹੀਆਂ ਹਿੰਸਕ ਘਟਨਾਵਾਂ ਅਤੇ ਗੈਂਗਸਟਰਾਂ ਦੇ ਭਾਰੂ ਪੈ ਰਹੇ ਵਰਤਾਰੇ ਨੇ ਬਿਹਾਰ, ਉਤਰ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ਜਿਹੇ ਸੂਬਿਆਂ ਨੂੰ ਵੀ ਪਛਾੜ ਕੇ ਰੱਖ ਦਿੱਤਾ ਹੈ। ਢਾਈ ਮਹੀਨੇ ਪਹਿਲਾਂ ਗੈਂਗਸਟਰਾਂ ਵੱਲੋਂ ਨਾਭਾ ਜੇਲ੍ਹ ਵਿਚੋਂ ਆਪਣੇ ਸਾਥੀਆਂ ਨੂੰ ਭਜਾ ਕੇ ਲੈ ਜਾਣ ਦੀ ਵੱਡੀ ਘਟਨਾ ਤੋਂ ਇਲਾਵਾ ਪੁਲਿਸ ਹਿਰਾਸਤ ਵਿਚੋਂ ਆਪਣੇ ਸਾਥੀਆਂ ਨੂੰ ਛੁਡਵਾਉਣ ਅਤੇ ਵਿਰੋਧੀਆਂ ਨੂੰ ਮਾਰ ਦੇਣ ਸਮੇਤ ਜ਼ਮੀਨ ਉਤੇ ਕਬਜ਼ੇ ਕਰਨ ਜਿਹੀਆਂ ਕਾਰਵਾਈਆਂ ਸਾਹਮਣੇ ਆ ਚੁੱਕੀਆਂ ਹਨ। ਸੱਤਾਧਾਰੀ ਸਿਆਸੀ ਆਗੂਆਂ ਦੀ ਗੈਂਗਸਟਰਾਂ ਅਤੇ ਵੱਖ ਵੱਖ ਕਿਸਮ ਦੇ ਮਾਫੀਆ ਗਰੁੱਪਾਂ ਨਾਲ ਨੇੜਤਾ ਜੱਗ-ਜ਼ਾਹਿਰ ਹੋ ਚੁੱਕੀ ਹੈ।
ਸੌੜੇ ਸਿਆਸੀ ਮੰਤਵਾਂ ਲਈ ਅਪਰਾਧੀਆਂ ਨੂੰ ਸਿਆਸੀ ਸਰਪ੍ਰਸਤੀ ਦੇ ਵੀ ਕਈ ਚਿੱਠੇ ਸਾਹਮਣੇ ਆ ਚੁੱਕੇ ਹਨ। ਨਿਯਮਾਂ ਨੂੰ ਛਿੱਕੇ ਟੰਗ ਕੇ ਸੱਤਾਧਾਰੀ ਧਿਰ ਦੇ ਆਗੂਆਂ ਦੀਆਂ ਸਿਫ਼ਾਰਸ਼ਾਂ ਨਾਲ ਪ੍ਰਸ਼ਾਸਨ ਵੱਲੋਂ ਵੱਡੀ ਗਿਣਤੀ ਵਿੱਚ ਜਾਰੀ ਕੀਤੇ ਗਏ ਹਥਿਆਰਾਂ ਦੇ ਲਾਇਸੈਂਸ ਅਮਨ-ਕਾਨੂੰਨ ਲਈ ਚੁਣੌਤੀ ਬਣੇ ਦਿਖਾਈ ਦੇ ਰਹੇ ਹਨ। ਸਭਿਆਚਾਰ ਦੇ ਨਾਂ ਉਤੇ ਹਥਿਆਰਾਂ ਅਤੇ ਮਾਰ-ਧਾੜ ਨੂੰ ਹੱਲਾਸ਼ੇਰੀ ਦੇਣ ਵਾਲਾ ਗੀਤ-ਸੰਗੀਤ ਵੀ ਸਮਾਜਿਕ ਮਾਹੌਲ ਨੂੰ ਕਿਸੇ ਹੱਦ ਤੱਕ ਵਿਗਾੜ ਰਿਹਾ ਹੈ।
_______________________________________
ਮੌੜ ਬੰਬ ਕਾਂਡ: ਸ਼ੱਕ ਦੀ ਸੂਈ ਸਿਰਸਾ ਵੱਲ ਘੁੰਮੀ
ਸਿਰਸਾ: ਬਠਿੰਡਾ ਜ਼ਿਲ੍ਹੇ ਦੀ ਮੌੜ ਮੰਡੀ ਵਿਚ ਵਾਪਰੇ ਬੰਬ ਕਾਂਡ ਸਬੰਧੀ ਪੰਜਾਬ ਪੁਲਿਸ ਦੀ ਸ਼ੱਕ ਦੀ ਸੂਈ ਸਿਰਸਾ ਵੱਲ ਘੁੰਮ ਗਈ ਹੈ। ਪੰਜਾਬ ਪੁਲਿਸ ਦੀਆਂ ਅੱਧਾ ਦਰਜਨ ਟੀਮਾਂ ਨੇ ਇਥੋਂ ਦੇ ਵੱਖ-ਵੱਖ ਬਾਜ਼ਾਰਾਂ ਵਿਚ ਕਈ ਵਿਅਕਤੀਆਂ ਦੇ ਫੋਨ ਵੇਰਵਿਆਂ ਦੀ ਜਾਂਚ ਕੀਤੀ ਹੈ। ਜਾਣਕਾਰੀ ਅਨੁਸਾਰ ਪੰਜਾਬ ਪੁਲਿਸ ਨੇ ਸਿਰਸਾ ਦੇ ਭਾਦਰਾ ਬਾਜ਼ਾਰ, ਪਰਸ਼ੂ ਰਾਮ ਚੌਕ, ਨੌਹਰੀਆ ਬਾਜ਼ਾਰ ਆਦਿ ਸਮੇਤ ਕਈ ਥਾਂਵਾਂ ‘ਤੇ ਰਹਿਣ ਵਾਲੇ ਵਿਅਕਤੀਆਂ ਦੀਆਂ ਫੋਨ ਕਾਲਾਂ ਦੀ ਜਾਂਚ ਕੀਤੀ ਹੈ।
ਪੁਲਿਸ ਕੋਲ ਸਿਰਸਾ ਦੇ ਕਈ ਵਿਅਕਤੀਆਂ ਦੇ ਫੋਨ ਨੰਬਰ ਹਨ ਜਿਨ੍ਹਾਂ ਨੂੰ ਧਮਾਕੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਹੁਣ ਪੁਲਿਸ ਇਨ੍ਹਾਂ ਫੋਨ ਨੰਬਰਾਂ ਦੇ ਕਾਲ ਵੇਰਵਿਆਂ ਰਾਹੀਂ ਜਾਂਚ ਨੂੰ ਅੱਗੇ ਵਧਾ ਰਹੀ ਹੈ। ਪੰਜਾਬ ਪੁਲਿਸ ਇਸ ਮਾਮਲੇ ਵਿਚ ਪਿਛਲੇ ਕੁਝ ਦਿਨਾਂ ਤੋਂ ਗੁਪਤ ਤਰੀਕੇ ਨਾਲ ਜਾਂਚ ਕਰ ਰਹੀ ਸੀ ਤੇ ਹੁਣ ਕੁਝ ਅਹਿਮ ਸੁਰਾਗ ਹੱਥ ਲੱਗਣ ਤੋਂ ਬਾਅਦ ਹੀ ਅੱਧਾ ਦਰਜਨ ਟੀਮਾਂ ਨੇ ਜਾਂਚ ਨੂੰ ਅੱਗੇ ਵਧਾਇਆ ਹੈ।